ਲੁਧਿਆਣਾ-ਸਿੱਖ ਧਰਮ ਵਿੱਚ ਬੂਟਿਆਂ ਨੂੰ ਇੱਕ ਅਹਿਮ ਸਥਾਨ ਦਿੱਤਾ ਗਿਆ ਹੈ। ਕਈ ਇਤਿਹਾਸਕ ਗੁਰਦੁਆਰਿਆਂ ਦਾ ਨਾਂ ਦਰਖਤਾਂ ਦੇ ਨਾਵਾਂ ਤੇ ਰੱਖਿਆ ਗਿਆ ਹੈ। ‘ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਮ ਮਹੱਤ’ ਸਲੋਕ ਵਿੱਚ ਢੁੱਕਵੇਂ ਢੰਗ ਨਾਲ ਸਮਝਾਇਆ ਗਿਆ ਹੈ ਕਿ ਕੁਦਰਤ ਪੂਜਣਯੋਗ ਹੈ, ਹਵਾ ਦਾ ਦਰਜਾ ਗੁਰੂ ਬਰਾਬਰ, ਪਾਣੀ ਦਾ ਪਿਤਾ ਬਰਾਬਰ ਅਤੇ ਧਰਤੀ ਦਾ ਮਾਂ ਬਰਾਬਰ ਹੈ। ਇਹ ਵਿਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਅਵਤਾਰ ਸਿੰਘ ਮੱਕੜ ਨੇ ਦਿੱਤੇ ਜੋ ਕਿ ਨੰਨ੍ਹੀ ਛਾਂ ਪ੍ਰੋਗਰਾਮ ਦੀ ਨਿਰਦੇਸ਼ਕ ਡਾ: ਮਦਨਜੀਤ ਕੌਰ ਸਹੋਤਾ ਨਾਲ ਅੱਜ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕਰਨ ਆਏ ਸਨ। ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੰਨ੍ਹੀ ਛਾਂ ਪ੍ਰੋਗਰਾਮ ਦੀ ਮੁੱਖ ਸਰਪ੍ਰਸਤ ਹਨ ਅਤੇ ਇਸ ਪ੍ਰੋਗਰਾਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਗੇ ਵਧਾਇਆ ਜਾ ਰਿਹਾ ਹੈ।
ਯੂਨੀਵਰਸਿਟੀ ਵਿੱਚ ਆਏ ਇਸ ਵਫਦ ਨੂੰ ਡਾ: ਮਨਜੀਤ ਸਿੰਘ ਕੰਗ ਨੇ ਜੀ ਆਇਆਂ ਆਖਿਆ ਅਤੇ ਕਮੇਟੀ ਵੱਲੋਂ ਨੇਪਰੇ ਚਾੜੇ ਜਾ ਰਹੇ ਅਜਿਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਡਾ: ਕੰਗ ਨੇ ਕਿਹਾ ਕਿ ਅਜਿਹੇ ਕਾਰਜਾਂ ਲਈ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹਰ ਸੰਭਵ ਤਕਨੀਕੀ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਵਿਸੇਸ਼ ਤੌਰ ਤੇ ਯੂਨੀਵਰਸਿਟੀ ਵੱਲੋਂ ਚਲਾਏ ਜਾ ਰਹੇ ਘਰੇਲੂ ਖੁਰਾਕ ਬਗੀਚੀ ਪ੍ਰੋਗਰਾਮ ਬਾਰੇ ਵੀ ਜਾਣਕਾਰੀ ਦਿੱਤੀ।
ਨੰਨ੍ਹੀ ਛਾਂ ਪ੍ਰੋਗਰਾਮ ਬਾਰੇ ਡਾ: ਸਹੋਤਾ ਨੇ ਦੱਸਿਆ ਕਿ ਕਮੇਟੀ ਵੱਲੋਂ ਬੂਟਿਆਂ ਨੂੰ ਪ੍ਰਸ਼ਾਦ ਵਜੋਂ ਸੰਗਤਾਂ ਨੂੰ ਦਿੱਤਾ ਜਾਂਦਾ ਹੈ ਅਤੇ ਧਾਰਮਿਕ ਭਾਵਨਾ ਜੁੜੀਆਂ ਹੋਣ ਕਾਰਨ ਇਨ੍ਹਾਂ ਬੂਟਿਆਂ ਦੀ ਸੁਚੱਜੀ ਦੇਖਭਾਲ ਵੀ ਸੰਭਵ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਪੂਰੇ ਪੰਜਾਬ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਵਿੱਚ ਪੰਜ ਥਾਵਾਂ ਤੇ ਸ਼੍ਰੀ ਅੰਮ੍ਰਿਤਸਰ, ਸ਼੍ਰੀ ਆਨੰਦਪੁਰ ਸਾਹਿਬ, ਸ਼੍ਰੀ ਤਲਵੰਡੀ ਸਾਬੋ, ਸ਼੍ਰੀ ਆਲਮਗੀਰ ਅਤੇ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਇਨ੍ਹਾਂ ਬੂਟਿਆਂ ਦੀ ਨਰਸਰੀ ਤਿਆਰ ਕੀਤੀ ਜਾਵੇਗੀ ਤਾਂ ਪੰਜਾਬ ਸੂਬੇ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ।
ਗ੍ਰਹਿ ਵਿਗਿਆਨ ਕਾਲਜ ਦੀ ਡੀਨ ਡਾ: ਨੀਲਮ ਗਰੇਵਾਲ ਨੇ ਕਿਹਾ ਕਿ ਭਰੂਣ ਹੱਤਿਆ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ ਕਾਲਜ ਵੱਲੋਂ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਂਡ ਸਕੇਪਿੰਡ ਅਤੇ ਫਲੋਰੀਕਲਚਰ, ਜੰਗਲਾਤ ਅਤੇ ਕੁਦਰਤੀ ਸੋਮੇ ਅਤੇ ਫ਼ਸਲ ਵਿਗਿਆਨ ਵਿਭਾਗਾਂ ਦੇ ਮੁਖੀ ਅਤੇ ਹੋਰ ਸਬੰਧਿਤ ਵਿਗਿਆਨੀ ਹਾਜ਼ਰ ਸਨ। ਸ਼੍ਰੋਮਣੀ ਕਮੇਟੀ ਦੇ ਸਕੱਤਰ ਸ: ਦਲਮੇਘ ਸਿੰਘ ਵੀ ਇਸ ਮੌਕੇ ਹਾਜ਼ਰ ਸਨ। ਵਿਚਾਰ ਕੀਤੀ ਗਈ ਕਿ ਯੂਨੀਵਰਸਿਟੀ ਤੋਂ ਤਕਨੀਕੀ ਸਹਿਯੋਗ ਲੈ ਕੇ ਇਹ ਨਰਸਰੀਆਂ ਤਿਆਰ ਕੀਤੀਆਂ ਜਾਣ । ਸ਼ੁਰੂਆਤ ਆਲਮਗੀਰ ਸਾਹਿਬ ਤੋਂ ਕੀਤੀ ਜਾਵੇ ਅਤੇ ਇਸ ਵਾਸਤੇ ਵਿਉਂਤ ਕਰਨ ਲਈ ਪੰਜ ਮੈਂਬਰੀ ਵਿਗਿਆਨੀਆਂ ਦੀ ਕਮੇਟੀ ਨਾਮਜ਼ਦ ਕੀਤੀ ਗਈ ਜੋ ਕਿ ਡਾ: ਸਹੋਤਾ ਅਤੇ ਸ: ਦਲਮੇਘ ਸਿੰਘ ਨਾਲ ਮਿਲ ਕੇ ਅਗਲੇ ਪ੍ਰੋਗਰਾਮ ਉਲੀਕੇਗੀ।