ਡੂੰਮ ਮਰਾਸੀ ਵਿੱਚ ਕੋਈ ਫਰਕ ਨਹੀਂ- ਸਰਦੂਲ ਸਿੰਕਦਰ

ਪਟਿਆਲਾ – ਵਿਸ਼ਵ ਭਾਈ ਮਰਦਾਨਾ ਜੀ ਵੈਲਫੇਅਰ ਸੋਸਾਇਟੀ (ਰਜਿ:) ਪੰਜਾਬ ਵੱਲੋਂ ਪਟਿਆਲਾ ਇਕਾਈ ਦੇ ਪ੍ਰਧਾਨ ਜਨਾਬ ਸ਼ੌਕਤ ਅਲੀ ਦੀਵਾਨਾ ਵੱਲੋਂ ਸੋਸਾਇਟੀ ਦੇ ਸੂਬਾ ਪ੍ਰਧਾਨ ਅਤੇ ਉਘੇ ਪੰਜਾਬੀ ਲੋਕ ਗਾਇਕ ਜਨਾਬ ਸਰਦੂਲ ਸਿੰਕਦਰ ਦੀ ਪ੍ਰਧਾਨਗੀ ਹੇਠ ਸਥਾਨਕ ਅਰੋੜਾ ਪੈਲੇਸ ਵਿਖੇ ਭਾਈ ਮਰਦਾਨਾ ਜੀ ਨਾਲ ਸਬੰਧਤ ਭਾਈਚਾਰੇ ਦੀ ਵਿਸ਼ਾਲ ਇਕੱਤਰਤਾ ਹੋਈ। ਇਸ ਨੂੰ ਸੰਬੋਧਨ ਕਰਦਿਆਂ ਜਨਾਬ ਸਰਦੂਲ ਸਿੰਕਦਰ ਨੇ ਕਿਹਾ ਕਿ ਬੀਤੇ ਦਿਨੀਂ ਐਸ.ਸੀ. ਕਮਿਸ਼ਨ ਦੇ ਮੈਂਬਰ ਸ. ਦਲੀਪ ਸਿੰਘ ਪਾਂਧੀ ਵੱਲੋਂ ਦਿੱਤਾ ਗਿਆ ਬਿਆਨ ਤੱਥਾਂ ਤੇ ਅਧਾਰਿਤ ਨਹੀਂ ਹੈ ਜਦੋਂ ਕਿ ਸਚਾਈ ਇਹ ਹੈ ਕਿ ਡੂੰਮ ਅਤੇ ਮਰਾਸੀ ਇੱਕੋ ਹੀ ਜਾਤੀ ਦੇ ਹਨ, ਜਿਸ ਦੇ ਸਬੂਤ ਮਰਾਸੀਆਂ ਦਾ ਪਿਛੋਕੜ, ਭਾਈ ਮਰਦਾਨਾ ਅਤੇ ਪੁਰਾਣੀ ਸਾਖੀ ਭਾਈ ਮਰਦਾਨਾ ਜੀ ਅਤੇ ਬਾਲਾ ਜੀ ਤੋਂ ਮਿਲਦੇ ਹਨ। ਉਹਨਾਂ ਹੋਰ ਕਿਹਾ ਕਿ ਪਿਛਲੇ 60 ਸਾਲਾਂ ਤੋਂ ਇਸ ਭਾਈਚਾਰੇ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪਣੇ ਰਾਜਸੀ ਮਨੋਰਥਾਂ ਦੀ ਪੂਰਤੀ ਲਈ ਤਾਂ ਵਰਤਿਆ ਹੈ ਪ੍ਰੰਤੂ ਇਸ ਭਾਈਚਾਰੇ ਦੇ ਬਣਦੇ ਹੱਕਾਂ ਬਾਰੇ ਕਿਸੇ ਨੇ ਕੁੱਝ ਵੀ ਨਹੀਂ ਕੀਤਾ। ਜੇਕਰ ਇਸ ਬਰਾਦਰੀ ਨਾਲ ਇਸੇ ਤਰ੍ਹਾਂ ਧੱਕਾ ਚਲਦਾ ਰਿਹਾ ਤਾਂ ਸਮੂਹ ਭਾਈਚਾਰਾ ਇਹ ਸੰਘਰਸ਼ ਹੋਰ ਤੇਜ ਕਰਕੇ ਸੜਕਾਂ ਤੇ ਉਤਰਨ ਲਈ ਮਜਬੂਰ ਹੋਵੇਗਾ ਜਿਸ ਦੀ ਜਿੰਮੇਵਾਰੀ ਪੂਰੀ ਤਰ੍ਹਾਂ ਮੌਜੂਦਾ ਪੰਜਾਬ ਸਰਕਾਰ ਦੀ ਹੋਵੇਗੀ। ਉਹਨਾਂ ਇਹ ਵੀ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸਮੁੱਚਾ ਭਾਈਚਾਰਾ ਇਸ ਦਾ ਵਿਰੋਧ ਕਰੇਗਾ ਅਤੇ ਸਰਕਾਰ ਦੇ ਉਲਟ ਵੀ ਭੁਗਤ ਸਕਦਾ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਵੋਟ ਦੇਣ ਦਾ ਹੱਕ ਰੱਖਦੇ ਹਾਂ ਤਾਂ ਸਾਨੂੰ ਸਾਡੇ ਹੱਕ ਮਿਲਣੇ ਚਾਹੀਦੇ ਹਨ।

ਇਸ ਮੌਕੇ ਉਘੇ ਲੋਕ ਗਾਇਕ ਜਨਾਬ ਮੁਹੰਮਦ ਸਦੀਕ ਨੇ ਸਰਕਾਰ ਵੱਲੋਂ ਡੂੰਮ ਜਾਤੀ ਦੇ ਅਨੁਸੂਚਿਤ ਜਾਤੀਆਂ ਦੇ ਸਰਟੀਫਿਕੇਟ ਰੱਦ ਕਰਨ ਅਤੇ ਇਹਨਾਂ ਸਰਟੀਫਿਕੇਟ ਧਾਰਕਾਂ ਵਿਰੁੱਧ ਫੌਜਦਾਰੀ ਮੁਕੱਦਮੇ ਸਬੰਧੀ ਦਿੱਤੇ ਬਿਆਨ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਰਿਕਾਰਡ ਅਨੁਸਾਰ ਡੂੰਮ ਮਰਾਸੀ ਇੱਕ ਹੀ ਬਰਾਦਰੀ ਹੈ ਜਿਸ ਦੀ ਮਿਸਾਲ ਭਾਈ ਮਰਦਾਨਾ ਜੀ ਦੇ ਪਿਛੋਕੜ ਦਾ ਇਤਿਹਾਸ ਪੜ੍ਹਨ ਤੋਂ ਮਿਲਦੀ ਹੈ। ਇਸ ਮੌਕੇ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਜਨਾਬ ਸ਼ੌਕਤ ਅਲੀ ਦੀਵਾਨਾ ਨੇ ਕਿਹਾ ਕਿ ਅੱਜ ਦਾ ਇਹ ਠਾਠਾ ਮਾਰਦਾ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਡੂੰਮ ਮਰਾਸੀ ਵਿੱਚ ਕੋਈ ਫਰਕ ਨਹੀਂ ਹੈ। ਇਸ ਲਈ ਮੌਜੂਦਾ ਪੰਜਾਬ ਸਰਕਾਰ ਨੂੰ ਇਸ ਜਾਤੀ ਦੇ ਬਣਾਏ ਗਏ ਅਨੁਸੂਚਿਤ ਜਾਤੀ ਸਰਟੀਫਿਕੇਟ ਰੱਦ ਨਹੀਂ ਕਰਨੇ ਚਾਹੀਦੇ ਅਤੇ ਰੋਕੇ ਗਏ ਸਰਟੀਫਿਕੇਟ ਤੁਰੰਤ ਜਾਰੀ ਕੀਤੇ ਜਾਣੇ ਚਾਹੀਦੇ ਹਨ, ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਤਕਰੀਬਨ 7-8 ਲੱਖ ਦੀ ਗਿਣਤੀ ਵਾਲਾ ਇਹ ਭਾਈਚਾਰਾ ਮੌਜੂਦਾ ਪੰਜਾਬ ਸਰਕਾਰ ਦੇ ਵਿਰੁੱਧ ਵੋਟ ਪਾਉਣ ਲਈ ਮਜਬੂਰ ਹੋਵੇਗਾ। ਉਹਨਾਂ ਕਿਹਾ ਕਿ ਸਾਡੀ 60 ਸਾਲਾਂ ਦੀ ਚੁੱਪ ਨੂੰ ਸਾਡੀ ਕਮਜੋਰੀ ਨਾ ਸਮਝਿਆ ਜਾਵੇ ਅਤੇ ਸਾਡੇ ਬਣਦੇ ਹੱਕ ਸਾਨੂੰ ਦਿੱਤੇ ਜਾਣ। ਇਸ ਮੌਕੇ ਵੱਡੀ ਗਿਣਤੀ ਵਿੱਚ ਨੌਜਵਾਨਾਂ, ਬਜ਼ੁਰਗਾਂ ਅਤੇ ਵਿਸ਼ੇਸ਼ ਕਰਕੇ ਔਰਤਾਂ ਨੇ ਸ਼ਮੂਲੀਅਤ ਕੀਤੀ। ਇਸ ਸਬੰਧ ਵਿੱਚ ਰੋਸ ਵਜੋਂ ਅੱਜ ਆਏ ਇਸ ਇੱਕਠ ਵਿੱਚ ਬਲਾਕ ਪ੍ਰਧਾਨ ਨਾਭਾ ਇਕਾਈ, ਰਾਜਪੁਰਾ ਇਕਾਈ, ਘਨੌਰ ਇਕਾਈ, ਸਮਾਣਾ ਇਕਾਈ ਅਤੇ ਪਟਿਆਲਾ ਇਕਾਈ ਨੇ ਸ਼ਮੂਲੀਅਤ ਕੀਤੀ ਅਤੇ ਅੰਤ ਵਿੱਚ ਜਨਾਬ ਸ਼ੌਕਤ ਅਲੀ ਦੀਵਾਨਾ ਨੇ ਪਹੁੰਚੇ ਸਮੁੱਚੇ ਭਾਈਚਾਰੇ ਦਾ ਧੰਨਵਾਦ ਕੀਤਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>