ਸਾਕਾ ਨੀਲਾ ਤਾਰਾ: ਕੀ ਸਿੱਖਾਂ ਨੇ ਕਾਂਗਰਸ ਨੂੰ ਮੁਆਫ ਕਰ ਦਿੱਤਾ ਹੈ?

ਪਿਛਲੇ ਦਿਨੀਂ ਹੋਈਆਂ ਲੋਕ ਸਭਾ ਚੋਣਾ ਦੌਰਾਨ ਸਿੱਖਾਂ ਦੀ ਬਹੁ-ਵਸੋਂ ਵਾਲੇ ਪੰਜਾਬ,ਵਿਚ ਕਾਂਗਰਸ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ।ਇਥੇ 13 ਵਿਚ 8 ਸੀਟਾਂ ਹਾਸਲ ਕੀਤੀਆਂ ਹਨ, ਬਾਕੀ ਪੰਜਾਂ ‘ਤੇ ਡੱਟਵਾਂ ਮੁਕਾਬਲਾ ਕੀਤਾ ਹੈ। ਗੁਆਂਢੀ ਸੂਬੇ ਹਰਿਆਣਾ, ਜਿਥੇ ਕਈ ਸੀਟਾਂ ਤੇ ਸਿੱਖ ਵੋਟ ਪਾਸਾ ਪਲਟ ਸਕਦੇ ਹਨ, ਵਿਚ ਵੀ ਕਾਂਗਰਸ ਨੇ ਦਸ਼ਾਂ ਵਿਚੋਂ ਨੌ ਸੀਟਾਂ ਅਤੇ ਦਿੱਲੀ ਵਿਚ ਸਾਰੀਆਂ 7 ਸੀਟਾਂ ‘ਤੇ ਵੀ ਹੂੰਝਾ ਫੇਰਿਆ ਹੈ।

ਸਾਲ 2007 ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਭਾਵੇਂ ਕਾਂਗਰਸ ਨੂੰ ਹਾਰ ਹੋਈ, ਫਿਰ ਵੀ ਇਸ ਨੇ ਅਕਾਲੀਆਂ ਨੂੰ ਬੜੀ ਫਸਵੀਂ ਟੱਕਰ ਦਿੱਤੀ ਅਤੇ ਉਨ੍ਹਾਂ ਤੋਂ 4-5 ਸੀਟਾਂ ਹੀ ਘਟ ਪ੍ਰਾਪਤ ਕੀਤੀਆਂ। ਫਰਵਰੀ 2002 ਦੌਰਾਨ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਸਪਸ਼ਟ ਬਹੁਮਤ ਪ੍ਰਾਪਤ ਕਰਕੇ ਆਪਣੀ ਸਰਕਾਰ ਬਣਾਈ ਸੀ। ਕਾਂਗਰਸ ਨੇ ਆਪਣੀ ਸਰਕਾਰ ਤਾਂ 1992 ਵਿਚ ਵੀ ਬਣਾਈ ਸੀ ਪਰ ਉਸ ਸਮੇਂ ਪ੍ਰਮੁੱਖ ਅਕਾਲੀ ਧੜਿਆਂ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ। ਪਿਛਲੀਆਂ ਦੋਨੋ ਵਿਧਾਨ ਸਭਾ ਚੋਣਾਂ ਸਮੇਂ ਤਾਂ ਸਖਤ ਮੁਕਾਬਲਾ ਹੋਇਆ ਸੀ। ਚਾਰ ਕੁ ਸਾਲ ਪਹਿਲਾਂ ਹਰਿਆਣਾ ਤੇ ਦਿੱਲੀ, ਵਿਚ ਕਾਂਗਰਸ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ । ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਾਲ 2002 ਅਤੇ 2007 ਵਿਚ ਹੋਈਆਂ ਚੋਣਾਂ ਦੌਰਾਨ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ, ਜਿਨ੍ਹਾਂ ਦੀ ਕਾਂਗਰਸੀ ਲੀਡਰਾਂ ਨਾਲ ਨੇੜਤਾ ਹੈ, ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ।ਇਨ੍ਹਾਂ ਸਾਰੀਆਂ ਚੋਣਾਂ ਦੌਰਾਨ ਅਨੇਕ ਅਕਾਲੀ ਅਤੇ ਕਈ ਪ੍ਰਮੁੱਖ ਸਿੱਖ ਲੀਡਰ ਪੰਜਾਬ ਤੇ ਦਿੱਲੀ ਵਿਚ ਕਾਂਗਰਸ ਦਾ ਖੱਲਮ-ਖੁੱਲਾ ਸਮਰਥਨ ਤੇ ਪ੍ਰਚਾਰ ਕਰਦੇ ਰਹੇ ਹਨ। ਜਾਪਦਾ ਹੈ ਕਿ ਸਿੱਖਾਂ ਨੇ ਕਾਂਗਰਸ ਵਲੋਂ ਉਨ੍ਹਾਂ ਦੇ ਸਰਬੋਤਮ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਉਤੇ ਜੂਨ 1984 ਵਿਚ ਕੀਤਾ ਗਿਆ ਫੌਜੀ ਹਮਲਾ ਤੇ ਨਵੰਬਰ 84 ਵਿੱਚ ਯੋਜਨਾਬੱਧ ਢੰਗ ਨਾਲ ਕੀਤੇ ਗਏ ਕਤਲੇਆਮ ਨੂੰ ਭੁਲਾ ਦਿੱਤਾ ਹੈ ਅਤੇ ਕਾਂਗਰਸ ਨੂੰ ਮੁਆਫ ਕਰ ਦਿਤਾ ਹੈ।ਆਉ ਪਿਛੋਕੜ ਵੱਲ ਝਾਤ ਮਾਰੀਏ।

ਜੂਨ 1984 ਵਿਚ ਟੈਂਕਾਂ, ਤੋਪਾਂ ਅਤੇ ਹੋਰ ਆਧੁਨਿਕ ਹਥਿਆਰਾਂ ਨਾਲ ਲੈਸ ਫੌਜ ਵਲੋਂ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਉਪਰ ਕੀਤਾ ਗਿਆ।ਇਹ ਹਮਲਾ ਵੀਹਵੀਂ ਸਦੀ ਦੌਰਾਨ ਸਿੱਖਾਂ ਲਈ ਸਭ ਤੋਂ ਵੱਡਾ ਦੁਖਾਂਤ ਸੀ।ਇਸ ਹਮਲੇ ਨਾਲ ਜਿੱਥੇ ਵਿਸ਼ਵ ਭਰ ਵਿੱਚ ਰਹਿੰਦੇ ਸਿੱਖਾਂ ਦੇ ਹਿਰਦੇ ਬੁਰੀ ਤਰ੍ਹਾਂ ਵਲੂੰਧਰੇ ਗਏ ਉਥੇ ਸ੍ਰੀਮਤੀ ਗਾਂਧੀ ਨੂੰ ਆਪਣੀ ਜਾਨ ਦੇ ਕੇ ਇਸ ਦੀ ਕੀਮਤ ਤਾਰਨੀ ਪਈ।

ਸ੍ਰੀ ਦਰਬਾਰ ਸਾਹਿਬ ਉਤੇ ਇਸ ਹਮਲੇ ਲਈ ਸਮਾਂ ਸ੍ਰੀਮਤੀ ਗਾਂਧੀ ਨੇ ਪਿਆਰ, ਅਮਨ ਤੇ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਚੁਣਿਆ,ਜਦੋਂ ਹਜ਼ਾਰਾਂ ਹੀ ਸ਼ਰਧਾਲੂ ਇਥੇ ਮੱਤਾ ਟੇਕਣ ਤੇ ਸਹੀਦੀ ਪਰਬ ਵਿਚ ਸ਼ਾਮਿਲ ਹੋਣ ਆਏ ਹੋਏ ਸਨ। ਸਾਰੇ ਪੰਜਾਬ ਨੂੰ ਫੌਜ ਦੇ ਹਵਾਲੇ ਕਰਕੇ ਅਤੇ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਕੇ, ਰੇਲ, ਸੜਕ ਅਤੇ ਹਵਾਈ ਆਵਾਜਾਈ ਬੰਦ ਕਰਕੇ ਤੇ ਹਰ ਤਰ੍ਹਾਂ ਦੇ ਵਾਹਨ ਚਲਾਉਣ ਉਤੇ ਪਾਬੰਦੀ ਲਗਾ ਕੇ, ਬਿਜਲੀ ਦੀ ਸਪਲਾਈ ਤੇ ਟੈਲੀਫੋਨ ਕੱਟ ਕੇ ਅਤੇ ਪ੍ਰੈਸ ਉਤੇ ਸੈਂਸਰ ਲਗਾ ਕੇ ਇਹ ਵਹਿਸ਼ੀਆਨਾ ਹਮਲਾ ਕੀਤਾ ਗਿਆ ਜਿਸ ਦੀ ਹੁਣ ਤੱਕ ਦੇ ਵਿਸ਼ਵ ਇਤਿਹਾਸ ਵਿਚ ਕੋਈ ਮਿਸਾਲ ਨਹੀਂ ਮਿਲਦੀ ਕਿ ਕਿਸੇ ਦੇਸ਼ ਦੀ ਸਰਕਾਰ ਨੇ ਆਪਣੇ ਹੀ ਲੋਕਾਂ ਵਿਸ਼ੇਸ਼ ਕਰਕੇ ਘੱਟ ਗਿਣਤੀ ਕੌਮ ਤੇ ਇਸ ਤਰ੍ਹਾਂ ਫੋਜੀ ਹਮਲਾ ਕੀਤਾ ਹੋਵੇ। ਸ਼ਹੀਦੀ ਪੁਰਬ ਕਾਰਨ ਇਸ ਪਾਵਨ ਸਥਾਨ ਦੇ ਦਰਸ਼ਨ ਕਰਨ ਆਈਆਂ ਸ਼ਰਧਾਲੂ ਸੰਗਤਾਂ, ਧਰਮ ਯੁੱਧ ਮੋਰਚੇ ਵਿਚ ਜਿਲਾ ਸੰਗਰੂਰ ਤੇ ਮਾਨਸਾ ਤੋਂ ਆਏ ਅਕਾਲੀ ਵਰਕਾਰਾਂ ਅਤੇ ਕੰਪਲੈਕਸ ਅੰਦਰ ਰਿਹਾਇਸ਼ੀ ਕੁਆਟਰਾਂ ਵਿਚ ਰਹਿ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਾਹਰ ਆਉਣ ਦਾ ਕੋਈ ਸਮਾਂ ਨਾ ਦਿਤਾ ਗਿਆ ਜਿਸ ਕਾਰਨ ਉਨ੍ਹਾਂ ਵਿਚੋਂ ਸੈਂਕੜੇ ਹੀ ਮਾਰੇ ਗਏ। ਸੈਂਕੜੇ ਹੀ ਲੰਮਾ ਸਮਾਂ ਅਕਾਰਨ ਹੀ ਜੇਲ੍ਹਾਂ ਵਿਚ ਬੰਦ ਰਹੇ।

ਫੌਜੀ ਹਮਲੇ ਦੌਰਾਨ ਸਿੱਖਾਂ ਦਾ ਸਰਵੋਤਮ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕਰ ਦਿੱਤਾ ਗਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਕੰਪਲੈਕਸ ਅੰਦਰ ਸਥਿਤ ਇਮਾਰਤਾਂ ਨੂੰ ਢੇਰ ਸਾਰਾ ਨੁਕਸਾਨ ਪੁਜਾ। ਪੰਜਾਬ ਦੇ ਅਨੇਕਾਂ ਹੋਰ ਇਤਿਹਾਸਕ ਗੁਰਦੁਆਰਿਆਂ ਅੰਦਰ ਫੌਜੀ ਕਾਰਵਾਈ ਕੀਤੀ ਗਈ।ਪਿੰਡਾਂ ਵਿਚ ਜ਼ੁਲਮ ਤਸ਼ੱਦਦ, ਦਹਿਸ਼ਤ ਅਤੇ ਵਹਿਸ਼ਤ ਦਾ ਦੌਰ ਸ਼ੁਰੂ ਕੀਤਾ ਗਿਆ ਅਤੇ ਸ਼ੱਕੀ ਸਿੱਖ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਜਾਣ ਲਗਾ ਜਿਸ ਕਾਰਨ ਘਬਰਾ ਕੇ ਬੜੇ ਨੌਜਵਾਨ ਪਾਕਿਸਤਾਨ ਚਲੇ ਗਏ।ਅਕਾਲੀ ਲੀਡਰਾਂ ਨੂੰ ਗ੍ਰਿਫਤਾਰ ਕਰਕੇ ਦੂਰ ਦੁਰਾਡੀਆਂ ਜੇਲ੍ਹਾਂ ਵਿਚ ਨਜ਼ਰਬੰਦ ਕਰ ਦਿਤਾ ਗਿਆ।

ਅਕਾਲੀ ਲੀਡਰਾਂ ਸਮੇਤ ਅਨੇਕਾਂ ਸਿੱਖ ਆਗੂ ਮੰਗ ਕਰਦੇ ਆ ਰਹੇ ਹਨ ਕਿ ਕਾਂਗਰਸ ਇਸ ਫੌਜੀ ਹਮਲੇ ਲਈ ਮੁਆਫੀ ਮੰਗੇ। ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਤਾਂ ਇਹ ਵੀ ਕਹਿੰਦੇ ਰਹੇ ਕਿ ਇਹ ਬੱਜਰ ਪਾਪ ਤੇ ਗੁਨਾਹ ਨਾਕਾਬਲੇ ਮੁਆਫੀ ਹੈ, ਜੇ ਕਾਂਗਰਸ ਮੁਆਫੀ ਵੀ ਮੰਗੇ ਤਾਂ ਵੀ ਮੁਆਫ ਨਹੀਂ ਕਰਨਾ ਚਾਹੀਦਾ। ਪਰ ਹਾਲੇ ਤੱਕ ਕਾਂਗਰਸ ਨੇ ਇਸ “ਗਲਤੀ” ਲਈ ਮੁਆਫੀ ਮੰਗੀ ਹੀ ਨਹੀਂ। 1999 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ ਨੇ 1984 ਦੀਆਂ ਘਟਨਾਵਾਂ ਨੂੰ “ਮੰਦਭਾਗਾ” ਕਰਾਰ ਦੇ ਕੇ ਅਫਸੋਸ ਜ਼ਰੂਰ ਪ੍ਰਗਟ ਕੀਤਾ ਸੀ ਪਰ ਮੁਆਫੀ ਨਹੀਂ ਮੰਗੀ।ਮੌਜੂਦਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੇ ਬੈਨਰਜੀ ਕਮੇਟੀ ਦੀ ਰੀਪੋਰਟ ਆਉਣ ਉਤੇ ਨਵੰਬਰ 84 ਦੇ ਕਤਲੇਆਮ ਲਈ ਪਾਰਲੀਮੈਂਟ ਵਿਚ ਸਰਕਾਰ ਵਲੋਂ ਜ਼ਰੂਰ ਮੁਆਫੀ ਮੰਗੀ ਸੀ।

ਪੰਜਾਬ ਵਿਚ ਕਾਂਗਰਸ ਦੀ ਰਾਜਸੀ ਸ਼ਕਤੀ ਤੋ ਕੀ ਇਹ ਸਮਝਿਆ ਜਾਏ ਕਿ ਸਿੱਖਾਂ ਨੇ ਕਾਂਗਰਸ ਨੂੰ “ਮੁਆਫ” ਕਰ ਦਿੱਤਾ ਹੈ? ਕੀ ਸਿੱਖਾਂ ਨੇ ਸ੍ਰੀ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਅਤੇ ਨਵੰਬਰ 84 ਦੇ ਕਤਲੇਆਮ ਨੂੰ ਭੁਲਾ ਦਿਤਾ ਹੈ? ਇਸ ਦਾ ਜਵਾਬ ਬੜਾ ਹੀ ਔਖਾ ਹੈ ਅਤੇ ਹਰ ਸਿੱਖ ਵਿਦਵਾਨ ਤੇ ਬੁੱਧੀਜੀਵੀ ਦੇ ਵੱਖ ਵੱਖ ਵਿਚਾਰ ਹਨ। ਧਰਾਤਲ ਉਤੇ ਦੇਖਣ ਤੋਂ ਤਾਂ ਇਹੋ ਹੀ ਜਾਪਦਾ ਹੈ ਕਿ ਸਿੱਖਾਂ ਨੇ 1984 ਦੇ ਘੱਲੂਘਾਰਿਆਂ ਨੂੰ ਭੁਲਾ ਦਿੱਤਾ ਹੈ ਅਤੇ ਕਾਂਗਰਸ ਨੂੰ ਮੁਆਫ ਕਰ ਦਿੱਤਾ ਹੈ।ਇਸ ਲੇਖਕ ਨੇ ਅਨੇਕ ਸਿੱਖ ਵਿਦਵਾਨਾਂ ਤੇ ਬੁੱਧੀਜੀਵਿੀਆਂ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਚੋਂ ਬਹੁਤਿਆਂ ਦਾ ਖਿਆਲ ਹੈ ਕਿ ਸਿੱਖਾਂ ਨੇ ਕਾਂਗਰਸ ਨੂੰ ਮੁਆਫ ਨਹੀਂ ਕੀਤਾ, ਨਾ ਹੀ 1984 ਦਆਂਿ ਹਿਰਦੇਵੇਦਕ ਘਟਨਾਵਾਂ ਨੂੰ ਭੁੱਲੇ ਹਨ। ਸਿੱਖ ਤਾਂ ਹਾਲੇ ਤੱਕ ਮੀਰ ਮੰਨੂ, ਜ਼ਕਰੀਆਂ ਖਾਨ ਵਰਗਿਆਂ ਦੇ ਜ਼ੁਲਮ ਅਤੇ ਮੱਸੇ ਰੰਘੜ ਅਤੇ ਅਹਿਮਦ ਸ਼ਾਹ ਅਬਦਾਲੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਪਵਿਤਰਤਾ ਭੰਗ ਕਰਨ ਦੀਆਂ ਘਟਨਾਵਾਂ ਵੀ ਨਹੀਂ ਭੁੱਲੇ।ਕਈ ਵਿਦਵਾਨ ਕਹਿੰਦੇ ਹਨ ਕਿ “ਵਕਤ ਸਾਰੇ ਜ਼ਖਮ ਭਰ ਦਿੰਦਾ ਹੈ, ਫੋਜੀ ਹਮਲਾ 25 ਸਾਲ ਪਹਿਲਾਂ ਹੋਇਆ ਸੀ, ਹੁਣ ਲੋਕ ਭੁੱਲ ਗਏ ਹਨ।” ਕੁਝ ਇਕ ਵਿਦਵਾਨ ਇਹ ਕਹਿੰਦੇ ਹਨ ਕਿ ਸਿੱਖਾਂ ਤੇ ਸ੍ਰੀਮਤੀ ਗਾਂਧੀ ਦੀ ਹੱਤਿਆ ਕਰਕੇ ਸ੍ਰੀ ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਦਾ ਬਦਲਾ ਲੈ ਲਿਆ ਅਤੇ ਹਿਸਾਬ ਕਿਤਾਬ ਬਰਾਬਰ ਹੋ ਗਿਆ। ਕਈ ਵਿਦਵਾਨ ਇਹ ਵੀ ਕਹਿੰਦੇ ਹਨ ਕਿ ਸਿੱਖਾਂ ਨੂੰ ਹੁਣ ਆਪਣੀ ਚੜ੍ਹਦੀ ਕਲਾ ਲਈ ਅੱਗੇ ਭਵਿੱਖ ਵਲ ਦੇਖਣਾ ਚਾਹੀਦਾ ਹੈ, 84 ਦੇ ਪੀੜਤ ਪਰਿਵਾਰਾਂ ਦੇ ਸੁਚੱਜੇ ਪੁਨਰਵਾਸ ਤੇ ਬੱਚਿਆਂ ਦੀ ਚੰਗੇਰੀ ਪੜ੍ਹਾਈ ਵਲ ਧਿਆਨ ਦੇਣਾ ਚਾਹੀਦਾ ਹੈ।

ਸਿੱਖਾਂ ਨੇ ਕਾਂਗਰਸ ਨੂੰ ਮੁਆਫ ਕੀਤਾ ਹੈ ਜਾਂ ਨਹੀਂ, ਇਹ ਇਕ ਵੱਖਰਾ ਵਿਸ਼ਾ ਹੈ ਪਰ ਇਕ ਗੱਲ ਜ਼ਰੂਰ ਹੈ ਕਿ ਹੁਣ ਸਿੱਖ ਮਾਨਸਿਕਤਾ ਵਿੱਚ ਕਾਂਗਰਸ ਵਿਰੁੱਧ ਪਹਿਲਾਂ ਵਾਲਾ ਰੋਸ, ਰੋਹ ਅਤੇ ਕੁੜਿੱਤਣ ਨਹੀਂ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀਵਲੋਂ ਆਪਣੀ ਥਾਂ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਸਿੱਖਾਂ ‘ਤੇ ਬਹੁਤ ਚੰਗਾ ਅਸਰ ਹੋਇਆ ਹੈ। ਡਾ. ਮਨਮੋਹਨ ਸਿੰਘ ਇਕ ਵਿਸ਼ਵ ਪ੍ਰਸਿੱਧ ਅਰਥ ਸਾਸ਼ਤਰੀ ਹਨ, ਉਹ ਬਹੁਤ ਹੀ ਇਮਾਨਦਾਰ, ਸਾਊ ਤੇ ਸਨਿਮਰ ਸੁਭਾਅ ਵਾਲੇ ਹਨ।ਉਨ੍ਹਾ ਕਾਰਨ ਵਿਸ਼ਵ ਭਰ’ਚ ਸਿੱਖਾਂ ਦਾ ਅੱਕਸ  ਚੰਗਾ ਹੋਇਆ ਹੈ ਅਤੇ ਮਾਣ ਸਤਿਕਾਰ ਵੱਧਿਆ ਹੈ। ਪਿਛਲੀਆਂ ਲੋਕ ਸਭਾ ਚੋਣਾਂ ਦਰਾਨ ਵਧੇਰੇ ਸਿੱਖਾਂ ਵਿਸ਼ੇਸ਼ ਕਰ ਕੇ ਬੁਧੀਜੀਵੀ ਤੇ ਸ਼ਹਿਰੀ ਵਰਗ ਨੇ ਡਾ. ਮਨਮੋਹਨ ਸਿੰਘ ਨੂੰ ਦੂਜੀ ਵਾਰੀ ਪ੍ਰਧਾਨ ਮੰਤਰੀ ਬਣਾਉਣ ਲਈ ਕਾਂਗਰਸ ਨੂੰ ਵੋਟਾਂ ਪਾਈਆਂ ਹਨ।ਵੈਸੇ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਅਕਾਲੀ ਖੁਦ ਜ਼ਿਮੇਵਾਰ ਹਨ।ਸਾਲ 1984 ਦੀਆਂ ਘਟਣਾਵਾਂ ਪਿਛੋਂ ਪੰਜਾਬ ਵਿਚ ਕਾਂਗਰਸ ਇਕ ਤਰਾਂ ਨਾਲ ਖਤਮ ਹੋਣ ਕਿਨਾਰੇ ਸੀ,ਵਿਸ਼ੇਸ਼ ਕਰ ਕੇ ਪੇਂਡੂ ਖੇਤਰਾਂ ਵਿਚ।ਫਰਵਰੀ 1992 ਦੀਆਂ ਚੋਣਾਂ ਸਮੇਂ ਅਕਾਲੀਆਂ ਨੇ ਬਾਈਕਾਟ ਕਰ ਕੇ ਪੰਜਾਬ ਦੀ ਹਕੂਮਤ ਕਾਂਗਰਸ ਨੂੰ ਥਾਲੀ ਵਿਚ ਪਰੋਸ ਕੇ ਪੇਸ਼ ਕੀਤੀ। ਪਿੰਡਾਂ ਵਿੱਚ ਧੜੇਬੰਦੀ ਹੁੰਦੀ ਹੈ, ਬੇਅੰਤ ਸਿੰਘ ਸਰਕਾਰ ਨੇ ਪੰਚਾਇਤ ਚੋਣਾ ਸਮੇਂ ਇਸ ਦਾ ਫਾਇਦਾ  ਉਠਾਇਆ।ਫਰਵਰੀ 2002 ਦੀਆਂ ਚੋਣਾਂ ਸਮੇਂ ਬਾਦਲ-ਟੋਹੜਾ ਦੀ ਆਪਸੀ ਲੜਾਈ ਕਾਰਨ ਸਿੱਖ ਵੋਟਾਂ ਵੰਡੀਆਂ ਗਈਆਂ ਜਿਸ ਕਾਰਨ ਕਾਂਗਰਸ ਸੱਤਾ ਵਿਚ ਆ ਗਈ।ਵੈਸੇ ਅਕਾਲੀਆਂ ਨੂੰ ਵੀ 84 ਦਾ ਘਲੂਘਾਰਾ ਕੇਵਲ ਚੋਣਾਂ ਸਮੇਂ ਹੀ ੁਸਿੱਖਾਂ ਦੀਆਂ ਵੋਟਾਂ ਲੈਣ ਲਈ ਯਾਦ ਆਉਂਦਾ ਹੈ, ਸ਼ਾਇਦ ਇਸੇ ਕਾਰਨ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ 84 ਦੀਆਂ ਘਟਨਾਵਾਂ ‘ਤੇ “ਦੁਕਾਨਦਾਰੀ” ਨਹੀਂ ਕਰਨੀ ਚਾਹੀਦੀ।

ਮੇਰੇ ਆਪਣੇ ਵਿਚਾਰਾਂ ਅਨੁਸਾਰ ਸਿੱਖਾਂ ਨੇ ਬਹੁਤ ਹੱਦ ਤੱਕ 1984 ਦੀਆਂ ਹਿਰਦੇਵੇਦਕ ਘਟਨਾਵਾਂ ਭੁਲਾ ਦਿੱਤੀਆਂ ਹਨ ਅਤੇ ਇਨ੍ਹਾਂ ਲਈ ਜ਼ਿੰਮੇਵਾਰ ਕਾਂਗਰਸ ਨੂੰ ਮੁਆਫ ਕਰ ਦਿੱਤਾ ਹੈ। ਹੁਣ ਸਮੇਂ ਦੀ ਮੰਗ ਹੈ ਕਿ ਜਿੱਥੇ ਸਿੱਖ ਲੀਡਰ ਸਾਰੇ ਹਾਲਾਤ ਉਤੇ ਖੁੱਲੇ ਦਿਲ ਨਾਲ ਵਿਚਾਰ ਵਟਾਂਦਰਾ ਕਰਨ, ਉਥੇ ਸਿੱਖ ਵਿਦਵਾਨਾਂ ਅਤੇ ਬੁੱਧੀਜੀਵੀਆਂ ਨੂੰ ਵੀ ਮੰਥਨ ਕਰਨਾ ਚਾਹੀਦਾ ਹੈ। ਡਾ: ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣ ਜਾਣ ਤੇ ਸਿੱਖਾਂ ਦਾ ਕਾਂਗਰਸ ਪ੍ਰਤੀ ਗੁੱਸਾ ਕੁਝ ਘੱਟ ਗਿਆ ਹੈ।ਸ੍ਰੀਮਤੀ ਸੋਨੀਆਂ ਗਾਂਧੀ ਨੇ ਆਪਣੇ ਪਤੀ ਤੁ ਸੱਸ ਵਾਂਗ ਸਿੱਖਾਂ ਨੂੰ ਨਾਰਾਜ਼ ਕਰਨ ਵਾਲੀ ਕੋਈ ਗਲ ਨਹੀਂ ਕੀਤੀ,ਸਗੋਂ ਅਕਸਰ ਸਿੱਖਾਂ ਨਾਲ ਟਕਰਾਅ ਵਾਲੀ ਸਥਿਤੀ ਤੋਂ ਬਚਣ ਦਾ ਹੀ ਯਤਨ ਕੀਤਾ ਹੈ।ਇਨ੍ਹਾਂ ਚੋਣਾਂਓ ਦੌਰਾਨ ਸੋਨੀਆ ਗਾਂਧੀ ਦੇ ਪੁੱਤਰ ਰਾਹੁਲ ਗਾਂਧੀ ਨੇ ਵੀ ਜਿਥੇ 84 ਦੀਆਂ ਘਟਨਾਵਾਂ ‘ਤੇ ਅਫਸੋਸ਼ ਪ੍ਰਗਟ ਕੀਤਾ,ਉਥੇ ਡਾ. ਮਨਮੋਹਨ ਸਿੰਘ ਨੂੰ ਸਿੱਖਾਂ, ਪੰਜਾਬ ਤੇ ਦੇਸ਼ ਦੀ ਸ਼ਾਨ ਕਰਾਰ ਦਿਤਾ, ਜਿਸ ਦਾ ਸਿੱਖਥ ‘ਤੇ ਸੁਖਾਵਾਂ ਪ੍ਰਭਾਵ ਪਿਆ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>