ਸਿਡਨੀ ਵਿਚ ਗਿਆਨੀ ਸੰਤੋਖ ਸਿੰਘ ਜੀ ਦਾ ਸਨਮਾਨ

ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆ ਨੇ ਬੀਤੀ ਤਿੰਨ ਜੁਲਾਈ ਨੂੰ ਸਿਡਨੀ ਦੇ ਪ੍ਰਸਿੱਧ ਪੈਰਾਵਿਲਾ ਹਾਲ ਵਿੱਚ ਇੱਕ ਸਾਹਿਤਕ ਸ਼ਾਮ ਸ਼ਾਨਦਾਰ ਢੰਗ ਨਾਲ ਮਨਾਈ ਜਿਸ ਵਿੱਚ ਸਿਡਨੀ ਨਿਵਾਸੀ ਪ੍ਰਸਿੱਧ ਲੇਖਕ, ਗਿਆਨੀ ਸੰਤੋਖ ਸਿੰਘ ਜੀ ਨੂੰ ਪੰਜਾਬੀ ਸੱਥ (ਲਾਂਬੜਾ) ਵਲੋਂ ਸ਼ੁੱਧ ਸੋਨੇ ਦੇ ਮੈਡਲ ਨਾਲ ਸਨਮਾਨਿਆ ਗਿਆ।

ਪ੍ਰੋਗਰਾਮ ਦਾ ਆਰੰਭ, ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆ ਦੇ ਕੋਆਰਡੀਨੇਟਰ, ਡਾ. ਮਨਿੰਦਰ ਸਿੰਘ ਵਲੋਂ ਸਾਰਿਆਂ ਨੂੰ ‘ਜੀ ਆਇਆਂ’ ਕਹਿਣ ਨਾਲ ਹੋਇਆ। ਸਟੇਜ ਸੈਕਟਰੀ ਦੀ ਭੂਮਿਕਾ ਕੌਂਸਲ ਦੇ ਪ੍ਰਧਾਨ, ਡਾ. ਪ੍ਰਭਜੋਤ ਸਿੰਘ ਸੰਧੂ ਨੇ ਨਿਭਾਉਂਦਿਆਂ, ਦੂਰੋਂ ਆਏ ਮਹਿਮਾਨਾਂ ਦੇ ਜੀਵਨ ਤੇ ਪੰਛੀ ਝਾਤ ਪੁਆਈ ਜਿਨ੍ਹਾਂ ਵਿੱਚ ਸਰਦਾਰ ਮੋਤਾ ਸਿੰਘ ਸਰਾਏ, ਉਹਨਾਂ ਨਾਲ ਇੰਗਲੈਂਡ ਤੋਂ ਆਏ ਹੋਏ ਪੰਜਾਬੀ ਕਵੀ, ਸ. ਹਰਜਿੰਦਰ ਸਿੰਘ ਸੰਧੂ ਅਤੇ ਅੰਮ੍ਰਿਤਸਰ ਤੋਂ ਆਏ ਮਿਊਜ਼ਕ ਡਾਇਰੈਕਟਰ, ਸ. ਗੁਰਮੀਤ ਸਿੰਘ ਵੀ ਸ਼ਾਮਲ ਸਨ।

ਗਿਆਨੀ ਜੀ ਨੂੰ ਗੋਲਡ ਮੈਡਲ ਸਿਰੋਪਾ, ਲੋਈ ਅਤੇ ਸਾਈਟੇਸ਼ਨ ਨਾਲ਼, ਸੱਥ ਵੱਲੋਂ ਸ. ਮੋਤਾ ਸਿੰਘ ਸਰਾਇ ਅਤੇ ਬਾਕੀ ਹਾਜਰ ਸੱਜਣਾਂ ਨੇ ਸਮੁਚੇ ਤੌਰ ਤੇ ਸਨਮਾਨਤ ਕੀਤਾ। ਇਸਦੇ ਨਾਲ਼ ਹੀ ਸੱਥ ਵੱਲੋਂ ਗਿਆਨੀ ਜੀ ਨੂੰ ਸੱਥ ਦੀ ਆਸਟ੍ਰੇਲੀਅਨ ਇਕਾਈ ਦੇ ਸਰਪ੍ਰਸਤ ਥਾਪ ਕੇ, ਅਗੋਂ ਸੱਥ ਦੀ ਸੰਸਥਾ ਕਾਇਮ ਕਰਨ ਲਈ ਇਹਨਾਂ ਨੂੰ ਜ਼ਿਮੇਵਾਰੀ ਦਿਤੀ। ਇਸ ਬਰਾਂਚ ਵਿਚ ਆਸਟ੍ਰੇਲੀਆ ਤੋਂ ਇਲਾਵਾ, ਨਿਊ ਜ਼ੀਲੈਂਡ, ਫ਼ਿਜੀ ਅਤੇ ਪ੍ਰਸ਼ਾਂਤ ਮਹਾਂਸਾਗਰ ਦੇ ਬਾਕੀ ਦੇ ਦੇਸ਼ ਵੀ ਸਾਮਲ ਹੋਣਗੇ।

ਇਸ ਮੌਕੇ ’ਤੇ ਬੋਲਦੇ ਹੋਏ ਪੰਜਾਬੀ ਸੱਥ (ਯੂਰਪੀਅਨ) ਦੇ ਸੰਚਾਲਕ, ਸਰਦਾਰ ਮੋਤਾ ਸਿੰਘ ਸਰਾਏ, ਨੇ ਦੱਸਿਆ, “ਗਿਆਨੀ ਸੰਤੋਖ ਸਿੰਘ ਹੋਰਾਂ ਵਲੋਂ ਪੰਜਾਬੀ ਸਾਹਿਤ ਦੀ ਕੀਤੀ ਜਾ ਰਹੀ ਸੇਵਾ ਕਾਰਨ, ਪੰਜਾਬੀ ਸੱਥ (ਲਾਂਬੜਾ) ਨੇ 2008 ਵਿੱਚ ਪ੍ਰੋ. ਪੂਰਨ ਸਿੰਘ ਐਵਾਰਡ ਗਿਆਨੀ ਜੀ ਹੋਰਾਂ ਨੂੰ ਦੇਣ ਦਾ ਫੈਸਲਾ ਕੀਤਾ ਸੀ ਪਰ ਸੱਥ ਚਾਹੁੰਦੀ ਸੀ ਕਿ ਇਹ ਸਨਮਾਨ ਗਿਆਨੀ ਜੀ ਹੋਰਾਂ ਦੀ ਆਪਣੀ ਕਰਮ ਭੁਮੀ, ਆਸਟ੍ਰੇਲੀਆ ਵਿੱਚ ਹੀ ਜਾ ਕੇ ਦਿੱਤਾ ਜਾਵੇ। ਇਸ ਕਰਕੇ ਪੰਜਾਬੀ ਸੱਥ ਵਾਲਿਆਂ ਨੇ ਇਹ ਜਿੰਮੇਵਾਰੀ ਮੈਨੂੰ ਸੌਂਪੀ ਸੀ ਤੇ ਅੱਜ ਮੈ ਉਹ ਜਿੰਮੇਵਾਰੀ ਨਿਭਾਉਣ ਲਈ ਏਥੇ ਆਇਆ ਹਾਂ।”

ਸ. ਮੋਤਾ ਸਿੰਘ ਨੇ ਹੋਰ ਅੱਗੇ ਗਿਆਨੀ ਜੀ ਦੀ ਲੇਖਣੀ ਬਾਰੇ ਚਾਨਣਾ ਪਾਉਂਦਿਆਂ ਹੋਇਆਂ ਦੱਸਿਆ ਕਿ ਉਹਨਾਂ ਦੀ ਕਲਮੀ ਸਾਂਝ, ਇਹਨਾਂ ਨਾਲ਼ ਕੁਝ ਸਾਲਾਂ ਤੋਂ ਸੰਸਾਰ ਭਰ ਵਿਚ ਛਪ ਰਹੇ ਪੰਜਾਬੀ ਪੱਤਰਾਂ ਵਿਚਲੇ, ਇਹਨਾਂ ਦੇ ਲੇਖਾਂ ਰਾਹੀਂ ਬਣੀ। ਇਹਨਾਂ ਦੇ ਲਿਖੇ ਲੇਖ ਪੜ੍ਹ ਕੇ ਸੱਥ ਵਾਲ਼ਿਆਂ ਨੂੰ ਪਤਾ ਲੱਗਾ ਕਿ ਚਾਰ ਦਹਾਕਿਆਂ ਦੇ ਕਰੀਬ, ਪੰਜਾਬੋਂ ਬਾਹਰ ਫਿਰਨ ਵਾਲਾ ਇਕ ਫ਼ਕੀਰ ਬਿਰਤੀ ਦਾ ਵਿਦਵਾਨ ਸੱਜਣ, ਪੰਜਾਬੀ ਮਾਂ ਬੋਲੀ ਦੀ ਕਲਮ ਤੇ ਭਾਸ਼ਨਾਂ ਰਾਹੀਂ ਸੇਵਾ ਕਰ ਰਿਹਾ ਹੈ। ਅਜਿਹੇ ਸਿਰੜੀ ਪੰਜਾਬੀ ਦੀ ਹੌਸਲਾ ਅਫ਼ਜ਼ਾਈ ਕਰਨੀ ਚਾਹੀਦੀ ਹੈ। ਭਾਵੇਂ ਕਿ ਇਹਨਾਂ ਨੇ ਅਜਿਹੇ ਕਿਸੇ ਮਾਣ ਸਨਮਾਨ ਦੀ ਆਸ ਤੇ ਨਹੀ ਇਹ ਕਾਰਜ ਕੀਤਾ ਪਰ ਸੱਥ ਦਾ ਇਹ ਫ਼ਰਜ਼ ਬਣਦਾ ਹੈ ਕਿ ਇਹਨਾਂ ਦੀ ਸੇਵਾ ਨੂੰ ਮਾਨਤਾ ਦਈਏ। ਗਿਆਨੀ ਜੀ ਦੀ ਲਿਖਤ ਉਪਰ, “ਜੇਹਾ ਡਿਠਾ ਮੈ ਤੇਹੋ ਕਹਿਆ॥” ਅਨੁਸਾਰ ਚਸ਼ਮਦੀਦ ਗਵਾਹੀ ਵਾਲ਼ੀ ਬਾਤ ਢੁਕਦੀ ਹੈ। ਇਹਨਾਂ ਦੀ ਸੋਚ ਅਤੇ ਲਿਖਤ ਉਪਰ ਗੁਰਬਾਣੀ, ਸਿੱਖ ਸਾਹਿਤ ਅਤੇ ਸਿੱਖ ਇਤਿਹਾਸ ਤੋਂ ਪ੍ਰਾਪਤ ਸੰਦੇਸ਼, ਸਰਬ ਸਾਂਝੀਵਾਲਤਾ, ਦਾ ਬਹੁਤ ਹੀ ਜ਼ਿਆਦਾ ਪ੍ਰਭਾਵਤ ਹੈ। ਗੁਰਮਤਿ ਮਨੁਖਤਾ ਨੂੰ ਸਰਬੱਤ ਦਾ ਭਲਾ ਲੋਚਣ ਤੇ ਸੋਚਣ ਲਈ ਪ੍ਰੇਰਨਾ ਕਰਦੀ ਹੈ। ਸੰਸਾਰ ਵਿਚ ਵੱਸ ਅਤੇ ਵਿਚਰ ਰਹੇ ਪੰਜਾਬੀ ਸਮਾਜ ਵਿਚ ਇਹਨਾਂ ਦੇ ਭਾਸ਼ਨਾਂ ਅਤੇ ਲੇਖਾਂ ਨੂੰ ਉਤਸੁਕਤਾ ਨਾਲ਼ ਉਡੀਕਿਆ ਜਾਂਦਾ ਹੈ। ਸ੍ਰੋਤਿਆਂ, ਪਾਠਕਾਂ ਅਤੇ ਪ੍ਰਸੰਸਕਾਂ ਵਲੋਂ ਜੋਰ ਦੇਣ ਤੇ, ਪਿਛਲੇ ਤਿੰਨ ਕੁ ਸਾਲਾਂ ਤੋਂ ਗਿਆਨੀ ਜੀ ਨੇ ਆਪਣੇ ਲੇਖਾਂ ਨੂੰ, ਕਿਤਾਬੀ ਰੂਪ ਵਿਚ ਵੀ ਪਾਠਕਾਂ ਦੀ ਭੇਟਾ ਕਰਨ ਦਾ ਉਦਮ ਕੀਤਾ ਹੈ। ਇਸ ਸਮੇ ਵਿਚ ਹੀ ਇਹਨਾਂ ਨੇ ਤਿੰਨ ਕਿਤਾਬਾਂ ਪਾਠਕਾਂ ਦੀ ਭੇਟਾ ਕੀਤੀਆਂ ਹਨ। ਧਾਰਮਿਕ ਲੇਖਾਂ ਦੀ ਇਹਨਾਂ ਦੀ ਪਹਿਲੀ ਕਿਤਾਬ ‘ਸਚੇ ਦਾ ਸਚਾ ਢੋਆ’ ਦੇ ਤਾਂ ਤਿੰਨ ਐਡੀਸ਼ਨ ਵੀ ਛਪ ਚੁੱਕੇ ਹਨ। ਦੂਜੀਆਂ ਦੋ ਕਿਤਾਬਾਂ, ਉਜਲ ਕੈਹਾਂ ਚਿਲਕਣਾ ਅਤੇ ਯਾਦਾਂ ਭਰੀ ਚੰਗੇਰ, ਇਹਨਾਂ ਦੇ ਆਪਣੇ ਨਿਜੀ ਤਜੱਰਬੇ ਹਨ, ਜੋ ਕਿ ਨਿਜੀ ਨਾ ਰਹਿ ਕੇ, ਸਾਰੇ ਸਿੱਖ ਸਮਾਜ ਦੇ ਬਣ ਚੁੱਕੇ ਹਨ। ਇਹਨਾਂ ਕਿਤਾਬਾਂ ਵਿਚ, ਸੰਸਾਰ, ਪੰਜਾਬ, ਸਿੱਖ ਅਤੇ ਅਕਾਲੀ ਦਲ ਦਾ, ਪਿਛਲੇ ਛੇ ਦਹਾਕਿਆਂ ਦਾ ਅੱਖੀਂ ਵੇਖਿਆ ਇਤਿਹਾਸ ਹੈ। ਇਹਨਾਂ ਦੀ ਲੇਖਣੀ “ਕੁੱਜੇ ਵਿਚ ਸਮੁੰਦਰ” ਸਮਾਨ ਹੈ। ਸਚਾਈ ਬਿਆਨ ਕਰਦਿਆਂ ਵੀ ਇਹ ਕਿਸੇ ਦੇ ਸਨਮਾਨ ਨੂੰ ਠੇਸ ਨਹੀ ਪੁਚਾਉਂਦੇ। ਕੁਝ ਵਿਦਵਾਨਾਂ ਦਾ ਤਾਂ ਇਹ ਵੀ ਵਿਚਾਰ ਹੈ ਕਿ ਗਿਆਨੀ ਜੀ ਦੀਆਂ ਇਹ ਤਿੰਨ ਕਿਤਾਬਾਂ ਪੜ੍ਹ ਕੇ, ਕੋਈ ਵਿਦਵਾਨ ਪੰਜਾਬ ਅਤੇ ਅਕਾਲੀ ਸਿਆਸਤ ਉਪਰ ਡਾਕਟ੍ਰੇਟ ਕਰ ਸਕਦਾ ਹੈ। ਉਹਨਾਂ ਨੇ ਅੰਤ ਵਿਚ ਇਹ ਕਿਹਾ ਕਿ ਅਸੀਂ ਗਿਅਨੀ ਜੀ ਨੂੰ ਸਨਮਾਨਤ ਨਹੀ ਕਰ ਰਹੇ ਸਗੋਂ ਇਹਨਾਂ ਨੇ ਇਹ ਸਨਮਾਨ ਸਵੀਕਾਰ ਕਰਕੇ ਸੱਥ ਦਾ ਸਨਮਾਨ ਕੀਤਾ ਹੈ।

ਗਿਆਨੀ ਜੀ ਨੇ ਆਪਣੇ ਸੰਖੇਪ ਭਾਸ਼ਨ ਵਿਚ ਪੰਜਾਬੀ ਬੋਲੀ ਦਾ ਇਤਿਹਾਸ ਅਤੇ ਖੇਤਰ ਦਾ ਵਿਦਵਤਾ ਪੂਰਣ ਵਰਨਣ ਕਰਦਿਆਂ ਦੱਸਿਆ ਕਿ ਇਸ ਦਾ ਖੇਤਰ ਦਰਿਆ ਜਮਨਾ ਤੋਂ ਲੈ ਕੇ ਸਿੰਧ ਅਤੇ ਆਰੰਭ, ਸੰਸਾਰ ਦੀ ਸਭ ਤੋਂ ਪੁਰਾਣੀ ਪੁਸਤਕ ‘ਰਿਗ ਵੇਦ’ ਤੋਂ ਸ਼ੁਰੂ ਹੁੰਦਾ ਹੈ।

ਇਸ ਸਮੇ ਬੋਲਦਿਆਂ ਸਿਡਨੀ ਨਿਵਾਸੀ, ਸ. ਪਰਮਜੀਤ ਸਿੰਘ ਨੇ ਆਪਣੇ ਸੰਖੇਪ ਭਾਸ਼ਨ ਵਿੱਚ ਪੰਜਾਬੀ ਸੱਥ (ਲਾਂਬੜਾ) ਦਾ, ਗਿਆਨੀ ਸੰਤੋਖ ਸਿੰਘ ਦਾ ਸਨਮਾਨ ਕਰਨ ਲਈ ਧੰਨਵਾਦ ਕੀਤਾ ਅਤੇ ਗਿਆਨੀ ਜੀ ਦੀ ਸਾਹਿਤ ਤੇ ਧਾਰਮਿਕ ਵਿਦਿਅਕ ਯੋਗਤਾ ਬਾਰੇ ਚਾਨਣਾ ਪਾਇਆ। ਉਹਨਾਂ ਨਾਲ਼ ਆਪਣੀ ਤਿੰਨ ਦਹਾਕੇ ਪੁਰਾਣੀ ਸਾਂਝ ਦਾ ਜਜ਼ਬਾਤੀ ਜ਼ਿਕਰ ਵੀ ਕੀਤਾ। ਉਹਨਾਂ ਨੇ ਵਿਚਾਰ ਪਰਗਟ ਕੀਤੇ ਕਿ ਗਿਆਨੀ ਜੀ ਦੀ ਯੋਗਤਾ ਅਤੇ ਮਨੁਖਤਾ ਦੀ ਸੇਵਾ ਅਜਿਹੇ ਸਨਮਾਨਾਂ ਤੋਂ ਵੀ ਉਚੇਰੀ ਹੈ ਅਤੇ ਕਿਸੇ ਵੀ ਸੰਸਥਾ ਨੂੰ. ਇਹਨਾਂ ਦਾ ਸਨਮਾਨ ਕਰਦਿਆਂ, ਆਪਣਾ ਸਨਮਾਨ ਹੋਇਆ ਸਮਝਣਾ ਚਾਹੀਦਾ ਹੈ।

ੈੋੁਰ ਬਰੋਾਸੲਰ ਮੳੇ ਨੋਟ ਸੁਪਪੋਰਟ ਦਸਿਪਲੳੇ ੋਡ ਟਹਸਿ ਮਿੳਗੲ.

ਗਿਆਨੀ ਸੰਤੋਖ ਸਿੰਘ ਜੀ ਧੰਨਵਾਦ ਕਰਦੇ ਹੋਏ।

ਕੌਂਸਲ ਦੇ ਪ੍ਰਧਾਨ ਡਾ. ਪ੍ਰਭਜੋਤ ਸਿੰਘ ਸੰਧੂ ਹੋਰਾਂ ਨੇ ਦੱਸਿਆ ਕਿ ਆਸਟ੍ਰੇਲੀਆ ਦੇ ਸਿੱਖ ਗਿਆਨੀ ਜੀ ਦੀਆਂ, ਧਾਰਮਿਕ, ਸਮਾਜਕ ਅਤੇ ਸਾਹਿਤਕ ਸੇਵਾਵਾਂ ਤੋਂ ਭਲੀ ਭਾਂਤ ਜਾਣੂ ਹਨ। ਇਹਨਾਂ ਦੀਆਂ ਕੌਮੀ ਸੇਵਾਵਾਂ ਅਤੇ ਵਿਦਵਤਾ ਦਾ ਮਾਣ ਕਰਦਿਆਂ ਹੋਇਆਂ, ਕੁਝ ਸਾਲ ਪਹਿਲਾਂ, ਆਪਣੇ ਪਹਿਲੇ ਸਮਾਗਮ ਸਮੇ, ਪੰਜਾਬੀ ਕੌਂਸਲ ਨੇ ਵੀ ਇਹਨਾਂ ਨੂੰ, ‘ਪੰਜਾਬੀਅਤ ਦਾ ਮਾਣ’ ਭਗਤ ਪੂਰਨ ਸਿੰਘ’ ਐਵਾਰਡ ਦੇ ਕੇ ਸਨਮਾਨਤ ਕੀਤਾ ਸੀ।

ਪੰਜਾਬੀ ਕੌਂਸਲ ਦੇ ਬੋਰਡ ਮੈਂਬਰਾਨ ਡਾ. ਮਨਿੰਦਰ ਸਿੰਘ, ਡਾ. ਪ੍ਰਭਜੋਤ ਸਿੰਘ ਸੰਧੂ, ‘ਪੰਜਾਬ ਐਕਸਪ੍ਰੈਸ’ ਦੇ ਮੁਖ ਸੰਪਾਦਕ ਰਾਜਵੰਤ ਸਿੰਘ ਜ਼ੀਰਾ, ਮੁਹਾਲੀ ਵਾਲੇ ਕਮਲਜੀਤ ਸਿੰਘ ਵਾਲੀਆ, ਮਨਧੀਰ ਸਿੰਘ ਸੰਧਾ, ਬਲਰਾਜ ਸਿੰਘ ਸੰਘਾ ਆਦਿ ਵਲੋਂ, ਇੰਗਲੈਂਡ ਤੋਂ ਆਏ, ਸ. ਮੋਤਾ ਸਿੰਘ ਸਰਾਏ ਅਤੇ ਸ. ਹਰਜਿੰਦਰ ਸਿੰਘ ਸੰਧੂ ਨੂੰ, ‘ਪੰਜਾਬੀਅਤ ਦਾ ਮਾਣ’ ਸਨਮਾਨ ਨਾਲ ਸਨਮਾਨਤ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਸਮੇ ਸਮੇ ’ਤੇ ਉਚ ਪਾਏ ਦੀ ਗਾਇਕੀ ਅਤੇ ਕਵਿਤਾਵਾਂ ਦਾ ਦੌਰ ਵੀ ਚੱਲਿਆ। ਅੰਮ੍ਰਿਤਸਰ ਤੋਂ ਆਏ ਗੁਰਮੀਤ ਸਿੰਘ ਹੋਰਾਂ:

ਤੂੰ ਬਾਪੂ ਓਦੋਂ ਨਾ ਆਇਆ ਜਦੋਂ ਲੋਕ ਘੂਰਦੇ ਸੀ।

ਸੁਣਾਇਆ। ਪੰਜਾਬੀ ਗਾਇਕ ਕੂਲਜੀਤ ਸੰਧੂ ਨੇ ਉਚ ਪਧਰ ਦੇ ਸਾਹਿਤਕ ਗੀਤ ਪੇਸ਼ ਕਰਕੇ, ਮਾਹੌਲ ਨੂੰ ਵੱਖਰਾ ਰੰਗ ਚਾੜ੍ਹ ਦਿੱਤਾ।

ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ, ਪ੍ਰਸਿੱਧ ਪੰਜਾਬੀ ਰੇਡੀਓ ‘ਮੇਲਾ ਗੀਤਾਂ ਦਾ’ ਤੋਂ ਹਰਜੀਤ ਸਿੰਘ ਕਾਲਾ ਅਤੇ ਸ਼ਾਮ ਕੁਮਾਰ ਜੀ, ‘ਨਵਾਂ ਜ਼ਮਾਨਾ’ ਦੇ ਸਾਬਕਾ ਪੱਤਰਕਾਰ ਜਤਿੰਦਰ ਪੂਨੀਆਂ, ਮੋਹਣ ਸਿੰਘ ਸੇਖੋਂ, ਕਾਮਰੇਡ ਜਤਿੰਦਰ ਪੰਨੂੰ ਦਾ ਬੇਟਾ ਅਮਿੱਟਜੋਤ ਪੰਨੂੰ ਅਤੇ ਭਾਣਜਾ ਡਿੰਪੀ ਸੰਧੂ ਆਦਿ ਵੀ ਹਾਜ਼ਰ ਸਨ।

ਪ੍ਰੋਗਰਾਮ ਦੀ ਸਮਾਪਤੀ ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆ ਵਲੋਂ ਸਾਰਿਆਂ ਦੇ ਧੰਨਵਾਦ ਅਤੇ ਪੈਰਾਵਿਲਾ ਫੰਕਸ਼ਨ ਸੈਂਟਰ ਦੇ ਮਾਲਕ, ਕਮਲਜੀਤ ਸਿੰਘ ਅਠਵਾਲ ਵਲੋਂ ਦਿੱਤੇ ਸ਼ਾਨਦਾਰ ਖਾਣੇ ਨਾਲ ਹੋਈ।

ਹਰਦੀਪ ਸਿੰਘ

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>