ਚੰਡੀਗੜ੍ਹ- ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਚ ਤਿੰਨ ਦਿਨ ਤੋਂ ਚਲ ਰਹੀ ਹਿੰਸਾ ਕਰਕੇ ਹੁਣ ਹਾਲਾਤ ਕਾਬੂ ਵਿਚ ਦਸੇ ਹਨ। ਮੁੱਖਮੰਤਰੀ ਵਲੋਂ ਸੱਦੀ ਗਈ ਸਰਵਦਲੀ ਬੈਠਕ ਵਿਚ ਸਰਬਸੰਮਤੀ ਨਾਲ ਇਹ ਪ੍ਰਸਤਾਵ ਪਾਸ ਕਰਕੇ ਵਿਆਨਾ ਵਿਚ ਸੰਤ ਰਮਾਨੰਦ ਦੀ ਹਤਿਆ ਅਤੇ ਉਸ ਤੋਂ ਬਾਅਦ ਹੋਈ ਹਿੰਸਾ ਦੀ ਨਿੰਦਿਆ ਕੀਤੀ ਗਈ। ਇਨ੍ਹਾਂ ਘਟਨਾਵਾਂ ਵਿਚ ਜਿੰਮੇਵਾਰ ਲੋਕਾਂ ਨੂੰ ਸਜ਼ਾਵਾਂ ਦੇਣ ਦੀ ਮੰਗ ਨੂੰ ਵੀ ਇਸ ਪ੍ਰਸਤਾਵ ਵਿਚ ਸ਼ਾਮਿਲ ਕੀਤਾ ਗਿਆ।
ਮੁੱਖਮੰਤਰੀ ਨੇ ਕਿਹਾ ਕਿ ਉਹ ਡੇਰਾ ਸੱਚਖੰਡ ਬਲਾਂ ਦੇ ਪ੍ਰਬੰਧਕਾਂ ਨਾਲ ਗੱਲ ਕਰਨਗੇ। ਡੇਰੇ ਵਾਲੇ ਜੇ ਸੰਤ ਰਮਾਨੰਦ ਦਾ ਰਾਜਸੀ ਸਨਮਾਨ ਨਾਲ ਸਸਕਾਰ ਕਰਨ ਲਈ ਸਹਿਮਤ ਹੁੰਦੇ ਹਨ ਤਾਂ ਉਨ੍ਹਾਂ ਨੂੰ ਖੁਸ਼ੀ ਹੋਵੇਗੀ। ਉਨ੍ਹਾਂ ਨੇ ਹਿੰਸਾ ਦੌਰਾਨ ਮਰਨ ਵਾਲਿਆਂ ਤੇ ਜਖਮੀਆਂ ਨੂੰ ਉਚਿਤ ਮੁਆਵਜ਼ਾ ਦੇਣ ਦੀ ਵੀ ਗੱਲ ਕੀਤੀ।
ਭੰਨ੍ਹ-ਤੋੜ ਦੀਆਂ ਘਟਨਾਵਾਂ ਵਿਚ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਵੀ ਗੱਲ ਕੀਤੀ। ਕੇਂਦਰੀ ਗ੍ਰਹਿਮੰਤਰੀ ਵਲੋਂ ਇਹ ਟਿਪਣੀ ਕੀਤੀ ਗਈ ਕਿ ਰਾਜ ਸਰਕਾਰ ਹਾਲਾਤ ਤੇ ਕੰਟਰੋਲ ਕਰਨ ਵਿਚ ਢਿਲੀ ਰਹੀ। ਸੁਖਬੀਰ ਬਾਦਲ ਨੇ ਕਿਹਾ ਕਿ ਕਰਫਿਅੂ ਨੂੰ ਲਾਗੂ ਕਰਨ ਵਿਚ ਭਾਰੀ ਮਾਤਰਾ ਵਿਚ ਪੁਲਿਸ ਦੀ ਜਰੂਰਤ ਸੀ। ਜਿਵੇਂ ਹੀ ਪੰਜਾਬ ਨੂੰ ਪੁਲਿਸ ਬਲ ਮਿਲੇ ਕਰਫਿਊ ਲਾਗੂ ਕਰ ਦਿਤਾ ਗਿਆ। ਉਨ੍ਹਾਂ ਨੇ ਕਿਹਾ ਕਿ ਜਲੰਧਰ ਵਿਚ ਪੀਏਪੀ ਦੀਆ ਚਾਰ ਬਟਾਲੀਅਨ ਭੇਜ ਦਿਤੀਆਂ ਗਈਆਂ ਹਨ। ਉਨ੍ਹਾਂ ਇਹ ਦਾਅਵਾ ਕੀਤਾ ਕਿ ਮੰਗਲਵਾਰ ਨੂੰ ਕੋਈ ਹਿੰਸਕ ਵਾਰਦਾਤ ਨਹੀਂ ਹੋਈ। ਜਲੰਧਰ, ਫਗਵਾੜਾਂ, ਲੁਧਿਆਣਾ ਅਤੇ ਹੁਸਿ਼ਆਰਪੁਰ ਦੇ ਕੁਝ ਹਿਸਿਆਂ ਵਿਚ ਕਰਫਿਊ ਲਗਾ ਹੈ। ਦਿਨ ਦੇ ਸਮੇਂ ਕਰਫਿਊ ਵਿਚ ਢਿੱਲ ਦਿਤੀ ਜਾਂਦੀ ਹੈ।