ਆਸਟ੍ਰੇਲੀਆ ਨਸਲੀ ਹਿੰਸਾ ਦਾ ਸੱਚ – ਆਪੇ ਫਾਥੜੀਏ ਤੈਨੂੰ ਹੁਣ ਕੌਣ ਛੁਡਾਵੇ

ਐਡਵੋਕੇਟ ਹਰਬਿੰਦਰ ਸਿੰਘ ਭੂਪਾਲ

ਆਸਟ੍ਰੇਲੀਆ ਵਿਖੇ ਪ੍ਰਵਾਸੀ ਵਿਦਿਆਰਥੀਆਂ ਤੇ ਉੱਥੋਂ ਦੇ ਬਾਸ਼ਿੰਦਿਆਂ ਵੱਲੋਂ ਕੀਤੀ ਜਾ ਰਹੀ ਹਿੰਸਾ ਨੂੰ ਭਾਂਵੇਂ ਨਸਲੀ ਹਿੰਸਾ ਦਾ ਨਾਂ ਦੇ ਦਈਏ,ਭਾਂਵੇਂ ਕਮਅਕਲਾਂ ਵੱਲੋਂ ਕੀਤੀ ਜਾ ਰਹੀ ਹਿੰਸਾ। ਪਰ ਹਿੰਸਾ ਤਾਂ ਹਿੰਸਾ ਹੀ ਹੁੰਦੀ ਹੈ ਜੋ ਮਾੜੀ ਪ੍ਰਵਿਰਤੀ ਦੀ ਨਿਸ਼ਾਨੀ ਹੈ।ਇਸ ਹਿੰਸਾ ਤੋਂ ਸਾਰੇ ਭਾਰਤ ਵਾਸੀ ਚਿੰਤਤ ਹਨ ਅਤੇ ਖਾਸ ਕਰ ਪੰਜਾਬੀ ਜਿਆਦਾ ਚਿੰਤਤ ਹਨ, ਕਿਓਂਕਿ ਆਸਟ੍ਰੇਲੀਆ ਵਿੱਚ ਪੜ੍ਹਨ ਗਏ ਜਿਆਦਾਤਰ ਭਾਰਤੀਆਂ ਚੋਂ ਬਹੁਤੀ ਗਿਣਤੀ ਪੰਜਾਬੀਆਂ ਦੀ ਹੀ ਹੈ।ਅਜਿਹੀ ਹਿੰਸਕ ਪ੍ਰਵਿਰਤੀ ਨੂੰ ਰੋਕਣਾ ਜ਼ਰੂਰੀ ਹੈ।ਪਰ ਇਸ ਨੂੰ ਪੂਰੀ ਤਰ੍ਹਾਂ ਰੋਕਣ ਲਈ ਸਾਨੂੰ ਅਸਲ ਕਾਰਨ ਵੀ ਸਮਝਣੇ ਪੈਣਗੇ ਕਿ ਕੀ ਅਜਿਹੀ ਹਿੰਸਾ ਨੂੰ ਅਸੀਂ ਆਪ ਹੀ ਸੱਦਾ ਤਾਂ ਨਹੀਂ ਦਿੱਤਾ? ਹਿੰਦੀ ਦੇ ਮੁਹਾਵਰੇ – “ਆ ਬੈਲ ਮੁਝੇ ਮਾਰ” ਦੇ ਅਨੁਸਾਰ ਸਾਡੇ ਨੌਜਵਾਨ ਖੁਦ ਹੀ ਹਿੰਸਕ ਪ੍ਰਵਿਰਤੀ ਨੁੰ ਬੜ੍ਹਾਵਾ ਤਾਂ ਨਹੀਂ ਦੇ ਰਹੇ।ਅਜਿਹੀ ਸਥਿਤੀ ਵਿੱਚ “ਆਪਟ ਫਾਥੜੀਏ ਤੈਨੂੰ ਕੌਣ ਛੁਡਾਵੇ ਵਾਲੀ ਗੱਲ ਬਣ ਜਾਂਦੀ ਹੈ।ਦਰਅਸਲ ਆਸਟ੍ਰੇਲੀਆ ਅਤੇ ਹੋਰ ਵਿਦੇਸ਼ਾਂ ਵਿੱਚ ਉਹਨਾ ਮਾਤਾ – ਪਿਤਾ ਦੇ ਹੀ ਬੱਚੇ ਪੜ੍ਹਨ ਜਾ ਰਹੇ ਹਨ,ਜਿਨ੍ਹਾ ਕੋਲ ਇਧਰ ਵਾਧੂ ਧਨ ਹੈ। ਕਿਓਂ ਕਿ ਵਿਦੇਸ਼ਾਂ ਵਿੱਚ ਇਧਰ ਨਾਲੋਂ ਪੜ੍ਹਾਈ ਦੇ ਖਰਚੇ ਬਹੁਤ ਜਿਆਦਾ ਹਨ।ਇਹ ਖਰਚੇ ਲੱਖਾਂ ਰੁਪਿਆਂ ਵਿੱਚ ਹਨ ਤੇ ਵਿਦੇਸ਼ ਚ ਜਾ ਕੇ ਪੜ੍ਹਨ ਦਾ ਹੀਆ ਮਾੜਾ – ਧੀੜਾ ਵਿਅਕਤੀ ਤਾਂ ਕਰ ਹੀ ਨਹੀਂ ਸਕਦਾ। ਇਹ ਠੀਕ ਵੀ ਹੈ ਕਿ ਧਨ ਹੈ ਤਾਂ ਬੱਚੇ ਨੂੰ ਕਿਓਂ ਨਾ ਵਿਦੇਸ਼ ਵਿੱਚ ਤਾਲੀਮ ਦੁਆਈ ਜਾਵੇ। ਸਾਧਨ ਹਨ ਤਾਂ ਅਜਿਹਾ ਕਰਨਾ ਚਾਹੀਦਾ ਹੀ ਹੈ।ਪਰ ਦੇਖਣ ਵਾਲੀ ਗੱਲ ਹੈ ਕਿ ਅਮੀਰ ਮਾਪਿਆਂ ਦੇ ਬੱਚੇ ਵਿਦੇਸ਼ ਚ ਜਾ ਕੇ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਹਨ।ਉਹ ਆਸਟ੍ਰੇਲੀਆ ਪੁਜ ਇਧਰ ਦੀ ਤਰ੍ਹਾਂ ਵਿਹਾਰ ਕਰਨ ਲੱਗ ਜਾਂਦੇ ਹਨ। ਪੈਸੇ ਦੇ ਨਸ਼ੇ ਵਿੱਚ ਘੁਮੱਕੜ ਬਣ ਜਾਂਦੇ ਹਨ,ਗਲ ਚ ਸੋਨੇ ਦੀਆਂ ਚੇਨੀਆਂ ਪਾ ਕੇ ਟਹਿਲਦੇ ਹਨ, ਜਾਂਦੇ ਹੀ ਕਾਰਾਂ ਵਿੱਚ ਘੁੰਮਣ ਲੱਗ ਜਾਂਦੇ ਹਨ। ਗਲ ਕੀ ਇਧਰ ਦੀ ਤਰ੍ਹਾਂ ਪੜ੍ਹਨ ਦੀ ਬਜਾਏ ਐਸ਼ ਖੂਬ ਕਰਦੇ ਹਨ। ਇਕ ਤਾਂ ਮਾਪਿਆ ਦੀ ਖੂਨ ਪਸੀਨੇ ਦੀ ਗਾੜ੍ਹੀ ਕਮਾਈ ਉਹਨਾ ਦੇ ਕੋਲ ਹੁੰਦੀ ਹੈ ਦੂਜਾ ਕੁਝ ਆਪ ਜਾਂ ਜੀਵਨ ਸਾਥੀ ਦੀ ਕਮਾਈ ਨਾਲ ਰਲ ਜਾਂਦੀ ਹੈ ਜਿਸ ਨਾਲ ਉਹਨਾ ਦਾ ਹੱਥ ਕਾਫੀ ਖੁੱਲ੍ਹ ਜਾਂਦਾ ਹੈ ਤੇ ਹੋਛੇ ਗੱਭਰੂ ਪੈਸੇ ਦੇ ਨਸ਼ੇ ਚ ਹੋਛੀਆਂ ਹਰਕਤਾਂ ਕਰਨ ਲੱਗ ਜਾਂਦੇ ਹਨ। ਹਰ ਦੇਸ਼ ਵਿੱਚ ਗਰੀਬ ਅਤੇ ਆਰਥਿਕ ਤੌਰ ਤੇ ਟੁੱਟੇ ਹੋਏ ਲੋਕ ਹੁੰਦੇ ਹਨ ਤੇ ਜਦ ਉਹ ਦੇਖਦੇ ਹਨ ਕਿ ਕਿਸੇ ਹੋਰ ਮੁਲਕ ਤੋਂ ਆਏ ਗਭਰੂ ਉਹਨਾ ਤੋਂ ਵੀ ਵੱਧ ਅਮੀਰ ਹਨ- ਆਯਾਸ਼ੀਆਂ ਕਰਦੇ ਹਨ, ਸੋਨੇ ਨਾਲ ਲੱਦੇ ਹੋਏ ਹਨ ਤਾਂ ਆਰਥਿਕ ਤੌਰ ਤੇ ਟੁੱਟੇ ਲੋਕਾਂ ਚੋਂ ਅਪਰਾਧਿਕ ਛਵੀ ਵਾਲੇ ਆਪਣਾ ਗੁਜਾਰਾ ਚਲਾਉਣ ਲਈ ਉਹਨਾ ਨੂੰ ਨਿਸ਼ਾਨਾ ਬਨਾਉਂਦੇ ਹਨ।ਸਾਡੇ ਮੁੰਡਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਉਧਰ ਜਾਂਦੇ ਹੀ ਫੋਕੀ ਟੌਹਰ ਕੱਢਣ ਤੋਂ ਬਾਜ਼ ਆਉਣ।ਅਜਿਹਾ ਕਰਨ ਨਾਲ ਜਦ ਉਹ ਹਿੰਸਾ ਦਾ ਸ਼ਿਕਾਰ ਬਣਦੇ ਹਨ ਤਾਂ ਇਸਨੂੰ ਨਸਲੀ ਹਿੰਸਾ ਕਹਿ ਲਈਏ ਜਾਂ ਕੇਵਲ ਹਿੰਸਾ। ਅਜਿਹੀ ਹਿੰਸਾ ਇਧਰ ਕਿਹੜਾ ਨਹੀਂ ਹੁੰਦੀ।ਗਹਿਣਿਆਂ ਨਾਲ ਲਦੀਆਂ ਔਰਤਾਂ ਇਧਰ ਵੀ ਅਜਿਹੀਆਂ ਵਾਰਦਾਤਾਂ ਦਾ ਸ਼ਿਕਾਰ ਬਣ ਜਾਂਦੀਆ ਹਨ।ਬੀਤੇ ਦਿਨੀ ਦਿੱਲੀ ਦੇ ਇਕ ਸਰਦਾਰ ਵਪਾਰੀ ਦੀ ਕਾਰ ਰੁਕਵਾ ਕੇ ਲੁਟੇਰਿਆਂ ਨੇ ਲੱਖਾਂ ਦਾ ਕੈਸ਼ ਖੋਹ ਲਿਆ ਸੀ। ਭੇਤੀ ਲੁਟੇਰਿਆਂ ਨੇ ਉਸਦੀ ਕਾਰ ਰੁਕਵਾ ਕੇ, ਹਥਿਆਰ ਦੇ ਬਲ ਤੇ ਉਸਨੂੰ ਗਾਲਾਂ ਵੀ ਕੱਢੀਆਂ ਤੇ ਡਿੱਕੀ ਖੁਲਵਾ ਕੇ ਕੈਸ਼ ਵੀ ਲੁੱਟ ਲਿਆ। ਯਾਨੀ ਅਜਿਹੀਆਂ ਘਟਨਾਵਾਂ ਤਾਂ ਹਰ ਜਗਹਾ ਹੀ ਵਾਪਰਦੀਆਂ ਹਨ।ਧਨ ਦਾ ਦਿਖਾਵਾ ਅਪਰਾਧ ਨੂੰ ਸੱਦਾ ਦਿੰਦਾ ਹੈ।

ਆਸਟ੍ਰੇਲੀਆ ਚ ਹਿੰਸਾ ਕਿਓਂ –

ਆਸਟ੍ਰੇਲੀਆ ਚ ਵੀ ਨਸਲੀ ਹਿੰਸਾ ਵਧਣ ਦੇ ਕਾਰਣ ਅਸੀਂ ਖੁਦ ਹਾਂ।ਦਰਅਸਲ ਹੁਣ ਪੰਜਾਬ ਅੰਦਰ ਬੜੀ ਅਜੀਬ ਜਿਹੀ ਪ੍ਰਸਿਥਿਤੀ ਹੈ।ਇੱਥੇ ਜਿਆਦਾਤਰ ਗਰੀਬ ਅਤੇ ਮੱਧ ਵਰਗੀ ਪਰਿਵਾਰ ਦੀਆਂ ਲੜਕੀਆਂ ਆਇਲਟਸ ਚੋਂ 5 – 6 ਬੈਂਡ ਲੈ ਰਹੀਆਂ ਹਨ ਅਤੇ ਕਿਓਂਕਿ ਉਹਨਾ ਦੇ ਨਾਲ ਉਹਨਾ ਦੇ ਜੀਵਨ ਸਾਥੀ ਵੀ ਜਾ ਸਕਦੇ ਹਨ ਇਸ ਲਈ ਇਧਰ ਦੇ ਅਮੀਰ ਮਾਪੇ ਅਪਣੇ ਵਿਹਲੜ ਅਤੇ ਅਯਾਸ਼ ਬੇਟੇ ਨੂੰ ਆਸਟ੍ਰੇਲੀਆ ਵਿਖੇ ਸੈਟਲ ਕਰਨ ਲਈ ਅਜਿਹੀਆ ਆਇਲਟਸ ਪਾਸ ਲੜਕੀਆਂ ਦੇ ਆਸਟ੍ਰੇਲੀਆ ਵਿਖੇ ਪੜ੍ਹਾਈ ਤੇ ਹੋਣ ਵਾਲੇ ਖਰਚੇ ਚੁੱਕਦੇ ਹਨ ਤੇ ਵਿਆਹ ਆਦਿ ਦਾ ਸਾਰਾ ਖਰਚਾ ਕਰਦੇ ਹਨ ਤਾਂ ਜੋ ਉਹਨਾ ਦਾ ਵਿਹਲੜ ਆਸਟ੍ਰੇਲੀਆ ਜਾ ਸਕੇ। (ਮੈਂ ਇਸ ਨੂੰ ਸਾਕਾਰਾਤਮਿਕ ਵੀ ਲੈਂਦਾ ਹਾਂ ਕਿਓਂਕਿ ਇਸ ਨਾਲ ਦਾਜ ਦੀ ਸਮੱਸਿਆ ਆਪਣੇ ਆਪ ਹੱਲ ਹੋ ਗਈ ) ਪਰ ਅਜਿਹੇ ਪਰਿਵਾਰਾਂ ਦੇ ਬਿਗੜੈਲ ਬੱਚੇ ਜੋ ਪਹਿਲਾਂ ਵੀ ਇਧਰ ਨਾ ਪੜ੍ਹਾਈ ਕਰਦੇ ਸਨ ਨਾ ਡੱਕਾ ਤੋੜ ਕੇ ਦੂਹਰਾ ਕਰਦੇ ਸਨ। ਖੁਲ੍ਹੀ ਛੱਤ ਵਾਲੀ ਜੀਪ ਚ ਆਪਣੇ ਯਾਰਾਂ ਦੋਸਤਾਂ ਨਾਲ ਬਹਿ ਕੇ ਇਧਰ – ਉਧਰ ਘੁੰਮ ਛੱਡਦੇ ਸਨ ਤੇ ਦੋਸਤਾਂ ਦੀ ਸੰਗਤ ਚ ਕਦੇ ਕਦੇ ਨਸ਼ਾ ਵੀ ਕਰ ਲੈਂਦੇ ਸਨ, ਜਦ ਮਾਪਿਆਂ ਦੇ ਪੈਸੇ ਦੇ ਸਿਰ ਤੇ ਆਸਟ੍ਰੇਲੀਆ ਪੁੱਜਦੇ ਹਨ ਤਾਂ ਉਥੇ ਵੀ ਅਜਿਹੀਆਂ ਹਰਕਤਾਂ ਸ਼ੁਰੂ ਕਰ ਦਿੰਦੇ ਹਨ।ਮੱਧ ਵਰਗ ਪਰਿਵਾਰ ਦੀ ਬੀਵੀ ਨਾਲੇ ਪੜ੍ਹਨ ਜਾਂਦੀ ਹੈ ਨਾਲੇ ਪਾਰਟ ਟਾਇਮ ਜੌਬ ਕਰਦੀ ਹੈ ਅਤੇ ਅਯਾਸ਼ ਲੜਕੇ ਆਸਟ੍ਰਲੀਆ ਚ ਜੈਜੀ ਬੀ ਦੀ ਤਰ੍ਹਾਂ ਅਪਣੇ ਵਾਲ ਬਣਾ ਕੇ, ਕੰਨਾਂ ਚ ਮੁਰਕੀਆਂ ਪਾ ਕੇ, ਗਲੇ ਚ ਸੋਨੇ ਦੀਆਂ ਮੋਟੀਆਂ ਮੋਟੀਆਂ ਚੇਨੀਆਂ ਪਾ ਕੇ, ਉਂਗਲਾਂ ਸੋਨੇ ਦੀਆਂ ਮੁੰਦਰੀਆਂ ਨਾਲ ਭਰ ਕੇ ਬਾਈਕ ਜਾਂ ਕਾਰਾਂ ਤੇ ਜਦ ਇਧਰ ਉਧਰ ਘੁੰਮਦੇ ਹਨ ਤਾਂ ਆਸਟ੍ਰੇਲੀਆ ਆਰਥਿਕ ਤੌਰ ਤੇ ਟੁੱਟੇ ਹੋਏ ਗੱਭਰੂ ਚਿੜ੍ਹ ਕੇ ਉਨ੍ਹਾਂ ਤੇ ਟੁੱਟ ਪੈਂਦੇ ਹਨ।ਇਥੇ ਮੈਂ ਅਜਿਹੀ ਮਾਨਸਿਕਤਾ ਵਾਲੇ ਆਸਟ੍ਰੇਲੀਆਈ ਨੌਜਵਾਨਾਂ ਦਾ ਪੱਖ ਨਹੀਂ ਲੈ ਰਿਹਾ ਉਹਨਾ ਦਾ ਕ੍ਰਿਦਾਰ ਤਾਂ ਸਭ ਤੋਂ ਮਾੜਾ ਹੈ ਜੋ ਕਾਨੂੰਨ ਦੀ ਸਜ਼ਾ ਦਾ ਹੱਕਦਾਰ ਹੈ ।ਇੱਥੇ ਮੇਰਾ ਇਹ ਸਭ ਲਿਖਣ ਦਾ ਮਕਸਦ ਹੈ ਕਿ ਅਜਿਹੀ ਸਥਿਤੀ ਹੀ ਕਿਓਂ ਬਣਨ ਦੇਈਏ ਕਿ ਆਪੇ ਫਾਥੜੀਏ ਤੈਨੂੰ ਕੌਣ ਛੁਡਾਏ ਦੀ ਨੌਬਤ ਆਏ।

ਅਜਿਹੀ ਨਸਲੀ ਹਿੰਸਾ ਨੂੰ ਰੋਕਣ ਲਈ ਸਾਡੇ ਗੱਭਰੂਆਂ ਚ ਵੀ ਸੁਧਾਰ ਦੀ ਜ਼ਰੂਰਤ ਹੈ।ਉਹ ਬੇਗਾਨੇ ਦੇਸ਼ ਚ ਜਿਸ ਉਦੇਸ਼ ਨਾਲ ਗਏ ਹਨ, ਉਸ ਨੂੰ ਪੂਰਾ ਕਰਨ ਲਈ ਜ਼ੋਰ ਲਗਾ ਦੇਣ।ਅਪਣੇ ਜੀਵਨ ਸਾਥੀ ਤੇ ਮਾਤਾ ਪਿਤਾ ਦੀ ਗਾੜ੍ਹੇ ਖੂਨ ਪਸੀਨੇ ਦੀ ਕਮਾਈ ਤੇ ਅਯਾਸ਼ੀ ਬੰਦ ਕਰ ਦੇਣ ਅਤੇ ਖੁਦ ਮੇਹਨਤ ਦੀ ਮੂਰਤ ਬਣ ਜਾਣ ਅਯਾਸ਼ੀ ਲਈ ਬੜੀ ਜਿੰਦਗੀ ਪਈ ਹੈ।ਖੁਦ ਵਿੱਚ ਸੁਧਾਰ ਲਿਆਓ ਦੇਖਣਾ ਅਜਿਹੀ ਹਿੰਸਾ ਅਪਣੇ ਆਪ ਬੰਦ ਹੋ ਜਾਵੇਗੀ।

This entry was posted in ਲੇਖ.

One Response to ਆਸਟ੍ਰੇਲੀਆ ਨਸਲੀ ਹਿੰਸਾ ਦਾ ਸੱਚ – ਆਪੇ ਫਾਥੜੀਏ ਤੈਨੂੰ ਹੁਣ ਕੌਣ ਛੁਡਾਵੇ

  1. Jaswinder Singh says:

    ਮੋ ਤੁਹਿਦੀ ਗਲ ਨਾਲ ਸਿਹਮਤ ਤਾ ਹਾ , ਭਾਵੇ ਪੁਰੀ ਤਰਾ ਨਹੀ| ਅਸਲ ਵਿਚ ਤੋਹਾਦੀ ਗਲ ਅਯਾਸ਼ ਲੜਕਿਆ ਬਾਰੋ ਬਿਲਕੁਲ ਸਹੀ ਹੋ ਪਰ ਮਿਨੂਂ ਲਗਦਾ ਹੋ ਕੇ ਤੁਸੀ ਭਾਵਨਾਤਮਕ ਰੂਪ ਵਿਚ ਆ ਕੋ ਪਂਜੋ ਓਅਂਗਲੀਆ ਨੂਂ ਿੲਕੋ ਕਹਿ ਰਹੋ ਹੋ |

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>