ਕੇਂਦਰ ਸਰਕਾਰ ਸਿੱਖ ਸ਼ਕਤੀ ਨੂੰ ਵੰਡਣ ਦੀ ਕੋਝੀ ਸਾਜ਼ਿਸ਼ ਤੋਂ ਬਾਜ ਆਏ-ਜਥੇ: ਅਵਤਾਰ ਸਿੰਘ

ਅੰਮ੍ਰਿਤਸਰ :- ਜੇ ਸਿੱਖ ਕੌਮ ਇਤਿਹਾਸਕ ਗੁਰਧਾਮਾਂ ਦੀ ਸਾਂਭ-ਸੰਭਾਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਾਪਤੀ ਲਈ ਭਾਰੀ ਕੁਰਬਾਨੀਆਂ ਦੇ ਸਕਦੀ ਹੈ ਤਾਂ ਕੌਮ ਇਸ ਦੀ ਰਾਖੀ ਲਈ ਵੀ ਕੁਰਬਾਨੀਆਂ ਦੇਣ ਤੋਂ ਪਿਛੇ ਨਹੀਂ ਹਟੇਗੀ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਹੁੱਡਾ ਵਲੋਂ ਹਰਿਆਣਾ ਸੂਬੇ ਦੇ ਗੁਰਧਾਮਾਂ ਦੇ ਪ੍ਰਬੰਧ ਲਈ ਪ੍ਰਸਤਾਵਤ ਕਮੇਟੀ ਦਾ ਨਵੰਬਰ ਤੋਂ ਕੰਮਕਾਰ ਸ਼ੁਰੂ ਕਰ ਦਿੱਤੇ ਜਾਣ ਸਬੰਧੀ ਦਿੱਤੇ ਬਿਆਨ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕੀਤਾ।

ਇਥੋਂ ਜਾਰੀ ਇਕ ਪ੍ਰੈਸ ਰੀਲੀਜ਼ ’ਚ ਉਨ੍ਹਾਂ ਕਿਹਾ ਹੈ ਕਿ ਭ੍ਰਿਸ਼ਟ ਤੇ ਆਚਰਣਹੀਣ ਮਹੰਤਾਂ ਤੋਂ ਗੁਰਦੁਆਰਾ ਪ੍ਰਬੰਧ ਨੂੰ ਸੰਗਤੀ ਰੂਪ ’ਚ ਲਿਆਉਣ ਤੇ ਗੁਰਮਤਿ ਮਰਿਆਦਾ ਦੀ ਬਹਾਲੀ ਲਈ ਸਿੱਖ ਕੌਮ ਨੂੰ 500 ਤੋਂ ਵੱਧ ਕੁਰਬਾਨੀਆਂ ਦੇਣੀਆਂ ਪਈਆਂ, ਕਰੋੜਾਂ-ਅਰਬਾਂ ਦੀ ਜਾਇਦਾਦ ਜ਼ਬਤ ਹੋਈ, ਅਣਗਿਣਤ ਸਿੱਖਾਂ ਨੂੰ ਬੀ.ਟੀ ਵਰਗੇ ਜ਼ਾਲਮ ਅੰਗਰੇਜ਼ ਦੇ ਹੁਕਮਾਂ ਨਾਲ ਘੋੜਿਆਂ ਦੇ ਸੁੰਬਾਂ ਹੇਠ ਦਰੜਿਆ ਗਿਆ ਅਤੇ ਕਰੀਬ 5 ਸਾਲਾਂ ਦੇ ਲੰਬੇਂ ਸੰਘਰਸ਼ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ। ਉਨ੍ਹਾਂ ਹੁੱਡਾ ਨੂੰ ਇਤਿਹਾਸਕ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਸਿੱਖ ਕੌਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਾਪਤੀ ਲਈ ਸ਼ਾਂਤਮਈ ਸੰਘਰਸ਼ ਕਰ ਰਹੀ ਸੀ ਤਾਂ ਉਦੋਂ ਅਕਾਲੀ ਨੇਤਾਵਾਂ ਦੇ ਨਾਲ ਜਵਾਹਰ ਲਾਲ ਨਹਿਰੂ ਵਰਗੇ ਕਾਂਗਰਸੀ ਨੇਤਾਵਾਂ ਨੇ ਵੀ ਜੇਲ੍ਹਾਂ ਕੱਟੀਆਂ ਅਤੇ ਚਾਬੀਆਂ ਦੇ ਮੋਰਚੇ ਦੀ ਜਿੱਤ ਉਪਰੰਤ ਮਹਾਤਮਾ ਗਾਂਧੀ ਨੇ ਇਸ ਜਿੱਤ ਨੂੰ ਆਜ਼ਾਦੀ ਦੀ ਪਹਿਲੀ ਜਿੱਤ ਕਰਾਰ ਦਿੰਦਿਆਂ ਸਿੱਖ ਜਗਤ ਨੂੰ ਵਧਾਈ ਸੰਦੇਸ਼ ਭੇਜੇ, ਜੋ ਇਤਿਹਾਸ ਦਾ ਹਿੱਸਾ ਹਨ। ਇਥੇ ਹੀ ਬੱਸ ਨਹੀਂ ਨਹਿਰੂ-ਮਾਸਟਰ ਤਾਰਾ ਸਿੰਘ ਸਮਝੌਤੇ ਤਹਿਤ ਉਸ ਸਮੇਂ ਦੇ ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਯਕੀਨ ਦਿਵਾਇਆ ਸੀ ਕੇਂਦਰ ਸਰਕਾਰ ਕਦੇ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ’ਚ ਕੋਈ ਦਖਲ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਅੱਜ ਹੁੱਡਾ ਸੌੜੇ ਸਿਆਸੀ ਹਿਤਾਂ ਦੀ ਖਾਤਰ ਇਸ ਮਹਾਨ ਸੰਸਥਾ ਦੇ ਇਤਿਹਾਸ ਨੂੰ ਕਲੰਕਤ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਹਰਿਆਣਾ ’ਚ ਵੱਖਰੀ ਕਮੇਟੀ ਦੀ ਮੰਗ ਹਰਿਆਣਾ ਦੇ ਸਿੱਖਾਂ ਦੀ ਨਹੀਂ ਬਲਕਿ ਕਾਂਗਰਸ ਵੱਖਰੀ ਗੁਰਦੁਆਰਾ ਕਮੇਟੀ ਦਾ ਮੁੱਦਾ ਬਣਾ ਕੇ ਰਾਜਸੀ ਲਾਹਾ ਲੈਣ ਦੀ ਤਾਕ ਵਿਚ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਦਿੱਲੀ ਬੈਠੇ ਰਾਜਸੀ ਪ੍ਰਭੂ ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨ ਦੀਆਂ ਅਕਸਰ ਅਜਿਹੀਆਂ ਗੋਂਦਾਂ ਗੁੰਦਦੇ ਰਹਿੰਦੇ ਹਨ ਜਿਸ ਤੋਂ ਸਿੱਖ ਸੰਗਤਾਂ ਭਲੀ ਪ੍ਰਕਾਰ ਜਾਣੂੰ ਹਨ ਅਤੇ ਸਿੱਖ ਸ਼ਕਤੀ ਨੂੰ ਕਮਜ਼ੋਰ ਕੀਤੇ ਜਾਣ ਦੀ ਇਹ ਇਕ ਸੋਚੀ-ਸਮਝੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਅਜਿਹਾ ਉਸ ਸਮੇਂ ਹੋ ਰਿਹਾ ਹੈ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਸਿੱਖ ਹੈ ਅਤੇ ਜੇਕਰ ਇਹ ਕੁਝ ਹੋ ਜਾਂਦਾ ਹੈ ਤਾਂ ਇਹ ਬਹੁਤ ਦੁਖਦਾਈ ਤੇ ਮੰਦਭਾਗੀ ਘਟਨਾ ਹੋਵੇਗੀ, ਜਿਸਨੂੰ ਇਤਿਹਾਸ ਕਦੇ ਵੀ ਮੁਆਫ ਨਹੀਂ ਕਰੇਗਾ।

ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਵਾਰ-ਵਾਰ ਇਹ ਯਕੀਨ ਦੁਆਂਦੇ ਰਹੇ ਹਨ ਕਿ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਦਾਚਿਤ ਨਹੀਂ ਬਣੇਗੀ, ਦੂਜੇ ਪਾਸੇ ਹਰਿਆਣੇ ਸੂਬੇ ’ਚ ਚੋਣਾਂ ਸਮੇਂ ਕਾਂਗਰਸ ਨੂੰ ਲਾਹਾ ਦੇਣ ਲਈ ਦੋਗਲੀ ਨੀਤੀ ਵਰਤ ਕੇ ਸਿੱਖ ਕੌਮ ਨਾਲ ਵਿਸ਼ਵਾਸਘਾਤ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਦੇਸ਼ ਦੀ ਅਜ਼ਾਦੀ ਤੋਂ ਲੈ ਕੇ ਹੁਣ ਤੀਕ ਸਿੱਖਾਂ ਨਾਲ ਧ੍ਰੋਹ ਕਮਾਉਂਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਅਜੇ ਅਜ਼ਾਦੀ ਦੇ ਜਸ਼ਨ ਪੂਰੇ ਨਹੀਂ ਸਨ ਹੋਏ ਕਿ ਪੰਜਾਬ ਦੇ ਤਤਕਾਲੀਨ ਗਵਰਨਰ ਚੰਦੂ ਲਾਲ ਤ੍ਰਿਵੇਦੀ ਵਲੋਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇਕ ਸਰਕੂਲਰ ਭੇਜ ਕੇ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਰਾਰ ਦਿੰਦੇ ਹੋਏ ਇਨ੍ਹਾਂ ’ਤੇ ਕੜੀ ਨਜ਼ਰ ਰੱਖਣ ਦੇ ਆਦੇਸ਼ ਕਰਕੇ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ’ਚ 95% ਕੁਰਬਾਨੀਆਂ ਦੇਣ ਵਾਲੇ ਸਿੱਖਾਂ ਦੀ ਤੋਹੀਨ ਕੀਤੀ। ਉਨ੍ਹਾਂ ਕਿਹਾ ਕਿ ਇਥੇ ਹੀ ਬੱਸ ਨਹੀਂ  ਇਸ ਤੋਂ ਪਹਿਲਾਂ ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਹਰਿਆਣਾ ’ਚ ਰੱਖ ਕੇ ਸਿੱਖਾਂ ਨਾਲ ਧ੍ਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ 1984 ’ਚ ਦੇਸ਼ ਭਰ ਵਿਚ ਹੋਏ ਸਿੱਖ ਕਤਲੇਆਮ ਦੇ ਜ਼ਖਮ ਵੀ ਅਜੇ ਅੱਲੇ ਹਨ ਕਿ ਹੁਣ ਕਾਂਗਰਸ ਵਲੋਂ ਹਰਿਆਣੇ ਵਿਚਲੇ ਇਤਿਹਾਸਕ ਗੁਰਧਾਮ ਦਾ ਪ੍ਰਬੰਧ ਖੋਹ ਕੇ ਫਿਰ ਸਿੱਖਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ, ਜਿਸ ਨੂੰ ਸਿੱਖ ਕੌਮ ਕਦੇ ਮੁਆਫ ਨਹੀਂ ਕਰੇਗੀ।

ਉਨ੍ਹਾਂ ਕਿਹਾ ਕਿ ਇਥੇ ਹੀ ਬੱਸ ਨਹੀਂ, ਕਿ ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਅਤੇ ਸਿੱਖ ਕੌਮ ਨਾਲ ਸਬੰਧਤ ਕਈ ਮਹੱਤਵਪੂਰਨ ਮੁੱਦਿਆਂ ਤੇ ਵਿਚਾਰਾਂ ਕਰਨ ਲਈ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਬਾਰ-ਬਾਰ ਯਾਦ ਪੱਤਰ ਭੇਜੇ ਜਾਣ ਦੇ ਬਾਵਜੂਦ ਵੀ ਮਿਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਗੁਰਦੁਆਰਾ ਐਕਟ ਅਨੁਸਾਰ ਲੋਕਤੰਤਰੀ ਢੰਗ ਤਰੀਕਿਆਂ ਨਾਲ ਚੁਣੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਦੇ ਗੁਰਧਾਮਾਂ ਦਾ ਪ੍ਰਬੰਧ ਬਾਖੂਬੀ ਨਿਭਾ ਰਹੀ ਹੈ ਅਤੇ ਜੇਕਰ ਇਸ ਨਾਲ ਛੇੜਛਾੜ ਕੀਤੀ ਗਈ ਤਾਂ ਇਸ ਦੇ ਨਿਕਲਣ ਵਾਲੇ ਸਿੱਟਿਆਂ ਦੀ ਜੁੰਮੇਵਾਰੀ ਕੇਂਦਰ ਅਤੇ ਹਰਿਆਣਾ ਦੀ ਕਾਂਗਰਸ ਸਰਕਾਰ ਦੀ ਹੋਵੇਗੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>