ਜਰਨੈਲ ਸਿੰਘ ਨੇ “ਕੌਮੀ ਜਰਨੈਲ” ਵਾਲੀ ਦਲੇਰਾਨਾ ਕਾਰਵਾਈ ਕਰਕੇ ਸਿੱਖ ਕੌਮ ਦੀ ਕੌਮਾਂਤਰੀ ਪੱਧਰ ‘ਤੇ ਸ਼ਾਨ ਵਧਾਈ

ਚੰਡੀਗੜ੍ਹ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੀ ਅਖਬਾਰ ਦੇ ਦਿੱਲੀ ਦੇ ਸੂਝਵਾਨ ਸੀਨੀਅਰ ਪੱਤਰਕਾਰ ਸ: ਜਰਨੈਲ ਸਿੰਘ ਵੱਲੋਂ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਸਹੀ ਤਰਜਮਾਨੀ ਕਰਦੇ ਹੋਏ ਕੀਤੀ ਗਈ ਦਲੇਰਾਨਾ ਕਾਰਵਾਈ ਦੀ ਭਰਪੂਰ ਪ੍ਰਸੰਸਾ ਕਰਦੇ ਹੋਏ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਸਿੱਖ ਨੌਜਵਾਨ ਨੇ ਆਪਣੀ ਜਾਨ ਅਤੇ ਰੁਜ਼ਗਾਰ ਦੀ ਪਰਵਾਹ ਨਾ ਕਰਦੇ ਹੋਏ ਸਾਬਿਤ ਕਰ ਦਿੱਤਾ ਹੈ ਕਿ ਅੱਜ ਵੀ ਭਾਈ ਬੋਤਾ ਸਿੰਘ ਭਾਈ ਗਰਜਾ ਸਿੰਘ ਸਿੱਖ ਕੌਮ ਵਿੱਚ ਜਿਉਂਦੇ ਜਾਗਦੇ ਹਨ ਜੋ ਜਿੱਥੇ ਵੀ ਚਾਹੁਣ ਜਿਸ ਸਮੇਂ ਵੀ ਚਾਹੁਣ, ਸਿੱਖ ਕੌਮ ਦੀ ਜ਼ਮੀਰ ਨੂੰ ਜੀਊਦੇ ਰੱਖਣ ਵਾਲੀ ਕਾਰਵਾਈ ਕਰ ਸਕਦੇ ਹਨ।

ਸ: ਮਾਨ ਨੇ ਜਿੱਥੇ ਭਾਈ ਜਰਨੈਲ ਸਿੰਘ ਪੱਤਰਕਾਰ ਵੱਲੋਂ ਨਿਭਾਈ ਗਈ ਕੌਮੀ ਜਿ਼ੰਮੇਵਾਰੀ ਨੂੰ ਜਰਨੈਲਾਂ ਵਾਲੀ ਕਾਰਵਾਈ ਕਰਾਰ ਦਿੱਤਾ, ਉੱਥੇ ਇਸ ਮੌਕੇ ਹਾਜ਼ਰੀਨ ਹੋਰ ਪੱਤਰਕਾਰ ਭਾਈਚਾਰੇ ਵੱਲੋਂ ਸ: ਜਰਨੈਲ ਸਿੰਘ ਵੱਲੋਂ ਕੀਤੇ ਗਏ ਉੱਦਮ ਸੰਬੰਧੀ ਆਪਣੇ-ਆਪ ਨੂੰ ਅਲੱਗ ਕਰਨ ਦੀ ਕਮਜ਼ੋਰ ਕਾਰਵਾਈ ਉੱਤੇ ਗਹਿਰਾ ਅਫਸੋਸ ਤੇ ਦੁੱਖ ਜਾਹਿਰ ਕਰਦੇ ਹੋਏ ਕਿਹਾ ਕਿ ਜਿਸ ਪੱਤਰਕਾਰ ਭਾਈਚਾਰੇ ਨੇ “ਸਮਾਜ ਤੇ ਨੇਕੀ” ਦੀ ਅਗਵਾਈ ਕਰਨੀ ਹੁੰਦੀ ਹੈ, ਉਸ ਵੱਲੋਂ ਅਜਿਹੇ ਸਮੇਂ ਚੁੱਪ ਰਹਿ ਕੇ “ਬਦੀ” ਦੀ ਅਗਵਾਈ ਕਰਨ ਵਾਲੀ ਹਕੂਮਤ ਦਾ ਪੱਖ ਪੂਰਨ ਦੀ ਕਾਰਵਾਈ ਅਤਿ ਮੰਦਭਾਗੀ ਹੈ। ਉਹਨਾਂ ਕਿਹਾ ਕਿ ਆਜ਼ਾਦ ਤੇ ਨਿਰਪੱਖ ਪ੍ਰੈਸ ਤੋਂ ਅਜਿਹੀ ਉਮੀਦ ਨਹੀਂ ਹੋਣੀ ਚਾਹੀਦੀ। ਜਦੋਂ ਕਿ ਇਸ ਮੁਲਕ ਦੇ ਪੱਤਰਕਾਰ ਭਾਈਚਾਰੇ ਨੂੰ ਸਿੱਖ ਕੌਮ ਦੇ ਡੂੰਘੇ ਦਰਦ ਬਾਰੇ ਪੂਰੀ ਜਾਣਕਾਰੀ ਹੈ। ਸ: ਮਾਨ ਨੇ ਕਿਹਾ ਕਿ ਸ: ਜਰਨੈਲ ਸਿੰਘ ਨੇ ਇੱਕ  “ਨੇਕ ਉੱਦਮ” ਆਪਣੇ ਕਿਸੇ ਨਿੱਜੀ ਸਵਾਰਥ ਲਈ ਨਹੀਂ ਕੀਤਾ ਬਲਕਿ ਕੌਮੀ ਭਾਵਨਾਵਾਂ ਨੂੰ ਦੁਨੀਆ ਪੱਧਰ ੳੁੱਤੇ ਉਠਾਉਣ ਲਈ ਕੀਤਾ ਹੈ।

ਸ: ਮਾਨ ਨੇ ਆਪਣੇ ਬਿਆਨ ਦੇ ਅੰਤ ਵਿੱਚ ਕਿਹਾ ਕਿ ਪੀ ਚਿਦੰਬਰਮ ਜੋ ਇਸ ਵੇਲੇ ਹਿੰਦੂਤਵ ਹਕੂਮਤ ਦਾ ਗ੍ਰਹਿ ਵਜ਼ੀਰ ਹੈ, ਇਸਨੇ ਅੰਦਰੂਨੀ ਸੁਰੱਖਿਆ ਦਾ ਵਜ਼ੀਰ ਅਤੇ ਸਲਾਹਕਾਰ ਦੇ ਅਹੁਦੇ ‘ਤੇ ਹੁੰਦੇ ਹੋਏ ਸਿੱਖ ਕੌਮ ਦਾ ਕਤਲੇਆਮ ਕਰਾਉਣ ਅਤੇ ਪੰਜਾਬ ਵਿੱਚ ਸੋਵੀਅਤ ਯੂਨੀਅਨ ਦੇ ਹਥਿਆਰਾਂ ਦੇ ਵੱਡੇ ਜਖੀਰੇ ਭੇਜ ਕੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਸਾਜਿਸ ਰਚੀ ਸੀ ਅਤੇ ਅਸਲੀਅਤ ਵਿੱਚ ਸਿੱਖ ਕੌਮ ਦਾ ਕਾਤਿਲ ਇਹ ਹੈ। ਉਹਨਾਂ ਕਿਹਾ ਕਿ ਸਿੱਖ ਕੌਮ ਦੇ ਕਾਤਿਲਾਂ ਅਡਵਾਨੀ, ਵਾਜਪਾਈ ਮੋਦੀ, ਮੁਰਲੀ ਮਨੋਹਰ ਜ਼ੋਸੀ, ਅਰੁਣ ਨਹਿਰੂ, ਪੀ ਚਿਦੰਬਰਮ, ਅਰੁਣ ਕੁਮਾਰ, ਤੋਗੜੀਆ, ਬਾਲ ਠਾਕਰੇ, ਸੁਦਰਸ਼ਨ, ਰੁਲਦਾ ਸਿੰਘ, ਟਾਈਟਲਰ, ਸੱਜਣ ਕੁਮਾਰ, ਕਮਲ ਨਾਥ ਆਦਿ ਸਿੱਖ ਕੌਮ ਦੇ ਨੰਬਰ ਇੱਕ ਦੁਸ਼ਮਣ ਹਨ ਜਿਹਨਾਂ ਨੂੰ ਸਿੱਖ ਕੌਮ ਕਤਈ ਮਾਫ ਨਹੀਂ ਕਰ ਸਕਦੀ। ਇਹਨਾਂ ਵੱਲੋਂ ਕੀਤੇ ਗਏ ਸਿੱਖ ਅਤੇ ਮਨੁੱਖਤਾ ਵਿਰੋਧੀ ਕਾਲੇ ਕਾਰਨਾਮਿਆਂ ਦੀ ਸਜ਼ਾ ਇਹਨਾਂ ਨੂੰ ਅਵੱਸ਼ ਮਿਲੇਗੀ। ਸ: ਮਾਨ ਨੇ ਸ: ਜਰਨੈਲ ਸਿੰਘ ਦੇ ਅਖਬਾਰ ਦੇ ਪ੍ਰਬੰਧਕਾਂ ਅਤੇ ਮਾਲਕਾਂ ਵੱਲੋਂ ਉਸਨੂੰ ਰੁਜ਼ਗਾਰ ਤੋਂ ਹਟਾਉਣ ਦੇ ਕੀਤੇ ਜਾ ਰਹੇ ਫੈਸਲੇ ਨੂੰ ਪ੍ਰੈਸ ਦੀ ਆਜ਼ਾਦੀ ਅਤੇ ਨਿਰਪੱਖਤਾ ਉੱਤੇ ਹਮਲਾ ਕਰਾਰ ਦਿੰਦੇ ਹੋਏ ਗੈਰ ਦਲੀਲ ਕਰਾਰ ਦਿੱਤਾ। ਉਹਨਾਂ ਸ: ਜਰਨੈਲ ਸਿੰਘ ਵੱਲੋਂ ਕੀਤੇ ਗਏ ਉੱਦਮ ਲਈ ਵਿਸ਼ੇਸ ਤੌਰ ਤੇ ਉਚੇਚਾ ਧੰਨਵਾਦ ਅਤੇ ਸਤਿਕਾਰ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ: ਜਰਨੈਲ ਸਿੰਘ ਨੂੰ ਗੁਰੂ ਦੀ ਨਗਰੀ ਅੰਮ੍ਰਿਤਸਰ ਦੀ ਲੋਕ ਸਭਾ ਸੀਟ ਤੋਂ ਪਾਰਟੀ ਵੱਲੋਂ ਲੜਣ ਦੀ ਅਪੀਲ ਵੀ ਕਰਦਾ ਹੈ ਅਤੇ ਵਿਸ਼ਵਾਸ ਦਿਵਾਉਂਦਾ ਹੈ ਕਿ ਉਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>