ਕੈਲੀਫੋਰਨੀਆਂ ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰੋਫੈਸਰ ਅਨੂਪ ਵਿਰਕ ਸੰਗ ਯਾਦਗਾਰੀ ਸਮਾਰੋਹ


ਸੈਨਹੋਜ਼ੇ (ਚਰਨਜੀਤ ਸਿੰਘ ਪੰਨੂ)- ਕੈਲੀਫੋਰਨੀਆਂ ਪੰਜਾਬੀ ਸਾਹਿਤ ਸਭਾ ਦਾ ਵਿਸ਼ੇਸ਼ ਅਜਲਾਸ ਪੰਜਾਬ ਤੋਂ ਆਏ ਪ੍ਰੋਫੈਸਰ ਅਨੂਪ ਸਿੰਘ ਵਿਰਕ ਦੇ ਸਨਮਾਨ ਵਿੱਚ ਮਨਜੀਤ ਕੌਰ ਸੇਖੋਂ ਕਹਾਣੀਕਾਰ ਦੇ ਗ੍ਰਿਹ ਸੈਕਰਾਮੈਂਟੋ ਵਿਖੇ ਆਯੋਜਿਤ ਕੀਤਾ ਗਿਆ। ਵਿਆਹ ਮੰਡਪ ਵਾਂਗ ਸਿ਼ੰਗਾਰਿਆ ਇਹ ਆਂਗਣ ਸਵੇਰੇ ਦਸ ਵਜੇ ਤੋਂ ਸਾਂਮ 6 ਵਜੇ ਤੱਕ ਪੰਜਾਬੀ ਦੀਆਂ ਸਾਹਿਤਕ ਰਚਨਾਵਾਂ ਤੇ ਧੁਨਾ ਨਾਲ ਮਹਿਕਦਾ ਰਿਹਾ। ਜੋਗਿੰਦਰ ਸਿੰਘ ਸ਼ੌਂਕੀ ਤੂੰਬੀ ਮਾਸਟਰ ਨੇ ਤੂੰਬੀ ਤੇ ਗੀਤ ਗਾ ਕੇ ਸ਼ੁਰੁਆਤ ਕਰਦੇ ਜਮਲਾ ਜੱਟ ਯਾਦ ਕਰਵਾ ਦਿੱਤਾ। ਸਭਾ ਦੇ ਪ੍ਰਧਾਨ ਹਰਬੰਸ ਸਿੰਘ ਢਿੱਲੋਂ ਜਗਿਆਸੂ ਨੇ ਸਭਾ ਦਾ ਆਗਾਜ਼ ਕਰਦੇ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਸਭਾ ਦੇ ਇਤਿਹਾਸ ਤੇ ਗਤੀਵਿਧੀਆਂ ਬਾਰੇ ਸੰਖੇਪ ਚਾਨਣਾ ਪਾਇਆ। ਪ੍ਰੋਫੈਸਰ ਅਨੂਪ ਵਿਰਕ ਜੋ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਹਨ, ਡਾਕਟਰ ਸੋਹਿੰਦਰ ਬੀਰ ਸਿੰਘ  ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਡਾਕਟਰ ਗੁਰਦੀਪ ਸਿੰਘ ਬਾਜਵਾ ਜੋ ਡੀ ਪੀ ਆਈ ਦਫਤਰ ਪੰਜਾਬ ਵਿਖੇ ਸਹਾਇਕ ਡਾਇਰੈਕਟਰ ਹਨ, ਡਾਕਟਰ ਪਰਗਟ ਸਿੰਘ, ਡਾਕਟਰ ਅਮਰੀਕ ਸਿੰਘ, ਅਤੇ ਕਹਾਣੀਕਾਰ ਰਵਿੰਦਰ ਸਿੰਘ ਅਟਵਾਲ ਨੂੰ ਪ੍ਰਧਾਨਗੀ ਮੰਡਿਲ ਵਿੱਚ ਸ਼ਾਮਲ ਕੀਤਾ ਗਿਆ। ਕਹਾਣੀ ਦੇ ਦੌਰ ਵਿੱਚ ਸਟੇਜ ਸਕੱਤਰ ਮਹਿੰਦਰ ਸਿੰਘ ਘੱਗ ਨੇ ਸਭ ਤੋਂ ਪਹਿਲਾਂ ਆਪਣੀ ਕਹਾਣੀ ਪੜੀ ਤੇ ਫਿਰ ਦੂਸਰੇ ਕਹਾਣੀਕਾਰਾਂ ਨੂੰ ਸੱਦਾ ਦਿੱਤਾ ਅਤੇ ਨਾਲ ਨਾਲ ਕਹਾਣੀਆਂ ਬਾਰੇ ਆਪਣੀਆਂ ਟਿਪਣੀਆ ਪੇਸ਼ ਕਰਦੇ ਰਹੇ। ਤਤਿੰਦਰ ਕੌਰ ਨੇ ਆਪਣੀ ਕਹਾਣੀ ਨਕਾਬਪੋਸ਼, ਰਵਿੰਦਰ ਅਟਵਾਲ ਨੇ ਲਾਲ ਰੰਗ, ਚਰਨਜੀਤ ਸਿੰਘ ਪੰਨੂ ਨੇ ਕੁਤੀੜ ਵਾਧਾ, ਮਨਜੀਤ ਸੇਖੋਂ ਨੇ ਸੈਲਾਬ, ਹਰਜਿੰਦਰ ਪੰਧੇਰ ਨੇ ਕਹਾਣੀ ਘੋਗਾ, ਰਾਠੇਸ਼ਵਰ ਸਿੰਘ ਨੇ ਕਹਾਣੀਆਂ ਪੜ੍ਹੀਆਂ। ਅਨੂਪ ਸਿੰਘ ਵਿਰਕ ਨੇ ਕਿਹਾ ਕਿ ਸਾਰੀਆ ਕਹਾਣੀਆਂ ਅਮਰੀਕਾ ਦੀਆ ਰੰਗੀਨੀਆ, ਤਨਹਾਈਆ ਤੇ ਭੂ-ਹੇਰਵੇ ਭਰਪੂਰ ਉਦਾਸ ਪਲਾਂ ਦੀ ਮਿਲਗੋਭੀ ਤਸਵੀਰ ਬੜੀ ਖੁਬਸੂਰਤੀ ਨਾਲ ਪੇਸ਼ ਕਰਦੀਆ ਹਨ। ਉਨ੍ਹਾ ਸਾਰੀਆਂ ਕਹਾਣੀਆਂ ਨੂੰ ਚੰਗੇ ਮਿਆਰੀ ਪੱਧਰ ਦੀ ਗਰਦਾਨ ਕੇ ਅਮਰੀਕਾ ਵਿਖੇ ਲਿਖੀਆਂ ਜਾ ਰਹੀਆਂ ਕਹਾਣੀਆਂ ਬਾਰੇ ਸੰਤੁਸ਼ਟਤੀ ਦਾ ਇਜ਼ਹਾਰ ਕੀਤਾ। ਹਰਬੰਸ ਸਿੰਘ ਜਗਿਆਸੂ ਦੀ ਕਿਤਾਬ ‘ਜਗਿਆਸਾ’, ਕਮਲ ਬੰਗਾ ਦੀ ‘ਕਹਿਕਸ਼ਾਂ’, ਚਰਨਜੀਤ ਸਿੰਘ ਪੰਨੂ ਦੀ’ ਅੰਬਰ ਦੀ ਫੁਲਕਾਰੀ’ ਪ੍ਰਮਿੰਦਰ ਰਾਏ ਦੀ ‘ਰੱਬਾ ਨੂਰ ਤੇਰਾ’ ਡਾਕਟਰ ਗੁਰਦੀਪ ਸਿੰਘ ਦਾ ‘ਸ੍ਰਿਸ਼ਟੀ ਦਾ ਸੰਗੀਤ’ ਕਿਤਾਬਾਂ ਪਰੋਫੈਸਰ ਅਨੂਪ ਵਿਰਕ ਨੂੰ ਭੇਟ ਕੀਤੀਆਂ ਗਈਆਂ। ਪ੍ਰੋਫੈਸਰ ਅਨੂਪ ਵਿਰਕ, ਡਾਕਟਰ ਸੋਹਿੰਦਰ ਬੀਰ ਸਿੰਘ ਅਤੇ ਡਾਕਟਰ ਗੁਰਦੀਪ ਸਿੰਘ ਬਾਜਵਾ ਨੂੰ ਸਭਾ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਆ ਗਿਆ। ਸਭਾ ਦੇ ਮੈਂਬਰ ਦਲਵੀਰ ਸਿੰਘ ਨਿੱਜਰ ਨੇ ਸਭਾ ਦੇ ਪੁਰਾਣੇ ਮੈਂਬਰ ਤਜਿੰਦਰ ਸਿੰਘ ਥਿੰਦ ਜੋ ਬਿਮਾਰ ਹਨ ਦੀ ਕਿਤਾਬ ਦੀ ਛਪਾਈ ਲਈ 500$ ਭੇਟ ਕੀਤੇ। ਥਿੰਦ ਸਾਹਿਬ ਦੀ ਪਤਨੀ ਬੀਬੀ ਅਮਰ ਕੌਰ ਨੇ ਇਸ ਵਾਸਤੇ ਖਰੜਾ ਭੇਟ ਕੀਤਾ। ਸਭਾ ਦੇ ਪ੍ਰਧਾਨ ਜਗਿਆਸੂ ਸਾਹਿਬ ਨੇ ਦੱਸਿਆ ਕਿ ਉਹ ਅਜੇਹੇ ਲੋੜਵੰਦ ਲੇਖਕਾ ਦੀਆਂ ਕਿਤਾਬਾਂ ਦੀ ਛਪਵਾਈ ਵਾਸਤੇ ਵਿਸ਼ੇਸ਼ ਉਪਰਾਲੇ ਕਰ ਰਹੇ ਹਨ ਜਿਸ ਵਾਸਤੇ ਅਗਲਾ ਨੰਬਰ ਪ੍ਰੋੜ ਸ਼ਾਇਰ ਗੁਰਚਰਨ ਸਿੰਘ ਜ਼ਖਮੀ ਦੀ ਕਿਤਾਬ ਦਾ ਹੈ ਜੋ ਸਭਾ ਆਪਣੇ ਖਰਚ ਤੇ ਛਪਵਾਏ ਗੀ। ਸਾਰੇ ਲੰਬੇ ਪ੍ਰੋਗਰਾਮ ਵਿੱਚ ਕਿਧਰੇ ਕਿਧਰੇ ਆਪੋ ਵਿੱਚ ਚੋਭਾਂ, ਚੁਟਕਲੇ ਤੇ ਹਸਗੁੱਲੇ ਹਾਜ਼ਰੀਨ ਨੂੰ ਮਾਨਸਿਕ ਹੁਲਾਰਾ ਦਿੰਦੇ ਰਹੇ। ਲੰਚ ਵੇਲੇ ਮਨਜੀਤ ਸੇਖੋਂ ਹਸਦੀ ਹੱਸਦੀ ਆਪਣੇ ਹੱਥਾਂ ਨਾਲ ਫੁਲਕੇ ਰਾੜ੍ਹਦੀ ਮਹਿਮਾਨਾਂ ਦੀ ਸੇਵਾ ਕਰ ਰਹੀ ਸੀ ਤੇ ਵਰਿੰਦਰ ਸੇਖੋ ਬੜੇ ਪ੍ਰੇਮ-ਭਾਵ ਨਾਲ ਉਸ ਦਾ ਹੱਥ ਵਟਾ ਰਿਹਾ ਸੀ। ਕਵੀ ਦਰਬਾਰ ਦੇ ਦੋਰ ਵਿੱਚ ਸਟੇਜ ਸਕੱਤਰ ਦੀ ਜਿੰਮੇਵਾਰੀ ਕਮਲ ਬੰਗਾ ਨੇ ਨਿਭਾਈ ਤੇ ਸੰਖੇਪ ਜਾਣਕਾਰੀ ਦਿੰਦੇ ਕਵੀਆ ਨੂੰ ਪੇਸ਼ ਕੀਤਾ। ਹਰਜਿੰਦਰ ਪੰਧੇਰ ਜਲਦੀ ਜਾਣ ਕਰਕੇ ਆਪਣਾ ਵੱਤਰ ਪਹਿਲਾਂ ਵਾਹ ਗਿਆ।  ਗੁਰਪਾਲ ਸਿੰਘ ਖੈਹਰਾ, ਮਨਜੀਤ ਸੇਖੋਂ, ਗੁਰਚਰਨ ਸਿੰਘ ਜ਼ਖਮੀ, ਜੱਸ ਫਿਜ਼ਾ, ਹਰਭਜਨ ਢਿੱਲੋਂ, ਤਾਰਾ ਸਾਗਰ, ਰਾਠੀ ਸੂਰਾਪੁਰੀ, ਦਲਵੀਰ ਸਿੰਘ ਨਿੱਜਰ, ਗੁਰਬਚਨ ਸਿੰਘ ਭਾਟੀਆ, ਅਨੂਪ ਵਿਰਕ, ਮੇਜਰ ਭੁਪਿੰਦਰ ਦਲੇਰ, ਡਾਕਟਰ ਪ੍ਰਗਟ ਸਿੰਘ, ਡਾਕਟਰ ਅਮਰੀਕ ਸਿੰਘ, ਕਮਲ ਬੰਗਾ, ਨੀਲਮ ਸੈਣੀ, ਗੁਰਦੀਪ ਸਿੰਘ ਬਾਜਵਾ ਆਦਿ ਸਭ ਨੇ ਚੰਗੇ ਤੋਂ ਚੰਗੇ ਕਲਾਮਾਂ ਨਾਲ ਰੌਣਕ ਲਾਈ। ਹਰਬੰਸ ਸਿੰਘ ਜਗਿਆਸੂ ‘ਪਿਆਰ ਤੇਰੇ ਦੀ ਖਿੱਚ ਲਿਆਈ ਸੌ ਸੌ ਕੋਹਾਂ ਉੱਤੇ, ਬਿਨਾ ਖਿੱਚ ਤੋਂ ਨਹੀਂ ਜਾਂਦੇ ਦੋ ਕਦਮ ਵੀ ਪੁੱਟੇ।’ ਡਾਕਟਰ ਸੋਹਿੰਦਰ ਬੀਰ ਨੇ ‘ਉਹ ਵਸਤਰ ਟਾਕੀਆ ਵਾਲਾ ਜੋ ਪਾ ਕੇ ਦਰ ਤੇ ਆਉਂਦਾ ਹੈ, ਮੈਨੂੰ ਦੇਸ਼ ਦੀ ਗੁਰਬਤ ਦਾ ਸ਼ੀਸ਼ਾ ਦਿਖਾਉਂਦਾ ਹੈ’ ਨਾਲ ਵਾਹ ਵਾਹ ਖੱਟੀ ਤੇ ਸਭਾ ਆਪਣੇ ਨਾਮ ਕਰਵਾ ਲਈ ਪਰ ਬਾਦ ਵਿੱਚ ਅਨੂਪ ਵਿਰਕ ਨੂੰ ਸੁਣ ਕੇ ਸ੍ਰੋਤੇ ਆਪਣਾ ਫੈਸਲਾ ਬਦਲਣ ਲਈ ਮਜਬੂਰ ਹੋ ਗਏ। ਚਰਨਜੀਤ ਸਿੰਘ ਪੰਨੂ ਨੇ ‘ਪੰਨੂ ਦਿੰਦਾ ਏ ਦਿਲਾਸਾ ਰੋਜ਼ ਸੁਪਨੇ ਚ ਆਣਿ ਕੇ, ਮਿਲ ਜੂ ਗਰੀਨ ਕਾਰਡ ਪੈ ਜਾ ਲੰਮੀ ਤਾਣਿ ਕੇ’ ਗਰੀਨ ਕਾਰਡ ਦੀ ਜਗਿਆਸਾ ਉਘੇੜਦੀ ਕਵਿਤਾ ਕਹੀ। ਮਹਿੰਦਰ ਸਿੰਘ ਘੱਗ ਨੇ ਪੰਜਾਬ ਦੀ ਗਰਮੀ ਨਾਲ ਅੱਜ ਦੀ ਵਿਦੇਸ਼ੀ ਗਰਮੀ ਦੇ ਅਨੇਕ ਰੂਪ ਦਰਸਾਉਂਦੀ ਵਿਅੰਗਾਤਮਕ ‘ਗਰਮੀ ਗਰਮੀ ਹਾਏ ਗਰਮੀ’ ਸੁਣਾ ਕੇ ਸੱਚੀਂ ਮੁੱਚੀਂ ਪੈਂਦੀ ਗਰਮੀ ਨੂੰ ਹਾਸ ਰਸ ਮਹੌਲ ਵਿੱਚ ਬਦਲ ਦਿੱਤਾ। ਮਨਜੀਤ ਸੇਖੋਂ ਨੇ ਬਾਲੋ ਮਾਹੀਆ ਦੇ ਟੱਪੇ ਸੁਣਾ ਕੇ ਪਮਜਾਬ ਦੇ ਤੀਆਂ ਸਾਵੇਂ ਯਾਦ ਕਰਵਾ ਦਿੱਤੇ। ਜੋਤੀ ਸਿੰਘ ਨੇ ਹਰਮੋਨੀਅਮ ਤੇ ਗੀਤ ਗਾ ਕੇ ਸੁਰ-ਸੰਗਮ ਦਾ ਵਾਧਾ ਕਰ ਦਿੱਤਾ। ਸਭਾ ਦੇ ਨਵੇਂ ਮੈਂਬਰ ਰਾਜ ਸਿੰਘ ਨੇ ਮਹਿਮਾਨਾਂ ਦੀ ਢੋਆ ਢੁਆਈ ਦੀ ਸੇਵਾ ਕੀਤੀ। ਸਾਰਾ ਸਮਾ ਬਾਰ ਬਾਰ ਤਾੜੀਆ ਦੀ ਗੂੰਜ ਸੁਣ ਕੇ ਪ੍ਰੋਫੈਸਰ ਅਨੂਪ ਵਿਰਕ ਨੇ ਬੜੇ ਜਜ਼ਬਾਤੀ ਲਹਿਜੇ ਵਿੱਚ ਕਿਹਾ ਕਿ ਮੈਂ ਇਸ ਮਹਿਫਲ ਵਿੱਚ ਉੱਚ ਕੋਟੀ ਦੀ ਸ਼ਾਇਰੀ ਸੁਣ ਕੇ ਏਨਾ ਪ੍ਰਭਾਵਿਤ ਹੋਇਆ ਹਾਂ ਕਿ ਮੈਨੂੰ ਜਾਪਦਾ ਹੈ ਕਿ ਇੱਧਰਲੇ ਭੁਪਿੰਦਰ ਦਲੇਰ ਜਿਹੇ ਕਵੀਆਂ ਨੂੰ ਪਂਜਾਬ ਸਰਕਾਰ ਵੱਲੋਂ ਇਨਾਮ ਸਾਡੇ ਤੋਂ ਪਹਿਲਾਂ ਮਿਲਨਾ ਚਾਹੀਦਾ ਸੀ ਜੋ ਅਣਗੌਲਿਆ ਹੀ ਰਿਹਾ ਤੇ ਮੈਂ ਹੁਣ ਇਸ ਗੱਲ ਦਾ ਖਿਆਲ ਰੱਖਾਂ ਗਾ ਕਿ ਇਨਾਮਾਂ ਵਾਸਤੇ ਵਿਦੇਸ਼ੀ ਸਾਹਿਤ ਵੀ ਵਿਚਾਰਿਆ ਜਾਵੇ। ਆਪਣੇ ਵਿਚਾਰਾਂ ਦੇ ਪ੍ਰਗਟਾਵ ਵਾਸਤੇ ਉਨ੍ਹਾਂ ਨੇ ਸ਼ਬਦਾਂ ਦੀ ਸੰਖੇਪਤਾ ਤੇ ਸੂਖ਼ਮਤਾ ਤੇ ਜੋਰ ਦਿੱਤਾ। ਉਨ੍ਹਾ ਦੀ ਪ੍ਰੇਰਨਾ ਸਦਕਾ ਸਭਾ ਦੇ 15 ਮੈਂਬਰਾਂ ਨੇ ਕੇਂਦਰੀ ਲੇਖਕ ਸਭਾ ਦੇ ਮੈਂਬਰ ਬਣਨ ਲਈ ਚੰਦਾ ਦੇ ਦਿੱਤਾ ਤੇ ਹੋਰਾਂ ਨੇ ਵੀ ਵਚਨ ਦਿੱਤਾ। ‘ਸਾਡੀ ਇਹ ਖੁਸ਼ਕਿਸਮਤੀ ਹੈ ਕਿ ਏਨੇ ਭਰਵੇਂ ਇਕੱਠ ਤੇ ਖੁਸ਼ਗਵਾਰ ਮਹੌਲ ਵਿੱਚ ਲੰਘਿਆ ਇਹ ਸਮਾਂ ਸੱਚਮੁੱਚ ਹੀ ਪੰਜਾਬੀ ਸਾਹਿਤ ਕੈਲੀਫੋਰਨੀਆਂ ਦੇ ਇਤਿਹਾਸ ਵਿੱਚ ਯਾਦਗਾਰੀ ਬਣ ਕੇ ਸਾਰੇ ਕੀਰਤੀਮਾਨ ਮਾਤ ਕਰ ਗਿਆ।’ ਜਗਿਆਸੂ ਸਾਹਿਬ ਦੇ ਧੰਨਵਾਦ ਮਤੇ ਤੇ ਪ੍ਰੋਫੈਸਰ ਅਨੂਪ ਨੇ ਵੀ ਆਪਣੀ ਰੋਮਾਂਚਿਕ ਲੱਛੇਦਾਰ ਭਾਸ਼ਾ ਵਿੱਚ ਧੰਨਵਾਦ ਕੀਤਾ ਕਿ ਮੈਂ ਵੀ ਬਿੱਲਕੁੱਲ ਸੱਚ ਤੇ ਸੁਹਿਰਦਿਤਾ ਨਾਲ ਕਹਿੰਦਾ ਹਾਂ ਕਿ ਮੈਂ ਵੀ ਬੜੇ ਕਵੀ ਦਰਬਾਰ ਤੇ ਸਾਹਿਤਕ ਇਜਲਾਸ ਵੇਖੇ ਪਰ ਅਜੇਹਾ ਕੋਈ ਨਹੀ।

This entry was posted in ਸਥਾਨਕ ਸਰਗਰਮੀਆਂ (ਅਮਰੀਕਾ).

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>