ਸਿੱਖ ਵੋਟਰ ਜਾਏ ਤਾਂ ਕਿਧਰ ਜਾਏ

ਹਿੰਦੁਸਤਾਨ ਦੀ ਪੰਦਰਵੀਂ ਲੋਕ ਸਭਾ ਦੀਆਂ ਚੋਣਾਂ ਦਾ ਬੁਖ਼ਾਰ ਆਪਣੀ ਚਰਮ ਸੀਮਾ ਤੇ ਹੈ। ਅਮਲੀ ਤੌਰ ਤੇ ਇਹ ਤਾਂ ਸਾਨੂੰ 61 ਸਾਲਾਂ ਵਿਚ ਸਮਝ ਆ ਹੀ ਜਾਣੀ ਚਾਹੀਦੀ ਹੈ ਕਿ ਇਹ ਦੇਸ਼ ਹਿੰਦੂਆਂ ਦਾ ਹੈ ਤੇ ਏਥੇ ਹਿੰਦੂਆਂ ਦੇ ਹਿਤਾਂ ਦਾ ਹੀ ਖਿਆਲ ਰੱਖਿਆ ਜਾਵੇਗਾ। ਅਸੀਂ ਵੀ ਤਾਂ ਚਾਹੁੰਦੇ ਹਾਂ ਕਿ ਭਾਵੇਂ ਪਤਲੀ ਜਿਹੀ ਬਹੁ ਸੰਮਤੀ ਵਾਲ਼ਾ ਹੀ ਪੰਜਾਬ ਹੈ ਪਰ ਏਥੇ ਸਿੱਖਾਂ ਦੇ ਹਿਤ ਸੁਰੱਖਿਅਤ ਰਹਿਣ; ਏਸੇ ਤਰ੍ਹਾਂ ਹਿੰਦੂ ਵੀ, ਉਹਨਾਂ ਦੀ ਭਰਵੀਂ ਬਹੁਸੰਮਤੀ ਵਾਲ਼ਾ ਦੇਸ਼ ਹੋਣ ਕਰਕੇ, ਇਹ ਸੋਚਦੇ ਹਨ ਕਿ ਇਸ ਦੇਸ਼ ਵਿਚ ਉਹਨਾਂ ਦੇ ਹਿਤਾਂ ਨੂੰ ਨੁਕਸਾਨ ਨਾ ਪਹੁੰਚੇ।

ਪੰਜ ਸੌ ਤਰਤਾਲ਼ੀ ਸੀਟਾਂ ਵਿਚੋਂ ਸ਼ਾਇਦ ਤੇਰਾਂ ਹੀ ਪੰਜਾਬ ਦੀਆਂ ਸੀਟਾਂ ਹਨ ਜਿਥੇ ਸਿੱਖ ਵੋਟਰ ਜਿੱਤ ਹਾਰ ਵਿਚ ਯੋਗਦਾਨ ਪਾ ਸਕਦਾ ਹੈ; ਜਾਂ ਫਿਰ ਕੋਈ ਇਕਾ ਦੁਕਾਂ ਪੰਜਾਬੋਂ ਬਾਹਰ ਵੀ ਹੋਣਗੀਆਂ ਜਿਥੇ ਉਹ ਅਸਰ ਅੰਦਾਜ਼ ਹੋ ਸਕਦਾ ਹੋਵੇ ਪਰ ਇਹ ਸੋਚਣਾ ਕਿ ਉਹ ਆਪਣੇ ਬਲ ਬੁਤੇ ਤੇ ਸਰਕਾਰ ਬਣਾ ਜਾਂ ਢਾਹ ਸਕਦਾ ਹੈ; ਇਹ ਝੋਟਿਆਂ ਵਾਲ਼ੇ ਘਰੋਂ ਲੱਸੀ ਭਾਲਣ ਵਰਗੀ ਹੀ ਹੁੜਕ ਹੈ। ਡੇਢ ਪੌਣੇ ਦੋ ਫ਼ੀ ਸਦੀ ਸਿੱਖਾਂ ਦੀ ਆਬਾਦੀ ਤਾਂ ਮੇਲੇ ਵਿਚ ਚੱਕੀਰਾਹ ਵਾਲ਼ੀ ਹੈਸੀਅਤ ਹੀ ਰੱਖਦੀ ਹੈ। “ਕਿਆ ਪਿੱਦੀ, ਔਰ ਕਿਆ ਪਿੱਦੀ ਕਾ ਸ਼ੋਰਬਾ!”

ਇਸ ਚੋਣ ਵਿਚ ਇਕ ਗਰੁਪ ਦੀ ਆਗੂ ਕਾਂਗਰਸ ਹੈ ਜਿਸ ਨੇ ਸਿੱਖਾਂ ਦਾ ਕਤਲਿਆਮ ਕੀਤਾ ਹੈ ਤੇ ਦੂਜੇ ਪਾਸੇ ਬੀ. ਜੇ. ਪੀ. ਹੈ ਜਿਸਨੇ ਉਂਗਲ਼ ਦੇ ਕੇ ਇਹ ਕਤਲਿਆਮ ਕਰਵਾਇਆ। ਸਿੱਖ ਕਿਸਨੂੰ ਆਪਣਾ ਮਿੱਤਰ ਸਮਝਣ! ਇਸ ਵੇਲ਼ੇ ਬਹੁਤ ਸਾਰੇ ਸਿੱਖ ਦੁਬਿਧਾ ਵਿਚ ਹਨ ਕਿ ਪਹਿਲੀ ਵਾਰ ਇਕ ਦਸਤਾਰਧਾਰੀ ਮਨੁਖ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਹੈ ਤੇ ਇਸਨੂੰ ਕਾਂਗਰਸ ਦੀ ਪ੍ਰਧਾਨ ਸ੍ਰੀ ਮਤੀ ਸੋਨੀਆ ਗਾਂਧੀ ਨੇ ਬਣਾਇਆ ਹੈ। ਇਸ ਲਈ ਸਿੱਖਾਂ ਨੂੰ, ਦੋਬਾਰਾ ਮਨਮੋਹਨ ਸਿੰਘ ਨੂੰ ਇਸ ਕੁਰਸੀ ਤੇ ਵੇਖਣ ਲਈ, ਕਾਂਗਰਸ ਨੂੰ ਵੋਟ ਪਾਉਣੀ ਚਾਹੀਦੀ ਹੈ। ਪਰਗਟ ਤੌਰ ਤੇ ਇਹ ਗੱਲ ਇਉਂ ਹੀ ਦਿਸਦੀ ਹੈ ਪਰ ਇਹ ਕੁਝ ਕਰਨ ਦੀ, ਸੋਨੀਆ ਗਾਂਧੀ ਦੀ ਮਜਬੂਰੀ ਸੀ। ਇਸ ਤੋਂ ਇਲਾਵਾ ਹੋਰ ਕੁਝ ਉਹ ਕਰਦੀ ਤਾਂ ਉਸਦੇ ਆਪਣੇ ਹਿਤ ਵਿਚ ਨਹੀ ਸੀ ਹੋਣਾ। ਜੇਕਰ ਉਹ ਆਪ ਬਣਦੀ ਤਾਂ ਕਈ ਕਾਰਨਾਂ ਕਰਕੇ ਉਸਦੀ ਸਰਕਾਰ ਚੱਲ ਨਹੀ ਸੀ ਸਕਣੀ। ਪੁੱਤਰ ਉਸਦਾ ਅਜੇ ਇਸ ਜ਼ਿਮੇਵਾਰੀ ਨੂੰ ਚੁੱਕਣ ਜੋਗਾ ਨਹੀ ਸੀ ਹੋਇਆ। ਜੇਕਰ ਉਹ ਕਿਸੇ ਟੋਪੀ ਵਾਲ਼ੇ ਨੂੰ ਇਸ ਗੱਦੀ ਉਪਰ ਬਹਾਉਂਦੀ ਤਾਂ ਕੁਝ ਹੀ ਦਿਨਾਂ ਵਿਚ ਉਸਨੇ ਇਸਨੂੰ ਅੱਖਾਂ ਵਿਖਾਉਣ ਲੱਗ ਜਾਣਾ ਸੀ। ਸ. ਮਨਮੋਹਨ ਸਿੰਘ ਤੋਂ ਇਹ ਖ਼ਤਰਾ ਨਹੀ ਹੋ ਸਕਦਾ ਕਿਉਂਕਿ ਬਾਵਜੂਦ ਹਰ ਪ੍ਰਕਾਰ ਦੀ ਯੋਗਤਾ ਦੇ ਮਾਲਕ ਹੋਣ ਤੇ ਵੀ, ਹਿੰਦੁਸਤਾਨੀ ਚੋਣ ਘੋਲ਼ ਵਿਚ ਉਹ ਆਪਣਾ ਸਥਾਨ ਨਹੀ ਬਣਾ ਸਕਦੇ। ਇਸ ਲਈ ਕਿਸੇ ਲਈ ਸਿਆਸੀ ਖ਼ਤਰਾ ਨਹੀ ਬਣ ਸਕਦੇ। ਫਿਰ ਸਿੱਖ ਹੋਣ ਕਰਕੇ ਵੀ ਉਹ ਕਦੀ ਰਾਜਸੀ ਖੇਤਰ ਵਿਚ ਕਿਸੇ ਨੂੰ ਅੱਖਾਂ ਵਿਖਾਲਣ ਦੀ ਸ਼ਕਤੀ ਦੇ ਮਾਲਕ ਨਹੀ ਹੋ ਸਕਦੇ। ਹਾਂ, ਉਹ ਸੰਸਾਰ ਦੇ ਮੰਨੇ ਹੋਏ ਅਰਥ ਸ਼ਾਸਤਰੀ ਹੋਣ ਦੇ ਨਾਲ਼ ਨਾਲ਼ ਇਕ ਬਹੁਤ ਹੀ ਕਾਬਲ ਤੇ ਸਾਊ ਪੁਰਸ਼ ਹਨ। ਇਹ ਗੱਲ ਵੀਹ ਦੇਸਾਂ ਦੇ ਆਗੂਆਂ ਦੀ ਇਕੱਤਰਤਾ ਵਿਚ ਵੀ ਉਹਨਾਂ ਨੂੰ ਸਰਬ ਸ੍ਰੇਸ਼ਟ ਪੁਰਸ਼ ਦੀ ਪਦਵੀ ਦਿਤੇ ਜਾਣ ਕਾਰਨ ਪਰਗਟ ਹੈ। ਅਜਿਹੇ ਬੇਦਾਗ, ਕਾਬਲ, ਖ਼ਤਰਾ-ਰਹਿਤ ਦਿੱਖ ਵਾਲ਼ੇ ਭਲੇ ਪੁਰਸ਼ ਨੂੰ ਗੱਦੀ ਉਪਰ ਬੈਠਾ ਕੇ, ਇਕ ਤਾਂ ਘੱਟ ਗਿਣਤੀਆਂ ਦਾ ਭਰੋਸਾ ਜਿੱਤਣ ਦਾ ਸੋਨੀਆ ਗਾਂਧੀ ਨੇ ਯਤਨ ਕੀਤਾ ਹੈ; ਦੂਜਾ ਉਸਨੇ ਕਈ ਦਲਾਂ ਦੀ ਦਲ ਦਲ ਬਣੇ ਹੋਏ ਚੂੰ ਚੂੰ ਦੇ ਮੁੱਰਬੇ ਦੀ ਸੰਭਾਲ਼ ਕਰਨ ਵਾਸਤੇ ਖ਼ੁਦ ਨੂੰ, ਰੁਟੀਨ ਦੇ ਸਰਕਾਰੀ ਕੰਮਾਂ ਤੋਂ ਖਾਲੀ ਰੱਖ ਲਿਆ। ਰੋਜਾਨਾ ਦਾ ਸਰਕਾਰੀ ਕਾਰਜ ਉਸਦੀਆਂ ਹਿਦਾਇਤਾਂ ਮੁਤਾਬਿਕ ਸਰਦਾਰ ਜੀ ਚਲਾਈ ਗਏ ਤੇ ਰਾਜਸੀ ਸਵਾਰਥੀ ਲੀਡਰਾਂ ਨਾਲ਼ ਉਹ ਨਜਿਠ ਲੈਂਦੀ ਰਹੀ। ਇਸ ਤਰ੍ਹਾਂ ‘ਤਿਆਗ ਮੂਰਤੀ’ ਦਾ ਖ਼ਿਤਾਬ ਵੀ ਹਾਸਲ ਕਰ ਲਿਆ ਤੇ ਅਮਲੀ ਤੌਰ ਤੇ ‘ਸੁਪਰ ਪ੍ਰਧਾਨ ਮੰਤਰੀ’ ਵੀ ਬਣੀ ਹੋਈ ਹੈ। ਸਰਦਾਰ ਜੀ ਦੀ ਸਖ਼ਸੀਅਤ ਤੇ ਸੋਨੀਆ ਗਾਂਧੀ ਦੀ ਆਪਣੀ ਪੋਲੀਟੀਕਲ ‘ਤਿਕੜਮਬਾਜੀ’ ਨਾਲ਼ ਇਹ ਸਰਕਾਰ ਆਪਣਾ ਪੂਰਾ ਸਮਾ ਕਢ ਗਈ ਜਿਸਦੀ ਕਿ ਆਸ ਨਹੀ ਸੀ। ਫਿਰ ਇਹ ਇਕ ਹੋਰ ਪਹਿਲੂ ਵੀ ਨਿਗੂਣਾ ਨਹੀ ਹੈ ਕਿ ਇਕ ਸਿੱਖ ਨੂੰ ਪ੍ਰਧਾਨ ਮੰਤਰੀ ਥਾਪ ਕੇ ਖ਼ੁਦ ਨੂੰ ਸਿਖਾਂ ਦੀ ਹਮਦਰਦ ਦਰਸਾਉਣ ਦਾ ਉਸਨੇ ਯਤਨ ਕੀਤਾ ਜਿਸ ਵਿਚ ਉਹ ਖਾਸੀ ਹੱਦ ਤੱਕ ਕਾਮਯਾਬ ਵੀ ਹੋਈ ਹੈ। ਇਸਦਾ ਪ੍ਰਤੱਖ ਸਬੂਤ ਇਸ ਸਮੇ ਸਿੱਖ ਵੋਟਰ ਦਾ ਦੁਬਿਧਾ ਵਿਚ ਹੋਣਾ ਹੈ।

ਇਕ ਪਾਸੇ ਦੀ ਦਿਲਚਸਪ ਗੱਲ਼: ਇਕ ਸਿੱਖ ਸਰੂਪ ਵਾਲ਼ਾ ਨਾਸਤਕ ਵਿਅਕਤੀ, ਕਾਮਰੇਡ ਹਰਿਕਿਸ਼ਨ ਸਿੰਘ ਸੁਰਜੀਤ, ਆਪਣੇ 62 ਮੈਬਰਾਂ ਦਾ ਸਮੱਰਥਨ, ਇਕ ਯੂਰਪ ਵਿਚ ਪੈਦਾ ਹੋਈ ਇਸਾਇਣ ਨੂੰ ਪ੍ਰਧਾਨ ਮੰਤਰੀ ਬਣਨ ਲਈ ਦਿੰਦਾ ਹੈ ਜਿਸਦੀ ਸ਼ਕਤੀ ਨਾਲ਼ ਉਹ ਇਸਾਇਣ ਅੱਗੋਂ ਇਕ ਸਿੱਖ ਨੂੰ ਪ੍ਰਧਾਨ ਮੰਤਰੀ ਥਾਪਦੀ ਹੈ ਤੇ ਇਹ ਰਸਮ ਇਕ ਮੁਸਲਮਾਨ ਰਾਸ਼ਟਰਪਤੀ ਦੇ ਹੱਥੋਂ ਸਿਰੇ ਚੜ੍ਹਦੀ ਹੈ। ਇਹ ਮੌਕਾ ਮੇਲ ਤਾਂ ਸੋਹਣਾ ਹੈ ਹਿੰਦੁਸਤਾਨ ਨੂੰ ਧਰਮ ਨਿਰਪੱਖ ਦੇਸ਼ ਦਰਸਾਉਣ ਦਾ! ਰੱਬ ਕਰੇ ਕਿਤੇ ਸਹੀ ਅਰਥਾਂ ਵਿਚ ਵੀ ਇਉਂ ਹੋ ਸਕੇ!

ਮੌਜੂਦਾ ਸਿਆਸੀ ਹਾਲਾਤ ਬਾਰੇ ਭਾਵੇਂ ਕੋਈ ਕੁਝ ਵੀ ਕਹੀ ਜਾਵੇ ਪਰ ਹਾਲਾਤ ਕਾਂਗਰਸ ਦੇ ਹੱਕ ਵਿਚ ਹਨ। ਸਪੱਸਟ ਬਹੁਮਤ ਤਾਂ ਭਾਵੇਂ ਨਹੀ ਪਰ ਪਿਛਲੀ ਵਾਰੀ ਨਾਲ਼ੋਂ ਉਸਦੀਆਂ ਸੀਟਾਂ ਵਧ ਹੀ ਜਾਣੀਆਂ ਹਨ; ਭਾਵੇਂ 272 ਵਾਲ਼ੇ ਜਾਦੂਈ ਨੰਬਰ ਤੇ ਨਾ ਹੀ ਅੱਪੜਿਆ ਜਾ ਸਕੇ। ਪਿਛਲੀ ਵਾਰੀਂ ਇਸ ਦੀਆਂ 145 ਸੀਟਾਂ ਆਈਆਂ ਸਨ ਤੇ ਇਸ ਵੇਲ਼ੇ ਤੱਕ ਉਹ ਵਧ ਕੇ 153 ਹੋ ਚੁਕੀਆਂ ਹਨ। ਹੋ ਸਕਦਾ ਹੈ ਕਿ ਇਸ ਚੋਣ ਵਿਚ ਉਹ ਦੋ ਸੌ ਦੇ ਨੇੜੇ ਪੁੱਜ ਜਾਵੇ! ਹੁਣ ਉਸਦਾ ਪੁੱਤਰ ਵੀ ਤਿਆਰ ਹੈ ਪ੍ਰਧਾਨ ਮੰਤਰੀ ਬਣਨ ਲਈ। ਇਸ ਹਾਲਤ ਵਿਚ ਕੀ ਹੁਣ ਵੀ ਉਹ ਕਿਸੇ ਮਨਮੋਹਨ ਸਿੰਘ ਵਰਗੇ ਸਾਊ ਪੁਰਸ਼ ਨੂੰ ਇਹ ਗੱਦੀ ਸੌਂਪੇਗੀ ਜਾਂ ਕਿ ਆਪਣੇ ਪੁੱਤਰ ਨੂੰ ਇਸ ਉਪਰ ਬਿਠਾਏਗੀ! ਇਹ ਪ੍ਰਤੱਖ ਨੀਤੀ ਬਚਨ ਵੀ ਹੈ:

ਕੋਊ ਕਿਸੀ ਕਉ ਰਾਜ ਨ ਦੈ ਹੈ॥

ਜੋ ਲੈ ਹੈ ਨਿਜ ਬਲ ਸੇ ਲੈ ਹੈ॥

ਜਦੋਂ ਖੱਬੇ ਪੱਖੀਆਂ ਨੇ ਇਸਨੂੰ ਪ੍ਰਧਾਨ ਮੰਤਰੀ ਬਣਾਉਣ ਲਈ, ਕਾਮਰੇਡ ਸੁਰਜੀਤ ਦੀ ਅਗਵਾਈ ਵਿਚ, ਇਸਦੇ ਗੱਲ ਸੇਹਰਾ ਪਾ ਦਿਤਾ ਸੀ ਉਸ ਸਮੇ ਮੈ ਇਸਦੇ ਜਨਮ-ਦੇਸ ਇਟਲੀ ਵਿਚ ਹੀ ਸਾਂ। ਰਿਜੋਮਿਲੀਆ ਦੇ ਗੁਰਦੁਆਰਾ ਸਾਹਿਬ ਵਿਖੇ ਆਪਣੇ ਵਿਖਿਆਨ ਸਮੇ ਮੈ ਇਹ ਕਿਹਾ ਸੀ ਕਿ ਸਾਨੂੰ ਇਸਦੇ ਇਸਤਰੀ ਹੋਣ ਜਾਂ ਵਿਦੇਸ਼ ਵਿਚ ਜਨਮੀ ਹੋਣ ਕਰਕੇ ਇਸਦਾ ਕੋਈ ਵਿਰੋਧ ਨਹੀ। ਸਿੱਖ ਵਜੋਂ ਅਸੀਂ ਬੀਬੀਆਂ ਦਾ ਬੰਦਿਆਂ ਨਾਲ਼ੋਂ ਘੱਟ ਸਤਿਕਾਰ ਨਹੀ ਕਰਦੇ ਪਰ ਇਸ ਦਾ ਨਵੰਬਰ 1984 ਵਾਲ਼ਾ ਕਿਰਦਾਰ ਸਿੱਖਾਂ ਨੂੰ ਨਹੀ ਭੁੱਲਣਾ ਚਾਹੀਦਾ; ਜਦੋਂ ਇਸਦੇ ਨੱਕ ਹੇਠਾਂ ਦਿੱਲੀ ਵਿਚ ਇਸਦੀ ਪਾਰਟੀ ਦੇ ਚੌਧਰੀ ਬੇਦੋਸ਼ੀ ਜਨਤਾ ਦਾ ਸੰਘਾਰ ਕੇਵਲ ਇਸ ਕਰਕੇ ਹੀ ਕਰ ਰਹੇ ਸਨ ਕਿ ਉਹਨਾਂ ਦੀ ਸੂਰਤ ਸਿੱਖਾਂ ਵਰਗੀ ਹੈ ਤੇ ਇਹ ਸਾਰਾ ਕੁਝ ਇਸਦਾ ਖ਼ਸਮ ਕਰਾ ਰਿਹਾ ਸੀ। ਉਹ ਇਸ ਨਰ ਸੰਘਾਰ ਪਿੱਛੋਂ ਸ਼ਰਮ ਮੰਨਣ ਦੀ ਥਾਂ ਵੱਡਾ ਦਰੱਖ਼ਤ ਡਿਗਣ ਤੇ ਧਰਤੀ ਦੇ ਕੰਬਣ ਦੀ ਗੱਲ ਕਰਕੇ ਸਿੱਖਾਂ ਦੇ ਜ਼ਖ਼ਮਾਂ ਤੇ ਲੂਣ ਛਿੜਕ ਰਿਹਾ ਸੀ। ਉਸ ਸਮੇ ਇਹ ਆਪਣੀ ਜ਼ਾਲਮ ਸੱਸ ਦੀ ਮੌਤ ਦੇ ਸੋਗ ਦਾ ਸਾਂਗ ਧਾਰ ਕੇ ਇਉਂ ਬੈਠੀ ਰਹੀ ਕਿ ਜਿਵੇਂ ਬੂਹੇ ਦੇ ਬਾਹਰ ਕੁਝ ਹੋ ਹੀ ਨਹੀ ਰਿਹਾ ਤੇ ਇਸਨੂੰ ਸੱਚੀਂ ਮੁਚੀਂ ਆਪਣੀ ਸੱਸ ਮਰੀ ਦਾ ਬੜਾ ਹੀ ਗ਼ਮ ਹੈ। ਇਸਨੇ ਇਸ ਅਕਹਿ ਜ਼ੁਲਮ ਨੂੰ ਰੋਕਣ ਲਈ ਉਂਗਲੀ ਤੱਕ ਨਹੀ ਹਿਲਾਈ। ਜੇਕਰ ਇਹ ਇਕ ਘੂੁਰੀ ਵੱਟ ਕੇ ਵੀ ਆਪਣੇ ਖ਼ਸਮ ਵੱਲ ਵੇਖ ਲੈਂਦੀ ਤਾਂ ਉਸਦੀ ਕੀ ਮਜਾਲ ਸੀ ਕਿ ਉਹ ਅਜਿਹਾ ਘਿਨਾਉਣਾ ਜ਼ੁਲਮ, ਬਹੱਤਰ ਘੰਟਿਆਂ ਤੱਕ ਜਾਰੀ ਰੱਖਦਾ! ਇਸਦੇ ਸਾਹਮਣੇ ਤਿੰਨ ਸਿਧੇ ਤੇ ਸੌਖੇ ਸਵਾਲ ਇਸ ਪ੍ਰਕਾਰ ਰੱਖੇ ਜਾ ਸਕਦੇ ਹਨ:

1. ਕੀ ਇਸਨੂੰ ਆਪਣੇ ਉਸ ਕੀਤੇ ਮਨੁਖਤਾ ਦੇ ਖ਼ਿਲਾਫ਼ ਘਿਨਾਉਣੇ ਜ਼ੁਲਮ ਤੋਂ ਅੱਖਾਂ ਮੀਟੀ ਰੱਖਣ ਦਾ ਪਛਤਾਵਾ ਹੈ?

2. ਕੀ ਇਹ ਆਪਣੇ ਰਾਜ ਵਿਚ ਅੱਗੇ ਤੋਂ ਅਜਿਹਾ ਅਨਰਥ ਹੋਣੋ ਰੋਕੇਗੀ?
3. ਕੀ ਇਹ ਸਾਬਤ ਹੋ ਚੁੱਕੇ ਦੋਸ਼ੀਆਂ ਨੂੰ, ਦੇਸ਼ ਦੇ ਕਾਨੂੰਨ ਅਨੁਸਾਰ, ਸਜ਼ਾ ਮਿਲ਼ਨ ਦੇ ਰਸਤੇ ਵਿਚ ਰੁਕਾਵਟ ਨਹੀ ਪਾਵੇਗੀ?

ਦੂਜੇ ਬੰਨੇ ਜੋ ਸੱਜਣ ਪੁਰਸ਼ ਪ੍ਰਧਾਨ ਮੰਤਰੀ ਦੀ ਕੁਰਸੀ ਉਪਰ ਬਿਰਾਜਮਾਨ ਹੋਣ ਲਈ ਲੋਹਾ ਲਾਖਾ ਹੋਈ ਫਿਰਦਾ ਹੈ; ਉਹ ਪੁਰਸ਼ ਹੈ ਲਾਲ ਕ੍ਰਿਸ਼ਨ ਅਡਵਾਨੀ; ਜਿਸਨੂੰ ਆਪਣੀ ਕਿਤਾਬ ਵਿਚ ਹੁਣ ਵੀ ਇਹ ਮੰਨਣ ਵਿਚ ਕੋਈ ਝਿਜਕ ਨਹੀ ਕਿ ਉਸਨੇ ਤੇ ਉਸਦੀ ਪਰਟੀ ਨੇ ਹੀ ਇੰਦਰਾ ਗਾਂਧੀ ਨੂੰ ਉਕਸਾ ਕੇ ਸਿੱਖ ਧਰਮ ਸਥਾਨਾਂ ਉਤੇ ਫੌਜਾਂ ਚੜ੍ਹਵਾਈਆਂ ਸਨ।

ਸਿੱਖਾਂ ਨੂੰ ਇਹ ਨਹੀ ਸੋਚਣਾ ਚਾਹੀਦਾ ਕਿ ਇਕ ਸਿੱਖ ਪ੍ਰਧਾਨ ਮੰਤਰੀ ਬਣ ਜਾਣ ਨਾਲ਼ ਉਹਨਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਹੋ ਜਾਵੇਗਾ। ਸਾਡੇ ਨਾਲ਼ ਇਤਿਹਾਸ ਵਿਚ ਸਭ ਤੋਂ ਵਧ ਭਿਆਨਕ ਕਾਰੇ ਤਾਂ, ਪ੍ਰਧਾਨ ਮੰਤਰੀ ਦੀ ਪਦਵੀ ਨਾਲ਼ੋਂ ਵੀ ਉਚੀ ਪਦਵੀ ਰਾਸ਼ਟਰਪਤੀ ਉਪਰ ਬੈਠੇ, ਗਿਆਨੀ ਤੇ ਖ਼ਾਲਸਾ ਅਖਵਾਉਣ ਵਾਲ਼ੇ ਸਿੱਖ ਦੇ ਸਮੇ ਹੋਏ ਸਨ ਤੇ ਉਹ ਇਹਨਾਂ ਭਿਆਨਕ ਕਾਰਿਆਂ ਨੂੰ ਰੋਕਣ ਲਈ ਕੁਝ ਵੀ ਕਰ ਸਕਣ ਤੋਂ ਬੇਵਸ ਸੀ; ਸਗੋਂ ਉਸਨੂੰ ਤਾਂ ਆਪਣੀ ਖ਼ੁਦ ਦੀ ਜਾਨ ਦੇ ਲਾਲੇ ਪਏ ਹੋਏ ਸਨ।

ਇਹ ਠੀਕ ਹੈ ਕਿ ਸਿੱਖਾਂ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਨੇ, ਜਿਸਦਾ ਸਿੱਖ ਧਰਮ ਸਥਾਨਾਂ ਉਪਰ ਵੀ ਕਬਜਾ ਹੈ, ਆਪਣਾ ਜੀਵਨ ਮਰਨ ਇਸ ਪਾਰਟੀ ਨਾਲ਼, 1967 ਤੋਂ ਹੀ ਜੋੜਿਆ ਹੋਇਆ ਹੈ ਤੇ ਇਹ ਨਿਰਵਿਘਨ ਚੱਲਦਾ ਵੀ ਆ ਰਿਹਾ ਹੈ। ਇਹ ਹੋ ਸਕਦਾ ਹੈ ਕਿ ਇਸ ਲਈ ਚੱਲਦਾ ਰਿਹਾ ਹੋਵੇ ਕਿ ਇਸਦੇ ਮੁਖੀ ਦੇ ਨਿਜੀ ਹਿਤਾਂ ਲਈ ਹੋਰ ਕੋਈ ਬਦਲ ਜਚਵਾਂ ਨਾ ਹੋਵੇ! ਇਸ ਲਈ ਆਮ ਸਿੱਖ ਵੋਟਰ ਦੁਬਿਧਾ ਵਿਚ ਹੈ ਕਿ ਉਹ ਕਿਸਨੂੰ ਆਪਣੀ ਵੋਟ ਪਾਵੇ! ਸਿੱਖਾਂ ਦੀ ਕਾਤਲ ਕਾਂਗਰਸ ਵੱਲ ਜਾਵੇ ਜਿਸ ਨੇ ਇਕ ਯੋਗ ਸਿੱਖ ਨੂੰ ਪ੍ਰਧਾਨ ਮੰਤਰੀ ਬਣਾਇਆ ਹੈ ਕਿ ਕਤਲ ਕਰਨ ਲਈ ਉਕਸਾਉਣ ਵਾਲ਼ੀ ਬੀ. ਜੇ. ਪੀ. ਵੱਲ ਜਾਵੇ ਜੋ ਅੱਜ ਵੀ ਮੰਨ ਰਹੀ ਹੈ ਕਿ ਇਹ ‘ਮਹਾਨ ਕਾਰਜ’ ਉਸਨੇ ਕਰਵਾਇਆ ਸੀ। ਇਸ ਲਈ ਸਾਧਾਰਣ ਸਿੱਖ ਇਸ ਦੁਬਿਧਾ ਵਿਚ ਹੀ ਹੈ ਕਿ:

ਜਾਏਂ ਤੋ ਜਾਏਂ ਕਹਾਂ?

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>