ਬਾਦਲ ਨੂੰ ਫਾਸਟ ਟ੍ਰੈਕ ਅਦਾਲਤਾਂ ਦੇ ਗਠਨ ਕਰਨ ਦਾ ਚੇਤਾ ਹੁਣ ਹੀ ਕਿਉਂ ਆਇਆ?

ਚੰਡੀਗੜ੍ਹ :- ਸ: ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਅਕਾਲੀ ਦਲ (ਅੰਮ੍ਰਿਤਸਰ) ਨੇ, ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਹਿੱਤ ਫਾਸਟ ਟ੍ਰੈਕ ਅਦਾਲਤਾਂ ਗਠਨ ਕਰਨ ਦੇ ਬਿਆਨ ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਸਾਨੂੰ ਗਹਿਰਾ ਦੁੱਖ ਅਤੇ ਅਫਸੋਸ ਹੈ ਕਿ ਜਿਸ ਸਿੱਖ ਕੌਮ ਦਾ ਕਤਲੇਆਮ ਕਾਂਗਰਸੀਆਂ ਅਤੇ ਭਾਜਪਾਈਆਂ ਵੱਲੋਂ ਸਾਂਝੇ ਤੌਰ ਤੇ ਗਿਣੀ ਮਿਥੀ ਸਾਜਿ਼ਸ ਅਧੀਨ 1984 ਵਿੱਚ ਕੀਤਾ ਗਿਆ ਸੀ, ਉਸਨੂੰ ਸ: ਪ੍ਰਕਾਸ਼ ਸਿੰਘ ਬਾਦਲ ਬੀ ਜੇ ਪੀ ਵਰਗੀ ਫਿਰਕੂ ਜਮਾਤ ਦੇ ਗੁਲਾਮ ਬਣਕੇ “ਦੰਗਿਆਂ” ਦਾ ਸ਼ਬਦ ਦੇ ਕੇ ਸਿੱਖ ਕੌਮ ਦੇ ਜਖਮਾਂ ਉਤੇ ਲੂਣ ਛਿੜਕਣ ਦੀ ਕਾਰਵਾਈ ਕਰ ਰਹੇ ਹਨ। ਦੂਸਰਾ ਟਾਈਟਲਰ ਅਤੇ ਸੱਜਣ ਕੁਮਾਰ ਵਰਗੇ ਸਿੱਖਾਂ ਦੇ ਕਾਤਿਲਾਂ ਨੂੰ ਕਾਨੂੰਨੀ ਸਜ਼ਾ ਦਿਵਾਉਣ ਲਈ ਫਾਸਟ ਟ੍ਰੈਕ ਅਦਾਲਤਾਂ ਦੇ ਗਠਨ ਕਰਨ ਦੀ ਗੱਲ ਕਰਕੇ ਹੁਣ ਫਿਰ ਸਿੱਖ ਕੌਮ ਨੂੰ ਮੂਰਖ ਬਣਾਉਣ ਦੀ ਅਸਫਲ ਕੌਸਿ਼ਸ ਕਰ ਰਹੇ ਹਨ। ਉਹਨਾਂ ਕਿਹਾ ਕਿ ਜਦੋਂ ਸੈਂਟਰ ਵਿੱਚ ਸ: ਬਾਦਲ ਦੀ ਭਾਈਵਾਲ ਜਮਾਤ ਬੀ ਜੇ ਪੀ ਸਰਕਾਰ ਸੀ, ਉਦੋਂ ਸਿੱਖ ਕੌਮ ਨੂੰ ਤੁਰੰਤ ਇਨਸਾਫ ਦਿਵਾਉਣ ਲਈ ਇਹਨਾਂ ਫਾਸਟ ਟ੍ਰੈਕ ਅਦਾਲਤਾਂ ਦਾ ਫੁਰਨਾ ਉਹਨਾਂ ਦੇ ਮਨ ਵਿੱਚ ਕਿਉਂ ਨਹੀਂ ਆਇਆ? ਉਹਨਾਂ ਕਿਹਾ ਕਿ ਉਦੋਂ ਤਾਂ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਵਰਗੇ ਬੇਕਸੂਰ ਸਿੱਖ ਨੌਜਵਾਨ ਨੂੰ “ਦਹਿਸ਼ਤਗਰਦ” ਐਲਾਨ ਕੇ ਸ: ਬਾਦਲ ਨੇ ਆਪਣੀ ਸਰਕਾਰ ਵੱਲੋਂ ਭੁੱਲਰ ਵਿਰੁੱਧ ਐਫੀਡੈਵਿਟ ਦਰਜ ਕੀਤਾ ਸੀ ਅਤੇ ਸ: ਭੁੱਲਰ ਦੇ ਪਿਤਾ ਸ: ਬਲਵੰਤ ਸਿੰਘ ਦੇ ਕਾਤਿਲ ਪੁਲਿਸ ਅਫਸਰ ਸੁਮੈਧ ਸੈਣੀ ਨੂੰ ਸ:  ਬਾਦਲ ਤਰੱਕੀਆਂ ਦੇ ਕੇ ਨਿਵਾਜ ਰਹੇ ਹਨ।

ਉਹਨਾਂ ਕਿਹਾ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੇ ਦੂਸਰੇ ਮੈਂਬਰਾਂ ਉੱਤੇ ਰੋਪੜ ਦੀ ਅਦਾਲਤ ਵਿੱਚ ਰਿਸ਼ਵਤਾਂ ਲੈਣ ਦੇ ਕੇਸ ਚਲ ਰਹੇ ਸਨ, ਉਦੋਂ ਪੰਜਾਬੀਆਂ ਅਤੇ ਸਿੱਖ ਕੌਮ ਸਾਹਮਣੇ ਇਹਨਾਂ ਲਈਆਂ ਗਈਆਂ ਕਰੋੜਾਂ ਅਰਬਾਂ ਰੁਪਏ ਦੀਆਂ ਰਿਸ਼ਵਤਾਂ ਦੀ ਸੱਚਾਈ ਨੂੰ ਸਾਹਮਣੇ ਲਿਆਉਣ ਲਈ ਫਾਸਟ ਟ੍ਰੈਕ ਅਦਾਲਤਾਂ ਕਿਉਂ ਨਾ ਬਣਨ ਦਿੱਤੀਆਂ ਅਤੇ ਉੱਚ ਆਈ ਪੀ ਐਸ ਅਫਸਰਾਂ ਜੋ ਇਸ ਰਿਸ਼ਵਤ ਕੇਸ ਦੇ ਗਵਾਹ ਸਨ, ਉਹਨਾਂ ਨੂੰ ਇਕ ਇਕ ਕਰਕੇ ਮੁਕਰਾ ਦਿੱਤਾ। ਸਿੱਖ ਕੌਮ ਦੀ ਮੰਗ ਅਨੁਸਾਰ ਇਹਨਾਂ ਰਿਸ਼ਵਤਾਂ ਦੇ ਕੇਸ ਨੂੰ ਪੰਜਾਬ ਤੋਂ ਦੂਸਰੇ ਸੂਬੇ ਵਿੱਚ ਤਬਦੀਲ ਕਿਉਂ ਨਾ ਕੀਤਾ। ਸ: ਇਮਾਨ ਸਿੰਘ ਮਾਨ ਨੇ ਅੱਗੇ ਚਲ ਕੇ ਆਪਣੇ ਬਿਆਨ ਵਿੱਚ ਕਿਹਾ ਕਿ ਜਿਸ ਵਰੁਣ ਗਾਂਧੀ ਤੇ ਮੋਦੀ ਨੇ ਸਿੱਖ ਅਤੇ ਮੁਸਲਿਮ ਕੌਮ ਲਈ ਅਤਿ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਕੇ ਦੋਵਾਂ ਕੌਮਾਂ ਦੀ ਤੌਹੀਨ ਕੀਤੀ ਹੈ, ਜਿਸ ਸ਼੍ਰੀ ਅਡਵਾਨੀ ਨੇ ਆਪਣੇ ਵੱਲੋਂ ਲਿਖੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਵਿੱਚ ਇਹ ਮੰਨਿਆ ਹੈ ਕਿ ਬਲਿਊ ਸਟਾਰ ਦੀ ਫੌਜੀ ਕਾਰਵਾਈ ਉਸਨੇ ਮਰਹੂਮ ਇੰਦਰਾ ਗਾਂਧੀ ਨੂੰ ਉਕਸਾ ਕੇ ਖੁਦ ਕਰਵਾਈ ਸੀ, ਜੋ ਸਿੱਖ ਗੁਰੂ ਸਾਹਿਬਾਨ ਨੂੰ “ਸੰਤ” ਅਤੇ ਸ: ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਆਪਣੀ ਕਿਤਾਬ ਵਿੱਚ “ਭਸਮਾਸੁਰ (ਦੈਂਤ)” ਕਹਿ ਕੇ ਸਮੁੱਚੀ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚਾ ਰਿਹਾ ਹੈ, ਉਹਨਾਂ ਵਿਰੁੱਧ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲੀਏ ਆਪਣੀ ਜੁਬਾਨ ਕਿਉਂ ਨਹੀਂ ਖੋਲਦੇ। ਉਹਨਾਂ ਕਿਹਾ ਕਿ ਕਿਡੀ ਸ਼ਰਮਨਾਕ ਅਤੇ ਇਖਲਾਕ ਤੋਂ ਗਿਰੀ ਗੱਲ ਹੈ ਕਿ ਸਿੱਖਾਂ ਦੇ ਕਾਤਿਲ ਸ਼੍ਰੀ ਅਡਵਾਨੀ ਨੂੰ ਇਸ ਮੁਲਕ ਦਾ ਵਜ਼ੀਰ ਏ ਆਜਿ਼ਮ ਬਣਾਉਣ ਲਈ ਸ: ਬਾਦਲ ਅਤੇ ਉਸਦਾ ਪਰਿਵਾਰ ਤੜਫਦਾ ਫਿਰਦਾ ਹੈ ਅਤੇ ਆਪਣੇ ਆਪ ਨੂੰ “ਸਿੱਖ ਹਿਤੈਸ਼ੀ” ਹੋਣ ਦਾ ਝੂਠਾ ਪ੍ਰਚਾਰ ਵੀ ਕਰਨ ਤੇ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਭਾਜਪਾ ਜਮਾਤ ਅਤੇ ਬਾਦਲ ਦਲੀਆਂ ਵੱਲੋ ਸਿੱਖਾਂ ਦੇ ਕਾਤਿਲਾਂ ਟਾਈਟਲਰ, ਸੱਜਣ ਕੁਮਾਰ, ਵਰੁਣ ਗਾਂਧੀ, ਮੋਦੀ, ਅਡਵਾਨੀ, ਵਾਜਪਾਈ, ਅਰੁਣ ਕੁਮਾਰ, ਅਰੁਣ ਨਹਿਰੂ, ਪੀ ਚਿਦੰਬਰਮ ਆਦਿ ਨੂੰ ਕਾਨੂੰਨੀ ਸਜ਼ਾ ਦਿਵਾਉਣ ਲਈ ਪਾਇਆ ਜਾ ਰਿਹਾ ਰੋਲਾ ਉਸ ਊਠ ਦੇ ਲਟਕਦੇ ਬੁੱਲ੍ਹ ਵਰਗਾ ਹੈ ਜੋ ਕਦੀ ਵੀ ਨਹੀਂ ਡਿੱਗਦਾ। ਕਿਉਂਕਿ 2004 ਵਿੱਚ ਜਦੋਂ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਕਾਂਗਰਸ ਵੱਲੋਂ ਟਿਕਟਾਂ ਦਿੱਤੀਆਂ ਗਈਆਂ ਸਨ ਤਾਂ ਬਾਦਲ ਦਲ ਦੇ ਸਮੁੱਚੇ ਐਮ ਪੀ ਸਣੇ ਸੁਖਬੀਰ ਬਾਦਲ ਅਤੇ ਭਾਜਪਾ ਜਮਾਤ ਨੇ ਉਹਨਾਂ ਦਾ ਕੋਈ ਵਿਰੋਧ ਨਹੀਂ ਕੀਤਾ। ਬਲਕਿ 1999 ਵਿੱਚ ਜਦੋਂ ਸੈਂਟਰ ਵਿੱਚ ਬੀ ਜੇ ਪੀ ਦੀ ਸਰਕਾਰ ਸੀ, ਉਦੋਂ ਸੀ ਬੀ ਆਈ ਨੇ ਇਹਨਾਂ ਕਾਤਿਲਾਂ ਦੇ ਕੇਸ ਭਾਜਪਾ ਦੇ ਕਹਿਣ ਤੇ ਕਮਜ਼ੋਰ ਕੀਤੇ ਸਨ। ਅੱਜ ਇਹ ਲੋਕ “ਫੱਫੇਕੁੱਟਣੀ” ਵਾਲੀ ਭੂਮਿਕਾ ਹੀ ਨਿਭਾ ਰਹੇ ਹਨ। ਜਿਸ ਤੋਂ ਸਿੱਖ ਕੌਮ ਅਤੇ ਪੰਜਾਬੀ ਸੁਚੇਤ ਰਹਿਣ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>