ਦੱਖਣੀ ਏਸ਼ੀਆ ਦੇ ਅਮੀਰ ਵਿਰਸੇ ਨੂੰ ਵਿਸ਼ਵ ਵਿੱਚ ਪ੍ਰਸਾਰਨਾ ਵੀ ਪੰਜਾਬੀਅਤ ਦੀ ਸੇਵਾ ਹੈ-ਡਾ: ਕੰਗ

ਲੁਧਿਆਣਾ : – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਅੱਜ ਇਥੇ ਕੈਨੇਡਾ ਦੇ ਸ਼ਹਿਰ ਟੋਰਾਂਟੋ ਤੋਂ ਆਏ ਅੰਗਰੇਜ਼ੀ ਅਤੇ ਪੰਜਾਬੀ ਲੇਖਕ ਸ: ਤਰਲੋਚਨ ਸਿੰਘ ਗਿੱਲ ਦੀ ਅੰਗਰੇਜ਼ੀ ਵਿੱਚ ਛਪੀ ਪੁਸਤਕ ਸਾਊਥ ਏਸ਼ੀਆ ਹਿਸਟਰੀ ਮਿਸਟਰੀ ਐਂਡ ਪੋਲੇਟਿਕਸ ਨੂੰ ਰਿਲੀਜ਼ ਕਰਦਿਆਂ ਕਿਹਾ ਹੈ ਕਿ ਦੱਖਣੀ ਏਸ਼ੀਆ ਦੇ ਸਰਬ ਸਾਂਝੇ ਇਤਿਹਾਸ ਨੂੰ ਵਿਸ਼ਵ ਵਿੱਚ ਪ੍ਰਸਾਰਨਾ ਵੀ ਪੰਜਾਬੀਅਤ ਦੀ ਹੀ ਸੇਵਾ ਹੈ ਕਿਉਂਕਿ ਇਸ ਵਿੱਚ ਰਹਿੰਦੇ ਲੋਕਾਂ ਦਾ ਮਾਣ ਮੱਤਾ ਵਿਰਸਾ ਪੰਜਾਬ ਵਿੱਚ ਵਿਕਸਤ ਹੋਈ ਸਭਿਅਤਾ ਤੇ ਹੀ ਅਧਾਰਿਤ ਹੈ। ਉਨ੍ਹਾਂ ਆਖਿਆ ਕਿ ਸ: ਤਰਲੋਚਨ ਸਿੰਘ ਗਿੱਲ ਨੇ ਆਪਣੀ ਉਸਾਰੂ ਸੋਚ ਅਤੇ ਸੰਵੇਦਨਸ਼ੀਲ ਕਲਮ ਰਾਹੀਂ ਇਸ ਧਰਤੀ ਦੇ ਇਤਿਹਾਸ, ਮਿਥਹਾਸ ਤੋਂ ਇਲਾਵਾ ਸਰਬ ਸਮਿਆਂ ਦੇ ਨਾਲ ਤੁਰਦੇ ਤੁਰਦੇ ਇਤਿਹਾਸ ਦਾ ਵੀ ਜਿਕਰ ਕੀਤਾ ਹੈ। ਸਿੰਧ ਘਾਟੀ ਦੀ ਸਭਿਅਤਾ ਤੋਂ ਤੁਰ ਕੇ ਅਜੋਕੇ ਹਾਲਾਤ ਤੀਕ ਫੈਲੀ ਇਸ ਕਿਤਾਬ ਵਿਚੋਂ ਸਾਨੂੰ ਇੰਡੋ ਆਰੀਅਨ ਅਤੇ ਵੈਦਿਕ ਸਭਿਆਚਾਰਕ ਦੇ ਵੀ ਦਰਸ਼ਨ ਹੁੰਦੇ ਹਨ। ਜੈਨ ਮੱਤ, ਬੁੱਧ ਮੱਤ, ਪੋਰਸ ਅਤੇ ਸਿਕੰਦਰ ਦੇ ਆਪਸੀ ਟਕਰਾਓ, ਮੌਰੀਆ ਰਾਜ, ਕੁਸ਼ਾਨ ਅਤੇ ਗੁਪਤਾ ਕਾਲ ਤੋਂ ਬਾਅਦ ਮੁਗਲ, ਰਾਜਪੂਤ, ਸਿੱਖ ਅਤੇ ਮਰਾਠਿਆਂ ਦਾ ਇਤਿਹਾਸ ਵੀ ਪੇਸ਼ ਕੀਤਾ ਹੈ। ਡਾ: ਕੰਗ ਨੇ ਆਖਿਆ ਕਿ 1857 ਤੋਂ ਬਾਅਦ ਵਾਲੇ ਦੱਖਣੀ ਏਸ਼ੀਆ ਦੀਆਂ ਰਾਜਨੀਤਕ, ਸਮਾਜਿਕ  ਅਤੇ ਰਾਜਨੀਤਕ ਲਹਿਰਾਂ ਦਾ ਪ੍ਰਗਟਾਵਾ ਵੀ ਇਸ ਕਿਤਾਬ ਵਿੱਚ ਬਾਖੂਬੀ ਕੀਤਾ ਗਿਆ ਹੈ।

ਯੂਨੀਵਰਸਿਟੀ ਦੇ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਵੱਲੋਂ ਇਸ ਪੁਸਤਕ ਦੇ ਲੇਖਕ ਸ: ਤਰਲੋਚਨ ਸਿੰਘ ਗਿੱਲ ਬਾਰੇ ਜਾਣਕਾਰੀ ਦਿੰਦਿਆਂ ਚੰਗੀ ਖੇਤੀ ਦੇ ਸੰਪਾਦਕ ਗੁਰਭਜਨ ਗਿੱਲ ਨੇ ਕਿਹਾ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਫਤਿਹਗੜ੍ਹ ਕੋਰੋਟਾਣਾ ਦੇ 1935 ਦੇ ਜੰਮਪਲ ਇਸ ਲੇਖਕ ਨੇ ਕੁਝ ਸਮਾਂ ਡੀ ਐਮ ਕਾਲਜ ਮੋਗਾ ਵਿੱਚ ਅਰਥ ਸਾਸ਼ਤਰ ਦੀ ਪੜ੍ਹਾਈ ਵੀ ਕਰਾਈ ਹੈ ਅਤੇ ਪਿਛਲੇ 40 ਸਾਲ ਤੋਂ ਕੈਨੇਡਾ ਦੀ ਧਰਤੀ ਤੇ ਵਸਦਿਆਂ ਉਥੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਬੁਦ ਕੀਤਾ ਹੈ।

ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਅੰਗਰੇਜ਼ੀ, ਪੰਜਾਬੀ, ਉਰਦੂ ਅਤੇ ਹਿੰਦੀ ਵਿੱਚ 50 ਤੋਂ ਵੱਧ ਪੁਸਤਕਾਂ ਦੇ ਲੇਖਕ ਸ: ਤਰਲੋਚਨ ਸਿੰਘ ਗਿੱਲ ਇਨੀਂ ਦਿਨੀਂ ਪੰਜਾਬ ਦੌਰੇ ਤੇ ਆਏ ਹੋਏ ਹਨ ਅਤੇ ਉਨ੍ਹਾਂ ਦੀ ਇਹ ਪੁਸਤਕ ਪਿਛਲੇ 50 ਸਾਲਾਂ ਦੇ ਅਧਿਐਨ ਦਾ ਨਤੀਜਾ ਹੈ। ਉਨ੍ਹਾਂ ਆਖਿਆ ਕਿ ਇਸ ਪੁਸਤਕ ਦਾ ਪੰਜਾਬੀ ਅਨੁਵਾਦ ਵੀ ਪ੍ਰਕਾਸ਼ਤ ਹੋਣਾ ਚਾਹੀਦਾ ਹੈ ਕਿਉਂਕਿ ਇਹ ਪੁਸਤਕ ਬਹੁਤ  ਵੱਡੇ ਕੈਨਵਸ ਤੇ ਸਾਡੇ ਲਗਪਗ ਇਕ ਹਜ਼ਾਰ ਸਾਲ ਦੇ ਇਤਿਹਾਸ ਦੀ ਪੇਸ਼ਕਾਰੀ ਕਰਦੀ ਹੈ।

ਧੰਨਵਾਦ ਦੇ ਸ਼ਬਦ ਬੋਲਦਿਆਂ ਸ: ਤਰਲੋਚਨ ਸਿੰਘ ਗਿੱਲ ਨੇ ਆਖਿਆ ਕਿ ਡਾ: ਮਹਿੰਦਰ ਸਿੰਘ ਰੰਧਾਵਾ ਦੀ ਯੂਨੀਵਰਸਿਟੀ ਅੰਦਰ ਅੱਜ ਵੀ ਮੈਨੂੰ ਸ਼ਬਦ ਸਾਧਨਾ ਦਾ ਹੁੰਦਾ ਸਤਿਕਾਰ ਵੇਖ ਕੇ ਬੜੀ ਖੁਸ਼ੀ ਹੋਈ ਹੈ ਅਤੇ ਇਥੇ ਆ ਕੇ ਮੈਨੂੰ ਹਮੇਸ਼ਾਂ ਵੱਖਰੀ ਕਿਸਮ ਦਾ ਸਕੂਨ ਮਿਲਦਾ ਹੈ। ਉਨ੍ਹਾਂ ਆਖਿਆ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬ ਪੇਕਿਆਂ ਵਾਂਗ ਹੈ ਅਤੇ ਜਿਵੇਂ ਹਰ ਔਰਤ ਪੇਕਿਆਂ ਵੱਲ ਕਿਸੇ ਆਸ ਨਾਲ ਵੇਖਦੀ ਹੈ ਉਵੇਂ ਹੀ ਅਸੀਂ ਪ੍ਰਵਾਸੀ ਆਪਣੇ ਪੰਜਾਬ ਤੋਂ ਸਿਰਫ ਮੁਹੱਬਤ ਹੀ ਮੰਗਦੇ ਹਾਂ। ਉਨ੍ਹਾਂ ਆਖਿਆ ਕਿ ਵਿਸ਼ਵ ਦ੍ਰਿਸ਼ਟੀ ਵਾਲੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਦੀ ਸਾਹਿਤ ਪ੍ਰਤੀ ਲਗਨ ਯਕੀਨਨ ਉਨ੍ਹਾਂ ਨੂੰ ਸਰਬਪੱਖੀ ਸੰਪੂਰਨ ਸਖਸ਼ੀਅਤ ਦੇ ਰੂਪ ਵਿੱਚ ਪੇਸ਼ ਕਰਦੀ ਹੈ। ਇਸੇ ਵਿੱਚ ਹੀ ਪੰਜਾਬ ਦਾ ਭਲਾ ਹੈ। ਇਸ ਮੌਕੇ ਪੁਸਤਕ ਦੇ ਪ੍ਰਕਾਸ਼ਕ ਸ: ਪੁਰਦਮਨ ਸਿੰਘ ਬੇਦੀ ਅਤੇ ਵਾਈਸ ਚਾਂਸਲਰ ਦੇ ਤਕਨੀਕੀ ਸਲਾਹਕਾਰ ਡਾ: ਪ੍ਰਿਤਪਾਲ ਸਿੰਘ ਲੁਬਾਣਾ ਨੇ ਵੀ ਸੁਯੋਗ ਲੇਖਕ ਨੂੰ ਮੁਬਾਰਕਬਾਦ ਦਿੱਤੀ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>