ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ “ਹਿੰਦੂਤਵ” ਲੈ ਬੈਠਾ

ਭਾਰਤ ਵਿਚ ਪਿਛਲੇ ਦਿਨੀਂ ਹੋਈਆਂ ਲੋਕ ਸਭਾ ਚੋਣਾ ਦੌਰਾਨ ਭਾਰਤੀ ਜੰਤਾ ਪਾਰਟੀ,  ਜੋ ਕੇਂਦਰ ਵਿਚ ਆਪਣੀ ਸਰਕਾਰ ਬਣਾਉਣ ਲਈ ਬੜੀ ਹੀ ਆਸਵੰਦ ਸੀ, ਨੂੰ ਬਹੁਤ ਹੀ ਸ਼ਰਮਨਾਕ ਹਾਰ ਹੋਈ ਹੈ।ਕਈ ਸੂਬਿਆਂ ਵਿਚ ਭਾਜਪਾ ਦੇ ਭਾਈਵਾਲਾਂ ਨੂੰ ਵੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਲੋਕ ਸਭਾ ਵਿਚ ਸਭ ਤੋਂ ਵੱਡੀ ਪਾਰਟੀ ਉਭਰਨ ਦੇ ਦਾਅਵੇ ਕਰਦੀ ਹੋਈ ਇਹ ਪਾਰਟੀ ਪਿਛਲ਼ੀਆਂ ਲੋਕ ਸਭਾ ਸੀਟਾਂ ਨਾਲੋਂ ਵੀ ਸੁੰਗੜ ਕੇ ਰਹਿ ਗਈ ਹੈ।

ਭਾਜਪਾ ਹਾਈ ਕਮਾਂਡ ਨੇ ਇਹ ਸਤਰਾਂ ਲਿਖੇ ਜਾਣ ਤਕ ਆਪਣੀ ਇਸ ਨਮੋਸ਼ੀ ਭਰੀ ਹਾਰ ਬਾਰੇ ਚਿੰਤਨ ਤਾਂ ਨਹੀਂ ਕੀਤਾ। ਰਾਜਧਾਨੀ ਦਿੱਲੀ ਜਿੱਥੇ ਭਾਜਪਾ ਸਾਰੀਆਂ ਸਤ ਸੀਟਾ ਵਿਚੋਂ 2004 ਦੀਆਂ ਚੋਣਾਂ ਵਾਂਗ ਇਕ ਸੀਟ ਵੀ ਹਾਸਲ ਨਹੀਂ ਕਰ ਸਕੀ, ਦੇ ਚੋਣ ਇੰਚਾਰਜ ਵਿਜੇ ਮਲਹੋਤਰਾ ਦਾ ਕਹਿਣਾ ਹੈ ਕਿ ਹਾਰ ਦਾ ਮੁਖ ਕਾਰਨ ਮੱਧ ਵਰਗ ਤੇ ਸਿੱਖਾਂ ਵਲੋਂ ਭਾਜਪਾ ਤੋਂ ਬੇਮੁਖ ਹੋਣਾ ਹੈ। ਪਾਰਟੀ ਨੂੰ ਚੋਣਾਂ ਦੌਰਾਨ ਮੱਧ ਵਰਗ ਦੇ ਮੁੱਦੇ ਉਠਾਉਣੇ ਚਾਹੀਦੇ ਸਨ।

ਦਰਅਸਲ ਭਾਜਪਾ ਦੀ ਇਸ ਸ਼ਰਮਨਾਕ ਹਾਰ ਦਾ ਮੁਖ ਕਾਰਨ ਇਸ ਦਾ “ਹਿੰਦੂਤੱਵ” ਵਾਲਾ ਏਜੰਡਾ ਹੈ, ਜਿਸ ਕਾਰਨ ਸਾਰੀਆਂ ਘਟ ਗਿਣਤੀਆਂ ਭਾਜਪਾ ਤੋਂ ਦੂਰ ਚਲੀਆਂ ਗਈਆਂ ਹਨ। ਮੁਸਲਮਾਨ ਤਾਂ ਦਸੰਬਰ 1992 ਵਿਚ ਬਾਬਰੀ ਮਸਜਿਦ ਢਹਿ ਢੇਰੀ ਕਰਨ ਦੇ ਸਮੇਂ ਤੋਂ ਹੀ ਭਾਜਪਾ ਨਾਲ ਬਹੁਤ ਖਫਾ ਹਨ, ਉੜੀਸ਼ਾ ਤੇ ਦੇਸ਼ ਦੇ ਕਈ ਹਿੱਸਿਆਂ ਵਿਚ ਇਸਾਈਆਂ ‘ਤੇ ਹੋਏ ਹਮਲਿਆਂ ਕਾਰਨ ਇਸਾਈ ਭਾਈਚਾਰਾ ਵੀ ਨਾਰਾਜ਼ ਹੈ। ਪਾਰਟੀ ਨੇ ਇਨ੍ਹਾਂ ਚੋਣਾਂ ਲਈ ਆਪਣੇ ਮੈਨੀਫੈਸਟੋ ਵਿਚ ਸੱਤਾ ਹਾਸਲ ਕਰਨ ਦੀ ਸੂਰਤ ਵਿਚ ਜਿਥੇ ਰਾਮ ਮੰਦਰ ਉਸਾਰਨ ਦੀ ਗਲ ਕੀਤੀ, ਉਥੇ ਦਹਿਸ਼ਤਗਰਦੀ ਦੇ ਮੁਕਾਬਲੇ ਲਈ ਪੋਟਾ ਵਰਗਾ ਸਖ਼ਤ ਕਾਨੂੰਨ ਬਣਾਉਣ ਅਤੇ ਸਾਰੇ ਧਰਮਾਂ ਲਈ ਇਕੋ ਸਾਂਝਾਂ ਕੋਡ ਬਿਲ ਬਣਾਉਣ ਦਾ ਵਾਅਦਾ ਕੀਤਾ।ਸਾਕਾ ਨੀਲਾ ਤਾਰਾ ਪਿਛੋਂ ਕਾਂਗਰਸ ਤੋਂ ਨਾਰਾਜ਼ ਸਿੱਖ ਭਾਜਪਾ ਵਲ ਆਏ ਸਨ, ਪਰ ਭਾਜਪਾ ਨੇ ਸਿੱਖ ਭਾਵਨਾਵਾਂ ਨੂੰ ਸਮਝਣ ਦਾ ਜ਼ਰਾ ਵੀ ਯਤਨ ਨਹੀਂ ਕੀਤਾ। ਸਿੱਖ ਤਾਂ ਆਪਣੇ ਬੱਚਿਆਂ ਦੇ ਵਿਆਹ ਆਨੰਦ ਮੈਰਿਜ ਐਕਟ ਅਧੀਨ ਰਜਿਸਟਰ ਕਰਨ ਅਤੇ ਸਿੱਖਾਂ ਲਈ ਵੱਖਰਾ ਕੋਡ ਬਿਲ  ਬਣਾਉਣ ਦੀ ਮੰਗ ਕਰ ਰਹੇ ਹਨ, ਉਹਨਾਂ ਤਾਂ ਭਾਜਪਾ ਤੋਂ ਦੂਰ ਜਾਣਾ ਹੀ ਸੀ ਭਾਵੇਂ ਕਿ ਪੰਜਾਬ ਵਿਚ ਹਾਕਮ ਅਕਾਲੀ ਦਲ ਦੀ ਭਾਜਪਾ ਨਾਲ ਭਾਈਵਾਲੀ ਸੀ। ਭਾਜਪਾ ਕਾਰਨ ਪੰਜਾਬ ਵਿਚ ਅਕਾਲੀ ਦਲ ਨੰ ਵੀ ਨੁਕਸਾਨ ਉਠਾਉਣਾ ਪਿਆ। ਪੀਲੀਭੀਤ ਤੋਂ ਭਾਜਪਾ ਦੇ ਉਮੀਦਵਾਰ ਵਰੁਣ ਗਾਂਧੀ ਵਲੋਂ ਇਕ ਚੋਣ ਰੈਲੀ ਵਿਚ ਮੁਸਲਮਾਨਾਂ ਤੇ ਸਿੱਖਾਂ ਵਿਰੁਧ ਜੋ ਜ਼ਹਿਰ ਉਗਲਿਆ ਗਿਆ, ਜਿਸ ਦਾ ਭਾਜਪਾ ਲੀਡਰਸ਼ਿਪ ਨੇ ਬਚਾਓ ਕੀਤਾ, ਦਾ ਸਾਰੇ ਦੇਸ਼ ਵਿਚ ਉਲਟਾ ਅਸਰ ਹੋਇਆ। ਗੁਜਰਾਤ ਦੇ ਮੁਖ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਲਈ ਪੰਜਾਬ ਸਮੇਤ ਕਈ ਸੂਬਿਆਂ ਵਿਚ ਚਪਣ ਪ੍ਰਚਾਰ ਕੀਤਾ,ਆਮ ਲੋਕ ਉਹਨਾਂ ਨੂੰ ਗੁਹਰਾਤ ਦੰਗਿਆਂ ਕਾਰਨ ਚੰਗਾ ਨਹੀਂ ਸਮਝਦੇ। ਭਾਰਤ ਦੇ ਲੋਕ ਹੁਣ ਧਾਰਮਿਕ ਕੱਟੜਤਾ ਨੂੰ ਪਸੰਦ ਨਹੀਂ ਕਰਦੇ।

ਭਾਜਪਾ ਵਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਕੀਤੇ ਗਏ ਨੇਤਾ ਲਾਲ ਕ੍ਰਿਸ਼ਨ ਅਡਵਨੀ ਨੂੇ ਲੋਕਾਂ ਦੇ ਆਮ ਮੁਦੇ ਉਠਾਉਣ ਦੀ ਵਜਾਏ ਇਹ ਪ੍ਰਚਾਰ ਬੜੇ ਜ਼ੋਰ ਸ਼ੋਰ ਨਾਲ ਸ਼ੁਰੂ ਕੀਤਾ ਕਿ ਡਾ. ਮਨਮੋਹਨ ਸਿੰਘ ਇਕ ਬਹੁਤ ਹੀ “ਕਮਜ਼ੋਰ” ਪ੍ਰਧਾਨ ਮੰਤਰੀ ਹਨ। ਇਸ ਦੇ ਮੁਕਾਬਲੇ ਉਹ ਆਪਣੇ ਆਪ ਨੂੰ ਇਕ ਬਹੁਤ ਹੀ “ਮਜ਼ਬੂਤ ਲੀਡਰ” ਵਜੋਂ ਪੇਸ਼ ਕਰ ਰਹੇ ਸਨ। ਉਹਨਾਂ ਦੇ ਸਾਰੇ ਚੋਣ ਪ੍ਰਚਾਰ ਦਾ ਮੁਖ ਨਾਅਰਾ ਸੀ “ ਮਜ਼ਬੂਤ ਨੇਤਾ, ਨਿਰਣਾਇਕ ਸਰਕਾਰ”, ਜੋ ਠੁਸ ਹੋ ਕੇ ਰਹਿ ਗਿਆ। ਇਸ ਨੁਕਤਾਚੀਨੀ ਨੂੰ ਸਿੱਖਾਂ ਨੇ ਚੰਗਾ ਨਹੀਂ ਸਮਝਣਾ ਸੀ, ਆਮ ਭਾਰਤੀਆਂ ਨੇ ਵੀ ਵੀ ਬਹੁਤਾ ਚੰਗਾ ਨਹੀਂ ਸਮਝਿਆ।ਆਮ ਲੋਕਾਂ ਦਾ ਵਿਚਾਰ ਹੈ ਕਿ ਡਾ. ਮਨਮੋਹਨ ਸਿੰਘ ਇਕ ਬਹੁਤ ਹੀ ਇਮਾਨਦਾਰ, ਸਾਊ, ਤੇ ਨਾਮਵਰ ਅਰਥ ਸ਼ਾਸਤਰੀ ਹਨ, ਜਿਨ੍ਹਾ ਦੀ ਵਿਸ਼ਵ ਭਰ ਦੇ ਲੀਡਰਾਂ ਵਲੋਂ ਇਜ਼ਤ ਕੀਤੀ ਜਾਦੀ ਹੈ, ਵਿਸ਼ਵ ਮੰਦੀ ਦੇ ਇਸ ਦੌਰ ਵਿਚ ਵੀ ਦੇਸ਼ ਨੂੰ ਬਚਾ ਕੇ ਰਖਿਆ ਹੈ। ਸਿੱਖ ਮਹਿਸੂਸ ਕਰਦੇ ਹਨ ਕਿ  ਡਾ. ਮਨਮੋਹਨ ਸਿੰਘ ਨੇ ਸਿੱਖਾਂ ਦੇ ਅਕਸ ਤੇ ਮਾਣ ਸਤਿਕਾਰ ਨੂੰ ਉਚਾ ਕੀਤਾ ਹੈ। ਅਮਰੀਕਾ ਵਿਚ 11/9 ਦੇ ਸਾਕੇ ਪਿਛੋਂ ਅਮਰੀਕਾ ਤੇ ਕਈ ਹੋਰ ਦੇਸ਼ਾਂ ਵਿਚ ਲੋਕ ਲਾਦਿਨ ਤੇ ਉਸ ਦੀ ਪੱਗੜੀ ਕਾਰਨ ਭੁਲੇਖੇ ਨਾਲ ਸਿੱਖਾਂ ਨੂੰ ਅਰਬ ਮੁਲਕਾਂ ਦੇ ਵਾਸੀ ਤੇ ਮੁਸਲਮਾਨ ਸਮਝਣ ਲਗੇ ਸਨ ਅਤੇ ਉਹਨਾਂ ਤੇ ਹਮਲੇ ਹੋਣ ਲਗੇ ਸਨ। ਡਾ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣ ਜਾਣ ‘ਤੇ ਉਹਨਾਂ ਲੋਕਾਂ ਨੂੰ ਪਤਾ ਲਗਾ ਕਿ ਸਿੱਖ ਮੁਸਲਮਾਨਾਂ ਤੋਂ ਵੱਖਰੇ ਲੋਕ ਹਨ ਅਤੇ ਇਹ ਭਾਰਤ ਦੇ ਰਹਿਣ ਵਾਲੇ ਹਨ। ਇਸੇ ਕਾਰਨ ਦੇਸ਼ ਵਿਦੇਸ਼ ਵਿਚ ਵਸਦੇ ਸਿੱਖ ਡਾ ਮਨਮੋਹਨ ਸਿੰਘ ਦੀ ਬਹੁਤ ਹੀ ਕਦਰ ਕਰਦੇ ਹਨ ਕਿ ਉਹਨਾਂ ਕਾਰਨ ਉਹਨਾਂ ਦਾ ਅੱਕਸ ਚੰਗਾ ਬਣਿਆ ਤੇ ਮਾਣ ਸਤਿਕਾਰ ਵੱਧਿਆ।

ਦੇਸ਼ ਦੇ ਬਾਕੀ ਸੂਬਿਆਂ ਵਿਚ ਜਿਥੇ ਚੋਣ ਮੁਖ ਤੌਰ ‘ਤੇ ਭਾਜਪਾ ਤੇ ਕਾਂਗਰਸ ਵਿਚਕਾਰ ਸੀ, ਪੰਜਾਬ ਵਿਚ ਇਹ ਅਡਵਾਨੀ ਤੇ ਮਨਮੋਹਨ ਸਿੰਘ ਵਿਚਕਾਰ ਬਣ ਗਈ ਤੇ ਸਿੱਖ ਇਕ ਦੂਜੇ ਨੂੰ ਪੁਛਣ ਲਗੇ ਕਿ ਵੋਟ ਅਡਵਾਨੀ ਨੂੰ ਪਾਉਣੀ ਹੈ ਕਿ ਮਨਮੋਹਨ ਸਿੰਘ ਨੂੰ?। ਸ੍ਰੀੇ ਅਡਵਾਨੀ ਨੇ ਆਪਣੀ ਸਵੈ-ਜੀਵਨੀ ਲਿਖਿਆ ਹੈ ਕਿ ਉਹਨਾਂ ਨੇ 1094 ਵਿਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸ੍ਰੀ ਦਰਬਾਰ ਸਾਹਿਬ ;ਤੇ ਹਮਲੇ ਲਈ ਉਕਸਾਇਆ ਸੀ ।ਫੋਜੀ ਹਮਲੇ ਪਿਛੋਂ ਉਹਨਾਂ ਨੇ ਪਾਰਲੀਮੈਂਟ ਵਿਚ ਇਸ ਦਾ ਸਵਾਗਤ ਵੀ ਕੀਤਾ ਸੀ। ਇਸ ਤੋਂ ਬਿਨਾ ਕੱਟੜਤਾ ਕਾਰਨ ਵੀ ਆਮ ਸਿੱਖ ਉਹਨਾਂ ਨੂੰ ਪਸੰਦ ਨਹੀਂ ਕਰਦੇ।ਸਾਬਕਾ ਪ੍ਰਧਾਨ ਮੰਤਰੀ ਅੱਟਲ ਬਿਹਾਰੀ ਵਾਜਪਾਈ ਇਕ ਉਦਾਰਵਾਦੀ ਨੇਤਾ ਹਨ, ਪਿਛਲੀਆਂ ਚੋਣਾਂ ਵਿਚ ਉਹਨਾਂ ਕਾਰਨ ਭਾਜਪਾ ਨੂੰ ਘਟ ਗਿਣਤੀ ਦੀਆਂ ਵੋਟਾਂ ਵੀ ਮਿਲਦੀਆਂ ਰਹੀਆਂ ਹਨ, ਵਡੇਰੀ ਉਮਰ ਤੇ ਕਮਜ਼ੋਰ ਸਿਹਤ ਕਾਰਨ ਇਸ ਵਾਰ ਉਹਨਾਂ ਚੋਣ ਨਹੀਂ ਲੜੀ।ਸ੍ਰੀ ਵਾਜਪਾਈ ਦੇ ਮੁਕਾਬਲੇ ਸ੍ਰੀ ਅਡਵਾਨੀ ਬਹੁਤ ਹੀ ਕੱਟੜ ਵਿਚਾਰਾਂ ਵਾਲੇ ਲੀਡਰ ਸਮਝੇ ਜਾਂਦੇ ਹਨ।

ਭਾਜਪਾ ਮੁਖ ਤੌਰ ‘ਤੇ ਸ਼ਹਿਰੀ ਹਿੰਦੂਆਂ ਵਿਸ਼ੇਸ਼ ਕਰ ਕੇ ਵਪਾਰੀ ਵਰਗ ਦੀ ਪਾਰਟੀ ਹੈ,ਅਤੇ ਇਹ ਵਧੇਰੇ ਕਰਕੇ ਵਪਾਰੀ ਵਰਗ ਦੇ ਹੀ ਹਿੱਤਾਂ ਦਾ ਧਿਆਨ ਰਖਦੀ ਹੈ। ਵੈਸੇ ਮੁਖ ਤੌਰ ‘ਤੇ ਇਸ ਦੀ ਹਾਰ ਕਾਰਨ ਇਸ ਦਾ ਹਿੰਦੂਤਵ ਦਾ ਏਜੰਡਾ ਹੈ। ਭਾਜਪਾ ਦੇ ਹੀ ਇਕ ਮੁਸਲਮਾਨ ਨੇਤਾ ਨੇ ਇਸ ਵਲ ਇਸ਼ਾਰਾ ਕੀਤਾ ਹੈ। ਹਾਕਮ ਅਕਾਲੀ ਦਲ ਦੇ ਸਕੱਤਰ-ਜਨਰਲ ਸੁਖਦੇਵ ਸ਼ਿੰਘ ਢੀਂਡਸਾ, ਜੋ ਸੰਗਰੂਰ ਤੋਂ ਚੋਣ ਹਾਰ ਗਏ ਹਨ, ਨੇ ਵੀ  ਭਾਜਪਾ ਦੀ ਕੱਟੜਤਾ ਤੇ ਵਰੁਣ ਗਾਂਧੀ ਦੇ ਇਤਰਾਜ਼ਯੋਗ ਭਾਸ਼ਨ  ਵਲ ਇਸ਼ਾਰਾ ਕੀਤਾ ਹੈ।ਆਸ ਹੈ ਕਿ ਭਾਜਪਾ ਇਸ ਹਾਰ ਤੋਂ ਸਬਕ ਸਿਖੇ ਗੀ ਅਤੇ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰੇਗੀ ਅਤੇ ਸਾਰੇ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਪਾਰਟੀ ਨੂੰ ਮਜ਼ਬੂਤ ਕਰੇਗੀ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>