ਗਰੀਬਾਂ ਪ੍ਰਤੀ ਮਮਤਾ ਨੇ ਵਿਖਾਈ ਮਮਤਾ

ਨਵੀਂ ਦਿੱਲੀ- ਇਸ ਸਾਲ ਦੇ ਰੇਲ ਬਜਟ ਵਿਚ ਵੀ ਯਾਤਰੀ ਕਿਰਾਇਆ ਨਹੀਂ ਵਧਾਇਆ ਜਾਵੇਗਾ। ਲੋਕਸਭਾ ਵਿਚ ਰੇਲ ਬਜਟ ਪੇਸ਼ ਕਰਦੇ ਹੋਏ ਰੇਲ ਮੰਤਰੀ ਮਮਤਾ ਬੈਨਰਜੀ ਨੇ ਇਸਦਾ ਐਲਾਨ ਕੀਤਾ ਹੈ। ਰੇਲ ਬਜਟ ਪੇਸ਼ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮਸਾਫ਼ਰਾਂ ਦੀਆਂ ਸਹੂਲਤਾਂ ਉਨ੍ਹਾਂ ਦੀ ਮੁਢਲੀ ਪਹਿਲ ਹਨ। ਉਨ੍ਹਾਂ ਨੇ ਇਕ ਨਵੀਂ ਸਕੀਮ ‘ਇੱਜ਼ਤ’ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ।
ਇਸ ਯੋਜਨਾ ਦੇ ਤਹਿਤ ਅਸੰਗਠਿਤ ਖੇਤਰ ਵਿਚ ਕੰਮ ਕਰਨ ਵਾਲਿਆਂ ਅਤੇ 1500 ਰੁਪਏ ਮਾਸਕ ਆਮਦਨੀ ਵਾਲੇ ਲੋਕ 25 ਰੁਪਏ ਵਿਚ 100 ਕਿਲੋਮੀਟਰ ਤੱਕ ਦਾ ਸਫ਼ਰ ਕਰ ਸਕਣਗੇ, ਜਿਸ ਲਈ ਉਨ੍ਹਾਂ ਨੂੰ ਮਾਸਕ ਪਾਸ ਜਾਰੀ ਕੀਤਾ ਜਾਵੇਗਾ। ਮਮਤਾ ਬੈਨਰਜੀ ਨੇ ‘ਤੁਰੰਤ’ ਨਾਮ ਦੀ ਇਕ ਰੇਲ ਸੇਵਾ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ, ਜੋ ਇਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਤੱਕ ਬਿਨਾਂ ਕਿਤੇ ਰੁਕੇ ਪਹੁੰਚੇਗੀ। ਇਸ ਯੋਜਨਾ ਦੇ ਤਹਿਤ 12 ਟਰੇਨਾਂ ਚਲਾਈਆਂ ਜਾਣਗੀਆਂ।
ਇਨ੍ਹਾਂ ਸੇਵਾਵਾਂ ਵਿਚ ਨਵੀਂ ਦਿੱਲੀ-ਚੇਨੰਈ, ਮੁੰਬਈ-ਅਹਿਮਦਾਬਾਦ, ਨਵੀਂ ਦਿੱਲੀ-ਲਖਨਊ, ਨਵੀਂ ਦਿੱਲੀ-ਇਲਾਹਾਬਾਦ, ਸਿਕੰਦਰਾਬਾਦ-ਨਵੀਂ ਦਿੱਲੀ, ਕੋਲਕਾਤਾ-ਅੰਮ੍ਰਿਤਸਰ, ਏਨਰਾਕੁਲਮ-ਨਵੀਂ ਦਿੱਲੀ, ਨਵੀਂ ਦਿੱਲੀ-ਜੰਮੂ ਤਵੀ, ਹਾਵੜਾ-ਮੁੰਬਈ ਸ਼ਾਮਲ ਹਨ।  ਰੇਲ ਮੰਤਰੀ ਨੇ 57 ਨਵੀਆਂ ਟਰੇਨਾਂ ਚਲਾਉਣ ਦਾ ਵੀ ਐਲਾਨ ਕੀਤਾ ਹੈ। ਇਸਤੋਂ ਇਲਾਵਾ ਕਈ ਟਰੇਨਾਂ ਦੇ ਮਾਰਗ ਦਾ ਵਿਸਤਾਰ ਕੀਤਾ ਜਾਵੇਗਾ। ਮਮਤਾ ਬੈਨਰਜੀ ਨੇ ਤਤਕਾਲ ਸਕੀਮ ਦੇ ਤਹਿਤ ਸਲੀਪਰ ਕਲਾਸ ਵਿਚ ਟਿਕਟ ਖਰੀਦਣ ਦਾ ਵਾਧੂ ਖਰਚ 150 ਰੁਪਏ ਤੋਂ ਘਟਾਕੇ 100 ਰੁਪਏ ਕਰ ਦਿੱਤਾ ਹੈ। ਇਸਤੋਂ ਇਲਾਵਾ ਹੁਣ ਪੰਜ ਦਿਨ ਦੀ ਬਜਾਏ ਦੋ ਦਿਨ ਪਹਿਲਾਂ ਤਤਕਾਲ ਦੇ ਤਹਿਤ ਟਿਕਟ ਖਰੀਦੇ ਜਾ ਸਕਣਗੇ।
ਮਮਤਾ ਨੇ ਕਿਹਾ ਕਿ ਉਹ ਇਹ ਪੱਕਿਆਂ ਕਰੇਗੀ ਕਿ ਵਿਕਾਸ ਦਾ ਫਾਇਦਾ ਹਰ ਤਬਕੇ ਤੱਕ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਯਾਤਰੀਆਂ ਦੇ ਖਾਣ ਪੀਣ ‘ਤੇ ਖਾਸ ਧਿਆਨ ਦਿੱਤਾ ਜਾਵੇਗਾ। ਨਾਲ ਹੀ ਸੁਰੱਖਿਆ ਅਤੇ ਸਾਫ਼ ਸਫਾਈ ਦਾ ਖਾਸ ਧਿਆਨ ਰਖਿਆ ਜਾਵੇਗਾ। ਰੇਲ ਮੰਤਰੀ ਨੇ ਕਿਹਾ ਕਿ 50 ਸਟੇਸ਼ਨਾਂ ਨੂੰ ਵਿਸ਼ਵ ਪੱਧਰੀ ਬਨਾਉਣ ਲਈ ਚੁਣਿਆ ਗਿਆ ਹੈ ਅਤੇ ਇਸ ਵਿਚ ਨਿਜੀ ਕੰਪਨੀਆਂ ਦੀ ਵੀ ਮਦਦ ਲਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸਤੋਂ ਇਲਾਵਾ 375 ਸਟੇਸ਼ਨਾਂ ‘ਤੇ ਯਾਤਰੀਆਂ ਲਈ ਸਹੂਲਤਾਂ ਵਧਾਈਆਂ ਜਾਣਗੀਆਂ।
ਮਮਤਾ ਨੇ ਕਿਹਾ ਕਿ ਅਪਾਹਜ਼ਾਂ ਅਤੇ ਬਜ਼ੁਰਗਾਂ ਲਈ ਖਾਸ ਸਹੂਲਤਾਂ ਮੁਹਈਆ ਕਰਾਈਆਂ ਜਾਣਗੀਆਂ। ਨਾਲ ਹੀ ਲੰਮੀ ਦੂਰੀ ਦੀਆਂ ਟਰੇਨਾਂ ਵਿਚ ਡਾਕਟਰ ਤੈਨਾਤ ਕੀਤੇ ਜਾਣਗੇ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦਾ ਬਜਟ ਆਮ ਆਦਮੀ ਦਾ ਬਜਟ ਹੈ। ਰੇਲ ਮੰਤਰੀ ਨੇ ਕਿਹਾ ਕਿ ਟਿਕਟ ਵੇਚਣ ਲਈ ਮੋਬਾਈਲ ਵੈਨ ਵੀ ਸੜਕਾਂ ‘ਤੇ ਉਤਾਰੀ ਜਾਵੇਗੀ।  ਇਸਤੋਂ ਇਲਾਵਾ ਆਮ ਟਿਕਟ ਵਿਕਰੀ ਲਈ ਕਾਊਂਟਰਾਂ ਦੀ ਗਿਣਤੀ ਵਧਾਕੇ ਅੱਠ ਹਜ਼ਾਰ ਕਰ ਦਿੱਤੀ ਗਈ ਹੈ। ਜਦਕਿ ਪੰਜ ਹਜ਼ਾਰ ਡਾਕਘਰਾਂ ਵਿਚ ਰੇਲ ਟਿਕਟਾਂ ਵੇਚੀਆਂ ਜਾਣਗੀਆਂ। ਮਮਤਾ ਬੈਨਰਜੀ ਨੇ ਰੇਲਵੇ ਵਿਚ ਸੁਰੱਖਿਆ ਵਧਾਉਣ ਦਾ ਵੀ ਐਲਾਨ ਕੀਤਾ ਹੈ। ਟਰੇਨ ਵਿਚ ਮਹਿਲਾ ਕਮਾਂਡੋ ਦੀ ਗਿਣਤੀ ਵਧਾਈ ਜਾਵੇਗੀ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>