ਜੂਨ 1984 ਦੇ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਿੰਘਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸਰਧਾਂਜਲੀ ਭੇਟ

ਅੰਮ੍ਰਿਤਸਰ: – ਸਿੱਖ ਜਗਤ ਦੀ ਆਨ ਤੇ ਸ਼ਾਨ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਜੂਨ 1984 ’ਚ ਸਮੇਂ ਦੇ ਹਾਕਮਾਂ ਵਲੋਂ ਕੀਤੇ ਫੌਜੀ ਹਮਲੇ ਦੌਰਾਨ ਗੁਰਧਾਮਾਂ ਦੀ ਅਜ਼ਮਤ ਤੇ ਸਿੱਖ ਧਰਮ ਦੀ ਖਾਤਰ ਜੂਝਦਿਆਂ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਯਾਦ ਨੂੰ ਸਮਰਪਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਿੱਖ ਜਗਤ ਵਲੋਂ ਕੌਮੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸ਼ਹੀਦਾਂ ਦੇ ਵਾਰਸਾਂ ਨੂੰ ਸਨਮਾਨਤ ਕੀਤਾ ਗਿਆ।

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵਲੋਂ ਕੌਮੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਿੱਖ ਕੌਮ ਦੇ ਸ਼ਾਨਾ-ਮੱਤੇ ਇਤਿਹਾਸ ’ਤੇ ਚਾਨਣਾ ਪਾਉਂਦਿਆਂ ਸਿੱਖ ਕੌਮ ਦੇ ਨਾਮ ਜਾਰੀ ਸੰਦੇਸ਼ ’ਚ ਕਿਹਾ ਕਿ ਗੁਰਧਾਮਾਂ ਦੀ ਸੇਵਾ ਸੰਭਾਲ, ਖਾਲਸੇ ਦਾ ਆਦਰਸ਼ ਹੈ। ਨਿੱਤ ਅਰਦਾਸ ਜੋਦੜੀ ਕਰਦਿਆਂ ਪੂਰੀ ਦੁਨੀਆਂ ਵਿਚ ਫੈਲੇ ਗੁਰਸਿੱਖਾਂ ਵਲੋਂ ਇਹ ਦਾਤ ਵਾਹਿਗੁਰੂ ਜੀ ਪਾਸੋਂ ਮੰਗੀ ਜਾਂਦੀ ਹੈ ਤੇ ਪੂਰੇ ਸਿੱਖੀ ਸਿਦਕ ਨਾਲ ਇਸ ਨੂੰ ਨਿਭਾਉਣ ਦਾ ਪ੍ਰਣ ਹਰ ਸਵੇਰ-ਸ਼ਾਮ ਦੁਹਰਾਇਆ ਜਾਂਦਾ ਹੈ। ਸਮੇਂ ਦੀਆਂ ਕੂੜ ਸਰਕਾਰਾਂ ਕਾਲ ਦੇ ਵਕਤੀ ਜਜ਼ਬਿਆਂ ਵਿਚ ਕੈਦ ਹੋ ਕੇ ਅਕਾਲੀ ਚੇਤਨਾ ਨੂੰ ਖੁੰਡਾ ਕਰਨ ਦੀ ਸਾਜਿਸ਼ ਤਹਿਤ ਅਨੇਕਾਂ ਵਾਰ ਹਮਲਾਵਰ ਬਣ ਕੇ ਆਬੇ-ਹਯਾਤ ਦੇ ਚਸ਼ਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਫੌਲਾਦੀ ਸ਼ਕਤੀ ਦੇ ਸੋਮੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਵਧਦੀਆਂ ਰਹੀਆਂ ਹਨ। ਪਰ ਕੌਮੀ ਪ੍ਰਵਾਨਿਆਂ ਨੇ ਗੁਰੂ ਦੇ ਓਟ ਆਸਰੇ ਸਦਕਾ ਡਟਵਾਂ ਮੁਕਾਬਲਾ ਕਰਕੇ ਸ਼ਹੀਦੀਆਂ ਪ੍ਰਾਪਤ ਕਰਦਿਆਂ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਉਂਦਿਆਂ ਉਨ੍ਹਾਂ ਦੇ ਘਿਰਣਤ ਨਾਪਾਕ ਮਨਸੂਬੇ ਨਾਕਾਮ ਕੀਤੇ।

ਉਨ੍ਹਾਂ ਕਿਹਾ ਕਿ ਮੁਗਲ ਕਾਲ ਤੋਂ ਲੈ ਕੇ ਅੰਗਰੇਜ਼ ਹਕੂਮਤ ਤਕ ਸਿੱਖਾਂ ਉਪਰ ਢਾਹੇ ਜ਼ੁਲਮੋਂ-ਸਿਤਮ ਦੀ ਲੰਮੀ ਦਾਸਤਾਨ ਰਹੀ ਹੈ ਪਰ ਆਜ਼ਾਦ ਭਾਰਤ ਦੀ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਆਈਆਂ ਸੰਗਤਾਂ, ਬੀਬੀਆਂ, ਬੱਚਿਆਂ ਨੂੰ ਭਾਰਤੀ ਫੌਜਾਂ ਵਲੋਂ ਟੈਂਕਾਂ ਹੇਠ ਦਰੜ, ਗੋਲੀਆਂ ਨਾਲ ਭੁੰਨ ਹਿਟਲਰ ਵਲੋਂ ਢਾਹੇ ਗਏ ਜ਼ੁਲਮਾਂ ਨੂੰ ਵੀ ਸ਼ਰਮਸਾਰ ਕਰਨ ਵਾਲੇ ਸਾਕੇ ਨੂੰ ਸਰ-ਅੰਜਾਮ ਦਿੱਤਾ ਹੈ। ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਖ਼ਾਲਸਾ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਅਤੇ ਬਾਬਾ ਠਾਹਰਾ ਸਿੰਘ ਸਮੇਤ ਅਨੇਕ ਸਿਰਲੱਥ ਸੂਰਮਿਆਂ ਨੇ ਸਿੱਖੀ ਦੇ ਰੂਹਾਨੀਅਤ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਅਤੇ ਭਗਤੀ-ਸ਼ਕਤੀ ਦੇ ਸਰੋਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਨ੍ਹਾਂ ਕਿਹਾ ਕਿ ਸਮੇਂ ਦੀ ਜ਼ਾਲਮ ਸਰਕਾਰ ਵਲੋਂ ਬੇ-ਗੁਨਾਹਾਂ ਉਪਰ ਕੇਸ ਬਣਾ ਕੇ ਜੇਲਾਂ ਵਿਚ ਸੁੱਟ ਦਿੱਤਾ, ਜੋ ਅਜੇ ਵੀ ਜੇਲ੍ਹ ਦੀਆਂ ਕਾਲ-ਕੋਠੜੀਆਂ ਵਿਚ ਜਿੰਦਗੀ ਦੀਆਂ ਕਾਲੀਆਂ ਰਾਤਾਂ ਗਿਣ-ਗਿਣ ਸਮਾਂ ਕੱਟ ਰਹੇ ਹਨ। ਜਿੰਨ੍ਹਾਂ ਦੀ ਬੰਦ-ਖਲਾਸੀ ਕਰਾਉਣ ਵੱਲ ਕਿਸੇ ਵੀ ਸਰਕਾਰ ਵਲੋਂ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਉਨ੍ਹਾਂ ਦੀ ਰਿਹਾਈ ਲਈ ਜ਼ਰੂਰੀ ਕਦਮ ਚੁੱਕੇ ਅਤੇ ਲੰਮੀ ਕੈਦ ਭੋਗ ਚੁੱਕੇ ਨੌਜਵਾਨ ਜੋ ਹੁਣ ਬਜ਼ੁਰਗੀ ਵਿਚ ਪੈਰ ਰੱਖ ਰਹੇ ਹਨ, ਨੂੰ ਤੁਰੰਤ ਰਿਹਾਅ ਕਰਾਏ। ਉਨ੍ਹਾਂ ਹੋਰ ਕਿਹਾ ਕਿ ਨਵੰਬਰ 1984 ਵਿਚ ਦਿੱਲੀ ਅਤੇ ਦੇਸ਼ ਦੇ ਹੋਰ ਸ਼ਹਿਰਾਂ ਵਿਚ ਨਿਰਦੋਸ਼ ਸਿੱਖਾਂ ਦੇ ਕੀਤੇ ਸਮੂਹਕ ਕਤਲੇਆਮ ਦੇ ਦਿਲ-ਕੰਬਾਊ ਸ਼ਰਮਨਾਕ ਸਾਕੇ ਦੇ ਦੋਸ਼ੀਆਂ ਨੂੰ 25 ਸਾਲ ਤੱਕ ਸਜ਼ਾਵਾਂ ਨਾ ਦੇਣਾ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਨਾ ਦੇਣ ਕਾਰਨ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਅਜੇ ਤੀਕ ਵਲੂੰਧਰੀਆਂ ਪਈਆਂ ਹਨ ਅਤੇ ਇਹ ਸਰਾਸਰ ਜਿਆਦਤੀ ਹੈ। ਉਨ੍ਹਾਂ ਕਿਹਾ ਕਿ ਆਪਣੇ ਧਰਮ ਦੀ ਖਾਤਰ ਬੈਰਕਾਂ ਛੱਡਣ ਵਾਲੇ ਧਰਮੀ ਫੌਜੀਆਂ ਨੂੰ ਹਿਰਾਸਤ ਵਿਚ ਲੈ ਕੇ ਤਸ਼ੱਦਦ ਢਾਹੇ ਗਏ। ਪੂਰੇ ਪੰਜਾਬ ਨੂੰ ਬੁਚੜਖਾਨਾ ਬਣਾ ਦਿੱਤਾ ਗਿਆ ਤੇ ਪੰਜਾਬ ਦੇ ਪਿੰਡਾਂ ਦੀ ਜਵਾਨੀ ਉਤੇ ਅਜਿਹਾ ਕਹਿਰ ਢਾਹਿਆ ਕਿ ਅਗਲੇ ਦੋ ਦਹਾਕਿਆਂ ਲਈ ਪਿੰਡਾਂ ਵਿਚੋਂ ਸਗਲੀਆਂ ਖੁਸ਼ੀਆਂ ਹੀ ਮੁੱਕ ਗਈਆਂ। ਸਮੇਂ ਦੀ ਸਰਕਾਰ ਨੇ ਪੂਰੀ ਦੁਨੀਆਂ ਵਿਚ ਵੈਦਿਕ ਪਰੰਪਰਾ ਵਾਲੇ ਦੇਸ਼ ਦਾ ਸਿਰ ਨੀਵਾਂ ਕਰ ਦਿੱਤਾ। ਉਨ੍ਹਾਂ ਨਵੰਬਰ 84 ਦੇ ਪੀੜਤਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਪੀੜਤ ਪਰਿਵਾਰਾਂ ਤੇ ਧਰਮੀ ਫੌਜੀਆਂ ਨੂੰ ਸਹਾਇਤਾ ਦਿੱਤੇ ਜਾਣ ਦੇ ਕਾਰਜਾਂ ਦੀ ਸ਼ਲਾਘਾ ਵੀ ਕੀਤੀ।

ਉਨ੍ਹਾਂ ਕਿਹਾ ਕਿ ਸ਼ਹੀਦ ਪਰਿਵਾਰਾਂ ਦੇ ਬੱਚੇ ਹੁਣ ਭਰ ਜਵਾਨ ਹੋ ਚੁੱਕੇ ਹਨ। ਉਨ੍ਹਾਂ ਦੇ ਮਾਸੂਮ ਮਨਾਂ ਅੰਦਰ ਝਾਤੀ ਪਾਇਆਂ ਅਹਿਸਾਸ ਹੁੰਦਾ ਹੈ ਕਿ 25 ਵਰ੍ਹੇ ਪਹਿਲਾਂ ਲੱਗੇ ਜਖਮ ਅਜੇ ਵੀ ਜਿਉਂ ਦੇ ਤਿਉਂ ਹਨ। ਦੁਨੀਆਂ ਭਰ ਵਿਚ ਖਾਲਸਾ ਪੰਥ ਤੇ ਸਮੂਹ ਸਿੱਖ ਸੰਪਰਦਾਵਾਂ, ਸ਼ਹੀਦਾਂ ਪ੍ਰਤੀ ਨਤਮਸਤਕ ਹੁੰਦੀਆਂ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ਸਮੂਹ ਸਿੱਖ ਧਾਰਮਿਕ ਜਥੇਬੰਦੀਆਂ, ਸਿੱਖ ਸੰਪਰਦਾਵਾਂ ਅਤੇ ਧਰਮ ਫੌਜੀਆਂ ਵਲੋਂ 25ਵਾਂ ਘਲੂਘਾਰਾ ਦਿਵਸ ਮਨਾਉਂਦਿਆਂ, ਸ਼ਹੀਦਾਂ ਦੀ ਯਾਦ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਹਨ।

ਉਨ੍ਹਾਂ ਇਸ ਦਿਵਸ ’ਤੇ ਆਪਣੇ ਸ਼ਹੀਦਾਂ ਦੀ ਪਰੰਪਰਾ ਤੋਂ ਪ੍ਰੇਰਨਾ ਲੈ ਕੇ ਬਾਣੀ ਤੇ ਬਾਣੇ ਦੇ ਧਾਰਨੀ ਬਣਨ, ਗੁਰੂ-ਘਰ ਦੀ ਮਾਣ ਮਰਯਾਦਾ ਨੂੰ ਕਾਇਮ ਰੱਖਣ ਲਈ ਤਤਪਰ ਰਹਿਣ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਸਮਰਪਿਤ ਹੁੰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਨੂੰ ਬਹਾਲ ਰੱਖਣ ਲਈ ਚੜ੍ਹਦੀ ਕਲਾ ਸੰਗ ਕਾਰਜਸ਼ੀਲ ਹੁੰਦੇ ਹੋਏ ਪੰਥ-ਦੋਖੀ ਤਾਕਤਾਂ ਦੇ ਖੋਰੇ ਤੋਂ ਸੁਚੇਤ ਰਹਿਣ, ਹਰ ਗੁਰਸਿੱਖ ਪਰਿਵਾਰ ਨੂੰ ਨਿਤਨੇਮ ਕਰਨ ਅਤੇ ਸਵੇਰ-ਸ਼ਾਮ ਆਪਣੇ ਪਰਿਵਾਰ, ਗੁਰੂ ਗ੍ਰੰਥ ਅਤੇ ਗੁਰੂ-ਪੰਥ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਨ, ਆਪਣੀ ਕਿਰਤ ਕਮਾਈ ਵਿਚੋਂ ਗੁਰੂ ਵਾਸਤੇ ਅਤੇ ਸਿੱਖੀ ਦੀ ਪ੍ਰਫੁਲਤਾ ਲਈ ਦਸਵੰਦ ਕੱਢਣ, ਸਮੂਹ ਸਿੱਖ ਸੰਪਰਦਾਵਾਂ ਅਤੇ ਪੰਥਕ ਜਥੇਬੰਦੀਆਂ ਨੂੰ ਆਪਣੇ ਨਿੱਜੀ ਸੁਆਰਥਾਂ ਨੂੰ ਤਿਆਗ ਕੇ ਇਕਜੁਟ ਹੋਣ ਅਤੇ ਗੁਰੂ-ਡੰਮ ਤੇ ਡੇਰਾਵਾਦ ਨੂੰ ਠੱਲ੍ਹ ਪਾਉਣ, ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਕਿਹਾ। ਸਿੰਘ ਸਾਹਿਬ ਨੇ ਕਿਹਾ ਕਿ ਦਲਿਤ ਭਾਈਚਾਰਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਨ ਅਤੇ ਵਣਜਾਰੇ ਤੇ ਸਿਕਲੀਗਰ ਸਿੱਖ ਭਾਈਚਾਰੇ ਦੀ ਹਰ ਪੱਖੋਂ ਮਦਦ ਕਰਕੇ ਸਿੱਖੀ ਧੁਰੇ ਨਾਲ ਜੋੜਨ, ਸਮੁੱਚੀ ਸਿੱਖ ਕੌਮ ਨੂੰ ਸਿੱਖ ਪੰਥ ਦੇ ਪੰਜਾਂ ਤਖ਼ਤਾਂ ਦਾ ਸਤਿਕਾਰ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਜੋ ਸਿੱਖਾਂ ਦੀ ਸਰਬ-ਉੱਚ ਅਦਾਲਤ ਤੇ ਸਰਵ-ਸ਼੍ਰੇਸ਼ਠ ਤਖ਼ਤ ਵੀ ਹੈ, ਵਲੋਂ ਗੁਰੂ ਜੁਗਤਿ ਵਿਚ ਹੋਏ ਹਰ ਆਦੇਸ਼ ਤੇ ਸੰਦੇਸ਼ ਨੂੰ ਮੰਨਣ ਅਤੇ ਉਸ ’ਤੇ ਪਹਿਰਾ ਦਿੱਤੇ ਜਾਣ ਦੀ ਵੀ ਅਪੀਲ ਕੀਤੀ।

ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਐਡੀਸ਼ਨਲ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ, ਗ੍ਰੰਥੀ ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਸਿੰਘ ਸਾਹਿਬ ਗਿਆਨੀ ਮਾਨ ਸਿੰਘ, ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ, ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਕਮੇਟੀ ਦੇ ਅੰਤਿੰ੍ਰਗ ਮੈਂਬਰ ਸ. ਰਾਜਿੰਦਰ ਸਿੰਘ ਮਹਿਤਾ ਤੇ ਸੰਤ ਟੇਕ ਸਿੰਘ ਧਨੌਲਾ, ਮੈਂਬਰਾਨ ਸ਼੍ਰੋਮਣੀ ਕਮੇਟੀ ਸ. ਬਲਦੇਵ ਸਿੰਘ ਐਮ.ਏ, ਸ. ਕਸ਼ਮੀਰ ਸਿੰਘ ਬਰਿਆਰ, ਸ. ਸਵਿੰਦਰ ਸਿੰਘ ਦੋਬਲੀਆ, ਸ. ਰਘਬੀਰ ਸਿੰਘ ਸਹਾਰਨ ਮਾਜਰਾ, ਸੰਤ ਜਸਵੀਰ ਸਿੰਘ ਕਾਲਾਮਾਲਾ, ਸ. ਖੁਸ਼ਵਿੰਦਰ ਸਿੰਘ ਭਾਟੀਆ, ਸ. ਗੁਰਵਿੰਦਰਪਾਲ ਸਿੰਘ ਰਈਆ, ਸ. ਸੁਰਿੰਦਰਪਾਲ ਸਿੰਘ ਬੱਦੋਵਾਲ, ਸ. ਭੁਪਿੰਦਰ ਸਿੰਘ ਭਲਵਾਨ ਤੇ ਸ. ਅਮਰ ਸਿੰਘ ਬੀ.ਏ., ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਭਰਪੂਰ ਸਿੰਘ ਖ਼ਾਲਸਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀ: ਮੀਤ ਪ੍ਰਧਾਨ ਭਾਈ ਮਨਜੀਤ ਸਿੰਘ, ਅਖੰਡ ਕੀਰਤਨੀ ਜਥੇ ਦੇ ਮੁਖੀ ਗਿਆਨੀ ਬਲਦੇਵ ਸਿੰਘ, ਦਮਦਮੀ ਟਕਸਾਲ ਦੇ ਮੁਖੀ ਭਾਈ ਰਾਮ ਸਿੰਘ ਤੇ ਭਾਈ ਹਰਨਾਮ ਸਿੰਘ ਧੁੰਮਾਂ, ਭਾਈ ਜਸਬੀਰ ਸਿੰਘ ਰੋਡੇ, ਭਾਈ ਮੋਹਕਮ ਸਿੰਘ, ਦਲ ਖਾਲਸਾ ਦੇ ਸ. ਕਵਰਪਾਲ ਸਿੰਘ, ਸ. ਜਸਬੀਰ ਸਿੰਘ ਘੁੰਮਣ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਬਿਧੀ ਚੰਦ ਸੰਪ੍ਰਦਾ ਦੇ ਬਾਬਾ ਅਵਤਾਰ ਸਿੰਘ ਸੁਰਸਿੰਘ, ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਕਰਨਬੀਰ ਸਿੰਘ (ਕੰਗ), ਫੈਡਰੇਸ਼ਨ ਆਗੂ ਸ. ਗੁਰਚਰਨ ਸਿੰਘ (ਗਰੇਵਾਲ), ਸ. ਮਨਜੀਤ ਸਿੰਘ ਭੋਮਾਂ, ਸ. ਪ੍ਰਮਜੀਤ ਸਿੰਘ ਖ਼ਾਲਸਾ, ਸ. ਕਰਨੈਲ ਸਿੰਘ ਪੀਰ ਮੁਹੰਮਦ, ਸ. ਗੁਰਸੇਵ ਸਿੰਘ ਹਰਪਾਲਪੁਰ, ਸ. ਸਿਮਰਨਜੀਤ ਸਿੰਘ (ਮਾਨ), ਸ਼ਹੀਦ ਭਾਈ ਅਮਰੀਕ ਸਿੰਘ ਦੇ ਸਪੁੱਤਰ ਸ. ਤਰਲੋਚਨ ਸਿੰਘ, ਸ. ਕੁਲਦੀਪ ਸਿੰਘ ਰੋਡੇ, ਸ. ਹਰਮਿੰਦਰ ਸਿੰਘ (ਗਿੱਲ), ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਸ. ਮਨਿੰਦਰਪਾਲ ਸਿੰਘ ਤਕੀਪੁਰ, ਭਾਈ ਮਹਿਲ ਸਿੰਘ ਢੱਡਰੀਆਂ, ਸ. ਅਜੈਬ ਸਿੰਘ ਅਭਿਆਸੀ, ਸ. ਸਰਬਜੀਤ ਸਿੰਘ ਸੋਹਲ, ਸ. ਤੇਜਿੰਦਰਪਾਲ ਸਿੰਘ ਤੇ ਸ. ਜੀਤ ਸਿੰਘ ਗੰਗਾਨਗਰ, ਸ. ਦਲਜੀਤ ਸਿੰਘ ਬਿੱਟੂ, ਸ. ਹਰਪਾਲ ਸਿੰਘ ਚੀਮਾਂ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਵਾਲੇ, ਬਾਬਾ ਹਰੀ ਸਿੰਘ ਜ਼ੀਰਾ, ਬਾਬਾ ਮੇਜਰ ਸਿੰਘ ਵਾਂ, ਸ. ਹਰਵਿੰਦਰ ਸਿੰਘ ਖ਼ਾਲਸਾ ਨਾਰਵੇ, ਪ੍ਰੋ: ਸੂਬਾ ਸਿੰਘ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ, ਸ. ਜੋਗਿੰਦਰ ਸਿੰਘ ਤੇ ਸ. ਰਣਵੀਰ ਸਿੰਘ, ਐਡੀਸ਼ਨਲ ਸਕੱਤਰ ਸ. ਸਤਿਬੀਰ ਸਿੰਘ, ਸ. ਰੂਪ ਸਿੰਘ ਤੇ ਸ. ਗੁਰਦਰਸ਼ਨ ਸਿੰਘ, ਮੀਤ ਸਕੱਤਰ ਸ. ਬਲਕਾਰ ਸਿੰਘ, ਸ. ਹਰਭਜਨ ਸਿੰਘ ਤੇ ਸ. ਗੁਰਬਚਨ ਸਿੰਘ, ਸ. ਦਿਲਬਾਗ ਸਿੰਘ, ਸ. ਰਣਜੀਤ ਸਿੰਘ ਤੇ ਸ. ਉਂਕਾਰ ਸਿੰਘ, ਡਾ: ਜਸਬੀਰ ਸਿੰਘ ਸਾਬਰ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਰਾਮ ਸਿੰਘ, ਸੁਪ੍ਰਿੰਟੈਂਡੈਂਟ ਸ. ਬਿਜੈ ਸਿੰਘ, ਮੈਨੇਜਰ ਸ. ਬਲਬੀਰ ਸਿੰਘ, ਸਰਾਵਾਂ ਦੇ ਮੈਨੇਜਰ ਸ. ਕੁਲਦੀਪ ਸਿੰਘ ਬਾਵਾ, ਐਡੀ: ਮੈਨੇਜਰ ਸ. ਟਹਿਲ ਸਿੰਘ, ਸ. ਹਰਬੰਸ ਸਿੰਘ, ਸ. ਪ੍ਰਤਾਪ ਸਿੰਘ ਤੇ ਸ. ਜਵਾਹਰ ਸਿੰਘ, ਮੀਤ ਮੈਨੇਜਰ ਸ. ਮੰਗਲ ਸਿੰਘ, ਸ. ਬਿਅੰਤ ਸਿੰਘ ਤੇ ਸ. ਹਰਜਿੰਦਰ ਸਿੰਘ, ਸ਼੍ਰੋਮਣੀ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਸਮੁੱਚਾ ਸਟਾਫ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਮੌਜੂਦ ਸਨ।

ਇਸ ਤੋਂ ਪਹਿਲਾਂ ਅਖੰਡ ਪਾਠ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਦੇ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ। ਅਰਦਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਏ ਭਾਈ ਧਰਮ ਸਿੰਘ ਜੀ ਨੇ ਕੀਤੀ ਅਤੇ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਨੇ ਲਿਆ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>