ਚਾਰੇ ਕੂਟਾਂ ਸੁੰਨੀਆਂ – (ਹੱਡਬੀਤੀਆਂ)

ਕਾਂਡ 3

ਸਵੇਰੇ ਸਵਾ ਕੁ ਦਸ ਵਜੇ ਵਿਜੇ ਦਾ ਫ਼ੋਨ ਆ ਗਿਆ।

ਐਤਵਾਰ ਤੋਂ ਪਹਿਲਾਂ ਕੋਈ ਸੀਟ ਨਹੀਂ ਮਿਲ਼ ਰਹੀ ਸੀ। ਵਰਜਨ ਐਟਲੈਂਟਿਕ ਏਅਰ ਐਤਵਾਰ ਰਾਤ ਦਸ ਵਜੇ ਲੰਡਨ ਹੀਥਰੋ ਏਅਰਪੋਰਟ, ਟਰਮੀਨਲ ਤਿੰਨ ਤੋਂ ਚੱਲਣੀਂ ਸੀ ਅਤੇ ਅਗਲੇ ਦਿਨ ਸੋਮਵਾਰ ਨੂੰ ਦੁਪਿਹਰੇ ਸਾਢੇ ਗਿਆਰਾਂ ਵਜੇ ਦਿੱਲੀ ਉਤਰਨੀ ਸੀ। ਮੈਂ ਬੇਵੱਸ ਹੋ ਕੇ ਭਾਣਾ ਜਿਹਾ ਮੰਨ ਕੇ ਬੈਠ ਗਿਆ। ਸੁਰਤ ਮੇਰੀ ਬਾਪੂ ‘ਚ ਹੀ ਖੁੱਭੀ ਪਈ ਸੀ। ਮਾਮਾ ਜੀ ਦੇ ਲੜਕੇ ਅਜ਼ੀਮ ਸੇਖ਼ਰ ਦਾ ਮੈਨੂੰ ਕਈ ਵਾਰ ਫ਼ੋਨ ਆ ਚੁੱਕਾ ਸੀ। ਉਹ ਕਿਸੇ ਖ਼ਰਚੇ ਦੀ ਪ੍ਰਵਾਹ ਨਾ ਮੰਨਣ ਬਾਰੇ ਮੈਨੂੰ ਕਈ ਵਾਰ ਆਖ ਚੁੱਕਾ ਸੀ। ਟਿਕਟ ਦੇ ਪੈਸੇ ਮੇਰੇ ਤੋਂ ਬਾਅਦ ਵਿਜੇ ਨੂੰ ਸ਼ੇਖ਼ਰ ਹੀ ਦੇ ਕੇ ਆਇਆ ਸੀ। ਮਨਦੀਪ ਖੁਰਮੀ ਹਿੰਮਤਪੁਰਾ ਵੀ ਮੈਨੂੰ ਕਈ ਵਾਰ “ਕਿਸੇ ਸੇਵਾ” ਬਾਰੇ ਪੁੱਛ ਚੁੱਕਾ ਸੀ। ਪਰ ਮੈਂ ਉਸ ਨੂੰ ਕਿਹਾ ਕਿ ਖੁਰਮੀਂ ਸਭ ਚੜ੍ਹਦੀ ਕਲਾ ਹੈ, ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਨਿੱਕਿਆ! ਉਸ ਨੇ ਫਿ਼ਰ ਵੀ ਆਖਿਆ ਕਿ ਬਾਈ ਜੀ ਜੇ ਇੰਡੀਆ ਜਾ ਕੇ ਵੀ ਕਿਸੇ ਗੱਲੋਂ ਥੁੜਦੇ ਹੋਏ ਤਾਂ ਮੈਨੂੰ ਸਿਰਫ਼ ਇਕ ‘ਮਿੱਸ ਕਾਲ’ ਮਾਰ ਦਿਓ, ਘੰਟੇ ਦੇ ਵਿਚ ਵਿਚ ਪੈਸੇ ਮੈਂ ਤੁਹਾਨੂੰ ਪਿੰਡ ਪਹੁੰਚਦੇ ਕਰਾਂਗਾ। ਪਰ ਮੈਂ ਉਸ ਨੂੰ ਇੱਕੋ ਗੱਲ ਆਖੀ ਸੀ ਕਿ ਨਿੱਕਿਆ, ਜਦੋਂ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਈ, ਮੈਂ ਤੈਨੂੰ ਜ਼ਰੂਰ ਫ਼ੋਨ ਕਰਾਂਗਾ। ਫਿ਼ਨਲੈਂਡ ਵਾਲ਼ੀ ‘ਮਾਸੀ’ ਕਮਲਜੀਤ ਕੌਰ ਅਤੇ ਲੇਖਿਕਾ ਚਰਨਜੀਤ ਧਾਲ਼ੀਵਾਲ ਦੇ ਘਰਵਾਲ਼ੇ ਰਾਜ ਨੇ ਮੇਰੀ ਲੋੜੀਂਦੀ ਬਹੁਤ ਮੱਦਦ ਕੀਤੀ, ਇਹਨਾਂ ਦਾ ਮੈਂ ਸਾਰੀ ਜਿ਼ੰਦਗੀ ਰਿਣੀਂ ਰਹਾਂਗਾ।

ਮੇਰਾ ਇਕ ਇਕ ਪਲ ਯੁੱਗ ਵਾਂਗ ਬੀਤ ਰਿਹਾ ਸੀ।

ਸਮਾਂ ਨਹੀਂ ਲੰਘ ਰਿਹਾ ਸੀ।

ਖ਼ੈਰ, ਕਰਦਿਆਂ ਕਰਾਉਂਦਿਆਂ ਅਤੇ ਬੇਸਬਰੀ ਦੀਆਂ ਔਸੀਆਂ ਪਾਉਂਦਿਆਂ ਅਖ਼ੀਰ ਐਤਵਾਰ ਦਾ ਦਿਨ ਆ ਗਿਆ। ਰਾਤ ਦਸ ਵਜੇ ਦੀ ਫਲ਼ਾਈਟ ਸੀ। ਕਾਲ਼ੇ ਦੌਧਰ ਵਾਲ਼ੇ ਨੂੰ ਫਿ਼ਰ ਫ਼ੋਨ ਕੀਤਾ ਕਿ ਚਾਹ ਚੂਹ ਪੀ ਕੇ ਤਿਆਰ-ਬਰ-ਤਿਆਰ ਰਹਿਓ, ਆਪਾਂ ਫ਼ਲਾਈਟ ਉਤਰਨ ਸਾਰ ਦਿੱਲੀ ਤੋਂ ਪੰਜਾਬ ਨੂੰ ਤੁਰ ਪੈਣੈਂ! ਕਾਲ਼ੇ ਨੇ ਵੀ ਹਾਂ-ਪੱਖੀ ਹੁੰਗਾਰਾ ਭਰਿਆ।

ਕੈਨੇਡਾ ਤੋਂ ਕੁਦਰਤੀ ਮੇਰੇ ਪਿੰਡ ਦਾ ਗੁਆਂਢੀ ਗੁਰਮੀਤਾ ਬਰਾੜ ਆਪਣੀ ਘਰਵਾਲ਼ੀ ਸਮੇਤ ਬਾਈ ਕਮਿੱਕਰ ਕੋਲ਼ ਲੰਡਨ ਆਇਆ ਹੋਇਆ ਸੀ। ਉਸ ਦਾ ਅਚਾਨਕ ਫ਼ੋਨ ਆ ਗਿਆ ਤਾਂ ਮੈਂ ਬਾਪੂ ਦੇ ਅਕਾਲ ਚਲਾਣੇਂ ਬਾਰੇ ਦੱਸਿਆ। ਉਸ ਨੂੰ ਇਸ ਬਾਰੇ ਕੱਖ ਪਤਾ ਨਹੀਂ ਸੀ। ਬਾਈ ਕਮਿੱਕਰ ਬਰਾੜ ਦਾ ਸਾਰਾ ਪ੍ਰੀਵਾਰ ਸਾਡੇ ਪ੍ਰੀਵਾਰ ਨਾਲ਼ ਦਾਦਿਆਂ-ਪੜਦਾਦਿਆਂ ਤੋਂ ਵਰਤਦਾ ਆਉਂਦਾ ਹੈ। ਗੁਰਮੀਤੇ ਨੇ ਕਿਹਾ ਕਿ ਉਹ ਮੈਨੂੰ ਸ਼ਾਮ ਛੇ ਵਜੇ ਹੀਥਰੋ ਏਅਰਪੋਰਟ ‘ਤੇ ਹੀ ਮਿਲਣਗੇ! ਮੇਰੇ ਮਾਮਾ ਜੀ ਦੇ ਲੜਕੇ ਸ਼ੇਖ਼ਰ ਨੇ ਵੀ ਕਿਹਾ ਕਿ ਬਾਈ ਮੇਰੀ ਡਿਊਟੀ ਸ਼ਾਮ ਚਾਰ ਵਜੇ ਤੱਕ ਹੈ ਅਤੇ ਮੈਂ ਤੈਨੂੰ ਸ਼ਾਮ ਸੱਤ ਕੁ ਵਜੇ ਏਅਰਪੋਰਟ ‘ਤੇ ਹੀ ਮਿਲਾਂਗਾ।

ਜਦ ਮੈਂ ਘਰੋਂ ਹੀਥਰੋ ਏਅਰਪੋਰਟ ਨੂੰ ਤੁਰਨ ਲੱਗਿਆ ਤਾਂ ਪਹਿਲਾਂ ਮੈਨੂੰ ਪ੍ਰਸਿੱਧ ਪੱਤਰਕਾਰ ਅਤੇ ਨਿੱਕੇ ਵੀਰ ਗੁਰਮੁਖ਼ ਸਿੰਘ ਸਰਕਾਰੀਆ ਦਾ ਇਟਲੀ ਤੋਂ ਅਤੇ ਫਿ਼ਰ ਆਸਟਰੇਲੀਆ ਤੋਂ ਪੰਜਾਬੀ ਦੇ ਸਿਰਮੌਰ ਲੇਖਕ ਰਿਸ਼ੀ ਗੁਲਾਟੀ ਦਾ ਫ਼ੋਨ ਆ ਗਿਆ। ਉਸ ਸਮੇਂ ਰਿਸ਼ੀ ਗੁਲਾਟੀ ਕਾਫ਼ੀ ਭਾਵੁਕ ਸੀ। ਮੈਂ ਉਸ ਨੂੰ ਦੱਸਿਆ ਕਿ ਨਿੱਕੇ ਵੀਰ, ਮੈਂ ਜਲਦੀ ਏਅਰਪੋਰਟ ‘ਤੇ ਪਹੁੰਚਣਾ ਹੈ, ਕਿਉਂਕਿ ਕੁਝ ਬੰਦਿਆਂ ਨੇ ਮੈਨੂੰ ਏਅਰਪੋਰਟ ‘ਤੇ ਹੀ ਮਿਲਣਾ ਹੈ, ਇਸ ਲਈ ਮੈਂ ਬਹੁਤ ਜਲਦੀ ਵਿਚ ਹਾਂ। ਉਸ ਨੇ ਮੇਰੇ ਨਾਲ਼ ਪੰਜ-ਸੱਤ ਮਿੰਟ ਗੱਲ ਕੀਤੀ ਅਤੇ ਮੈਂ ਆਪਣਾ ਕੱਪੜਿਆਂ ਵਾਲ਼ਾ ਬੈਗ ਚੁੱਕ ਕੇ ਟਿਊਬ ਸਟੇਸ਼ਨ ਨੂੰ ਚਾਲੇ ਪਾ ਦਿੱਤੇ। ਮੇਰੇ ਨਾਲ਼ ਕਬੀਰ ਨੇ ਏਅਰਪੋਰਟ ਤੱਕ ਜਾਣਾ ਸੀ ਅਤੇ ਉਸ ਤੋਂ ਬਾਅਦ ਉਸ ਨੇ ਸ਼ੇਖ਼ਰ ਨਾਲ਼ ਉਸ ਦੇ ਘਰ ਸਾਊਥਾਲ ਚਲੇ ਜਾਣਾ ਸੀ।

ਸੈਂਟਰਲ ਲਾਈਨ ਟਿਊਬ ਫੜ ਕੇ ਪਹਿਲਾਂ ਅਸੀਂ ਹੋਲਬੋਰਨ ਗਏ ਅਤੇ ਉਥੋਂ ਪਿਕਾਡਲੀ ਲਾਈਨ ਫੜ ਕੇ ਤਕਰੀਬਨ ਡੇੜ੍ਹ ਕੁ ਘੰਟੇ ਵਿਚ ਹੀਥਰੋ ਏਅਰਪੋਰਟ ਦੇ ਟਰਮੀਨਲ ਤਿੰਨ ‘ਤੇ ਪਹੁੰਚ ਗਏ। ਅਜੇ ਸ਼ਾਮ ਦੇ ਪੌਣੇਂ ਛੇ ਹੋਏ ਸਨ। ਮੈਂ ਜਾਣ ਸਾਰ ਬੈਗ ਜਮਾਂ ਕਰਵਾ ਕੇ ‘ਚੈਕ-ਇੰਨ’ ਕਰਵਾਈ ਅਤੇ ਬੋਰਡਿੰਗ ਕਾਰਡ ਲੈ ਕੇ ਕਬੀਰ ਸਮੇਤ ਟਰਮੀਨਲ ਤਿੰਨ ਦੇ ਬਾਹਰ ਆ ਗਿਆ। ਹੁਣ ਮੈਂ ਗੁਰਮੀਤੇ ਹੋਰਾਂ ਦੀ ਉਡੀਕ ਕਰ ਰਿਹਾ ਸੀ। ਟਰੈਫਿ਼ਕ ਜਿ਼ਆਦਾ ਹੋਣ ਕਰਕੇ ਗੁਰਮੀਤੇ ਹੋਰੀਂ ਅੱਧਾ ਕੁ ਘੰਟਾ ਲੇਟ ਹੋ ਗਏ। ਉਹਨਾਂ ਦੇ ਪਹੁੰਚਣ ‘ਤੇ ਬਾਪੂ ਜੀ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਅਜੇ ਗੁਰਮੀਤਾ ਥੋੜਾ ਚਿਰ ਪਹਿਲਾਂ ਹੀ ਪਿੰਡ ਹੋ ਕੇ ਆਇਆ ਸੀ ਅਤੇ ਬਾਪੂ ਜੀ ਨੂੰ ਮਿਲਿ਼ਆ ਸੀ।

ਤਕਰੀਬਨ ਸੱਤ ਕੁ ਵਜੇ ਸ਼ੇਖ਼ਰ ਪਹੁੰਚ ਗਿਆ।

ਉਹ ਕਾਫ਼ੀ ਦੁਖੀ ਅਤੇ ਪ੍ਰੇਸ਼ਾਨ ਜਿਹਾ ਸੀ।

ਮੈਂ ਉਸ ਨੂੰ ਕਿਹਾ ਕਿ ਜੱਥੇਦਾਰ ਸਾਹਿਬ ਅਤੇ ਮਾਸੀ ਜੀ ਹੋਰਾਂ ਨੂੰ ਫ਼ੋਨ ਕਰ ਦੇਵੀਂ ਕਿ ਮੇਰੀ ਫ਼ਲਾਈਟ ਲੰਡਨ ਤੋਂ ਹੋ ਚੁੱਕੀ ਹੈ ਅਤੇ ਮੈਂ ਕੱਲ੍ਹ ਸ਼ਾਮ ਨੂੰ ਅੱਠ ਕੁ ਵਜੇ ਗੁਰੂ ਆਸਰੇ ਪਿੰਡ ਪਹੁੰਚ ਜਾਵਾਂਗਾ। ਮੇਰੇ ਨਥਾਣੇਂ ਵਾਲ਼ੇ ਮਾਮਾ ਜੀ ਨੂੰ ਅਸੀਂ ‘ਜੱਥੇਦਾਰ’ ਹੀ ਆਖਦੇ ਹਾਂ। ਸ਼ੇਖ਼ਰ ਉਹਨਾਂ ਦਾ ਹੀ ਲੜਕਾ ਹੈ!

ਦੁਖ ਸੁਖ ਕਰਕੇ ਗੁਰਮੀਤੇ ਹੋਰੀਂ ਚਲੇ ਗਏ।

-”ਪਿੱਛੇ ਕਿਸੇ ਗੱਲ ਦਾ ਫਿ਼ਕਰ ਨਾ ਕਰੀਂ ਬਾਈ..! ਫ਼ੁੱਫ਼ੜ ਜੀ ਦੇ ਸਾਰੇ ਕਿਰਿਆ ਕਰਮ ਹੁਣ ਕਰਕੇ ਮੁੜੀਂ..!” ਸ਼ੇਖ਼ਰ ਨੇ ਮੈਨੂੰ ਆਖਿਆ। ਉਹ ਮੈਨੂੰ ਏਅਰਪੋਰਟ ਦੇ ਅੰਦਰ ਵਾੜ ਕੇ ਕਬੀਰ ਸਮੇਤ ਘਰ ਨੂੰ ਮੁੜ ਗਿਆ। ਕਬੀਰ ਦਿਲੋਂ ਅਤੇ ਭਾਵਨਾਵਾਂ ਪੱਖੋਂ ਫਿ਼ੱਸਿਆ ਪਿਆ ਸੀ। ਕਿਉਂਕਿ ਉਸ ਦਾ ਦਾਦੇ ਨਾਲ਼ ਬਹੁਤਾ ਪ੍ਰੇਮ ਸੀ। ਮੈਂ ਉਸ ਦੇ ਦਿਲ ਦਾ ਦਰਦ ਸਮਝਦਾ ਹੋਇਆ ਵੀ ਕੁਝ ਨਹੀਂ ਕਰ ਸਕਦਾ ਸੀ। ਜਜ਼ਬਾਤਾਂ ਦਾ ਗਲ਼ਾ ਘੁੱਟ ਕੇ ਮੈਂ ਏਅਰਪੋਰਟ ਦੇ ਅੰਦਰ ਚਲਾ ਗਿਆ।

ਰਾਤ ਦਸ ਵੱਜ ਕੇ ਵੀਹ ਕੁ ਮਿੰਟ ‘ਤੇ ਵਰਜਨ ਐਟਲੈਂਟਿਕ ਏਅਰ ਰਵਾਨਾ ਹੋਈ।

ਪੂਰੇ ਸਾਢੇ ਦਸ ਵਜੇ ਉਸ ਪਵਨ ਪੁੱਤਰ ਨੇ ਆਪਣੀ ਬੂਥ ਅਸਮਾਨ ਵੱਲ ਨੂੰ ਚੁੱਕੀ ਅਤੇ ਹਵਾ ਦਾ ਸੀਨਾਂ ਚੀਰਦਾ ਅਕਾਸ਼ ਨੂੰ ਚੜ੍ਹ ਗਿਆ।

…ਭਾਰਤ ਦੇ ਸਾਢੇ ਗਿਆਰਾਂ ਵਜੇ ਸਹੀ ਸਮੇਂ ‘ਤੇ ਫ਼ਲਾਈਟ ਦਿੱਲੀ ਇੰਦਰਾ ਗਾਂਧੀ ਅੰਤਰ-ਰਾਸ਼ਟਰੀ ਹਵਾਈ ਅੱਡੇ ‘ਤੇ ਜਾ ਉਤਰੀ।

ਸਮਾਨ ਮੇਰੇ ਕੋਲ਼ ਕੋਈ ਬਹੁਤਾ ਹੈ ਨਹੀਂ ਸੀ। ਆਪਣੇ ਚਾਰ ਕੱਪੜੇ ਹੀ ਸਨ।

ਮੈਂ ਅੱਧੇ ਕੁ ਘੰਟੇ ਵਿਚ ਏਅਰਪੋਰਟ ਤੋਂ ਬਾਹਰ ਆ ਗਿਆ।

ਬਾਹਰ ਸੱਤਾ ਖੜ੍ਹਾ ਸੀ।

-”ਬਾਈ ਜੀ ਸਾਸਰੀਕਾਲ…!” ਸੱਤੇ ਨੇ ਮੈਨੂੰ ਜੱਫ਼ੀ ਆ ਪਾਈ। ਸੱਤਾ ਬਾਪੂ ਜੀ ਦਾ ‘ਸੇਵਾਦਾਰ’ ਘੱਟ ਅਤੇ ਦੋਸਤ ਵੱਧ ਸੀ।

ਕਾਲ਼ਾ ਦੌਧਰ ਵਾਲ਼ਾ ਆਪ ਤਾਂ ਆਇਆ ਨਹੀਂ ਸੀ। ਉਸ ਦਾ ਵਿਆਹ ਸੀ। ਪਰ ਆਪਣੇ ਵਿਆਹ ਬਾਰੇ ਉਸ ਨੇ ਮੈਨੂੰ ਕੁਛ ਨਹੀਂ ਦੱਸਿਆ ਸੀ। ਉਸ ਦਾ ਭੇਜਿਆ ਇਕ ਡਰਾਈਵਰ ਗੱਡੀ ਵਿਚ ਸੁੱਤਾ ਪਿਆ ਸੀ। ਸੱਤੇ ਹੋਰੀਂ ਪਿਛਲੀ ਰਾਤ ਦਸ ਵਜੇ ਦੇ ਤੁਰੇ ਹੋਏ ਸਨ। ਉਹ ਹੌਲ਼ੀ ਹੌਲ਼ੀ ਰਸਤੇ ਵਿਚ ਅਰਾਮ ਕਰਦੇ ਸਵੇਰੇ ਦਸ ਵਜੇ ਦਿੱਲੀ ਪਹੁੰਚੇ ਸਨ। ਅਸੀਂ ਤੁਰੰਤ ਹੀ ਪੰਜਾਬ ਨੂੰ ਤੁਰ ਪਏ। ਦਿੱਲੀ ਵਿਚ ਹੁਣ ਬਹਾਦਰਪੁਰ ਵਾਲ਼ੀ ਸੜਕ ਤੱਕ ਦਿੱਲੀ ਪ੍ਰਸ਼ਾਸਨ ਨੇ ਸਾਰੇ ਰਸਤੇ ‘ਵੱਨ-ਵੇਅ’ ਕਰ ਦਿੱਤੇ ਹਨ। ਜਦ ਮੈਂ ਟਰੈਫਿ਼ਕ ਪੁਲੀਸ ਦੇ ਅਫ਼ਸਰ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਮੈਨੂੰ ਬੜੇ ਪਿਆਰ ਸਤਿਕਾਰ ਨਾਲ਼ ਉਤਰ ਦਿੱਤਾ, “ਯੇਹ ਬੰਬੇ ਕਾਂਡ ਕੇ ਬਾਅਦ ਹੂਆ ਹੈ ਜਨਾਬ…!” ਡਰਾਈਵਰ ਦਿੱਲੀ ਦੇ ਅੰਦਰਲੇ ਰਸਤੇ ਤੋਂ ਥੋੜ੍ਹਾ ਅਣਜਾਣ ਸੀ। ਖ਼ਾਸ ਤੌਰ ‘ਤੇ ‘ਵੱਨ-ਵੇਅ’ ਕਾਰਨ ਉਸ ਨੂੰ ਰਸਤਾ ਸਮਝ ਨਹੀਂ ਆ ਰਿਹਾ ਸੀ। ਸਾਨੂੰ ਪੁੱਛਦੇ ਪੁਛਾਉਂਦਿਆਂ, ਬਹਾਦਰਪੁਰ ਵਾਲ਼ੀ ਸੜਕ ‘ਤੇ ਪਹੁੰਚਦਿਆਂ ਤਕਰੀਬਨ ਦੋ ਘੰਟੇ ਲੱਗ ਗਏ! ਮੈਂ ਜਿੰਨੀ ਜਲਦੀ ਪੰਜਾਬ ਪਹੁੰਚਣਾ ਚਾਹੁੰਦਾ ਸੀ, ਸਾਨੂੰ ਉਤਨਾ ਹੀ ਟਾਈਮ ਹੀ ਜਿ਼ਆਦਾ ਲੱਗ ਰਿਹਾ ਸੀ। ਪੰਜਾਬ ਵਾਲ਼ੇ ਮੋਬਾਇਲ ਫ਼ੋਨ ਦਿੱਲੀ ਜਾਂ ਹਰਿਆਣੇ ਏਰੀਏ ਵਿਚ ਚੱਲ ਨਹੀਂ ਰਹੇ ਸਨ। ਸਾਨੂੰ ਘਰਦੇ ਫ਼ੋਨ ਕਰ ਕਰ ਅੱਕ ਚੁੱਕੇ ਸਨ। ਅਸੀਂ ਜੀਂਦ ਆ ਕੇ ਚਾਹ ਪੀਤੀ ਅਤੇ ਐਸ. ਟੀ. ਡੀ. ਤੋਂ ਘਰੇ ਫ਼ੋਨ ਕੀਤਾ ਅਤੇ ਦੱਸਿਆ ਕਿ ਅਸੀਂ ਜੀਂਦ ਪਹੁੰਚ ਗਏ ਹਾਂ ਅਤੇ ਗੁਰੂ ਕਿਰਪਾ ਸਦਕਾ ਸ਼ਾਮ ਅੱਠ ਕੁ ਵਜੇ ਪਿੰਡ ਪਹੁੰਚ ਜਾਵਾਂਗੇ!

ਮੈਨੂੰ ਵਾਰ ਵਾਰ ਯਾਦ ਆ ਰਿਹਾ ਸੀ ਕਿ ਜਦ ਵੀ ਮੈਂ ਇੰਡੀਆ ਜਾਣਾ, ਦਿੱਲੀ ਜਾਂ ਅੰਮ੍ਰਿਤਸਰ ਰਸਤੇ ਵਿਚੋਂ ਅਸੀਂ ਬਾਪੂ ਜੀ ਨੂੰ ਫ਼ੋਨ ਕਰਨਾ, ਤਾਂ ਉਹਨਾਂ ਨੇ ਕਰੜੀ ਤਾੜਨਾ ਕਰਨੀਂ, “ਘਰੇ ਆ ਕੇ ਚਾਹੇ ਦੋ ਬੋਤਲਾਂ ਪੀ ਲਇਓ, ਪਰ ਰਾਹ ‘ਚ ਦਾਰੂ ਨਾ ਪੀਓ ਪੁੱਤ…!” ਜਦ ਉਹਨਾਂ ਨੂੰ ਫਿ਼ਰ ਦੁਬਾਰਾ ਫ਼ੋਨ ਕਰਨਾ ਤਾਂ ਉਹਨਾਂ ਨੇ ਫਿ਼ਰ ਦੁਹਰਾ ਕੇ ਪੁੱਛਣਾ, “ਉਏ ਕੰਜਰੋ..! ਅਜੇ ਤੱਕ ਨ੍ਹੀ ਪਹੁੰਚੇ..? ਕਿਤੇ ਰਾਹ ‘ਚ ਡੁੱਘੂ ਤਾਂ ਨ੍ਹੀ ਲਾਉਣ ਲੱਗ ਪਏ..?” ਬਾਪੂ ਜੀ ਪੈੱਗ ਲਾਉਣ ਨੂੰ ‘ਡੁੱਘੂ’ ਲਾਉਣਾ ਹੀ ਦੱਸਦੇ ਸਨ। ਅਸੀਂ ਹੱਸਦਿਆਂ ਨੇ ‘ਨਾਂਹ’ ਵਿਚ ਉਤਰ ਦੇਣਾ।

ਜਿੰਨੀ ਵਾਰ ਵੀ ਬਾਪੂ ਜੀ ਬਿਮਾਰ ਹੋਏ ਸਨ, ਮੈਨੂੰ ਏਅਰਪੋਰਟ ਤੋਂ ਟੈਲੀ ਐਕਟਰ ਮਨਿੰਦਰ ਮੋਗਾ ਅਤੇ ਗੀਤਕਾਰ ਗੋਲੂ ਕਾਲੇ ਕੇ ਹੀ ਲੈਣ ਆਉਂਦੇ ਰਹੇ ਹਨ। ਜਦ ਮਾਤਾ ਜੀ ਜਾਂ ਬਾਪੂ ਜੀ ਬਿਮਾਰ ਹੁੰਦੇ, ਮੈਂ ਕਦੇ ਵੀ ਦਾਰੂ ਨੂੰ ਹੱਥ ਨਹੀਂ ਸੀ ਲਾਇਆ। ਪਿੱਛੋਂ ਆ ਕੇ ਤਾਂ ਮੈਂ ਬਿਲਕੁਲ ਹੀ ਛੱਡ ਦਿੱਤੀ ਸੀ। ਪਰ ਬਾਪੂ ਜੀ ਦੇ ਭੋਗ ਤੋਂ ਦੋ ਦਿਨ ਬਾਅਦ ਮੈਂ ਹਰ ਰੋਜ਼ ਰੱਜ ਕੇ ਸ਼ਰਾਬ ਪੀਤੀ ਅਤੇ ਇੰਗਲੈਂਡ ਆ ਕੇ ਬੰਦ ਕੀਤੀ। ਮੇਰਾ ਮਨ ਦੁਨੀਆਂ ਤੋਂ ਉਚਾਟ ਜਿਹਾ ਹੋ ਗਿਆ ਸੀ ਕਿ ਕੀ ਪਿਆ ਹੈ ਇਸ ਦੁਨੀਆਂ ਵਿਚ…? ਬੰਦਾ ਸਾਰੀ ਉਮਰ ‘ਮੇਰੀ-ਮੇਰੀ’ ਕਰਦਾ ਲੰਘਾ ਦਿੰਦਾ ਹੈ ਅਤੇ ਇਕ ਨਾ ਇਕ ਦਿਨ ਪਲਾਂ ਵਿਚ ਹੀ ਨਿਰੋਮਹਾ ਹੋ, ਫ਼ਤਹਿ ਬੁਲਾ ਸਾਰੇ ਜੱਗ ਨੂੰ ‘ਅਲਵਿਦਾ’ ਆਖ ਜਾਂਦਾ ਹੈ…। ਸਭ ਕੁਝ ਐਥੇ ਹੀ ਧਰਿਆ ਧਰਾਇਆ ਰਹਿ ਜਾਂਦੈ…! ਨਾਰਵੇ ਤੋਂ ਮਸ਼ਹੂਰ ਪੱਤਰਕਾਰ ਅਤੇ ਮੇਰਾ ਨਿੱਕਾ ਵੀਰ ਰੁਪਿੰਦਰ ਢਿੱਲੋਂ ਅਤੇ ‘ਪੰਜਾਬੀ ਨਿਊਜ਼ ਔਨ ਲਾਈਨ’ ਦਾ ਮੁੱਖ ਸੰਪਾਦਕ ਅਤੇ ਮੇਰਾ ਲੰਬੇ ਸਮੇਂ ਤੋਂ ਪ੍ਰਮ-ਮਿੱਤਰ ਸੁਖਨੈਬ ਸਿੱਧੂ ਪੂਹਲਾ ਜਿਸ ਦਿਨ ਦੁਪਿਹਰੋਂ ਬਾਅਦ ਮੈਨੂੰ ਮਿਲਣ ਪਿੰਡ ਆਏ ਤਾਂ ਮੇਰੀ ਉਸ ਦਿਨ ਵੀ ਪੀਤੀ ਹੋਈ ਸੀ। ਮੇਰੇ ਮਨ ਅਤੇ ਸੋਚਾਂ ਦਾ ਇੱਕੋ ਇਕ ਸੁਆਲ ਹੀ ਘਾਣ ਕਰੀ ਜਾ ਰਿਹਾ ਸੀ ਕਿ ਜਿੱਡਾ ਮਰਜ਼ੀ ਤੂੰ ਲੇਖਕ ਜਾਂ ‘ਅਫ਼ਸਰ’ ਬਣਿਆਂ ਫਿ਼ਰ, ਅੱਜ ਤੋਂ ਤੂੰ ਯਤੀਮ ਅਤੇ ਅਨਾਥ ਹੋ ਗਿਆ ਮਿੱਤਰਾ…। ਗਾਲ਼ਾਂ ਕੱਢਣ ਅਤੇ ਇਕ ਹਾਕ ਮਾਰਨ ‘ਤੇ ਜਾਨ ਵਾਰਨ ਵਾਲ਼ਾ ਬਾਪੂ ਜਹਾਨੋਂ ਤੁਰ ਗਿਐ…! ਨਾ ਮਾਂ ਰਹੀ ਅਤੇ ਨਾ ਹੁਣ ਬਾਪ…! ਹੁਣ ਤੂੰ ਮਾਪਿਆਂ ਵੱਲੋਂ ‘ਵਿਹਲਾ’ ਜਿਹਾ ਹੋ ਕੇ ਬਹਿ ਗਿਆ…! ਅੱਗੇ ਬਾਪੂ ਦੇ ਕੰਡਾ ਵੀ ਵੱਜਣਾ, ਮੈਂ ਪਿੰਡ ਨੂੰ ਭੱਜ ਲੈਣਾ…! ਹੁਣ ਪਿੰਡ ਜਾਣ ਨੂੰ ਮੇਰੀ ਵੱਢੀ ਰੂਹ ਨਹੀਂ ਕਰਦੀ…! ਜਾਣਾਂ ਵੀ ਕਿਸ ਕੋਲ਼ ਹੈ…? ਭੈਣਾਂ ਆਪਣੀ ਕਬੀਲਦਾਰੀ ਵਿਚ ਮਸ਼ਰੂਫ਼..! ਮਾਂ ਬਾਪ ਨਾਲ਼ ਭੈਣਾਂ ਭਰਾਵਾਂ ਦੀ ‘ਸਾਂਝ’ ਬਣੀਂ ਹੋਈ ਸੀ…! ਸ਼ਾਇਦ ਹੁਣ ਉਹ ਵੀ ਬਹੁਤੀ ਨਾ ਰਹੇ…?

ਜਦ ਮੈਂ ਇੰਗਲੈਂਡ ਮਕਾਨ ਖਰੀਦਿਆ ਤਾਂ ਉਸ ਵਿਚੋਂ ਮੇਰੇ ਦਸ ਹਜ਼ਾਰ ਪੌਂਡ ਘਟ ਗਏ। ਮੈਂ ਪਿੰਡ ਬਾਪੂ ਜੀ ਨੂੰ ਫ਼ੋਨ ਕੀਤਾ। ਬਾਪੂ ਅੱਗਿਓਂ ਹੱਸਣ ਲੱਗ ਪਿਆ, “ਲੋਕ ਤਾਂ ਬਾਪੂਆਂ ਨੂੰ ਬਾਹਰੋਂ ਪੈਸੇ ਭੇਜਦੇ ਐ ਤੇ ਤੂੰ ਨਲਾਇਕਾ ਮੈਥੋਂ ਮੰਗਣ ਤੁਰ ਪਿਐਂ, ਤੈਨੂੰ ਸ਼ਰਮ ਨ੍ਹੀ ਆਉਂਦੀ..?”

-”ਮੇਰੇ ਕੋਲ਼ ਸੱਚੀਂ ਦਸ ਹਜ਼ਾਰ ਪੌਂਡ ਥੁੜਦੈ ਡੈਡੀ..! ਮੇਰੀ ਸਿਰ ਧੜ ਦੀ ਬਾਜ਼ੀ ਲੱਗੀ ਪਈ ਐ..!” ਮੈਂ ਜ਼ੋਰ ਦੇ ਕੇ ਕਿਹਾ।

-”ਮੈਂ ਪੁੱਤ ਪੈਸੇ ਲੈ ਕੇ ਵੀ ਕਿੱਥੇ ਜਾਣੇਂ ਐਂ..? ਸਭ ਕੁਛ ਤੇਰਾ ਈ ਐ..! ਪਰ ਅੱਜ ਈ ਦੱਸ ਦੇਹ ਕਿੰਨੇ ਕੁ ਥੁੜਦੇ ਐ, ਨਿੱਤ ਮੈਥੋਂ ਮੋਗੇ ਨੂੰ ਨ੍ਹੀ ਭੱਜਿਆ ਜਾਣਾ..!”

-”ਬੱਸ ਦਸ ਹਜ਼ਾਰ ਪੌਂਡ ਨਾਲ਼ ਸਰਜੂ ਡੈਡੀ…!”

-”ਚਾਹੀਦੇ ਕਿੱਦੇਂ ਐਂ…?”

-”ਜਿੰਨੀ ਵੀ ਜਲਦੀ ਹੋ ਸਕੇ..!”

-”ਚੱਲ ਮੈਂ ਕੱਲ੍ਹ ਨੂੰ ਈ ਬੈਂਕ ਜਾਨੈਂ..! ਕੱਲ੍ਹ ਨੂੰ ਗੋਲਡੀ ਕੋਲ਼ੇ ਜਾ ਕੇ ਫ਼ੋਨ ਕਰੂੰ ਤੈਨੂੰ, ਤੂੰ ਸਾਨੂੰ ਆਬਦਾ ਬੈਂਕ ਅਕਾਊਂਟ ਲਿਖਵਾ ਦੇਈਂ, ਪੈਸੇ ਪਹੁੰਚ ਜਾਣਗੇ, ਚਿੰਤਾ ਨਾ ਮੰਨ..! ਕੰਨ ਪਰਨੇ ਸੌਂ ਜਾਹ ਬੇਫਿ਼ਕਰ ਹੋ ਕੇ..! ਪੈਸੇ ਸਮਝਲਾ ਆਗੇ…!” ਤੇ ਅਗਲੇ ਦਿਨ ਹੀ ਬਾਪੂ ਨੇ ਮੈਨੂੰ ਦਸ ਹਜ਼ਾਰ ਪੌਂਡ ਦੀ ਜਗਾਹ ਗਿਆਰਾਂ ਹਜ਼ਾਰ ਪੌਂਡ ਮੋਗੇ ਤੋਂ ਬਣਾ ਕੇ ਮੇਰੇ ਅਕਾਊਂਟ ਵਿਚ ਲੰਡਨ ਭੇਜ ਦਿੱਤੇ। ਫ਼ੇਰ ਜਦੋਂ ਬਾਪੂ ਜੀ ਕੁਝ ਚਿਰ ਬਾਅਦ ਬਿਮਾਰ ਹੋਏ ਤਾਂ ਮੈਂ ਫਿ਼ਰ ਪੰਜਾਬ ਚਲਿਆ ਗਿਆ। ਜਦ ਬਾਪੂ ਜੀ ਦੇ ਠੀਕ ਹੋਣ ‘ਤੇ ਮੈਂ ਲੰਡਨ ਵਾਪਸ ਮੁੜਿਆ ਤਾਂ ਬਾਪੂ ਜੀ ਨੇ ਮੈਨੂੰ ਬਿਨਾ ਦੱਸੇ ਢਾਈ ਹਜ਼ਾਰ ਪੌਂਡ ਫਿ਼ਰ ਮੇਰੇ ਅਕਾਊਟ ਵਿਚ ਭੇਜੇ। ਅਖੇ ਹੁਣ ਤਾਂ ਉਹਨੇ ਮੈਥੋਂ ਮਕਾਨ ਵਾਸਤੇ ਪੈਸੇ ਮੰਗਵਾਏ ਸੀ। ਮੇਰੇ ਬਿਮਾਰ ਹੋਣ ‘ਤੇ ਫ਼ੇਰ ਭੱਜਿਆ ਆਇਆ, ਕੰਮ ਛੱਡਿਆ, ਖ਼ਰਚਾ ਕੀਤਾ, ਮੈਂ ਸੋਚਿਆ ਮੇਰਾ ਕਮਲ਼ਾ ਜਿਆ ਪੁੱਤ ਤੰਗ ਨਾ ਹੋਵੇ…! ਇਹ ਬਾਪੂ ਦੇ ਲਫ਼ਜ਼ ਸਨ, ਜਦ ਮੈਂ ਉਹਨਾਂ ਨੂੰ ਢਾਈ ਹਜ਼ਾਰ ਪੌਂਡ ਭੇਜਣ ਬਾਰੇ ਪੁੱਛਿਆ ਸੀ। ਪੂਰੇ ਸੱਤ ਸਾਲ ਮੇਰਾ ਇਕ ਪੈਰ ਪੰਜਾਬ ਅਤੇ ਇਕ ਪੈਰ ‘ਬਾਹਰ’ ਰਿਹਾ ਸੀ। ਪੂਰੇ ਸੱਤ ਸਾਲ ਮੇਰੇ ਪੈਰ ਨਹੀਂ ਲੱਗੇ। ਆਰਥਿਕ ਪੱਖੋਂ ਅਥਾਹ ਤੰਗ ਹੋਣ ਦੇ ਬਾਵਜੂਦ ਵੀ ਮੈਂ ਐਧਰੋਂ ਆਪਣੇ ਬੱਚਿਆਂ ਪ੍ਰਤੀ ਬਾਪ ਅਤੇ ਘਰਵਾਲ਼ੀ ਪ੍ਰਤੀ ਪਤੀ ਵਾਲ਼ਾ ਅਤੇ ਉਧਰੋਂ ਮਾਂ-ਪਿਉ ਵੱਲੋਂ ਪੁੱਤਰ ਵਾਲ਼ਾ ਪੂਰਾ ਫ਼ਰਜ਼ ਬੜੀ ਇਮਾਨਦਾਰੀ ਨਾਲ਼ ਨਿਭਾਹਿਆ। ਪੂਰੇ ਚਾਰ ਸਾਲ ਮਾਂ ਅਧਰੰਗ ਦੀ ਨਾਮੁਰਾਦ ਬਿਮਾਰੀ ਨਾਲ਼ ਮੰਜੇ ‘ਤੇ ਬੈਠੀ ਰਹੀ ਅਤੇ ਮਾਂ ਦੇ ਤੁਰ ਜਾਣ ਤੋਂ ਬਾਅਦ ਬਾਪੂ ਜੀ ਬਿਮਾਰ ਰਹਿਣ ਲੱਗ ਪਏ। ਜਦ ਮੈਨੂੰ ਮੇਰੇ ਕਿਸੇ ਮਿੱਤਰ ਜਾਂ ਜੱਥੇਦਾਰ ਹਰਪਾਲ ਕੁੱਸਾ ਵਰਗੇ ਦਾ ਫ਼ੋਨ ਆ ਜਾਣਾ, “ਬਾਈ ਬਾਬਾ ਢਿੱਲੈ..! ਮੋਗੇ ਸ਼ਾਮ ਸੁੰਦਰ ਦੇ ਹਸਪਤਾਲ਼ ਦਾਖ਼ਲ ਐ..!” ਤਾਂ ਮੈਂ ਕਦੇ ਵੀ ਦਿਨ ਰਾਤ ਨਹੀਂ ਦੇਖੀ ਸੀ। ਬੱਸ ਜਹਾਜ ਦੀ ਟਿਕਟ ਲੈ ਕੇ ਚੜ੍ਹ ਗਿਆ ਸੀ। ਚਾਹੇ ਇਸ ਦੇ ਇਵਜ਼ ਵਜੋਂ ਮੈਨੂੰ ਇਕ ਵਾਰ ਆਪਣੀ ਨੌਕਰੀ ਤੋਂ ਵੀ ਹੱਥ ਧੋਣੇਂ ਪੈ ਗਏ ਸਨ। ਪਰ ਮੈਂ ਆਪਣੇ ਫ਼ਰਜ਼ ਪ੍ਰਤੀ ਕਦੀ ਵੀ ਕੁਤਾਹੀ ਨਹੀਂ ਕੀਤੀ।

ਜਦ ਸੰਗਰੂਰ ਪਹੁੰਚੇ ਤਾਂ ਰੇਲਵੇ ਫ਼ਾਟਕ ਬੰਦ ਸੀ। ਅੱਧਾ ਘੰਟਾ ਫ਼ਾਟਕ ਨੇ ਖੁੱਲ੍ਹਣ ਦਾ ਨਾਂ ਨਹੀਂ ਲਿਆ। ਜਦ ਟਰੇਨ ਲੰਘੀ ਤਾਂ ਅਥਾਹ ਟਰੈਫਿ਼ਕ ਜਮ੍ਹਾਂ ਹੋ ਗਈ। ਘੰਟਾ ਸਾਨੂੰ ਉਥੇ ਮਰ ਗਿਆ। ਰਾਤ ਪੌਣੇ ਦਸ ਵਜੇ ਅਸੀਂ ਪਿੰਡ ਪਹੁੰਚੇ! ਨਥਾਣੇ ਵਾਲ਼ੇ ਮਾਮਾ ਜੀ, ਮਾਮੀਂ ਜੀ, ਬਰਨਾਲ਼ੇ ਵਾਲ਼ੀ ਭੈਣ ਅਤੇ ਮੇਰੇ ਘਰਵਾਲ਼ੀ ਘਰੇ ਸਨ। ਮੈਨੂੰ ਉਹਨਾਂ ਨੇ ਦੱਸਿਆ ਕਿ ਸ. ਸਿਮਰਨਜੀਤ ਸਿੰਘ ਮਾਨ ਅਤੇ ਉਹਨਾਂ ਦੇ ਸਾਥੀ ਤਕਰੀਬਨ ਦੋ ਘੰਟੇ ਤੁਹਾਡੀ ਉਡੀਕ ਕਰਕੇ ਅਜੇ ਪੰਦਰਾਂ ਕੁ ਮਿੰਟ ਪਹਿਲਾਂ ਹੁਣੇਂ ਹੀ ਗਏ ਹਨ। ਜਗਦੀਪ ਸਿੰਘ ਫ਼ਰੀਦਕੋਟ ਦੁਪਿਹਰ ਦਾ ਹੀ ਪਿੰਡ ਪਹੁੰਚਿਆ ਹੋਇਆ ਸੀ ਅਤੇ ਪੱਤਰਕਾਰ ਸੁਖਜੀਵਨ ਕੁੱਸਾ ਦੇ ਘਰ ਸੀ। ਹੋਰ ਵੀ ਯਾਰ ਮਿੱਤਰ ਮੇਰੇ ਪਿੰਡ ਪਹੁੰਚਣ ਵਾਲ਼ੇ ਦਿਨ ਪਿੰਡ ਆ ਚੁੱਕੇ ਸਨ ਅਤੇ ਉਹ ਗਾਇਕ ਗੁਰਦੀਪ ਕੁੱਸਾ ਦੇ ਘਰ ਸਨ। ਮੇਰੇ ਘਰ ਰਹਿ ਕੇ ਉਹ ਘਰਦਿਆਂ ਨੂੰ ਤਕਲੀਫ਼ ਨਹੀਂ ਦੇਣਾ ਚਾਹੁੰਦੇ ਸਨ। ਪੰਜਾਬ ਦੇ ਪ੍ਰਮੁੱਖ ਅਖ਼ਬਾਰਾਂ ਵਿਚ ਲੱਗੀਆਂ ਖ਼ਬਰਾਂ ਕਾਰਨ ਮੇਰੇ ਪਾਠਕ-ਪ੍ਰਸ਼ੰਸਕ, ਦੋਸਤ-ਮਿੱਤਰ ਅਤੇ ਸਹਿਯੋਗੀ ਘਰੇ ਆ-ਆ ਕੇ ਮੁੜ ਰਹੇ ਸਨ। ਮੈਂ ਕਿਸੇ ਨੂੰ ਵੀ ਨਿੱਜੀ ਤੌਰ ‘ਤੇ ਫ਼ੋਨ ਨਹੀਂ ਕੀਤਾ ਸੀ। ਹਾਂ, ਜਗਦੀਪ ਫ਼ਰੀਦਕੋਟ ਅਤੇ ਮਨਿੰਦਰ ਮੋਗਾ ਨੂੰ ਮੈਂ ਜ਼ਰੂਰ ਫ਼ੋਨ ਕਰ ਦਿੱਤਾ ਸੀ।

ਬਾਪੂ ਦੀ ਗੜ੍ਹਕਦੀ ਅਵਾਜ਼ ਬਿਨਾਂ ਮੈਨੂੰ ਘਰ ਵੱਢ-ਵੱਢ ਖਾਣ ਆ ਰਿਹਾ ਸੀ।

ਬਾਪੂ ਦਾ ਸੁੰਨਾਂ ਪਿਆ ਬੈੱਡ ਵੀ ਮੈਨੂੰ ਮੇਰੇ ਵਾਂਗ ਨਿਆਸਰਾ ਜਿਹਾ ਜਾਪਿਆ।

ਚਾਹ ਪੀਤੀ ਗਈ।

ਸਾਡੇ ਮਾਮਾ ਜੀ ਨਾਲ਼ ਬਾਪੂ ਜੀ ਦੇ ਸਸਕਾਰ ਪ੍ਰਤੀ ਵਿਚਾਰ ਵਟਾਂਦਰਾ ਹੋਇਆ। ਉਹਨਾਂ ਨੇ ਵੀ ਕਈ ਰੈਆਂ ਦਿੱਤੀਆਂ ਅਤੇ ਫ਼ੁੱਲਾਂ ਤੋਂ ਲੈ ਕੇ ਬਾਪੂ ਜੀ ਦੇ ‘ਕੱਫ਼ਣ’ ਤੱਕ ਉਹ ਪ੍ਰਬੰਧ ਕਰ ਕੇ ਲਿਆਏ ਸਨ। ਜੋ ਸ਼ਾਇਦ ਰੀਤ ਅਨੁਸਾਰ ਮੇਰੇ ਨਾਨਕਿਆਂ ਦਾ ਫ਼ਰਜ਼ ਬਣਦਾ ਸੀ। ਬਾਪੂ ਜੀ ਦਾ ਕੱਫ਼ਣ ਤਾਂ ਮੇਰੇ ਘਰਵਾਲ਼ੀ ਨੇ ਵੀ ਦੌਧਰ ਵਾਲ਼ੇ ਗੋਲਡੀ ਨੂੰ ਹੀ ਬਣਾਉਣ ਲਈ ਆਖ ਦਿੱਤਾ ਸੀ। ਸਾਰਾ ਕੁਝ ਤਿਆਰ ਸੀ। ਬੱਸ ਮੇਰੀ ਹੀ ਉਡੀਕ ਹੋ ਰਹੀ ਸੀ। ਬਾਪੂ ਨੇ ਸੱਤੇ ਨੂੰ ਇਕ ਸੁਨੇਹਾਂ ਦਿੱਤਾ ਸੀ, “ਸੱਤਿਆ..! ਜੇ ਮੈਂ ਜੱਗੇ ਦੇ ਆਉਣ ਤੋਂ ਪਹਿਲਾਂ ਚੜ੍ਹਾਈ ਕਰਜਾਂ, ਉਹਨੂੰ ਮੇਰਾ ਇਕ ਸੁਨੇਹਾਂ ਦੇ ਦੇਈਂ ਬਈ ਮੇਰਾ ਸਸਕਾਰ ਗੈਸ ਵਾਲ਼ੀ ਭੱਠੀ ‘ਚ ਨਾ ਕਰੇ, ਮੇਰਾ ਸਸਕਾਰ ਲੱਕੜਾਂ ‘ਤੇ ਹੀ ਹੋਵੇ…!” ਤੇ ਇਹ ਸੁਨੇਹਾਂ ਸੱਤੇ ਨੇ ਦਿੱਲੀ ਗੱਡੀ ‘ਚ ਬੈਠਣ ਸਾਰ ਮੈਨੂੰ ਦੇ ਦਿੱਤਾ ਸੀ। ਇਹ ਬਾਪੂ ਦੀ ਆਖ਼ਰੀ ਇੱਛਾ ਸੀ। …ਤੇ ਕੁਝ ਦਿਨ ਪਹਿਲਾਂ ਸਾਡੇ ਗੁਆਂਢੀਆਂ ਦੇ ਆਖੰਡ ਪਾਠ ਪ੍ਰਕਾਸ਼ ਸੀ। ਲੋਪੋ ਵਾਲ਼ਾ ਜੱਥਾ, ਜੱਥੇਦਾਰ ਅਮਰਜੀਤ ਸਿੰਘ ਲੋਪੋ, ਸਿਕੰਦਰ ਸਿੰਘ ਮੀਨੀਆਂ, ਪਰਮਜੀਤ ਸਿੰਘ ਪੰਮਾਂ ਲੋਪੋ, ਨੀਲਾ ਸਿੰਘ, ਬਲਵਿੰਦਰ ਸਿੰਘ ਬੱਧਨੀ, ਪਾਲ ਸਿੰਘ ਸਾਊਂਡ ਸਰਵਿਸ ਲੋਪੋ, ਰਾਗੀ ਅਮਰੀਕ ਸਿੰਘ ਜੀ ਹੋਰਾਂ ਨੇ ਇਹ ਆਖੰਡ ਪਾਠ ਪ੍ਰਕਾਸ਼ ਕੀਤਾ ਹੋਇਆ ਸੀ। ਜਦ ਬਾਪੂ ਸਵੇਰੇ ਸਾਢੇ ਚਾਰ ਵਜੇ ਉਠਿਆ ਤਾਂ ਪਾਠੀ ਪਾਠ ਕਰ ਰਿਹਾ ਸੀ। ਤਾਂ ਬਾਪੂ ਸੱਤੇ ਨੂੰ ਆਖਣ ਲੱਗਿਆ, “ਸੱਤਿਆ…! ਪਾਠੀ ਦੇਖ, ਮੋਤੀ ਪਰੋਂਦੈ ਕਿ ਨਹੀਂ..?” ਸੱਤੇ ਦੇ ਹੁੰਗਾਰਾ ਭਰਨ ‘ਤੇ ਬਾਪੂ ਨੇ ਫਿ਼ਰ ਕਿਹਾ, “ਸੱਤਿਆ…! ਆਪਣੇ ਆਲ਼ੇ ਕਮਲ਼ੇ ਨੂੰ ਕਹੀਂ, ਮੇਰੇ ਮਰੇ ਤੋਂ ਤਾਂ ਆਹੀ ਜੱਥਾ ਆਖੰਡ ਪਾਠ ਕਰੇ…!” ਇਹ ਕੁਝ ਦਿਨ ਪਹਿਲਾਂ ਬਾਪੂ ਦੀ ਦੂਜੀ ਇੱਛਾ ਸੀ। ਨਾਲ਼ੇ ਉਹ ਚੰਗੇ ਭਲੇ ਸਨ। ਕੋਈ ਬਿਮਾਰ ਨਹੀਂ ਸਨ।

ਅਗਲੇ ਦਿਨ ਸਵੇਰੇ ਅਕਾਲੀ ਦਲ ਅੰਮ੍ਰਿਤਸਰ ਦੇ ਜਿਲ੍ਹਾ ਪ੍ਰਧਾਨ ਜੱਥੇਦਾਰ ਹਰਪਾਲ ਸਿੰਘ ਕੁੱਸਾ ਨੇ ਲੁਹਾਰੇ ਹਸਪਤਾਲ਼ ਵਿਚ ਜਾ ਕੇ ਸੁਨੇਹਾਂ ਦੇ ਆਂਦਾ ਕਿ ਬਾਪੂ ਦੀ ਲਾਸ਼ ਫ਼ਰੀਜ਼ਰ ‘ਚੋਂ ਬਾਹਰ ਕੱਢ ਦਿੱਤੀ ਜਾਵੇ, ਅਸੀਂ ਅੱਜ ਸਸਕਾਰ ਕਰਨਾ ਹੈ, ਜੱਗੀ ਕੁੱਸਾ ਰਾਤ ਪਹੁੰਚ ਗਿਆ ਹੈ। ਕਿਉਂਕਿ ਹਸਪਤਾਲ਼ ਵਾਲਿ਼ਆਂ ਨੇ ਕਿਹਾ ਸੀ ਕਿ ਸਾਨੂੰ ਘੱਟੋ-ਘੱਟ ਤਿੰਨ ਘੰਟੇ ਪਹਿਲਾਂ ਖ਼ਬਰ ਕਰ ਦਿਓ, ਅਸੀਂ ਫ਼ਰੀਜ਼ਰ ਬੰਦ ਕਰ ਦਿਆਂਗੇ, ਨਹੀਂ ਤੁਹਾਨੂੰ ਸਸਕਾਰ ਕਰਨ ਵੇਲ਼ੇ ਮੁਸ਼ਕਿਲ ਆਵੇਗੀ, ਕਿਉਂਕਿ ਬੰਦਾ ਇਕ ਤਰ੍ਹਾਂ ਨਾਲ਼ ‘ਆਈਸ’ ਹੀ ਤਾਂ ਬਣਿਆਂ ਹੁੰਦਾ ਹੈ। ਸਰੀਰ ਦਾ ਛੇਤੀ ਸਸਕਾਰ ਨਹੀਂ ਹੁੰਦਾ।

ਜਦ ਅਸੀਂ ਸਵੇਰੇ ਦਸ ਕੁ ਵਜੇ ਬਾਪੂ ਜੀ ਦੀ ਦੇਹ ਲੈਣ ਤੁਰੇ ਤਾਂ ਮੇਰਾ ਹਿਰਦਾ ਵਾਰ-ਵਾਰ ਮੁੱਠੀ ‘ਚੋਂ ਦਾਣਿਆਂ ਵਾਂਗ ‘ਕਿਰ’ ਰਿਹਾ ਸੀ। ਪਰ ਫਿ਼ਰ ਆਪ ਹੀ ਮਨ ਨੂੰ ਬੰਨ੍ਹ ਜਿਹਾ ਮਾਰਿਆ ਕਿ ਇਹ ਭਾਣਾ ਤਾਂ ਮੰਨਣਾ ਹੀ ਪੈਣੈਂ..! ਬਾਪੂ ਚਲਾਣੇਂ ਕਰ ਗਿਐ, ਇਹ ਸੱਚ ਹੈ..! ਕਾਹਨੂੰ ਦਿਲ ਡੁਲਾਉਨੈਂ…? ਪਰ ਮਨ ਫਿ਼ਰ ਵੀ ਥਿੜਕ ਰਿਹਾ ਸੀ। ਅਸੀਂ ਕਾਫ਼ਲੇ ਜਿਹੇ ਦੀ ਸ਼ਕਲ ਵਿਚ ਲੁਹਾਰੇ ਹਸਪਤਾਲ਼ ਨੂੰ ਤੁਰ ਪਏ। ਸਭ ਤੋਂ ਅੱਗੇ ਸਾਡੀ ਗੱਡੀ ਸੀ ਅਤੇ ਗੱਡੀ ਮਨਿੰਦਰ ਮੋਗਾ ਚਲਾ ਰਿਹਾ ਸੀ। ਮੇਰਾ ਮਨ ਭਰਿਆ-ਭਰਿਆ ਪਿਆ ਸੀ। ਮੈਂ ਸੋਚ ਰਿਹਾ ਸੀ ਕਿ ਜੇ ਮੈਂ ਆਪਣੇ ਮੂੰਹੋਂ ਇਕ ਵੀ ਬੋਲ ਕੱਢਿਆ ਤਾਂ ਮੇਰਾ ਰੋਣ ਨਿਕਲ਼ ਜਾਵੇਗਾ। ਇਸ ਲਈ ਮੈਂ ਘੁੱਟ ਜਿਹੀ ਵੱਟੀ ਬੈਠਾ ਸੀ। ਵੈਸੇ ਬੋਲ ਸਾਡੇ ‘ਚੋਂ ਕੋਈ ਵੀ ਨਹੀਂ ਰਿਹਾ ਸੀ। ਜਿੰਨੇ ਵੀ ਮੇਰੇ ਮਿੱਤਰ ਹਨ, ਉਹਨਾਂ ਦੀ ਬਾਪੂ ਜੀ ਨਾਲ਼ ਹਰ ਰੋਜ਼ ਵਾਂਗ ਆਮ ਆਉਣੀ ਜਾਣੀ ਸੀ। ਦਿਲ ਤਾਂ ਸਾਰਿਆਂ ਦੇ ਹੀ ਦੁਖੀ ਸਨ।

ਮੈਨੂੰ ਅਜੇ ਤੱਕ ਯਾਦ ਹੈ ਕਿ ਜਦ ਅਪ੍ਰੈਲ 2008 ਵਿਚ ਬਾਪੂ ਜੀ ਦੇ ਬਿਮਾਰ ਹੋਣ ‘ਤੇ ਇੰਡੀਆ ਗਿਆ ਤਾਂ ਕੁਝ ਦਿਨ ਹਸਪਤਾਲ਼ ਰਹਿਣ ਤੋਂ ਬਾਅਦ ਬਾਪੂ ਜੀ ਠੀਕ ਹੋ ਕੇ ਘਰ ਆ ਗਏ। ਇਕ ਦਿਨ ਮੇਰਾ ਨਿੱਕਾ ਵੀਰ ਜਗਦੀਪ ਸਿੰਘ ਫ਼ਰੀਦਕੋਟ ਅਤੇ ਸੁਖਦੀਪ ਸਿੰਘ ਬਰਨਾਲ਼ਾ ਪਤਾ ਲੈਣ ਆ ਗਏ। ਚਾਹ ਪਾਣੀ ਪੀਤਾ ਗਿਆ ਅਤੇ ਗੱਲਾਂ ਬਾਤਾਂ ਚੱਲ ਪਈਆਂ। ਸੁਖਦੀਪ ਸਿੰਘ ਬਰਨਾਲ਼ਾ ਸਾਡੀਆਂ ਫ਼ੋਟੋ ਖਿੱਚਣ ਲੱਗ ਪਿਆ ਤਾਂ ਬਾਪੂ ਜਗਦੀਪ ਸਿੰਘ ਫ਼ਰੀਦਕੋਟ ਨੂੰ ਆਖਣ ਲੱਗੇ, “ਜਗਦੀਪ…!”

-”ਹਾਂ ਬਾਪੂ ਜੀ…?” ਜਗਦੀਪ ਬੋਲਿਆ।

-”ਇਹਨੂੰ ਮੈਂ ਜਿ਼ੰਦਗੀ ‘ਚ ਇਕ ਵਾਰੀ ਕੁੱਟਿਆ ਸੀ ਨਿੱਕੇ ਹੁੰਦੇ ਨੂੰ, ਤੇ ਹੁਣ ਮੈਨੂੰ ਲੱਗਦੈ ਮੈਨੂੰ ਇਕ ਵਾਰੀ ਇਹ ਫ਼ੇਰ ਕੁੱਟਣਾ ਪਊ…!” ਬਾਪੂ ਹਾਸੇ ਮਜ਼ਾਕ ਦੇ ਮੂਡ ਵਿਚ ਸਨ। ਉਹਨਾਂ ਦੁਆਈ ਲੈਣ ਤੋਂ ਬਾਅਦ ਕਿਹਾ ਸੀ।

-”ਅੱਜ ਈ ਲਾ ਲਓ ਝੁੱਟੀ ਬਾਪੂ ਜੀ…!” ਜਗਦੀਪ ਹੱਸਦਾ ਕਹਿਣ ਲੱਗਿਆ।

-”ਹੁਣ ਤਾਂ ਬਾਪੂ ਮੈਨੂੰ ਸੁੱਤੇ ਪਏ ਨੂੰ ਭਲਾ ਕੁੱਟ ਲਵੇ…! ਹੁਣ ਬਾਪੂ ਤੋਂ ਭੱਜਿਆ ਨ੍ਹੀ ਜਾਣਾ ਤੇ ਡਾਹ ਮੈਂ ਦੇਣੀਂ ਨ੍ਹੀ..!” ਮੈਂ ਵੀ ਹੱਸ ਕੇ ਆਖਿਆ।

-”ਤੁਸੀਂ ਕਰੋ ਹਿੰਮਤ ਬਾਪੂ ਜੀ..! ਫੜ ਬਾਈ ਨੂੰ ਅਸੀਂ ਲਵਾਂਗੇ…!” ਸੁਖਦੀਪ ਨੇ ਆਪਣੀ ਵਾਰੀ ਲਈ।

-”ਉਏ ਤੁਸੀਂ ਮੇਰੇ ਭਰਾ ਓਂ ਕਿ ਦੁਸ਼ਮਣ…?” ਮੈਂ ਮਜ਼ਾਕੀਆ ਸੁਖਦੀਪ ਨੂੰ ਪੁੱਛਿਆ।

-”ਅਸੀਂ ਹੈ ਤਾਂ ਥੋਡੇ ਭਰਾ ਬਾਈ ਜੀ, ਪਰ ਮੱਦਦ ਅਸੀਂ ਬਾਪੂ ਜੀ ਦੀ ਈ ਕਰਨੀਂ ਐਂ..!” ਜਗਦੀਪ ਬੋਲਿਆ।

-”ਜਗਦੀਪ, ਪੁੱਤ ਛੋਲਿਆਂ ਦਾ ਬਹੁਤ ਕੁਛ ਬਣਦੈ, ਬੜੇ ਗੁਣ ਐਂ ਛੋਲਿਆਂ ‘ਚ, ਕੜ੍ਹੀ ਬਣਦੀ ਐ, ਲੱਡੂ ਬਣਦੇ ਐ, ਪਰ ਬਿਮਾਰੀ ਉਦੋਂ ਪੈਂਦੀ ਐ, ਜਦੋਂ ਤਵੇ ‘ਤੇ ਪਾਈਦੇ ਐ, ਫ਼ੇਰ ਬੁੜ੍ਹਕ ਬੁੜ੍ਹਕ ਪਾਸੇ ਡਿੱਗਦੇ ਐ…! ਇਹਦੇ ‘ਚ ਗੁਣ ਬਹੁਤ ਐ..! ਪਰ ਜਦੋਂ ਪੀ ਲੈਂਦੈ, ਭੈੜ੍ਹਾ ਉਦੋਂ ਲੱਗਦੈ…! ਮੈਂ ਸਕੂਲ ਖਾਤਰ ਇਹਨੂੰ ਇਕ ਵਾਰੀ ਕੁੱਟਿਆ ਸੀ, ਮੁੜ ਕੇ ਸਾਰੀ ਜਿੰਦਗੀ ਨ੍ਹੀ ਜਮ੍ਹਕਿਆ…!”

….ਮੈਨੂੰ ਪੂਰੀ ਤਰ੍ਹਾਂ ਯਾਦ ਹੈ ਕਿ ਜਦ ਮੈਂ ਗੁਰੂ ਨਾਨਕ ਖ਼ਾਲਸਾ ਹਾਈ ਸਕੂਲ ਤਖ਼ਤੂਪੁਰੇ ਦਸਵੀਂ ਵਿਚ ਪੜ੍ਹਦਾ ਹੁੰਦਾ ਸੀ। ਉਦੋਂ ਮੋਗੇ ਭਾਗ ਸਿਨੇਮਾ ਨਵਾਂ ਨਵਾਂ ਬਣਿਆਂ ਸੀ। ਉਸ ਵਿਚ ਫਿ਼ਲਮ ‘ਸ਼ੋਲ੍ਹੇ’ ਆ ਲੱਗੀ ਅਤੇ ਉਹਨਾਂ ਨੇ ਨਵਾਂ ਸਿਨੇਮਾ ਖੋਲ੍ਹਿਆ ਹੋਣ ਕਰਕੇ ਟਿਕਟ ਵੀ ਸਸਤੀ ਰੱਖੀ ਸੀ। ਮੈਂ, ਗੁਰਦੀਪ ‘ਰੋੜਾ’, ਹਰਚੰਦ ਬਿਲਾਸਪੁਰੀ ਅਤੇ ਬਗੀਚਾ ਫਿ਼ਲਮ ਦੇਖਣ ਦਾ ਮੂਡ ਜਿਹਾ ਬਣਾਉਣ ਲੱਗ ਪਏ। ਅਗਲੇ ਦਿਨ ਘਰੋਂ ਕੋਈ ਕਿਤਾਬ ਲੈਣ ਦਾ ਬਹਾਨਾ ਬਣਾ ਕੇ ਅਸੀਂ ਦਸ-ਦਸ ਰੁਪਈਏ ‘ਹਥਿਆ’ ਲਏ ਅਤੇ ਸਕੂਲ ਜਾਣ ਦੀ ਵਜਾਏ ਮੋਗੇ ਨੂੰ ਕਾਲਜੀਏਟਾਂ ਨਾਲ਼ ਹੀ ਬੱਸ ਚੜ੍ਹ ਗਏ। ਕਾਲਜੀਏਟਾਂ ਨਾਲ਼ ਜਾਣ ਦਾ ਸਾਨੂੰ ਇਕ ਫ਼ਾਇਦਾ ਸੀ ਕਿ ਸਾਨੂੰ ਬੱਸ ਦੀ ਟਿਕਟ ਨਹੀਂ ਕਟਾਉਣੀਂ ਪੈਣੀਂ ਸੀ। ਅਸੀਂ ਸਾਢੇ ਕੁ ਅੱਠ ਵਜੇ ਮੋਗੇ ਪਹੁੰਚ ਗਏ ਅਤੇ ਮੋਗੇ ਦੇ ਬਜ਼ਾਰ ਵਿਚ ਭਲਵਾਨੀਂ ਗੇੜੇ ਦੇਣੇਂ ਸ਼ੁਰੂ ਕਰ ਦਿੱਤੇ ਅਤੇ ਤੁਰ ਫਿ਼ਰ ਕੇ ਮਸਾਂ ਹੀ ਗਿਆਰਾਂ ਵਜਾਏ। ਤਕਰੀਬਨ ਸਾਢੇ ਕੁ ਗਿਆਰਾਂ ਵਜੇ ਅਸੀਂ ਭਾਗ ਸਿਨਮੇਂ ਪਹੁੰਚ ਗਏ ਅਤੇ ਦੁਪਿਹਰ ਦੇ ਸ਼ੋਅ ਦੀਆਂ ਟਿਕਟਾਂ ਲੈ ਲਈਆਂ। ਪਤਾ ਨਹੀਂ ਸਾਨੂੰ ਕਦੋਂ ਸਾਡੇ ਪਿੰਡ ਦੇ ਮੁਖਤਿਆਰ ਨੇ ਸਿਨਮੇ ਵਿਚ ਵੜਦਿਆਂ ਦੇਖ ਲਿਆ?

ਬਾਪੂ ਖੇਤ ਹਲ਼ ਵਾਹ ਰਿਹਾ ਸੀ। ਦੋ ਹਲ਼ ਚੱਲ ਰਹੇ ਸਨ। ਇਕ ਹਲ਼ ਸੀਰੀ ਵਾਹ ਰਿਹਾ ਸੀ ਅਤੇ ਇਕ ਬਾਪੂ!

ਮੁਖਤਿਆਰ ਪਾਣੀ-ਧਾਣੀਂ ਪੀਣ ਲਈ ਜਾਂਦਾ ਜਾਂਦਾ ਸਾਡੇ ਖੇਤ ਰੁਕ ਗਿਆ।

-”ਅੱਜ ਜੱਗਾ ਸਕੂਲ ਨ੍ਹੀ ਗਿਆ ਚਾਚਾ…?” ਪਾਣੀਂ ਪੀਂਦੇ ਮੁਖਤਿਆਰ ਨੇ ਪੁੱਛਿਆ।

-”ਘਰੋਂ ਤਾਂ ਸਕੂਲ ਈ ਗਿਐ, ਕਿਉਂ..?”

-”ਉਹ ਤਾਂ ਤਿੰਨ ਚਾਰ ਜਾਣੇਂ ਮੈਂ ਅੱਜ ਮੋਗੇ ਭਾਗ ਸਿਨਮੇਂ ‘ਚ ਫਿ਼ਲਮ ਦੇਖਣ ਵੜਦੇ ਦੇਖੇ ਐ…!” ਉਸ ਨੇ ਅਜੀਬ ਭਾਖਿ਼ਆ ਦਿੱਤੀ।

-”ਇਸ ਛੋਹਰ ਨੇ ਬੜੇ ਦੁਖੀ ਕੀਤੇ ਐਂ ਯਾਰ..! ਮੈਨੂੰ ਅੱਗੇ ਵੀ ਮਾਸਟਰ ਦੋ ਤਿੰਨ ਆਰੀ ਸਕੂਲ ਸੱਦ ਚੁੱਕੇ ਐ, ਲੁਹਾਰੇ ਆਲ਼ਾ ਗਿਆਨੀ ਮਾਸਟਰ ਦੱਸਦਾ ਸੀ, ਸਹੁਰੇ ਨੂੰ ਜੁਰਮਾਨਾਂ ਮਾਫ਼ ਕਰਵਾਉਣ ਦੀ ਅਰਜ਼ੀ ਨ੍ਹੀ ਲਿਖਣੀ ਆਉਂਦੀ ਤੇ ਦੇਖਦਾ ਫਿ਼ਰਦੈ ਫਿ਼ਲਮਾਂ…! ਕਿੰਨੇ ਕੁ ਵਜੇ ਖ਼ਤਮ ਹੁੰਦੀ ਐ ਫਿ਼ਲਮ…?” ਬਾਪੂ ਅੱਗੇ ਹੀ ਅੱਕਿਆ ਪਿਆ ਸੀ ਅਤੇ ਦੂਜਾ ਮੁਖਤਿਆਰ ਨੇ ਆ ਕੇ ਅੱਗ ‘ਤੇ ਬਾਲਣ ਦਾ ਥੱਬਾ ਸੁੱਟ ਦਿੱਤਾ ਸੀ।

-”ਬਾਰਾਂ ਵਜੇ ਆਲ਼ੇ ਸ਼ੋਅ ‘ਚ ਵੜੇ ਐ ਚਾਚਾ ਤੇ ਆਥਣੇਂ ਤਿੰਨ ਕੁ ਵਜੇ ਖਤਮ ਹੋਊ…!”

-”ਲੈ ਅੱਜ ਲੈਨੈਂ ਖ਼ਬਰ ਮੁਖਤਿਆਰ ਸਿਆਂ ਉਹਦੀ, ਬੜਾ ਦੁਖੀ ਕੀਤੈ ਇਹਨੇ..!”

-”ਲੈ ਬਈ ਮੇਜਰਾ, ਤੂੰ ਲਾ ਰੌਣਕਾਂ ਤੇ ਮੈਂ ਚੱਲਿਐਂ ਬੌਡਿਆਂ ਨੂੰ..! ਦਿਨ ਛਿਪਣ ਤੋਂ ਪਹਿਲਾਂ ਈ ਹਲ਼ ਛੱਡਦੀਂ…!” ਸਾਢੇ ਕੁ ਤਿੰਨ ਵਜੇ ਬਾਪੂ ਨੇ ਬਲ਼ਦ ਬੰਨ੍ਹ ਦਿੱਤੇ ਅਤੇ ਸਾਈਕਲ ਚੁੱਕ ਕੇ ਬੌਡਿਆਂ ਦੇ ਬੱਸ ਅੱਡੇ ਵਿਚ ਆ ਖੜ੍ਹਾ। ਉਦੋਂ ਸਾਡੇ ਪਿੰਡ ਬੱਸਾਂ ਨਹੀਂ ਆਉਂਦੀਆਂ ਸਨ। ਬੱਸ ਸਾਨੂੰ ਬੌਡਿਆਂ ਤੋਂ ਹੀ ਫੜਨੀਂ ਪੈਂਦੀ ਸੀ। ਅਸੀਂ ਫਿ਼ਲਮ ਦੇਖ ਕੇ ਮੋਗੇ ਤੋਂ ਬਰਨਾਲ਼ੇ ਵਾਲ਼ੀ ਬੱਸ ਫੜ ਲਈ ਅਤੇ ਜਦ ਬੌਡੇ ਆਏ ਤਾਂ ਬੱਸ ਵਿਚੋਂ ਮੈਨੂੰ ਬਾਹਰ ਬਾਪੂ ਜੀ ਖੜ੍ਹੇ ਦਿਸੇ। ਮੈਂ ਉਤਰਨ ਦੀ ਵਜਾਏ ਸਵਾਰੀਆਂ ਵਿਚ ਲੁਕਣ ਦੀ ਕੋਸਿ਼ਸ਼ ਕੀਤੀ ਕਿ ਸ਼ਾਇਦ ਬਾਪੂ ਜੀ ਨੇ ਮੈਨੂੰ ਦੇਖਿਆ ਨਹੀਂ ਸੀ। ਪਰ ਬਾਪੂ ਨੇ ਬੱਸ ਵਿਚ ਚੜ੍ਹ ਕੇ ਮੈਨੂੰ ਗੁੱਟ ਤੋਂ ਆ ਫ਼ੜਿਆ ਅਤੇ ਬੱਸ ਤੋਂ ਥੱਲੇ ਲਾਹ ਲਿਆ।

-”ਚੱਲ ਬੈਠ ਸੈਕਲ ‘ਤੇ…!” ਬਾਪੂ ਨੇ ਮੈਨੂੰ ਹੁਕਮ ਕੀਤਾ। ਮੈਂ ਡਰ ਨਾਲ਼ ਸਾਹ ਘੁੱਟੀ ਸਾਈਕਲ ਦੇ ਮਗਰ ਬੈਠ ਗਿਆ। ਮੈਨੂੰ ਅੰਦਰੋਂ ਮਹਿਸੂਸ ਹੋ ਗਿਆ ਸੀ ਕਿ ਬਾਪੂ ਜੀ ਨੂੰ ਸਾਡੀ ਫਿ਼ਲਮ ਦੇਖਣ ਵਾਲ਼ੇ ‘ਗੁਨਾਂਹ’ ਬਾਰੇ ਪਤਾ ਲੱਗ ਗਿਆ ਸੀ ਅਤੇ ਮੈਂ ਉਸ ਦਾ ਕਰੋਧ ਵੀ ਭਾਂਪ ਲਿਆ ਸੀ। ਮੈਨੂੰ ਉਮੀਦ ਹੈ ਕਿ ਬਾਪੂ ਨੂੰ ਉਤਨਾ ਸਾਡੇ ਫਿ਼ਲਮ ਦੇਖਣ ਦਾ ਕਰੋਧ ਨਹੀਂ ਸੀ, ਜਿੰਨਾਂ ਸਕੂਲ ਨਾ ਜਾਣ ਦਾ ਸਿ਼ਕਵਾ ਸੀ। ਮੈਂ ਭਾਣਾ ਜਿਹਾ ਮੰਨੀ ਸਾਈਕਲ ਦੇ ਪਿੱਛੇ ਠਠੰਬਰਿਆ ਬੈਠਾ ਸੀ ਅਤੇ ਅੱਗੇ ਹੋਣ ਵਾਲ਼ੇ ਸਲੂਕ ਬਾਰੇ ਸੋਚ ਸੋਚ ਕੇ ਮੇਰਾ ਬਲੱਡ ਘਟਦਾ ਜਾ ਰਿਹਾ ਸੀ। ਪਰ ਇਕ ਪੱਖੋਂ ਮੇਰਾ ਮਨ ਸਥਿਰ ਸੀ, ਕਿਉਂਕਿ ਹੁਣ ਤੱਕ ਮੈਨੂੰ ਬਾਪੂ ਜੀ ਨੇ ਕੁੱਟਿਆ ਨਹੀਂ ਸੀ। ਗਾਲ਼ਾਂ ਬਗੈਰਾ ਹੀ ਦਿੱਤੀਆਂ ਸਨ।

ਬਾਪੂ ਸਿੱਧਾ ਮੈਨੂੰ ਘਰੇ ਲੈ ਗਿਆ। ਮੇਰੇ ਮਾੜੇ ਕਰਮਾਂ ਨੂੰ ਘਰ ਦੀਆਂ ਸਾਰੀਆਂ ਬੁੜ੍ਹੀਆਂ ਕਪਾਹ ਚੁਗਣ ਗਈਆਂ ਹੋਈਆਂ ਸਨ। ਘਰੇ ਕੋਈ ਨਹੀਂ ਸੀ।

ਬਾਪੂ ਨੇ ਸਾਈਕਲ ਖੜ੍ਹਾ ਕੀਤਾ ਅਤੇ ਬਲ਼ਦ ਹੱਕਣ ਵਾਲ਼ੀ ਪੁਰੈਣੀਂ ਚੁੱਕ ਲਈ ਅਤੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ!

ਮੈਨੂੰ ਕਦਾਚਿੱਤ ਉਮੀਦ ਨਹੀਂ ਸੀ ਬਾਪੂ ਜੀ ਮੈਨੂੰ ਇਤਨੀ ਬੇਰਹਿਮੀ ਨਾਲ਼ ਕੁੱਟਣਗੇ! ਉਹਨਾਂ ਇਕ ਰਟ ਹੀ ਲਾਈ ਹੋਈ ਸੀ, “ਤੂੰ ਘਰੋਂ ਜਾਨੈਂ ਸਕੂਲ ਤੇ ਦੇਖਦਾ ਫਿ਼ਰਦੈਂ ਸਿਨਮੇਂ..? ਕੀ ਅਲ਼ੱਥ ਫ਼ੜਿਐ ਤੂੰ ਉਏ..? ਅਖੇ ਦਸ ਰੁਪਈਏ ਮੈਨੂੰ ਕਿਤਾਬ ਖ਼ਰੀਦਣ ਵਾਸਤੇ ਚਾਹੀਦੇ ਐ…! ਤੇ ਫਿ਼ਰਦੈ ਸਿਨਮੇਂ…! ਤੂੰ ਸਾਨੂੰ ਪਾਗਲ ਬਣਾਈ ਜਾਨੈਂ, ਸਮਝਦਾ ਕੀ ਐਂ ਤੂੰ ਆਬਦੇ ਆਪ ਨੂੰ…?” ਬਾਪੂ ਜੀ ਕੁੱਟਣੋਂ ਬੱਸ ਹੀ ਨਹੀਂ ਕਰ ਰਹੇ ਸਨ। ਮੈਂ ਬਥੇਰ੍ਹਾ “ਬਾਪੂ ਜੀ ਗਲਤੀ ਹੋ ਗਈ, ਗਲਤੀ ਹੋ ਗਈ, ਹੁਣ ਨ੍ਹੀ ਗਲਤੀ ਕਰਦਾ” ਕਰਦਾ ਰਿਹਾ। ਪਰ ਬਾਪੂ ਜੀ ਦੀ ਕੁੱਟ ਨਿਰੰਤਰ ਜਾਰੀ ਸੀ। ਮੇਰੇ ਸਰੀਰ ‘ਤੇ ਨੀਲ ਪੈ ਗਏ ਸਨ ਅਤੇ ਹੱਡ ‘ਟੱਸ-ਟੱਸ’ ਕਰਨ ਲੱਗ ਪਏ ਸਨ। ਚੰਗੇ ਕਰਮਾਂ ਨੂੰ ਮੇਰੀ ਭੈਣ ਰੋਟੀ-ਪਾਣੀ ਦਾ ਆਹਰ ਕਰਨ ਲਈ ਘਰ ਆ ਗਈ। ਉਸ ਨੇ ਆ ਕੇ ਬਾਪੂ ਜੀ ਨੂੰ ਕੁੱਟਣੋਂ ਹਟਾਇਆ ਅਤੇ ਆਪਣੀ ਬੁੱਕਲ਼ ਵਿਚ ਲਕੋ ਜਿਹਾ ਲਿਆ। ਪਰ ਬਾਪੂ, “ਗੁੱਡੀ ਅੱਜ ਮੈਨੂੰ ਇਕ ਪਾਸਾ ਕਰ ਈ ਲੈਣ ਦੇਹ…! ਇਹ ਸਾਰੇ ਟੱਬਰ ਨੂੰ ਪਾਗਲ ਬਣਾਉਂਦੈ…!” ਬਾਪੂ ਝਈਆਂ ਲੈ-ਲੈ ਮੇਰੇ ਵੱਲ ਆ ਰਿਹਾ ਸੀ। ਪਰ ਭੈਣ ਮੈਨੂੰ ਬਾਪੂ ਤੋਂ ਲਕੋਈ ਜਿਹਾ ਆ ਰਹੀ ਸੀ, ਜਿਵੇਂ ਚਿੜੀ ਆਪਣੇ ਬੱਚੇ ਨੂੰ ਲੱਗੜ ਤੋਂ ਬਚਾਉਂਦੀ ਹੈ!

ਰਾਤ ਨੂੰ ਜਦ ਟੱਬਰ ਦੇ ਸਾਰੇ ਜੀਅ ਖੇਤੋਂ ਘਰ ਆਏ ਤਾਂ ਮੇਰਾ ਬੁਰਾ ਹਾਲ ਸੀ। ਮੇਰੀ ਬੇਬੇ (ਦਾਦੀ) ਬਾਪੂ ਜੀ ਦੇ ਮਗਰ ਪੈ ਗਈ, “ਕੁੱਟ ਵੀ ਕਾਕਾ ਰਾਹ ਰਾਹ ਸਿਰ ਦੀ ਹੁੰਦੀ ਐ…! ਖ਼ਬਰਦਾਰ ਜੇ ਮੇਰੇ ਪੁੱਤ ਨੂੰ ਮੁੜ ਕੇ ਹੱਥ ਲਾਇਐ…!” ਬੇਬੇ ਬਾਪੂ ‘ਤੇ ਕਰੋਧੀ ਸੀ। ਜਦ ਮੇਰੇ ਦਾਦਾ ਜੀ ਨੂੰ ਰਾਤ ਨੂੰ ਪਤਾ ਲੱਗਿਆ ਤਾਂ ਉਹ ਬਾਪੂ ਜੀ ਦੇ ਮਗਰ ਪੈ ਗਏ, “ਤੂੰ ਜੁਆਕ ਨੂੰ ਮਾਰਨੈਂ…?”

-”ਇਹ ਸਕੂਲ ਨ੍ਹੀ ਜਾਂਦਾ ਬਾਪੂ, ਸਿਨਮੇਂ ਦੇਖਦਾ ਫਿ਼ਰਦੈ ਲੰਡਰ ਬਣ ਕੇ…!”

-”ਨਾ ਜਾਵੇ ਸਕੂਲ…! ਪੜ੍ਹਾ ਕੇ ਤੂੰ ਇਹਨੂੰ ਪਟਵਾਰੀ ਲਾਉਣੈਂ…? ਚਾਹੇ ਇਹ ਸਿਲਮਾ ਦੇਖੇ ਤੇ ਚਾਹੇ ਦੇਖੇ ਡਰਾਮਾਂ, ਤੂੰ ਇਹਨੂੰ ਮੁੜ ਕੇ ਹੱਥ ਲਾਇਆ ਤਾਂ ਮੈਥੋਂ ਬੁਰਾ ਕੋਈ ਨ੍ਹੀ..!” ਦਾਦਾ ਜੀ ਉਸ ਤੋਂ ਵੀ ਵੱਧ ਕਰੋਧੀ ਸਨ। ਮੇਰੇ ਬਾਪੂ ਜੀ ਦੀ ਮੈਂ ਸਾਰੀ ਜਿ਼ੰਦਗੀ ਇਕ ਸਿਫ਼ਤ ਦੇਖੀ ਹੈ ਕਿ ਉਹ ਮੇਰੇ ਦਾਦਾ ਅਤੇ ਦਾਦੀ ਜੀ ਅੱਗੇ ਸਾਰੀ ਉਮਰ ਨਹੀਂ ਬੋਲੇ ਸਨ।

ਦਾਦੀ ਮੇਰੇ ਗਰਮ ਸਰ੍ਹੋਂ ਦੇ ਤੇਲ ਦੀ ਮਾਲਸ਼ ਕਰ ਰਹੀ ਸੀ ਅਤੇ ਮੇਰੀਆਂ ਚੀਕਾਂ ਨਿਕਲ਼ ਰਹੀਆਂ ਸਨ।

-”ਕੱਲ੍ਹ ਨੂੰ ਤੈਨੂੰ ਡਾਕਦਾਰ ਦੇ ਲੈ ਕੇ ਚੱਲੂੰ ਪੁੱਤ..! ਅੱਜ ਦੀ ਰਾਤ ਕੱਢ ਔਖਾ ਸੌਖਾ! ਦੇਖ ਡੁੱਬੜੇ ਨੇ ਜੁਆਕ ਦਾ ਕੀ ਬੁਰਾ ਹਾਲ ਕੀਤੈ..! ਐਨਾਂ ਕੁੱਟਣ ਦਾ ਕੋਈ ਰਾਹ ਐ? ਹੁਣ ਐਸ ਹਾਲਤ ‘ਚ ਇਹੇ ਸਕੂਲ ਜਾਊ? ਉਠਿਆ ਇਹਤੋਂ ਜਾਂਦਾ ਨ੍ਹੀ..! ਤੂੰ ਪੁੱਤ ਭੱਜ ਕੇ ਸਾਡੇ ਕੋਲ਼ੇ ਖੇਤ ਆ ਜਾਂਦਾ, ਮਜਾਲ ਐ ਤੈਨੂੰ ਤੇਰਾ ਪਿਉ ਹੱਥ ਵੀ ਲਾ ਜਾਂਦਾ?” ਦਾਦੀ ਮੇਰੇ ਤੇਲ ਮਾਲਸ਼ ਕਰਦੀ ‘ਬੁੜ-ਬੁੜ’ ਕਰੀ ਜਾ ਰਹੀ ਸੀ। ਮੈਂ ਦਾਦੀ ਦੇ ਦਿਲ ਦੀ ਟੀਸ ਸਮਝਦਾ ਸੀ। ਮੇਰੀ ਮਾਂ ਮੇਰੀ ਹਾਲਤ ਦੇਖ ਕੇ ਕੁਝ ਵੀ ਨਹੀਂ ਬੋਲੀ ਸੀ। ਪਰ ਦਿਲੋਂ ਉਹ ਵੀ ਅਥਾਹ ਦੁਖੀ ਲੱਗਦੀ ਸੀ।

-”ਕਿੰਨੇ ਚਾਅ ਨਾਲ਼ ਜੁਆਕ ਨੂੰ ਪਾਲ਼ਦੇ ਐਂ, ਕੀ ਬੁਰਾ ਹਾਲ ਕੀਤੈ ਇਹਦਾ…! ਕਮਲਿ਼ਆਂ ਦੇ ਕਿਤੇ ਸਿੰਗ ਤਾਂ ਨ੍ਹੀ ਹੁੰਦੇ..!” ਦਾਦੀ ਮੈਨੂੰ ਹਰ ਰੋਜ਼ ਮੱਖਣੀਂ ਨਾਲ਼ ਬਦਾਮ ਖੁਆਉਂਦੀ ਅਤੇ ਦਿਨ ਵਿਚ ਤਿੰਨ ਵਾਰ ਦੁੱਧ ਪੀਣ ਨੂੰ ਦਿੰਦੀ ਸੀ। ਰਾਤ ਨੂੰ ਬਦਾਮ ਕੋਰੇ ਕੁੱਜੇ ਵਿਚ ਭਿਉਂ ਦੇਣੇ ਅਤੇ ਸਵੇਰੇ ਚੱਪਣ ‘ਤੇ ਘਸਾ ਕੇ ਮੈਨੂੰ ਬਦਾਮ ਆਪ ਹੱਥੀਂ ਖੁਆਉਣੇ! ਦਾਦਾ ਜੀ ਮੈਨੂੰ ਮੱਝ ਦਾ ਦੁੱਧ ਨਾ ਪੀਣ ਦਿੰਦੇ। ਅਖੇ ਇਹਦੇ ਨਾਲ਼ ‘ਡਮਾਕ’ ਮੋਟਾ ਹੁੰਦੈ! ਉਹਨਾਂ ਨੇ ਮੇਰੇ ਵਾਸਤੇ ਸਪੈਸ਼ਲ ਗਾਂ ਲਿਆ ਕੇ ਕਿੱਲੇ ਨਾਲ਼ ਬੰਨ੍ਹੀ ਹੋਈ ਸੀ ਅਤੇ ਮੈਨੂੰ ਹਰ ਰੋਜ਼ ਗਾਂ ਦਾ ਦੁੱਧ ਪੀਣ ਨੂੰ ਦਿੱਤਾ ਜਾਂਦਾ। ਦਾਦਾ ਜੀ ਨੇ ਮੈਨੂੰ ਖੇਤ ਵਿਚੋਂ ਗੰਨੇ ਭੰਨ ਕੇ ਦੇਣੇ। ਮੱਕੀ ਦੀਆਂ ਛੱਲੀਆਂ ਭੁੰਨ ਕੇ ਦੇਣੀਆਂ। ਸ਼ਾਮ ਨੂੰ ਆਪਣੇ ਕੋਲ਼ ਬਿਠਾ ਕੇ ਰੋਟੀ ਖੁਆਉਣੀ ਅਤੇ ਆਖਣਾ, “ਮੇਰੇ ਪੁੱਤ ਦਾ ਡਮਾਕ ਤਾਂ ਐਨਾਂ ਹੋਊ, ਦੁਨੀਆਂ ਸਲਾਮਾਂ ਕਰਿਆ ਕਰੂ ਮੇਰੇ ਪੁੱਤ ਨੂੰ…!” ਜੇ ਮੈਂ ਛੁੱਟੀਆਂ ਵਿਚ ਕਿਤੇ ਨਾਨਕੀਂ ਜਾਣਾ ਤਾਂ ਦਾਦਾ ਜੀ ਨੇ ਹਦਾਇਤ ਕਰਨੀਂ, “ਤੇਰੇ ਨਾਨਕੀਂ ਵੀ ਗਾਂ ਹੈਗੀ ਐ ਜੱਗਿਆ..! ਮੱਝ ਦਾ ਦੁੱਧ ਨਾਂ ਪੀਵੀਂ..! ਜੇ ਪੀਣੈਂ ਤਾਂ ਗਾਂ ਦਾ ਦੁੱਧ ਈ ਪੀਣੈਂ, ਨਹੀਂ ਤਾਂ ਪੀਣਾਂ ਈ ਨ੍ਹੀ…!”

ਅਗਲੇ ਦਿਨ ਸਵੇਰੇ ਹੀ ਮੈਨੂੰ ਡਾਕਟਰ ਪਾਸ ਲਿਜਾਇਆ ਗਿਆ।

ਦੋ-ਤਿੰਨ ਦਿਨ ਮੇਰੇ ਟੀਕੇ ਲੱਗਦੇ ਰਹੇ ਅਤੇ ਮੈਨੂੰ ਠੀਕ ਹੋਣ ਨੂੰ ਕਈ ਦਿਨ ਲੱਗ ਗਏ। ਇਕ ਗੱਲੋਂ ਨਜ਼ਾਰਾ ਜਿਹਾ ਵੀ ਆ ਗਿਆ ਕਿ ਮੈਨੂੰ ਕਈ ਦਿਨ ਸਕੂਲ ਨਹੀਂ ਜਾਣਾ ਪਿਆ ਸੀ!

….ਜਦ ਅਸੀਂ ਬਾਪੂ ਦੀ ਦੇਹ ਲੈਣ ਲਈ ਲੁਹਾਰੇ ਪਹੁੰਚੇ ਤਾਂ ਹਸਪਤਾਲ਼ ਦੇ ਕਰਮਚਾਰੀ ਸਾਡੀ ਹੀ ਉਡੀਕ ਕਰ ਰਹੇ ਸਨ। ਬਾਪੂ ਨੇ ਇਸ ਹਸਪਤਾਲ਼ ਨੂੰ ਸ. ਸਿਮਰਨਜੀਤ ਸਿੰਘ ਮਾਨ ਤੋਂ ਇਕ ਲੱਖ ਰੁਪਏ ਦੀ ਗਰਾਂਟ ਲੈ ਕੇ ਦਿੱਤੀ ਸੀ। ਜਿਸ ਕਮਰੇ ਵਿਚ ਬਾਪੂ ਦੀ ਦੇਹ ਰੱਖੀ ਹੋਈ ਸੀ। ਉਸ ਕਮਰੇ ਦੇ ਬਾਹਰ ਹੀ ਸ. ਸਿਮਰਨਜੀਤ ਸਿੰਘ ਮਾਨ ਦੇ ਇਕ ਲੱਖ ਰੁਪਏ ਗਰਾਂਟ ਦੇਣ ਦੀ ਪਲੇਟ ਵੀ ਲੱਗੀ ਹੋਈ ਸੀ। ਹਸਪਤਾਲ਼ ਵਾਲਿਆਂ ਨੇ ਤਿੰਨ ਘੰਟੇ ਪਹਿਲਾਂ ਫ਼ਰੀਜ਼ਰ ਬੰਦ ਕਰ ਦਿੱਤਾ ਸੀ।

ਜਦ ਬਾਪੂ ਦੀ ਦੇਹ ਉਹਨਾਂ ਨੇ ਫ਼ਰੀਜ਼ਰ ਵਿਚੋਂ ਬਾਹਰ ਕੱਢੀ ਤਾਂ ਮੇਰਾ ਹਿਰਦਾ ਦੋਫ਼ਾੜ ਹੋ ਗਿਆ।

ਅੱਠੇ ਪਹਿਰ ਹੁਕਮ ਜਿਹੇ ਚਾੜ੍ਹਨ ਵਾਲ਼ਾ ਬਾਪੂ ਬੜੀ ਸ਼ਾਂਤੀ ਨਾਲ਼ ਚੁੱਪ ਚਾਪ ਅੱਖਾਂ ਮੀਟੀ ਪਿਆ ਸੀ।

ਜਦ ਸਾਂਝੇ ਘਰ ਵਿਚੋਂ ਅੱਡ ਹੋਣ ਤੋਂ ਬਾਅਦ ਸਾਡੇ ਘਰ ‘ਤੇ ਗ਼ਰੀਬੀ ਆਈ ਤਾਂ ਸਾਡੇ ਦੂਰੋਂ ਲੱਗਦੇ ਇਕ ਰਿਸ਼ਤੇਦਾਰ ਸੁਰਿੰਦਰ ਨਾਰਦਾ ਨੇ ਬਾਪੂ ਜੀ ਨੂੰ 8 ਅਗਸਤ 1978 ਨੂੰ ਆਸਟਰੀਆ ਸੱਦ ਲਿਆ ਸੀ। ਭਲੇ ਵੇਲ਼ੇ ਸਨ। ਪ੍ਰਵਾਸੀਆਂ ਨੂੰ ਪਤਾ ਹੀ ਹੈ ਕਿ ਬਾਹਰ ਸੈਟਲ਼ ਹੋਣ ਲਈ ਕਿੰਨੇ ਪਾਪੜ ਵੇਲਣੇਂ ਪੈਂਦੇ ਨੇ! ਬਾਪੂ ਜੀ ਮਿਹਨਤੀ ਤਾਂ ਸ਼ੁਰੂ ਤੋਂ ਹੀ ਬਹੁਤ ਸਨ। ਪਰ ਆਸਟਰੀਆ ਆ ਕੇ ਉਹਨਾਂ ਦਾ ਸਿਰੜ ਹੋਰ ਪੱਕਾ ਹੋ ਗਿਆ ਅਤੇ ਉਹਨਾਂ ਨੇ ਮਿਹਨਤ ਕਰਨ ਵਾਲ਼ੀ ਤਹਿ ਤੋੜ ਦਿੱਤੀ। ਕਿਸਾਨੀ ਕਿੱਤੇ ਤੋਂ ਲੈ ਕੇ ਸਕੀ (ਸਕ)ਿ ਫ਼ੈਕਟਰੀ ‘ਐਟੋਮਿਕ’ (ੳਟੋਮਚਿ) ਵਿਚ ਦਿਨ ਰਾਤ ਮਿਹਨਤ ਕੀਤੀ ਅਤੇ ਪੂਰੇ ਵੀਹ ਸਾਲ ਆਸਟਰੀਆ ਰਹਿਣ ਤੋਂ ਬਾਅਦ ਅਕਤੂਬਰ 1998 ਵਿਚ ਪੈਨਸ਼ਨ ਲੈ ਕੇ ਪਿੰਡ ਗਏ। ਪਿੰਡ ਬੈਠਿਆਂ ਨੂੰ ਮਹੀਨੇ ਦੀ 27000 ਰੁਪਏ ਉਹਨਾਂ ਨੂੰ ਪੈਨਸ਼ਨ ਮਿਲ਼ਦੀ ਸੀ। ਮੇਰੀ ਮਾਂ ਅਤੇ ਮੈਨੂੰ ਉਹਨਾਂ ਨੇ ਅਕਤੂਬਰ 1980 ਵਿਚ ਆਸਟਰੀਆ ਮੰਗਵਾਇਆ ਅਤੇ ਮੈਨੂੰ ਚਾਰ ਸਾਲ ਆਈ. ਐਫ਼. ਕੇ. ਯੂਨੀਵਰਿਸਟੀ ਦੀ ਪੜ੍ਹਾਈ ਬੜੀ ਲਗਨ ਨਾਲ਼ ਕਰਵਾਈ।

ਅਕਤੂਬਰ 1982 ਦੀ ਗੱਲ ਹੈ। ਅਸੀਂ ਆਸਟਰੀਆ ਵਿਚ ਇਕ ਨਵਾਂ ਮਕਾਨ ਲੈਣਾਂ ਸੀ। ਮੈਂ, ਬਾਪੂ ਅਤੇ ਇਕ ਗੋਰਾ ਡਾਕੀਆ ਕਾਰ ‘ਤੇ ਮਕਾਨ ਦੇਖਣ ਜਾ ਰਹੇ ਸਾਂ। ਬਰਫ਼ ਬਹੁਤ ਪਈ ਹੋਈ ਸੀ। ਸੜਕ ‘ਤੇ ਅਥਾਹ ਤਿਲ੍ਹਕਣ ਸੀ। ਜਦ ਅਸੀਂ ਪੈਟਰੋਲ ਪੁਆ ਕੇ ਗੱਡੀ ਮੁੱਖ ਸੜਕ ‘ਤੇ ਪਾਉਣ ਲੱਗੇ ਤਾਂ ਗੱਡੀ ਸੜਕ ਦੇ ਵਿਚਕਾਰ ਜਾ ਕੇ ਸਲਿੱਪ ਕਰਨ ਲੱਗ ਪਈ ਅਤੇ ਅੱਗੇ ਨਾ ਤੁਰੀ। ਦੂਜੇ ਪਾਸਿਓਂ ਆਉਂਦੀ ਤੇਜ਼ ਰਫ਼ਤਾਰ ਕਾਰ ਨੇ ਸਾਡੀ ਕਾਰ ਬਚਾਉਣ ਲਈ ਬਥੇਰੇ ਬਰੇਕ ਲਾਏ। ਪਰ ਸੜਕ ‘ਤੇ ਬਰਫ਼ ਜੰਮੀਂ ਹੋਣ ਕਾਰਨ ਬਰੇਕ ਨਾ ਲੱਗੇ ਅਤੇ ਦੂਜੀ ਕਾਰ ਤਿਲ੍ਹਕਦੀ ਹੋਈ ਬੁਰੀ ਤਰ੍ਹਾਂ ਨਾਲ਼ ਸਾਡੇ ਵਿਚ ਆ ਵੱਜੀ! ਮੇਰਾ ਜਬਾੜ੍ਹਾ ਹਿੱਲ ਗਿਆ ਅਤੇ ਬਾਪੂ ਦੀਆਂ ਖੱਬੇ ਪਾਸੇ ਦੀਆਂ ਤਿੰਨ ਪੱਸਲ਼ੀਆਂ ਟੁੱਟ ਗਈਆਂ। ਡਾਕੀਏ ਦੇ ਦੋ ਦੰਦ ਟੁੱਟ ਗਏ। ਗੱਡੀ ਤਬਾਹ ਹੋ ਗਈ। ਅੱਤ ਫ਼ੱਟੜ ਹੋਇਆ ਬਾਪੂ ਮੈਨੂੰ ਵਾਰ ਵਾਰ ਪੁੱਛੀ ਜਾ ਰਿਹਾ ਸੀ, “ਜੱਗਿਆ ਤੇਰੇ ਸੱਟ ਤਾਂ ਨ੍ਹੀ ਵੱਜੀ…?” ਜਦ ਮੈਂ ‘ਨਹੀਂ’ ਦਾ ਉਤਰ ਦਿੱਤਾ ਤਾਂ ਬਾਪੂ ਇਕ ਪਾਸੇ ਨੂੰ ਲੁੜਕ ਗਿਆ। ਪੱਸਲ਼ੀਆਂ ਟੁੱਟਣ ਕਾਰਨ ਬਾਪੂ ਨੂੰ ਸਾਹ ਨਹੀਂ ਆ ਰਿਹਾ ਸੀ। ਗੱਡੀ ਦੇ ਦਰਵਾਜੇ ਨਹੀਂ ਖੁੱਲ੍ਹ ਰਹੇ ਸਨ। ਗੋਰਿਆਂ ਨੇ ਆਪਣੀਆਂ ਗੱਡੀਆਂ ਰੋਕ ਰੋਕ ਕੇ, ਦਰਵਾਜੇ ਪੱਟ ਕੇ ਸਾਨੂੰ ਬਾਹਰ ਕੱਢਿਆ ਅਤੇ ਪਲ ਵਿਚ ਐਂਬੂਲੈਂਸ ਬਾਪੂ ਨੂੰ ਲੱਦ ਹਸਪਤਾਲ਼ ਨੂੰ ਤੁਰ ਗਈ। ਪੁਲੀਸ ਨੇ ਆਪਣੀ ਕਾਰਵਾਈ ਕਰ ਕੇ ਐਕਸੀਡੈਂਟ ਦਾ ਕੇਸ ਦਰਜ ਕਰ ਲਿਆ। ਮੈਨੂੰ ਮੇਰੇ ਜਬਾੜ੍ਹੇ ਬਾਰੇ ਉਦੋਂ ਤਾਂ ਤੱਤੇ ਘਾਹ ਨਾ ਪਤਾ ਲੱਗਿਆ। ਜਦ ਮੈਂ ਰਾਤ ਨੂੰ ਰੋਟੀ ਖਾਣ ਲੱਗਿਆ ਤਾਂ ਮੇਰਾ ਜਬਾੜ੍ਹਾ ਬੇਥਾਹ ਦਰਦ ਕਰ ਰਿਹਾ ਸੀ। ਮੈਥੋਂ ਰੋਟੀ ਨਹੀਂ ਖਾਧੀ ਜਾ ਰਹੀ ਸੀ। ਮੇਰੀ ਮਾਂ ਨੂੰ ਚਿੰਤਾ ਹੋਣੀਂ ਇਕ ਸੁਭਾਵਿਕ ਗੱਲ ਸੀ। ਮੈਂ ਹਸਪਤਾਲ਼ ਗਿਆ ਤਾਂ ਉਹਨਾਂ ਨੇ ਜਬਾੜ੍ਹੇ ਦੇ ਹਿੱਲਣ ਬਾਰੇ ਦੱਸਿਆ। ਮੇਰਾ ਇਲਾਜ ਸ਼ੁਰੂ ਹੋ ਗਿਆ। ਅਜੇ ਵੀ ਸਰਦੀਆਂ ਵਿਚ ਕਦੇ ਕਦੇ ਮੇਰਾ ਖੱਬਾ ਜਬਾੜ੍ਹਾ ਦਰਦ ਕਰਨ ਲੱਗ ਜਾਂਦਾ ਹੈ।

ਅੱਜ ਬਾਪੂ ਦੀ ਦੇਹ ਜਦ ਬਾਹਰ ਲਿਆਂਦੀ ਸੀ ਤਾਂ ਮੈਨੂੰ ਬਾਪੂ ‘ਤੇ ਗਿ਼ਲਾ ਜਿਹਾ ਹੋਇਆ ਕਿ ਬਾਪੂ ਕਿਤਨਾ ਨਿਰਮੋਹਾ ਅਤੇ ਬੇਮੁੱਖ ਹੋ ਗਿਆ ਸੀ ਕਿ ਘੰਟੇ ਘੰਟੇ ਬਾਅਦ “ਹੋਰ ਫ਼ੇਰ ਕਿਵੇਂ ਐਂ ਪੁੱਤ..?” ਜਾਂ “ਤੂੰ ਰੋਟੀ ਖਾ ਲਈ ਸ਼ੇਰਾ…?” ਪੁੱਛਣ ਵਾਲ਼ਾ ਬਾਪੂ ਜਾਣ ਲੱਗਿਆ ‘ਫ਼ਤਹਿ’ ਵੀ ਨਹੀਂ ਬੁਲਾ ਕੇ ਗਿਆ। ਬਾਪੂ ਨੇ ਮੈਨੂੰ ਹਮੇਸ਼ਾ ਮੱਤਾਂ ਜਿਹੀਆਂ ਦਿੰਦੇ ਰਹਿਣਾ, “ਤੂੰ ਰੋਟੀ ਰਾਟੀ ਟੈਮ ਨਾਲ਼ ਖਾ ਲਿਆ ਕਰ ਪੁੱਤ, ਬਾਹਲ਼ਾ ਭਾਈਏਂ ਪੈਂਚੀ ਨਾ ਫਿ਼ਰਿਆ ਕਰ..!” ਪਰ ਅੱਜ ਬਾਪੂ ਚੁੱਪ ਸੀ। ਸ਼ਾਂਤ ਸੀ। ਪੈਰ ਪੈਰ ‘ਤੇ ਮੇਰਾ ਫਿ਼ਕਰ ਕਰਨ ਵਾਲ਼ਾ ਬਾਪੂ ਅੱਜ ਬਿਗਾਨਾ ਹੋਇਆ, ਓਪਰਿਆਂ ਵਾਂਗ ਪਿਆ ਸੀ!

ਬਾਪੂ ਦੀ ਦੇਹ ਤਿੰਨ ਦਿਨ ਫ਼ਰੀਜ਼ਰ ਵਿਚ ਰੱਖਣ ਕਾਰਨ ‘ਲੱਕੜ’ ਬਣੀਂ ਪਈ ਸੀ।

ਜਦ ਅਸੀਂ ਦੇਹ ਲੈਣ ਲਈ ਦਸਤਖ਼ਤ ਕਰਨ ਲੱਗੇ ਤਾਂ ਹਸਪਤਾਲ਼ ਵਾਲ਼ੇ ਦੇਹ ਲਿਜਾਣ ਵਾਲ਼ੇ ਦੀ ਪਾਸਪੋਰਟ ਸਾਈਜ਼ ਫ਼ੋਟੋ ਮੰਗ ਰਹੇ ਸਨ। ਫ਼ੋਟੋ ਮੇਰੇ ਕੋਲ਼ ਕੋਈ ਹੈ ਨਹੀਂ ਸੀ। ਮੈਂ, ਮਨਿੰਦਰ ਮੋਗਾ, ਚਾਚਾ ਮੋਹਣ ਅਤੇ ਹਰਪਾਲ ਕੁੱਸਾ ਤਿੰਨੇਂ ਅਸੀਂ ਹਸਪਤਾਲ਼ ਦੇ ਕਰਮਚਾਰੀ ਨਾਲ਼ ਦਫ਼ਤਰ ਵਿਚ ਸਾਂ। ਮੇਰੇ ਨਾਵਲਾਂ ਕਰਕੇ ਮੈਨੂੰ ਉਹ ਜਾਣਦੇ ਤਾਂ ਬਹੁਤ ਚੰਗੀ ਤਰ੍ਹਾਂ ਸਨ। ਪਰ ਬਾਪੂ ਦੀ ਦੇਹ ਲੈਣ ਲਈ ਉਹ ਫ਼ੋਟੋ ਲਾਜ਼ਮੀ ਲੈਣ ਦਾ ਦਾਅਵਾ ਵੀ ਕਰੀ ਜਾ ਰਹੇ ਸਨ। ਖ਼ੈਰ, ਇਹਦੇ ਵਿਚ ਉਹਨਾਂ ਦਾ ਕਸੂਰ ਕੋਈ ਨਹੀਂ ਸੀ। ਇਹ ਹਸਪਤਾਲ਼ ਦਾ ਇਕ ਕਾਨੂੰਨ ਸੀ! ਕੁਦਰਤੀਂ ਚਾਚੇ ਮੋਹਣ ਦੇ ਬਟੂਏ ਵਿਚ ਇਕ ਪਾਸਪੋਰਟ ਸਾਈਜ਼ ਫ਼ੋਟੋ ਸੀ। ਉਹ ਫ਼ੋਟੋ ਦੇ ਕੇ ਅਸੀਂ ਕੰਮ ਸਾਰਿਆ ਅਤੇ ਚਾਚੇ ਨੇ ਦਸਤਖ਼ਤ ਕਰ ਦਿੱਤੇ। ਹਰ ਰੋਜ਼ ਦੋ ਹਜ਼ਾਰ ਰੁਪਏ ਦੇ ਹਿਸਾਬ ਨਾਲ਼ ਅਸੀਂ ਛੇ ਹਜ਼ਾਰ ਰੁਪਏ ਫ਼ਰੀਜ਼ਰ ਦੇ ਅਤੇ ਚਾਰ ਸੌ ਐਂਬੂਲੈਂਸ ਦਾ ਖ਼ਰਚਾ ਦੇ ਕੇ ਬਾਪੂ ਦੀ ਦੇਹ ਐਂਬੂਲੈਂਸ ਵਿਚ ਰੱਖ ਲਈ। ਮੈਂ ਅਤੇ ਜੱਥੇਦਾਰ ਹਰਪਾਲ ਕੁੱਸਾ ਬਾਪੂ ਦੀ ਦੇਹ ਨਾਲ਼ ਬੈਠੇ ਅਤੇ ਦੇਹ ਲੈ ਕੇ ਪਿੰਡ ਨੂੰ ਤੁਰ ਪਏ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>