ਲੰਮੇ ਸਮੇਂ ਬਾਦ ਵਗਿਆ ਸਾਊਥਾਲ ਵਿੱਚ ਸਾਹਿਤ ਦਾ ਦਰਿਆ

ਲੰਡਨ : “ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ” ਵੱਲੋਂ ਆਪਣਾ ਪਹਿਲਾ ਸਾਹਿਤਕ ਸਮਾਗਮ ਬਹੁਤ ਸ਼ਾਨ ਨਾਲ ਅੰਬੇਦਕਰ ਹਾਲ ਵਿੱਚ ਕਰਵਾਇਆ ਗਿਆ । ਜਿਸ ਵਿੱਚ ਯੂ ਕੇ ਭਰ ਦੀਆਂ ਪ੍ਰਸਿੱਧ ਸਾਹਿਤਕ ਸ਼ਖਸ਼ੀਅਤਾਂ ਨੇ ਭਾਗ ਲਿਆ । ਵਿੱਛੜ ਚੁੱਕੇ ਸਾਹਿਤਕਾਰਾਂ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੋਨ ਧਾਰਨ ਕਰਨ ਤੋਂ ਬਾਦ ਸਮਾਗਮ ਦੀ ਕਾਰਵਾਈ ਆਰੰਭ ਕੀਤੀ ਗਈ ।

ਇਸ ਦੌਰਾਨ ਪ੍ਰਧਾਨਗੀ ਮੰਡਲ ਵਿੱਚ ਸਰਵ ਸ੍ਰੀ ਪ੍ਰੀਤਮ ਸਿੱਧੂ, ਡਾ. ਸਵਰਨ ਚੰਦਨ, ਸ੍ਰੀ ਹਰਬਖਸ਼ ਮਕਸੂਦਪੁਰੀ ਅਤੇ ਸ. ਮੋਤਾ ਸਿੰਘ ਸਰਾਏ ਸ਼ੁਸ਼ੋਭਿਤ ਸਨ। ਸਮਾਗਮ ਦੇ ਪਹਿਲੇ ਭਾਗ ਵਿੱਚ ਸ੍ਰੀ ਅਵਤਾਰ ਉੱਪਲ ਦੇ ਨਾਵਲ “ਧੁੰਦ ਤੇ ਪ੍ਰਭਾਤ” ਉੱਪਰ ਜਾਣੇ-ਪਛਾਣੇ ਕਥਾਕਾਰ ਸ੍ਰੀ ਹਰਜੀਤ ਅਟਵਾਲ ਵੱਲੋਂ ਵਿਸਥਾਰ-ਪੂਰਵਕ ਪਰਚਾ ਪੜ੍ਹਿਆ ਗਿਆ। ਪੜ੍ਹੇ ਗਏ ਪਰਚੇ ਅਤੇ ਨਾਵਲ ਦੇ ਸਬੰਧ ਵਿੱਚ ਹਾਜ਼ਰ ਵਿਦਵਾਨਾਂ ਵੱਲੋਂ ਆਪੋ-ਆਪਣੇ ਵਿਚਾਰ ਰੱਖੇ ਗਏ, ਜਿੰਨ੍ਹਾਂ ਵਿੱਚ ਸਰਵ-ਸ੍ਰੀ ਸਿ਼ਵਚਰਨ ਜੱਗੀ ਕੁੱਸਾ, ਹਰਬਖ਼ਸ਼ ਮਕਸੂਦਪੁਰੀ, ਸਾਥੀ ਲੁਧਿਆਣਵੀ, ਡਾ. ਸਵਰਨ ਚੰਦਨ, ਸ੍ਰੀ ਦਵਿੰਦਰ ਨੌਰਾ, ਸੁਰਿੰਦਰਪਾਲ, ਸੁਖਦੇਵ ਸਿੰਘ ਸਿੱਧੂ, ਨਿਰਮਲ ਸਿੰਘ ਕੰਧਾਲਵੀ, ਦਰਸ਼ਨ ਬੁਲੰਦਵੀ, ਸ੍ਰੀ ਕੇ ਸੀ ਮੋਹਨ, ਗੁਰਪਾਲ ਸਿੰਘ ਹੋਰਾਂ ਦੇ ਨਾਮ ਵਰਨਣਯੋਗ ਹਨ।

ਬਹਿਸ ਦੌਰਾਨ ਅਕਾਦਮਿਕ-ਭਾਸ਼ਾ ਦੀਆਂ ਗੈਰ-ਜ਼ਰੂਰੀ ਪੇਚੀਦਗੀਆਂ ਤੋਂ ਰਹਿਤ ਸ੍ਰੀ ਹਰਜੀਤ ਅਟਵਾਲ ਦੇ ਪਰਚੇ ਨੂੰ ਬਹੁਤ ਸਲਾਹਿਆ ਗਿਆ ਅਤੇ ਵਿਦਵਾਨਾਂ ਵੱਲੋਂ ਨਾਵਲ “ਧੁੰਦ ਤੇ ਪ੍ਰਭਾਤ” ਨੂੰ ਸਿਆਸੀ ਅਤੇ ਸਮਾਜਿਕ ਸਰੋਕਾਰਾਂ ਦਾ ਬਹੁ-ਪਰਤੀ ਦਰਪਨ ਕਿਹਾ ਗਿਆ। ਇਸੇ ਦੌਰਾਨ ਕੁਝ ਪੁਸਤਕਾਂ, ਜਿੰਨ੍ਹਾਂ ਵਿੱਚ ਸ੍ਰੀ ਰਵਿੰਦਰ ਭੱਠਲ ਦਾ ਕਾਵਿ-ਸੰਗ੍ਰਹਿ “ਮਨ ਮੰਮਟੀ ਦੇ ਮੋਰ”, ਅਮਰਦੀਪ ਗਿੱਲ ਦਾ ਗੀਤ-ਸੰਗ੍ਰਹਿ “ਸਿੱਲ੍ਹੀ-ਸਿੱਲ੍ਹੀ ਹਵਾ”, ਸ੍ਰੀ ਸਤੀਸ਼ ਬੇਦਾਗ਼ ਦਾ ਕਾਵਿ-ਸੰਗ੍ਰਹਿ “ਏਕ ਚੁਟਕੀ ਚਾਂਦਨੀ” ਅਤੇ ਰਣਧੀਰ ਸੰਧੂ ਦੀਆਂ ਦੋ ਪੁਸਤਕਾਂ “ਹੋਰ ਨਾ ਜੰਮੀਂ ਪੀੜਾਂ” ਅਤੇ “ਸੋਨੇ ਦੀਆਂ ਵਾਲੀਆਂ” ਲੋਕ-ਅਰਪਨ ਕੀਤੀਆਂ ਗਈਆਂ । ਇਸ ਭਾਗ ਦਾ ਸੰਚਾਲਨ ਸ੍ਰੀ ਅਜ਼ੀਮ ਸ਼ੇਖਰ ਨੇ ਬਾ-ਖੂਬੀ ਨਿਭਾਇਆ ।

ਸਮਾਗਮ ਦੇ ਦੂਸਰੇ ਭਾਗ ਵਿੱਚ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ । ਜਿਸ ਦੌਰਾਨ ਪ੍ਰਧਾਨਗੀ ਮੰਡਲ ਵਿੱਚ ਡਾ. ਸਵਰਨ ਚੰਦਨ, ਕੁਲਵੰਤ ਕੌਰ ਢਿੱਲੋਂ, ਦਲਵੀਰ ਕੌਰ ਵੁਲਵਰਹੈਂਪਟਨ, ਹਰਜੀਤ ਦੌਧਰੀਆ ਅਤੇ ਦਰਸ਼ਨ ਬੁਲੰਦਵੀ ਹਾਜ਼ਰ ਸਨ । ਕਵੀ ਦਰਬਾਰ ਦਾ ਆਰੰਭ ਸ੍ਰੀ ਰਾਜ ਕੁਮਾਰ ਦੇ ਮਨ-ਮੋਹਿਕ ਬਾਂਸੁਰੀ-ਵਾਦਨ ਨਾਲ ਹੋਇਆ। ਖਚਾਖਚ ਭਰੇ ਹਾਲ ਵਿੱਚ ਸਰੋਤਿਆਂ ਨੇ ਵੱਖ-ਵੱਖ ਵੰਨਗੀ ਦੀ ਸਾ਼ਇਰੀ ਨੂੰ ਮਾਣਿਆ। ਕਵੀ ਦਰਬਾਰ ਵਿੱਚ ਹਾਜ਼ਰ ਪ੍ਰੱਮੁਖ ਕਵੀ ਸਨ; ਮੁਸ਼ਤਾਕ, ਜਸਵਿੰਦਰ ਮਾਨ, ਸਾਥੀ ਲੁਧਿਆਣਵੀ, ਦਰਸ਼ਨ ਬੁਲੰਦਵੀ, ਸੰਤੋਖ ਹੇਅਰ, ਹਰਜਿੰਦਰ ਸੰਧੂ, ਸੁਰਿੰਦਰ ਗਾਖਲ, ਚਮਨ ਲਾਲ ਚਮਨ, ਸੁਰਿੰਦਰਪਾਲ, ਚੌਧਰੀ ਮੁਹੰਮਦ ਅਨਵਰ ਢੋਲ੍ਹਣ, ਕੁਲਦੀਪ ਬਾਂਸਲ, ਮਹਿੰਦਰ ਸਿੰਘ ਦਿਲਬਰ, ਸੰਤੋਖ ਸਿੰਘ ਸੰਤੋਖ, ਨਿਰਮਲ ਸਿੰਘ ਕੰਧਾਲਵੀ, ਇਜ਼ਾਜ਼ ਅਹਿਮਦ ਇਜ਼ਾਜ਼, ਦਲਵੀਰ ਕੌਰ, ਭਿੰਦਰ ਜਲਾਲਾਬਾਦੀ, ਡਾ. ਸਵਰਨ ਚੰਦਨ, ਰਣਧੀਰ ਸੰਧੂ ਅਤੇ ਅਜ਼ੀਮ ਸ਼ੇਖਰ। ਕਵੀ ਦਰਬਾਰ ਦੀ ਕਾਰਵਾਈ ਸ਼ਾਇਰ ਰਾਜਿੰਦਰਜੀਤ ਨੇ ਨਿਭਾਈ ।

ਇਸ ਸਮਾਗਮ ਵਿੱਚ ‘ਪੰਜਾਬੀ ਸੱਥ’ ਵੱਲੋਂ ਸ੍ਰੀ ਮੋਤਾ ਸਿੰਘ ਸਰਾਏ ਦੀ ਅਗਵਾਈ ਵਿੱਚ ਇੱਕ ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ ਅਤੇ ਮੁਫ਼ਤ ਕਿਤਾਬਾਂ ਭੇਂਟ ਕੀਤੀਆਂ ਗਈਆਂ। ਵਿਸ਼ੇਸ਼ ਰੂਪ ਵਿੱਚ ਪਹੁੰਚਣ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਪ੍ਰੋ. ਪੂਰਨ ਸਿੰਘ, ਦਰਸ਼ਨ ਢਿੱਲੋਂ, ਮਹਿੰਦਰਪਾਲ ਧਾਲੀਵਾਲ, ਅਜੀਤ ਸਿੰਘ ਖੈਰ੍ਹਾ, ਜਸਵਿੰਦਰ ਛਿੰਦਾ, ਰਾਜ ਸੇਖੋਂ, ਤਲਵਿੰਦਰ ਢਿੱਲੋਂ, ਮਨਪ੍ਰੀਤ ਸਿੰਘ ਬੱਧਨੀ ਕਲਾਂ, ਅਨੀਤਾ ਅਤੇ ਮਨਦੀਪ ਖੁਰਮੀ ਵੀ ਹਾਜ਼ਰ ਸਨ ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>