ਸਮਾਂ ਆਪਣੀਆਂ ਮੁਹਾਰਾਂ ਕਦੋਂ ਮੋੜੇਗਾ?

ਮਨੁੱਖਤਾ ਕਿੰਨੀ ਲਾਲਚੀ ਅਤੇ ਬੇਰਹਿਮ ਹੋ ਚੁੱਕੀ ਹੈ, ਇਸ ਦਾ ਜਵਾਬ ਨਿੱਤ ਛਪਦੀਆਂ ਅਖ਼ਬਾਰਾਂ ਦੇ ਦਿੰਦੀਆਂ ਹਨ। ਸਾਡਾ ਸਮਾਜਿਕ ਢਾਂਚਾ ਕਿਵੇਂ ਅਪਾਹਜ ਬਣਦਾ ਜਾ ਰਿਹਾ ਹੈ, ਇਸ ਦਾ ਸਬੂਤ ਸਾਡੇ ਲੀਡਰਾਂ ਦੀ ਚੁੱਪ ਹੈ! ਉਹ ਸਭ ਕੁਝ ਹੱਥ ਵੱਸ ਹੋਣ ਦੇ ਬਾਵਜੂਦ ਵੀ ਮੂੰਹ ‘ਤੇ ਛਿੱਕਲ਼ੀ ਚਾੜ੍ਹ ਲੈਂਦੇ ਹਨ ਕਿ ਕਿਤੇ ਕੁਝ ਬੋਲਿਆਂ ਤੋਂ ਸਾਡਾ ‘ਵੋਟ ਬੈਂਕ’ ਨਾ ਖੁੱਸ ਜਾਵੇ! ਕਿਸੇ ਸਮੇਂ ‘ਰੰਗਲੇ’ ਅਤੇ ਅੱਜ ਦੇ ‘ਕੰਗਲੇ’ ਪੰਜਾਬ ਵਿਚ ਮਨੁੱਖ ਆਪਣੀਆਂ ਧੀਆਂ-ਭੈਣਾਂ ਅਤੇ ਨੂੰਹਾਂ ਨੂੰ ਬੇਰਹਿਮੀ ਨਾਲ਼ ਕਤਲ ਕਰੀ ਜਾ ਰਿਹਾ ਹੈ। ਪਰ ਲੀਡਰਾਂ ਵੱਲੋਂ ਵੱਡੇ ਵੱਡੇ ਦਮਗੱਜੇ ਮਾਰਨ ਦੇ ਬਾਵਜੂਦ ਹੋ ਕੁਝ ਵੀ ਨਹੀਂ ਰਿਹਾ। ਕਿਉਂ..? ਦਹੇਜ…! ਸਿਰਫ਼ ਇਹਨਾਂ ਕੂੜਤਾ ਭਰੇ ਸ਼ਬਦਾਂ ਦੇ ਮਗਰ ਲੱਗ ਕੇ! ਸੱਚ ਹੀ ਅੱਜ ਉਸ ਵਿਅਕਤੀ ਨੂੰ ਕੋਸਣ ਨੂੰ ਮਨ ਕਰਦਾ ਹੈ, ਜਿਸ ਨੇ ਦਹੇਜ ਦੇ ਇਹਨਾਂ ਤਿੰਨ ਅੱਖਰਾਂ ਦਾ ਸੁਮੇਲ ਕਲਪਿਆ। ਕਹਾਵਤ ਹੈ ਕਿ ਲੋੜ ਕਾਢ ਦੀ ਮਾਂ ਹੈ! ਜਦ ਸਾਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਤਾਂ ਅਸੀਂ ਕਿਸੇ ਚੀਜ਼ ਦੀ ਕਾਢ ਕੱਢਦੇ ਹਾਂ ਅਤੇ ਜ਼ਰੂਰ ਕੋਈ ਨਾ ਕੋਈ ਨਵੀਂ ਵਸਤੂ ਹੋਂਦ ਵਿਚ ਆਉਂਦੀ ਹੈ! ਇੱਥੇ ਸਾਰਿਆਂ ਤੋਂ ਵੱਡਾ ਸੁਆਲ ਇਹ ਉਠਦਾ ਹੈ ਕਿ ਦਹੇਜ ਦੀ ਲੋੜ ਕਿਉਂ ਪਈ? ਲੋੜ ਤਾਂ ਸ਼ਾਇਦ ਇਸ ਕਰਕੇ ਪਈ ਕਿ ਮਾਂ-ਬਾਪ ਆਪਣੀ ਧੀ ਨੂੰ ‘ਬਿਗਾਨੇ’ ਘਰੇ ਜਾਣ ਕਰਕੇ ਉਸ ਨੂੰ ਆਪਣੇ ਵੱਲੋਂ ਕੁਝ ਨਾ ਕੁਝ ‘ਦਾਨ’ ਦੇ ਰੂਪ ਵਿਚ ਦਿੰਦੇ ਸਨ ਅਤੇ ਧੀ ਦੀਆਂ ਲੋੜਾਂ ਦਾ ਮੁਢਲਾ ਸਮਾਨ ਦਾਜ ਵਿਚ ਦਿੱਤਾ ਜਾਣ ਲੱਗਿਆ। ਕਿਉਂਕਿ ਪੁਰਾਣੇ ਜ਼ਮਾਨੇ ਵਿਚ ਦਰਜਣ-ਦਰਜਣ ਭੈਣ ਭਰਾ ਹੁੰਦੇ ਸਨ। ਮਾਂ-ਬਾਪ ਜਾਂ ਕਬੀਲੇ ਵਾਲ਼ੇ ਸੋਚਦੇ ਸਨ ਕਿ ਕੁੜੀ ਵੱਡੇ ਪ੍ਰੀਵਾਰ ਵਿਚ ਜਾ ਰਹੀ ਹੈ, ਜੇ ਪ੍ਰੀਵਾਰ ਵੱਡਾ ਹੋਣ ਕਾਰਨ ਕਿਤੇ ਇਸ ਦੀ ਸੁਖ-ਸਹੂਲਤ ਵਿਚ ਸੰਕਟ ਆ ਗਿਆ ਤਾਂ ਇਹ ਆਪਣਾ ਸਮਾਨ ਕੱਢ ਕੇ ਵਰਤ ਲਵੇਗੀ! ਇੱਥੋਂ ਇਸ ਲੈਣ-ਦੇਣ ਦੀ ਸ਼ੁਰੂਆਤ ਹੋਈ!

ਇਕ ਤਾਂ ਮਾਂ-ਬਾਪ ਦੇ ਘਰ ਬੈਠੀ ਕੁੜੀ ਆਪਣੇ ਸਹੁਰੇ ਘਰ ਜਾਂ ਆਪਣੇ ਹੋਣ ਵਾਲ਼ੇ ਪਤੀ ਦੀ ਕਲਪਨਾ ਕਰਦੀ ਕੋਈ ਸਿਰਹਾਣਾਂ ਜਾਂ ਚਾਦਰ ਕੱਢਦੀ ਸੀ ਅਤੇ ਜਾਂ ਕੋਈ ਬਾਗ! ਦਰੀ ਬੁਣਦੀ ਸੀ ਜਾਂ ਖੇਸ! ਇਸ ਨਾਲ਼ ਉਸ ਕੁੜੀ ਦੀ ਆਪਣੇ ਹੋਣ ਵਾਲ਼ੇ ਪਤੀ ਪ੍ਰਤੀ ਸ਼ਰਧਾ ਅਤੇ ਪ੍ਰੇਮ-ਭਾਵਨਾ ਦਾ ਪ੍ਰਗਟਾਵਾ ਵੀ ਹੁੰਦਾ ਸੀ ਅਤੇ ਉਸ ਦੀ ਸੁਚੱਜੀ ਯੋਗਤਾ ਦਾ ਵੀ ਸਬੂਤ ਮਿਲ਼ਦਾ ਸੀ ਅਤੇ ਤਿਆਰ ਕੀਤੀ ਚੀਜ਼ ਪ੍ਰੀਵਾਰ ਵਿਚ ਕੰਮ ਵੀ ਆਉਂਦੀ ਸੀ। ਉਸ ਸਮੇਂ ਵੱਡੇ ਵੱਡੇ ਪ੍ਰੀਵਾਰਾਂ ਵਿਚੋਂ ਭਰਾਵਾਂ ਦਾ ਆਪਸ ਵਿਚ ‘ਅੱਡ’ ਹੋਣਾ ਵੀ ਕਦੇ ਨਾ ਕਦੇ ਲਾਜ਼ਮੀ ਹੁੰਦਾ ਸੀ ਅਤੇ ਮਾਂ ਬਾਪ ਸੋਚਦੇ ਸਨ ਕਿ ਅਗਰ ਕੁੜੀ ਆਪਣੇ ਸਹੁਰੇ ਪ੍ਰੀਵਾਰ ਨਾਲ਼ੋਂ ਅੱਡ ਹੁੰਦੀ ਹੈ ਤਾਂ ਉਹ ਸਾਡੇ ਵੱਲੋਂ ਦਿੱਤਾ ਗਿਆ ਸਮਾਨ ਬੇਝਿਜਕ ਵਰਤ ਲਵੇਗੀ ਅਤੇ ਇਹ ਸਮਾਨ ਉਸ ਦੇ ਅੱਡ ਹੋਣ ਵਾਲ਼ੇ ਸਮੇਂ ਕੰਮ ਵੀ ਆਉਂਦਾ ਸੀ! ਸਵਰਗਵਾਸੀ ਜਗਮੋਹਣ ਕੌਰ ਦਾ ਗੀਤ, “ਬਾਪੂ ਵੇ ਅੱਡ ਹੁੰਨੀ ਐਂ…!” ਇਸ ਗੱਲ ਦੀ ਹਾਂਮ੍ਹੀਂ ਭਰਦਾ ਹੈ!

ਪਰ ਹੁਣ ਵੱਡਾ ਸੁਆਲ ਇਹ ਉਠਦਾ ਹੈ ਕਿ ਸਾਡੇ ਸੁਆਰਥੀ ਲੋਕ ਇਸ ‘ਦਾਜ’ ਦੇ ਨਾਂ ‘ਤੇ ‘ਵਪਾਰ’ ਕਿਉਂ ਕਰਨ ਲੱਗ ਪਏ? ਆਖਰ ਕੋਹੜ ਨੂੰ ਇਸ ਨੂੰ ਜੱਗ ਦੀਆਂ ਰੀਤਾਂ ਰਿਵਾਜਾਂ ਵਿਚ ਸ਼ਾਮਲ ਕਿਉਂ ਕਰ ਲਿਆ ਗਿਆ? ਵਪਾਰ ਹੀ ਤਾਂ ਹੈ! ਮੁੰਡੇ ਦਾ ਮੁੱਲ ਵੱਟ ਕੇ ਫ਼ੇਰ ਵਿਆਹੁੰਣਾ! ਫ਼ੇਰ ਉਲਾਂਭਾ ਕਿਸ ਲਈ ਦਿੰਦੇ ਨੇ ਕਿ ਸਾਡੀ ਨੂੰਹ ਸਾਡੀ ‘ਸੇਵਾ’ ਨਹੀਂ ਕਰਦੀ ਜਾਂ ਸਾਨੂੰ ਚੰਗਾ ਨਹੀਂ ਸਮਝਦੀ? ਜਿਹੜੀ ਨੂੰਹ ਦੀ ਧੌਣ ‘ਤੇ ਗੋਡਾ ਧਰ ਕੇ ਟੈਲੀਵੀਯਨ, ਫ਼ਰਿੱਜ ਜਾਂ ਹੋਰ ਮਨੋਰੰਜਨ ਦੀਆਂ ਚੀਜ਼ਾਂ ਮੰਗਵਾਉਂਦੇ ਹੋ ਅਤੇ ਫਿ਼ਰ ਉਸ ਤੋਂ ਬਾਅਦ ਇਹ ਝਾਕ ਵੀ ਰੱਖਦੇ ਹੋ ਕਿ ਸਾਡੀ ਨੂੰਹ ਸਾਨੂੰ ਚੰਗਾ ਵੀ ਸਮਝੇ ਅਤੇ ਸਾਡੀਆਂ ਲੱਤਾਂ ਵੀ ਘੁੱਟੇ? ਦਿਲ ਉਸ ਨੂੰ ਪ੍ਰਵਾਨ ਕਰਦਾ ਹੈ, ਜੋ ਤੁਹਾਨੂੰ ਪ੍ਰੇਮ ਕਰਦਾ ਹੈ! ਜਿਹੜੀ ਚੀਜ਼ ਨੂੰ ਅੱਖਾਂ ਨਹੀਂ ਝੱਲਦੀਆਂ, ਉਸ ਨੂੰ ਜੀਭ ਕਦ ਝੱਲੇਗੀ? ਮੈਨੂੰ ਇਕ ਗੱਲ ਯਾਦ ਆ ਗਈ। ਮੇਰੀ ਵੱਡੀ ਸਾਲ਼ੀ ਦੇ ਮੁੰਡੇ ਦਾ ਵਿਆਹ ਸੀ। ਵਿਆਹ ‘ਤੇ ਤਾਂ ਮੈਂ ਜਾ ਨਾ ਸਕਿਆ। ਪਰ ਉਸ ਤੋਂ ਬਾਅਦ ਮੈਨੂੰ ਅਤੇ ਮੇਰੇ ਘਰਵਾਲ਼ੀ ਨੂੰ ਮੇਰੀ ਸਾਲ਼ੀ ਅਤੇ ਸਾਢੂ ਨੇ ਵਿਸ਼ੇਸ਼ ਤੌਰ ‘ਤੇ ਸੱਦਿਆ ਅਤੇ ਸਾਨੂੰ ਕੱਪੜੇ ਬਗੈਰਾ ਦਿੱਤੇ ਗਏ। ਮੈਂ ਚਾਹ ਪੀਂਦਿਆਂ ਆਪਣੇ ਸਾਢੂ ਨੂੰ ਪੁੱਛਿਆ, “ਬਾਈ..! ਸਾਰੀ ਜਿ਼ੰਦਗੀ ਤੂੰ ਵੀ ਦਾਜ ਦੇ ਖਿ਼ਲਾਫ਼ ਹੀ ਰਿਹੈਂ ਤੇ ਮੈਂ ਵੀ, ਨਾ ਮੈਂ ਦਾਜ ਲਿਐ ਤੇ ਨਾ ਤੂੰ..! ਤੇ ਹੁਣ ਆਹ ਕੀ ਕਰੀ ਜਾਨੈਂ..?” ਤੇ ਬਾਈ ਆਖਣ ਲੱਗਿਆ, “ਮੈਂ ਕੁਛ ਨ੍ਹੀ ਕੀਤਾ..! ਮੈਂ ਤਾਂ ਆਪਦੇ ਕੁੜਮਾਂ ਨੂੰ ਬਥੇਰਾ ਰੋਕਿਆ, ਪਰ ਉਹ ਕਹਿੰਦੇ ਜੇ ਅਸੀਂ ਲੈਣ ਦੇਣ ਨਾ ਕੀਤਾ ਤਾਂ ਸਾਡਾ ਨੱਕ ਨਹੀਂ ਰਹਿਣਾ..!” ਨਾ ਤਾਂ ਸਾਡੇ ਕੋਲ ਬਾਈ ਦਾ ਕੁੜਮ ਸੀ ਅਤੇ ਨਾ ਹੀ ਮੈਂ ਹੋਰ ਕਿਸੇ ਨਾਲ ਦਲੀਲਬਾਜ਼ੀ ਕਰ ਸਕਦਾ ਸੀ। ਸੋ ਚੁੱਪ ਰਹਿਣਾ ਹੀ ਬਿਹਤਰ ਸਮਝਿਆ। ਮੇਰੇ ਸਾਲ਼ੀ ਸਾਹਿਬਾਂ ਲੋਕਾਂ ਨੂੰ ਹਮੇਸ਼ਾ ਇਕ ਦਲੀਲ ਦਿੰਦੇ ਹੁੰਦੇ ਹਨ ਕਿ ਸਾਡੇ ਪਿਉ ਨੇ ਸਾਨੂੰ ਪਾਲ਼ ਦਿੱਤਾ, ਪੜ੍ਹਾ ਦਿੱਤਾ, ਅਸੀਂ ਦਾਜ ਕਾਹਦੇ ਵਾਸਤੇ ਲਿਆਉਣਾ ਸੀ? ਮੈਂ ਲਿਆਉਣ ਦੇ ਹੱਕ ਵਿਚ ਵੀ ਨਹੀਂ ਹਾਂ! ਪਰ ਹੁਣ ਮੈਂ ਆਪਣੀ ਸਾਲ਼ੀ ਸਾਹਿਬਾਂ ਨੂੰ ਪੁੱਛਣਾ ਚਾਹੁੰਦਾ ਸੀ ਕਿ ਸਾਲ਼ੀ ਸਾਹਿਬਾਂ, ਜੋ ਤੁਹਾਡੀ ਇੰਗਲੈਂਡ ਵਿਚ ਜੰਮੀ ਪਲ਼ੀ ਨੂੰਹ ਆਈ ਹੈ, ਉਸ ਦੇ ਪਿਉ ਨੇ ਉਹ ਅਨਪੜ੍ਹ ਹੀ ਤੁਹਾਡੇ ਘਰੇ ਤੋਰ ਦਿੱਤੀ? ਜੇ ਤੁਹਾਡੀ ਨੂੰਹ ਵੀ ਪੜ੍ਹ ਲਿਖ ਕੇ ਤੁਹਾਡੇ ਘਰ ਆਈ ਹੈ ਤਾਂ ਫਿ਼ਰ ਹੁਣ ਦਾਜ ਕਿਉਂ? ਹੁਣ ਕਿਉਂ ਨਾ ਉਹਨਾਂ ਨੂੰ ਸਖ਼ਤੀ ਨਾਲ਼ ਮਨ੍ਹਾਂ ਕੀਤਾ ਕਿ ਅਸੀਂ ਦਾਜ ਨਹੀਂ ਲੈਣਾਂ? ਫਿ਼ਰ ਪਿੰਡਾ ਅਗਾਂਹ ਤੇ ਪੁੱਤਾ ਪਿਛਾਂਹ ਦਾ ਸਿਧਾਂਤ ਕਿਉਂ? ਪਰ ਤੁਹਾਡੀ ਦਲੀਲ ਵੀ ਉਥੇ ਚੱਲਦੀ ਹੈ, ਜਿੱਥੇ ਕੋਈ ਤੁਹਾਡੀ ਦਲੀਲ ਸੁਣਨ ਵਾਲ਼ਾ ਹੋਵੇ! ਨਹੀਂ ਕੱਟੇ ਦੇ ਅੱਗੇ ਵੰਝਲੀ ਵਜਾਉਣ ਦਾ ਕੋਈ ਫ਼ਾਇਦਾ ਨਹੀਂ ਕਿਉਂਕਿ ਉਸ ਨੂੰ ਸੁਰਾਂ ਦੀ ਸਮਝ ਨਹੀਂ ਹੁੰਦੀ! ਉਸ ਨੂੰ ਤਾਂ ਗੋਹੇ ਨਾਲ਼ ਲਿੱਬੜੀ ਪੂਛ ਘੁੰਮਾ ਕੇ ਮੂੰਹ ‘ਤੇ ਮਾਰਨ ਦੀ ਹੀ ਜਾਂਚ ਹੁੰਦੀ ਹੈ! ਜੇ ਅਗਲਾ ਆਪ ਦੀ ਦਲੀਲ ਜਬਰੀ ਮੰਨਵਾਉਣ ਲਈ ਆਖੇ ਕਿ ਜੀ ਅਸੀਂ ਤਾਂ ਕੁਛ ਮੰਗਿਆ ਹੀ ਨਹੀਂ ਸੀ, ਅਗਲੇ ਨੇ ਆਪਦੀ ਕੁੜੀ ਨੂੰ ਸ਼ਰੀਕੇ ਕਬੀਲੇ ਵਿਚ ਆਪਣਾ ‘ਨੱਕ’ ਰੱਖਣ ਮੱਲੋਮੱਲੀ ਦੇ ਦਿੱਤਾ, ਤਾਂ ਕੀ ਉਥੇ ਦਾਜ ਲੈਣ ਵਾਲ਼ੇ ਦਾਜ ਲੈਣ ਦੇ ਦੋਸ਼ ਤੋਂ ਮੁਕਤ ਹੋ ਗਏ?

ਹਰ ਮਾਂ-ਬਾਪ ਨੂੰ ਆਪਣੇ ਧੀ-ਪੁੱਤ ਜੁਆਨ ਹੋਣ ਅਤੇ ਜੁਆਨ ਦੇਖਣ ਦਾ ਚਾਅ ਹੁੰਦਾ ਹੈ। ਜੁਆਨ ਹੋਣ ‘ਤੇ ਪੁੱਤ ਨੂੰ ਵਿਆਹ ਕੇ ਨੂੰਹ ਘਰੇ ਲਿਆਉਣ ਦਾ ਉਤਨਾਂ ਚਾਅ ਨਹੀਂ ਹੁੰਦਾ, ਜਿੰਨਾਂ ਨੂੰਹ ਦੇ ਦਾਜ ਆਉਣ ਦਾ ਚਾਅ ਹੁੰਦਾ ਹੈ। ਜਦ ਨੂੰਹ ਘਰ ਆਉਂਦੀ ਹੈ ਤਾਂ ਘਰ ਵਾਲ਼ੇ ਮੱਝ ਵਾਂਗ ਸੰਗਲ਼ ਜਿਹੇ ਤੁੜਾ ਕੇ ਦਾਜ ਨੂੰ ਪੱਬਾਂ ਭਾਰ ਹੋ ਕੇ ਦੇਖਦੇ ਹਨ। ਜੇ ਕਿਸੇ ਗਰੀਬ ਨੇ ਦਾਜ ਘੱਟ ਦਿੱਤਾ ਹੋਵੇ ਤਾਂ ਸੌ ਨੱਕ ਬੁੱਲ੍ਹ ਮਾਰੇ ਜਾਂਦੇ ਨੇ ਅਤੇ ਨਵੀਂ ਵਿਆਹੀ ਆਈ ਦੇ ਨਾਸੀਂ ਧੂੰਆਂ ਲਿਆਂਦਾ ਜਾਂਦਾ ਹੈ, “ਤੇਰੇ ਪਿਉ ਨੇ ਤਾਂ ਬੜਾ ਨਿੱਕਾ ਕੱਤਿਆ ਕੁੜ੍ਹੇ..!” ਅੱਜ ਦੇ ਜ਼ਮਾਨੇ ਵਿਚ ਵਿਚ ਕਈ ਬੇਕਿਰਕ ਮਾਪੇ ਆਪਣੇ ‘ਸੁੱਖੀ ਲੱਧੇ’ ਪੁੱਤ ਦਾ ‘ਸੌਦਾ’ ਕਰਕੇ ਸਹੁਰੇ ਘਰੋਂ ਲਹੂ-ਪਸੀਨੇ ਨਾਲ਼ ਕਮਾਇਆ ਧਨ ‘ਮੁੱਛ’ ਲਿਆਉਂਦੇ ਹਨ ਅਤੇ ਸ਼ਰੀਕੇ ਕਬੀਲੇ ਵਿਚ ਆਪਣੀ ਹੈਂਕੜ ਨੂੰ ਖਲ਼ ਚਾਰਦੇ ਹਨ! ਇਹੀ ਕਾਰਨ ਹੈ ਕਿ ਅੱਜ ਕੱਲ੍ਹ ਦਿਲਾਂ ਦਾ ਪਿਆਰ ਸਤਿਕਾਰ ਤਾਂ ਮਾਨੁੱਖਤਾ ਵਿਚੋਂ ਖੰਭ ਲਾ ਕੇ ਉਡ ਗਿਆ ਹੈ। ਜਿਹੜੀ ਨੂੰਹ ਮਜਬੂਰੀ ਕਾਰਨ ਆਪਣੇ ਮਾਂ-ਬਾਪ ਦੇ ਗਲ਼ ‘ਤੇ ਆਰੀ ਧਰ ਕੇ ਦਾਜ ਲੈ ਕੇ ਆਈ ਹੁੰਦੀ ਹੈ, ਸਹੁਰੇ ਘਰ ਪੈਰ ਲੱਗਣ ‘ਤੇ ਉਹ ਸਾਰੀ ਉਮਰ ਆਪਣੇ ਸਹੁਰੇ ਘਰ ਨੂੰ ਕੋਸਦੀ ਪਿੱਟਦੀ ਰਹਿੰਦੀ ਹੈ ਅਤੇ ਕਦੇ ਕਦੇ ਗੱਲ ਤਲਾਕ ‘ਤੇ ਜਾ ਕੇ ਨਿੱਬੜਦੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਕੁੜੀ ਦਾ ਪੇਕਾ ਘਰ ਫ਼ਸਿਆ ਫ਼ਸਾਇਆ ਇਕ ਵਾਰ ਤਾਂ ਦਾਜ ਦੇਣ ਦਾ ‘ਹੂਲ਼ਾ’ ਫ਼ੱਕ ਲੈਂਦਾ ਹੈ। ਪਰ ਕੁੜੀ ਸਾਰੀ ਜਿ਼ੰਦਗੀ ਸਹੁਰੇ ਘਰ ਨਾਲ਼ ਮਨ ਨਹੀਂ ਮਿਲ਼ਾਉਂਦੀ! ਉਹਨਾਂ ਨੂੰ ਅੱਖ-ਤਿਣ ਹੀ ਰੱਖਦੀ ਹੈ!

ਇਸ ਦਾ ਦੂਜਾ ਪੱਖ ਇਹ ਹੈ ਕਿ ਜਦ ਧੀ ਧਰੇਕ ਵਾਂਗ ਦਿਨੋਂ ਦਿਨ ਜੁਆਨ ਹੋਣ ਲੱਗਦੀ ਹੈ ਤਾਂ ਉਸ ਦੇ ਵਿਆਹ ਦੀ ਚਿੰਤਾ ਮਾਪਿਆਂ ਦੇ ਦਿਲ ਨੂੰ ਖੋਰਨ ਲੱਗਦੀ ਹੈ ਅਤੇ ਇਸ ਦੇ ਨਾਲ਼ ਨਾਲ਼ ਦਾਜ ਦੀ ਸੋਚ ਦਹਿਲੀਜਾਂ ਆਣ ਟੱਪਦੀ ਹੈ। ਖ਼ਾਸ ਤੌਰ ‘ਤੇ ਇਹ ਸੋਚ ਮਾਪਿਆਂ ਦੀ ਮਾਨਸਿਕਤਾ ‘ਤੇ ਘਰੂਟ ਮਾਰਨ ਲੱਗਦੀ ਹੈ ਅਤੇ ਜਜ਼ਬਾਤਾਂ ਨੂੰ ਖੁਰਚਦੀ ਹੈ। ਮੇਰੇ ਬਾਈ ਕੁਲਦੀਪ ਮਾਣਕ ਨੇ ਇਕ ਵਾਰ ਕਿਹਾ ਸੀ ਕਿ ਜੇ ਸਾਡੇ ਸਮਾਜ ਵਿਚ ਦਾਜ ਦਾ ਕੋਹੜ੍ਹ ਨਾ ਹੁੰਦਾ ਤਾਂ ਧੀ ਨੂੰ ਕੋਈ ਬੁਰਾ ਨਾ ਆਖਦਾ। ਇਸ ਬਾਰੇ ਸਟੇਜ਼ਾਂ ਉਪਰ ਹਿੱਕ ‘ਤੇ ਧੱਫ਼ੇ ਮਾਰ ਕੇ ਟਾਹਰਾਂ ਮਾਰਨ ਵਾਲਿ਼ਆਂ ਨੂੰ ਵਿਚਾਰ ਕਰਨੀ ਚਾਹੀਦੀ ਹੈ! ਸਾਡੇ ਸਮਾਜ ਵਿਚ ਉਹ ‘ਗਿੱਦੜਮਾਰ’ ਵੀ ਹਨ, ਜਿੰਨ੍ਹਾਂ ਦੀ ਕਥਨੀ ਅਤੇ ਕਰਨੀ ਕਦੇ ਵੀ ਹਾਣੀ ਹੋ ਕੇ ਨਹੀਂ ਤੁਰਦੀ, ਸਗੋਂ ਜੋ ਉਹ ਦਾਅਵੇ ਕਰਦੇ ਹਨ, ਉਸ ਤੋਂ ਸਰਾਸਰ ਉਲਟ ਚੱਲਦੇ ਹਨ! ਮੁੰਡੇ ਵਾਲਿ਼ਆਂ ਵੱਲੋਂ ਮੂੰਹ ਪਾੜ ਕੇ ਮੰਗਣਾ ਅਤੇ ਕੁੜੀ ਵਾਲਿ਼ਆਂ ਵੱਲੋਂ ਉਹਨਾਂ ਦੇ ਬੋਲਾਂ ‘ਤੇ ‘ਫ਼ੁੱਲ’ ਚੜਾਉਣਾ ਇਕ ਮਜਬੂਰੀ ਬਣ ਕੇ ਰਹਿ ਗਿਆ ਹੈ! ਘੱਟ ਦਾਜ ਦੇਣ ‘ਤੇ ਅਗਲੇ ਦੀ ਧੀ ਦੀ ਜਿ਼ੰਦਗੀ ਸਿ਼ਕਾਰੀਆਂ ਦੀ ਮਾਰ ਵਿਚ ਆਏ ਖ਼ਰਗੋਸ਼ ਵਰਗੀ ਬਣ ਜਾਂਦੀ ਹੈ! ਸਹੁਰੇ ਘਰ ਅਤੀਅੰਤ ਘ੍ਰਿਣਾਂ ਭਰਿਆ ਵਤੀਰਾ ਅਤੇ ਪਸ਼ੂਆਂ ਵਰਗਾ ਵਰਤਾਉ ਉਹਨਾਂ ਦਾ ਜਿਉਣਾ ਮੁਹਾਲ ਕਰੀ ਰੱਖਦਾ ਹੈ। ਕਿਸੇ ਮਿੱਤਰ ਨੇ ਇਕ ਗੱਲ ਸੁਣਾਈ। ਇਕ ਵਾਰ ਕਿਸੇ ਦੇ ਘਰ ਕੋਈ ਮਹਿਮਾਨ ਆ ਗਿਆ। ਮਾਂ ਨੇ ਪੁੱਤ ਸੱਜਰਾ ਹੀ ਵਿਆਹਿਆ ਸੀ। ਦਾਜ ਘੱਟ ਲਿਆਉਣ ਕਰਕੇ ਨੂੰਹ ‘ਤੇ ਤਾਂ ਮਾਤਾ ਜੀ ਪਹਿਲਾਂ ਹੀ ਅੱਕੇ ਰਹਿੰਦੇ ਸਨ। ਆਂਢ ਗੁਆਂਢ ਅਤੇ ਸ਼ਰੀਕੇ ਵਿਚ ਤਾਂ ਮਾਤਾ ਜੀ ਦਾ ਨੱਕ ‘ਵੱਢਿਆ’ ਗਿਆ ਸੀ! ਐਹੋ ਜਿਹੀਆਂ ਸੱਸਾਂ ਦੇ ਤਾਂ ਰੱਬ ਨੂੰ ਨੱਕ ਨਹੀਂ, ਹਾਥੀ ਦੀ ਸੁੰਡ ਲਾਉਣੀ ਚਾਹੀਦੀ ਸੀ। ਜੇ ਪੰਜ ਸੱਤ ਨੂੰਹਾਂ ਦੇ ਆਉਣ ‘ਤੇ ਹਰ ਵਾਰ ਨੱਕ ਚਾਰ ਉਂਗਲਾਂ ਵੱਢਿਆ ਵੀ ਜਾਂਦਾ ਤਾਂ ਸਾਹ ਜੋਕਰਾ ਤਾਂ ਫ਼ੇਰ ਵੀ ਬਾਕੀ ਬਚ ਜਾਂਦਾ। ….ਖ਼ੈਰ, ਅੱਤ ਦੀ ਗਰਮੀ ਹੋਣ ਕਾਰਨ ਅੱਕਲ਼ਕਾਨ ਹੋਏ ਮਹਿਮਾਨ ਨੇ ਆ ਕੇ ਠੰਢੇ ਪਾਣੀ ਦੀ ਮੰਗ ਰੱਖੀ ਤਾਂ ਸੱਸ ਘਰੋੜਵੇਂ ਸ਼ਬਦਾਂ ਵਿਚ ਬੋਲੀ, “ਕੁੜ੍ਹੇ ਨੂੰਹ ਰਾਣੀ..! ਆਹ ਤੇਰੇ ਮਾਸੜ ਜੀ ਆਏ ਨੇ..! ਇਹਨਾਂ ਨੂੰ ਠੰਢਾ ਪਾਣੀ ਲਿਆ ਕੇ ਦੇਹ ਫ਼ਰਿੱਜ ‘ਚੋਂ, ਜਿਹੜਾ ਤੇਰੇ ਪੇਕਿਆਂ ਨੇ ਦਿੱਤਾ ਸੀ..!” ਅਸਲ ਵਿਚ ਨੂੰਹ ਰਾਣੀ ਦਾਜ ਵਿਚ ਕੋਈ ਫ਼ਰਿੱਜ ਲੈ ਕੇ ਹੀ ਨਹੀਂ ਆਈ ਸੀ। ਉਸੇ ਦਿਨ ਨੂੰਹ ਰਾਣੀ ਨੇ ਆਪਣੇ ਬਾਪ ਦੀ ਹਿੱਕ ‘ਤੇ ਅੜੀ ਦੀ ਬੰਦੂਕ ਧਰ ਲਈ ਕਿ ਮੈਨੂੰ ਜਲਦੀ ਫ਼ਰਿੱਜ ਲਿਆ ਕੇ ਭੇਜੋ, ਜਿੱਥੋਂ ਮਰਜ਼ੀ ਐ ਪੈਸਿਆਂ ਦਾ ਪ੍ਰਬੰਧ ਕਰੋ! ਮੈਨੂੰ ਸਹੁਰੇ ਘਰ ਵਿਚ ਨਿੱਤ ਤਾਹਨੇ ਮਿਹਣੇ ਮਿਲ਼ਦੇ ਨੇ। ਦੱਸੋ ਉਹ ਨੂੰਹ ਸਹੁਰੇ ਘਰ ਨੂੰ ਕਿਵੇਂ ਚੰਗਾ ਸਮਝੇਗੀ, ਜਿਸ ਨੂੰ ਰਿਸ਼ਤੇਦਾਰਾਂ ਵਿਚ ਸ਼ਰੇਆਮ ‘ਨਸ਼ਤਰ’ ਲਾਏ ਜਾ ਰਹੇ ਹਨ?

ਦਾਜ ਦਹੇਜ ਕਾਰਨ ਮਾਰ ਮਰਾਈ ਅਜੇ ਵੀ ਜਾਰੀ ਹੈ, ਜੋ ਵਾਕਿਆ ਹੀ ਚਿੰਤਾਜਨਕ ਹੈ! ਇਕ ਚੰਗੀ ਪੜ੍ਹੀ ਲਿਖੀ, ਅਮੀਰ ਘਰਾਣੇ ਦੀ ਕੁੜੀ ਮੇਰੇ ਸਾਹਮਣੇ ਟਾਹਰਾਂ ਮਾਰ ਰਹੀ ਸੀ, “ਕੁੱਸਾ ਜੀ, ਮੈਂ ਤਾਂ ਆਬਦੇ ਮਾਂ ਬਾਪ ਨੂੰ ਸ਼ਰੇਆਮ ਠੋਕ ਕੇ ਕਿਹਾ ਹੋਇਐ, ਬਈ ਜੇ ਤੁਸੀਂ ਮੇਰੇ ਵਿਆਹ ‘ਤੇ ਪੱਚੀ ਤੀਹ ਲੱਖ ਲਵੋਂਗੇ, ਮੈਂ ਤਾਂ ਵਿਆਹ ਕਰੂੰਗੀ, ਨਹੀਂ ਮੈਂ ਵਿਆਹ ਈ ਨ੍ਹੀ ਕਰਵਾਉਣਾ…!” ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਦੇ ਘਰਦੇ ਪੱਚੀ ਤੀਹ ਤਾਂ ਕੀ, ਪੰਜਾਹ ਲੱਖ ਲਾਉਣ ਦੀ ਸਮਰੱਥਾ ਵੀ ਰੱਖਦੇ ਸਨ। ਪਰ ਇਹ ਸਾਰਾ ਅਡੰਬਰ ਕਾਹਦੇ ਵਾਸਤੇ? ਮੈਂ ਉਸ ਕੁੜੀ ਨੂੰ ਕਿਹਾ, “ਜੇ ਕੋਈ ਅਣਪੜ੍ਹ ਕੁੜੀ ਮੈਨੂੰ ਆਹ ਗੱਲ ਆਖ ਦਿੰਦੀ ਤਾਂ ਮੈਂ ਗੁੱਸਾ ਗਿ਼ਲਾ ਨਾ ਕਰਦਾ..! ਪਰ ਤੇਰੀ ਪੜ੍ਹੀ ਲਿਖੀ ਸੋਚ ‘ਤੇ ਮੈਨੂੰ ਤਰਸ ਨਹੀਂ ਆਉਂਦਾ, ਅਫ਼ਸੋਸ ਹੋ ਰਿਹੈ!” ਉਹ ਬੇਪਰਵਾਹ ਹੋ ਕੇ ਆਖਣ ਲੱਗੀ, “ਕੁੱਸਾ ਜੀ, ਬੰਦਾ ਇਕ ਵਾਰੀ ਜਿਉਂਦੈ ਤੇ ਸ਼ਾਦੀ ਦੀ ਖ਼ੁਸ਼ੀ ਵੀ ਜਿ਼ੰਦਗੀ ਵਿਚ ਇਕ ਵਾਰ ਆਉਂਦੀ ਐ..!” ਉਸ ‘ਪੜ੍ਹੀ ਲਿਖੀ’ ਕੁੜੀ ਨਾਲ਼ ਮੈਂ ਮਗਜ਼ਮਾਰੀ ਕਰਨੀ ਆਪਣੀ ਬੇਵਕੂਫ਼ੀ ਸਮਝੀ। ਮੈਂ ਉਸ ਨੂੰ ਕਹਿਣ ਤਾਂ ਲੱਗਿਆ ਸੀ ਕਿ ਜੇ ਤੇਰੇ ਵਰਗੀਆਂ ਪੜ੍ਹੀਆਂ ਲਿਖੀਆਂ ਸਮਾਜ ਨੂੰ ਸੁਧਾਰਨ ਦੀ ਵਜਾਏ ਬਾਪ ਦੇ ਅਮੀਰਪੁਣੇ ਦੀ ਧੌਂਸ ਵਿਚ ਕੁਰਾਹੇ ਲਈ ਜਾ ਰਹੀਆਂ ਹਨ, ਤਾਂ ਅਨਪੜ੍ਹਾਂ ਨੂੰ ਕੀ ਮਿਹਣਾ ਦੇਣਾ ਹੋਇਆ? ਚੱਲ ਉਸ ਕੁੜੀ ਦਾ ਬਾਪ ਤਾਂ ਪੱਚੀ ਤੀਹ ਲੱਖ ਦੇਣ ਦੀ ਸਮਰੱਥਾ ਰੱਖਦਾ ਹੈ, ਦੇ ਵੀ ਦੇਵੇਗਾ! ਪਰ ਜਿੰਨ੍ਹਾਂ ਕੋਲ਼ ਪੱਚੀ ਤੀਹ ਲੱਖ ਨਹੀਂ, ਉਹ ਕੀ ਕਰਨ? ਭੇਡ ਨੂੰ ਦੇਖ ਕੇ ਭੇਡ ਖੂਹ ਵਿਚ ਤਾਂ ਛਾਲ਼ ਮਾਰੇਗੀ ਹੀ ਮਾਰੇਗੀ, ਪਿਉ ਚਾਹੇ ਕਰਜ਼ਾਈ ਹੋ ਕੇ ਕਿਸੇ ਗੱਡੀ ਥੱਲੇ ਆ ਜਾਵੇ ਜਾਂ ਜ਼ਹਿਰ ਪੀ ਕੇ ਖ਼ੁਦਕਸ਼ੀ ਹੀ ਕਰ ਲਵੇ! ਉਹ ਕੁੜੀ ਵਾਰ ਵਾਰ ਇੱਕੋ ਗੱਲ ‘ਤੇ ਜੋਰ ਦੇ ਰਹੀ ਸੀ ਕਿ ਮੇਰੇ ਨਾਲ਼ ਜੋ ਕੁੜੀਆਂ ਕਾਲਜ ਵਿਚ ਪੜ੍ਹਦੀਆਂ ਸਨ, ਉਹਨਾਂ ਨੂੰ ਮੈਂ ਨਿੱਤ ਆਖ ਕੇ ਚਿੜਾਉਂਦੀ ਹੁੰਦੀ ਸੀ ਕਿ ਮੈਂ ਤੁਹਾਡੇ ਸਾਰੀਆਂ ਨਾਲ਼ੋਂ ਵੱਧ ਦਾਜ ਲੈ ਕੇ ਜਾਵਾਂਗੀ ਤੇ ਪੱਚੀ ਤੀਹ ਲੱਖ ਵਿਆਹ ‘ਤੇ ਖ਼ਰਚ ਕਰਵਾਵਾਂਗੀ, ਤੇ ਉਹ ਗੱਲ ਮੈਂ ਪੂਰੀ ਕਰ ਕੇ ਹਟਣੀ ਹੈ ਤੇ ਕੁੜੀਆਂ ਨੂੰ ਕਰ ਕੇ ਵੀ ਦਿਖਾਉਣਾ ਹੈ, ਮੇਰੇ ਨਾਲ਼ ਪੜ੍ਹਦੀ ਕੁੜੀ ਦੇ ਪਿਉ ਨੇ ਉਸ ਦੇ ਵਿਆਹ ‘ਤੇ ਵੀਹ ਲੱਖ ਖਰਚਿਆ ਸੀ, ਤੇ ਮੈਂ ਆਪਦੇ ਬਾਪ ਤੋਂ ਪੱਚੀ ਜਾਂ ਤੀਹ ਲੱਖ ਲੁਆਵਾਂਗੀ…! ਦੱਸੋ ਇਹੋ ਜਿਹੀ ਕੁੜੀ ਨੂੰ ਬੰਦਾ ਕੀ ਆਖੇ? ਖਾੜਕੂਵਾਦ ਵੇਲ਼ੇ ਲੋਕਾਂ ਨੂੰ ਇਸ ਪੱਖੋਂ ਜ਼ਰੂਰ ਕੁਝ ਸੁਖ ਦਾ ਸਾਹ ਆਇਆ ਸੀ। ਪਰ ਲਹਿਰ ਦੇ ਦਬਣ ਤੋਂ ਬਾਅਦ ਉਹੀ ਬੈਹਾਂ ਅਤੇ ਉਹੀ ਕੁਹਾੜੀ ਖੜ੍ਹੀ ਹੋ ਗਈ।

ਮੈਂ ਨਿੱਜੀ ਤੌਰ ‘ਤੇ ਕਈ ਧਰਮ ਦੇ ‘ਠੇਕੇਦਾਰ’ ਵੀ ਦੇਖੇ ਹਨ, ਜੋ ਆਪਣੇ ਆਪ ਨੂੰ ਬੜੇ ‘ਧਰਮੀ’ ਅਤੇ ਅਸੂਲਾਂ ਦੇ ਨਾਨੇ ਅਖਵਾਉਂਦੇ ਹਨ। ਪਰ ਅੰਦਰੋਂ ਕੀ ਹਨ…? “ਤੇਰਾ ਹੀ ਆਸਰਾ” ਕਹਿ ਕੇ ਜ਼ੁਲਮ ਢਾਹੁੰਣ ਵਾਲ਼ੇ ਬੁੱਚੜ, ਅਹਿਸਾਨ ਫ਼ਰਾਮੋਸ਼, ਅਕ੍ਰਿਤਘਣ, ਹਾਉਮੈ-ਗ੍ਰਸੇ ਅਤੇ ਅੱਤ ਦੇ ਲਾਲਚੀ, ਖ਼ੂਨੀ ਕੁੱਤੇ ਹਨ! ਜੋ ਡਰਾਵੇ ਦੇ ਕੇ ਜਾਂ ਫਿ਼ਰ ਤਰ੍ਹਾਂ ਤਰ੍ਹਾਂ ਦੇ ਪੱਤੇ ਖੇਡ ਕੇ ਆਪਣੇ ਨਿੱਜੀ ਸੁਆਰਥਾਂ ਲਈ ਮਜਬੂਰ ਰਿਸ਼ਤੇਦਾਰਾਂ ਨੂੰ ਵਰਤਦੇ ਹਨ। ਉਹਨਾਂ ਦੀ ਸੌੜੀ ਸੋਚ ਸਿਰਫ਼ ਆਪਣੇ ਮਤਲਬ ਤੱਕ ਹੀ ਸੀਮਤ ਰਹਿੰਦੀ ਹੈ! ਮਨੁੱਖ ਨੂੰ ਕਤਲ ਕਰਨਾ ਕਿਸ ਧਰਮ ਨੇ ਦੱਸਿਆ ਹੈ? ਸਾਡੇ ਗੁਰੂ ਤਾਂ “ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ” ਦਾ ਹੋਕਾ ਹੀ ਦਿੰਦੇ ਹਨ!

ਮੈਂ ਤਾਂ ਇਸ ਗੱਲ ‘ਤੇ ਹੀ ਜੋਰ ਦਿਆਂਗਾ ਕਿ ਕਸੂਰ ਜਿੰਨਾਂ ਦਾਜ ਲੈਣ ਵਾਲਿ਼ਆਂ ਦਾ ਹੈ, ਉਸ ਤੋਂ ਕਿਤੇ ਵੱਧ ਦਾਜ ਦੇਣ ਵਾਲਿ਼ਆਂ ਦਾ ਹੈ! ਆਮ ਦੇਖਣ ਵਿਚ ਆਉਂਦਾ ਹੈ ਕਿ ਉਸੇ ਲੜਕੀ ਨੂੰ ਹੀ ਜਿ਼ਆਦਾ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ, ਜੋ ਵੱਧ ਤੋਂ ਵੱਧ ਦਾਜ ਲੈ ਕੇ ਆਉਂਦੀ ਹੈ! ਕੁੱਤੇ ਦੇ ਮੂੰਹ ਨੂੰ ਲਹੂ ਲੱਗਿਆ, ਕਦੋਂ ਭਲੀ ਗੁਜ਼ਾਰਦਾ ਹੈ? ਵਾਰਦਾਤਾਂ ਦੇਖ ਸੁਣ ਅਤੇ ਪੜ੍ਹ ਕੇ ਸੋਚੀਦਾ ਹੈ ਕਿ ਜ਼ਮਾਨਾ ਇਤਨਾ ਜ਼ਾਲਮ ਕਿਉਂ ਬਣਦਾ ਜਾ ਰਿਹਾ ਹੈ? ਮਨੁੱਖ ਦੀ ਮਤਲਬ-ਪ੍ਰਸਤ ਸੋਚ ਕਿਉਂ ਇਤਨੀ ਪਤਲੀ ਪੈਂਦੀ ਜਾ ਰਹੀ ਹੈ? ਲੋਭੀਆਂ ਨੂੰ ਰੱਬ ਦਾ ਡਰ ਭੈਅ ਕਿਉਂ ਨਹੀਂ ਰਿਹਾ? ਮਨੁੱਖਤਾ ਇਤਨੀ ਕੁਰਾਹੇ ਕਿਉਂ ਪੈਂਦੀ ਜਾ ਰਹੀ ਹੈ? ਇਹ ਨੌਜਵਾਨ, ਇੱਕੀਵੀਂ ਸਦੀ ਵਿਚ ਵਿਚਰਦੀ ਪੜ੍ਹੀ ਲਿਖੀ ਪੀੜ੍ਹੀ ਵੀ ਕਿਉਂ ਹਨ੍ਹੇਰੇ ਭਰੇ ਰਸਤਿਆਂ ਨੂੰ ਅੰਨ੍ਹੇਵਾਹ ਅਪਣਾਉਂਦੀ ਜਾ ਰਹੀ ਹੈ? ਇਸ “ਤਰੱਕੀ ਕਰ ਰਹੇ” ਸਮਾਜ ਵਿਚੋਂ ਇਹ ਊਣਤਾਈਆਂ ਅਤੇ ਖੋਟਾਂ ਕਦੋਂ ਨਿਕਲਣਗੀਆਂ? ਦਿਸ਼ਾਹੀਣ ਹੋਇਆ ਸਮਾਂ ਆਪਣੀਆਂ ਮੁਹਾਰਾਂ ਕਦੋਂ ਮੋੜੇਗਾ? ਇਕ ਗੱਲ ਹੋਰ ਵੀ ਦੱਸਦਾ ਜਾਵਾਂ..! ਇਕ ਜ਼ਾਲਮ ਟੱਬਰ ਆਪਣੀ ਨੂੰਹ ਨੂੰ ਰੱਜ ਕੇ ਕੁੱਟਦਾ ਮਾਰਦਾ ਰਿਹਾ। ਅਖੀਰ ਉਸ ਨਿਭਾਗੀ ਕੁੜੀ ਦਾ ਅੰਤ ਉਸ ਦੀ ਮੌਤ ਨਾਲ਼ ਹੋਇਆ। ਇਕ ਦਿਨ ਉਹਨਾਂ ਦਾ ਨੌਕਰ ਦੁੱਧ ਦਾ ਡਰੰਮ ਚੁੱਕੀ ਆ ਰਿਹਾ ਸੀ। ਉਸ ਪ੍ਰੀਵਾਰ ਦਾ ‘ਅੱਤ ਪਿਆਰਾ’ ਪਾਲਤੂ ਕੁੱਤਾ ਨੌਕਰ ਦੇ ਪੈਰ ਚੱਟਣ ਆ ਲੱਗਿਆ। ਨੌਕਰ ਦੇ ਕੁਤਕੁਤੀਆਂ ਜਿਹੀਆਂ ਨਿਕਲਣ ਲੱਗ ਪਈਆਂ ਅਤੇ ਉਸ ਨੇ ਦੁੱਧ ਡੁੱਲ੍ਹਣ ਦੇ ਡਰੋਂ ਕੁੱਤੇ ਦੇ ਪੋਲੀ ਜਿਹੀ ਲੱਤ ਮਾਰ ਦਿੱਤੀ। ਬੱਸ ਫਿ਼ਰ ਕੀ ਸੀ…? ਨੌਕਰ ਦੀ ਸ਼ਾਮਤ ਆ ਗਈ ਅਤੇ ਕੁੱਤਾ-ਪ੍ਰੇਮੀ ਟੱਬਰ ਨੇ ਉਸ ਦੀ ਕੁੱਟ ਕੁੱਟ ਕੇ ਲੱਤ ਤੋੜ ਦਿੱਤੀ। ਇਸ ਦਾ ਮਤਲਬ ਕੀ ਹੋਇਆ..? ਕਿ ਉਸ ਬੇਰਹਿਮ ਟੱਬਰ ਨੂੰ ਆਪਣੀ ਨੂੰਹ ਨਾਲ਼ੋਂ ਜਿ਼ਆਦਾ ਆਪਣਾ ਪਾਲਤੂ ਕੁੱਤਾ ਪਿਆਰਾ ਸੀ ਅਤੇ ਉਸੇ ਕੁੱਤੇ ਦੀ ਖਾਤਰ ਗ਼ਰੀਬ ਨੌਕਰ ਦੀ ਲੱਤ ਵੀ ਤੋੜੀ ਗਈ। ਮੈਂ ਨਹੀਂ ਕਹਿੰਦਾ ਕਿ ਬੇਜ਼ੁਬਾਨ ਜਾਨਵਰ ਨੂੰ ਪ੍ਰੇਮ ਨਹੀਂ ਕਰਨਾ ਚਾਹੀਦਾ। ਪਰ ਜਾਨਵਰ ਦੇ ਨਾਲ਼ ਨਾਲ਼ ਇਨਸਾਨ ਅਤੇ ਇਨਸਾਨੀਅਤ ਨੂੰ ਵੀ ਮੋਹ ਕਰਨਾ ਚਾਹੀਦਾ ਹੈ! ਤੀਜੇ ਪਾਤਿਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਫ਼ੁਰਮਾਇਆ ਹੈ, “ਗੁਣਵੰਤੀ ਸਚੁ ਪਾਇਆ ਤ੍ਰਿਸਨਾ ਤਜਿ ਵਿਕਾਰ।। ਗੁਰ ਸਬਦੀ ਮਨੁ ਰੰਗਿਆ ਰਸਨਾ ਪ੍ਰੇਮ ਪਿਆਰਿ।।”

ਆਪਣੀਆਂ ਧੀਆਂ-ਭੈਣਾਂ ਦੇ ਸਿਵੇ ਦੀ ਅੱਗ ਸੇਕਦੇ ਪੰਜਾਬੀਓ! ਹੰਭਲਾ ਮਾਰਨ ਦੀ ਲੋੜ ਹੈ। ਤੁਸੀਂ “ਪਹਿਲੇ ਆਪ – ਪਹਿਲੇ ਆਪ” ਕਰਦੇ ਕਰਦੇ ਗੱਡੀਆਂ ਲੰਘਾਈ ਜਾ ਰਹੇ ਹੋ! ਚੁੱਪ ਕਰਕੇ ਕਾਤਲਾਂ ਦੇ ਚਿਹਰੇ ਪੜ੍ਹਨ ਦੀ ਲੋੜ ਨਹੀਂ! ਜ਼ਾਲਮ ਅਤੇ ਜ਼ੁਲਮ ਨਾਲ਼ ਟੱਕਰ ਲੈਣ ਦੀ ਲੋੜ ਹੈ! ਇਹ ਬਰਬਾਦੀ ਵੱਲ ਤੁਰਿਆ ਸਮਾਜ ਛੇਤੀ ਕੀਤੇ ਸਹੀ ਦਿਸ਼ਾ ਵੱਲ ਆਉਣ ਵਾਲ਼ਾ ਨਹੀਂ। ਇਸ ਲਾਲਚ ਤੋਂ ਵਿੱਥ ਰੱਖ ਕੇ ਆਪਣੀਆਂ ਧੀਆਂ-ਭੈਣਾਂ ਦੀ ਇੱਜ਼ਤ ਨੂੰ ਇੱਜ਼ਤ, ਜਾਨ ਨੂੰ ਜਾਨ ਅਤੇ ਇਨਸਾਨ ਨੂੰ ਇਨਸਾਨ ਸਮਝੋ! ਦਾਜ ਮੰਗ ਕੇ ਘੱਟੋ ਘੱਟ ਪੰਜਾਬ ਦੇ ਨਾਂ ‘ਤੇ ਕਲੰਕ ਨਾ ਬਣੋਂ! ਇਹ ਗੁਰੂਆਂ-ਫ਼ਕੀਰਾਂ ਦੀ ਰਹਿਮਤ ਵਾਲ਼ੀ ਧਰਤੀ ਹੈ! ਹੌਸਲੇ ਨਾਲ਼ ਨਵੀਂ ਨਰੋਈ ਦੁਨੀਆਂ ਸਿਰਜਣ ਦਾ ਸੰਕਲਪ ਲੈਣਾ ਨਾਜ਼ੁਕ ਸਮੇਂ ਦੀ ਜ਼ਰੂਰਤ ਹੈ। ਕੁਰਾਹੇ ਪਏ ਸਮਾਜੀਆਂ ਨੂੰ ਇਕ ਮੁੱਠ ਹੋ ਕੇ ਲਾਹਣਤਾਂ ਪਾਉਣ ਦੀ ਲੋੜ ਹੈ! ਜਿੰਨਾਂ ਘਰ ਫ਼ੂਕ ਕੇ ਤਮਾਸ਼ਾ ਦੇਖੀ ਜਾਓਗੇ, ਦਾਜ ਦੇ ਲਾਲਚੀਆਂ ਦੇ ਹੌਸਲੇ ਹੋਰ ਬੁਲੰਦ ਹੋਣਗੇ। ਲੋੜ ਹੈ ਇਸ ਨੂੰ ਨੱਥ ਕੇ ਠੱਲ੍ਹ ਪਾਉਣ ਦੀ! ਜੋ ਬਿਗਾਨੀਆਂ ਧੀਆਂ ਨੂੰ ਹਥਿਆਰ ਬਣਾ ਕੇ ਵਰਤਦੇ ਹਨ, ਉਹਨਾਂ ਦੇ ਨਿਸ਼ਾਨੇ ਤੋੜਨਾ ਅਤੇ ਮੂੰਹ ਮੋੜਨਾ ਹੀ ਮਰਦਾਨਗੀ ਅਤੇ ਨਵੇਂ ਸਮਾਜ ਦੀ ਸਿਰਜਣਾ ਹੈ! ਸਾਡੀਆਂ ਧੀਆਂ-ਭੈਣਾਂ ਨੂੰ ਵੀ ਆਪਣੀ ਜਿ਼ੰਦਗੀ ਮਹਿਫ਼ੂਜ਼ ਅਤੇ ਖ਼ੁਸ਼ਹਾਲ ਰੱਖਣ ਲਈ, ਫ਼ੋਕੀ ਸ਼ੁਹਰਤ ਪਾਸੇ ਰੱਖ ਕੇ ਦਾਜ ਦੀ ਕਾਲ਼ੀ ਵਹੀ ਪਾੜਨੀ ਹੋਵੇਗੀ। ਜੇ ਤੁਹਾਡੇ ਅਮੀਰ ਬਾਪ ਤੁਹਾਡੀਆਂ ਖ਼ਾਹਿਸ਼ਾਂ ਪੂਰੀਆਂ ਕਰਨ ਦੀ ਸਮਰੱਥਾ ਰੱਖਦੇ ਹਨ, ਤਾਂ ਇਹ ਜ਼ਰੂਰੀ ਨਹੀਂ ਕਿ ਸਾਰੀਆਂ ਧੀਆਂ ਦੇ ਬਾਪ ਤੁਹਾਡੇ ਬਾਪ ਜਿੰਨੀ ਧੰਗੇੜ ਝੱਲਣ ਦੀ ਸਮਰੱਥਾ ਰੱਖਦੇ ਹੋਣ? ਸਮੇਂ ਦੀ ਨਬਜ਼ ਤੁਹਾਡੇ ਹੱਥ ਹੈ!

This entry was posted in ਲੇਖ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>