ਪੰਜਾਬੀ ਫਿਲਮ ਲੱਗਦੈ ਇਸ਼ਕ ਹੋ ਗਿਆ ਦੀ ਟੀਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੌਰੇ ਤੇ ਆਈ

ਲੁਧਿਆਣਾ: – ਕੌਮੀ ਪੁਰਸਕਾਰ ਵਿਜੇਤਾ ਫਿਲਮ ਬਾਗੀ ਦੇ ਨਿਰਦੇਸ਼ਕ ਸੁਖਮਿੰਦਰ ਧੰਜਲ ਵੱਲੋਂ ਨਿਰਦੇਸ਼ਤ ਨਵੀਂ ਪੰਜਾਬੀ ਫੀਚਰ ਫਿਲਮ ‘ਲੱਗਦੈ ਇਸ਼ਕ ਹੋ ਗਿਆ’ ਦੀ ਟੀਮ ਨੇ ਅੱਜ ਫਿਲਮ ਅਭਿਨੇਤਾ ਸਰਦਾਰ ਸੋਹੀ ਦੀ ਅਗਵਾਈ ਹੇਠ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ । ਇਸ ਫਿਲਮ ਦਾ ਪੂਰਾ ਯੂਨਿਟ 28 ਅਪ੍ਰੈਲ ਨੂੰ ਸ਼ਾਮ 6.00 ਵਜੇ ਯੂਨੀਵਰਸਿਟੀ ਦੇ ਓਪਨ ਏਅਰ ਥੀਏਟਰ ਵਿੱਚ ਆਪਣਾ ਪ੍ਰਮੋਸ਼ਨਲ ਸ਼ੋਅ ਇਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਆਯੋਜਿਤ ਕਰ ਰਿਹਾ ਹੈ। ਯੂਨੀਵਰਸਿਟੀ ਦੇ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਵਿੱਚ ਗੱਲਬਾਤ ਕਰਦਿਆਂ ਇਸ ਫਿਲਮ ਦੇ ਨਿਰਦੇਸ਼ਕ ਸੁਖਮਿੰਦਰ ਧੰਜਲ ਨੇ ਦੱਸਿਆ ਕਿ ਇਸ ਫਿਲਮ ਦਾ ਹੀਰੋ ਰੌਸ਼ਨ ਪ੍ਰਿੰਸ ਲਿਆ ਗਿਆ ਹੈ ਜੋ ਪਹਿਲੇ ਆਵਾਜ਼ ਪੰਜਾਬ ਦੀ ਮੁਕਾਬਲੇ ਦਾ ਜੇਤੂ ਗਾਇਕ ਹੈ। ਉਸ ਨਾਲ ਹਿੰਦੀ ਫਿਲਮਾਂ ਦੀ ਪੰਜਾਬਣ ਅਭਿਨੇਤਰੀ ਸ਼ਵੇਤਾ ਨੂੰ ਲਿਆ ਗਿਆ ਹੈ। ਇਸ ਫਿਲਮ ਵਿੱਚ ਰੰਗ ਮੰਚ ਦੀ ਸੁਘੜ ਅਭਿਨੇਤਰੀ ਅਨੀਤਾ ਸ਼ਬਦੀਸ਼, ਸ਼ਰਨਪ੍ਰੀਤ, ਕਾਮੇਡੀ ਕਲਾਕਾਰ ਰਾਣਾ ਰਣਬੀਰ, ਬਿਨੂ ਢਿੱਲੋਂ, ਉਪਾਸਨਾ ਸਿੰਘ, ਗੁਰਪ੍ਰੀਤ ਘੁੱਗੀ ਅਤੇ ਵਿਵੇਕ ਸ਼ੌਕ ਤੋਂ ਇਲਾਵਾ ਸਰਦਾਰ ਸੋਹੀ ਨੂੰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਫਿਲਮ ਵਿੱਚ ਹਰਪਾਲ ਟਿਵਾਣਾ ਦੇ ਸਾਥੀ ਰਹੇ ਕਲਾਕਾਰ ਡਾ: ਦਰਸ਼ਨ ਬੜੀ, ਸਭਿਆਚਾਰਕ ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ, ਸੁਰਿੰਦਰ ਫਰਿਸ਼ਤਾ ਅਤੇ ਵਿਜੇ ਟੰਡਨ ਨੂੰ ਵੀ ਲਿਆ ਗਿਆ ਹੈ। ਯੂਨਾਈਟਿਡ ਪ੍ਰੋਡਕਸ਼ਨ ਵੱਲੋਂ ਪੇਸ਼ ਇਸ ਫਿਲਮ ਨੂੰ ਸੁਖਮਿੰਦਰ ਧੰਜਲ ਨੇ ਹੀ ਲਿਖਿਆ ਹੈ।

ਇਸ ਫਿਲਮ ਦਾ ਜਾਣਕਾਰੀ ਬਰੋਸ਼ਰ ਰਿਲੀਜ਼ ਕਰਦਿਆਂ  ਪ੍ਰਸਿੱਧ ਲੋਕ ਗਾਇਕ ਸੁਰਿੰਦਰ ਛਿੰਦਾ ਅਤੇ ਡਾ: ਜਸਵਿੰਦਰ ਭੱਲਾ ਨੇ ਕਿਹਾ ਕਿ ਨਿਰੋਲ ਪੰਜਾਬੀ ਮੁਹਾਵਰੇ ਵਾਲੀਆਂ ਪੰਜਾਬੀ ਫਿਲਮਾਂ ਦੇ ਨਿਰਦੇਸ਼ਕ ਸੁਖਮਿੰਦਰ ਧੰਜਲ ਨੇ ਪੰਜਾਬ ਸਿਨੇਮੇ ਨੂੰ ਕੌਮੀ ਪਛਾਣ ਦਿੱਤੀ ਹੈ ਅਤੇ ਨੈਸ਼ਨਲ ਐਵਾਰਡ ਜਿੱਤ ਕੇ ਸਾਡਾ ਸਭ ਦਾ ਸਨਮਾਨ ਵਧਾਇਆ ਹੈ। ਉਨ੍ਹਾਂ ਆਖਿਆ ਕਿ ਰੌਸ਼ਨ ਪ੍ਰਿੰਸ ਵਰਗੇ ਹੀਰੋ ਪੰਜਾਬੀ ਫਿਲਮ ਦੀ ਖੁਸ਼ਕਿਸਮਤੀ ਹਨ ਕਿਉਂਕਿ ਉਹ ਸੰਗੀਤ ਪੱਖੋਂ ਵੀ ਸਿੱਖਿਅਤ ਗਵਈਆ ਹੈ ਅਤੇ ਸੂਰਤ ਪੱਖੋਂ ਵੀ ਕਿਸੇ ਹਿੰਦੀ ਫਿਲਮ ਦੇ ਹੀਰੋ ਨਾਲੋਂ ਘੱਟ ਨਹੀਂ ਹੈ।

ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਨੇ ਫਿਲਮ ਟੀਮ ਦੇ ਆਗੂ ਸਰਦਾਰ ਸੋਹੀ ਅਤੇ ਨਿਰਦੇਸ਼ਕ ਸਖਮਿੰਦਰ ਧੰਜਲ ਨੂੰ ਸੁਝਾਅ ਦਿੱਤਾ ਕਿ ਉਹ ਅਗਲੀਆਂ ਫਿਲਮਾਂ ਵਿੱਚ ਪੰਜਾਬ ਦੀ ਕਿਸਾਨੀ ਦੇ ਵੱਖ-ਵੱਖ ਮਸਲਿਆਂ ਨੂੰ ਵੀ ਫਿਲਮਾਂ ਦਾ ਵਿਸ਼ਾ  ਬਣਾਉਣ ਤਾਂ ਜੋ ਦਿਨੋ ਦਿਨ ਆਰਥਿਕ ਤੌਰ ਤੇ ਕਮਜ਼ੋਰ ਹੋ ਰਹੀ ਕਿਸਾਨੀ ਨੂੰ ਗਿਆਨ ਵਿਗਿਆਨ ਦੇ ਸਹਾਰੇ ਪੱਕੇ ਪੈਰੀਂ ਕੀਤਾ ਜਾ ਸਕੇ। ਇਸ ਸੰਬੰਧ ਵਿੱਚ ਤਕਨੀਕੀ ਅਗਵਾਈ ਦੇਣ ਲਈ ਸਾਡਾ ਕੇਂਦਰ ਹਮੇਸ਼ਾਂ ਤਿਆਰ ਹੈ। ਉਨ੍ਹਾਂ ਆਖਿਆ ਕਿ ਮਨੋਰੰਜਨ ਵੀ ਤਾਂ ਹੀ ਚੰਗਾ ਲਗਦਾ ਹੈ ਜੇਕਰ ਆਰਥਿਕਤਾ ਮਜ਼ਬੂਤ ਹੋਵੇ। ਪਸਾਰ ਸਿੱਖਿਆ ਵਿਭਾਗ ਦੇ ਪ੍ਰੋਫੈਸਰ ਅਤੇ ਪ੍ਰਸਿੱਧ ਹਾਸਰਸ ਅਭਿਨੇਤਾ ਡਾ: ਜਸਵਿੰਦਰ ਭੱਲਾ ਨੇ ਇਸ ਫਿਲਮ ਦੀ ਕਾਮਯਾਬੀ ਲਈ ਕਾਮਨਾ ਕਰਦਿਆਂ ਕਿਹਾ ਕਿ ਇਸ ਟੀਮ ਵੱਲੋਂ ਕਿਸੇ ਵੀ ਅਗਲੀ ਪ੍ਰੋਡਕਸ਼ਨ ਨਾਲ ਉਹ ਆਪਣੇ ਆਪ ਨੂੰ ਜੋੜਨਾ ਸੁਭਾਗ ਸਮਝਣਗੇ। ਚੰਗੀ ਖੇਤੀ ਦੇ ਸੰਪਾਦਕ ਗੁਰਭਜਨ ਗਿੱਲ ਅਤੇ ਡਿਪਟੀ ਡਇਰੈਕਟਰ ਲੋਕ ਸੰਪਰਕ ਡਾ: ਨਿਰਮਲ ਜੌੜਾ ਨੇ ਵੀ ਇਸ ਮੌਕੇ ਫਿਲਮ ਟੀਮ ਨੂੰ ਸਹਿਯੋਗ ਦਾ ਵਿਸ਼ਵਾਸ਼ ਦੁਆਇਆ। ਇਸ ਮੌਕੇ ਪ੍ਰੋ: ਮੋਹਨ ਸਿੰਘ ਫਾਉਡੇਸ਼ਨ ਦੇ ਪ੍ਰਧਾਨ ਸ: ਪ੍ਰਗਟ ਸਿੰਘ ਗਰੇਵਾਲ ਨੇ ਫਿਲਮ ਨਿਰਦੇਸ਼ਕ ਅਤੇ ਅਦਾਕਾਰ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਧਰਤੀ ਦੇ ਹੁਸਨ ਇਸ਼ਕ ਨੂੰ ਹੀ ਨਹੀਂ ਸਗੋਂ ਇਸ ਦੇ ਹੰਝੂਆਂ ਨਾਲ ਵੀ ਸਾਂਝ ਪਾਉਣ ਅਤੇ ਪੰਜਾਬੀਆਂ ਦੇ ਸਾਂਝੇ ਦੁਸ਼ਮਣ ਨਸ਼ਾਖੋਰੀ, ਭਰੂਣ ਹੱਤਿਆ, ਸ਼ਰੀਕਾ ਭਾਵਨਾ ਦੇ ਖਿਲਾਫ ਮਾਹੌਲ ਉਸਾਰਨ ਵਿੱਚ ਫਿਲਮਾਂ ਰਾਹੀਂ ਯੋਗਦਾਨ ਪਾਉਣ। ਸਭਿਆਚਾਰਕ ਸੱਥ ਪੰਜਾਬ ਦੇ ਚੇਅਰਮੈਨ ਸ: ਜਸਮੇਰ ਸਿੰਘ ਢੱਟ ਨੇ ਇਸ ਫਿਲਮ ਦੀ ਕਾਮਯਾਬੀ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ਼ ਦੁਆਇਆ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>