ਕਾਨੂੰਨੀ ਵਿਵਸਥਾ ਨੂੰ ਕਾਇਮ ਰੱਖਣ ਵਾਲੀ ਪੰਜਾਬ ਸਰਕਾਰ ਅਤੇ ਪੁਲਿਸ ਕਿੱਥੇ ਹੈ?

ਫਤਿਹਗੜ੍ਹ ਸਾਹਿਬ :- “ਬਹੁਤ ਹੀ ਸਿਤਮਜਰੀਫ਼ੀ ਅਤੇ ਡੂੰਘੇ ਦੁੱਖ ਦੀ ਗੱਲ ਹੈ ਕਿ ਪੰਜਾਬ ਵਿੱਚ ਜਦੋਂ ਵੀ ਹੁੱਲੜਬਾਜ਼ ਚਾਹੁਣ ਕਿਸੇ ਵੀ ਸਥਾਨ ਉੱਤੇ ਸਰਕਾਰੀ ਅਤੇ ਨਿੱਜੀ ਜਾਇਦਾਦਾਂ ਨੂੰ ਨੁਕਸਾਨ ਪਹੁੰਚਾ ਦੇਣ, ਕਾਰੋਬਾਰਾਂ ਅਤੇ ਦੁਕਾਨਾਂ ਜ਼ਬਰੀ ਬੰਦ ਕਰਵਾ ਦੇਣ ਅਤੇ ਪੰਜਾਬ ਦੇ ਅਮਨਮਈ ਮਾਹੌਲ ਨੂੰ ਜਦੋਂ ਚਾਹੁਣ ਲਾਂਬੂ ਲਾ ਦੇਣ। ਅਜਿਹੇ ਸਮੇਂ ਕਾਨੂੰਨੀ ਵਿਵਸਥਾ ਨੂੰ ਕਾਇਮ ਰੱਖਣ ਦੀ ਜਿ਼ੰਮੇਵਾਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਖੁਦ ਸ਼ੱਕੀ ਬਣ ਜਾਂਦੀ ਹੈ।”

ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਾਨਸਾ ਵਿਖੇ ਬਲਾਤਕਾਰੀ ਅਤੇ ਕਾਤਿਲ ਸਾਧ ਸਿਰਸੇ ਵਾਲੇ ਦੇ ਭੁਤਰੇ ਹੋਏ ਪੈਰੋਕਾਰਾਂ ਵੱਲੋਂ 16 ਬੱਸਾਂ ਨੂੰ ਸਾੜ ਦੇਣ, ਪੁਲਿਸ ਚੌਂਕੀ ਨੂੰ ਅੱਗ ਲਗਾ ਦੇਣ ਅਤੇ ਅਨੇਕਾਂ ਹੀ ਦੁਕਾਨਾਂ ਅਤੇ ਕਾਰੋਬਾਰਾਂ ਦੀ ਖੁੱਲ੍ਹੇਆਮ ਭੰਨ ਤੋੜ ਕਰਨ ਦੀ ਕਾਰਵਾਈ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਪੰਜਾਬ ਸਰਕਾਰ, ਸੰਬੰਧਿਤ ਪ੍ਰਸ਼ਾਸਨ ਅਤੇ ਪੰਜਾਬ ਪੁਲਿਸ ਵੱਲੋਂ ਆਪਣੀ ਜਿ਼ੰਮੇਵਾਰੀ ਤੋਂ ਭੱਜਣ ਦੀ ਕਾਰਵਾਈ ਕਰਾਰ ਦਿੰਦੇ ਹੋਏ ਇੱਕ ਪ੍ਰੈਸ ਬਿਆਨ ਵਿੱਚ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਇਹ ਕੋਈ ਅਜਿਹਾ ਦੁੱਖਦਾਇਕ ਪਹਿਲਾ ਮੌਕਾ ਨਹੀਂ। ਬੀਤੇ ਸਮੇਂ ਵਿੱਚ ਪੰਜਾਬ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਵੀਆਨਾ ਵਿੱਚ ਵਾਪਰੀ ਦੁੱਖਦਾਇਕ ਘਟਨਾ ਨੂੰ ਲੈ ਕੇ ਜ਼ਲੰਧਰ ਅਤੇ ਦੁਆਬੇ ਵਿੱਚ ਕਈ ਦਿਨਾਂ ਤੱਕ ਕਰੋੜਾਂ-ਅਰਬਾਂ ਰੁਪਏ ਦੀ ਸਰਕਾਰੀ ਅਤੇ ਨਿੱਜੀ ਜਾਇਦਾਦਾਂ ਨੂੰ ਸਾੜ ਦੇਣ, ਭੰਨ ਤੋੜ ਕਰਨ ਦੀਆਂ ਸ਼ਰਮਨਾਕ ਕਾਰਵਾਈਆਂ ਹੋਈਆਂ ਲੇਕਿਨ ਸਰਕਾਰੀ ਮਸਿ਼ਨਰੀ ਮੂਕ ਦਰਸ਼ਕ ਬਣ ਕੇ ਹੀ ਅਜਿਹੇ ਉਪੱਦਰਾਂ ਨੂੰ ਵੇਖਦੀ ਹੀ ਨਹੀਂ ਰਹੀ ਬਲਕਿ ਹੁੱਲੜਬਾਜ਼ਾਂ ਦੀ ਸਰਪ੍ਰਸਤੀ ਕਰ ਰਹੀ ਸੀ। ਉਹਨਾਂ ਕਿ ਮਾਨਸਾ ਵਿਖੇ ਇੱਕ ਹੋਈ ਦੁੱਖਦਾਈ ਘਟਨਾ ਉਪਰੰਤ ਹੁੱਲੜਬਾਜ਼ਾ ਨੂੰ ਕਾਬੂ ਕਰਨ ਅਤੇ ਕਾਨੂੰਨੀ ਵਿਵਸਥਾ ਨੂੰ ਕਾਇਮ ਰੱਖਣ ਦੀ ਜਿ਼ੰਮੇਵਾਰੀ ਕਿਸਦੀ ਬਣਦੀ ਹੈ? ਉਹਨਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਪਟਵਾਰੀ ਲਿਲੀ ਸ਼ਰਮਾ ਦੀ ਹੱਤਿਆ ਕਰ ਦਿੱਤੀ ਗਈ ਜੋ ਅਣਮਨੁੱਖੀ ਹੈ। ਪਰ ਇਸ ਹੋਈ ਘਟਨਾ ਉਪਰੰਤ ਸਰਕਾਰੀ ਜਾਇਦਾਦਾਂ ਨੂੰ ਸਾੜਨਾ ਭੰਨ ਤੋੜ ਕਰਨਾ, ਅਤੇ ਆਮ ਲੋਕਾਂ ਨੂੰ ਬਿਨਾਂ ਵਜ੍ਹਾ ਮਾਰਨਾ ਕੁੱਟਣਾ ਕਿਹੜੇ ਕਾਨੂੰਨ ਦੀ ਭਾਸ਼ਾ ਹੈ? ਇਸ ਪਿੱਛੇ ਕਿਹੜੀਆਂ ਸ਼ਕਤੀਆਂ ਅਤੇ ਦਿਮਾਗ ਕੰਮ ਕਰਦੇ ਹਨ? ਉਸਨੂੰ ਸਾਹਮਣੇ ਲਿਆਉਣਾ ਸਰਕਾਰ ਅਤੇ ਪ੍ਰਸ਼ਾਸਨ ਦੀ ਮੁੱਖ ਜਿ਼ੰਮੇਵਾਰੀ ਬਣਦੀ ਹੈ।

ਉਹਨਾਂ ਕਿਹਾ ਕਿ ਇਸ ਗੱਲ ਦੀ ਨਿਰਪੱਖ ਤੌਰ ਤੇ ਛਾਣਬੀਣ ਹੋਣੀ ਚਾਹੀਦੀ ਹੈ ਕਿ ਬੀਤੇ ਸਮੇਂ ਵਿੱਚ ਵੀਆਨਾ ਕਾਂਡ ਵੇਲੇ ਪੰਜਾਬ ਵਿੱਚ ਮਚਾਇਆ ਗਿਆ ਕੋਹਰਾਮ, ਵੀਆਨਾ ਕਾਂਡ ਦੀ ਅਸਲੀਅਤ ਦੇ ਪੰਨੇ ਸਾਹਮਣੇ ਆਉਣ ‘ਤੇ ਸਵਰਨ ਸਿੱਖਾਂ ਅਤੇ ਰੰਘਰੇਟੇ ਸਿੱਖਾਂ ਵਿੱਚ ਨਫਰਤ ਪੈਦਾ ਕਰਕੇ ਸਿੱਖ ਕੌਮ ਵਿੱਚ ਖਾਨਾਜੰਗੀ ਕਰਾਉਣ ਦੀਆਂ ਸ਼ਾਜਿਸਾਂ ਅਤੇ ਕੱਲ੍ਹ ਮਾਨਸਾ ਵਿਖੇ ਸਿਰਸੇ ਵਾਲੇ ਪਾਖੰਡੀ ਸਾਧ ਦੇ ਪੈਰੋਕਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਗੈਰ ਇਨਸਾਨੀ ਅਤੇ ਗੈਰ ਕਾਨੂੰਨੀ ਕਾਰਵਾਈਆਂ ਪਿੱਛੇ ਕਿਤੇ ਬਾਦਲ ਸਰਕਾਰ ਦੇ ਆਪਣੇ ਸਿਆਸੀ ਸਵਾਰਥ ਤਾਂ ਨਹੀਂ ਛਿਪੇ ਹੋਏ। ਉਹਨਾਂ ਕਿਹਾ ਕਿ ਨਿਰਪੱਖ ਏਜੰਸੀ ਤੋਂ ਛਾਣਬੀਣ ਕਰਾਉਣ ਉਪਰੰਤ ਜੇਕਰ ਅਜਿਹੀ ਕੋਈ ਗੱਲ ਸਾਹਮਣੇ ਆਉਦੀ ਹੈ ਤਾਂ ਵੱਧਦੇ ਫੁੱਲਦੇ ਪੰਜਾਬ ਦੇ ਅਮਨਮਈ ਮਾਹੌਲ ਨੂੰ ਵਿਸਫੋਟਕ ਬਣਾਉਣ ਵਾਲੀ ਮੌਜੂਦਾ ਸਰਕਾਰ ਨੂੰ ਚੱਲਦਾ ਕਰਨਾ ਹੋਰ ਵੀ ਜ਼ਰੂਰੀ ਬਣ ਜਾਂਦਾ ਹੈ ਤਾਂ ਕਿ ਇਹ ਸਿਆਸੀ ਸਵਾਰਥੀ ਆਗੂ ਆਪਣੀ ਕੁਰਸੀ ਨੂੰ ਕਾਇਮ ਰੱਖਣ ਹਿੱਤ ਪੰਜਾਬੀਆਂ ਅਤੇ ਸਿੱਖਾਂ ਨੂੰ ਡੇਰਿਆਂ ਦੀ ਸਿਆਸਤ ਵਿੱਚ ਉਲਝਾ ਕੇ ਅਤੇ ਸਿੱਖ ਕੌਮ ਵਿੱਚ ਆਪਸੀ ਖਾਨਾਜੰਗੀ ਕਰਵਾਉਣ ਵਿੱਚ ਕਾਮਯਾਬ ਨਾ ਹੋ ਸਕਣ। ਉਹਨਾਂ ਸਮੁੱਚੇ ਪੰਜਾਬੀਆਂ, ਵਿਸ਼ੇਸ ਤੌਰ ਤੇ ਸਿੱਖ ਕੌਮ ਦਲਿਤ ਅਤੇ ਪੱਛੜੇ ਵਰਗਾਂ ਨੂੰ ਸੰਜੀਦਾ ਅਪੀਲ ਕਰਦੇ ਹੋਏ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਸਿਆਸਤ ਉੱਤੇ ਗੈਰ ਇਖਲਾਕੀ ਤਰੀਕੇ ਆਪਣੇ ਕਬਜ਼ੇ ਨੂੰ ਕਾਇਮ ਰੱਖਣ ਹਿੱਤ ਅਤੇ ਆਪਣੇ ਪੁੱਤਰ ਮੋਹ ਵਿੱਚ ਗ੍ਰਸਤ ਹੋ ਕੇ ਉਸਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬਿਰਾਜਮਾਨ ਕਰਨ ਦੀ ਮੰਦਭਾਗੀ ਸੋਚ ਅਧੀਨ ਇਹ ਬਾਦਲ ਪਰਿਵਾਰ ਕਿਸੇ ਵੀ ਘਟੀਆ ਹੱਦ ਤੱਕ ਜਾ ਸਕਦਾ ਹੈ। ਬੀਤੇ ਦਿਨੀਂ ਜਲੰਧਰ ਅਤੇ ਕੱਲ੍ਹ ਮਾਨਸਾ ਵਿੱਚ ਹੋਈਆਂ ਸਾੜ-ਫੁਕ, ਭੰਨ ਤੋੜ ਦੀਆਂ ਕਾਰਵਾਈਆਂ ਪਿੱਛੇ ਇਹਨਾਂ ਦੇ ਸ਼ਾਤੁਰ ਦਿਮਾਗਾਂ ਦੀਆਂ ਸ਼ਾਜਿਸਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਉਹ ਆਪਣੇ ਪਿਆਰੇ ਪੰਜਾਬ, ਪੰਜਾਬੀ, ਪੰਜਾਬੀਅਤ ਨੂੰ ਬਚਾਉਣ ਅਤੇ ਇੱਥੋ ਦੇ ਮਾਹੌਲ ਨੂੰ ਸਦਭਾਵਨਾ ਅਤੇ ਪਿਆਰ ਭਰਿਆ ਬਣਾਈ ਰੱਖਣ ਲਈ ਆਪਣੀਆਂ ਸਮਾਜਿਕ ਜਿ਼ੰਮੇਵਾਰੀਆਂ ਪੂਰਨ ਕਰਨ ਅਤੇ ਇਹਨਾਂ ਦੀਆਂ ਪੰਜਾਬ ਅਤੇ ਸਿੱਖ ਵਿਰੋਧੀ ਸ਼ਾਜਿਸਾਂ ਤੋਂ ਵੀ ਸੁਚੇਤ ਰਹਿਣ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>