ਸੰਨ ਚੁਰਾਸੀ ਦਾ ਘਲੂਘਾਰਾ ( ਤਰਜ਼ ਕਵਿਸ਼ਰੀ )

ਦਿਨ ਛੇ ਜੂਨ ਚੁਰਾਸੀ ਦਾ, ਨਾ ਸਿੱਖਾਂ ਤੋਂ ਭੁੱਲਿਆ ਜਾਵੇ ।

ਨਕਸ਼ਾ ਉਸ ਖੁਨੀ ਘਲੂਘਾਰੇ ਦਾ, ਝੱਟ ਅੱਖਾਂ ਸਾਹਵੇਂ ਆਵੇ ।

ਸ਼ਰਧਾ ਦੇ ਫੁੱਲ ਚੜ੍ਹਾਵਣ ਲਈ, ਸੰਗਤਾਂ ਹਰਿਮੰਦਰ ਨੂੰ ਜਾਵਣ ।

ਪਵਿੱਤਰ ਪਾਕ ਸਰੋਵਰ ਵਿੱਚ, ਚੁੱਭੀ ਲਾ ਕੇ ਰੋਗ ਮਿਟਾਵਣ ।

ਸ਼ਾਨੋ ਸ਼ੌਕਤ ਹਰਿਮੰਦਰ ਦੀ, ਨਾ ਪਾਪੀ ਗੰਗੂਆਂ ਤਾਈਂ ਭਾਵੇ ।

ਸਿੱਖੀ ਦੇ ਹਰਿਆਲੇ ਬੂਟੇ ਨੂੰ, ਸਮੇਂ ਦਾ ਹਾਕਮ ਪੁੱਟਣਾ ਚਾਹਵੇ ।

ਜਰਨੈਲ ਸਿੰਘ ਭਿੰਡਰਾਂ ਵਾਲ਼ੇ ਨੇ, ਸਿਰ ਲੱਥ ਜੋਧੇ ਸਿੰਘ ਸਜਾਏ ।

ਨਸ਼ਿਆਂ, ਅਫੀਮਾਂ ,ਚੋਂ ਕੱਢ ਕੇ, ਗਭਰੂ ਗੁਰੂ ਚਰਨਾਂ ਨਾਲ ਲਾਏ ।

ਦੇਖ ਕੇ ਬੋਲ ਬਾਲਾ ਸਿੱਖੀ ਦਾ, ਇੰਦਰਾ ਤੋਂ ਝੱਲ ਨਾ ਹੋਇਆ ।

ਕੂੜ ਸਿਰ ਚ੍ਹੜ ਬੋਲ ਪਿਆ, ਅੰਦਰੋਂ ਗੁੱਸਾ ਠੱ੍ਹਲ ਨਾ ਹੋਇਆ ।

ਨਿਸ਼ਾਨ ਮੀਰੀ ਪੀਰੀ ਦਾ, ਜਿਥੋਂ ਰਹੀ ਸੇਧ ਸਿੱਖਾਂ ਨੂੰ ਮਿਲਦੀ ।

ਔਰੰਗਜ਼ੇਬ ਜੇਹੇ ਜ਼ਾਲਮਾਂ ਦੀ, ਦੇਖ ਕੇ ਰੂਹ ਅੰਦਰੋਂ ਸੀ ਹਿਲਦੀ ।

ਭੈੜੀ ਸੋਚ ਫਿਰਕਾ ਪ੍ਰਸਤੀ ਦੀ, ਹਮੇਸ਼ਾਂ ਰਹੀ ਦਿੱਲੀ ਤੇ ਭਾਰੂ ।

ਸਬਕ ਸਿਖਾਉਣਾ ਸਿੱਖਾਂ ਨੂੰ, ਹੁਣ ਨਹੀਂ ਛੱਡਣਾ ਕੋਈ ਜੁਝਾਰੂ ।

ਅਕਾਲ ਤਖਤ ਨੂੰ ਢਾਉਣੇ ਲਈ, ਭਾਰਤੀ ਫੌਜ ਨੂੰ ਹੁਕਮ ਸੁਣਾਤਾ ।

ਸਿੰਘਾਂ ਨੂੰ ਮਾਰ ਮੁਕਾਉਣੇ ਲਈ, ਉਹਨਾਂ ਜੰਗ ਦਾ ਬਿਗਲ ਵਜਾਤਾ ।

ਅਕਾਲ ਛੰਨਣੀ ਕਰ ਦਿੱਤਾ, ਪਾਪੀ ਜ਼ਾਲਮਾਂ ਕਹਿਰ ਕਮਾਇਆ ।

ਬੁੱਢੇ, ਬੱਚੇ ਵੀ ਨਹੀਂ ਬਖਸ਼ੇ, ਸੱਭ ਨੂੰ ਗੋਲ਼ੀਆਂ ਨਾਲ਼ ਉਡਾਇਆ ।

ਅਮਰੀਕ ਸਿੰਘ, ਸੁਬੇਗ ਸਿੰਘ ਨੇ, ਬੜੇ ਡੱਟ ਕੇ ਜੌਹਰ ਦਿਖਾਏ ।

ਸਿੰਘ ਭੁੱਖੇ ਭਾਣੇ ਰਹਿ ਕੇ ਵੀ, ਨਹੀਂ ਬੰਬਾਂ ਤੋਪਾਂ ਤੋਂ ਘਬਰਾਏ ।

ਜਾਮ ਸ਼ਹਾਦਤ ਦਾ ਪੀ ਗਏ, ਪਰ ਨਹੀਂ ਈਨ ਸੂਰਮਿਆਂ ਮੰਨੀ ।

ਸਿੱਖ ਧਰਮ ਦੀ ਰਾਖੀ ਲਈ, ਫਿਰਦੇ ਕੱਫਣ ਸਿਰਾਂ ਤੇ ਬ੍ਹੰਨੀ ।

ਕਈ ਵਿੱਛੜੇ ਵੀਰੇ ਭੈਣਾਂ ਦੇ, ਕਈ ਪੁੱਤ ਅੰਮੜੀ ਮਾਂ ਦੇ ਜਾਏ ।

ਗਏ ਮੱਥਾ ਟੇਕਣ ਪੁਰਬ ਉੱਤੇ, ਉਹ ਨਾਮੁੜ ਕੇ ਘਰਾਂ ਨੂੰ ਆਏ ।

ਸੁਹਾਗ ਉੱਜੜੇ ਕਈ ਨਾਰਾਂ ਦੇ, ਲੱਥੇ ਸੱਜ ਵਿਆਹੀਆਂ ਦੇ ਚੂੜੇ ।

ਸੱਧਰਾਂ ਦਿਲ ਵਿੱਚ ਰਹਿ ਗਈਆਂ, ਸੱਭ ਰਹਿ ਗਏ ਚਾਅ ਅਧੂਰੇ ।

ਜਰਨੈਲ ਸਿੰਘ ਭਿੰਡਰਾਂ ਵਾਲ਼ੇ ਵੀ, ਲੜਦੇ ਹੋਏ ਸ਼ਹੀਦੀ ਪਾ ਗਏ ।

ਕੁਰਸੀ ਦੇ ਭੁੱਖੇ ਲੀਡਰਾਂ ਨੂੰ, ਉਹ ਬਚਨ ਪੂਰਾ ਕਰ ਦਿਖਲਾ ਗਏ ।

ਮਤਾ ਅੰਨਦਪੁਰ ਸਾਹਿਬ ਦਾ, ਲੀਡਰਾਂ ਜਿਸ ਦਿਨ ਸੀ ਪਕਾਇਆ ।

ਅਰਦਾਸ ਕਰਕੇ ਭਿੰਡਰਾਂ ਵਾਲ਼ੇ ਨੇ, ਮਤਾ ਉਸ ਦਿਨ ਜ੍ਹੇਬੇ ਪਾਇਆ ।

ਬਚਨ ਕੀਤੇ ਉਸ ਦਿਨ ਸੰਤਾਂ ਨੇ, ਆਪਣਾ ਕੀਤਾ ਕੌਲ ਪੁਗਾਉਣਾ ।

ਅਕਾਲੀਆਂ ਭੱਜਣਾਂ ਮਤਿਆਂ ਤੋਂ, ਪਰ ਮੈਂ ਨਹੀਂ ਮਤਾ ਭੁਲਾਉਣਾ ।

ਉਹਨਾਂ ਕਰ ਸੱਚ ਵਿਖਾ ਦਿੱਤਾ, ਜਿੰਦ ਸਿੱਖ ਪੰਥ ਦੇ ਲੇਖੇ ਲਾਈ ।

ਚੌਧਰ ਦੇ ਭੁੱਖੇ ਕਾਲੀ ਲੀਡਰਾਂ ਨੇ, ਸਿੱਖ ਕੌਮ ਨੂੰ ਪਿੱਠ ਦਿਖਾਈ ।

ਜੇ ਅਕਾਲ ਤਖਤ ਰੜਕਦਾ ਸੀ, ਕਿਉਂ ਕੀਤੇ ਬਾਕੀ ਗੁਰੂ ਘਰਾਂ ਤੇ ਹੱਲੇ ।

ਨਿਰਦੋਸ਼ ਨਿਹੱਥੇ ਸਿੰਘ ਫੱੜ ਕੇ, ਅੱਤਵਾਦੀ ਆਖ ਜ੍ਹੇਲਾਂ ਵਿੱਚ ਘੱਲੇ ।

ਕੀ ਸੀ ਦੋਸ਼ ਅਬਲਾਵਾਂ ਦਾ, ਜੋ ਸੀ ਗੁਰਪੁਰਬ ਮਨਾਵਣ ਆਈਆਂ ।

ਗੋਦੀ ਚੁੱਕੇ ਨਾਲ਼ ਨਿੱਕੇ ਬਾਲਾਂ ਦੇ, ਵੈਰੀਆਂ ਮਾਵਾਂ ਮਾਰ ਮੁਕਾਈਆਂ ।

ਪੱਗ ਲਾਹ ਬੁੱਢੇ ਬਜ਼ੁਰਗਾਂ ਦੀ, ਫੌਜੀਆਂ ਪੈਰਾਂ ਦੇ ਵਿੱਚ ਰੋਲ਼ੀ ।

ਸਿੱਖਾਂ ਦੇ ਕੇਸ ਕਤਲ ਕਰਕੇ, ਪਾਪੀਆਂ ਬਾਅਦ ‘ਚ ਮਾਰੀ ਗੋਲ਼ੀ ।

ਜਰਦਾ ਚੱਬ ਕੇ ਥੁੱਕਦੇ ਸੀ, ਬੀੜੀਆਂ ਪ੍ਰਕਰਮਾਂ ਦੇ ਵਿੱਚ ਸੁੱਟੀਆਂ ।

ਕੀਤੇ ਕੁਕਰਮ ਦਰਿੰਦਿਆਂ ਨੇ, ਇੱਜਤਾਂ ਬਹੂ ਬੇਟੀ ਦੀਆਂ ਲੁੱਟੀਆਂ ।

ਜਲ ਪਵਿੱਤਰ ਪਾਕ ਸਰੋਵਰ ਦਾ, ਰੱਤ ਨਾਲ ਗੇਰੂ ਰੰਗ ਸੀ ਹੋਇਆ ।

ਸਰੂਪ ਗੁਰਾਂ ਦਾ ਗੋਲ਼ੀ ਚੀਰ ਗਈ, ਅਖੰਡਪਾਠ ਭੰਗ ਸੀ ਹੋਇਆ ।

ਲਾਇਬਰੇਰੀ ਸਾੜ ਲੁੱਟਿਆ, ਅਜਾਇਬ ਘਰ ‘ਚੋਂ ਅਨਮੋਲ ਖਜ਼ਾਨਾ ।

ਲੁਕੇ ਅਤਿਵਾਦੀ ਫੜਨੇ ਦਾ, ਘੜ ਲਿਆ ਬਰਾੜ ਨੇ ਹੋਰ ਬਹਾਨਾ ।

ਬੇਇਜ਼ਤੀ ਸੋਹਣੇ ਹਰਿਮੰਦਰ ਦੀ, ਨਾ ਸਿੱਖਾਂ ਕੋਲੋਂ ਗਈ ਸਹਾਰੀ ।

ਬੇਅੰਤ,ਸਤਵੰਤ, ਕੇਹਰ ਸਿੰਘ ਦੇ, ਕੇਰਾਂ ਫਿਰ ਗਈ ਦਿਲ ਤੇ ਆਰੀ ।

ਸੌਂਹ ਖਾ ਲਈ ਸੂਰਮਿਆਂ, ਉਹਨਾਂ ਇਕੱਠੇ ਬੈਠ ਕੇ ਮਤਾ ਪਕਾਇਆ ।

ਨਹੀਂ ਪੁੱਤ ਕਲਗੀਆਂ ਵਾਲ਼ੇ ਦੇ, ਜੇ ਨਾ ਪਾਪਣ ਨੂੰ ਮਾਰ ਮੁਕਾਇਆ ।

ਹੋਇਆ ਹੁਕਮ ਅਕਾਲ ਵਲੋਂ, ਜੋਧਿਆਂ ਇੰਦਰਾ ਗਾਂਧੀ ਮਾਰ ਮੁਕਾਈ ।

ਪੱਗ ਲੱਥੀ ਹੋਈ ਸਿੱਖਾਂ ਦੀ, ਸੂਰਿਆਂ ਮੁੜ ਸਿਰ ਤੇ ਰੱਖ ਵਿਖਾਈ ।

ਬੱਚ ਸਕੇ ਨਾ ਸਿੰਘਾਂ ਤੋਂ, ਜਿਸ ਮੱਥਾ ਅਕਾਲ ਤਖਤ ਨਾਲ ਲਾਇਆ ।

ਸਿਰ ਵੱਢਿਆ ਮੱਸੇ ਰੰਘੜ ਦਾ, ਸ਼ੇਰਾਂ ਬੱਕਰੇ ਵਾਂਗ ਝਟਕਾਇਆ ।

ਇਸ ਸਿੱਖੀ ਦੇ ਫਲ਼ਦੇ ਬੂਟੇ ਨੂੰ, ਕਈ ਛਾਂਗਣ ਵਾਲੇ ਤੁਰ ਗਏ ।

ਜ਼ਾਲਮ ਅਬਦਾਲੀ ਵਰਗੇ ਵੀ, ਦੰਦ ਖੱਟੇ ਕਰਵਾ ਕੇ ਮੁੜ ਗਏ ।

ਇਕੱਠੇ ਹੋ ਨਿਸ਼ਾਨ ਸਾਹਿਬ ਥੱਲੇ, ਦਿਨ ਅੱਜ ਦੇ ਕਸਮਾਂ ਖਾਈਏ ।

ਭੇਖੀ ਪੰਖਡੀ ਚੋਲ਼ੇ ਵਾਲ਼ੇ ਸਾਧਾਂ ਦੇ, ਕਦੇ ਨਾ ਚਰਨੀ ਸੀਸ ਨਿਵਾਈਏ ।

ਦਖਲ ਅੰਦਾਜ਼ੀ ਧਰਮ ‘ਚ ਕਰਕੇ, ਭੇਖੀ ਸਾਧੂ ਘੋਲਣ ਕ੍ਹੜੀਆਂ ।

ਕਹਿੰਦੇ ਭੁੱਲ ਕੇ ਬਾਣੀ ਗਰੂਆਂ ਦੀ, ਪੂਜਣ ਲੱਗ ਜਾਓ ਮੜ੍ਹੀਆਂ ।

ਦੂਰ ਪ੍ਰਦੇਸੀਂ ਵੱਸ ਕੇ ਵੀ, ਆਪਣਾ ਧਰਮ ਨਾ ਕਦੇ ਭੁਲਾਉਣਾ ।

ਪੁੱਤ ਹਾਂ ਕਲਗੀਆਂ ਵਾਲ਼ੇ ਦੇ, ਸਿੱਖ ਧਰਮ ਦਾ ਨਾਂ ਚਮਕਾਉਣਾ ।

ਕਈ ਜਨੂੰਨੀ ਗੈਰ ਮਜ੍ਹਬਾਂ ਦੇ, ਸਾਨੂੰ ਨੇ ਕਾਫਰ ਆਖ ਬੁਲਾਉਂਦੇ ।

ਡਰੱਗਾਂ ਦੇ ਕੇ ਸਾਡੇ ਬੱਚਿਆਂ ਨੂੰ, ਪਏ ਧਰਮੋਂ ਅਧਰਮ ਬਣਾਉਂਦੇ ।

ਘਲੂਘਾਰਾ ਸੰਨ ਚੁਰਾਸੀ ਦਾ, ਜੋ ਅੱਜ ਸਾਰੇ ਅਸੀਂ ਮਨਾਈਏ ।

ਸੱਚੀ ਸ਼ਰਧਾਜਲੀ ਤਾਂ ਸ਼ਹੀਦਾਂ ਨੂੰ, ਜੇ ਵਿਰਸਾ ਮੋੜ ਲਿਆਈਏ ।

“ਘੁੰਮਣ” ਗੁਰੂ ਗ੍ਰੰਥ ਸਾਹਿਬ ਬਿਨਾਂ, ਨਹੀਂ ਦੇਹਧਾਰੀ ਗੁਰੂ ਬਨਾਉਣਾ ।

ਬਿਨਾਂ ਗੁਰੂ ਨਾਨਕ ਦੇ ਦਰ ਤੋਂ, ਨਹੀਂ ਕਿਸੇ ਅੱਗੇ ਸੀਸ ਝੁਕਾਉਣਾ ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>