ਭਾਜਪਾ ਦੇ ਪੰਜਾਬ ਦੇ ਜਨਰਲ ਸਕੱਤਰ ਬਲਵੀਰ ਪੁੰਜ ਨੂੰ ਕੁਝ ਸਵਾਲ

ਸਤਿਕਾਰਯੋਗ ਬਲਵੀਰ ਪੁੰਜ ਜੀ, ਜਨਰਲ ਸਕੱਤਰ ਇੰਚਾਰਜ ਪੰਜਾਬ ਭਾਜਪਾ।

ਸਤਿ ਸ਼੍ਰੀ ਅਕਾਲ ਜੀ,

ਆਪ ਜੀ ਨੇ ਬਠਿੰਡਾ ਵਿਖੇ ਹੋਈ ਪ੍ਰੈਸ ਕਾਨਫਰੰਸ ’ਚ ਕਿਹਾ ਸੀ ਕਿ ਕੰਧਾਰ ਮਾਮਲੇ ’ਚ 300 ਵਿਅਕਤੀਆਂ ਦੀ ਜਿੰਦਗੀ ਦਾਅ ’ਤੇ ਸੀ, ਜਿਸ ਦੇ ਲਈ ਜੇਕਰ ਤਿੰਨ ਵਿਅਕਤੀ ਛੱਡ ਦਿੱਤੇ ਗਏ ਤਾਂ ਇਸ ਵਿੱਚ ਕਿਸੇ ਨੂੰ ਬੁਰਾ ਨਹੀਂ ਲੱਗੇਗਾ, ਦੂਸਰੇ ਪਾਸੇ ਤੁਸੀਂ ਕਾਂਗਰਸ ਸਰਕਾਰ ’ਤੇ ਦੋਸ਼ ਲਾਇਆ ਕਿ ਮੁੰਬਈ ਹਮਲੇ ਦੌਰਾਨ ਉਸ ਨੇ ਧਿਆਨ ਕਿਉਂ ਨਹੀਂ ਦਿੱਤਾ ਜਦੋਂ ਕਿ 300 ਲੋਕਾਂ ਦੀਆਂ ਜਿੰਦਗੀਆਂ ਚਲੀਆਂ ਗਈਆਂ।

1. ਮੇਰਾ ਸਵਾਲ ਹੈ ਕਿ ਮੁੰਬਈ ਹਮਲੇ ਸਮੇਂ ਜੇਕਰ ਤੁਹਾਡੀ ਪਾਰਟੀ ਦੀ ਸਰਕਾਰ ਹੁੰਦੀ ਤਾਂ ਤੁਸੀਂ ਕੀ ਕਾਰਵਾਈ ਕਰਦੇ? ਕੀ ਹਮਲਾਵਰਾਂ ਨਾਲ ਗੱਲਬਾਤ ਕਰਕੇ, ਉਨ੍ਹਾਂ ਦੀਆਂ ਮੰਗਾਂ ਮੰਨ ਕੇ ਤਿੰਨ ਸੌ ਲੋਕਾਂ ਦੀਆਂ ਜਾਨਾਂ ਬਚਾ ਲਈਆਂ ਜਾਂਦੀਆਂ। ਜੇ ਜਵਾਬ ਨਾ ਵਿੱਚ ਹੈ ਤਾਂ ਤੁਸੀਂ ਹੋਰ ਕੀ ਕਾਰਵਾਈ ਕਰਦੇ?

2. ਦੂਸਰਾ ਸਵਾਲ ਹੈ ਕਿ ਜੇ ਤੁਹਾਡਾ ਜਵਾਬ ਹਾਂ ਵਿੱਚ ਹੈ ਤਾਂ 1984 ’ਚ ਤਾਂ ਤੁਹਾਡੀ ਪਾਰਟੀ ਨੇ ਹਰਮੰਦਰ ਸਾਹਿਬ ’ਤੇ ਫੌਜੀ ਹਮਲੇ ਦੀ ਹਮਾਇਤ ਕੀਤੀ ਸੀ, ਉਸ ਸਮੇਂ ਤੁਸੀਂ ਕਿਉਂ ਨਹੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਗੱਲਬਾਤ ਕਰਕੇ ਮੰਗਾਂ ਮੰਨਣ ਦੀ ਸਲਾਹ ਦਿੱਤੀ? ਜੇ ਇਸ ਤਰ੍ਹਾਂ ਕੀਤਾ ਜਾਂਦਾ ਤਾਂ ਉਸ ਤੋਂ ਪਿੱਛੋਂ ਇੱਕ ਦਹਾਕੇ ਤੱਕ ਚੱਲੀ ਖ਼ੂਨੀ ਹਨੇਰੀ ਅਤੇ ਅਤਿਵਾਦ ਤੋਂ ਬਚਾ ਹੋ ਸਕਦਾ ਸੀ ਅਤੇ ਸੈਂਕੜੇ ਹੀ ਨਹੀਂ ਬਲਕਿ ਹਜ਼ਾਰਾਂ ਕੀਮਤੀ ਜਾਨਾ ਬਚਣ ਦੇ ਨਾਲ ਨਾਲ ਦੇਸ਼ ਵਿੱਚ ਫਿਰਕੂ ਤਨਾਅ ਵੀ ਪੈਦਾ ਨਹੀਂ ਸੀ ਹੋਣਾ।

ਆਪ ਜੀ ਨੇ ਰਾਹੁਲ ਗਾਂਧੀ ਦੀ ਨਕਾਰਤਮਕ ਸੋਚ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਸੀ ਕਿ ਉਹ ਹਰ ਗੱਲ ’ਤੇ ਕੰਧਾਰ ਮਾਮਲੇ ਨੂੰ ਲੈ ਕੇ ਆ ਰਿਹਾ ਹੈ ਪਰ ਭਾਜਪਾ ਨੇ ਕਦੀ ਵੀ ਉਨ੍ਹਾਂ ਦਾ ਜ਼ਿਕਰ ਨਹੀਂ ਕੀਤਾ, ਜਿਨ੍ਹਾਂ ਦੇ ਫੈਸਲੇ ਹੋ ਗਏ ਹਨ।

3. ਮੇਰਾ ਸਵਾਲ ਹੈ ਕਿ ਕੰਧਾਰ ਮਾਮਲੇ ਤੋਂ ਬਹੁਤ ਸਮਾਂ ਪਹਿਲਾਂ 1984 ’ਚ ਦਿੱਲੀ ਸਮੇਤ ਭਾਰਤ ਦੇ ਵੱਡੇ ਸ਼ਹਿਰਾਂ ’ਚ ਸਮੂਹਿਕ ਸਿੱਖ ਕਤਲੇਆਮ ਹੋਇਆ। ਤੁਸੀਂ ਤੇ ਤੁਹਾਡੀ ਮਿੱਤਰ ਪਾਰਟੀ ਸ਼੍ਰੋਮਣੀ ਅਕਾਲੀ ਦਲ ਹਰ ਚੋਣ ਮੌਕੇ ਇਸ ਮੁੱਦੇ ਨੂੰ ਜ਼ੋਰ ਸ਼ੋਰ ਨਾਲ ਉਠਾਉਂਦੀ ਹੈ। ਜੇ ਤੁਸੀਂ ਸਮਝਦੇ ਹੋ ਕਿ ਇਸ ਕੇਸ ਵਿੱਚ ਫੈਸਲਾ ਨਹੀਂ ਹੋਇਆ  ਅਤੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ ਤਾਂ ਦੱਸੋ ਕਿ ਤੁਹਾਡੀ ਪਾਰਟੀ ਦੀ ਵੀ ਕੇਂਦਰ ’ਚ 6 ਸਾਲ ਤੋਂ ਵੱਧ ਸਮੇਂ ਤੱਕ ਸਰਕਾਰ ਸੀ, ਜਿਸ ਦੌਰਾਨ ਪੰਜ ਸਾਲ ਦਿੱਲੀ ਪ੍ਰਦੇਸ਼ ’ਚ ਵੀ ਤੁਹਾਡੀ ਪਾਰਟੀ ਦੀ ਸਰਕਾਰ ਰਹੀ ਸੀ ਤਾਂ ਉਸ ਸਮੇਂ ਤੁਹਾਡੇ ਵਲੋਂ ਇਨ੍ਹਾਂ ਦੋਸ਼ੀਆਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਗਈ।

4. ਇੱਕ ਪਾਸੇ ਤੁਸੀਂ ਕਾਂਗਰਸ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਹੈ ਕਿ ਚੀਨ ਤੋਂ ਭਾਰਤ ਨੇ ਕਰਾਰੀ ਹਾਰ ਖਾਧੀ ਸੀ ਪਰ ਤੁਹਾਡੀ ਸਰਕਾਰ ਵਲੋਂ ਹੁਣ ਚੀਨ ਵਲੋਂ ਕਬਜ਼ੇ ਹੇਠ ਲਈ ਗਈ ਜ਼ਮੀਨ ਨੂੰ ਨਾ ਛੁਡਾਉਣ ਦੇ ਕਾਰਨ ਬਾਰੇ ਪੁੱਛੇ ਜਾਣ ’ਤੇ ਤੁਸੀਂ ਮੰਨਿਆ ਕਿ ਭਾਰਤ, ਚੀਨ ਨਾਲ ਲੜਨ ਦੇ ਸਮਰੱਥ ਨਹੀਂ ਕਿਉਂਕਿ ਇਸ ਦੇਸ਼ ਵਿੱਚ ਸੀ.ਪੀ.ਐਮ. ਚੀਨ ਦੇ ਸਮਰਥਕ ਹਨ। ਇਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਤੁਸੀਂ ਦੋਹਰਾ ਮਾਪਦੰਡ ਅਪਣਾ ਰਹੇ ਹੋ।

ਮੇਰਾ ਸਵਾਲ ਹੈ ਕਿ ਤੁਸੀਂ ਅਤੇ ਤੁਹਾਡੀ ਪਾਰਟੀ ਆਮ ਤੌਰ ‘ਤੇ ਭਾਰਤ ’ਚ ਵਸੇ ਸਮੂਹ ਮੁਸਲਮਾਨਾਂ ਅਤੇ ਪੰਜਾਬ ਦੇ ਗਰਮ ਧੜੇ ਦੇ ਸਿੱਖਾਂ, ਖਾਸ ਕਰਕੇ ਸਿਮਰਨਜੀਤ ਸਿੰਘ ਮਾਨ ਨੂੰ ਵੀ ਪਾਕਿਸਤਾਨ ਦੇ ਸਮਰਥਕ ਦੱਸਦੇ ਰਹਿੰਦੇ ਹੋ ਅਤੇ ਇਸ ਦੇ ਬਾਵਜ਼ੂਦ ਪਾਕਿਸਤਾਨ ’ਤੇ ਹਮਲਾ ਕਰਨ ਦੀ ਵੀ ਜ਼ੋਰਦਾਰ ਵਕਾਲਤ ਕਰਦੇ ਰਹਿੰਦੇ ਹੋ। ਜੇ ਸੀ.ਪੀ.ਐਮ ਦੇ ਸਮਰਥਨ ਤੋਂ ਬਿਨਾਂ ਚੀਨ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਤਾਂ ਮੁਸਲਮਾਨ ਅਤੇ ਸਿੱਖ, ਜਿਨ੍ਹਾਂ ਦੀ ਗਿਣਤੀ ਸੀ.ਪੀ.ਐਮ ਵਰਕਰਾਂ ਨਾਲੋਂ ਕਿਤੇ ਵੱਧ ਹੈ, ਦੇ ਸਹਿਯੋਗ ਤੋਂ ਬਿਨਾਂ ਪਾਕਿਸਤਾਨ ਦਾ ਮੁਕਾਬਲਾ ਕਿਵੇਂ ਕਰ ਸਕਦੇ ਹੋ?

5. ਅਗਲਾ ਸਵਾਲ ਹੈ ਕਿ ਜੇ ਤਿੰਨ ਅੱਤਵਾਦੀ ਛੱਡ ਕੇ 300 ਜਾਨਾਂ ਬਚਾਉਣੀਆਂ ਤੁਸੀਂ ਸਿਆਣਪ ਸਮਝਦੇ ਹੋ ਤਾਂ ਇਸ ਦਾ ਅੰਦਾਜ਼ਾ ਕਿਉਂ ਨਹੀਂ ਲਗਾ ਰਹੇ ਕਿ ਪਾਕਿਸਤਾਨ ਨਾਲ ਜੰਗ ਕਿਤਨੀਆਂ ਜਾਨਾਂ ਲੈ ਲਵੇਗਾ ਅਤੇ ਇੱਥੋਂ ਤੱਕ ਖਤਰਾ ਹੈ ਕਿ ਪੰਜਾਬ ਤਾਂ ਬਿਲਕੁਲ ਤਬਾਹ ਵੀ ਹੋ ਸਕਦਾ ਹੈ।

6. ਜੇਕਰ ਤੁਹਾਡਾ ਖਿਆਲ ਹੈ ਕਿ ਪਾਕਿਸਤਾਨ ਰਾਹੀਂ ਭਾਰਤ ’ਚ ਅਤਿਵਾਦ ਫੈਲ ਰਿਹਾ ਹੈ, ਇਸ ਲਈ ਅਤਿਵਾਦ ਨੂੰ ਰੋਕਣ ਲਈ ਪਾਕਿਸਤਾਨ ਨਾਲ ਫੈਸਲਾਕੁੰਨ ਲੜਾਈ ਅਤਿ ਜਰੂਰੀ ਹੈ ਤਾਂ ਆਪ ਜੀ ਨੂੰ ਜਾਣਕਾਰੀ ਹਿੱਤ ਦੱਸ ਦੇਣਾ ਚਾਹੁੰਦਾ ਹਾਂ ਕਿ ਅਮਰੀਕਾ ਨੇ ਵੀ ਅਤਿਵਾਦ ਖਤਮ ਕਰਨ ਲਈ ਅਫਗਾਨਿਸਤਾਨ ’ਤੇ ਹਮਲਾ ਕੀਤਾ ਸੀ, ਜਿਸ ਕਾਰਨ ਅਮਰੀਕਾ ਦੀ ਆਰਥਿਕਤਾ ਵੀ ਤਬਾਹ ਹੋ ਗਈ ਅਤੇ ਅਤਿਵਾਦ ਵੀ ਖਤਮ ਨਹੀਂ ਹੋਇਆ ਸਗੋਂ ਜਿਹੜੇ ਅੱਤਵਾਦੀ ਅਫਗਾਨਿਸਤਾਨ ਤੱਕ ਸੀਮਤ ਸੀ, ਉਹ ਹੋਰਨਾਂ ਭਾਗਾਂ ਵਿੱਚ ਫੈਲ ਗਏ ਅਤੇ ਖਬਰਾਂ ਅਨੁਸਾਰ ਪਾਕਿਸਤਾਨ ਰਾਹੀਂ ਭਾਰਤ ’ਚ ਵੀ ਤਾਲਿਬਾਨ ਤੇ ਅਲਕਾਇਦਾ ਦੇ ਕਾਰਕੁੰਨ ਪਹੁੰਚ ਗਏ ਹਨ, ਜਿਸ ਤਰ੍ਹਾਂ ਤਿੰਨ ਅਤਿਵਾਦੀ ਛੱਡ ਕੇ ਤੁਸੀਂ 300 ਜਾਨਾਂ ਬਚਾਉਣ ਦੀ ਸਿਆਣਪ ਵਰਤੀ, ਕੀ ਐਸੀ ਸਿਆਣਪ ਰਾਹੀਂ ਪਾਕਿਸਤਾਨ ਜੰਗ ਟਾਲੀ ਨਹੀਂ ਜਾ ਸਕਦੀ? ਪਰ ਤੁਸੀਂ ਤਾਂ ਸਿਆਣਪ ਨਾਲ ਜੰਗ ਟਾਲਣ ’ਚ ਸਫਲ ਹੋਏ ਡਾ. ਮਨਮੋਹਨ ਸਿੰਘ ਨੂੰ ਕਮਜ਼ੋਰ ਪ੍ਰਧਾਨ ਮੰਤਰੀ ਦੱਸ ਰਹੇ ਹੋ?

7. ਸੋ ਆਖਰੀ ਸਵਾਲ ਹੈ ਕਿ ਜੇ ਡਾ. ਮਨਮੋਹਨ ਸਿਘ ਦੀ ਥਾਂ ਲਾਲ ਕ੍ਰਿਸ਼ਨ ਅਡਵਾਨੀ ਜੀ ਮਜ਼ਬੂਤ ਪ੍ਰਧਾਨ ਮੰਤਰੀ ਹੁੰਦੇ ਤਾਂ ਉਹ ਮੁੰਬਈ ਹਮਲੇ ਦੌਰਾਨ ਅਤੇ ਪਾਕਿਸਤਾਨ ਨਾਲ ਜੰਗ ਦੇ ਸਬੰਧ ’ਚ ਕੀ ਫੈਸਲਾ ਲੈਂਦੇ?

ਆਪ ਜੀ ਨੂੰ ਇਹ ਸੁਆਲ ਆਪ ਜੀ ਦੇ ਫੋਨ ਤੇ ਸੰਪਰਕ ਕਰਕੇ ਪੁੱਛੇ ਸਨ ਤਾਂ ਆਪ ਜੀ ਨੇ ਸੁਝਾਅ ਦਿੱਤਾ ਸੀ ਕਿ ਸੁਆਲ ਲਿਖ ਕੇ ਈਮੇਲ ਰਾਹੀਂ ਭੇਜੇ ਜਾਣ,ਜਿਨ੍ਹਾਂ ਦਾ ਜਵਾਬ ਈਮੇਲ ਰਾਹੀਂ ਵਾਪਸ ਦੇ ਦਿੱਤਾ ਜਾਵੇਗਾ। ਸੋ, ਆਪ ਜੀ ਦੇ ਸੁਝਾਅ ਅਨੁਸਾਰ ਇਹ 7 ਸਵਾਲ ਆਪ ਜੀ ਨੂੰ ਲਿਖ ਕੇ ਭੇਜੇ ਜਾ ਰਹੇ ਹਨ ਅਤੇ ਬੇਨਤੀ ਕੀਤੀ ਜਾਂਦੀ ਹੈ ਕਿ ਪੁੱਛੇ ਗਏ ਸਵਾਲਾਂ ਦੇ ਪੈਰਾ ਵਾਈਜ਼ ਜਵਾਬ ਦਿੱਤੇ ਜਾਣ ਜੀ ਅਤੇ ਭੇਜੀ ਗਈ ਮੇਲ ਦੇ ਨਾਲ ਉਸ ਵਿੱਚ ਵਰਤਿਆ ਗਿਆ ਫੋਂਟ ਵੀ ਭੇਜਿਆ ਜਾਵੇ ਤਾਂ ਕਿ ਪੜ੍ਹਨ ਵਿੱਚ ਕੋਈ ਮੁਸ਼ਕਲ ਨਾ ਆਵੇ ਅਤੇ ਉਸ ਦੀ ਇੱਕ ਫਾਈਲ ਜੇ.ਪੀ.ਜੀ. ’ਚ ਵੀ ਭੇਜੀ ਜਾਵੇ ਤਾਂ ਕਿ ਕੋਈ ਇਹ ਸ਼ੱਕ ਨਾ ਕਰ ਸਕੇ ਕਿ ਭੇਜੀ ਗਈ ਮੇਲ ਵਿੱਚ ਕੋਈ ਅਦਲਾ ਬਦਲੀ ਕੀਤੀ ਗਈ ਹੈ।

ÇÕðêÅñ ÇçØ, ìÇá§âÅÍ

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>