ਕੁਰਸੀ” ਤਾਂ ਛੱਡਣੀ ਹੀ ਪਏਗੀ ਸੁਖਬੀਰ ਸਿੰਘ ਬਾਦਲ ਨੂੰ

ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਜੋ ਮਹਾਰਾਜਾ ਰਣਜੀਤ ਸਿੰਘ ਵਰਗਾ ਹਲੀਮੀ ਰਾਜ ਦੇਣ ਦਾ ਦਾਅਵਾ ਕਰਦੇ ਰਹਿੰਦੇ ਹਨ, ਨੇ ਆਪਣੇ ਇਕਲੌਤੇ ਸ਼ਹਿਜ਼ਾਦੇ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਇਕ-ਨੁਕਾਤੀ ਪ੍ਰੋਗਰਾਮ ਅਧੀਨ 21 ਜਨਵਰੀ ਨੂੰ ਗੁਰੁ ਕੀ ਨਗਰੀ ਅੰਮ੍ਰਿਤਸਰ ਵਿਖੇ ਇਕ ਵਿਸ਼ਾਲ ਸਮਾਗਮ ਆਯੋਜਿਤ  ਕਰਕੇ ਉਪ ਮੁਖ ਮੰਤਰੀ ਬਣਾ ਦਿਤਾ ਸੀ।ਬੜੇ ਹੀ ਢੋਲ ਢਮੱਕੇ ਨਾਲ ਹੋਏ ਇਸ ਸਮਾਗਮ ਤੋਂ ਇੰਝ ਜਾਪਦਾ ਸੀ ਕਿ ਜਿਵੇਂ ਕੋਈ ਯੁੱਧ ਜਿੱਤ ਕੇ ਆਏ ਜਰਨੈਲ ਦਾ ਲੋਕਾ ਵਲੋਂ ਸਵਾਗਤ ਕੀਤਾ ਜਾਣਾ ਹੋਵੇ।ਇਸ ਸਮਾਗਮ ਵਿਚ ਹਿੱਸਾ ਲੈਣ ਲਈ ਭਾਈਵਾਲ ਭਾਜਪਾ ਦੇ ਕਈ ਕੇਂਦਰੀ ਨੇਤਾ ਵੀ ਸ਼ਾਮਿਲ ਹੋਏ ਸਨ।ਸਰਕਾਰੀ ਖ਼ਜ਼ਾਨੇ ਦੇ ਪੈਸੇ ਨਾਲ ਕੀਤੇ ਇਸ ਸਾਰੇ ਸ਼ਾਹੀ ਸਮਾਗਮ ਬਾਰੇ ਬੜੇ ਦਿਨ ਮੀਡੀਆ ਵਿਚ ਚਰਚਾ ਰਹੀ।

ਭਾਰਤ ਦੇ ਸੰਵਿਧਾਨ ਵਿਚ ਇਸ ਗਲ ਦੀ ਵਿਵ1ਸਥਾ ਹੈ ਕਿ ਕੋਈ ਵੀ ਬਾਲਗ ਵਿਅਕਤੀ ਪਾਰਲੀਮੈਂਟ ਜਾਂ ਸੂਬਾਈ ਅਸੈਂਬਲੀ ਦਾ ਮੈਂਬਰ ਨਾ ਹੋਣ ਦੇ ਬਾਵਜੂਦ ਕੇਂਦਰ ਜਾਂ ਸੂਬੇ ਵਿਚ 6 ਮਹੀਨੇ ਲਈ ਮੰਤਰੀ ਬਣ ਸਕਦਾ ਹੈ, ਉਸ ਨੂੰ ਛੇ ਮਹੀਨੇ ਅੰਦਰ ਸਬੰਧਤ ਸਦਨ ਦਾ ਮੈਂਬਰ ਚੁਣੇ ਜਾਣਾ ਹੁੰਦਾ ਹੈ।ਛੋਟੇ ਬਾਦਲ ਨੂੰ 20 ਜੁਲਾਈ ਤਕ ਪੰਜਾਬ ਵਿਧਾਨ ਸਭਾ ਦਾ ਮੈਂਬਰ ਬਣ ਜਾਣਾ ਚਾਹੀਦਾ ਹੈ, ਜੋ ਹੁਣ ਅਸੰਭਵ ਜਾਪਦਾ ਹੈ। ਸਾਰੀ ਚੋਣ ਪ੍ਰਕਿਰਿਆ ਤੇ ਲਗਭਗ 40 ਦਿਨ ਲਗਦੇ ਹਨ, ਤੇ ਚੋਣ ਕਮਿਸ਼ਨ ਵਲੋਂ ਪੰਜਾਬ ਵਿਚ ਬਨੂੜ, ਕਾਹਨੂਵਾਨ ਤੇ ਜਲਾਲਾਬਾਦ ਦੀਆਂ ਖਾਲੀ ਹੋਈਆਂ ਸੀਟਾਂ ਦੀ ਉਪ ਚੋਣ ਬਾਰੇ ਕੋਈ ਚੋਣ ਪ੍ਰੋਗਰਾਮ ਘੋਸ਼ਿਤ ਨਹੀਂ ਕੀਤਾ ਗਿਆ। ਅਖ਼ਬਾਰੀ ਖ਼ਬਰਾਂ ਅਨੁਸਾਰ ਇਹ ਉਪ-ਚੋਣਾਂ ਮੌਨਸੂਨ ਦੇ ਮੌਸਮ ਤੋਂ ਬਾਅਦ ਹੋਣ ਗੀਆਂ।

ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜੇਕਰ ਆਪਣੇ ਰਾਜ ਕੁਮਾਰ ਨੂੰ ਭਾਰਤੀ ਸੰਵਿਧਾਨ ਦਾ ਸਹਾਰਾ ਲੈ ਕੇ ਪਿਛਲੇ ਦਰਵਾਜ਼ੇ ਰਾਹੀਂ ਉਪ ਮੁਖ ਮੰਤਰੀ ਬਣਾਇਆ ਸੀ, ਤਾਂ ਇਹ ਉਨ੍ਹਾਂ ਦੀ ਜ਼ਿਮੇਵਾਰੀ ਵੀ ਸੀ ਕਿ ਉਸ ਲਈ ਵਿਧਾਨ ਸਭਾ ਦੀ ਕੋਈ ਸੀਟ ਖਾਲੀ ਕਰਵਾਉਣ ਦਾ ਉਸੇ ਸਮੇਂ ਪ੍ਰਬੰਧ ਕਰਦੇ। ਮੰਤਰੀ ਮੰਡਲ ਵਿਚ ਲੈਣ ਲਈ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠਿਆ ਨੇ ਮੰਤਰੀ ਵਜੋਂ ਅਸਤੀਫਾ ਦੇ ਇਕ ਸੀਟ ਖਾਲੀ ਕੀਤੀ ਸੀ।ਆਮ ਖਿਆਲ ਇਹ ਸ਼ੀ ਕਿ ਜੂਨੀਅਰ ਬਾਦਲ ਨੂੰ ਅਸੈਂਬਲੀ ਵਿਚ ਭੇਜਣ ਵਾਸਤੇ  ਸ੍ਰੀ ਮਜੀਠਿਆ ਹੀ ਆਪਣੀ ਮਜੀਠਾ ਹਲਕੇ ਦੀ ਸੀਟ ਖਾਲੀ ਕਰਕੇ ਦੇਣ ਗੇ।ਵੈਸੇ ਅਨੇਕਾਂ ਅਕਾਲ਼ੀ ਵਿਧਾਇਕ ਸੁਖਬੀਰ ਬਾਦਲ ਲਈ ਆਪਣੀ ਸ਼ੀਟ ਖਾਲੀ ਕਰਨ ਨੂੰ ਤਿਆਰ ਹੋ ਸਕਦੇ ਸਨ।ਖੈਰ, ਹੁਣ ਜੂਨੀਅਰ ਬਾਦਲ ਨੂੰ “ਬੜੇ ਬੇਆਬਰੂ” ਹੋ ਕੇ ਵਜ਼ਾਰਤ ਤੋਂ ਨਿਕਲਣਾ ਪੈਣਾ ਹੈ।

ਅਜ ਦੇ ਮਹਾਰਾਜਾ ਰਣਜੀਤ ਸਿੰਘ ਬਹੁਤ ਦੇਰ ਤੋਂ ਆਪਣੇ ਸ਼ਹਿਜ਼ਾਦੇ ਦੀ ਤਾਜਪੋਸ਼ੀ ਦਾ ਯਤਨ ਕਰ ਰਹੇ ਸਨ। ਪਹਿਲਾਂ ਉਨ੍ਹਾਂ ਨੇ ਇਹ ਬਹਾਨਾ ਬਣਾ ਕੇ ਕਿ “ਸਰਕਾਰ ਚਲਾਉਣ ਲਈ ਉਨ੍ਹਾ ਨੂੰ ਪਾਰਟੀ ਦੀ ਪ੍ਰਧਾਨਗੀ ਦਾ ਬੋਝ ਘਟ ਕਰ ਦਿਤਾ ਜਾਏ” ਸੁਖਬੀਰ ਸਿੰਘ ਨੂੰ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾਇਆ। ਆਦਮਪੁਰ ਵਿਧਾਨ ਸਭਾ ਦੀ ਉਪ-ਚੋਣ ਵਿਚ ਅਕਾਲੀ ਦਲ ਦੀ ਹਾਰ ਪਿਛੋਂ ਦਸੰਬਰ 1998 ‘ਚ ਮਰਹੂਮ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਇਹੋ ਹੀ ਸੁਝਾੳ ਦਿਤਾ ਸੀ ਕਿ ਸ੍ਰੀ ਬਾਦਲ ਆਪਣੇ ਕਿਸੇ ਵਿਸ਼ਵਾਸ਼ਪਾਤਰ ਨੂੰ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾ ਕੇ ਖੁਦ ਸਾਰਾ ਧਿਆਨ ਸਰਕਾਰ ਚਲਾਉਣ ਵਲ ਦੇਣ ਤਾਂ ਬਾਦਲ ਸਾਹਿਬ ਨੇ ਤੋਪਾਂ ਬੀੜ ਲਈਆਂ, ਕੁਮਕਾਂ ਮੰਗਵਾ ਲਈਆਂ ਤੇ ਆਪਣੀ ਸਰਕਾਰ ਅਤੇ ਅਕਾਲੀ ਦਲ ਦੀ ਸਾਰੀ ਸ਼ਕਤੀ ਝੋਕ ਕੇ ਜੱਥੇਦਾਰ ਟੌਹੜਾ ਵਿਰੁਧ ਇਕ ਜ਼ੋਰਦਾਰ ਯੁੱਧ ਛੇੜ ਦਿਤਾ ਅਤੇ ਬੁਰੀ ਤਰਾਂ ਬੇਇਜ਼ਤ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਲਾਹ ਦਿਤਾ। ਜੱਥੇਦਾਰ ਟੌਹੜਾ ਨੂੰ ਸਾਰੀ ਉਮਰ ਵਿਚ ਜੇਕਰ ਕਿਸੇ ਨੇ ਬੁਰੀ ਤਰ੍ਹਾਂ ਜ਼ਲੀਲ ਕੀਤਾ ਤਾਂ ਉਹ ਸ੍ਰੀ ਬਾਦਲ ਨੇ ਹੀ ਕੀਤਾ, ਰਜਵਾੜਾਸ਼ਾਹੀ ਤੇ ਕਾਂਗਰਸ ਸਰਕਾਰ ਨੇ ਉਨ੍ਹਾਂ ਨੂੰ ਕਈ ਵਾਰੀ ਗ੍ਰਿਫਤਾਰ ਕਰਕੇ ਜੇਲ੍ਹ ਤਾਂ ਭੇਜਿਆ,ਪਰ ਜ਼ਲੀਲ ਨਹੀਂ ਕੀਤਾ। ਸ਼ਾਇਦ ਇਸੇ ਪ੍ਰੇਸ਼ਾਨੀ ਤੇ ਮਾਨਸਿਕ ਤਨਾਓ ਕਾਰਨ ਉਨ੍ਹਾਂ ਨੂੰ ਦਿਲ ਦਾ ਰੋਗ ਹੋਇਆ, ਜਿਸ ਕਾਰਨ ਉਹ 31 ਮਾਰਚ 2004 ਨੂੰ ਚੜ੍ਹਾਈ ਕਰ ਗਏ।

ਆਪਣੇ ਲਾਡਲੇ ਨੂੰ ਬੜੀ ਯੋਜਨਾਬਧ ਢੰਗ ਨਾਲ ਪਹਿਲਾਂ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਤੇ ਅਗਲੇ ਵਰ੍ਹੇ ਪੂਰਾ ਪ੍ਰਧਾਨ ਬਣਾ ਕੇ ਇਕ ਸਾਲ ਮਗਰੋਂ ਪਿਛਲੇ ਦਰਵਾਜ਼ੇ ਰਾਹੀਂ ਉਪ ਮੁਖ ਮੰਤਰੀ ਵਜੋਂ ਤਾਜਪੋਸ਼ੀ ਕਰ ਦਿਤੀ। ਕਿਸੇ ਸਿੱਖ ਵਲੋਂ ਅਕਾਲੀ ਦਲ ਦਾ ਮੁੱਢਲਾ ਮੈਂਬਰ ਬਣਨ ਲਈ ਵੀ ਇਹ ਸ਼ਰਤ ਹੈ ਕਿ ਉਹ ਅੰਮ੍ਰਿਤਧਾਰੀ ਹੋਵੇ ਪਰ ਇਹ ਸ਼ਰਤ ਬਾਦਲ ਪਰਿਵਾਰ ਤੇ ਲਾਗੂ ਨਹੀਂ ਹੁੰਦੀ ਕਿਉਂ ਜੋ ਸ਼੍ਰੋਮਣੀ ਅਕਾਲੀ ਦਲ ਉਨ੍ਹਾ ਦੀ ਜੱਦੀ ਜਾਗੀਰ ਹੈ। ਜੂਨੀਅਰ ਬਾਦਲ ਨੇ ਅਕਾਲੀ ਦਲ ਦਾ ਪੂਰਾ ਪ੍ਰਧਾਨ ਬਣ ਜਾਣ ਤੋਂ ਵੀ 7-8 ਮਹੀਨੇ ਬਾਅਦ ਅੰਮ੍ਰਿਤਪਾਨ ਕੀਤਾੈ, ਉਹ ਵੀ ਮਰਹੂਮ ਕੈਪਟਨ ਕੰਵਲਜੀਤ ਸਿੰਘ ਦੇ ਅਖ਼ਬਾਰਾਂ ਵਿਚ ਬਿਆਨ ਆ ਜਾਣ ਤੇ ਕਿ “ ਹੁਣ ਤਾਂ ਸੁਖਬੀਰ ਨੂੰ ਅਮਮ੍ਰਿਤ ਛੱਕ ਲੈਣਾ ਚਾਹੀਦਾ ਹੈ।”, ਪਰ ਹੁਣ ਪਿਛਲੇ ਦਰਵਾਜ਼ੇ ਰਾਹੀਂ ਉਪ ਮੁਖ ਮੰਤਰੀ ਬਣ ਕੇ 6 ਮਹੀਨੇ ਪਿਛੋਂ ਵੀ ਵਿਧਾਨ ਸਭਾ ਦਾ ਮੈਂਬਰ ਨਹੀਂ ਬਣ ਸਕੇ।

ਲੋਕਾਂ ਵਿਚ ਆਮ ਚਰਚਾ ਹੈ ਕਿ ਬਾਦਲ ਪਰਿਵਾਰ ਨੂੰ ਪੂਰੀ ਉਮੀਦ ਸੀ ਕਿ 15ਵੀਂ ਲੋਕ ਸਭਾ ਚੋਣਾਂ ਉਪਰੰਤ ਕੇਂਦਰ ਵਿਚ ਲਾਲ ਕ੍ਰਿਸ਼ਨ ਅਡਵਾਨੀ ਦੀ ਅਗਵਾਈ ਹੇਠ ਐਨ.ਡੀ.ਏ. ਦੀ ਸਰਕਾਰ  ਬਣ ਜਾਏਗੀ, ਵੱਡੇ ਬਾਦਲ ਸਾਹਿਬ ਐਨ.ਡੀ.ਏ. ਦੇ ਕਨਵੀਨਰ ਤੇ ਕੇਂਦਰ ਵਿਚ ਮੰਤਰੀ ਬਣ ਜਾਣ ਗੇ, ਸੁਖਬੀਰ ਸਿੰਘ ਬਾਦਲ ਆਪਣੇ ਪਿਤਾ ਦੀ ਥਾਂ ਮੁਖ ਮੰਤਰੀ ਦਾ ਤਾਜ ਪਹਿਣ ਕੇ ਬਾਦਲ ਸਾਹਿਬ ਦੀ ਲੰਬੀ ਵਿਧਾਨ ਸਭਾ ਸੀਟ ਤੋਂ ਜਾਂ ਬਨੂੜ, ਜਲਾਲਾਬਾਦ ਤੇ ਕਾਹਨੂਵਾਨ ਦੀਆਂ ਖਾਲੀ ਹੋਈਆਂ ਸੀਟਾਂ ਲਈ ਸ੍ਰੀ ਅਡਵਾਨੀ ਦੀ ਸਰਕਾਰ ਦਾ ਚੋਣ ਕਮਿਸ਼ਨ ‘ਤੇ ਦਬਾਓ ਪਾ ਕੇ ਉਪ ਚੋਣਾਂ ਕਰਵਾ ਲੈਣ ਗੇ, ਪਰ ਵੋਟਰਾਂ ਨੇ ਉਨ੍ਹਾਂ ਦੀਆਂ ਆਸਾਂ ‘ਤੇ ਪਾਣੀ ਫੇਰ ਦਿਤਾ ਹੈ।

ਦੇਖਣ ਵਾਲੀ ਗਲ ਇਹ ਹੈ ਕਿ ਕੀ ਸੁਖਬੀਰ ਸਿੰਘ ਬਾਦਲ ਨੂੰ ਉਪ ਮੁਖ ਮਤਰੀ ਬਣਾਉਣਾ ਬਹੁਤ  ਜ਼ਰੂਰੀ ਸੀ ਜਾਂ ਕੋਈ ਸੰਵਿਧਾਨਿਕ ਮਜਬੂਰੀ ਸੀ। ਸਰਕਾਰ ਤਾ ਠੀਕ ਠਾਕ ਚਲ ਹੀ ਰਹੀ ਸੀ।ਪਾਰਟੀ ਪ੍ਰਧਾਨ ਹੁੰਦੇ ਹੋਏ ਸੁਖਬੀਰ ਬਾਦਲ ਸਰਕਾਰੀ ਕੰਮਾ ਕਾਰਜਾਂ ਵਿਚ ਪੂਰੀ ਦਖਲ-ਅੰਦਾਜ਼ੀ ਕਰ ਰਹ ਸਨ, ਸਾਰੇ ਅਫਸਰ ਉਨ੍ਹਾਂ ਦਾ ਹੁਕਮ ਮੰਨ ਰਹੇ ਸਨ। ਸਾਲ 2007 ਵਿਚ ਭਾਜਪਾ, ਜਿਸ ਦੇ 19 ਵਿਧਾਇਕਾਂ ਦੇ ਸਹਾਰੇ ਬਾਦਲ ਸਰਕਾਰ ਹੌਂਦ ਵਿਚ ਆਈ ਹੈ, ਦੀ ਲੀਡਰਸ਼ਿਪ ਨੇ ਮੰਗ ਕੀਤੀ ਸੀ ਕਿ  ਨੰਬਰ ਦੋ ਮੰਤਰੀ ਮਨੋਰੰਜਨ ਕਾਲੀਆ ਨੂੰ ਉਪ ਮੁਖ ਮੰਤਰੀ ਬਣਾਇਆ ਜਾਏ, ਪਰ ਬੜੇ ਦਬਾਓ ਦੇ ਬਾਵਜੂਦ ਬਾਦਲ ਸਾਹਿਬ ਨੇ ਇਸ ਦੀ ਜ਼ਰਾ ਵੀ  ਪਰਵਾਹ ਨਹੀਂ ਕੀਤੀ ਸੀ। ਹੁਣ ਕਿਹੜੀ ਆਫਤ ਆ ਗਈ ਸੀ ਜਾਂ ਸੰਵਿਧਾਨਿਕ ਮਜਬੂਰੀ ਸੀ ਜੋ ਸੁਖਬੀਰ ਨੂੰ ਪਿਛਲੇ ਦਰਵਾਜ਼ੇ ਰਾਹੀਂ ਕੁਰਸੀ ਤੇ ਬਿਠਾ ਦਿਤਾ। ਉਪ ਮੁਖ ਮੰਤਰੀ ਵਜੋਂ ਹਲਫ ਦਿਵਾਉਣ ਲਈ ਇਕ ਸਾਹੀ ਸਮਾਗਮ ਪਹਿਲੀ ਵਾਰੀ ਚੰਡੀਗੜ੍ਹ-ਮੁਹਾਲੀ ਤੋਂ ਬਾਹਰ ਅੰਮ੍ਰਿਤਸਰ ਵਿਖੇ ਆਯੋਜਿਤ ਕੀਤਾ ਗਿਆ, ਜਿਸ ਤੇ ਅਖ਼ਬਾਰੀ ਰੀਪੋਰਟਾਂ ਅਨੁਸਾਰ ਤਿੰਨ ਕਰੋੜ ਰੁਪਏ ਦਾ ਸਰਕਾਰੀ ਖਰਚਾ ਹੋਇਆ। ਸਾਰੇ ਪੰਜਾਬ ਚੋਂ ਜ਼ਿਲਾਂ ਟ੍ਰਾਂਸਪੋਰਟ ਅਫਸਰਾਂ ਨੂੰ ਕਹਿ ਕੇ ਪ੍ਰਾਈਵੇਟ ਬੱਸਾਂ ਇਕ ਦਿਨ ਪਹਿਲਾਂ ਹੀ ਜ਼ਬਰਦਸਤੀ ਪ੍ਰਾਪਤ ਕਰ ਕੇ 21 ਜਨਵਰੀ ਸਵੇਰੇ ਅਕਾਲੀ ਲੀਡਰਾਂ ਰਾਹੀਂ ਲੋਕਾਂ ਨੂੰ ਜ਼ਬਰਦਸਤੀ ਅੰਮ੍ਰਿਤਸਰ ਲਿਆਂਦਾ ਗਿਆ।

ਜਿਸ ਦਿਨ ਸੁਖਬੀਰ ਨੂੰ ਸੰਹੁ ਚੁਕਾਈ ਜਾਣੀ ਸੀ,ਮੈਂ ਇਕ ਬਹੁਤ ਹੀ ਸੀਨੀਅਰ ਅਕਾਲੀ ਲੀਡਰ ਨੂੰ ਕਿਸੇ ਕੰਮ ਲਈ ਫੋਨ ਕੀਤਾ।ਗਲਾਂ ਗਲਾਂ ਵਿਚ ਕਿਹਾ ਕਿ ਅਖ਼ਬਾਰਾਂ ਲਿਖ ਰਹੀਆਂ ਹਨ ਕਿ ਚੰਡੀਗੜ੍ਹ-ਮੁਹਾਲੀ ਤੋਂ ਬਾਹਰ ਸਮਾਗਮ ਦਾ ਪ੍ਰਬੰਧ ਕਰਕੇ ਨਵਾਂ ਇਤਿਹਾਸ ਸਿਰਜਿਆ ਜਾ ਰਿਹਾ ਹੈ, ਉਸ ਨੇ ਕਿਹਾ, “ਬੇਸ਼ਰਮੀ ਦਾ ਵੀ ਇਕ ਨਵਾਂ ਇਤਿਹਾਸ ਸਿਰਜਿਆ ਜਾ ਰਿਹਾ ਹੈ। ਹਿੰਦੁਸਤਾਨ ਦੀ ਸਿਆਸਤ ਵਿਚ ਇਸ ਤਰ੍ਹਾਂ ਦੀਆਂ ਉਦਾਹਰਣਾਂ ਤਾਂ ਹਨ ਕਿ ਪਿਤਾ ਦੀ ਥਾਂ ਪੁੱਤਰ ਨੇ ਤੇ ਪਤੀ ਦੀ ਥਾ ਪਤਨੀ ਨੇ ਲੈ ਲਈ , ਪਰ ਇਹ ਬੇਸ਼ਰਮੀ ਦੀ ਹੱਦ ਹੈ ਕਿ ਪਿਓ ਮੁਖ ਮੰਤਰੀ ਹੈ ਤੇ ਪੱਤਰ ਉਪ ਮੁਖ ਮੰਤਰੀ ਬਣਾ ਦਿਤਾ ਹੈ।” ( ਹੁਣ ਤਾਮਲ ਨਾਡੂ ਦੇ ਮੁਖ ਮੰਤਰੀ ਕਰੁਣਾਨਿਧੀ ਨੁੰ ਆਪਣ ਉਪ ਮੁਖ ਮੰਤਰੀ ਬਣਾ ਲਿਆ ਹੈ, ਪਰ ਉਹ ਇਕ ਵਿਧਾਇਕ ਹੈ)।

ਇਕ ਹੋਰ ਮਹੱਤਵਪੂਰਨ ਗਲ, ਫਰਵਰੀ 2007 ਦੌਰਾਨ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕਈ ਦਿਨ ਪਹਿਲਾਂ ਅੰਗਰੇਜ਼ੀ ਦੇ ਰੋਜ਼ਾਨਾ ਅਖ਼ਬਾਰ ਹਿੰਦੋੁਸਤਾ ਟਾਈਮਜ਼ ਨੇ ਕਿਸੇ ਮੀਡੀਆ ਏਜੰਸੀ ਵਲੋਂ ਕਰਵਾਏ ਗਏ ਸਰਵੇ ਨੂੰ ਪ੍ਰਕਾਸ਼ਿਤ ਕੀਤਾ ਸੀ ਜੋ ਬਹੁਤ ਹੱਦ ਤਕ ਠੀਕ ਨਿਕੋਲਆ ਸੀ।ਇਸ ਸਰਵੇ ਅਨੁਸਾਰ ਪੰਜਾਬ ਦੇ 36 ਫੀਸਦੀ ਲੋਕ ਪ੍ਰਕਾਸ਼ ਸਿੰਘ ਬਾਦਲ ਨੂੰ ਮੁਖ ਮੰਤਰੀ ਦੇਖਣਾ ਚਾਹੁੰਦੇ ਸਨ, ਜਦੋਂ ਕਿ  ਉਸ ਸਮੇਂ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 28 ਫੀਸਦੀ ਤੇ ਬੀਬੀ ਰਾਜਿੰਦਰ ਕੌਰ ਭੱਠਲ ਨੂੰ 18 ਫੀਸਦੀ ਲੋਕ ਮੁਖ ਮੰਤਰੀ ਦੀ ਕੁਰਸੀ ਤੇ ਸ਼ਸੋਭਿਤ ਦੇਖਣ ਦੇ ਚਹਵਾਨ ਸਨ।ਇਸੇ ਸਰਵੇ ਵਿਚ ਸੁਖਬੀਰ ਬਾਦਲ ਤੇ ਨਵਜੋਤ ਸਿੰਘ ਸਿੂੱਧੂ ਨੂੰ ਕੇਵਲ 6 ਤੇ 4 ਫੀਸਦੀ ਲੋਕਾਂ ਨੇ ਮੁਖ ਮੰਤਰੀ ਦੇਖਣਾ ਚਾਹਿਆ ਸੀ। ਬਾਦਲ਼ ਸਾਹਿਬ ਨੇ ਪੰਜਾਬ ਦੇ 94 ਫੀਸਦੀ ਲੋਕਾਂ ਦੀਆਂ ਭਾਵਨਾਵਾਂ ਨੂੰ ਅਣਦੇਖਿਆਂ ਕਰਕੇ ਆਪਣੇ ਸਪੁੱਤਰ ਨੂੰ ਉਨ੍ਹਾਂ ਉਤੇ ਜ਼ਬਰਦਸਤੀ ਠੋਸ਼ ਦਿਤਾ ਹੈ। ਬਹਾਦਰ ਤੇ ਅਣਖੀਲੇ ਪੰਜਾਬੀਆਂ ਨੂੰ ਛੋਟੇ ਬਾਦਲ ਦੇ ਉਪ ਮੁਖ ਮੰਤਰੀ ਬਣ ਜਾਣ ‘ਤੇ ਨਾ ਕੋਈ ਖੁਸ਼ੀ ਹੋਈ ਸੀ,ਨਾ ਹੁਣ ਅਸਤੀਫਾ ਦੇਣ ‘ਤੇ ਕੋਈ ਦੁੱਖ ਹੋਏ ਗਾ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>