ਬਚ ਕੇ ਮੋੜ ਤੋਂ ਬਾਈ…!

ਕਈ ਵਾਰ ਬੰਦੇ ਨਾਲ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿੰਨ੍ਹਾਂ ਬਾਰੇ ਬੰਦਾ ਕਦੇ ਕਿਆਸ ਵੀ ਨਹੀਂ ਕਰ ਸਕਦਾ। ਜਿੱਥੇ ਬੰਦੇ ਨੂੰ ਸ਼ਰਮ ਮਹਿਸੂਸ ਹੁੰਦੀ ਹੈ, ਉਥੇ ਛਿੱਤਰ-ਪੌਲੇ ਦਾ ਡਰ ਵੀ ਵੱਢ-ਵੱਢ ਖਾਂਦਾ ਹੈ। ਇਕ ਅਜਿਹੀ ਹੀ ਘਟਨਾ ਬਚਪਨ ਵਿਚ ਮੇਰੇ ਨਾਲ ਵਾਪਰੀ। ਮੈਂ ਛੋਟਾ ਜਿਹਾ ਸੀ। ਸ਼ਾਇਦ ਚੌਥੀ-ਪੰਜਵੀਂ ਜਮਾਤ ਵਿਚ ਪੜ੍ਹਦਾ ਹੋਵਾਂਗਾ। ਅਸੀਂ ਪਿੰਡ ਦੀ ਸੱਥ ਵਿਚ ਥੜ੍ਹੇ ‘ਤੇ ਗੋਲ਼ੀਆਂ ਖੇਡ ਰਹੇ ਸੀ ਕਿ ਬਸੰਤ ਭਲਵਾਨ ਆ ਗਿਆ। ਬਸੰਤ ਭਲਵਾਨ ਮੇਰੇ ਤੋਂ ਤਿੰਨ ਕੁ ਜਮਾਤਾਂ ਅੱਗੇ ਪੜ੍ਹਦਾ ਸੀ। ਸਰੀਰੋਂ ਤਕੜਾ ਹੋਣ ਕਰ ਕੇ ਸਾਰੇ ਬਸੰਤ ਨੂੰ ਭਲਵਾਨ ਆਖ ਕੇ ਬੁਲਾਉਂਦੇ ਸਨ। ਗੋਲ਼ੀਆਂ ਮੈਂ ਤਕਰੀਬਨ ਸਾਰੀਆਂ ਹੀ ਹਾਰ ਚੁੱਕਿਆ ਸੀ। ਗੀਝਾ ਖਾਲੀ ਹੋ ਗਿਆ ਸੀ। ਹੱਥ ਵਾਲੇ ਹੀ ਚਾਰ ਕੁ ਬੰਟੇ ਰਹਿੰਦੇ ਸਨ।

-”ਹਾਰ ਗਿਆ…?” ਉਸ ਨੇ ਪੁੱਛਿਆ।

-”ਆਹੋ ਯਾਰ…!” ਮੈਂ ਬੜੇ ਹੀ ਅੱਕੇ ਹੋਏ ਨੇ ਆਖਿਆ।

-”ਚੱਲ ਆ ਕੁੱਕੜ ਲੈ ਕੇ ਆਈਏ…।” ਬਸੰਤ ਬੋਲਿਆ।

-”ਕੁੱਕੜ..? ਕਿੱਥੋਂ…??” ਮੈਨੂੰ ਕੁੱਕੜ ਦਾ ਨਾਂ ਸੁਣ ਕੇ ਚਾਅ ਚੜ੍ਹ ਗਿਆ।

-”ਮਜ੍ਹਬੀਆਂ ਵਿਹੜਿਓਂ…!” ਉਸ ਦੇ ਕਹਿਣ ‘ਤੇ ਮੈਂ ਬਸੰਤ ਭਲਵਾਨ ਦੇ ਨਾਲ ਤੁਰ ਪਿਆ। ਅਵੱਲੇ ਹੀ ਚੜ੍ਹੇ ਚਾਅ ਵਿਚ ਮੈਂ ਬਸੰਤ ਨੂੰ ਇਹ ਵੀ ਨਾ ਪੁੱਛਿਆ ਕਿ ਕੁੱਕੜ ਘਰੇ ਰੱਖਣਾ ਸੀ ਜਾਂ ਵੱਢ ਕੇ ਬਣਾਉਣਾ ਸੀ..? ਮੈਂ ਜੀਵ ਘਾਤ ਦੇ ਸਦਾ ਹੀ ਖਿ਼ਲਾਫ਼ ਰਿਹਾ ਹਾਂ। ਪਰ ਉਦੋਂ ਬਚਪਨ ਵਿਚ ਬਹੁਤਾ ਕੁਝ ਪਤਾ ਨਹੀਂ ਸੀ।

ਖ਼ੈਰ! ਅਸੀਂ ਗਊਆਂ ਦਾ ਵੱਗ ਚਾਰਨ ਵਾਲ਼ੇ ‘ਬਾਗੀਆਂ’ ਦੇ ਘਰੇ ਚਲੇ ਗਏ। ਬਿਰਧ ਮਾਈ ਤੋਂ ਇਕ ਭੂਸਲਾ ਜਿਹਾ ਇਕ ਕੁੱਕੜ ਬਸੰਤ ਨੇ ਖੁੱਡੇ ਵਿਚੋਂ ਬਾਹਰ ਕਢਵਾ ਲਿਆ ਅਤੇ ਉਸ ਨੂੰ ਬੁੱਕਲ ਵਿਚ ਲੈ ਕੇ, ਡਾਕਟਰ ਵਾਂਗ ਜਾਇਜਾ ਜਿਹਾ ਲੈਣ ਲੱਗ ਪਿਆ। ਕਲਗੀ ਨਿਰਖ਼ੀ। ਖੰਭ ਖੋਲ੍ਹ ਕੇ ਪਰਖ਼ੇ ਅਤੇ ਧੌਣ ਪਲ਼ੋਸ ਕੇ ਦੇਖੀ। ਮੈਂ ਵੀ ਕੁੱਕੜ ਨੂੰ ਬੁੱਕਲ਼ ਵਿਚ ਲੈ ਕੇ ਪਲ਼ੋਸਣਾ ਚਾਹੁੰਦਾ ਸੀ। ਕੁੱਕੜ ਭਲਵਾਨ ਦੇ ਹੱਥਾਂ ਵਿਚ ਕੰਬੀ ਜਾ ਰਿਹਾ ਸੀ। ਮੈਨੂੰ ਕੋਈ ਸਮਝ ਨਹੀਂ ਪੈ ਰਹੀ ਸੀ ਕਿ ਬਸੰਤ ਕੁੱਕੜ ਦਾ ਮੁਆਇਨਾ ਜਿਹਾ ਕਿਉਂ ਕਰੀ ਜਾ ਰਿਹਾ ਸੀ..? ਮੈਨੂੰ ਕਿਹੜਾ ਕੋਈ ਤਜ਼ਰਬਾ ਸੀ? ਨਾ ਤਾਂ ਸਾਡੇ ਕਿਸੇ ਨੇ ਕੁੱਕੜ-ਕੁਕੜੀਆਂ ਰੱਖੇ ਸਨ ਅਤੇ ਨਾ ਹੀ ਕਦੇ ਖ਼ਰੀਦ ਕੇ ਲਿਆਂਦੇ ਸਨ।

-”ਕਿੰਨੇ ਦੈ ਤਾਈ..?” ਬਸੰਤ ਨੇ ਬਿਰਧ ਮਾਤਾ ਨੂੰ ਕੀਮਤ ਪੁੱਛੀ।

-”ਪੱਚੀਆਂ ਦੈ ਪੁੱਤ!”

-”ਪੱਚੀ ਤਾਈ ਬਾਹਲੇ ਐ-!” ਭਲਵਾਨ ਨੇ ਕਿਹਾ। ਉਦੋਂ ਪੱਚੀ ਰੁਪਏ ਬਹੁਤ ਹੁੰਦੇ ਸਨ।

-”ਅਸੀਂ ਤਾਂ ਪੁੱਤ ਪੱਚੀਆਂ ਦਾ ਈ ਵੇਚਦੇ ਐਂ।”

-”ਪੱਚੀ ਤਾਂ ਦੇਦੂੰ ਤਾਈ..! ਪਰ ਇਹ ਦੱਸ ਬਈ ਇਹ ਕੁਕੜੀ ਨੱਪਦੈ…?” ਉਸ ਨੇ ਪੁੱਛਿਆ। ਪਰ ਮੈਨੂੰ ਕੋਈ ਸਮਝ ਨਾ ਆਈ।

-”ਕੀ ਕਿਹੈ…?” ਉਹ ਬਿਰਧ ਮਾਤਾ ਭੜ੍ਹਕ ਪਈ। ਪਰ ਮੈਨੂੰ ਉਸ ਦੀ ਭੜਕਾਹਟ ਦਾ ਫਿਰ ਵੀ ਕੋਈ ਕਾਰਨ ਨਾ ਲੱਭਿਆ।

-”ਤਾਈ ਮੈਂ ਪੁੱਛਿਐ ਬਈ ਇਹ ਕੁਕੜੀ ਨੱਪਦੈ…?” ਬਸੰਤ ਭਲਵਾਨ ਨੇ ਫਿਰ ਬੇਬਾਕ ਕਹਿ ਮਾਰਿਆ ਤਾਂ ਉਸ ਬਿਰਧ ਮਾਤਾ ਦਾ ਪਾਰਾ ਖ਼ਤਰੇ ਵਾਲੀ ਸੂਈ ‘ਤੇ ਚੜ੍ਹ ਗਿਆ।

-”ਸੂਲ ਹੋਣਿਆਂ..! ਮੇਰਿਆ ਭਤੀਜਿਆ..! ਤੇਰੇ ਲਿਕਲੇ ਕਲੋਟੇ ਥਾਂ ਫੋੜੀ..! ਤੈਨੂੰ ਚੜ੍ਹਜੇ ਤੇਈਆ..! ਮੇਰੇ ਪਿਉ ਦਿਆ ਸਾਲਿ਼ਆ..! ਤੂੰ ਆਬਦੀ ਮਾਂ ਭੈਣ ਕੋਲੋਂ ਜਾ ਕੇ ਪੁੱਛਗਾਂ…!” ਉਸ ਨੇ ਅੱਗੜ-ਪਿੱਛੜ ਕਈ ਛੰਦ ਸੁਣਾ ਦਿੱਤੇ ਅਤੇ ਪੈਰੋਂ ਫਿੱਡਾ ਛਿੱਤਰ ਲਾਹ ਲਿਆ। ਮੈਂ ਭੈਮਾਨ ਜਿਹਾ ਹੋਇਆ ਖੜ੍ਹਾ ਸੀ। ਕੋਈ ਲੱਲ ਨਹੀਂ ਲੱਗ ਰਿਹਾ ਸੀ ਕਿ ਆਖਰ ਐਡੀ ਵੱਡੀ ਕੀ ਗੱਲ ਹੋ ਗਈ ਸੀ, ਜਿਹੜਾ ਮਾਈ ਐਨੀ ਬਿਕਰਾਲ ਰੂਪ ਹੋਈ ਖੜ੍ਹੀ ਸੀ..?

-”ਖੜ੍ਹਜਾ ਭੁੰਨੜਿਆ…! ਤੇਰੀ ਤਾਂ ਲਾਵਾਂ ਅਕਲ ਨੂੰ ਗੋਟਾ ਗੜ੍ਹੀ ਪੈਣਿਆ..! ਮੇਰੇ ਪਿਉ ਦਾ ਸਾਲਾ…!” ਜਦ ਉਹ ਸੋਲ੍ਹਾ ਛਿੱਤਰ ਲੈ ਕੇ ਬਸੰਤ ਦੇ ਨੇੜੇ ਹੋਈ ਤਾਂ ਬਸੰਤ ਤਾਂ ਕੁੱਕੜ ਸੁੱਟ ਕੇ ਪੱਤਰੇ ਵਾਚ ਗਿਆ। ਪਰ ਮੈਂ ਕਸੂਤਾ ਫ਼ਸ ਗਿਆ ਸੀ। ਮੈਨੂੰ ਭੱਜਣ ਨੂੰ ਰਾਹ ਨਾ ਲੱਭੇ। ਮੈਂ ਦੋਚਿੱਤੀ ਜਿਹੀ ਵਿਚ ਸਿਰ ‘ਚ ਪੈਣ ਵਾਲੇ ਠਿੱਬੇ ਛਿੱਤਰ ਦੀ ਉਡੀਕ ਕਰੀ ਜਾ ਰਿਹਾ ਸੀ ਅਤੇ ਸਰੀਰ ਮੇਰਾ ਮੁੜ੍ਹਕੋ ਮੁੜ੍ਹਕੀ ਹੋ ਗਿਆ ਸੀ।

-”ਤੂੰ ਕੀਹਦਾ ਕੁਛ ਐਂ ਵੇ-ਗੜਾ ਚੱਕੀ ਖੜ੍ਹੈਂ…?” ਉਹ ਮੈਨੂੰ ਸੰਬੋਧਨ ਹੋਈ।

-”ਮੈਂ ਤਾਈ ਢਾਬ ਆਲਿਆਂ ਦਾ, ਬਾਬੇ ਕਾ ਮੁੰਡੈਂ! ਪਰ ਮੈਂ ਤਾਂ ਤੈਨੂੰ ਕੁਛ ਨੀ ਆਖਿਆ…?” ਮੈਂ ਸੱਚਾਈ ਜ਼ਾਹਿਰ ਕੀਤੀ। ਡਰ ਨਾਲ ਮੇਰਾ ਸਾਰਾ ਸਰੀਰ ‘ਥਰ-ਥਰ’ ਕੰਬੀ ਜਾ ਰਿਹਾ ਸੀ। ਮੇਰੇ ਪੈਰਾਂ ਦੀਆਂ ਪਾਤਲ਼ੀਆਂ ਤੱਕ ਪਸੀਨਾ ਆ ਗਿਆ ਸੀ।

-”ਆਹੋ, ਤੂੰ ਤਾਂ ਕੁਛ ਨੀ ਆਖਿਆ-ਮੈਂ ਵੀ ਤੈਨੂੰ ਕੁਛ ਨੀ ਕਹਿੰਦੀ-ਤੂੰ ਐਸੇ ਢਾਬ ਆਲਿਆਂ ਦਾ ਮੁੰਡੈਂ…?” ਉਸ ਨੇ ਸਾਡੇ ਨਾਲ ਲੱਗਦੇ ਖੇਤਾਂ ਵੱਲ ਹੱਥ ਕਰ ਕੇ ਪੁੱਛਿਆ।

-”ਆਹੋ ਤਾਈ…!” ਮੈਂ ਵੀ ਕੁਝ ਧਰਵਾਸ ਫੜ ਗਿਆ।

-”ਜਾਹ ਪੁੱਤ ਘਰ ਨੂੰ ਜਾਹ..! ਐਹੋ ਜੇ ਲੰਡਰਾਂ ਨਾਲ ਨਾ ਤੁਰਿਆ ਫਿਰਿਆ ਕਰ..! ਕਦੇ ਘਤਿੱਤ ਕਰ ਕੇ ਤੇਰੇ ਜੁੱਤੀਆਂ ਪੁਆ ਦੇਣਗੇ-ਜਾਹ ਮੇਰਾ ਪੁੱਤ…!” ਉਸ ਦੇ ਪਿਆਰ ਸਤਿਕਾਰ ਨਾਲ ਤੋਰਨ ‘ਤੇ ਮੈਂ ਆਪਣੇ ਘਰ ਆ ਗਿਆ। ਜਾਨ ਬਚਣ ‘ਤੇ ਰੱਬ ਦਾ ਲੱਖ-ਲੱਖ ਸ਼ੁਕਰ ਕੀਤਾ। ਪਰ ਕਈ ਸਾਲ ‘ਕੁਕੜੀ-ਨੱਪਣ’ ਦੀ ਮੈਨੂੰ ਫਿਰ ਵੀ ਸਮਝ ਨਹੀਂ ਆਈ ਸੀ…!

……ਖ਼ੈਰ ਇਹ ਤਾਂ ਸੀ ਬਚਪਨ ਦੀ ਗੱਲ, ਘੱਟ ਮੇਰੇ ਨਾਲ ਹੁਣ ਵੀ ਨਹੀਂ ਹੋਣੀ ਸੀ। ਜਿਵੇਂ ਕਿ ਪਾਠਕਾਂ ਨੂੰ ਪਤਾ ਹੀ ਹੈ ਕਿ ਮੇਰੇ ਨਾਵਲ “ਪੁਰਜਾ ਪੁਰਜਾ ਕਟਿ ਮਰੈ” ਦੀ ਕਿੰਨੀ ਚਰਚਾ ਹੋਈ ਸੀ। ਉਸ ਤੋਂ ਬਾਅਦ “ਤਵੀ ਤੋਂ ਤਲਵਾਰ ਤੱਕ” ਆਇਆ ਤਾਂ ਪਾਠਕਾਂ ਨੇ ਮੈਨੂੰ ਹੱਥਾਂ ‘ਤੇ ਚੁੱਕ ਲਿਆ। ਅਤੇ ਜਦ “ਬਾਰ੍ਹੀਂ ਕੋਹੀਂ ਬਲਦਾ ਦੀਵਾ” ਮਾਰਕੀਟ ਵਿਚ ਆਇਆ ਤਾਂ ਰਹਿੰਦੀ ਕਸਰ ਉਸ ਨੇ ਪੂਰੀ ਕਰ ਦਿੱਤੀ ਅਤੇ ਪਾਠਕਾਂ ਨੇ ਮੈਨੂੰ ਆਪਣੇ ਦਿਲ ਵਿਚ ਉਹ ਜਗਾਹ ਬਖ਼ਸ਼ੀ, ਜਿਹੜੀ ਮੈਂ ਕਦੇ ਮਨ ਵਿਚ ਕਿਆਸੀ, ਚਿਤਵੀ ਵੀ ਨਹੀਂ ਸੀ।

ਨਾਵਲ “ਪੁਰਜਾ ਪੁਰਜਾ ਕਟਿ ਮਰੈ” ਕਾਰਨ ਮੈਨੂੰ ਤਕਰੀਬਨ ਸਾਰੇ ਯੂਰਪ ਦੇ ਦੇਸ਼ਾਂ ਤੋਂ ਇਲਾਵਾ ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ਾਂ ਵਿਚ ਸੱਦ-ਸੱਦ ਕੇ ਸਾਹਿਤ ਪ੍ਰੇਮੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਰੇਡੀਓ, ਟੈਲੀਵੀਯਨ ਅਤੇ ਅਖ਼ਬਾਰਾਂ-ਰਸਾਲਿਆਂ ਵਿਚ ਮੁਲਾਕਾਤਾਂ ਕੀਤੀਆਂ ਗਈਆਂ। ਸੋ ਸਾਰੇ ਪਾਠਕਾਂ ਅਤੇ ਅਖ਼ਬਾਰਾਂ-ਰਸਾਲਿਆਂ ਦੇ ਸੰਪਾਦਕ ਵੀਰਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਜਿੰਨ੍ਹਾਂ ਨੇ ਇਕ ਨਿਮਾਣੇ ਜਿਹੇ ਬੰਦੇ ਨੂੰ ਅਥਾਹ ਮਾਣ ਸਤਿਕਾਰ ਬਖ਼ਸਿ਼ਆ ਅਤੇ ਮੇਰੇ ਪਾਠਕਾਂ ਦੇ ਰੂ-ਬ-ਰੂ ਕਰਵਾਇਆ। ਇਹਨਾਂ ਵਿਦੇਸ਼ੀ ਫ਼ੇਰੀਆਂ ਦੇ ਜ਼ਰੀਏ ਮੈਨੂੰ ਸਾਡੇ ਪਿੰਡਾਂ ਦੇ ਮਿੱਤਰ ਤਾਂ ਮਿਲੇ ਹੀ, ਹੋਰ ਵੀ ਬੜੇ ਯਾਰ-ਮਿੱਤਰ ਬਣੇ। ਕੈਨੇਡਾ ਵਿਚ ਤਾਂ ਸਾਡੇ ਪਿੰਡ ਵਾਲਿਆਂ ਨੇ ਇਕ ਸ਼ਪੈਸ਼ਲ ‘ਕੁੱਸਾ ਰਾਤ’ ਮੇਰੇ ਲਈ ਰਾਖਵੀਂ ਰੱਖੀ ਅਤੇ ਕਬੱਡੀ ਦੇ ਖਿਡਾਰੀ ‘ਪਿੱਲੀ ਕੁੱਸਾ’ ਦੇ ਘਰ ਅਸੀਂ ਜਿੱਥੇ ਖਾਧਾ-ਪੀਤਾ, ਉਥੇ ਪਿੰਡ ਦੀਆਂ ਪੁਰਾਣੀਆਂ ਯਾਦਾਂ ਵੀ ਤਾਜ਼ੀਆਂ ਕੀਤੀਆਂ। ਉਥੇ ਹੀ ਮਿਲਿ਼ਆ ਬਲਰਾਜ ਬਰਾੜ ਪਤਾ ਨਹੀਂ ਕਿਹੜੇ ਭੋਰੇ ਜਾ ਉਤਰਿਆ..? ਉਸ ਨੇ ਮੁੜ ਕੇ ਦਿਖਾਈ ਤਾਂ ਕੀ ਦੇਣੀਂ ਸੀ, ਫ਼ੋਨ ਵੀ ਨਹੀਂ ਕੀਤਾ..! ਕੈਨੇਡਾ ਵਿਚ ਮੇਰੀ ਰਹਾਇਸ਼ ਮੇਰੇ ਗੁਆਂਢੀ ਤਾਇਆ ਜੀ ਦੇ ਲੜਕੇ ਅਤੇ ਕਬੱਡੀ ਦੇ ਪੁਰਾਣੇ ਥੰਮ੍ਹ ਗੁਰਮੀਤੇ ਬਰਾੜ ਦੇ ਘਰ ਅਤੇ ਨਾਨਕਿਆਂ ਵੱਲੋਂ ਮੇਰੇ ਗੁਆਂਢੀ ਬਾਈ ਅਮਰਜੀਤ ਸਿੰਘ ਚਾਹਲ, ਮਿੰਟੂ ਰਾਮਗੜ੍ਹ ਅਤੇ ਬਾਈ ਅਮਰਜੀਤ ਚਾਹਲ ਦੇ ਜੁਆਈ ਪੰਮੇ ਦੇ ਘਰ ਹੀ ਰਹੀ ਅਤੇ ਅਸੀਂ ਹਰ ਰੋਜ਼ ਪੁਰਾਣੇ ਦੁੱਖ-ਸੁਖ ਸਾਂਝੇ ਕਰਦੇ।

ਪੰਜ ਕੁ ਸਾਲ ਪਹਿਲਾਂ ਮੇਰੇ ਮਿੱਤਰ ਰਣਜੀਤ ਚੱਕ ਤਾਰੇਵਾਲ ਨੇ ਆਪਣੇ ਨਾਵਲ “ਜਦੋਂ ਡੁੱਲ੍ਹਿਆ ਲਹੂ ਜਿਗਰ ਦਾ” ਦੇ ਰਿਲੀਜਿ਼ੰਗ ਸਮਾਰੋਹ ‘ਤੇ ਆਖੰਡ ਪਾਠ ਪ੍ਰਕਾਸ਼ ਕਰਵਾਇਆ ਅਤੇ ਭੋਗ ਤੋਂ ਬਾਅਦ ਡੀ. ਐੱਸ. ਪੀ. ਬਾਈ ਨਛੱਤਰ ਸਿੰਘ ਜ਼ੀਰਾ ਨੇ ਜਿੱਥੇ ਨਾਵਲ ਰਿਲੀਜ਼ ਕਰਨਾ ਸੀ, ਉਥੇ ਮੈਨੂੰ ਸਨਮਾਨਿਤ ਵੀ ਕੀਤਾ ਜਾਣਾ ਸੀ। ਰਣਜੀਤ ਦੇ ਪਿੰਡ ਚੱਕ ਤਾਰੇਵਾਲ ਮੈਂ ਕਦੇ ਗਿਆ ਨਹੀਂ ਸੀ। ਉਸ ਤੋਂ ਰਸਤੇ ਬਾਰੇ ਪੁੱਛਿਆ ਤਾਂ ਉਸ ਨੇ ਬੜਾ ਸੰਖੇਪ ਦੱਸਿਆ, “ਤੁਸੀਂ ਧਰਮਕੋਟ ਤੋਂ ਅੱਗੇ ਆ ਕੇ ਨਸੀਰੇਵਾਲ ਤੋਂ ਪੁੱਛ ਲਿਓ, ਚੱਕ ਤਾਰੇਵਾਲ ਨਾਲ ਈ ਐ, ਆਪਾਂ ਖੇਤਾਂ ਵਿਚ ਈ ਰਹਿੰਨੇ ਆਂ ਤੇ ਅੱਗਿਓਂ ਥੋਨੂੰ ਟੈਂਟ ਲੱਗੇ ਹੋਏ ਦਿਸ ਹੀ ਪੈਣਗੇ!”

ਖ਼ੈਰ, ਅਸੀਂ ਮੁਕੱਰਰ ਕੀਤੇ ਹੋਏ ਦਿਨ ਸਵੇਰੇ ਸੱਤ ਕੁ ਵਜੇ ਘਰੋਂ ਚੱਲ ਪਏ। ਮੇਰੇ ਨਾਲ ਮੇਰਾ ਸਾਢੂ ਜਗਦੇਵ ਸੀ। ਕਾਰ ਸਾਡੇ ਬਜ਼ੁਰਗਾਂ ਦਾ ਰੱਖਿਆ ਹੋਇਆ ਡਰਾਈਵਰ ਬਾਬਾ ਜਰਨੈਲ ਸਿੰਘ ਚਲਾ ਰਿਹਾ ਸੀ। ਅਸੀਂ ਧਰਮਕੋਟ ਤੋਂ ਨਸੀਰੇਵਾਲ ਦੇ ਰਸਤੇ ਪੈ ਗਏ। ਨਸੀਰੇਵਾਲ ਪਹੁੰਚ ਕੇ ਅਸੀਂ ਚੱਕ ਤਾਰੇਵਾਲ ਦਾ ਰਸਤਾ ਪੁੱਛਿਆ ਤਾਂ ਸਾਨੂੰ ਇਕ ਛੋਟੇ ਜਿਹੇ ਬੱਚੇ ਨੇ ਚੜ੍ਹਦੀ ਵੱਲ ਉਂਗਲ ਕਰ ਕੇ ਰਸਤਾ ਦੱਸਿਆ। ਗੱਡੀ ਦਸ-ਪੰਦਰਾਂ ਕੁ ਮਿੰਟ ਹੀ ਚੱਲੀ ਹੋਵੇਗੀ ਕਿ ਸਾਨੂੰ ਬਾਹਰ-ਬਾਹਰ ਖੇਤਾਂ ਵਿਚ ਟੈਂਟ ਲੱਗੇ ਨਜ਼ਰ ਆਏ। ਅਸੀਂ ਕਾਰਾਂ ਵਿਚ ਕਾਰ ਖੜ੍ਹੀ ਕਰ ਕੇ ਉੱਤਰ ਗਏ। ਗ੍ਰੰਥੀ ਸਿੰਘ ਪਾਠ ਕਰਨ ਵਿਚ ਮਘਨ ਸੀ। ਅਸੀਂ ਮੱਥਾ ਟੇਕ ਕੇ ਬਾਹਰ ਆ ਗਏ। ਘਰ ਵਾਲਿਆਂ ਵੱਲੋਂ ਸਾਨੂੰ ਪੀਣ ਲਈ ਚਾਹ ਅਤੇ ਖਾਣ ਲਈ ਮਠਿਆਈ ਰੱਖੀ ਗਈ। ਜੋ ਅਸੀਂ ਆਪਣੀ ਇੱਛਾ ਅਨੁਸਾਰ ਛਕ ਲਈ।

-”ਰਣਜੀਤ ਨ੍ਹੀ ਕਿਤੇ ਦੀਂਹਦਾ।” ਜਗਦੇਵ ਨੇ ਮੈਨੂੰ ਆਖਿਆ।

-”ਕੰਮ ਕਾਰ ‘ਚ ਰੁੱਝਿਆ ਹੋਣੈਂ, ਆਜੂਗਾ…!”

ਸਾਨੂੰ ਬਾਹਰ ਕੁਰਸੀਆਂ ‘ਤੇ ਬੈਠਿਆਂ ਨੂੰ ਤਕਰੀਬਨ ਅੱਧਾ ਘੰਟਾ ਬੀਤ ਗਿਆ। ਨਾ ਹੀ ਸਾਨੂੰ ਕਿਸੇ ਨੇ ਆਉਣ ਦਾ ਕਾਰਨ ਪੁੱਛਿਆ ਅਤੇ ਨਾ ਹੀ ਅਸੀਂ ਕਿਸੇ ਨੂੰ ਦੱਸਿਆ। ਮੇਰੀਆਂ ਨਜ਼ਰਾਂ ਸਿਰਫ਼ ਅਤੇ ਸਿਰਫ਼ ਆਪਣੇ ਬੇਲੀ ਰਣਜੀਤ ਨੂੰ ਲੱਭੀ ਜਾ ਰਹੀਆਂ ਸਨ। ਮੈਂ ਘਰ ਵਾਲਿਆਂ ‘ਤੇ ਵੀ ਹੈਰਾਨ ਸੀ ਕਿ ਸਾਡੀ ਕਿਸੇ ਨੇ ਬਾਤ ਹੀ ਨਹੀਂ ਸੀ ਪੁੱਛੀ ਕਿ ਕਿੱਥੋਂ ਆਏ ਹੋ? ਕੌਣ ਹੋ? ਅਜ਼ੀਬ ਸਥਿਤੀ ਬਣੀ ਹੋਈ ਸੀ! ਖ਼ੈਰ, ਸਾਡੇ ਵੱਲ ਬਹੁਤਾ ਕਿਸੇ ਨੇ ਧਿਆਨ ਜਿਹਾ ਵੀ ਨਹੀਂ ਦਿੱਤਾ ਸੀ।

-”ਯਾਰ ਬਾਈ..! ਇੱਥੇ ਬਾਈ ਨਛੱਤਰ ਸਿੰਘ ਜ਼ੀਰਾ ਵੀ ਨਜ਼ਰ ਨ੍ਹੀ ਆਉਂਦਾ, ਆਪਾਂ ਕਿਸੇ ਦੇ ਹੋਰ ਈ ਤਾਂ ਨ੍ਹੀ ਆ ਵੜੇ?” ਜਗਦੇਵ ਨੇ ਆਪਣੀ ਸ਼ੱਕ ਫਿਰ ਦੁਹਰਾਈ। ਦਿਲ ਮੇਰਾ ਵੀ ਸ਼ੱਕੀ ਜਿਹਾ ਹੋ ਚੱਲਿਆ ਸੀ। ਮੈਂ ਇਕ ਸੇਵਾਦਾਰ ਮੁੰਡੇ ਨੂੰ ਹੱਥ ਨਾਲ ਇਸ਼ਾਰਾ ਕੀਤਾ ਤਾਂ ਉਹ ਮੇਰੇ ਇਸ਼ਾਰੇ ਦੇ ਨਾਲ ਹੀ ਮੋੜਾ ਪਾ ਗਿਆ।

-”ਦੱਸੋ ਜੀ…?” ਉਹ ਸਾਡੇ ਸਾਹਮਣੇ ਅਜ਼ੀਜ਼ ਬਣਿਆਂ ਖੜ੍ਹਾ ਸੀ।

-”ਛੋਟੇ ਭਾਈ ਰਣਜੀਤ ਨਜ਼ਰ ਨ੍ਹੀ ਆਉਂਦਾ…?” ਮੈਂ ਆਖਿਆ।

-”ਰਣਜੀਤ…? ਕਿਹੜਾ ਰਣਜੀਤ ਬਾਈ…?”

-”ਉਹੀ ਰਣਜੀਤ..! ਚੱਕ ਤਾਰੇਵਾਲੀਆ, ਨਾਵਲਕਾਰ!” ਮੈਂ ਜੋਰ ਜਿਹਾ ਦੇ ਕੇ ਕਿਹਾ।

-”ਬਾਈ ਤੁਹਾਨੂੰ ਭੁਲੇਖਾ ਲੱਗਿਐ-ਇਹ ਰਣਜੀਤ ਦਾ ਘਰ ਨ੍ਹੀ-ਨਾ ਈ ਇਹ ਚੱਕ ਤਾਰੇਵਾਲ ਪਿੰਡ ਐ-ਇਹ ਘਰ ਤਾਂ ਨਸੀਰੇਵਾਲ ‘ਚ ਈ ਆ ਪੈਂਦੈ-ਚੱਕ ਤਾਰੇਵਾਲ ਤਾਂ ਅਜੇ ਅੱਗੇ ਐ..!” ਸੁਣ ਕੇ ਬੜੇ ਅਵਾਜ਼ਾਰ ਹੋਏ! ਸਾਡੇ ਕੋਲ ਕਹਿਣ ਲਈ ਕੁਝ ਨਾ ਬਚਿਆ। ਸੋਚਿਆ, ਅਸੀਂ ਤਾਂ ਵਾਧੂ ਵਿਚ ਈ ਸੇਵਾ ਕਰਵਾ ਗਏ। ਸ਼ਰਮ ਜਿਹੀ ਨਾਲ ਮੈਂ ਉਠ ਕੇ ਖੜ੍ਹਾ ਹੋ ਗਿਆ।

-”ਮੁਆਫ਼ ਕਰਨਾ ਛੋਟੇ ਭਾਈ..! ਅਸੀਂ ਤਾਂ ਰਣਜੀਤ ਚੱਕ ਤਾਰੇਵਾਲੀਏ ਦਾ ਘਰ ਸਮਝ ਕੇ ਸਭ ਕੁਛ ਛਕੀ ਛਕਾਈ ਗਏ, ਬਾਈ ਬਣਕੇ ਸਾਨੂੰ ਮੁਆਫ਼ ਕਰਨਾ!” ਮੇਰੇ ਨਾਲ ਜਗਦੇਵ ਵੀ ਹੱਥ ਜਿਹੇ ਜੋੜੀ ਖੜ੍ਹਾ ਸੀ।

-”ਕੋਈ ਗੱਲ ਨ੍ਹੀ ਬਾਈ..! ਧੰਨਭਾਗ ਸਾਡੇ, ਜਿਹੜਾ ਤੁਸੀਂ ਚਾਹ ਪਾਣੀ ਛਕਿਆ, ਹਰ ਕੋਈ ਆਬਦੇ ਆਬਦੇ ਕਰਮ ਖਾਂਦੈ, ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰੋ-।” ਮੁੰਡਾ ਆਪਣੀ ਉਮਰ ਨਾਲੋਂ ਵੱਡੀਆਂ ਅਤੇ ਸੁਲਝੀਆਂ ਗੱਲਾਂ ਕਰ ਰਿਹਾ ਸੀ। ਉਸ ਨੇ ਇਤਨੀ ਗੱਲ ਆਖ ਕੇ ਸਾਡਾ ਸੰਸਾ ਨਵਿਰਤ ਕਰ ਦਿੱਤਾ। ਅਸੀਂ ਉਸ ਲੜਕੇ ਦਾ ਵਾਰ-ਵਾਰ ਧੰਨਵਾਦ ਕੀਤਾ ਅਤੇ ਉਸ ਤੋਂ ਫਿਰ ਰਸਤਾ ਪੁੱਛਿਆ। ਜੋ ਉਸ ਨੇ ਸਾਨੂੰ ਬੜੇ ਸਲੀਕੇ ਨਾਲ ਸਮਝਾਇਆ।

-”ਬੜੇ ਕਸੂਤੇ ਫ਼ਸ ਚੱਲੇ ਸੀ-ਬਿਨਾਂ ਪੁੱਛੇ ਤੋਂ ਈ ਮੁੱਖ ਮਹਿਮਾਨ ਬਣ ਬੈਠੇ।” ਜਗਦੇਵ ਨੇ ਹੱਸ ਕੇ ਕਿਹਾ।

-”ਅਖੰਡ ਪਾਠਾਂ ਆਲ਼ੇ ਕੁੱਟਦੇ ਘੱਟ ਤੇ ਘੜ੍ਹੀਸਦੇ ਜਿਆਦਾ ਹੁੰਦੇ ਐ..!” ਮੇਰੇ ਕਹਿਣ ‘ਤੇ ਡਰਾਈਵਰ ਬਾਬਾ ਵੀ ਹੱਸ ਪਿਆ।

-”ਇਹ ਗੱਲ ਠੀਕ ਐ ਜੀ!” ਬਾਬਾ ਬੋਲਿਆ, “ਇਕ ਗੱਲ ਹੋਰ ਐ ਕੁੱਸਾ ਸਾਹਿਬ! ਅੱਜ ਕੱਲ੍ਹ ਮੁਖ਼ਤੀ ਦਾ ਮਾਲ ਛਕਣ ਆਲੇ ਵੀ ਬਥੇਰੇ ਐ-ਆਹ ਦੋ ਕੁ ਮ੍ਹੀਨੇ ਹੋਗੇ-ਕੋਈ ਕਿਸੇ ਦੇ ਬਿਆਹ ‘ਤੇ ਮੈਰਜ-ਪੈਲਸ ‘ਚ ਆ ਕੇ ਦਾਰੂ ਬੱਤਾ ਤੇ ਬੱਕਰਾ ਮੁਰਗਾ ਛਕ ਗਏ-ਸ਼ੱਕ ਪੈਣ ‘ਤੇ ਘਰ ਆਲਿਆਂ ਨੇ ਮੂਧੇ ਪਾਲੇ-ਕਦੇ ਕਹਿਣ ਅਸੀਂ ਕੁੜੀ ਆਲਿਆਂ ਵੱਲੀਓਂ ਐਂ-ਕਦੇ ਆਖਣ ਅਸੀਂ ਮੁੰਡੇ ਆਲਿਆਂ ਦੇ ਨਾਲ ਐਂ-ਸੀ ਪਤੰਦਰ ਕਿਸੇ ਪਾਸਿਓਂ ਵੀ ਨਾ-ਸੀਗੇ ਮੁਖ਼ਤੀ ਦਾ ਮਾਲ ਛਕਣ ਆਲੇ-ਬੜੀ ਗਿੱਦੜ ਕੁੱਟ ਪਈ-ਤੇ ਅਖੀਰ ਨੂੰ ਭਰਾ ਮੇਰਿਆ ਹੱਥ ਜੋੜ ਕੇ ਮਾਫ਼ੀ ਮੰਗੀ, ਤਾਂ ਛੁੱਟੇ..!” ਬਾਬੇ ਨੇ ਅਸਲੀ ਗੱਲ ਦੱਸੀ।

ਰਣਜੀਤ ਕੋਲ ਚੱਕ ਤਾਰੇਵਾਲ ਪਹੁੰਚਦਿਆਂ ਸਾਨੂੰ ਦਸ, ਸਾਢੇ ਦਸ ਵੱਜ ਗਏ। ਆਖੰਡ ਪਾਠ ਦਾ ਭੋਗ ਪੈ ਚੁੱਕਿਆ ਸੀ। ਰਣਜੀਤ ਸਾਡੇ ‘ਤੇ ਗੁੱਸਾ-ਗਿਲਾ ਕਰ ਰਿਹਾ ਸੀ। ਉਸ ਦਾ ਨਾਵਲ ਰਿਲੀਜ਼ ਕੀਤਾ ਜਾ ਚੁੱਕਾ ਸੀ। ਬਾਈ ਨਛੱਤਰ ਸਿੰਘ ਡੀ. ਐੱਸ. ਪੀ. ਵੀ ਰਣਜੀਤ ਕੋਲ਼ ਸਾਡੇ ਲਈ ਉਲਾਂਭਾ ਛੱਡ ਚਲਿਆ ਗਿਆ ਸੀ। ਉਸ ਨੇ ਕਿਸੇ ਜ਼ਰੂਰੀ ਮੀਟਿੰਗ ‘ਤੇ ਜਾਣਾ ਸੀ, ਜਿਸ ਕਰਕੇ ਕਿਤਾਬ ਦਾ ਰਿਲੀਜਿ਼ੰਗ ਸਮਾਰੋਹ ਸਾਢੇ ਨੌਂ ਵਜੇ ਦਾ ਰੱਖਿਆ ਸੀ। ਮੈਨੂੰ ਮਿਲਣ ਗਿਲਣ ਵਾਲੇ ਉਥੇ ਬਹੁਤ ਸਨ ਕਿਉਂਕਿ ਦੋ ਦਿਨ ਪਹਿਲਾਂ ‘ਅਜੀਤ ਜਲੰਧਰ’ ਵਿਚ ਇਸ਼ਤਿਹਾਰ ਦਿੱਤਾ ਗਿਆ ਸੀ, ਜਿਸ ਵਿਚ ਮੇਰੇ ਬਾਰੇ ਵੀ ਵੇਰਵਾ ਲਿਖਿਆ ਹੋਇਆ ਸੀ। ਮੈਨੂੰ ਮਿਲਣ ਵਾਲੇ ਮੇਰੇ ਲੇਟ ਆਉਣ ‘ਤੇ ਗੁੱਸੇ ਸਨ। ਕਈ ‘ਵੱਡਾ ਬੰਦਾ’ ਆਖ ਕੇ ਚਿੜਾ ਰਹੇ ਸਨ, ਨਮੋਸ਼ੀ ਦੇ ਰਹੇ ਸਨ। ਜਦੋਂ ਅਸੀਂ ਦੇਗ ਲੈ ਕੇ, ਬਾਹਰਲੇ ਕਮਰੇ ਵਿਚ ਬੈਠ ਸਾਰੀ ਆਪ ਬੀਤੀ ਸੁਣਾਈ ਸਾਰਿਆਂ ਦੇ ਜਿਹੜੇ ਗਿ਼ਲੇ ਦੂਰ ਹੋਣੇ ਸੀ, ਉਹ ਤਾਂ ਹੋਏ ਅਤੇ ਨਾਲ ਦੀ ਨਾਲ ਇਕ ਹਾਸੇ ਦਾ ਫ਼ੁਆਰਾ ਵੀ ਫ਼ੁੱਟ ਪਿਆ……!

This entry was posted in ਵਿਅੰਗ ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>