ਉਘੀ ਸਖ਼ਸ਼ੀਅਤ ਸ. ਕੇਸਰ ਸਿੰਘ ਮੰਡ ਨੂੰ ਸੇਜਲ ਅੱਖਾਂ ਨਾਲ ਵਦਾਇਗੀ ਨਾਮਵਰ ਹਸਤੀਆਂ ਨੇ ਸ਼ਰਧਾ ਦੇ ਫ਼ੁੱਲ ਭੇਂਟ ਕੀਤੇ

ਲੰਡਨ: (ਮਨਦੀਪ ਖੁਰਮੀ ਹਿੰਮਤਪੁਰਾ)- ਖ਼ਾਲਸਾ ਪੰਥ, ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਤ ਅਤੇ ਪੱਤਰਕਾਰੀ ਦੇ ਥੰਮ੍ਹ ਸ. ਕੇਸਰ ਸਿੰਘ ਜੀ ਮੰਡ ਪਿਛਲੇ ਦਿਨੀਂ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ ਅਤੇ 4 ਜੁਲਾਈ ਦਿਨ ਸ਼ਨਿੱਚਰਵਾਰ ਨੂੰ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਉਹ 79 ਸਾਲ ਦੇ ਸਨ ਅਤੇ ਲੱਗਪਗ ਪੰਜ ਦਹਾਕਿਆਂ ਤੋਂ ਇੰਗਲੈਂਡ ਦੀ ਧਰਤੀ ‘ਤੇ ਰਹਿ ਰਹੇ ਸਨ। ਗੁਰਦੁਆਰਾ ਸਿੰਘ ਸਭਾ ਸਾਊਥਾਲ ਵਿਖੇ ਸਵੇਰੇ 9:30 ‘ਤੇ ਉਹਨਾਂ ਦੀ ਮ੍ਰਿਤਕ ਦੇਹ ਸੰਗਤ ਦੇ ਦਰਸ਼ਣਾਂ ਲਈ ਰੱਖੀ ਗਈ। ਦੁਨੀਆਂ ਭਰ ਵਿਚੋਂ ਬੜੀ ਵੱਡੀ ਗਿਣਤੀ ਵਿਚ ਸਾਹਿਤਕ, ਸਿਆਸਤ, ਗੱਲ ਕੀ ਹਰ ਖੇਤਰ ਵਿਚੋਂ ਮਿੱਤਰ ਪਿਆਰੇ ਸ. ਮੰਡ ਦੇ ਅੰਤਿਮ ਦਰਸ਼ਣ ਕਰਨ ਲਈ ਪੁੱਜੇ ਹੋਏ ਸਨ। ਅੰਤਿਮ ਸਸਕਾਰ ਤੋਂ ਬਾਅਦ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਉਹਨਾਂ ਦੀ ਆਤਮਾਂ ਦੀ ਸ਼ਾਂਤੀ ਨਮਿੱਤ ਰੱਖੇ ਸਹਿਜ ਪਾਠ ਦੇ ਭੋਗ ਪਾਏ ਗਏ। ਸ. ਸੋਹਲ ਅਤੇ ਗੁਰਸ਼ਰਨ ਸਿੰਘ ਮੰਡ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਭੋਗ ਉਪਰੰਤ ਦੇਸ਼ ਵਿਦੇਸ਼ ਵਿਚੋਂ ਪੁੱਜੀਆਂ ਹਸਤੀਆਂ ਨੇ ਸ. ਮੰਡ ਨੂੰ ਸ਼ਰਧਾਂਜਲੀ ਭੇਂਟ ਕੀਤੀ। ਕੈਨੇਡਾ ਤੋਂ ਸੰਸਦ ਮੈਂਬਰ ਗੁਰਬਖ਼ਸ਼ ਸਿੰਘ ਮੱਲ੍ਹੀ, ਜਰਮਨ ਤੋਂ ਸ. ਸਤਿਨਾਮ ਸਿੰਘ ਬੱਬਰ, ਸ. ਰਾਜਿੰਦਰ ਸਿੰਘ ਬਾਠ (ਦਰਸ਼ਨ ਦਾਸ ਕੇਸ), ਦਲ ਖ਼ਾਲਸਾ ਦੇ ਬਾਨੀ ਸ. ਗਜਿੰਦਰ ਸਿੰਘ ਅਤੇ ਭਾਈ ਹਰਵਿੰਦਰ ਸਿੰਘ ਭਤੇੜੀ ਨੇ ਵੀ ਆਪਣੇ ਸ਼ੋਕ ਸੁਨੇਹੇਂ ਭੇਜੇ! ਸ਼ਰਧਾਂਜਲੀ ਅਰਪਨ ਕਰਨ ਵਾਲਿਆਂ ਵਿਚ ਦਲ ਖ਼ਾਲਸਾ ਦੇ ਬਾਨੀ ਮੈਂਬਰ ਸ. ਮਨਮੋਹਣ ਸਿੰਘ ਖ਼ਾਲਸਾ, ਸੰਸਾਰ ਪ੍ਰਸਿੱਧ ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ, ਡਾ. ਕੁਲਵੰਤ ਕੌਰ ਪਟਿਆਲਾ, ਸ਼੍ਰੋਮਣੀ ਅਕਾਲੀ ਦਲ ਯੂ.ਕੇ. ਦੇ ਪ੍ਰਧਾਨ ਸ. ਮਲਕੀਤ ਸਿੰਘ ਗਰੇਵਾਲ, ਮੀਤ ਪ੍ਰਧਾਨ ਸੋਹਣ ਸਿੰਘ ਸਮਰਾ, ਪੰਜਾਬ ਰੇਡੀਓ ਤੋਂ ਡਾਕਟਰ ਗੁਰਦੀਪ ਸਿੰਘ ਜਗਬੀਰ, ਪੰਜਾਬ ਟਾਈਮਜ਼ ਦੇ ਮੁੱਖ ਸੰਪਾਦਕ ਸ. ਰਾਜਿੰਦਰ ਸਿੰਘ ਪੁਰੇਵਾਲ, ਸ. ਗੁਰਪ੍ਰਤਾਪ ਸਿੰਘ ਕੈਨੇਡਾ, ਸ. ਤੇਜਾ ਸਿੰਘ ਮਾਂਗਟ, ਭਾਈ ਜੈ ਸਿੰਘ, ਸਾਹਿਬ ਦੇ ਸੰਪਾਦਕ ਸ. ਰਣਜੀਤ ਸਿੰਘ ਰਾਣਾ, ਪ੍ਰਸਿੱਧ ਲੇਖਕ ਸ. ਤਾਰਾ ਸਿੰਘ ਆਲਮ, ਸ੍ਰੀ ਗੁਰੂ ਸਿੰਘ ਸਭਾ ਦੇ ਮੀਤ ਪ੍ਰਧਾਨ ਸ. ਹਰਜੀਤ ਸਿੰਘ ਸਰਪੰਚ, ਭਾਈ ਭੁਪਿੰਦਰ ਸਿੰਘ ਹਾਲੈਂਡ, ਭਾਈ ਸੁਰਿੰਦਰ ਸਿੰਘ ਭਿੰਡਰ ਜਰਮਨੀ, ਭਾਈ ਅਮਰੀਕ ਸਿੰਘ ਗਿੱਲ, ਸ. ਮੁਹਿੰਦਰਪਾਲ ਸਿੰਘ ਬੇਦੀ ਅਤੇ ਹੋਰ ਸਖ਼ਸ਼ੀਅਤਾਂ ਨੇ ਸ. ਮੰਡ ਨੂੰ ਸ਼ਰਧਾ ਦੇ ਫ਼ੁੱਲ ਭੇਂਟ ਕੀਤੇ ਅਤੇ ਉਹਨਾਂ ਦੀਆਂ ਯਾਦਾਂ ਦੀ ਸੰਗਤ ਨਾਲ ਸਾਂਝ ਪੁਆਈ। ਸਟੇਜ ਸਕੱਤਰ ਭਾਈ ਕੁਲਵੰਤ ਸਿੰਘ ਭਿੰਡਰ, ਸ. ਮੰਡ ਦੇ ਪੋਤਰੇ ਸ. ਗੁਰਸ਼ਰਨ ਸਿੰਘ ਮੰਡ ਅਤੇ ਮੀਤ ਪ੍ਰਧਾਨ ਸ. ਸੋਹਣ ਸਿੰਘ ਸਮਰਾ ਵੱਲੋਂ ਆਉਣ ਵਾਲੇ ਸੱਜਣਾ ਦਾ ਹਾਰਿਦਕ ਧੰਨਵਾਦ ਕੀਤਾ ਗਿਆ। ਯਾਦ ਰਹੇ ਜਿੱਥੇ ਸ. ਕੇਸਰ ਸਿੰਘ ਮੰਡ ਪੰਥ ਅਤੇ ਪੰਜਾਬ ਪ੍ਰਤੀ ਸੁਹਿਰਦ ਸਨ, ਉਥੇ ਉਹਨਾਂ ਨੇ ਪੰਜਾਬੀ ਦੀਆਂ ਦੋ ਕਿਤਾਬਾਂ ‘ਪੰਜਾਬ ਦਾ ਸੰਤਾਪ’ ਅਤੇ ‘ਗੁਰਦੁਆਰਾ ਸ੍ਰੀ ਸਿੰਘ ਸਭਾ ਸਾਊਥਾਲ ਦਾ ਇਤਿਹਾਸ’ ਸਾਡੀ ਝੋਲੀ ਪਾਈਆਂ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>