ਤਬ ਸਹਿਜੇ ਰਚਿਓ ਖਾਲਸਾ

ਸਰਬੰਸਦਾਨੀ, ਦਸਮ ਪਾਤਸ਼ਾਹ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸੰਨ 1699 ਦੀ ਵੈਸਾਖੀ ਸਮੇਂ ਦੋ-ਧਾਰੇ ਖੰਡੇ ਵਿਚੋਂ ਖਾਲਸਾ ਪ੍ਰਗਟ ਕਰਨਾ ਵਿਸ਼ਵ ਇਤਿਹਾਸ ਦਾ ਅਦਭੁੱਤ ਅਤੇ ਚਮਤਕਾਰੀ ਇਨਕਲਾਬ ਹੈ। ਇਤਿਹਾਸ ਦਾ ਰੁਖ ਮੋੜਨ ਵਾਲੇ ਇਸ ਇਨਕਲਾਬ ਦੇ ਸ਼ੁਧ ਸਰੂਪ ਅਤੇ ਡੂੰਘੀ ਆਤਮਕ ਸਚਾਈ ਦਾ ਅਹਿਸਾਸ ਵਿਸ਼ਵ ਇਤਿਹਾਸ ਦੇ ਜਾਣਕਾਰਾਂ ਨੂੰ ਭਲੀ-ਭਾਂਤ ਨਹੀਂ ਹੋਇਆ ਕਿਉਂਕਿ ਖਾਲਸਾ ਪੰਥ ਦੀ ਸਿਰਜਣਾ ਦੇ ਰੂਪ ਵਿੱਚ ਜੋ ਇਨਕਲਾਬ ਦਸਮ ਪਾਤਸ਼ਾਹ ਨੇ ਲਿਆਂਦਾ, ਉਹ ਸਿਫਤੀ ਰੂਪ ਵਿੱਚ ਇਤਿਹਾਸ ਦੇ ਹੋਰ ਇਨਕਲਾਬਾਂ ਤੋਂ ਵੱਖਰਾ ਹੈ। ਖਾਲਸਾ ਪੰਥ ਦੀ ਸਿਰਜਣਾ ਵੇਲੇ ਕੋਈ ਬਾਦਸ਼ਾਹਤ ਨਹੀਂ ਸੀ ਬਦਲੀ, ਕੋਈ ਰਾਜ ਪਲਟਾ ਨਹੀਂ ਸੀ ਹੋਇਆ, ਕੋਈ ਬਗਾਵਤ ਨਹੀਂ ਸੀ ਕੀਤੀ ਗਈ ਅਤੇ ਨਾ ਹੀ ਮਨੁੱਖੀ ਆਬਾਦੀਆਂ ਦਾ ਤਬਾਦਲਾ ਹੋਇਆ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ ਰਾਜ ਨਹੀਂ, ਸਮਾਜ ਬਦਲਿਆ ਸੀ, ਲੋਕ ਬਦਲੇ ਸਨ, ਉਨ੍ਹਾਂ ਦੀ ਮਾਨਸਿਕਤਾ, ਵਿਚਾਰਧਾਰਾ, ਆਦਰਸ਼ ਅਤੇ ਕਰਮਾਂ ਦਾ ਇਨਕਲਾਬੀ ਨਵੀਨੀਕਰਨ ਕੀਤਾ ਸੀ। ਜਿਸ ਨੇ ਲੋਕ-ਸ਼ਕਤੀ, ਲੋਕ-ਸੰਗਠਨ ਦੇ ਬੱਲ ਦਾ ਚਮਤਕਾਰ ਕਰ ਵਿਖਾਇਆ ਸੀ।

ਖਾਲਸਾ ਪੰਥ ਦੀ ਸਿਰਜਣਾ ਸਮੇਂ ਕਿਸੇ ਨਵੇਂ ਮਜ਼੍ਹਬ ਦਾ ਆਰੰਭ ਨਹੀਂ ਸੀ, ਨਾ ਹੀ ਇਹ ਗੁਰੂ ਨਾਨਕ ਦੇਵ ਜੀ ਵੱਲੋਂ ਆਰੰਭੇ ਗਏ ਰੱਬੀ-ਧਰਮ ਵਿੱਚ ਤਬਦੀਲੀ ਜਾਂ ਤਰਮੀਮ ਕਰਨ ਦੀ ਕੋਸ਼ਿਸ਼ ਸੀ, ਜਿਵੇਂ ਕਈ ਲਿਖਾਰੀਆਂ ਅਤੇ ਨੇਤਾਵਾਂ ਨੇ ਸਮਝਿਆ, ਲਿਖਿਆ ਤੇ ਬਿਆਨਿਆਂ ਹੈ। ਇਹ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦਾ ਸਿਖਰ ਅਤੇ  ਸੰਪੂਰਨਤਾ ਸੀ ਜਿਸ ਦੀ ਪਾਲਣਾ ਗੁਰੂ ਨਾਨਕ ਸਾਹਿਬ ਨੇ ਆਪ ਅਤੇ ਉਨ੍ਹਾਂ ਦੇ ਉਤਰਾਧਿਕਾਰੀ ਗੁਰੂ ਸਹਿਬਾਨ ਨੇ ਵਰ੍ਹਿਆਂ ਦੀ ਬੰਦਗੀ, ਤਿਆਗ ਅਤੇ ਕੁਰਬਾਨੀਆਂ ਭਰੀ ਘਾਲਣਾ ਨਾਲ ਕੀਤੀ ਸੀ।

ਗੁਰੂ ਕਲਗੀਧਰ ਪਾਤਸ਼ਾਹ ਵਲੋਂ ਸਾਜੇ ਗਏ ਖਾਲਸਾ ਪੰਥ ਦਾ ਅਧਾਰ ਗੁਰੂ ਨਾਨਕ ਸਾਹਿਬ ਵੱਲੋਂ ਅਰੰਭੇ ਸਿੱਖ ਧਰਮ ਦਾ ਸਿਧਾਂਤ ਹੀ ਹੈ। ਪਾਰਬ੍ਰਹਮ ਪ੍ਰਮੇਸ਼ਵਰ ਤੋਂ ਪ੍ਰਾਪਤ ਅਦੇਸ਼ ਅਨੁਸਾਰ ਸੁਲਤਾਨਪੁਰ ਲੋਧੀ ਵਿਖੇ, ਵੇਈਂ ਨਦੀ ਦੇ ਕੰਢੇ, ਗੁਰੂ ਨਾਨਕ ਪਾਤਸ਼ਾਹ ਦਾ ਪਹਿਲਾ ਉਪਦੇਸ਼ ਸੀ ‘ਨ ਹਿੰਦੂ, ਨ ਮੁਸਲਮਾਨ’ ਅਤੇ ਮੂਲ-ਮੰਤਰ ਦਾ ਉਚਾਰਨ ਕਰ ਇੱਕ ਪ੍ਰਮਾਤਮਾ ਦਾ ਸਿਫਤੀ ਸਰੂਪ ਬਿਆਨ ਕੀਤਾ। ਪ੍ਰਮਾਤਮਾ ਦੀਆਂ ਵੰਡੀਆਂ (ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਵਿੱਚ) ਪਾਉਣ ਵਾਲਿਆਂ ਅਤੇ ਪ੍ਰਮਾਤਮਾ ਦੇ ਮਾਤ ਗਰਭ ਵਿੱਚ ਜਨਮ ਧਾਰਨ ਕਰਨ ਅਰਥਾਤ ਅਵਤਾਰਵਾਦ ਦਾ ਖੰਡਨ ਕੀਤਾ। ਇਸੇ ਗੁਰਮਤਿ ਸਿਧਾਂਤ ਅਨੁਸਾਰ ਗੁਰੂ ਦਸਮੇਸ਼ ਜੀ ਨੇ ਜਾਪ ਸਾਹਿਬ ਦੇ ਆਰੰਭ ਵਿੱਚ:

‘ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ॥

ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤ ਕਿਹ॥

ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜਿ ਕਹਿੱਜੈ॥……

ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮੱਤਿ॥

‘ਖਹਿ ਮਰਦੇ ਬਾਮ੍ਹਣਿ ਮਉਲਾਣੇ’ ਵਾਲੇ ਸਮਾਜ, ‘ਹਿੰਦੂ ਵਡਾ ਕਿ ਮੁਸਲਮਾਨੋਈ’ ਦੇ ਅਹੰਕਾਰ ਭਰੇ ਸਵਾਲਾਂ ਦੇ ਜਵਾਬ ਵਿੱਚ ਕਿਹਾ ਨ ਮੁਸਲਮਾਨ, ਨ ਹਿੰਦੂ ਵੱਡਾ ਹੈ, ਉਸ ਪਰਮਸ਼ਕਤੀ ਦੇ ਦਰਬਾਰ ਵਿੱਚ ਸ਼ੁਭ ਅਮਲਾਂ ’ਤੇ ਹੀ ਨਿਬੇੜਾ ਹੋਣਾ ਹੈ। ਗੁਰੂ ਦਸਮੇਸ਼ ਜੀ ਨੇ ਵੀ ਪ੍ਰਮਾਤਮਾ ਨੂੰ ‘ਅਮਜ਼ਬੇ’ ਬਿਆਨ ਕੀਤਾ ਹੈ ਅਰਥਾਤ ਉਸਦਾ ਅਪਣਾ ਕੋਈ ਨਿੱਜੀ ਮਜ੍ਹਬ ਨਹੀਂ। ਇਸੇ ਲਈ ਮੁਗਲ ਬਾਦਸ਼ਾਹ ਬਹਾਦਰਸ਼ਾਹ ਦੇ ਦਰਬਾਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਾਜ਼ੀ ਦੇ ਗੁਸਤਾਖ਼ ਸਵਾਲ ਦੇ ਜਵਾਬ ਵਿੱਚ ਕਿਹਾ :

‘ਤੁਮ ਕੋ ਤੁਮ੍ਹਾਰਾ ਮਜ੍ਹਬ ਖੂਬ। ਹਮ ਕੋ ਹਮਾਰਾ ਖੂਬ॥

ਅੱਜ ਭਾਰਤ ਦੀ ਬਹੁ-ਗਿਣਤੀ ਜੇਕਰ ਇਸ ਸਦੀਵੀ ਸਚਾਈ ਨੂੰ ਪ੍ਰਵਾਨ ਕਰ ਲਵੇ ਤਾਂ ਹਿੰਦੂ, ਮੁਸਲਮਾਨ, ਸਿੱਖ, ਈਸਾਈ ਬਾ-ਖੂਬੀ ਇਕੱਠੇ ਸਹਿਹੋਂਦ ਨਾਲ ਰਹਿ ਸਕਦੇ ਹਨ।

ਜਗਤ ਫੇਰੀ ਦੌਰਾਨ ਉਨ੍ਹਾਂ ਸਿੱਖੀ ਆਕੀਦਿਆਂ ਉਤੇ ਵਿਸ਼ਵਾਸ ਰੱਖਣ ਵਾਲਿਆਂ ਦੀਆਂ ਜਗ੍ਹਾ-ਜਗ੍ਹਾ ਸੰਗਤਾਂ ਕਾਇਮ ਕੀਤੀਆਂ। ਜਦੋਂ ਗੁਰੂ ਨਾਨਕ ਸਹਿਬ ਕੋਲੋਂ ਉਨ੍ਹਾਂ ਦਾ ਮੰਤਵ ਪੁੱਛਿਆ ਤਾਂ ਗੁਰੂ ਪਾਤਸ਼ਾਹ ਦਾ ਉਤਰ ਸੀ ‘ਮੈਂ ਭਲੇ ਅਤੇ ਧਰਮੀ ਮਨੁੱਖਾਂ ਦੀ ਭਾਲ ਕਰ ਰਿਹਾ ਹਾਂ’

‘ਗੁਰਮੁਿਖ ਖੋਜਤ ਭਏ ਉਦਾਸੀ॥’

ਉਨ੍ਹਾਂ ਗੁਰਮੁਖਾਂ ਦੀਆਂ ਥਾਂ-ਥਾਂ ਸੰਗਤਾਂ ਸਥਾਪਤ ਕਰ ਗੁਰ ਸੰਗਤ ਅਤੇ ਬਾਣੀ ਦੇ ਸਤੰਭਾਂ ਉਤੇ ਸਿੱਖੀ ਦਾ ਨਿਰਮਲ ਪੰਥ ਚਲਾਇਆ ਇਸੇ ਲਈ ਭਾਈ ਗੁਰਦਾਸ ਜੀ ਨੇ ਲਿਖਿਆ ਹੈ:

‘ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥੁ ਚਲਾਇਆ।

‘ਗੁਰੁ ਸੰਗਤਿ ਬਾਣੀ ਬਿਨਾ ਦੂਜੀ ਓਟ ਨਹੀ ਹੈ ਰਾਈ’

ਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖਤਾ ਨੂੰ ਖਿਆਲੀ ਫਲਸਫ਼ੇ ਤੋਂ ਜਾਗਰਤ ਕਰਨ ਵਾਲੇ ‘ਮਰਦੇ ਕਾਮਲ’ ਸਨ। ਉਨ੍ਹਾਂ ਨੇ ਤੌਹੀਦ ਅਥਵਾ ਏਕਤਾ ਦੇ ਸੰਦੇਸ਼ ਲਈ ਸੰਗਤਾਂ ਕਾਇਮ ਕੀਤੀਆਂ। ਇਨ੍ਹਾਂ ਸੰਗਤਾਂ ਦਾ ਵਿਸਥਾਰ ਤੇ ਪ੍ਰਤੀਪਾਲਣਾ ਗੁਰੂ ਸਾਹਿਬ ਦੇ ਉਤਰਾਧਿਕਾਰੀ ਗੁਰੂ ਸਾਹਿਬਾਨ ਨੇ ਕੀਤੀ। 1699 ਈ: ਦੀ ਵੈਸਾਖੀ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਸੰਗਤ ਨੂੰ ਹੀ ਖਾਲਸਾ ਪੰਥ ਦੇ ਰੂਪ ਵਿੱਚ ਉਜਾਗਰ ਕੀਤਾ। ਭਾਈ ਗੁਰਦਾਸ ਜੀ ਨੇ ਕਿਹਾ ਹੈ:

ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ।

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ॥

ਇਹ ਏਕਤਾ ਕੇਵਲ ਜਥੇਬੰਦਕ ਨਹੀਂ ਸਗੋਂ ਸਮਰੂਪਤਾ ਸੰਕਲਪ, ਆਦਰਸ਼ ਅਤੇ ਕਾਰਜ ਵਿੱਚ ਵੀ ਹੈ। ਜੇਕਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਆਪ ਨੂੰ ‘ਮੁਲ ਖਰੀਦੀ ਲਾਲਾ ਗੋਲਾ’ ਜਾਂ ‘ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ’ ਕਿਹਾ ਤਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਆਪ ਨੂੰ ‘ਪਰਮ ਪੁਰਖ ਕੋ ਦਾਸਾ’ ਹੀ ਬਿਆਨਿਆਂ।

ਗੁਰੂ ਨਾਨਕ ਸਾਹਿਬ ਨੇ ‘ਸਚੁ ਕੀ ਬਾਣੀ’ ਉਚਾਰਨ ਸਮੇਂ ਇਸ ਨੂੰ ਆਪਣੇ (ਨਿੱਜੀ ਬੋਲ ਨਾ ਕਹਿ ਕੇ) ‘ਖਸਮ ਕੀ ਬਾਣੀ’ ਕਿਹਾ ਤਾਂ ਦਸਮ ਪਾਤਸ਼ਾਹ ਆਪਣੀ ਰਚਨਾਂ ਨੂੰ ‘ਕਹਿਯੋ ਪ੍ਰਭੂ ਸੁ ਭਾਖਿਹੌਂ॥ ਕਿਸੂ ਨ ਕਾਨ ਰਾਖਿਹੋ’॥ ਬਿਆਨ ਕੀਤਾ।

ਗੁਰੂ ਨਾਨਕ ਸਾਹਿਬ ਨੇ ਜੇਕਰ ਸੰਗਤਾਂ ਨੂੰ ਇੱਕ ਨਿਰੰਕਾਰ ਅਤੇ ਪ੍ਰਮੇਸ਼ਵਰ ਨਾਲ ਜੋੜਿਆ ਅਤੇ ਕਿਸੇ ਹੋਰ ਦੂਜੀ ਸ਼ਕਤੀ , ਅਵਤਾਰ, ਮੜ੍ਹੀ ਮਸਾਣ ਨੂੰ ਮੰਨਣੋਂ ਇਨਕਾਰ ਹੋਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਪਰਮ ਪੁਰਖ ਦੀ ਕ੍ਰਿਪਾ ਨਾਲ ਧਰਮ ਚਲਾਵਨ ਅਤੇ ਪੰਥ ਪ੍ਰਚੁਰ ਕਰਨ ਦਾ ਐਲਾਨ ਕੀਤਾ ਅਤੇ ਰਾਮ ਰਹੀਮ, ਪੁਰਾਣ, ਕੁਰਾਨ ਸਿਮ੍ਰਤ, ਸ਼ਾਸਤਰ, ਵੇਦ ਆਦਿ ’ਤੇ ਪੰਥ ਨੂੰ ਅਧਾਰਤ ਨਾ ਕਰਕੇ ਇੱਕ ‘ਜਾਗਤ ਜੋਤ’, ‘ਅਨਭਵ ਪ੍ਰਕਾਸ਼’ ਅਤੇ ‘ਸਦਾ ਅੰਗ ਸੰਗੇ’ ਰਹਿਣ ਵਾਲੀ ਪਰਮ ਸ਼ਕਤੀ ਨਾਲ ਜੋੜਿਆ।

ਗੁਰੂ ਨਾਨਕ ਸਾਹਿਬ ਨੇ ਸਰੀਰ ਨੂੰ ਗੁਰੂ ਸਵੀਕਾਰ ਨਹੀਂ ਕੀਤਾ ਸਗੋਂ ਗੁਰਜੋਤਿ ਅਤੇ ਬਾਣੀ ਨੂੰ ਹੀ ਪ੍ਰਮੁੱਖਤਾ ਦਿੱਤੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਾਇਆ ਦੇ ਬਦਲਣ ਪਰ ਜੋਤ ਅਤੇ ਜੁਗਤ ਦੀ ਨਿਰੰਤਰਤਾ ਦਾ ਸੱਚ ਉਜਾਗਰ ਕੀਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਦਸ ਗੁਰੂ ਸਾਹਿਬਾਨ ਨੂੰ ਭਿੰਨ-ਭਿੰਨ ਨਾ ਮੰਨ ਕੇ ਸਤਿਗੁਰੂ ਦਾ ‘ਏਕ ਰੂਪ’ ਪਹਿਚਾਨਣ ਦਾ ਆਦੇਸ਼ ਦਿੱਤਾ।

ਪ੍ਰਮਾਤਮਾ ਦੀ ਏਕਤਾ ਦੇ ਨਾਲ ਹੀ ਗੁਰੂ ਨਾਨਕ ਦੇਵ ਨੇ ਮਨੁੱਖੀ ਬਰਾਬਰੀ ਦਾ ਸੰਦੇਸ਼ ਦਿੱਤਾ, ਵਰਨ ਆਸ਼ਰਮ, ਜ਼ਾਤ ਪਾਤ ਦਾ ਵਿਰੋਧ ਕੀਤਾ, ਪਰਾਇਆ ਹੱਕ ਮਾਰਨ ਵਾਲੇ ਮਲਕ ਭਾਗੋਆਂ ਦੀ ਬਜਾਏ ਭਾਈ ਲਾਲੋ ਜਿਹੇ ਸੱਚੀ ਸੁੱਚੀ ਕਿਰਤ ਕਰਨ ਵਾਲਿਆਂ ਨੂੰ ਤਰਜੀਹ ਦਿੱਤੀ ਤੇ ਫੁਰਮਾਇਆ:-

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ

ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸੁ॥(ਗੁਰੂ ਗ੍ਰੰਥ ਸਾਹਿਬ.. 15)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਲਘੂ ਜਾਤਨ ਕੋ ਬਡਪਨ ਦੈ ਹੈਂ’ ਕਿਹਾ ਅਤੇ ‘ਨੀਚੇ ਊਚ’ ਕਰਨ ਦੀ ਕਰਾਮਾਤ ਕਰ ਆਪਣੇ ਆਪ ਨੂੰ ਨੀਂਵੀਆਂ ਕਹੀਆਂ ਜਾਣ ਵਾਲੀਆਂ ਜ਼ਾਤਾਂ ਨਾਲ ਖੜਾ ਹੀ ਨਹੀਂ ਕੀਤਾ, ਉਨ੍ਹਾਂ ਨੂੰ ਸਰਦਾਰੀ ਦੀ ਬਖ਼ਸ਼ਿਸ਼ ਵੀ ਕੀਤੀ।

ਜਿਨ ਕੀ ਜਾਤ ਬਰਨ ਕੁਲ ਮਾਹੀਂ। ਸਰਦਾਰੀ ਨ ਭਈ ਕਦਾਹੀ॥

ਇਨਹੀ ਕੋ ਸਰਦਾਰ ਬਨਾਊਂ। ਤਬੈ ਗੋਬਿੰਦ ਸਿੰਘ ਨਾਮ ਕਹਾਊਂ॥

ਧਰਮ ਅਤੇ ਬ੍ਰਹਮ ਦੇ ਗਿਆਨ ਉਤੇ ਬ੍ਰਾਹਮਣ ਸ਼੍ਰੇਣੀ ਦਾ ਏਕਾਧਿਕਾਰ ਸੀ ਪਰ ਸਿੱਖ ਧਰਮ ਦਾ ਗਿਆਨ ‘ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਂਝਾ’ ਸੀ ਤਾਂ ਖਾਲਸੇ ਦੀ ਸਿਰਜਣਾ ਵੇਲੇ ਉਚ ਜਾਤੀ ਦੇ ਅਭਿਮਾਨੀ ਬ੍ਰਾਹਮਣਾਂ ਅਤੇ ਰਾਜਪੂਤਾਂ ਦਾ ਗਰੂਰ ਮੇਟਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਹੀ ਬ੍ਰਹਮ ਗਿਆਨ ਦੇਣ, ਕਥਾ ਕਰਨ ਅਤੇ ਧਾਰਮਿਕ ਰਹੁ ਰੀਤਾਂ ਨਿਭਾਉਣ ਦੇ ਅਧਿਕਾਰ ਬਖ਼ਸ਼ ਦਿੱਤੇ:-

ਇਨ ਤੇ ਗਹਿ ਪੰਡਤ ਉਪਜਾਊਂ। ਕਥਾ ਕਰਨ ਕੀ ਰੀਤ ਸਿਖਾਊਂ॥

ਇਨ ਗਰੀਬ ਸਿੰਘਨ ਕਉ ਦੇਉੂ ਪਾਤਸ਼ਾਹੀ। ਯੇ ਯਾਦ ਕਰੇ ਹਮਰੀ ਗੁਰਿਆਈ॥

ਗੁਰੂ ਪਾਤਸ਼ਾਹ ਨੇ ਖਾਲਸਾ ਪੰਥ ਨੂੰ ਆਪਣਾ ਰੂਪ ਕਿਹਾ, ਦਾਨ ਦੇਣ ਅਤੇ ਦਾਨ ਲੈਣ ਦਾ ਅਧਿਕਾਰੀ ਵੀ ਬਣਾਇਆ, ਤਨ, ਮਨ, ਧਨ ਅਤੇ ਸਰਬੰਸ ਖਾਲਸਾ ਪੰਥ ਤੋਂ ਵਾਰ ਕੇ ‘ਖਾਲਸਾ ਮੇਰੋ ਰੂਪ ਹੈ ਖਾਸ’ ਅਤੇ ‘ਹਉ ਖਾਲਸੇ ਕੋ ਖਾਲਸਹ ਮੋਰਾ’ ਦਾ ਅਜ਼ੀਮ ਰੁਤਬਾ ਬਖ਼ਸ਼ਦਿਆਂ ਇਉਂ ਫੁਰਮਾਇਆ:-

ਸੇਵ ਕਰੀ ਇਨਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀ ਕੋ॥

ਦਾਨ ਦਯੋ ਇਨਹੀ ਕੋ ਭਲੋ ਅਰੁ ਆਨ ਕੋ ਦਾਨ ਨ ਲਾਗਤ ਨੀਕੋ॥

ਆਗੈ ਫਲੈ ਇਨਹੀ ਕੋ ਦਯੋ ਜਗ ਮੈ ਜਸ ਔਰ ਦਯੋ ਸਭ ਫੀਕੋ॥

ਮੋ ਗ੍ਰਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਭ ਹੀ ਇਨਹੀ ਕੋ॥

ਰਾਜ ਕਰਨ ਦੇ ਅਧਿਕਾਰ ਨੂੰ ਰੱਬੀ ਮੰਨਣ ਵਾਲੇ ਰਾਜਪੂਤ ਰਾਜੇ ਛੋਟੀ ਜਾਤ ਵਾਲਿਆਂ ਨੂੰ ਚਿੜੀਆਂ ਤੇ ਘੁੱਗੀਆਂ ਸਮਝਦੇ ਸਨ। ਇਤਿਹਾਸ ਨੇ ਵੇਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ ਕੇ ਨਿਤਾਣੇ, ਨਿਰਬਲ, ਦਬੇ ਕੁਚਲੇ ਲੋਕਾਂ ਨੂੰ ਅਜਿਹਾ ਅਦੁਤੀ ਸਾਹਸ, ਬਲ ਦੇ ਕੇ ਸ਼ਿਵ ਦਾ ਸਭ ਤੋਂ ਸਿਰਮੌਰ ਨਾਇਕ ਅਤੇ ਸੂਰਬੀਰ ਯੋਧਾ ਬਣਾ ਦਿੱਤਾ। ਇਤਿਹਾਸ ਨੇ ਚਿੜੀਆਂ ਤੋਂ ਬਾਜ਼ ਅਤੇ ਸ਼ਿਕਰੇ ਟੁਟਦੇ ਵੇਖੇ, ਗਰੀਬ ਭੂਰਿਆਂ ਵਾਲਿਆਂ ਨੂੰ ਸਵਾ ਲੱਖ ਨਾਲ ਲੜਨ ਦੀ ਸਪਿਰਟ ਨਾਲ ਸ਼ਿੰਗਾਰੇ ਗਏ ਅਤੇ ਉਨ੍ਹਾਂ ਉਤੇ ਰਾਜ ਭਾਗ ਦੀ ਬਖ਼ਸ਼ਿਸ਼ ਹੋਈ। ਇਨ ਗਰੀਬ ਸਿੰਘਨ ਕਉ ਦੇਉ ਪਾਤਸ਼ਾਹੀ’ ਖਾਲਸੇ ਨੇ ਜਿਥੇ ਰਾਜਸੀ ਗੁਲਾਮੀ ਦੇ ਸੰਕਟ ਕੱਟ, ‘ਪਾਪ ਕੀ ਜੰਞ’ ਨੂੰ ਵਾਪਿਸ ਮੋੜਿਆ, ਦਰ੍ਹਾ ਖੈਬਰ ਵਲੋਂ ਹੁੰਦੇ ਹਮਲਿਆਂ ਦਾ ਰਾਹ ਬੰਦ ਕਰ ਦਿੱਤਾ, ਜਮਰੌਦ ਦੇ ਕਿਲੇ ਉਤੇ ਲੋਕ ਸ਼ਕਤੀ ਦਾ ਖਾਲਸਈ ਪਰਚਮ ਲਹਿਰਾ ਖਾਲਸਈ ਰਾਜਸੀ ਅਜ਼ਾਦੀ ਦਿੱਤੀ ਉਥੇ ਧਰਮ ਵਿੱਚ ਮਨੁੱਖ ਦੀ ਟੇਕ ਬਿਰਥੀ ਸਮਝਾ ਕੇ, ਮਨੁੱਖ ਨ

ਧਾਰਮਿਕ ਤੌਰ ਤੇ ਵੀ ਪੁਜਾਰੀਵਾਦ, ਦੇਹ ਪੂਜਾ ਤੋਂ ਮੁਕਤੀ ਦਿਵਾਈ। ਗੁਰੂ ਪਾਤਸ਼ਾਹ ਨੇ ਆਪਣੀ ਅਭੇਦਤਾ ਗੁਰੂ-ਗ੍ਰੰਥ ਤੇ ਗੁਰੂ-ਪੰਥ ਵਿੱਚ ਪ੍ਰਗਟ ਕਰਦਿਆਂ ਖਾਲਸੇ ਨੂੰ ਆਪਣਾ ਵਿਸ਼ੇਸ਼ ਰੂਪ ਦੱਸਿਆ ਅਤੇ ਗੁਰੂ ਸ਼ਬਦ ਅਤੇ ਗੁਰਬਾਣੀ ਦੀ ਅਗਵਾਈ ਕਬੂਲ ਕਰਦਿਆਂ ਜਾਗਤ ਜੋਤ ਸਤਿਗੁਰੂ ਦੀ ਪਦਵੀ ਸਦੀਵੀ ਕਾਲ ਲਈ ਗੁਰੂ ਗ੍ਰੰਥ ਅਤੇ ਗੁਰੂ-ਪੰਥ ਨੂੰ ਬਖਸ਼ ਦਿੱਤੀ। ਗੁਰੂ-ਗ੍ਰੰਥ ਦੀ ਅਗਵਾਈ ਵਿੱਚ ਸੱਚ ਧਰਮ ਦੀ ਪੈਰੋਕਾਰ ਜਨਤਾ ਅਥਵਾ ਸੰਗਤ ਨੂੰ ਦੈਵੀ ਲੋਕਤੰਤਰ ਵਿੱਚ ਤਬਦੀਲ ਕਰਨ ਦਾ ਰੱਬੀ ਕ੍ਰਿਸ਼ਮਾ ਕਰ ਦਿਖਾਇਆ।

ਵੈਸਾਖੀ ਵਾਲੇ ਦਿਨ ਪੰਜ ਪਿਆਰਿਆਂ ਜਿਨ੍ਹਾਂ ਨੇ ‘ਸਤਿਗੁਰ ਆਗੈ ਸੀਸੁ ਭੇਟ ਦੇਉ’ ਦੇ ਪਰਮਾਨ ਨੂੰ ਪ੍ਰਤਖ ਕੀਤਾ ਉਨ੍ਹਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ ਖਾਲਸੇ ਦੇ ਰੂਪ ਵਿਚ ਪ੍ਰਗਟ ਕਰਦਿਆਂ ਫਿਰ ਇਨ੍ਹਾਂ ਪੰਜਾਂ ਪਿਅਰਿਆਂ ਤੋਂ ਅੰਮ੍ਰਿਤ ਦੀ ਦਾਤ ਆਪ ਲੈ ਗੁਰੂ ਚੇਲੇ ਦਰਮਿਆਨ ਮੁੱਢ ਕਦੀਮ ਤੋਂ ਚਲਿਆ ਆ ਰਿਹਾ ਵਿਤਕਰਾ ਖਤਮ ਕਰ ਦਿੱਤਾ ਗੁਰਸਿਖੀ ਨੇ ਆਰੰਭ ਵਿਚ ਹੀ ਸਿਧਾਂਤ ਬਖਸ਼ਿਆਂ ਗੁਰੂ ਸਿਖ, ਸਿਖ ਗੁਰੂ ਹੈ ਉਸਨੂੰ ਪ੍ਰਵਾਨ ਕਰ ਗੁਰੂ ਚੇਲੇ ਦਾ ਮੁੱਢ ਕਦੀਮ ਤੋਂ ਚਲਿਆ ਆ ਰਿਹਾ ਫਾਸਲਾ ਖਤਮ ਕਰ ਖਾਲਸੇ ਨੂੰ ਆਪਣਾ ਨਿੱਜ ਸਰੂਪ ਇਉਂ ਬਖਸ਼ ਦਿਤਾ

ਖਾਲਸਾ ਮੇਰੋ ਰੂਪ ਹੈ ਖਾਸ। ਖਾਲਸੇ ਮਹਿ ਹਉ ਕਰੋ ਨਿਵਾਸ।

ਜਾਂ

ਹਉ ਖਾਲਸੇ ਕਾ ਖਾਲਸਾ ਮੇਰੋ ਓਤ ਪੋਤ ਸਾਗਰ ਬੁੰਦੇਰੋ॥

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੇਸ਼ ਵਿਚ ਫੈਲੀਆਂ ਜਿਨ੍ਹਾਂ ਸਮਾਜਿਕ ਕਮਜ਼ੋਰੀਆਂ ਦਾ ਜ਼ਿਕਰ ਕੀਤਾ ਉਸ ਵਿਚ ਸਭ ਤੋਂ ਵੱਡੀ ਕਮਜ਼ੋਰੀ ਸੀ ਧਰਮ ਛੁਪਾੳਣ ਦੀ। ਹਿੰਦੂ ਮੀਆਂ ਦੀ ਉਪਾਧੀ ਲੈ ਕੇ, ਘਰ ਵਿਚ ਵੇਦ ਪੁਰਾਣਾਂ ਦੀ ਪੂਜਾ ਅਤੇ ਬਾਹਰ ਕੁਰਾਨ ਸ਼ਰੀਫ ਦੀਆਂ ਆਇਤਾਂ ਪੜ੍ਹ ਕੇ ਤੁਰਕੀ ਭਾਸ਼ਾ ਦਾ ਪ੍ਰਯੋਗ ਕਰ ਮੁਸਲਮਾਨੀ ਢੰਗ ਦਾ ਹੁਕਮੀ (ਜ਼ਬਰੀ) ਹਲਾਲ ਮਾਸ ਖਾਣ ਅਤੇ ਇਸਲਾਮੀ ਪਹਿਰਾਵਾ ਪਹਿਨ ਕੇ ਧਾਰਮਿਕ ਅਤੇ ਸਮਾਜਿਕ ਗੁਲਾਮੀ ਦੀ ਡੂੰਘੀ ਖੱਡ ਵਿੱਚ ਪੈ ਚੁੱਕਾ ਸੀ

‘ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ’

‘ਨੀਲ ਵਸਤ੍ਰ ਪਹਿਰਿ ਹੋਵੈ ਪਰਵਾਣੁ ਮਲੇਛ ਧਾਨੁ ਲੈ ਪੂਜਹਿ ਪੁਰਾਣੁ’ (ਗੁਰੂ ਗ੍ਰੰਥ ਸਾਹਿਬ..1191)

ਏਸ ਅਤਿ ਗੁਲਾਮਾਨਾ ਜ਼ਹਿਨੀਅਤ ਨੂੰ ਬਦਲ ਕੇ ਗੁਰੂ ਪਾਤਸ਼ਾਹ ਨੇ ਸਾਬਤ ਸੂਰਤ ਤੇ ਨਿਆਰਾ ਖਾਲਸਾ ਵੈਸਾਖੀ ਵਾਲੇ ਦਿਨ ਪ੍ਰਗਟ ਕੀਤਾ ਜੋ ਆਪਣੀ ਸਾਬਤ ਸੂਰਤ ਦਸਤਾਰ ਸਿਰਾ ਕਰਕੇ ਹਜ਼ਾਰਾਂ ਲੱਖਾਂ ਦੀ ਗਿਣਤੀ ਵਿਚੋਂ ਵੀ ਨਿਵੇਕਲੇ ਰੂਪ ਵਿਚ ਪਰਗਟ ਹੁੰਦਾ ਹੈ। ਏਸੇ ਤਰ੍ਹਾਂ ਚਾਰ ਕੁਰਹਿਤਾਂ ਤੋਂ ਵਰਜਿਤ ਕਰ ਖਾਲਸੇ ਨੂੰ ਪੰਜ ਕਰਾਰੀ ਬਣਾ ਕੇ ਧਾਰਮਿਕ ਸਹਿਹੋਂਦ, ਮਨੁੱਖੀ ਬਰਾਬਰੀ, ਮਨੁੱਖੀ ਸਵੈਮਾਨ ਅਤੇ ਅਜ਼ਾਦੀ ਦਾ ਪ੍ਰਤੀਕ ਬਨਾਉਣ ਦਾ ਰੱਬੀ ਕਾਰਜ ਸੰਪੂਰਨ ਕੀਤਾ

ਗੁਰੁ ਬਰ ਅਕਾਲ ਕੇ ਹੁਕਮ ਸਿਉਂ ਉਪਜਿਓ ਬਿਗਿਆਨਾ।

ਤਬ ਸਹਿਜੇ ਰਚਿਓ ਖਾਲਸਾ ਸਾਬਤ ਮਰਦਾਨਾ।

ਅੱਜ ਦੇ ਅਧੁਨਿਕ ਯੁੱਗ ਵਿੱਚ ਸਿੱਖ ਅਖਵਾਉਣ ਵਾਲੇ ਇਸ ਖਾਲਸਾ ਆਦਰਸ਼ ਨੂੰ ਗੁਰਬਾਣੀ ਦੀ ਰੌਸ਼ਨੀ ਵਿੱਚ ਅਤੇ ਰਹਿਤ ਮਰਯਾਦਾ ਦੇ ਜ਼ਬਤ ਵਿੱਚ ਰਹਿ ਕੇ ਰੂਪਮਾਨ ਕਰਨ ਦੀ ਸਮਰੱਥਾ ਰਖਦੇ ਹਨ। ਗੁਰੂ ਪਾਤਸ਼ਾਹ ਦਾ ਖਾਲਸੇ ਨੂੰ ਆਦੇਸ਼ ਹੈ ਕਿ ਉਸ ਨੇ ਅਜਿਹੇ ਰੱਬੀ ਅਤੇ ਭੈਅ ਭਾਵਨੀ ਵਾਲੇ ਸਰਬ ਸੰਸਾਰੀ ਸਮਾਜ ਨੂੰ ਕਾਇਮ ਕਰਨ ਲਈ ਯਤਨ-ਸ਼ੀਲ ਅਤੇ ਸੰਘਰਸ਼-ਸ਼ੀਲ ਰਹਿਣਾ ਹੈ ਜਿਥੇ ਲੁੱਟ-ਖਸੁੱਟ ਨਾ ਹੋਵੇ, ਧਰਮ ਦੇ ਨਾਂ ਤੇ ਪਾਖੰਡ ਨਾ ਕੀਤੇ ਜਾਣ, ਬੰਦਾ ਬੰਦੇ ਦੀ, ਸਰੀਰ ਦੀ ਪੂਜਾ ਨਾ ਕਰੇ, ਸਗੋਂ ਕੇਵਲ ਇੱਕ ਸਰਬ ਸ਼ਕਤੀਮਾਨ ਦੀ ਉਪਾਸਨਾ ਹੋਵੇ। ਗੁਰੂ ਜੀ ਖਾਲਸਾ ਪੰਥ ਤੋਂ ਹੱਕ, ਸੱਚ, ਨਿਆਂ ਉਤੇ ਅਧਾਰਤ ਅਜੇਹੀ ਲੋਕਤੰਤਰੀ, ਵਿਸ਼ਵ ਵਿਆਪੀ ਵਿਵਸਥਾ ਸਥਾਪਤ ਕਰਨ ਦੀ ਤਾਕੀਦ ਕਰਦੇ ਹਨ ਜਿਥੇ ਹਰ ਮਨੁੱਖ ਬਰਾਬਰ ਹੋਵੇ, ਕੋਈ ਧਰਮ, ਕੋਈ ਭਾਸ਼ਾ, ਕੋਈ ਕੌੰਮ ਕਿਸੇ ਦੀ ਦੁਬੇਲ ਨਾ ਹੋਵੇ ਸਗੋਂ ਜਿਥੇ ਆਜ਼ਾਦੀ ਦਾ ਜਨਮ ਸਿੱਧ ਅਧਿਕਾਰ ਮੰਨਿਆਂ ਜਾਵੇ। ਖਾਲਸਾ ਪੰਥ ਇਸ ਰੱਬੀ ਕਾਰਜ ਅਤੇ ਪੰਥਕ ਆਦਰਸ਼ ਨੂੰ ਰੂਪਮਾਨ ਕਰਨ ਦੀ ਸਮਰੱਥਾ ਰੱਖਦਾ ਹੈ ਬਸ਼ਰਤਿ ਉਹ ਨਿੱਜ-ਪ੍ਰਸਤ, ਪਰਿਵਾਰ-ਪ੍ਰਸਤ ਅਤੇ ਸ਼ਕਤੀ ਦਾ ਵਣਜਾਰਾ ਨਾ ਹੋ ਕੇ ਪੰਥ-ਪ੍ਰਸਤੀ ਦੀ ਭਾਵਨਾ ਨਾਲ ਸ਼ਰਸਾਰ ਹੋ ਇਸ ਆਦਰਸ਼ ਨੂੰ ਸਤਿਗੁਰੂ ਦਾ ਹੁਕਮ ਸਮਝ, ਅਕਾਲ ਪੁਰਖ ਦਾ ਓਟ ਆਸਰਾ ਲੈ, ਸੂਰਬੀਰ ਨਿਰਮਾਣ ਸੇਵਕ ਵਾਂਗ ਵਚਨਬੱਧ ਹੋ ਕੇ ਏਸ ਵਿਸ਼ਵ ਦੇ ਕਾਰਜ ਖੇਤਰ ਵਿੱਚ ਨਿੱਤਰੇ। ਗੁਰੂ ਪਾਤਸ਼ਾਹ ਨੇ ਇਸ ਕਾਰਜ ਦੀ ਸਫਲਤਾ ਲਈ ਪੰਥ ਦਾ ਸਹਾਈ ਹੋਣ ਦਾ ਵਚਨ ਖਾਲਸੇ ਨਾਲ ਕਰਦਿਆਂ ਫੁਰਮਾਨ ਕੀਤਾ ਹੈ ਕਿ :-

ਜਬ ਲਗ ਰਹੇ ਖਾਲਸਾ ਨਿਆਰਾ। ਤਬ ਲਗ ਤੇਜ ਦੀਓ ਮੈਂ ਸਾਰਾ।

ਜਬ ਇਹ ਗਹੈ ਬਿਪਰਨ ਕੀ ਰੀਤ। ਮੈ ਨਾ ਕਰੋਂ ਇਨ ਕੀ ਪਰਤੀਤ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>