ਸ੍ਰੀ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਦੇ 25 ਸਾਲ

ਸਿੱਖਾਂ ਨੇ ਕਦੀ ਸੁਪਨੇ ਵਿਚ ਵੀ ਇਹ ਨਹੀਂ ਸੋਚਿਆ ਹੋਏ ਗਾ ਕਿ ਆਜ਼ਾਦ ਭਾਰਤ ਵਿਚ ਫੋਜ ਵਲੋਂ ਉਨ੍ਹਾਂ ਦੇ ਸਰਬਉਚ ਪਾਵਨ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸੰਮੂਹ ਉਤੇ ਹਮਲਾ ਕੀਤਾ ਜਾਏ ਗਾ ।ਜੂਨ 1984 ਵਿਚ ਟੈਂਕਾਂ, ਤੋਪਾਂ ਅਤੇ ਹੋਰ ਆਧੁਨਿਕ ਹਥਿਆਰਾਂ ਨਾਲ ਲੈਸ ਫੌਜ ਵਲੋਂ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਉਪਰ ਕੀਤਾ ਗਿਆ ਹਮਲਾ ਵੀਹਵੀਂ ਸਦੀ ਦੌਰਾਨ ਵਿਸ਼ਵ ਭਰ ਦੇ ਸਿੱਖਾਂ ਲਈ ਸਭ ਤੋਂ ਵੱਡਾ ਦੁਖਾਂਤ ਹੈ। ਇਹ ਹਮਲਾ ਲਗਪਗ 222 ਵਰ੍ਹੇ ਪਿੱਛੋਂ ਕੀਤਾ ਗਿਆ ਸੀ। ਇਸ ਤੋਂ ਪਹਿਲੋਂ ਅਕਤੂਬਰ 1762 ‘ਚ ਅਹਿਮਦ ਸ਼ਾਹ ਅਬਦਾਲੀ ਨੇ ਇਸ ਪਾਵਨ ਅਸਥਾਨ ਉਤੇ ਚੜ੍ਹਾਈ ਕੀਤੀ ਸੀ। ਉਹ ਤਾਂ ਇਕ ਵਿਦੇਸ਼ੀ ਧਾੜਵੀ ਸੀ, ਜਦੋਂ ਕਿ ਇਹ ਹਮਲਾ ਦੇਸ਼ ਦੇ ਲੋਕਾਂ ਦੁਆਰਾ ਚੁਣੀ ਗਈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰ ਨੇ ਕੀਤਾ ਸੀ। ਇਸ ਹਮਲੇ ਨਾਲ ਜਿੱਥੇ ਦੇਸ਼ ਵਿਦੇਸ਼ ਵਿੱਚ ਰਹਿੰਦੇ ਸਿੱਖਾਂ ਦੇ ਹਿਰਦੇ ਬੁਰੀ ਤਰ੍ਹਾਂ ਵਲੂੰਧਰੇ ਗਏ ਉਥੇ ਸ੍ਰੀਮਤੀ ਗਾਂਧੀ ਨੂੰ ਆਪਣੀ ਜਾਨ ਦੇ ਕੇ ਇਸ ਦੀ ਕੀਮਤ ਤਾਰਨੀ ਪਈ।

ਹਿੰਦੁਸਤਾਨ ਵਿਚ ਪੰਜਾਬ ਸਭ ਤੋਂ ਪਿਛੋਂ ਅੰਗਰੇਜ਼ੀ ਸਾਮਰਾਜ ਦਾ ਗੁਲਾਮ ਬਣਿਆ, ਉਹ ਵੀ ਮੱਕਾਰ ਡੋਗਰਿਆਂ ਦੀ ਗੱਦਾਰੀ ਤੇ ਕੁਝ ਸਿੱਖ ਆਗੂਆਂ ਦੀ ਆਪਸੀ ਫੁੱਟ ਕਾਰਨ ।ਫਿਰ ਵੀ ਇਕ ਬਹੁਤ ਹੀ ਛੋਟੀ ਘਟ ਗਿਣਤੀ ਹੋਣ ਦੇ ਬਾਵਜੂਦ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਦੇ ਸੰਘੱਰਸ਼ ਵਿਚ ਸਭ ਤੋਂ ਵੱਧ ,ਲਗਪਗ 80 ਫੀਸਦੀ ਯੋਗਦਾਨ ਪਾਇਆ ਅਤੇ ਅਨੇਕ ਕੁਰਬਾਨੀਆਂ ਕੀਤੀਆਂ। ਮਹਾਤਮਾ ਗਾਂਧੀ ਤੇ ਪੰਡਤ ਜਵਾਹਰ ਲਾਲ ਨਹਿਰੂ ਸਮੇਤ ਕਾਂਗਰਸ ਦੇ ਕੌਮੀ ਆਗੂਆਂ ਨੇ ਇਸ ਸੁਤੰਤਰਤਾ ਸ਼ੰਗਰਾਮ ਦੌਰਾਨ ਸਿੱਖਾਂ ਨੂੰ ਵਾਰ ਵਾਰ ਵਿਸ਼ਵਾਸ਼ ਦੁਆਇਆ ਸੀ ਕਿ ਆਜ਼ਾਦੀ ਮਿਲ ਜਾਣ ਤੇ ਹਿੰਦੁਸਤਾਨ ਵਿਚ ਉਨ੍ਹਾਂ (ਤੇ ਹੋਰ ਘਟ ਗਿਣਤੀਆਂ) ਦੇ ਹਿੱਤਾਂ ਦੀ ਪੂਰੀ ਤਰ੍ਹਾ ਰਖਿਆ ਕੀਤੀ ਜਾਏ ਗੀ।ਕਲਕਤਾ ਵਿਖੇ 6 ਜੁਲਾਈ 1946 ਨੂੰ ਪੰਡਤ ਨਹਿਰੂ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖਿਆ ਸੀ, “ ਮੈਨੂੰ ਇਸ ਵਿਚ ਕੋਈ ਗ਼ਲਤ ਗਲ ਨਹੀਂ ਲਗਦੀ ਕਿ ਉੱਤਰੀ ਭਾਰਤ ਵਿਚ ਇਕ ਅਜੇਹਾ ਇਲਾਕਾ ਤੇ ਪ੍ਰਬੰਧ ਹੋਵੇ ਜਿਥੇ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣ।” ਸਰਬ ਹਿੰਦ ਕਾਂਗਰਸ ਦੇ ਅਨੇਕ ਸੈਸ਼ਨਾਂ ਵਿਚ ਇਹ ਮਤਾ ਪਾਸ ਕੀਤਾ ਸੀ ਕਿ ਆਜ਼ਾਦ ਭਾਰਤ ਵਿਚ ਸੂਬਿਆਂ ਨੂੰ ਵੱਧ ਅਧਿਕਾਰ ਦਿਤੇ ਜਾਣ ਗੇ।

15 ਅਗੱਸਤ 1947 ਨੂੰ ਜਦੋਂ ਹਿੰਦੁਸਤਾਨ ਅਪਣੀ ਆਜ਼ਾਦੀ ਦੇ ਜਸ਼ਨ ਮਣਾ ਰਿਹਾ ਸੀ, ਫਿਰਕੂ ਆਧਾਰ ‘ਤੇ ਦੇਸ਼-ਵੰਡ ਕਾਰਨ ਪੰਜਾਬ ਲਹੂ ਲੁਹਾਣ ਹੋ ਕੇ ਹੰਝੂਆਂ ਦਾ ਦਰਿਆ ਵਹਾ ਰਿਹਾ ਸੀ।ਵਿਸ਼ਵ ਭਰ ਦੇ ਇਤਿਹਾਸ ਵਿਚ ਕਤਲੋਗਾਰਤ  ਹੋ ਕੇ ਆਬਾਦੀ ਦਾ ਤਬਾਦਲਾ ਇਤਨੇ ਵੱਡੇ ਪੈਮਾਨੇ ਤੇ ਕਦੀ ਨਹੀ ਹੋਇਆ, ਜਿਤਨਾ ਪੰਜਾਬ ਵਿਚ ਹੋਇਆ। ਅਪਣੀ ਅੱਡਰੀ ਪਛਾਣ ਕਾਰਨ ਸਿੱਖਾਂ ਦਾ ਹਿੰਦੂਆਂ ਤੇ ਮੁਸਲਮਾਨਾਂ ਨਾਲੋਂ ਬਹੁਤ ਹੀ ਵੱਧ ਨੁਕਸਾਨ ਹੋਇਆ। ਫਿਰਕੂ ਫਸਾਦਾਂ ਵਿਚ ਲੱਖਾਂ ਹੀ ਸਿੱਖਾਂ ਦਾ ਵਹਿਸੀ ਢੰਗ ਨਾਲ ਕਤਲੇਆਮ ਕੀਤਾ ਗਿਆ, ਧੀਆਂ ਭੇਣਾਂ ਦੀ ਬੇਪਤੀ ਹੋਈ।ਲਗਪਗ 40 ਫੀਸਦੀ ਸਿੱਖ ਵਸੋਂ ਨੂੰ ਅਪਣੇ ਜੱਦੀ ਪੁਸ਼ਤੀ ਘਰ ਬਾਰ,ਜ਼ਮੀਨਾਂ ਜਾਇਦਾਦਾਂ ,ਕਾਰੋਬਾਰ ਆਦਿ ਛੱਡ ਕੇ ਖਾਲੀ ਹੱਥ ਸ਼ਰਨਾਰਥੀ ਬਣ ਕੇ ਇੱਧਰ ਭਾਰਤ ਆਉਣਾ ਪਿਆ।ਇਤਿਹਾਸ ਗਵਾਹ ਹੈ ਕਿ ਉਨ੍ਹਾ ਨੇ ਕਿਸੇ ਅਗੇ ਹੱਥ ਨਹੀ ਅੱਡਿਆ ਅਤੇ ਖ਼ੁਦ ਅਪਣੀ ਕਰੜੀ ਮੇਹਨਤ, ਲਗਨ ਤੇ ਹਿਮੰਤ ਨਾਲ ਅਪਣੇ ਪੈਰਾਂ ਤੇ ਖੜੇ ਹੋਏ ।

ਆਜ਼ਾਦੀ ਪ੍ਰਾਪਤੀ ਤੋਂ ਬਾਅਦ ਭਾਰਤ ਸਰਕਾਰ ਨੇ ਸੂਬਿਆਂ ਦਾ ਪੁਨਰਗਠਨ ਭਾਸ਼ਾ ਦੇ ਆਧਾਰ ਤੇ ਕੀਤਾ, ਪਰ ਪੰਜਾਬੀ ਸੂਬੇ ਦੀ ਮੰਗ ਨੂੰ ਪਰਵਾਨ ਨਾ ਕੀਤਾ।ਇਸ ਲਈ ਪੰਜਾਬੀਆਂ ਵਿਸ਼ੇਸ਼ ਕਰ ਕੇ ਪੰਥ ਤੇ ਪੰਜਾਬ ਦੀ ਪ੍ਰਤੀਨਿੱਧ ਜੱਥੇਬੰਦੀ ਅਕਾਲੀ ਦਲ ਨੇ ਬੜਾ ਲੰਬਾ ਸੰਘਰਸ ਕੀਤਾ। ਆਖਰ 1966 ਵਿਚ ਇਹ ਮੰਗ ਪਰਵਾਨ ਹੋਈ ਤਾਂ “ ਬੱਕਰੀ ਦੁੱਧ ਦੇਂਦੀ ਹੈ ਪਰ ਮੇਂਗਣਾਂ ਪਾ ਕੇ” ਦੇ ਅਖਾਣ ਅਨੁਸਾਰ ਉਸ ਸਮੇਂ ਦੇ ਕੇਂਦਰੀ ਗ੍ਰਹਿ ਮੰਤਰੀ ਗੁਲਜ਼ਾਰੀ ਲਾਲ ਨੰਦਾ ਨੇ ਐਂਟੀ-ਪੰਜਾਬ ਲਾਬੀ ਨਾਲ ਮਿਲ ਕੇ ਇਸ ਨੂੰ ਵੱਧ ਤੋਂ ਵੱਧ ਕਮਜ਼ੋਰ ਬਣਾਉਣ ਦਾ ਯਤਨ ਕੀਤਾ, ਇਸ ਦੀ ਰਾਜਧਾਨੀ ਚੰਡੀਗੜ੍ਹ ਅਤੇ ਅਨੇਕਾਂ ਪੰਜਾਬੀ ਬੋਲਦੇ ਇਲਾਕੇ ਇਸ ਤੋਂ ਬਾਹਰ ਰਖੇ ਗਏ, ਪੰਜਾਬ ਦੇ ਡੈਮਾਂ ਉੁਤੇ ਕੇਂਦਰ ਨੇ ਆਪਣਾ ਅਧਿਕਾਰ ਜਮਾ ਲਿਆ।ਇਸ ਲੰਗੜੇ ਪੰਜਾਬੀ ਸੂਬੇ ਨੂੰ ਮੁਕੰਮਲ ਕਰਵਾਉਣ ਲਈ ਅਕਾਲੀ ਦਲ ਨੇ ਫਿਰ ਨਵਾਂ ਸੰਘੱਰਸ਼ ਸ਼ੁਰੂ ਕੀਤਾ।ਇਸੇ ਲੜੀ ਵਿਚ ਅਕਾਲੀ ਦਲ ਨੇ 4 ਅਗੱਸਤ 1982 ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਸ੍ਰੀ ਦਰਬਾਰ ਸਾਹਿਬ ਸੰਮੂਹ ਤੋਂ ‘ਧਰਮ ਯੁੱਧ” ਮੋਰਚਾ ਸ਼ੁਰੂ ਕੀਤਾ, ਜਿਸ ਨੂੰ ਸੰਮੂਹ ਪੰਜਾਬੀਆਂ ਦਾ ਭਰਵਾਂ ਹੁੰਗਾਰਾ ਮਿਲਿਆ ਅਤੇ ਲਗਭਗ ਢਾਈ ਲੱਖ ਪੰਜਾਬੀਆਂ ਨੇ ਆਪਣੀਆਂ ਗ੍ਰਿਫਤਾਰੀਆਂ ਦਿਤੀਆਂ। ਪੰਜਾਬ ਤੇ ਸਿੱਖਾਂ ਦੀਆਂ ਹੱਕੀ ਮੰਗਾਂ ਪਰਵਾਨ ਕਰਨ ਦੀ ਵਜਾਏ ਸ੍ਰੀਮਤੀ ਗਾਂਸ਼ੀ ਨੇ ਮੋਰਚੇ ਨੂੰ ਕੁਚਲਣ ਤੇ ਸਿੱਖਾਂ ਨੂੰ ਸੱਬਕ ਸਿਖਾਉਣ ਲਈ ਇਹ ਫੌਜੀ ਹਮਲਾ ਕਰਵਾ ਦਿਤਾ।

ਸ੍ਰੀ ਦਰਬਾਰ ਸਾਹਿਬ ਉਤੇ ਇਸ ਹਮਲੇ ਲਈ ਸਮਾਂ ਸ੍ਰੀਮਤੀ ਗਾਂਧੀ ਨੇ ਪਿਆਰ, ਅਮਨ ਤੇ ਸ਼ਾਂਤੀ ਦੇ ਪੁੰਜ ਅਤੇ ਇਸ ਪਾਵਨ ਅਸਥਾਨ ਦੇ ਸਿਰਜਕ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਚੁਣਿਆ। ਪੇਂਡੂ ਖੇਤਰਾਂ ਸਮੇਤ ਸਾਰੇ ਪੰਜਾਬ ਨੂੰ ਫੌਜ ਦੇ ਹਵਾਲੇ ਕਰਕੇ ਅਤੇ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਕੇ ; ਰੇਲ, ਸੜਕ ਅਤੇ ਹਵਾਈ ਆਵਾਜਾਈ ਬੰਦ ਕਰਕੇ ਤੇ ਹਰ ਤਰ੍ਹਾਂ ਦੇ ਵਾਹਨ ਬੈਲ ਗੱਡੀਆਂ ਅਤੇ ਸਾਈਕਲ ਚਲਾਉਣ ਉਤੇ ਪਾਬੰਦੀ ਲਗਾ ਕੇ, ਬਿਜਲੀ ਦੀ ਸਪਲਾਈ ਤੇ ਟੈਲੀਫੋਨ ਕੱਟ ਕੇ ਅਤੇ ਪ੍ਰੈਸ ਉਤੇ ਸੈਂਸਰ ਲਗਾ ਕੇ ਇਹ ਵਹਿਸ਼ੀਆਨਾ ਹਮਲਾ ਕੀਤਾ ਗਿਆ ਜਿਸ ਦੀ ਹੁਣ ਤੱਕ ਦੇ ਵਿਸ਼ਵ ਇਤਿਹਾਸ ਵਿਚ ਕੋਈ ਮਿਸਾਲ ਨਹੀਂ ਮਿਲਦੀ ਕਿ ਕਿਸੇ ਦੇਸ਼ ਦੀ ਸਰਕਾਰ ਨੇ ਆਪਣੇ ਹੀ ਲੋਕਾਂ ਵਿਸ਼ੇਸ਼ ਕਰਕੇ ਘੱਟ ਗਿਣਤੀ ਕੌਮ ਦੇ ਪ੍ਰਮੁਖ ਧਾਰਮਿਕ ਅਸਥਾਨ ‘ਤੇ ਇਸ ਤਰ੍ਹਾਂ ਫੋਜੀ ਹਮਲਾ ਕੀਤਾ ਹੋਵੇ। ਸ਼ਹੀਦੀ ਪੁਰਬ ਕਾਰਨ ਇਸ ਪਾਵਨ ਅਸਥਾਨ ਦੇ ਦਰਸ਼ਨ ਕਰਨ ਆਈਆਂ ਸ਼ਰਧਾਲੂ ਸੰਗਤਾਂ, ਧਰਮ ਯੁੱਧ ਮੋਰਚੇ ਵਿਚ ਜਿਲਾ ਸੰਗਰੂਰ ਤੇ ਮਾਨਸਾ ਤੋਂ ਆਏ ਅਕਾਲੀ ਵਰਕਾਰਾਂ ਅਤੇ ਕੰਪਲੈਕਸ ਅੰਦਰ ਰਿਹਾਇਸ਼ੀ ਕੁਆਰਟਰਾਂ ਵਿਚ ਰਹਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਾਹਰ ਆਉਣ ਦਾ ਕੋਈ ਸਮਾਂ ਨਾ ਦਿੱਤਾ ਗਿਆ ਅਤੇ ਨਾ ਹੀ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਵਿਚੋਂ ਸੈਂਕੜੇ ਹੀ ਮਾਰੇ ਗਏ। ਸੈਂਕੜੇ ਹੀ ਲੰਮਾ ਸਮਾਂ ਅਕਾਰਨ ਹੀ ਜੇਲ੍ਹਾਂ ਵਿਚ ਬੰਦ ਰ

ਫੌਜੀ ਹਮਲੇ ਦੌਰਾਨ ਸਿੱਖਾਂ ਦਾ ਸਰਵੋਤਮ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕਰ ਦਿੱਤਾ ਗਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਕੰਪਲੈਕਸ ਅੰਦਰ ਸਥਿਤ ਇਮਾਰਤਾਂ ਨੂੰ ਢੇਰ ਸਾਰਾ ਨੁਕਸਾਨ ਪੁੱਜਾ ਅਤੇ ਦਰਸ਼ਨੀ ਡਿਓੜੀ ਉਪਰਲੀ ਛੱਤ ਉਤੇ ਸੁਸ਼ੋਭਿਤ ਇਤਿਹਾਸਿਕ ਤੋਸ਼ਾਖਾਨਾ ਨੂੰ ਵੀ ਭਾਰੀ ਨੁਕਸਾਨ ਹੋਇਆ ਤੇ ਨਿਜ਼ਾਮ ਹੈਦਰਾਬਾਦ ਵੱਲੋਂ ਭੇਂਟ ਕੀਤੀ ਹੀਰੇ ਜਵਾਹਰਾਤ ਨਾਲ ਜੜੀ ਇਤਿਹਾਸਕ ਚਾਨਣੀ ਸੜ ਕੇ ਸੁਆਹ ਹੋ ਗਈ। ਕੰਪਲੈਕਸ ਉਤੇ ਪੂਰੀ ਤਰ੍ਹਾਂ ਕਬਜ਼ਾ ਕਰਨ ਉਪਰੰਤ ਸਿੱਖਾਂ ਦੇ ਧਾਰਮਿਕ, ਇਤਿਹਾਸਕ ਅਤੇ ਅਕਾਦਮਿਕ ਅਮੀਰ ਵਿਰਸੇ-ਸਿੱਖ ਰੈਫਰੈਂਸ ਲਾਇਬ੍ਰੇਰੀ ਜਿਸ ਵਿਚ ਗੁਰੂ ਸਾਹਿਬਾਨ ਦੇ ਹਸਤ ਕਮਲਾਂ ਦੁਆਰਾ ਜਾਰੀ ਅਨੇਕ ਹੁਕਮਨਾਮੇ, ਜਨਮ ਸਾਖੀਆਂ, ਹੱਥ ਲਿਖਤ ਧਾਰਮਿਕ ਸਾਹਿਤ, ਗੁਰਬਾਣੀ ਦੀਆਂ ਪੋਥੀਆਂ, ਇਤਿਹਾਸਕ ਪੁਸਤਕਾਂ ਆਦਿ ਸ਼ਾਮਿਲ ਸਨ, ਨੂੰ ਅੱਗ ਲਗਾ ਦਿੱਤੀ ਗਈ, ਜਿਸ ਦੀ ਪੂਰਤੀ ਹੋ ਹੀ ਨਹੀਂ ਸਕਦੀ।

ਗੱਲ ਇਸ ਹਮਲੇ ਉਤੇ ਹੀ ਨਹੀਂ ਮੁੱਕੀ। ਪੰਜਾਬ ਦੇ ਅਨੇਕਾਂ ਹੋਰ ਇਤਿਹਾਸਕ ਗੁਰਦੁਆਰਿਆਂ ਅੰਦਰ ਫੌਜੀ ਕਾਰਵਾਈ ਕੀਤੀ ਗਈ। “ਅਪਰੇਸ਼ਨ ਵੁੱਡਰੋਜ਼” ਅਧੀਨ ਪੰਜਾਬ ਦੇ ਪਿੰਡਾਂ ਵਿਚ ਜ਼ੁਲਮ ਤਸ਼ੱਦਦ, ਦਹਿਸ਼ਤ ਅਤੇ ਵਹਿਸ਼ਤ ਦਾ ਇਕ ਦੌਰ ਸ਼ੁਰੂ ਕੀਤਾ ਗਿਆ ਅਤੇ ਸਿੱਖ ਨੌਜਵਾਨਾਂ ਦਾ ਸ਼ਿਕਾਰ ਕੀਤਾ ਜਾਣ ਲੱਗਾ। ਕਥਿਤ ਅਤਿਵਾਦ ਨੂੰ ਕਾਬੂ ਕਰਨ ਦੇ ਨਾਂ ਹੇਠ ਟਾਡਾ ਵਰਗੇ ਕਾਲੇ ਕਾਨੂੰਨ ਬਣਾਏ ਗਏ। ਸ੍ਰੀਮਤੀ ਗਾਂਧੀ ਦੀ ਦੁਖਦਾਈ ਹੱਤਿਆ ਪਿੱਛੋਂ ਜਿਸ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਦਾ ਦਿੱਲੀ ਤੇ ਕਈ ਹੋਰ ਸ਼ਹਿਰਾਂ ਵਿਚ ਕਈ ਕਾਂਗਰਸੀ ਲੀਡਰਾਂ ਦੀ ਅਗਵਾਈ ਹੇਠ ਹਿੰਸਕ ਭੀੜਾਂ ਵੱਲੋਂ ਕਤਲੇਆਮ ਕੀਤਾ ਗਿਆ, ਘਰਾਂ, ਦੁਕਾਨਾਂ ਤੇ ਹੋਰ ਕਾਰੋਬਾਰੀ ਅਦਾਰਿਆਂ ਨੂੰ ਅੱਗਾਂ ਲਗਾਈਆਂ ਗਈਆਂ, ਬੀਬੀਆਂ ਦੀ ਬੇਪਤੀ ਕੀਤੀ ਗਈ ਤੇ ਸਮੂਹ ਬਲਾਤਕਾਰ ਕੀਤੇ ਗਏ, ਬੱਚਿਆਂ ਤੱਕ ਨੂੰ ਕੋਹ ਕੋਹ ਕੇ ਮਾਰਿਆ ਗਿਆ, ਜਿਸ ਦੀ ਸੱਭਿਅਕ ਸਮਾਜ ਵਿੱਚ ਕਿਧਰੇ ਮਿਸਾਲ ਨਹੀਂ ਮਿਲਦੀ।ਸ੍ਰੀੰਤੀ ਗਾਂਧੀ ਦੇ ਪੁੱਤਰ ਤੇ  ਨਵੇਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਸਿੱਖਾਂ ਦੇ ਇਸ ਵਹਿਸ਼ੀਆਨਾ ਕਤਲੇਆਮ ਨੂੰ ਇਹ ਕਹਿ ਕੇ ਜਾਇਜ਼ ਠਹਿਰਾਇਆ ਕਿ “ਜਦੋਂ ਕੋਈ ਵੱਡਾ ਦਰਖਤ ਡਿਗਦਾ ਹੈ ਤਾਂ ਧਰਤੀ ਹਿੱਲਦੀ ਹੈ।” ਇੰਨ੍ਹਾਂ ਸਾਰੀਆਂ ਹਿੰਸਕ ਘਟਨਾਵਾਂ ਅਤੇ ਜ਼ੁਲਮ ਤਸ਼ੱਦਦ ਵਿਰੁੱਧ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਨੇ ਭਾਰਤੀ ਸ਼ਫਾਰਤਖਾਨਿਆਂ ਅੱਗੇ ਪੁਰਅਮਨ ਰੋਸ ਮੁਜ਼ਾਹਰੇ ਕੀਤੇ, ਉਨ੍ਹਾਂ ਦੇ ਨਾਂਅ “ਕਾਲੀ ਸੂਚੀ ” ਵਿਚ ਦਰਜ਼ ਕਰ ਲਏ ਅਤੇ ਉਨ੍ਹਾਂ ਤੇ ਭਾਰਤ’ਚ ਆਪਣੀ ਜਨਮ ਭੂਮੀ ਆਉਣ ਤੇ ਪਾਬੰਦੀ ਲਗਾ ਦਿੱਤੀ ਗਈ। ਫੌਜੀ ਹਮਲੇ ਅਤੇ ਕਤਲੇਆਮ ਦੀ ਪ੍ਰਤੀਕ੍ਰਿਆ ਵਜ਼ੋਂ ਪੰਜਾਬ ਵਿੱਚ ਲਗਪਗ ਇਕ ਦਹਾਕਾ ਖਾੜਕੂ ਲਹਿਰ ਚੱਲੀ, ਜਿਸ ਕਾਰਨ ਸਮੂਹ ਪੰਜਾਬੀਆਂ ਨੇ ਸੰਤਾਪ ਭੋਗਿਆ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਤੇ ਹੋਏ ਫੌਜੀ ਹਮਲੇ ਨੇ ਸਿੱਖ ਮਾਨਸਿਕਤਾ ਨੂੰ ਗਹਿਰੀ ਠੇਸ ਪਹੁੰਚਾਈ। ਪਤਿਤ ਤੇ ਮੋਨੇ ਸਿੱਖਾਂ ਨੇ ਦਾੜ੍ਹੀ-ਕੇਸ ਰੱਖ ਲਏ ਅਤੇ ਅਤੇ ਅਨੇਕਾਂ ਦਾੜ੍ਹੀ ਕੇਸਾਂ ਵਾਲਿਆਂ ਨੇ ਅੰਮ੍ਰਿਤਪਾਨ ਕਰ ਲਿਆ। ਕਈ ਪ੍ਰਮੁੱਖ ਸ਼ਖਸ਼ੀਅਤਾਂ ਨੇ ਸਰਕਾਰ ਵੱਲੋਂ ਮਿਲੇ ਪਦਮ ਭੂਸ਼ਣ ਤੇ ਪਦਮ ਸ੍ਰੀ ਵਰਗੇ ਖਿਤਾਬ ਵਾਪਸ ਕਰ ਦਿੱਤੇ। ਕਈ ਸਰਕਾਰੀ ਅਫ਼ਸਰ ਅਹੁਦੇ ਤਿਆਗ ਕੇ ਘਰ ਆ ਗਏ। ਫੌਜ ਵਿੱਚ ਕਈ ਥਾਵਾਂ ਤੇ ਸਿੱਖ ਜਵਾਨਾਂ ਨੇ ਬਗਾਵਤ ਕਰ ਦਿੱਤੀ। ਇਸੇ ਰੋਹ ਵਿਚ ਸ੍ਰੀਮਤੀ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ। ਸੰਨ 1984 ਦੇ ਘੱਲੂਘਾਰੇ ਨੂੰ ਜ਼ੁਲਮ ਤਸ਼ੱਦਦ ਤੇ ਦਹਿਸ਼ਤ ਅਤੇ ਵਹਿਸ਼ਤ ਦੇ ਦੌਰ ਨੂੰ ਆਮ ਸਿੱਖਾਂ ਨੇ ਆਪਣੇ ਪਿੰਡੇ ਉਤੇ ਹੰਢਾਇਆ ਹੈ। ਇਥੋਂ ਤੱਕ ਕਿ ਜਿਹੜੇ ਬੱਚੇ ਆਪਣੀ ਮਾਂ ਦੇ ਪੇਟ ਵਿਚ ਸਨ, ਉਨ੍ਹਾਂ ਵੀ ਇਸ ਦਾ ਸੇਕ ਮਹਿਸੂਸ ਕੀਤਾ ਹੋਏਗਾ।

ਅਨੇਕਾਂ ਸਿੱਖ ਸੰਸਥਾਵਾਂ ਤੇ ਪ੍ਰਮੁੱਖ ਸਿੱਖ ਆਗੂ ਮੰਗ ਕਰਦੇ ਆ ਰਹੇ ਹਨ ਕਿ ਕਾਂਗਰਸ ਇਸ ਵਹਿਸ਼ੀਆਨਾ ਫੌਜੀ ਹਮਲੇ ਲਈ ਮੁਆਫੀ ਮੰਗੇ। ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਤਾਂ ਇਹ ਵੀ ਕਹਿੰਦੇ ਰਹੇ ਕਿ ਇਹ ਬੱਜਰ ਪਾਪ ਤੇ ਗੁਨਾਹ ਨਾਕਾਬਲੇ ਮੁਆਫੀ ਹੈ, ਜੇ ਕਾਂਗਰਸ ਮੁਆਫੀ ਵੀ ਮੰਗੇ ਤਾਂ ਵੀ ਮੁਆਫ ਨਹੀਂ ਕਰਨਾ ਚਾਹੀਦਾ।ਅਜ ਕਾਂਗਰਸੀ ਲੀਡਰਾਂ ਸਮੇਤ ਸਾਰੇ ਲੀਡਰ ਇਹ ਕਹਿਣ ਲਗੇ ਹਨ ਕਿ ਇਹ ਹਮਲਾ ਬੇਲੋੜਾ ਸੀ। ਜਿਹੜਾ “ਪੰਜਾਬ ਸਮਝੌਤਾ” ਅਗਲੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ 24 ਜੁਲਾਈ 1985 ਨੂੰ ਕੀਤਾ,ਉਹ ਸ੍ਰੀਮਤੀ ਗਾਂਧੀ ਵੀ ਕਰ ਸਕਦੇ ਸਨ। ਜੇ ਕਰ ਕੰਪਲੈਕਸ਼ ਵਿਚੋਂ ਖਾੜਕੂ ਨੇਤਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਨ੍ਹਾਂ ਦੇ ਸਾਥੀਆਂ ਨੂੰ ਬਾਹਰ ਕੱਢਣਾ ਜਾਂ ਗ੍ਰਿਫਤਾਰ ਕਰਨਾ ਸੀ ਤਾਂ ਇਸ ਦੇ ਹੋਰ ਅਨੇਕਾਂ ਰਸਤੇ ਸਨ।ਮੌਜੂਦਾ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੇ ਇਸ ਹਮਲੇ ਉਤੇ ਖੇਦ” ਪ੍ਰਗਟ ਕੀਤਾ ਹੈ ਅਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪਾਰਲੀਮੈਂਟ ਵਿਚ ਨਵੰਬਰ 84 ਦੇ ਕਤਲੇਆਮ ਲਈ ਭਾਰਤ ਸਰਕਾਰ ਵਲੋਂ ਮੁਆਫੀ ਮੰਗੀ ਹੈ, ਪਰ ਹਾਲੇ ਤਕ ਉਸ ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਿਆ, ਸੱਜਨ ਕੁਮਾਰ ਤੇ ਜਗਦੀਸ਼ ਟਾਈਟਲਰ ਸਮੇਤ ਅਨੇਕਾਂ ਦੋਸ਼ੀ ਦਨਦਨਾਂਦੇ ਫਿਰ ਰਹੇ ਹਨ। ਸਿੱਖ ਤਾਂ ਹਾਲੇ ਤੱਕ ਮੀਰ ਮੰਨੂ, ਜ਼ਕਰੀਆਂ ਖਾਨ ਆਦਿ ਵਰਗਿਆਂ ਦੇ ਜ਼ੁਲਮ ਅਤੇ ਮੱਸੇ ਰੰਘੜ ਅਤੇ ਅਹਿਮਦ ਸ਼ਾਹ ਅਬਦਾਲੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਪਵਿਤਰਤਾ ਭੰਗ ਕਰਨ ਦੀਆਂ ਘਟਨਾਵਾਂ ਵੀਂ ਨਹੀਂ ਭੁੱਲੇ, ਉਹ ਇਸ ਫੋਜੀ ਹਮਲੇ ਨੂੰ ਕਦੀ ਵੀ ਨਹੀਂ ਭੁਲਾ ਸਕਦੇ ।ਕਈ ਵਿਦਵਾਨ ਕਹਿੰਦੇ ਹਨ ਕਿ “ਵਕਤ ਸਾਰੇ ਜ਼ਖਮ ਭਰ ਦਿੰਦਾ ਹੈ, ਫੋਜੀ ਹਮਲਾ 25 ਸਾਲ ਪਹਿਲਾਂ ਹੋਇਆ ਸੀ, ਹੁਣ ਲੋਕ ਭੁੱਲ ਗਏ ਹਨ।” ਕੁਝ ਇਕ ਵਿਦਵਾਨ ਇਹ ਕਹਿੰਦੇ ਹਨ ਕਿ ਸਿੱਖਾਂ ਤੇ ਸ੍ਰੀਮਤੀ ਗਾਂਧੀ ਦੀ ਹੱਤਿਆ ਕਰਕੇ ਸ੍ਰੀ ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਦਾ ਬਦਲਾ ਲੈ ਲਿਆ ਅਤੇ ਹਿਸਾਬ ਕਿਤਾਬ ਬਰਾਬਰ ਹੋ ਗਿਆ ਪਰ ਕੀ ਨਵੰਬਰ 84 ਦੇ ਕਤਲੇਆਮ, ਝੂਠੇ ਪੁਲਿਸ ਮੁਕਾਬਲਿਆਂ ਅਤੇ ਧੀਆਂ ਭੈਣਾਂ ਦੀ ਬੇਪਤੀ ਨੂੰ ਵੀ ਭੁਲਾ ਦਿੱਤਾ ਜਾ ਸਕਦਾ ਹੈ?

ਅਜ ਇਸ ਫੋਜੀ ਹਮਲੇ ਦੇ ਦੁਖਾਂਤ ਨੂੰ 25 ਸਾਲ ਬੀਤ ਚੁਕੇ ਹਨ।ਸਿੱਖਾਂ ਦਾ ਗੁੱਸਾ ਕੁਝ ਘਟਿਆ ਹੈ।ਸਮੇਂ ਦੀ ਮੰਗ ਹੈ ਕਿ ਸਿੱਖ ਲੀਡਰ ਸਾਰੇ ਹਾਲਾਤ ਉਤੇ ਖੁੱਲੇ ਦਿਲ ਨਾਲ ਵਿਚਾਰ ਵਟਾਂਦਰਾ ਕਰਨ ਕਿ ਕੀ ਇਸ ਲਈ ਉਸ ਸਮੇਂ ਦੀ ਸਿੱਖ ਲੀਡਰਸ਼ਿਪ ਵੀ ਕਿਸੇ ਹੱਦ ਤਕ ਜ਼ਿਮੇਵਾਰ ਹੈ, ਕੀ ਪੰਜਾਬ ਵਿਚ ਹਿੰਸਕ ਘਟਨਾਵਾਂ ਵੱਧ ਜਾਣ ‘ਤੇ ਮਰੋਚਾ ਵਾਪਸ ਲਿਆ ਜਾਣਾ ਚਾਹੀਦਾ ਸੀ, ਕੀ ਸਾਂਝੀਵਾਲਤਾ,ਸ਼ਾਂਤੀ ਤੇ ਰੂਹਾਨੀਅਤ ਦੇ ਪਾਵਨ ਕੇਂਦਰ ਸੱਚ ਖਡ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੀ ਪਵਿੱਤ੍ਰਤਾ ਨੂੰ ਕੋਈ ਖਤਰਾ ਸੀ, ਕੀ ਇਸ ਪਾਵਨ ਅਸ਼ਥਾਨ ਦੀ ਕਿਲ੍ਹੇਬੰਦੀ ਤੇ ਮੋਰਚਾਬੰਦੀ ਕਰਨ ਦੀ ਕੋਈ ਲੋੜ ਸੀ, ਕੀ ਪੰਥ-ਵਿਰੋਧੀ ਲੋਕਾਂ ਦੇ ਆਖਣ ਅਨੁਸਾਰ ਇਥੋਂ ਹਿੰਸਾ ਤੇ ਨਫਰਤ ਦਾ ਪ੍ਰਚਾਰਂ ਕੀਤਾ ਜਾ ਰਿਹਾ ਸੀ ? ਆਦਿ ਆਦਿ। ਸਿੱਖ ਵਿਦਵਾਨਾਂ ਅਤੇ ਬੁੱਧੀਜੀਵੀਆਂ ਨੂੰ ਵੀ ਇਨ੍ਹਾਂ ਸਾਰੇ ਪੱਖਾਂ ਉਤੇ ਮੰਥਨ ਕਰਨਾ ਚਾਹੀਦਾ ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>