ਤਰਕਸ਼ੀਲ ਲਹਿਰ ਦੀ ਪੱਚੀਵੀਂ ਵਰ੍ਹੇਗੰਢ ‘ਤੇ – ਮੇਘ ਰਾਜ ਮਿੱਤਰ

ਅੱਜ ਦੀ ਤਰਕਸ਼ੀਲ ਲਹਿਰ ਇਸ ਗੱਲ ਵਿੱਚ ਵਿਸ਼ਵਾਸ ਕਰਦੀ ਹੈ ਕਿ ਹਰੇਕ ਘਟਨਾ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ। ਜੇ ਅਸੀਂ ਪੰਜਾਬ ਵਿੱਚ ਤਰਕਸ਼ੀਲ ਲਹਿਰ ਦੇ ਵਿਕਸਿਤ ਹੋਣ ਦੇ ਕਾਰਨਾਂ ਨੂੰ ਨਹੀਂ ਫਰੋਲਾਂਗੇ ਤਾਂ ਮੇਰਾ ਖਿ਼ਆਲ ਹੈ ਅਸੀਂ ਤਰਕਸ਼ੀਲ ਲਹਿਰ ਨਾਲ ਇਨਸਾਫ਼ ਨਹੀਂ ਕਰ ਰਹੇ ਹੋਵਾਂਗੇ। ਤਰਕਸ਼ੀਲ ਲਹਿਰ ਨਾਲ ਸਬੰਧਤ ਵਿਅਕਤੀ ਜਿਹੜੇ ਇਸ ਗੱਲ ਨੂੰ ਛੁਪਾਉਣ ਦਾ ਯਤਨ ਕਰਦੇ ਹਨ ਉਹ ਸੁਆਰਥੀ ਹਨ ਤੇ ਕਿਸੇ ਨਾ ਕਿਸੇ ਰੂਪ ਵਿਚ ਇਸ ਲਹਿਰ ਦੇ ਵਿਕਾਸ ਨੂੰ ਆਪਣੇ ਹੱਕ ਵਿੱਚ ਭੁਗਤਾਉਣਾ ਲੋਚਦੇ ਹਨ।

1983-84 ਵਿੱਚ ਪੰਜਾਬ ਦੇ ਖਾਲਸਤਾਨੀਆਂ ਵੱਲੋਂ ਬੱਸਾਂ ਵਿੱਚੋਂ ਕੱਢ ਕੇ ਹਿੰਦੂਆਂ ਦਾ ਕਤਲੇਆਮ ਕੀਤਾ ਜਾ ਰਿਹਾ ਸੀ ਤੇ ਹਿੰਦੂ ਜਨੂੰਨੀਆਂ ਵੱਲੋਂ 3000 ਨਿਰਦੋਸ਼ ਸਿੱਖਾਂ ਨੂੰ ਗਲਾਂ ਵਿਚ ਟਾਇਰ ਪਾ ਕੇ ਫੂਕ ਦਿੱਤਾ ਗਿਆ ਸੀ। ਇਸ ਤਰ੍ਹਾਂ ਪੰਜਾਬ ਦੇ ਲੋਕ ਖਾਲਸਤਾਨੀਆਂ ਦੀ ਦਹਿਸ਼ਤ ਹੇਠ ਸਹਿਮ ਭਰੀ ਜਿ਼ੰਦਗੀ ਜਿਉਂ ਰਹੇ ਸਨ। ਇਹਨਾਂ ਸਮਿਆਂ ਵਿੱਚ ਮੈਂ ਸਰਕਾਰੀ ਹਾਈ ਸਕੂਲ ਸੰਘੇੜਾ ਜਿ਼ਲ੍ਹਾ ਬਰਨਾਲਾ ਵਿਚ ਵਿਗਿਆਨ ਦਾ ਅਧਿਆਪਕ ਸਾਂ। ਜਦੋਂ ਕਿਤੇ ਵੀ ਸਟਾਫ਼ ਵਿੱਚੋਂ ਕੋਈ ਅਧਿਆਪਕ ਗ਼ੈਰ ਵਿਗਿਆਨਕ ਗੱਲ ਕਰਦਾ ਤਾਂ ਮੈਂ ਉਹਦਾ ਵਿਗਿਆਨਕ ਢੰਗ ਨਾਲ ਜੁਆਬ ਦੇ ਛੱਡਦਾ। ਵਿਛੜਿਆ ਸਾਥੀ ਸੰਤੋਖ ਟਿਵਾਣਾ ਅਜਿਹੇ ਸਮੇਂ ਵਿਗਿਆਨਕ ਸੋਚ ਦੇ ਹੱਕ ਵਿਚ ਖੜਦਾ। ਕਈ ਵਾਰ ਸਾਡੀ ਬਹਿਸ਼ ਤਿੱਖੀ ਵੀ ਹੋ ਜਾਂਦੀ ਉਹ ਅਧਿਆਪਕ ਸਾਨੂੰ ਤਾਹਨਾ ਮਾਰਦੇ ਕਿ ”ਤੁਸੀਂ ਤਾਂ ਖੂਹ ਦੇ ਡੱਡੂ ਹੋ। ਸਕੂਲ ਵਿੱਚ ਹੀ ਭਕਾਈ ਮਾਰਨਾ ਤੁਹਾਡਾ ਸੁਗ਼ਲ ਬਣ ਗਿਆ ਹੈ ਜੇ ਤੁਹਾਡੇ ਕੋਲ ਬਹੁਤੀਆਂ ਦਲੀਲਾਂ ਨੇ ਤਾਂ ਪਿੰਡਾਂ ਵਿੱਚ ਜਾਓ ਤੇ ਅਨਪੜ੍ਹ ਤੇ ਗ਼ਰੀਬ ਲੋਕਾਂ ਨੂੰ ਮੱਤ ਦਿਉ।” ਭਾਵੇਂ ਉਹਨਾਂ ਦੀ ਮਨਸ਼ਾ ਤਾਂ ਸਾਥੋਂ ਖਹਿੜਾ ਛੁਡਾਉਣ ਦੀ ਹੁੰਦੀ ਸੀ ਪਰ ਉਹਨਾਂ ਦੀ ਕਹੀ ਹੋਈ ਇਹ ਸਾਧਾਰਣ ਗੱਲ ਸਾਨੂੰ ਇਹ ਸੋਚਣ ਲਈ ਮਜ਼ਬੂਰ ਜ਼ਰੂਰ ਕਰ ਜਾਂਦੀ ਕਿ ਅੰਧ-ਵਿਸ਼ਵਾਸ ਵਿਰੁੱਧ ਲੜਨ ਵਾਲੀ ਕੋਈ ਨਾ ਕੋਈ ਸੰਸਥਾ ਜ਼ਰੂਰ ਹੋਣੀ ਹੀ ਚਾਹੀਦੀ ਹੈ।

ਅਗਸਤ 1983 ਵਿੱਚ ਮੈਂ ਆਪਣੇ ਕਿਸੇ ਸਾਥੀ ਅਧਿਆਪਕ ਦੀ ਪਤਨੀ ਦੀ ਬਦਲੀ ਦੇ ਸਬੰਧ ਵਿੱਚ ਨਾਭੇ ਤੋਂ ਧੂਰੀ ਰਾਹੀਂ ਵਾਪਸ ਬਰਨਾਲਾ ਆ ਰਿਹਾ ਸੀ ਕਿ ਰਸਤੇ ਵਿੱਚ ਮੈਨੂੰ ਆਪਣਾ ਇੱਕ ਪੁਰਾਣਾ ਸਾਥੀ ਸੁਰਿੰਦਰ ਧੂਰੀ ਮਿਲ ਪਿਆ। ਉਸ ਦੇ ਹੱਥ ਵਿੱਚ ਸ਼੍ਰੀਲੰਕਾ ਦੇ ਡਾਕਟਰ ਕੋਵੂਰ ਦੀ ਲਿਖੀ ਹੋਈ ਅੰਗਰੇਜ਼ੀ ਦੀ ਕਿਤਾਬ ”ਬੀਗੋਨ ਗੌਡਮੈਨ” ਸੀ। ਜਦੋਂ ਮੈਂ ਉਸ ਦੇ ਹੱਥੋਂ ਕਿਤਾਬ ਫੜ ਕੇ ਫਰੋਲੀ ਤਾਂ ਮੈਨੂੰ ਇਸਦਾ ਵਿਸ਼ਾ ਰੌਚਿਕ ਲੱਗਿਆ। ਮੇਰੇ ਅੰਦਰ ਇਸ ਕਿਤਾਬ ਨੂੰ ਪੜ੍ਹਨ ਦੀ ਦਿਲਚਸਪੀ ਜਾਗੀ। ਮੈਂ ਉਸ ਤੋਂ ਇਹ ਕਿਤਾਬ ਲੈ ਲਈ। ਕਿਤਾਬ ਵਿੱਚ ਡਾਕਟਰ ਕੋਵੂਰ ਨੇ ਭੂਤਾਂ ਪ੍ਰੇਤਾਂ ਬਾਰੇ ਆਪਣੇ ਅਮਲੀ ਤਜ਼ਰਬੇ ਲਿਖੇ ਸਨ। ਇਸ ਲਈ ਮੈਂ ਇਸ ਕਿਤਾਬ ਦੇ ਕਾਫ਼ੀ ਚੈਪਟਰ ਦੋ-ਤਿੰਨ ਦਿਨਾਂ ਵਿੱਚ ਹੀ ਖ਼ਤਮ ਕਰ ਲਏ। ਜਿਵੇਂ ਹੁੰਦਾ ਹੈ ਵਧੀਆ ਕਿਤਾਬਾਂ ਅਸੀਂ ਆਪਣੇ ਨਜ਼ਦੀਕੀਆਂ ਨੂੰ ਪੜ੍ਹਨ ਲਈ ਵੀ ਦਿੰਦੇ ਹਾਂ। ਮੈਂ ਵੀ ਇਹ ਕਿਤਾਬ ਆਪਣੇ ਇੱਕ ਨਜ਼ਦੀਕੀ ਅਧਿਆਪਕ ਨੂੰ ਪੜ੍ਹਨ ਲਈ ਦਿੱਤੀ। ਇਸ ਅਧਿਆਪਕ ਬਾਰੇ ਸਾਡੇ ਸਟਾਫ਼ ਦਾ ਕਹਿਣਾ ਸੀ ਕਿ ”ਇਹ ਵਾਲ ਦੀ ਖੱਲ੍ਹ ਲਾਹੁਣ ਵਾਲਾ ਬੰਦਾ ਹੈ।” ਉਸ ਨੇ ਜਦ ਵੀ ਕੋਈ ਸਮਾਨ ਖ੍ਰੀਦਣਾ ਹੁੰਦਾ ਸੀ ਦਸ ਦੁਕਾਨਾਂ ਤੋਂ ਪੁੱਛ-ਗਿੱਛ ਕਰਕੇ ਹੀ ਖਰੀਦਦਾ ਸੀ। ਇੱਕ ਦਿਨ ਉਹ 18 ਭੱਠਿਆਂ ਦੀ ਇੱਕ-ਇੱਕ ਇੱਟ ਆਪਣੇ ਸਕੂਟਰ ਤੇ ਲੱਦ ਕੇ ਮੇਰੇ ਕੋਲ ਲੈ ਆਇਆ ਤੇ ਕਹਿਣ ਲੱਗਿਆ ”ਆਪਣੀ ਸਾਇੰਸ ਲੈਬ ਵਿੱਚ ਹਰੇਕ ਇੱਟ ਦਾ ਭਾਰ ਤੇ ਆਕਾਰ ਨਾਪੋ ਤੇ ਦੱਸੋ ਕਿ ਕਿਹੜੇ ਭੱਠੇ ਦੀ ਇੱਟ ਸਭ ਤੋਂ ਵਧੀਆ ਹੈ।” ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਇਹਨਾਂ ਇੱਟਾਂ ਤੋਂ ਕੀ ਕਰਾਉਣਾ ਹੈ? ਤਾਂ ਉਹ ਕਹਿਣ ਲੱਗਿਆ ਕਿ ”ਮੈਂ ਮਕਾਨ ਬਣਾਉਣਾ ਹੈ ਤੇ ਸੱਠ ਸਾਲ ਉਸ ਵਿੱਚ ਰਹਿਣਾ ਹੈ। ਜੇ ਮੈਂ ਹੀ ਵਧੀਆ ਇੱਟ ਆਪਣੇ ਘਰ ਨੂੰ ਨਹੀਂ ਲਾਵਾਂਗਾ ਤਾਂ ਹੋਰ ਕੌਣ ਲਾਵੇਗਾ?” ਮੈਨੂੰ ਇਹ ਜਾਪਿਆ ਕਿ ਇਹ ਅਧਿਆਪਕ ਬਹੁਤ ਕੰਮ ਦਾ ਬੰਦਾ ਹੈ, ਹਰ ਗੱਲ ਬੜੀ ਸੋਚ ਵਿਚਾਰ ਨਾਲ ਕਰਦਾ ਹੈ। ਇਸ ਅਧਿਆਪਕ ਲਈ ਮੇਰੇ ਮਨ ਵਿੱਚ ਇੱਕ ਸ਼ਰਧਾ ਜਿਹੀ ਪੈਦਾ ਹੋ ਗਈ ਤੇ ਮੈਂ ਉਸ ਨਾਲ ਇੱਕ ਨੇੜਤਾ ਬਣਾ ਲਈ। ਮੈਂ ਇਸ ਅਧਿਆਪਕ ਨੂੰ ਉੱਪਰ ਵਰਨਣ ਕੀਤੀ ਕਿਤਾਬ ਪੜ੍ਹਨ ਲਈ ਦੇ ਦਿੱਤੀ। ਕਿਤਾਬ ਪੜ੍ਹ ਕੇ ਉਹ ਅਧਿਆਪਕ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ ਕਿ ”ਮੈਨੂੰ ਇਹ ਕਿਤਾਬ ਪੰਜਾਬੀ ਵਿੱਚ ਚਾਹੀਦੀ ਹੈ ਮੈਂ ਪੰਜ ਸੌ ਰੁਪਏ ਖਰਚ ਕਰ ਸਕਦਾ ਹਾਂ।” ਮੈਂ ਇਸ ਅਧਿਆਪਕ ਨੂੰ ਪੁੱਛਿਆ ਕਿ ਤੁਸੀਂ ਅੰਗਰੇਜ਼ੀ ਵਿੱਚ ਕਿਤਾਬ ਪੜ੍ਹ ਲਈ ਹੈ ਤੁਸੀਂ ਪੰਜਾਬੀ ਦੀ ਕਿਤਾਬ ਤੇ ਐਨੇ ਰੁਪਏ ਖਰਚਣ ਲਈ ਕਿਉਂ ਤਿਆਰ ਹੋ? ਤਾਂ ਉਹ ਕਹਿਣ ਲੱਗਿਆ ”ਮੈਂ ਇਸ ਕਿਤਾਬ ਤੋਂ ਪੰਦਰਾਂ ਸੌ ਰੁਪਏ ਦੀ ਕਮਾਈ ਕਰਨੀ ਹੈ?” ਮੈਂ ਉਸ ਨੂੰ ਪੁੱਛਿਆ ਕਿ ”ਤੁਸੀਂ ਪੰਦਰਾਂ ਸੌ ਰੁਪਏ ਕਿਵੇਂ ਕਮਾਉਗੇ?” ਉਹ ਕਹਿਣ ਲੱਗਿਆ ”ਮੇਰੇ ਘਰ ਵਾਲੀ ਪਿਛਲੇ ਤਿੰਨ ਸਾਲ ਤੋਂ ਇੱਕ ਜੋਤਸ਼ੀ ਦੇ ਚੱਕਰ ਵਿੱਚ ਫਸੀ ਹੋਈ ਹੈ ਜਿਹੜਾ ਹਰ ਸਾਲ ਹਜ਼ਾਰ ਰੁਪਏ ਕਿਸੇ ਨਾ ਕਿਸੇ ਰੂਪ ਵਿੱਚ ਮੇਰੇ ਘਰੋਂ ਲੈ ਜਾਂਦਾ ਹੈ। ਉਸ ਨੇ ਦੋ ਸਾਲ ਦੇ ਉਪਾਅ ਦੱਸੇ ਹੋਏ ਹਨ ਜਿਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਉਹ ਦੋ ਹਜ਼ਾਰ ਰੁਪਏ ਹੋਰ ਮੇਰੇ ਘਰੋਂ ਲੈ ਜਾਵੇਗਾ। ਜੇ ਮੈਂ ਇਹ ਕਿਤਾਬ ਆਪਣੀ ਪ੍ਰਾਇਮਰੀ ਅਧਿਆਪਕ ਪਤਨੀ ਨੂੰ ਪੜ੍ਹਾ ਦੇਵਾਂ ਤਾਂ ਪੰਜ ਸੌ ਰੁਪਏ ਖਰਚ ਕੇ ਵੀ ਪੰਦਰਾਂ ਸੌ ਰੁਪਏ ਦੀ ਬੱਚਤ ਕਰ ਸਕਦਾ ਹਾਂ।” ਮੈਨੂੰ ਇਸ ਅਧਿਆਪਕ ਦੀ ਇਹ ਗੱਲ ਜਚ ਗਈ ਕਿ ਜੇ ਇੱਕ ਅਧਿਆਪਕ ਆਪਣੀ ਪਤਨੀ ਨੂੰ ਅੰਧ-ਵਿਸ਼ਵਾਸਾਂ ਵਿੱਚੋਂ ਬਾਹਰ ਕੱਢਣ ਲਈ ਇੱਕ ਕਿਤਾਬ ਦਾ ਸਹਾਰਾ ਲੈ ਸਕਦਾ ਹੈ ਤਾਂ ਸਾਡੇ ਤਾਂ ਲੱਖਾਂ ਭੈਣ-ਭਰਾ ਇਸ ਦਲ-ਦਲ ਵਿੱਚ ਫਸੇ ਹੋਏ ਹਨ ਕਿਉਂ ਨਾ ਉਹਨਾਂ ਨੂੰ ਕੱਢਣ ਦਾ ਕੋਈ ਵਸੀਲਾ ਕਰੀਏ। ਇਹ ਸੋਚ ਕੇ ਮੈਂ ਇਸ ਕਿਤਾਬ ਦਾ ਅਨੁਵਾਦ ਪੰਜਾਬੀ ਵਿਚ ਕਰਨਾ ਸ਼ੁਰੂ ਕਰ ਦਿੱਤਾ। ਕਿਤਾਬ ਕਾਫ਼ੀ ਵੱਡੀ ਸੀ ਤੇ ਮੈਂ ਅਜਿਹਾ ਕੰਮ ਪਹਿਲਾਂ ਕਦੇ ਕੀਤਾ ਵੀ ਨਹੀਂ ਸੀ। ਸੋ ਮੈਨੂੰ ਇਹ ਔਖਾ ਲੱਗਿਆ। ਮੈਂ ਕਿਤਾਬ ਦੇ ਦੋ ਹਿੱਸੇ ਕਰ ਲਏ। ਅੱਧੀ ਕਿਤਾਬ ਅਨੁਵਾਦ ਦੇ ਤਜ਼ਰਬੇਕਾਰ ਆਪਣੇ ਦੋਸਤ ਸਰਜੀਤ ਤਲਵਾਰ ਨੂੰ ਫੜਾ ਆਇਆ। ਦੋ-ਤਿੰਨ ਮਹੀਨਿਆਂ ਵਿੱਚ ਅਸੀਂ ਇਸ ਕਿਤਾਬ ਦੇ ਅਨੁਵਾਦ ਦਾ ਕੰਮ ਨਬੇੜ ਲਿਆ। ਜਦੋਂ ਕਿਤਾਬ ਛਪਣ ਹੀ ਵਾਲੀ ਤੇ ਇਸਦੇ ਮੂਹਰਲੇ 8 ਸਫ਼ੇ ਤਿਆਰ ਹੋਣੇ ਸਨ ਤਾਂ ਸਾਡੇ ਮਨ ਵਿਚ ਆਇਆ ਕਿ ਕਿਉਂ ਨਾ ਇਹ ਕਿਤਾਬ ਕਿਸੇ ਅਦਾਰੇ ਵੱਲੋਂ ਛਾਪੀ ਜਾਵੇ। ਕੁਝ ਅਦਾਰਿਆਂ ਨਾਲ ਇਸ ਸਬੰਧੀ ਗੱਲਬਾਤ ਚਲਾਈ ਵੀ ਗਈ ਪਰ ਕੋਈ ਵੀ ਅਦਾਰਾ ਇਸ ਕਿਤਾਬ ਨੂੰ ਛਾਪਣ ਲਈ ਤਿਆਰ ਨਾ ਹੋਇਆ। ਆਖ਼ਰਕਾਰ ਅਸੀਂ ਡਾਕਟਰ ਕੋਵੂਰ ਦੀ ਅੰਗਰੇਜ਼ੀ ਦੀ ਕਿਤਾਬ ਨੂੰ ਮੁੜ ਫਰੋਲਿਆ ਤੇ ਦੇਖਿਆ ਕਿ ਉਸ ਨੇ ਉਹ ਕਿਤਾਬ ‘ਸ਼੍ਰੀਲੰਕਾ ਰੈਸ਼ਨਲਿਸਟ ਐਸੋਸੀਏਸ਼ਨ’ ਵੱਲੋਂ ਛਾਪੀ ਗਈ ਸੀ। ਅਸੀਂ ਵੀ ਨਾਂਵਾਂ ਵਿੱਚ ਥੋੜ੍ਹਾ ਜਿਹਾ ਫੇਰਬਦਲ ਕਰਕੇ ਇਹ ਪੰਜਾਬੀ ਪੁਸਤਕ ‘ਰੈਸ਼ਨਲਿਸਟ ਸੁਸਾਇਟੀ ਪੰਜਾਬ’ ਵੱਲੋਂ ‘ਤੇ ਦੇਵ ਪੁਰਸ਼ ਹਾਰ ਗਏ’ ਦੇ ਨਾਂ ਹੇਠ ਛਾਪ ਲਈ। ਮੈਂ ਇਸ ਸੰਸਥਾ ਦਾ ਪ੍ਰਧਾਨ ਤੇ ਸਰਜੀਤ ਤਲਵਾਰ ਜਨਰਲ ਸਕੱਤਰ ਬਣ ਗਏ।

ਉਸ ਸਮੇਂ ਦੀਆਂ ਹਾਲਤਾਂ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਹੀ ਲਾ ਸਕਦੇ ਹੋ ਕਿ ਉਹ ਅਧਿਆਪਕ ਜਿਸ ਨੇ ਇਸ ਕਿਤਾਬ ਦਾ ਅਨੁਵਾਦ ਪੰਜਾਬੀ ਵਿਚ ਕਰਨ ਦਾ ਸੁਝਾਓ ਦਿੱਤਾ ਸੀ, ਮੈਂ ਉਸਦਾ ਨਾਂ ਧੰਨਵਾਦ ਕਰਨ ਵਾਲਿਆਂ ਦੀ ਲਿਸਟ ਵਿੱਚ ਪਾਉਣਾ ਚਾਹੁੰਦਾ ਸੀ ਪਰ ਉਸ ਅਧਿਆਪਕ ਨੇ ਆਪਣਾ ਨਾਂ ਗੁਪਤ ਰੱਖਣ ਦੀ ਤਾਕੀਦ ਕਰ ਦਿੱਤੀ।

ਕਿਤਾਬ ਛਪ ਕੇ ਆਈ ਤਾਂ ਦੋ ਕਿਸਮ ਦੇ ਲੋਕ ਸਾਡੇ ਕੋਲ ਆਉਣੇ ਸ਼ੁਰੂ ਹੋ ਗਏ। ਕਿਤਾਬ ਵਿੱਚ ਡਾਕਟਰ ਕੋਵੂਰ ਨੇ ਅਖੌਤੀ ਕਰਾਮਾਤੀ ਸ਼ਕਤੀਆਂ ਦੇ ਮਾਲਕਾਂ, ਸਾਧਾਂ, ਸੰਤਾਂ ਨੂੰ ਭਜਾਉਣ ਲਈ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ ਪਰ ਸਾਡੀ ਸਮਰਥਾ ਤੇ ਪਰਪੱਕਤਾ ਉਸ ਸਮੇਂ ਐਨੀ ਨਹੀਂ ਸੀ। ਇਸ ਲਈ ਅਸੀਂ ਇਹ ਇਨਾਮ ਦੀ ਰਾਸ਼ੀ ਘਟਾ ਕੇ ਦਸ ਹਜ਼ਾਰ ਰੁਪਏ ਕਰ ਦਿੱਤੀ ਅਤੇ ਚੁਣੌਤੀ ਦੀਆਂ ਬਾਕੀ ਸ਼ਰਤਾਂ ਉਹ ਹੀ ਰਹਿਣ ਦਿੱਤੀਆਂ। ਪਹਿਲੀ ਕਿਸਮ ਦੇ ਲੋਕਾਂ ਨੇ ਸਾਡੀ ਇਹ ਚੁਣੌਤੀ ਸਾਧਾਂ ਸੰਤਾਂ ਨੂੰ ਪਹੁੰਚਾਉਣੀ ਸ਼ੁਰੂ ਕਰ ਦਿੱਤੀ। ਥਾਂ-ਥਾਂ ਤੇ ਸਾਧਾਂ ਸੰਤਾਂ ਨੂੰ ਲਲਕਾਰਿਆ ਜਾਣ ਲੱਗ ਪਿਆ। ਸਾਡੇ ਵਿੱਚ ਕੁਝ ਸਾਥੀ ਤੱਤੇ ਸੁਭਾਅ ਦੇ ਵੀ ਸਨ ਉਹ ਸਾਧਾਂ ਸੰਤਾਂ ਨੂੰ ਉਨ੍ਹਾਂ ਦੇ ਡੇਰਿਆਂ ਤੇ ਜਾ ਕੇ ਘੇਰਨਾ ਚਾਹੁੰਦੇ ਸਨ। ਅਸੀਂ ਉਹਨਾਂ ਨੂੰ ਸਮਝਾਉਂਦੇ ਕਿ ਸਾਧਾਂ ਸੰਤਾਂ ਨੂੰ ਭਜਾਉਣ ਲਈ ਲੋਕਾਂ ਨੂੰ ਚੇਤਨ ਕਰਨਾ ਪਵੇਗਾ। ਇਸ ਲਈ ਅਸੀਂ ਆਪਣੇ ਸਾਰੇ ਯਤਨ ਲੋਕਾਂ ਦੇ ਚੇਤਨਾ ਪੱਧਰ ਨੂੰ ਉੱਚਾ ਚੁੱਕਣ ਲਈ ਲਾਉਣ ਲੱਗ ਪਏ। ਦੂਸਰੀ ਕਿਸਮ ਦੇ ਲੋਕਾਂ ਨੇ ਭੂਤਾਂ ਪ੍ਰੇਤਾਂ ਦੇ ਸਤਾਏ ਮਾਨਸਿਕ ਰੋਗੀਆਂ ਨੂੰ ਸਾਡੇ ਕੋਲ ਲਿਆਉਣਾ ਸ਼ੁਰੂ ਕਰ ਦਿੱਤਾ। ਭਾਵੇਂ ਅਸੀਂ ਸਿਰਫ਼ ਕਿਤਾਬ ਦੇ ਅਨੁਵਾਦਕ ਸਾਂ ਤੇ ਕੇਸਾਂ ਨੂੰ ਹੱਲ ਕਰਨ ਦਾ ਭੋਰਾ ਭਰ ਵੀ ਤਜ਼ਰਬਾ ਸਾਡੇ ਕੋਲ ਨਹੀਂ ਸੀ। ਪਰ ਫਿਰ ਵੀ ਅਸੀਂ ਯਤਨ ਕਰਨ ਲੱਗ ਪਏ। ਜਦੋਂ ਵੀ ਅਸੀਂ ਕਿਸੇ ਕੇਸ ਵਿਚ ਅਸਫ਼ਲ ਹੁੰਦੇ ਤਾਂ ਅਸੀਂ ਡਾਕਟਰ ਕੋਵੂਰ ਦੀਆਂ ਕਿਤਾਬਾਂ ਨੂੰ ਫਰੋਲਦੇ ਤੇ ਆਖ਼ਰਕਾਰ ਅਜਿਹੇ ਕੇਸਾਂ ਨੂੰ ਹੱਲ ਕਰਨ ਦੀ ਜਾਂਚ ਵੀ ਸਿੱਖਦੇ ਗਏ।

ਮੁਢਲੇ 2-3 ਸਾਲਾਂ ਵਿੱਚ ਹੀ ਦਸ ਹਜ਼ਾਰ ਦੇ ਕਰੀਬ ਚਿੱਠੀਆਂ ਅਤੇ ਲਗਭਗ ਐਨੇ ਕੁ ਹੀ ਵਿਅਕਤੀ ਸਾਨੂੰ ਮਿਲਣ ਲਈ ਆਏ। ਹਰੇਕ ਨੇ ਸਾਥੋਂ ਕੋਈ ਨਾ ਕੋਈ ਗੱਲ ਪੁੱਛੀ ਜਾਂ ਦੱਸੀ। ਇਸ ਤਰ੍ਹਾਂ ਸਾਡੇ ਕੋਲ ਵਿਸ਼ਾਲ ਜਨਤਕ ਤਜ਼ਰਬੇ ਇਕੱਠੇ ਹੋਣ ਲੱਗ ਪਏ। ਹੁਣ ਤਾਂ ਤਰਕਸ਼ੀਲ ਸੁਸਾਇਟੀ ਕੋਲ ਸੌ ਤੋਂ ਵਧੇਰੇ ਅਜਿਹੀਆਂ ਕਿਤਾਬਾਂ ਹਨ ਜਿਹੜੀਆਂ ਲੋਕਾਂ ਦੇ ਅਮਲੀ ਤਜ਼ਰਬਿਆਂ ਨਾਲ ਨੱਕੋ ਨੱਕ ਭਰੀਆਂ ਪਈਆਂ ਹਨ।

ਆਪਣੇ ਇਸ ਤਜ਼ਰਬੇ ਨੂੰ ਹੋਰ ਮੈਂਬਰਾਂ ਨਾਲ ਸਾਂਝੇ ਕਰਨ ਲਈ ਅਸੀਂ ਤਰਕਸ਼ੀਲ ਕੈਂਪ ਲਾਉਣ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ। ਇਸ ਦਾ ਨਤੀਜਾ ਇਹ ਹੋਇਆ ਕਿ ਤਰਕਸ਼ੀਲ ਸੁਸਾਇਟੀ ਦੇ ਬਹੁਤ ਸਾਰੇ ਮੈਂਬਰ ਕੇਸਾਂ ਨੂੰ ਹੱਲ ਕਰਨ, ਜਾਦੂ ਸਿੱਖਣ ਅਤੇ ਹਿਪਨੋਟਾਈਜ਼ ਕਰਨ ਦੇ ਢੰਗ ਤਰੀਕੇ ਸਿੱਖਣ ਲੱਗ ਪਏ, ਕੁਝ ਸਾਥੀਆਂ ਨੇ ਇਸ ਤੋਂ ਵੀ ਅਗਾਂਹ ਵਧਦੇ ਹੋਏ ਮਾਨਸਿਕ ਰੋਗਾਂ ਦੇ ਹੱਲ ਲਈ ਥਾਂ-ਥਾਂ ਤੇ ਕੇਂਦਰ ਬਣਾ ਲਏ।

ਜਿਵੇਂ ਹੁੰਦਾ ਹੀ ਹੈ ਜਦੋਂ ਵੀ ਕੋਈ ਸੰਸਥਾ ਸਥਾਪਤ ਹੁੰਦੀ ਹੈ ਤਾਂ ਉਸ ਵਿੱਚ ਕੁਝ ਸਸਤੀ ਸ਼ੋਹਰਤ ਲੱਭਣ ਵਾਲੇ ਵਿਅਕਤੀ ਵੀ ਆ ਜਾਂਦੇ ਹਨ। ਫਿਰ ਉਹ ਅਜਿਹੀਆਂ ਸਾਜਿ਼ਸ਼ਾਂ ਰਚਣੀਆਂ ਸ਼ੁਰੂ ਕਰ ਦਿੰਦੇ ਹਨ ਕਿ ਕਿਵੇਂ ਇਸ ਸੰਸਥਾ ਦੀ ਲੀਡਰਸਿ਼ਪ ਤੇ ਕਾਬਜ਼ ਹੋਇਆ ਜਾਵੇ? ਸਾਡੀ ਸੰਸਥਾ ਵਿਚ ਵੀ ਅਜਿਹੇ ਵਿਅਕਤੀ ਘੁਸਪੈਠ ਕਰ ਗਏ। ਕਿਤਾਬਾਂ ਲਿਖਣ ਪੜ੍ਹਨ ਦੇ ਕਿਸੇ ਕੰਮ ਵਿੱਚ ਉਹਨਾਂ ਨੂੰ ਕੋਈ ਦਿਲਚਸਪੀ ਨਹੀਂ ਸੀ ਤੇ ਉਹਨਾਂ ਦਾ ਇੱਕੋ ਇੱਕ ਨਿਸ਼ਾਨਾਂ ਯੋਗਦਾਨ ਵਾਲੇ ਵਿਅਕਤੀਆਂ ਨੂੰ ਪਿਛਾਂਹ ਕਰਕੇ ਸੰਸਥਾ ਤੇ ਕਾਬਜ਼ ਹੋਣਾ ਸੀ। ਉਹਨਾਂ ਨੇ ਡਾਕਟਰ ਕੋਵੂਰ ਦੀਆਂ ਲਿਖੀਆਂ ਕਿਤਾਬਾਂ ਦੇ ਉਹਨਾਂ ਅਨੁਵਾਦਾਂ ਤੋਂ ਸਾਡੇ ਨਾਂ ਹੀ ਗਾਇਬ ਕਰ ਦਿੱਤੇ ਅਤੇ ਆਪਣੇ ਨਾਂ ਉਹਨਾਂ ਕਿਤਾਬਾਂ ਤੇ ਕਿਸੇ ਨਾ ਕਿਸੇ ਰੂਪ ਵਿੱਚ ਦਰਜ ਕਰ ਦਿੱਤੇ।

ਮੈਨੂੰ ਯਾਦ ਹੈ ਕਿ ਰੈਸ਼ਨਲਿਸਟ ਸੁਸਾਇਟੀ ਦੀ ਬਾਕਾਇਦਾ ਪਹਿਲੀ ਮੀਟਿੰਗ ਤਿੰਨ ਜੂਨ ਉਨੀ ਸੌ ਚੁਰਾਸੀ ਨੂੰ ਮੇਰੇ ਘਰ ਜੋ ਉਸ ਸਮੇਂ ਕੱਚਾ ਕਾਲਜ ਰੋਡ ਦੀ ਗਿਆਰਾਂ ਨੰਬਰ ਗਲੀ ਵਿਚ ਸੀ ਹੋ ਰਹੀ ਸੀ। ਪੰਜਾਬ ਵਿੱਚ ਉਸੇ ਦਿਨ ਕਰਫਿ਼ਊ ਲਾ ਦਿੱਤਾ ਗਿਆ ਤੇ ਸਿੱਟੇ ਵਜੋਂ ਸਾਨੂੰ ਇਹ ਮੀਟਿੰਗ ਵੀ ਵਿਚਕਾਰ ਹੀ ਛੱਡਣੀ ਪਈ। ਇਸ ਲਹਿਰ ਦੀ ਖੂਬੀ ਇਹ ਹੈ ਕਿ ਇਸ ਨੇ ਜਿੰਨਾ ਵੀ ਕੰਮ ਕੀਤਾ ਹੈ ਉਹ ਲੋਕਾਂ ਨੂੰ ਕੇਂਦਰਤ ਕਰਕੇ ਹੀ ਕੀਤਾ ਹੈ ਅਤੇ ਇਸ ਦੇ ਨਾਲ ਹੀ ਇਸ ਸੰਸਥਾ ਨੇ ਅਮਲੀ ਤੇ ਸਿਧਾਂਤਕ ਕੰਮਾਂ ਦੇ ਸੁਮੇਲ ਵੀ ਕਰ ਵਿਖਾਇਆ ਹੈ।

1984 ਤੋਂ ਬਾਅਦ ਅੱਜ ਤੱਕ ਸਭ ਤੋਂ ਵੱਧ ਹੋਈ ਤਰਕਸ਼ੀਲ ਸਾਹਿਤ ਦੀ ਵਿੱਕਰੀ, ਇਸ ਸਚਾਈ ਨੂੰ ਵੀ ਸਾਬਤ ਕਰਦੀ ਹੈ ਕਿ ਲਹਿਰਾਂ ਅਤੇ ਸਾਹਿਤ ਦਾ ਸਬੰਧ ਮਾਂ-ਪੁੱਤ ਵਾਲਾ ਹੁੰਦਾ ਹੈ ਕਿ ਭਾਵ ਲਹਿਰਾਂ, ਸਾਹਿਤ ਦੀ ਰਚਨਾ ਕਰਦੀਆਂ ਹਨ ਤੇ ਸਾਹਿਤ ਲਹਿਰਾਂ ਦਾ ਘੇਰਾ ਵਿਸ਼ਾਲ ਕਰਦਾ ਹੈ। ਟੁੱਟਾਂ ਫੁੱਟਾਂ ਦਾ ਸਿ਼ਕਾਰ ਹੋਣ ਦੇ ਬਾਵਜੂਦ ਵੀ ਅੱਜ ਵੀ ਤਰਕਸ਼ੀਲ ਲਹਿਰ ਪੰਜਾਬ ਦੇ ਹਰ ਪਿੰਡ ਤੱਕ ਆਪਣਾ ਪ੍ਰਚਾਰ ਤੇ ਪਸਾਰ ਪੁਚਾ ਚੁੱਕੀ ਹੈ। ਖੁਸ਼ੀ ਦੀ ਗੱਲ ਇਹ ਹੈ ਕਿ ਸੱਚ ਦੀ ਕਸੌਟੀ ਤੇ ਉਸਰੀ ਸੀਮਤ ਵਸੀਲਿਆਂ ਵਾਲੀ ਇਸ ਲਹਿਰ ਨੇ ਅਰਬਾਂ ਦੇ ਬੱਜਟ ਵਾਲੀਆਂ ਰੂੜੀਵਾਦੀ ਸੰਸਥਾਵਾਂ ਨੂੰ ਸੋਚਣ ਤੇ ਮਜ਼ਬੂਰ ਕਰ ਦਿੱਤਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>