ਮਾਇਆਵਤੀ ਨੂੰ ਗ੍ਰਿਫਤਾਰੀ ਦਾ ਖਦਸ਼ਾ

ਲਖਨਊ-ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਅਤੇ ਬਸਪਾ ਦੀ ਪ੍ਰਧਾਨ ਮਾਇਆਵਤੀ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਆਮਦਨ ਤੋਂ ਵਧ ਜਾਇਦਾਦ ਦੇ ਮਾਮਲੇ ਵਿਚ ਸੀਬੀਆਈ ਉਨ੍ਹਾਂ ਨੂੰ ਜੇਲ੍ਹ ਭੇਜ ਸਕਦੀ ਹੈ।
ਸ਼ਨਿੱਚਰਵਾਰ ਨੂੰ ਇਥੇ ਪਾਰਟੀ ਦੇ ਸਾਂਸਦਾਂ, ਵਿਧਾਇਕਾਂ ਅਤੇ ਹੋਰਨਾਂ ਅਹੁਦੇਦਾਰਾਂ ਦੀ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਮਾਇਆਵਤੀ ਨੇ ਦੋਹਰਾਇਆ ਕਿ ਅਜਿਹੇ ਹਾਲਾਤ ਵਿਚ ਇਕ ਦਲਿਤ ਹੀ ਮੁੱਖ ਮੰਤਰੀ ਬਣੇਗਾ ਨਾ ਕਿ ਪਾਰਟੀ ਦੇ ਹੋਰ ਲੀਡਰ ਜਿਵੇਂ ਸਤੀਸ਼ ਮਿਸ਼ਰ, ਨਸੀਮੁਦੀਨ ਸਿੱਦਕੀ ਅਤੇ ਸਵਾਮੀ ਪ੍ਰਸਾਦਿ ਮੌਰਯਾ। ਉਨ੍ਹਾਂ ਦੇ ਇਸ ਬਿਆਨ ਨਾਲ ਪਾਰਟੀ ਵਿਚ ਇਕ ਵਾਰ ਫਿਰ ਮਾਇਆਵਤੀ ਦੇ ਗੱਦੀਨਸ਼ੀਨ ਸਬੰਧੀ ਚਰਚੇ ਸ਼ੁਰੂ ਹੋ ਗਏ ਹਨ।  ਪਾਰਟੀ ਵਿਚ ਲੋਕਾਂ ਦੀਆਂ ਨਿਗਾਹਾਂ ਮਾਇਆਵਤੀ ਦੀ ਜਾਤੀ ਦੇ ਨੌਜਵਾਨ ਲੀਡਰ ਰਾਜਾਰਾਮ ‘ਤੇ ਹਨ, ਉਹ ਇਸ ਵੇਲੇ ਰਾਜ ਸਭਾ ਦਾ ਮੈਂਬਰ ਹੈ। ਰਾਜਾਰਾਮ ਪਾਰਟੀ ਦਾ ਕੌਮੀ ਮੀਤ ਪ੍ਰਧਾਨ ਵੀ ਰਹਿ ਚੁਕਿਆ ਹੈ। ਸੰਨ 2002 ਵਿਚ ਮਾਇਆਵਤੀ ਉੱਤਰ ਪ੍ਰਦੇਸ਼ ਵਿਚ ਭਾਰਤੀ ਜਨਤਾ ਪਾਰਟੀ ਦੇ ਨਾਲ ਗਠਜੋੜ ਸਰਕਾਰ ਚਲਾ ਰਹੀ ਸੀ। ਉਸ ਵੇਲੇ ਆਗਰਾ ਦੇ ਤਾਜ ਕਾਰੀਡੋਰ ਵਿਚ ਕਥਿਤ ਗੈ਼ਰਕਾਨੂੰਨੀ ਨਿਰਮਾਣ ਬਾਰੇ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਸੀਬੀਆਈ ਨੇ ਮਾਇਆਵਤੀ, ਉਨ੍ਹਾਂ ਦੇ ਸਹਿਯੋਗੀ ਨਸੀਮੁਦੀਨ ਸਿੱਦੀਕੀ ਅਤੇ ਕੁਝ ਹੋਰਨਾਂ ਅਧਿਕਾਰੀਆਂ ਦੇ ਖਿਲਾਫ਼ ਜਾਂਚ ਸ਼ੁਰੂ ਕੀਤੀ ਸੀ।
ਮਾਇਆਵਤੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸ।ਿ ਇਸਤੋਂ ਬਾਅਦ ਬਸਪਾ ਦੁਫਾੜ ਹੋ ਗਈ ਅਤੇ ਬਾਗ਼ੀ ਧੜੇ ਦੀ ਮਦਦ ਨਾਲ ਮੁਲਾਇਮ ਸਿੰਘ ਯਾਦਵ ਮੁੱਖ ਮੰਤਰੀ ਬਣ ਗਏ ਸਨ।  ਤਾਜ ਕਾਰੀਡੋਰ ਨਿਰਮਾਣ ਦੀ ਜਾਂਚ ਦੌਰਾਨ ਸੀਬੀਆਈ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਮਾਇਆਵਤੀ ਦੇ ਖਿਲਾਫ਼ ਆਮਦਨ ਤੋਂ ਵਧੇਰੇ ਜਾਇਦਾਦ ਬਨਾਉਣ ਦਾ ਮਾਮਲਾ ਦਰਜ ਕੀਤਾ ਸੀ। ਸੀਬੀਆਈ ਨੇ ਤਾਜ ਕਾਰੀਡੋਰ ਮਾਮਲੇ ਵਿਚ ਮਾਇਆਵਤੀ ਦੇ ਖਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ, ਪਰ ਉਸ ਵੇਲੇ ਗਵਰਨਰ ਨੇ ਮਾਇਆਵਤੀ ‘ਤੇ ਮੁਕਦਮਾ ਚਲਾਉਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਜਿਸਦੇ ਖਿਲਾਫ਼ ਹਾਈਕੋਰਟ ਵਿਚ ਅਪੀਲ ਦਾਇਰ ਹੈ। ਉਧਰ ਸੀਬੀਆਈ ਨੇ ਆਮਦਨ ਤੋਂ ਵੱਧ ਜਾਇਦਾਦ ਬਨਾਉਣ ਦੇ ਮਾਮਲੇ ਵਿਚ ਚਾਰਜਸ਼ੀਟ ਤਿਆਰ ਕਰ ਲਈ ਹੈ। ਸੀਬੀਆਈ ਦਾ ਕਹਿਣਾ ਹੈ ਕਿ ਮੁਕਦਮਾ ਚਲਾਉਣ ਲਈ ਲੋੜੀਂਦੇ ਸਬੂਤ ਉਨ੍ਹਾਂ ਪਾਸ ਹਨ। ਪਰ ਲੋਕਸਭਾ ਚੋਣਾਂ ਤੋਂ ਪਹਿਲਾਂ ਮਾਇਆਵਤੀ ਨੇ ਸੁਪਰੀਮ ਕੋਰਟ ਵਿਚ ਇਕ ਨਵੀਂ ਪਟੀਸ਼ਨ ਦਾਇਰ ਕਰਕੇ ਮੁਕਦਮਾ ਖਾਰਜ ਕਰਨ ਦੀ ਮੰਗ ਕੀਤੀ ਸੀ। ਇਸ ਕਰਕੇ ਸੀਬੀਆਈ ਨੇ ਕੋਰਟ ਵਿਚ ਚਾਰਜਸ਼ੀਟ ਦਾਖ਼ਲ ਨਹੀਂ ਸੀ ਕੀਤੀ। ਹੁਣ ਅਗਲੇ ਹਫ਼ਤੇ 13 ਜੁਲਾਈ ਨੂੰ ਇਸੇ ਮਾਮਲੇ ਦੀ ਸੁਣਵਾਈ ਨਿਰਧਾਰਿਤ ਹੈ। ਕਾਨੂੰਨ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਅਪਰਾਧਿਕ ਮਾਮਲੇ ਦੀ ਪੜਚੋਣ ਦੌਰਾਨ ਕੋਰਟ ਦਖ਼ਲਅੰਦਾਜ਼ੀ ਨਹੀਂ ਕਰ ਸਕਦਾ।
ਲੋਕਸਭਾ ਚੋਣਾਂ ਤੋਂ ਬਾਅਦ ਬਦਲੇ ਸਿਆਸੀ ਹਾਲਾਤ ਵਿਚ ਇਧਰ ਕਈ ਮਾਮਲਿਆਂ ਵਿਚ ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਦੇ ਖਿਲਾਫ਼ ਫੈਸਲੇ ਦਿੱਤੇ ਹਨ।  ਇਸਨੂੰ ਵੇਖਦੇ ਹੋਏ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਸੀਬੀਆਈ ਨੂੰ ਜਲਦੀ ਹੀ ਮਾਇਆਵਤੀ ਦੇ ਖਿਲਾਫ਼ ਕੋਰਟ ਵਿਚ ਚਾਰਜਸ਼ੀਟ ਦਾਖ਼ਲ ਕਰਨ ਦੀ ਇਜਾਜ਼ਤ ਮਿਲ ਸਕਦੀ ਹੈ। ਆਮ ਤੌਰ ‘ਤੇ ਚਾਰਜਸ਼ੀਟ ਦਾਖ਼ਲ ਕਰਨ ਤੋਂ ਪਹਿਲਾਂ ਮੁਲਜਿ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਹੈ, ਜਿਵੇਂ ਲਾਲੂ ਪ੍ਰਸਾਦਿ ਯਾਦਵ ਦੇ ਕੇਸ ਵਿਚ ਹੋਇਆ ਸੀ। ਪਰ ਆਬਜ਼ਰਵਰਾਂ ਦਾ ਕਹਿਣਾ ਹੈ ਕਿ ਕੇਂਦਰ ਵਿਚ ਸੱਤਾਧਾਰੀ ਪਾਰਟੀ ਅਜਿਹਾ ਕਰਕੇ ਮਾਇਆਵਤੀ ਨੂੰ ਸਿਆਸਤ ਫਾਇਦਾ ਨਹੀਂ ਚੁੱਕਣ ਦੇਵੇਗੀ। ਅਜਿਹੇ ਵਿਚ ਦੂਜਾ ਰਾਹ ਇਹ ਹੈ ਕਿ ਚਾਰਜਸ਼ੀਟ ਕੋਰਟ ਵਿਚ ਦਾਖਲ ਕੀਤੀ ਜਾਵੇ ਅਤੇ ਕੋਰਟ ਹੀ ਮੁਲਜਿ਼ਮ ਨੂੰ ਸੰਮਨ ਜਾਰੀ ਕਰੇ। ਪਰ ਕੋਰਟ ਵਿਚ ਹਾਜਿ਼ਰ ਹੋਣ ਤੋਂ ਪਹਿਲਾਂ ਅਸਤੀਫ਼ਾ ਦੇਣਾ ਪੈ ਸਕਦਾ ਹੈ ਜਿਵੇਂ ਕਿ ਉਮਾ ਭਾਰਤੀ ਦੇ ਮਾਮਲੇ ਵਿਚ ਹੋਇਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਮਾਇਆਵਤੀ ਇਸ ਕਰਕੇ ਡਰੀ ਹੋਈ ਹੈ ਅਤੇ ਇਸ ਯਤਨ ਵਿਚ ਹੈ ਕਿ ਅਜਿਹੀ ਨੌਬਤ ਆਉਣ ਦੇ ਹਾਲਾਤ ਵਿਚ ਪਾਰਟੀ ਇਕੱਠੀ ਰਹੇ।
ਆਪਣੇ ਸਵਾ ਤਿੰਨ ਘੰਟਿਆਂ ਦੇ ਭਾਸ਼ਣ ਵਿਚ ਮਾਇਆਵਤੀ ਨੇ ਆਪਣੀ ਸਿਆਸੀ ਗੁਰੂ ਮਰਹੂਮ ਕਾਂਸ਼ੀ ਰਾਮ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਵਿਰੋਧੀ ਧਿਰ ਉਨ੍ਹਾਂ ਦੇ ਖਿਲਾਫ਼ ਮਨੀ, ਮਾਫ਼ੀਆ, ਮੀਡੀਆ ਅਤੇ ਜੁਡੀਸ਼ੀਅਰੀ ਦੀ ਵਰਤੋਂ ਕਰ ਸਕਦਾ ਹੈ। ਪਾਰਟੀ ਲੀਡਰਾਂ ਦਾ ਹੌਂਸਲਾ ਵਧਾਉਣ ਦੀ ਕੋਸਿ਼ਸ਼ ਕਰਦੇ ਹੋਏ ਮਾਇਆਵਤੀ ਨੇ ਕਾਂਗਰਸ ਪਾਰਟੀ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਜਿਹਾ ਹੋਇਆ ਤਾਂ ਉਹ ਇੰਦਰਾ ਗਾਂਧੀ ਵਾਂਗ ਦੁਬਾਰਾ ਸੱਤਾ ਵਿਚ ਆਵੇਗੀ। ਉਨ੍ਹਾਂ ਨੇ ਇਕ ਵਾਰ ਫਿਰ ਆਪਣੇ ਆਪ ਨੂੰ ਭਵਿੱਖ ਦੀ ਪ੍ਰਧਾਨਮੰਤਰੀ ਵਾਂਗ ਪੇਸ਼ ਕੀਤਾ। ਮਾਇਆਵਤੀ ਨੂੰ ਅਹਿਸਾਸ ਹੈ ਕਿ ਦੋ ਸਾਲਾਂ ਦੀ ਉਸਦੀ ਸਰਕਾਰ ਤੋਂ ਦਲਿਤ ਭਾਈਚਾਰਾ ਸੰਤੁਸ਼ਟ ਨਹੀਂ ਹੈ। ਇਸ ਲਈ ਦਲਿਤ ਕਾਰਡ ਖੇਡਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਗੈ਼ਰ ਮੌਜੂਦਗੀ ਵਿਚ ਬਹੁਜਨ ਸਮਾਜ ਪਾਰਟੀ ਇਕ ਦਲਿਤ ਨੂੰ ਹੀ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਵੇਗੀ। ਮਾਇਆਵਤੀ ਦੇ ਇਸ ਬਿਆਨ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕੈਬਿਨੇਟ ਮੰਤਰੀ ਬਾਵੂ ਸਿੰਘ ਕੁਸ਼ਵਾਹਾ ਅਸਥਾਈ ਤੌਰ ‘ਤੇ ਮੁੱਖ ਮੰਤਰੀ ਬਣ ਸਕਦੇ ਹਨ। ਪਰੰਤੂ ਮਾਇਆਵਤੀ ਦੇ ਬਿਆਨ ਤੋਂ ਹੁਣ ਕੁਸ਼ਵਾਹਾ, ਸਤੀਸ਼ ਮਿਸ਼ਰ, ਨਸੀਮੁਦੀਨ ਸਿੱਦੀਕੀ ਅਤੇ ਸਵਾਮੀ ਪ੍ਰਸਾਦ ਮੌਰਯਾ ਦੀਆਂ ਸੰਭਾਵਨਾਵਾਂ ‘ਤੇ ਚੁੱਪੀ ਧਾਰੀ ਗਈ ਹੈ ਅਤੇ ਰਾਜਾਰਾਮ ਦਾ ਨਾਮ ਉੱਪਰ ਆ ਰਿਹਾ ਹੈ। ਪਿਛਲੀ ਮੀਟਿੰਗ ਵਿਚ ਮਾਇਆਵਤੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਗ੍ਰਿਫਤਾਰੀ ਵਿਚ ਰਾਜਾਰਾਮ ਅਤੇ ਬਾਬੂ ਸਿੰਘ ਕੁਸ਼ਵਾਹਾ ਤੋਂ ਮਾਰਗ ਦਰਸ਼ਨ ਹਾਸਲ ਕੀਤਾ ਜਾਵੇ। ਕੁਸ਼ਵਾਹਾ ਵਿਸ਼ਵਾਸ ਪ੍ਰਾਪਤ ਤਾਂ ਹਨ ਪਰ ਉਹ ਦਲਿਤ ਨਾ ਹੋਕੇ ਪਿਛੜੀ ਜਾਤੀ ਤੋਂ ਹਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>