ਚਾਰੇ ਕੂਟਾਂ ਸੁੰਨੀਆਂ (ਹੱਡਬੀਤੀਆਂ)

ਕਾਂਡ 4

ਜਦ ਅਸੀਂ ਦਸਾਂ-ਪੰਦਰਾਂ ਕੁ ਮਿੰਟਾਂ ਬਾਅਦ ਪਿੰਡ ਪਹੁੰਚੇ ਤਾਂ ਮੈਨੂੰ ਐਂਬੂਲੈਂਸ ਦੇ ਡਰਾਈਵਰ ਨੇ ਪੁੱਛਿਆ, “ਦੇਹ ਘਰ ਦੇ ਅੰਦਰ ਲੈ ਕੇ ਜਾਣੀਂ ਐਂ ਕੁੱਸਾ ਜੀ..?” ਤਾਂ ਮੈਂ ਉਸ ਦੇ ਬੇਹੂਦੇ ਜਿਹੇ ਪ੍ਰਸ਼ਨ ‘ਤੇ ਦੰਗ ਰਹਿ ਗਿਆ, “ਹੋਰ ਕਿੱਥੇ ਲੈ ਕੇ ਜਾਵਾਂਗੇ ਬਾਈ…?” ਤਾਂ ਮੈਨੂੰ ਉਸ ਨੇ ਆਖਿਆ, “ਕੁਛ ਬੰਦੇ ਬੁੜ੍ਹੀਆਂ ਵਿਚਾਰ ਕਰਦੇ ਹੁੰਦੇ ਐ ਕਿ ਮ੍ਰਿਤਕ ਦੇਹ ਘਰ ਦੇ ਅੰਦਰ ਨਹੀਂ ਲੈ ਕੇ ਜਾਂਦੇ ਹੁੰਦੇ…!” ਤਾਂ ਮੈਂ ਤੱਟ ਫ਼ੱਟ ਉਤਰ ਮੋੜਿਆ, “ਬਾਪੂ ਘਰ ਦਾ ਮਾਲਕ ਸੀ ਯਾਰ..! ਕੀ ਹੋ ਗਿਆ ਚੜ੍ਹਾਈ ਕਰ ਗਿਆ? ਚੁੱਪ ਕਰਕੇ ਐਂਬੂਲੈਂਸ ਅੰਦਰ ਈ ਲੈ ਚੱਲ ਬਾਈ ਬਣਕੇ…!” ਮੈਂ ਕਿਹਾ। ਮੈਨੂੰ ਇਹ ਡਰ ਸੀ ਕਿ ਜੇ ਕਿਸੇ ਨੇ ਬਾਪੂ ਦੀ ਮ੍ਰਿਤਕ ਦੇਹ ‘ਤੇ ਟੀਕਾ ਟਿੱਪਣੀਂ ਕਰ ਦਿੱਤੀ। ਉਹ ਮੇਰੇ ਤੋਂ ਬਰਦਾਸ਼ਤ ਨਹੀਂ ਕੀਤੀ ਜਾਣੀਂ। ਜਿਸ ਕਰਕੇ ਮੈਂ ਚਾਹੁੰਦਾ ਸੀ ਕਿ ਐਂਬੂਲੈਂਸ ਵਾਲ਼ਾ ਸੱਜਣ ਮੈਨੂੰ ਹੋਰ ਕੁਛ ਨਾ ਦੱਸੇ ਜਾਂ ਪੁੱਛੇ, ਬੱਸ ਚੁੱਪ ਚਾਪ ਗੱਡੀ ਅੰਦਰ ਲੈ ਚੱਲੇ!

ਉਹ ਐਂਬੂਲੈਂਸ ਅੰਦਰ ਵਿਹੜੇ ਵਿਚ ਲੈ ਗਿਆ।

-”ਮੰਜਾ ਲਿਆ ਬਈ ਜਲਦੀ…!” ਮੈਂ ਉਤਰ ਕੇ ਘਰਵਾਲ਼ੀ ਵੱਲ ਉਂਗਲ਼ ਦੀ ਸਿ਼ਸ਼ਤ ਬੰਨ੍ਹ ਕੇ ਕਿਹਾ।

ਮੰਜਾ ਆ ਗਿਆ ਅਤੇ ਅਸੀਂ ਬਾਪੂ ਦੀ ਮ੍ਰਿਤਕ ਦੇਹ ਲਾਹ ਕੇ ਮੰਜੇ ‘ਤੇ ਪਾ ਦਿੱਤੀ।

ਕੁਝ ਕੁ ਆਖ ਰਹੇ ਸਨ ਕਿ ਬਾਪੂ ਦੀ ਦੇਹ ਫ਼ਰੀਜ਼ਰ ਵਿਚ ਰੱਖੀ ਸੀ। ਇਸ ਨੂੰ ਕੰਬਲ਼ ਨਾਲ਼ ਢਕ ਦਿੱਤਾ ਜਾਵੇ ਅਤੇ ਕੋਈ ਆਖ ਰਿਹਾ ਸੀ ਕਿ ਇਸ ਨੂੰ ਧੁੱਪ ਲੱਗਣ ਦਿੱਤੀ ਜਾਵੇ, ਤਾਂ ਕਿ ਇਸ਼ਨਾਨ ਕਰਵਾਉਣ ਯੋਗ ਹੋ ਸਕੇ ਅਤੇ ਸਸਕਾਰ ਕੀਤਾ ਜਾ ਸਕੇ! ਅਸੀਂ ਦੇਹ ਨੂੰ ਕੰਬਲ਼ ਨਾਲ਼ ਢਕ ਦਿੱਤਾ। ਮੂੰਹ ਨੰਗਾ ਰੱਖਿਆ। ਮੈਨੂੰ ਫ਼ਰੀਜ਼ਰ ਦਾ ਹੁਣ ਤੱਕ ਕੋਈ ਤਜ਼ਰਬਾ ਨਹੀਂ ਸੀ। ਬਾਪੂ ਵਾਲ਼ਾ ਤਜ਼ਰਬਾ ਪਹਿਲਾ ਸੀ। ਖ਼ੈਰ, ਜਿਵੇਂ ਕੋਈ ਆਖਦਾ ਰਿਹਾ, ਅਸੀਂ ਕਰਦੇ ਰਹੇ।

ਮੈਂ, ਜੱਥੇਦਾਰ ਸਾਹਿਬ, ਮਾਮੀਂ ਜੀ ਅਤੇ ਚਾਚਾ ਮੋਹਣ ਅਸੀਂ ਵਰਾਂਡੇ ਵਿਚ ਸਸਕਾਰ ਦੇ ਸਮਾਨ ਦਾ ਜਾਇਜਾ ਲੈ ਰਹੇ ਸਾਂ। ਜੱਥੇਦਾਰ ਸਾਹਿਬ ਫ਼ੁੱਲਾਂ ਨੂੰ ਤੋੜ-ਤੋੜ ਪੱਤੀਆਂ ਬਣਾ ਰਹੇ ਸਨ। ਘਰਵਾਲ਼ੀ ਅਤੇ ਭੈਣ ਨੇ ਮੈਨੂੰ ਇਸ਼ਨਾਨ ਤੋਂ ਬਾਅਦ ਪਾਉਣ ਵਾਲ਼ੇ ਕੱਪੜੇ ਦੇ ਦਿੱਤੇ ਅਤੇ ‘ਪੰਜ ਰਤਨੀਂ’ ਦੀ ਪੁੜੀ ਜਿਹੀ ਦਿੱਤੀ ਅਤੇ ਬਰਨਾਲ਼ੇ ਵਾਲ਼ੀ ਭੈਣ ਨੇ ਹਦਾਇਤ ਕੀਤੀ, “ਜੱਗਿਆ, ਤੂੰ ਬਾਪੂ ਦਾ ਪੁੱਤ ਹੈਂ ਵੀਰਾ! ਦਾਗ ਤਾਂ ਤੂੰ ਹੀ ਦੇਵੇਂਗਾ..! ਦਾਗ ਦੇਣ ਤੋਂ ਪਹਿਲਾਂ ਜਦੋਂ ਬਾਪੂ ਦੇ ਮੂੰਹ ਵਿਚ ਘਿਉ ਪਾਇਆ ਤਾਂ ਆਹ ਪੰਜ ਰਤਨੀ ਵੀ ਬਾਪੂ ਦੇ ਮੂੰਹ ਵਿਚ ਪਾਉਣੀਂ ਹੈ…!” ਮੈਂ ਪੰਜ ਰਤਨੀਂ ਦੀ ਪੁੜੀ ਕੋਟ ਦੀ ਜੇਬ ਵਿਚ ਪਾ ਲਈ। ਪੰਜ ਰਤਨੀਂ ਮੈਂ ਪਹਿਲੀ ਵਾਰੀ ਦੇਖੀ ਸੀ। ਪੰਜ ਰਤਨੀਂ ਬਾਰੇ ਤਾਂ ਮੈਂ ਇਹ ਹੀ ਸੁਣਦਾ ਆਇਆ ਸੀ ਕਿ ਸ਼ਰਾਬ ਨੂੰ ਆਖਦੇ ਹਨ। ਪਰ ਇਸ ਪੰਜ ਰਤਨੀਂ ਦੇ ਦਰਸ਼ਣ ਮੈਂ ਪਹਿਲੀ ਵਾਰ ਕਰ ਰਿਹਾ ਸਾਂ। ਪੁੜੀ ਵਿਚ ਪੰਜ ਨਿੱਕੇ ਨਿੱਕੇ, ਰੰਗ-ਬਿਰੰਗੇ ਸਿਤਾਰੇ ਜਿਹੇ ਸਨ। ਸਾਰੇ ਸਮਾਨ ਅਤੇ ਸਮੱਗਰੀ ਦੀ ਤਸੱਲੀ ਕਰ ਕੇ ਅਸੀਂ ਦੇਹ ਨੂੰ ਇਸ਼ਨਾਨ ਯੋਗ ਬਣਨ ਦੀ ਉਡੀਕ ਕਰਨ ਲੱਗੇ। ਭੈਣਾਂ ਅਤੇ ਸਾਰੇ ਰਿਸ਼ਤੇਦਾਰ ਆ ਚੁੱਕੇ ਸਨ। ਮੇਰੀ ਆਸਟਰੀਆ ਵਸਦੀ ਭੈਣ ਸਿ਼ੰਦਰ ਵੀ ਇਕ ਦਿਨ ਪਹਿਲਾਂ ਆਸਟਰੀਆ ਤੋਂ ਆ ਗਈ ਸੀ ਅਤੇ ਪਿੰਡ ਪੁੱਜ ਗਈ ਸੀ। ਰੋਣ ‘ਤੇ ਮੈਂ ਪਾਬੰਦੀ ਤਾਂ ਨਹੀਂ ਸੀ ਲਾਈ। ਪਰ ਐਲਾਨ ਜਿਹਾ ਜ਼ਰੂਰ ਕੀਤਾ ਹੋਇਆ ਸੀ ਕਿ ਰੋਣ ਆਉਣਾ ਇਕ ਕੁਦਰਤੀ ਗੱਲ ਹੈ। ਪਰ ਕੋਈ ਪਿੱਟ ਸਿਆਪਾ ਨਾ ਕੀਤਾ ਜਾਵੇ ਅਤੇ ਨਾ ਹੀ ਕੋਈ ਵੈਣ ਬਗੈਰਾ ਪਾਇਆ ਜਾਵੇ!

ਦੋ ਕੁ ਘੰਟੇ ਬਾਅਦ ਚਾਚੇ ਮੋਹਣ ਨੇ ਮੈਨੂੰ ਅਵਾਜ਼ ਮਾਰੀ।

-”ਆ ਪੁੱਤ ਹੁਣ ਬਾਈ ਦਾ ਇਸ਼ਨਾਨ ਕਰਵਾਈਏ..!” ਵੈਰਾਗ ਵਿਚ ਚਾਚੇ ਮੋਹਣ ਦਾ ਗਲ਼ ਰੁਕ ਗਿਆ। ਛੇ ਫ਼ੁੱਟ ਤੋਂ ਵੀ ਉਪਰ ਕੱਦ ਵਾਲ਼ੇ ਚਾਚੇ ਦੇ ਹੰਝੂ ਹੜ੍ਹ ਵਾਂਗ ਵਰ੍ਹ ਪਏ। ਫਿ਼ਰ ਵੀ ਜੱਗੋਂ ਤੁਰ ਜਾਣ ਵਾਲ਼ਾ ਸਕਾ ਵੱਡਾ ਭਰਾ ਸੀ। ਆਪਣਾ ਖ਼ੂਨ ਸੀ। ਉਬਲਣਾ ਤਾਂ ਸੀ ਹੀ! ਦਿਉ ਕੱਦ ਚਾਚੇ ਨੂੰ ਭਾਵੁਕ ਹੋਇਆ ਦੇਖ ਕੇ ਮੇਰਾ ਮਨ ਵੀ ਹਿੱਲ ਪਿਆ। ਪਰ ਮੈਂ ਸੰਭਲ਼ ਗਿਆ। ਸੋਚਿਆ ਕਿ ਜੇ ਭੈਣਾਂ ਨੇ ਮੈਨੂੰ ਰੋਂਦੇ ਨੂੰ ਦੇਖ ਲਿਆ, ਉਹਨਾਂ ਤੋਂ ਵੀ ਜਰਿਆ ਨਹੀਂ ਜਾਣਾ ਕਿ ਸਾਡਾ ‘ਕੱਲਾ-’ਕੱਲਾ ਭਰਾ ਬਾਪੂ ਦੇ ਵਿਯੋਗ ਵਿਚ ਰੋ ਰਿਹਾ ਹੈ। ਸੋ ਮੈਂ ਮਨ ਹੋਰ ਪਾਸੇ ਲਾ ਕੇ ਮਨ ਨੂੰ ਬੜੀ ਮੁਸ਼ਕਲ ਨਾਲ਼ ਬੰਨ੍ਹ ਮਾਰਿਆ ਹੋਇਆ ਸੀ।

-”ਚਲੋ ਚਾਚਾ ਜੀ…!” ਮੈਂ ਤਾਂ ਤਿਆਰ ਹੀ ਸੀ।

ਅਸੀਂ ਬਾਪੂ ਜੀ ਦਾ ਇਸ਼ਨਾਨ ਕਰਵਾਉਣਾ ਸ਼ੁਰੂ ਕਰ ਦਿੱਤਾ। ਜਦ ਮੈਂ ਬਾਪੂ ਦੀਆਂ ਮੁੱਛਾਂ ‘ਤੇ ਦਹੀਂ ਲਾਇਆ ਤਾਂ ਮੈਨੂੰ ਪਿਛਲੇ ਸਾਲ ਵਾਲ਼ੀ ਗੱਲ ਚੇਤੇ ਆ ਗਈ। …ਬਾਪੂ ਨੇ ਕਦੇ ‘ਸ਼ੇਵ’ ਕਰਨ ਦੀ ਘੌਲ਼ ਨਹੀਂ ਸੀ ਕੀਤੀ। ਹਸਪਤਾਲ਼ ਤੋਂ ਵਾਪਸ ਮੁੜਨ ਤੋਂ ਬਾਅਦ ਉਹਨਾਂ ਕੋਲ਼ੋਂ ਦੋ-ਤਿੰਨ ਦਿਨ ‘ਸ਼ੇਵ’ ਨਾ ਹੋਈ। ਮੈਂ ਬੌਡਿਆਂ ਵਾਲ਼ੇ ਗੁਰਮੇਲ ਨੂੰ ਫ਼ੋਨ ਕੀਤਾਂ ਤਾਂ ਗੁਰਮੇਲ ਵੀਹਾਂ ਕੁ ਮਿੰਟਾਂ ਵਿਚ ਹੀ ਬੌਡਿਆਂ ਤੋਂ ਕਿਸੇ ਨਾਲ਼ ਸਕੂਟਰ ‘ਤੇ ਬੈਠ ਸਾਡੇ ਕੋਲ਼ ਘਰੇ ਆ ਵੱਜਿਆ। ਮੈਨੂੰ ਅੱਜ ਤੱਕ ਪਤਾ ਨਹੀਂ ਲੱਗਿਆ ਕਿ ਬੌਡਿਆਂ ਵਾਲ਼ਾ ਗੁਰਮੇਲ ਬਾਪੂ ਨੂੰ ‘ਤਾਇਆ’ ਕਿਉਂ ਆਖਦਾ ਸੀ? ਮੈਂ ਗੁਰਮੇਲ ਨੂੰ ਆਖਿਆ ਕਿ ਜਿੰਨਾ ਚਿਰ ਬਾਪੂ ਪੂਰਾ ਕਾਇਮ ਨਹੀਂ ਹੁੰਦਾ, ਤੂੰ ਆਪਣੀ ਦੁਕਾਨ ਖੋਲ੍ਹਣ ਤੋਂ ਪਹਿਲਾਂ ਬਾਪੂ ਦੀ ਸ਼ੇਵ ਕਰਕੇ ਜਾਣੀਂ ਹੈ ਅਤੇ ਆਪਣੀ ਦੁਕਾਨ ਫ਼ੇਰ ਖੋਲ੍ਹਣੀਂ ਹੈ! ਮੇਰਾ ਆਖਾ ਮੰਨ ਕੇ ਗੁਰਮੇਲ ਹਰ ਰੋਜ਼ ਹੀ ਸਵੇਰੇ ਸੱਤ ਵਜੇ ਸਾਡੇ ਕੋਲ਼ ਪਹੁੰਚ ਜਾਂਦਾ ਅਤੇ ਬਾਪੂ ਨੂੰ ‘ਟਿਚਨ’ ਬਣਾ ਜਾਂਦਾ। ਬਾਪੂ ਮੁੱਛਾਂ ਨੂੰ ਚੁੱਕ ਕੇ ਰੱਖਦਾ ਸੀ।

-”ਗੁਰਮੇਲ…!” ਮੈਂ ਉਸ ਨੂੰ ਆਖਿਆ।

-”ਹਾਂ ਬਾਈ…?”

-”ਬਾਪੂ ਦੀਆਂ ਮੁੱਛਾਂ ਵੀ ਤਿੱਖੀਆਂ ਕਰ ਦਿਆ ਕਰ..!” ਮੈਂ ਹੱਸਦੇ ਨੇ ਟਿੱਚਰ ਵਜੋਂ ਆਖਿਆ।

-”ਲੈ ਬਾਈ..! ਆਪਾਂ ਕਿਤੋਂ ਕੁਛ ਲੈਣ ਜਾਣੈਂ…?” ਉਸ ਨੇ ਵਾਧੂ ਘਾਟੂ ਜਿਹੇ ਵਾਲ਼ ਕੈਂਚੀ ਨਾਲ਼ ਛਾਂਗ ਦਿੱਤੇ।

-”ਗੁਰਮੇਲ ਗੱਲ ਇਕ ਹੋਰ ਐ…!”

-”ਦੱਸ ਬਾਈ…?”

-”ਜਿੱਦੇਂ ਬਾਪੂ ਨੇ ਚੜ੍ਹਾਈ ਕੀਤੀ, ਮੈਂ ਤਾਂ ਓਦਣ ਵੀ ਬਾਪੂ ਦੀਆਂ ਮੁੱਛਾਂ ਚੱਕ ਕੇ ਤੋਰੂੰ…! ਡਿੱਗੀਆਂ ਮੁੱਛਾਂ ਨਾਲ਼ ਬਾਪੂ ਨੂੰ ਜਮਾਂ ਨ੍ਹੀ ਸਿਵਿਆਂ ਨੂੰ ਚੱਕਦਾ…!”

-”ਚਾਹੀਦਾ ਵੀ ਐ ਬਾਈ…!” ਗੁਰਮੇਲ ਨੇ ਆਖਿਆ ਸੀ।

…ਤੇ ਅੱਜ ਮੈਨੂੰ ਉਹ ਗੱਲ ਯਾਦ ਆ ਗਈ ਤਾਂ ਮੈਂ ਸਾਡੇ ਗੁਆਂਢੀ ਬਿੰਦੇ ਨੂੰ ਆਖਿਆ, “ਆਹ ਬਾਈ ਮਾੜਾ ਜਿਆ ਦਹੀਂ ਦੇਈਂ…!” ਜਦ ਬਿੰਦੇ ਨੇ ਮੈਨੂੰ ਦਹੀਂ ਫ਼ੜਾਇਆ ਤਾਂ ਮੈਂ ਬਾਹਵਾ ਦਹੀਂ ਬਾਪੂ ਦੀਆਂ ਮੁੱਛਾਂ ‘ਤੇ ਮਲਿ਼ਆ, ਫਿ਼ਰ ਪਾਣੀ ਪਾ ਕੇ ਸਾਬਣ ਲਾਇਆ ਅਤੇ ਧੋ-ਸੁਆਰ ਕੇ ਮੁੱਛਾਂ ਉਂਗਲਾਂ ਦੇ ਆਸਰੇ ਉਪਰ ਨੂੰ ਚੁੱਕ ਦਿੱਤੀਆਂ। ਮੁੱਛਾਂ ਬਾਹਵਾ ‘ਤਾਅ’ ਫੜ ਗਈਆਂ ਸਨ। ਮਰੇ ਬੰਦੇ ਦੀਆਂ ਮੁੱਛਾਂ ਨੇ ਕਿਹੜਾ ਡੰਡੇ ਵਾਂਗ ਆਕੜਨਾ ਸੀ? ਪਰ ਬਾਪੂ ਦੀਆਂ ਮੁੱਛਾਂ ਆਮ ਵਾਂਗ ਨਜ਼ਰ ਆਉਣ ਲੱਗ ਪਈਆਂ ਸਨ। ਗੋਲਡੀ, ਜੱਥੇਦਾਰ ਸਾਹਿਬ ਅਤੇ ਹੋਰ ਦੋਸਤਾਂ-ਮਿੱਤਰਾਂ ਨੇ ਆਪਣੇ ਵੱਲੋਂ ਸਤਿਕਾਰ ਵਜੋਂ ਲੋਈਆਂ ਪਾਈਆਂ। ਜਦ ਕੱਪੜੇ ਪਾ ਕੇ, ਦਸਤਾਰ ਸਜਾ ਕੇ ਅਰਥੀ ਤਿਆਰ ਕੀਤੀ ਤਾਂ ਮੈਂ ਦਰਸ਼ਣ ਕਰਵਾਉਣ ਤੋਂ ਪਹਿਲਾਂ ਉਂਗਲ਼ਾਂ ਨਾਲ਼ ਬਾਪੂ ਦੀਆਂ ਮੁੱਛਾਂ ਇਕ ਵਾਰ ਫਿ਼ਰ ਉਪਰ ਨੂੰ ਚੁੱਕੀਆਂ। ਜਦ ਮੇਰੇ ਮਨ ਦੀ ਤਸੱਲੀ ਹੋ ਗਈ ਤਾਂ ਅਰਥੀ ਦਰਸ਼ਣਾਂ ਲਈ ਵਿਹੜੇ ਵਿਚ ਲਿਆ ਰੱਖੀ। ਜੱਥੇਦਾਰ ਜੀ ਨੇ ਅਰਥੀ ਉਪਰ ਫ਼ੁੱਲਾਂ ਦੀਆਂ ਪੱਤੀਆਂ ਬਖ਼ੇਰ ਦਿੱਤੀਆਂ। ਫ਼ੁੱਲ ਰੱਖੇ ਗਏ।

ਇਕੱਠ ਬਹੁਤ ਸੀ।

ਸਾਰਿਆਂ ਨੇ ਵਾਰੀ ਨਾਲ਼ ਦਰਸ਼ਣ ਕਰਨੇ ਸ਼ੁਰੂ ਕਰ ਦਿੱਤੇ।

ਜਦ ਸਾਰਿਆਂ ਨੇ ਦਰਸ਼ਣ ਕਰ ਲਏ ਤਾਂ ਮੈਂ ਬਾਪੂ ਜੀ ਦੇ ਚਰਨਾਂ ਵਿਚ ਪੰਜਾਹ ਰੁਪਏ ਰੱਖ ਕੇ ਚਰਨਾਂ ਨੂੰ ਹੱਥ ਲਾਇਆ ਅਤੇ ਮਨ ਵਿਚ ਬਾਪੂ ਤੋਂ ਕੀਤੀਆਂ ਗਲਤੀਆਂ ਦੀ ਮੁਆਫ਼ੀ ਮੰਗੀ, “ਮੇਰੇ ਪਿਆਰੇ ਬਾਪੂ ਜੀ…! ਤੇਰੇ ਐਸ ਪੁੱਤ ਨੇ ਤੇਰਾ ਕਦੇ ਨਾ ਕਦੇ ਮਨ ਵੀ ਜ਼ਰੂਰ ਦੁਖੀ ਕੀਤਾ ਹੋਊ, ਕਿਰਪਾ ਕਰੀਂ, ਮੈਨੂੰ ਮੁਆਫ਼ ਈ ਕਰੀਂ ਮੇਰਾ ਪਿਆਰਾ ਬਾਪੂ ਬਣਕੇ…! ਮੈਨੂੰ ਇਹ ਨਹੀਂ ਸੀ ਪਤਾ ਕਿ ਤੂੰ ਐਨੀਂ ਜਲਦੀ ਬਿਨਾ ਦੱਸੇ ਹੀ ਚਲਾ ਜਾਵੇਂਗਾ ਬਾਪੂ, ਜਿਉਂਦੇ ਜੀਅ ਤਾਂ ਤੂੰ ਮੈਨੂੰ ਮੁਆਫ਼ੀ ਮੰਗਣ ਦਾ ਸਮਾਂ ਈ ਨ੍ਹੀ ਦਿੱਤਾ, ਬੱਸ ਹੁਣ ਆਪਣੇ ਕਮਲ਼ੇ ਪੁੱਤ ਨੂੰ ਮੁਆਫ਼ ਕਰਦੀਂ ਬਾਪੂ…! ਮੁਆਫ਼ ਈ ਕਰਦੀਂ…!” ਬਾਪੂ ਦੇ ਚਰਨਾਂ ਵਿਚ ਖੜ੍ਹੇ ਮੁਆਫ਼ੀ ਮੰਗਦੇ ਦੇ ਮੇਰੇ ਹੰਝੂ ਘੱਗਰ ਦਰਿਆ ਵਾਂਗ ਵਹਿ ਤੁਰੇ।

ਸਾਰਿਆਂ ਨੇ ਬਾਪੂ ਦੇ ਚਰਨਾਂ ਵਿਚ ਤਿਲ-ਫ਼ੁੱਲ ਭੇਂਟ ਕੀਤਾ ਅਤੇ ਨਮਸਕਾਰ ਕੀਤੀ!

-”ਜੱਗਿਆ…! ਚਲੋ ਚੱਕੋ ਪੁੱਤ..! ਲੱਗ ਅੱਗੇ…!” ਚਾਚੇ ਮੋਹਣ ਦਾ ਮਨ ਵੀ ਗੰਗਾ ਜਮਨਾਂ ਬਣਿਆਂ ਪਿਆ ਸੀ।

‘ਵਾਹਿਗੁਰੂ’ ਆਖ ਕੇ ਅਸੀਂ ਬਾਪੂ ਦੀ ਅਰਥੀ ਚੁੱਕ ਲਈ। ਮੈਂ, ਚਾਚਾ ਮੋਹਣ, ਚਾਚਾ ਜੀ ਦਾ ਵੱਡਾ ਮੁੰਡਾ ਬਿੰਦਰ ਅਤੇ ਛੋਟਾ ਇਕਬਾਲ ‘ਕਾਨ੍ਹੀ’ ਲੱਗੇ। ਸਾਰੇ ‘ਸਤਿਨਾਮ – ਵਾਹਿਗੁਰੂ’ ਦਾ ਜਾਪ ਕਰਦੇ ਜਾ ਰਹੇ ਸਨ। ਜੱਥੇਦਾਰ ਜੀ ਅਰਥੀ ਦੇ ਅੱਗੇ ਅੱਗੇ ਫ਼ੁੱਲਾਂ ਦੀ ਵਰਖ਼ਾ ਕਰਦੇ ਜਾ ਰਹੇ ਸਨ। ਇਕੱਠ ਬੇਥਾਹ ਸੀ। ‘ਸਤਿਨਾਮ – ਵਾਹਿਗੁਰੂ’ ਜਪਦੇ ਦਾ ਵਿਚ ਦੀ ਮੇਰਾ ਮਨ ਭਰ ਆਉਂਦਾ ਅਤੇ ਮੇਰੇ ਮੂੰਹੋਂ ਜਾਪ ਦੀ ਲੜੀ ਟੁੱਟ ਜਾਂਦੀ। ਮੈਂ ਚੁੱਪ ਜਿਹੀ ਵੱਟ ਲੈਂਦਾ ਅਤੇ ਮਨ ਨੂੰ ਕਰੜਾ ਕਰ ਕੇ ਫਿ਼ਰ ਜਾਪ ਸ਼ੁਰੂ ਕਰ ਦਿੰਦਾ। ਮੇਰੇ ਮਨ ਅੰਦਰ ਵੱਖੋ-ਵੱਖ ਖਿ਼ਆਲਾਂ ਦਾ ਜਹਾਦ ਛਿੜਿਆ ਹੋਇਆ ਸੀ। ਅੱਜ ਮੈਨੂੰ ਬਾਪੂ ਦੀਆਂ ਕੱਢੀਆਂ ਗਾਲ਼ਾਂ ਅਤੇ ਕੁੱਟ ਘੱਟ, ਪਰ ਉਸ ਦੀਆਂ ਚੰਗੀਆਂ ਗੱਲਾਂ ਵੱਧ ਯਾਦ ਆ ਰਹੀਆਂ ਸਨ। ਮੇਰਾ ਮਨ ਇਸ ਗੱਲੋਂ ਸਭ ਤੋਂ ਵੱਧ ਦੁਖੀ ਸੀ ਕਿ ਮੈਂ ਅੱਜ ਬਾਪੂ ਦੀ ਅਰਥੀ ਮੋਢੇ ‘ਤੇ ਚੁੱਕੀ ਜਾ ਰਿਹਾ ਸਾਂ! ਮੇਰੇ ਪੈਰ ਗੱਡੇ ਵਾਂਗ ਭਾਰੇ-ਭਾਰੇ ਹੋਏ ਪਏ ਸਨ ਅਤੇ ਮੇਰਾ ਸਰੀਰ ਨਿਰਬਲ ਹੋਇਆ ਪਿਆ ਸੀ। ਜਿਹੜਾ ਬਾਪੂ ਮੈਨੂੰ ਕਦਮ-ਕਦਮ ‘ਤੇ ਨਸੀਹਤਾਂ ਅਤੇ ਮੱਤਾਂ ਜਿਹੀਆਂ ਦਿੰਦਾ ਰਹਿੰਦਾ ਸੀ। ਅੱਜ ਚੁੱਪ ਚਾਪ ਮੇਰੇ ਮੋਢਿਆਂ ‘ਤੇ ਤੁਰਿਆ ਜਾ ਰਿਹਾ ਸੀ। ਪਰ ਇਕ ਗੱਲੋਂ ਆਪਣੇ ਆਪ ਨੂੰ ਖ਼ੁਸ਼-ਕਿਸਮਤ ਵੀ ਸਮਝ ਰਿਹਾ ਸਾਂ ਕਿ ਕੁਝ ਮਾੜੇ ਕਰਮਾਂ ਵਾਲਿ਼ਆਂ ਨੂੰ ਤਾਂ ਮਾਂ-ਬਾਪ ਦੇ ਅੰਤਿਮ ਦਰਸ਼ਣ ਵੀ ਨਸੀਬ ਨਹੀਂ ਹੁੰਦੇ। ਪਰ ਮੈਂ ਤਾਂ ਪਹਿਲਾਂ ਮਾਂ ਨੂੰ ਵੀ ਅਤੇ ਅੱਜ ਬਾਪੂ ਨੂੰ ਆਪਣਾ ‘ਮੋਢਾ’ ਦਿੱਤਾ ਸੀ ਅਤੇ ਹੱਥੀਂ ਸਸਕਾਰ ਕੀਤਾ ਸੀ। ਇਸ ਕਰਕੇ ਮੇਰੇ ਮਨ ਨੂੰ ਤਸੱਲੀ ਸੀ।

ਪਿੰਡ ਦੇ ਗੁਰਦੁਆਰੇ ਕੋਲ਼ ਲਿਆ ਕੇ ਬਾਪੂ ਦੀ ਅਰਥੀ ਫਿ਼ਰ ਦਰਸ਼ਣਾ ਲਈ ਰੱਖੀ ਗਈ। ਪਿੰਡ ਦੀ ਦੂਜੀ ਪੱਤੀ ਵਾਲ਼ੇ ਲੋਕ ਇਸ ਗੁਰਦੁਆਰੇ ਕੋਲ਼ ਆ ਕੇ ਹੀ ਦਰਸ਼ਣ ਕਰਦੇ ਸਨ ਅਤੇ ਸਸਕਾਰ ਲਈ ਨਾਲ਼ ਤੁਰਦੇ ਸਨ। ਦਸ ਕੁ ਮਿੰਟਾਂ ਦੇ ਦਰਸ਼ਣ ਬਾਅਦ ਮੋਢੇ ਬਦਲੇ ਗਏ ਅਤੇ ਅਰਥੀ ਫਿ਼ਰ ਚੁੱਕ ਲਈ ਗਈ।

ਸ਼ਮਸ਼ਾਨਘਾਟ ਵਿਚ ਲੱਕੜਾਂ ਦਾ ਪ੍ਰਬੰਧ ਬਿੰਦੇ ਅਤੇ ਨਿੰਮੇ ਗਿਆਨੀ ਨੇ ਕੀਤਾ ਹੋਇਆ ਸੀ। ਨਿੰਮੇਂ ਗਿਆਨੀ ਨੂੰ ਮੈਂ ਪੁੱਛਿਆ ਸੀ ਕਿ ਬਾਈ ਕਿੰਨੀਆਂ ਕੁ ਲੱਕੜਾਂ ਲੱਗਦੀਆਂ ਹੁੰਦੀਐਂ…? ਤਾਂ ਗਿਆਨੀ ਨੇ ਉਤਰ ਦਿੱਤਾ ਸੀ ਕਿ ਤਿੰਨ ਕੁ ਕੁਇੰਟਲ ਬਹੁਤ ਹੁੰਦੀਐਂ…! ਤੇ ਮੈਂ ਆਖਿਆ ਸੀ ਬਾਈ ਬਾਪੂ ਤਿੰਨ ਦਿਨ ਫ਼ਰੀਜ਼ਰ ‘ਚ ਲੱਗਿਆ ਰਿਹੈ, ਆਪਾਂ ਤਿੰਨ ਦੀ ਜਗਾਹ ਚਾਰ ਕੁਇੰਟਲ ਲੱਕੜਾਂ ਲਾਵਾਂਗੇ…! ਵਧ ਚਾਹੇ ਜਾਣ, ਪਰ ਘਟਣੀਆਂ ਨਹੀਂ ਚਾਹੀਦੀਆਂ…! ਪਰ ਬਿੰਦੇ ਨੇ ਆਖਿਆ ਸੀ, ਬਾਈ ਚਾਬੀ ਆਪਣੇ ਕੋਲ਼ ਈ ਹੁੰਦੀ ਐ, ਜੇ ਲੱਕੜਾਂ ਦੀ ਲੋੜ ਪਈ ਆਪਾਂ ਉਥੋਂ ਈ ਹੋਰ ਚੱਕ ਲਵਾਂਗੇ! ਪਰ ਮੈਂ ਚਾਰ ਕੁਇੰਟਲ਼ ‘ਤੇ ਹੀ ਅੜਿਆ ਰਿਹਾ ਸੀ।

ਜਦ ਅਸੀਂ ਬਾਪੂ ਦੀ ਅਰਥੀ ਸ਼ਮਸ਼ਾਨਘਾਟ ਵਿਖੇ ਲਿਆਂਦੀ ਤਾਂ ਪਿੰਡ ਦੇ ਗਰੰਥੀ ਸਿੰਘ ਨੇ ਕੀਰਤਨ ਸੋਹਿਲੇ ਦਾ ਪਾਠ ਆਰੰਭ ਕਰ ਦਿੱਤਾ। ਪਾਠ ਦੀ ਸੰਪੂਰਨਤਾ ਤੋਂ ਬਾਅਦ ਅਰਦਾਸ ਕੀਤੀ। ਜਦ ਅਰਦਾਸ ਸੰਪੂਰਨ ਹੋਈ ਤਾਂ ਬਾਪੂ ਨੂੰ ਸਿਵੇ ‘ਤੇ ਰੱਖ ਕੇ ਲੱਕੜਾਂ ਚਿਣੀਆਂ, ਮੂੰਹ ਵਿਚ ਘਿਉ ਪਾਇਆ ਗਿਆ। ਸਰੀਰ ‘ਤੇ ਸਾਮੱਗਰੀ ਪਾਈ ਗਈ ਅਤੇ ਮੈਂ ਬਰਨਾਲ਼ੇ ਵਾਲ਼ੀ ਭੈਣ ਦੀ ਹਦਾਇਤ ਅਨੁਸਾਰ ਬਾਪੂ ਦੇ ਮੂੰਹ ਵਿਚ ਪੰਜ ਰਤਨੀਂ ਪਾ ਦਿੱਤੀ।

ਦਿਨ ਦੇ ਪੂਰੇ ਸਵਾ ਇਕ ਵਜੇ ਅਰਥੀ ਨੂੰ ‘ਦਾਗ’ ਦੇ ਦਿੱਤਾ…!

ਜਦ ਦਾਗ ਦੇ ਕੇ ਮੈਂ ਪੌੜੀਆਂ ਉਤਰ ਕੇ ਬਾਈ ਇੰਦਰ ਕੋਲ਼ ਆ ਕੇ ਖੜ੍ਹਾ ਤਾਂ ਬਾਈ ਅਥਾਹ ਨਿਰਾਸ਼ਾ ਅਤੇ ਉਦਾਸੀ ਵਿਚ ਬੋਲਿਆ, “ਹੈਂ ਬਈ…! ਡੈਡੀ ਮਰਨੀਂ ਮਰ ਗਿਆ, ਪਰ ਪਿਉ ਦੇ ਪੁੱਤ ਨੇ ਮਰਨ ਤੱਕ ਆਬਦੀ ਬੜ੍ਹਕ ਨਹੀਂ ਛੱਡੀ..!” ਬਾਈ ਦੇ ਆਖਣ ‘ਤੇ ਮੇਰੀ ਭਾਵਨਾ ਅੱਖਾਂ ਰਾਹੀਂ ਫਿ਼ਰ ਵਹਿ ਤੁਰੀ। ਜਦ ਮੈਂ ਫਿ਼ਰ ਮਨ ਨੂੰ ਕਰੜਾ ਕੀਤਾ ਤਾਂ ਬਾਈ ਨੂੰ ਆਖਿਆ, “ਬੰਦੇ ਦੀ ਆਖਰੀ ਪ੍ਰਾਪਰਟੀ ਚਾਰ ਕੁਇੰਟਲ਼ ਲੱਕੜੈਂ ਬਾਈ…! ਤੇਰੇ ਸਾਹਮਣੇਂ ਐਂ..!”

-”ਆਖਦੇ ਨ੍ਹੀ ਹੁੰਦੇ, ਸਾਢੇ ਤਿੰਨ ਹੱਥ ਧਰਤੀ ਤੇਰੀ – ਬਹੁਤੀਆਂ ਜੰਗੀਰਾਂ ਵਾਲਿ਼ਆ..!” ਮੇਰੇ ਸਾਢੂ ਜਗਦੇਵ ਦੇ ਬਾਪੂ ਜੀ ਨੇ ਆਖਿਆ।

-”ਇਹ ਸਤਰਾਂ ਤਾਂ ਫ਼ਕੀਰਾਂ ਨੇ ਉਹਨਾਂ ਵਾਸਤੇ ਵਰਤੀਐਂ, ਜਿੰਨ੍ਹਾਂ ਨੂੰ ਦਫ਼ਨਾਉਂਦੇ ਐ ਬਾਪੂ ਜੀ..! ਕਿਉਂਕਿ ਸਰੀਰ ਸਾਢੇ ਤਿੰਨ ਹੱਥ ਧਰਤੀ ‘ਚ ਪਿਆ ਰਹਿੰਦੈ..!” ਮੈਂ ਜਗਦੇਵ ਦੇ ਬਾਪੂ ਜੀ ਨੂੰ ‘ਬਾਪੂ ਜੀ’ ਆਖ ਕੇ ਹੀ ਬੁਲਾਉਂਦਾ ਹਾਂ, “ਜੀਹਦਾ ਕਰ ਈ ਸਸਕਾਰ ਦਿੱਤਾ, ਉਹਦੀ ਤਿੰਨ ਹੱਥ ਧਰਤੀ ਕਾਹਦੀ ਹੋਈ..? ਅੱਜ ਸਸਕਾਰ ਕੀਤਾ, ਪਰਸੋਂ ਨੂੰ ਫ਼ੁੱਲ ਚੁਗ ਲਵਾਂਗੇ ਤੇ ਰਹਿੰਦੀ ਰਾਖ਼ ਨਹਿਰ ‘ਚ ਤਾਰ ਆਵਾਂਗੇ, ਇਹ ਵੀ ਕਾਹਦੀ ਤਿੰਨ ਹੱਥ ਧਰਤੀ ਦੀ ਮਲਕੀਅਤ ਹੋਈ..? ਸਸਕਾਰ ਹੋਣ ਵਾਲ਼ੇ ਬੰਦੇ ਦੀ ਜੰਗੀਰ ਤਾਂ ਤਿੰਨ ਜਾਂ ਚਾਰ ਕੁਇੰਟਲ਼ ਲੱਕੜੈਂ, ਜਿਹੜੀਆਂ ਨਾਲ਼ ਈ ਮੱਚ ਜਾਂਦੀਐਂ…!” ਮੇਰੇ ਉਤਰ ‘ਤੇ ਬਾਪੂ ਜੀ ਸੰਤੁਸ਼ਟ ਹੋ ਗਏ ਅਤੇ “ਇਹ ਵੀ ਦਰੁਸਤ ਐ ਜੱਗਿਆ…!” ਆਖ ਕੇ ਚੁੱਪ ਕਰ ਗਏ।

ਅਰਥੀ ‘ਤੇ ਆਖਰੀ ਡੱਕੇ ਸੁੱਟ ਕੇ ਅਸੀਂ ਗੁਰਦੁਆਰੇ ਨੂੰ ਤੁਰ ਪਏ।

ਗ੍ਰੰਥੀ ਸਿੰਘ ਨੇ ਅਰਦਾਸ ਕਰਕੇ ਹੁਕਮਨਾਮਾ ਲਿਆ ਅਤੇ ਅਸੀਂ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨਾਲ਼ ਆਖੰਡ ਪਾਠ ਦੀ ਗੱਲ ਚਲਾਈ।

-”ਕਿੱਦੇਂ ਪ੍ਰਕਾਸ਼ ਕਰਵਾਉਣੈਂ ਛੋਟੇ ਭਾਈ…?” ਕਮੇਟੀ ਮੈਂਬਰ ਬਾਈ ਗਮਦੂਰ ਨੇ ਪੁੱਛਿਆ।

-”ਪਰਸੋਂ ਫ਼ੁੱਲ ਚੁਗਣ ਤੋਂ ਬਾਅਦ ਈ ਕਰਵਾਵਾਂਗੇ ਬਾਈ ਜੀ..!” ਮੈਂ ਆਖਿਆ।

-”ਪਰ ਪਰਸੋਂ ਤਾਂ ਇਕ ਹੋਰ ਆਖੰਡ ਪਾਠ ਦਾ ਪ੍ਰੋਗਰਾਮ ਐਂ..!” ਬਾਈ ਗਮਦੂਰ ਨੇ ਬੇਵੱਸੀ ਜਿਹੀ ਜ਼ਾਹਿਰ ਕੀਤੀ।

-”ਚਲੋ, ਆਪਾਂ ਕਿਸੇ ਨਾਲ਼ ਹੋਰ ਗੱਲ ਕਰ ਲੈਨੇਂ ਆਂ!” ਚਾਚੇ ਮੋਹਣ ਨੇ ਕਿਹਾ।

-”ਆਪਾਂ ਜਾਂ ਤਾਂ ਟੱਲੇਆਲ਼ੇ ਵਾਲ਼ੇ ਸੰਤਾਂ ਨਾਲ਼ ਗੱਲ ਕਰੀਏ, ਅੱਗੇ ਸਾਰੇ ਆਖੰਡ ਪਾਠ ਉਹਨਾਂ ਨੇ ਈ ਕੀਤੇ ਐ ਆਪਣੇ..!” ਮੈਂ ਚਾਚਾ ਜੀ ਨੂੰ ਕਿਹਾ।

ਗੱਲਾਂ ਬਾਤਾਂ ਕਰਦੇ ਜਦ ਅਸੀਂ ਗੁਰਦੁਆਰੇ ਤੋਂ ਬਾਹਰ ਆਏ ਤਾਂ ਅਚਾਨਕ ਕੁਦਰਤੀਂ ਹੀ ਸਾਨੂੰ ਲੋਪੋ ਵਾਲਾ ਜੱਥੇਦਾਰ ਅਮਰਜੀਤ ਸਿੰਘ ਟੱਕਰ ਪਿਆ। ਉਹ ਪਿੰਡ ‘ਚ ਕਿਸੇ ਦੇ ਪਾਠ ਦਾ ਭੋਗ ਪਾਉਣ ਤੋਂ ਬਾਅਦ ਆਪਣੇ ਜੱਥੇ ਸਮੇਤ ਗੁਰਦੁਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਛੱਡਣ ਆਇਆ ਸੀ।

-”ਲੈ ਬੰਦਾ ਆਪਾਂ ਨੂੰ ਮਿਲ਼ ਪਿਆ…!” ਚਾਚਾ ਮੋਹਣ ਲੋਪੋ ਵਾਲ਼ੇ ਅਮਰਜੀਤ ਨੂੰ ਦੇਖ ਕੇ ਖੁਸ਼ ਹੋ ਗਿਆ।

ਮੈਨੂੰ ਬਾਪੂ ਦੀ ਇੱਛਾ ਵੀ ਯਾਦ ਆ ਗਈ ਕਿ ਮੇਰਾ ਆਖੰਡ ਪਾਠ ਲੋਪੋ ਵਾਲ਼ੇ ਹੀ ਕਰਨ! ਦਿਮਾਗ ਵਿਚ ਖਿ਼ਆਲਾਂ ਦੇ ਜਹਾਦ ਕਾਰਨ ਮੈਂ ਬਾਪੂ ਦੀ ਲੋਪੋ ਵਾਲ਼ੇ ਜੱਥੇ ਤੋਂ ਆਖੰਡ ਪਾਠ ਪ੍ਰਕਾਸ਼ ਕਰਵਾਉਣ ਦੀ ਇੱਛਾ ਭੁੱਲ ਗਿਆ ਸੀ। ਅਚਾਨਕ ਗੱਲ ਮੇਰੇ ਯਾਦ ਆ ਗਈ ਅਤੇ ਮੈਂ ਅਕਾਲ ਪੁਰਖ਼ ਦਾ ਧੰਨਵਾਦ ਕੀਤਾ। ਜੇ ਸਾਨੂੰ ਜੱਥੇਦਾਰ ਅਮਰਜੀਤ ਸਿੰਘ ਨਾ ਮਿਲ਼ਦਾ ਤਾਂ ਸ਼ਾਇਦ ਅਸੀਂ ਟੱਲੇਵਾਲ਼ ਨੂੰ ਸੰਤਾਂ ਕੋਲ਼ ਤੁਰ ਪੈਂਦੇ।

ਚਾਚਾ ਜੀ ਨੇ ਅਮਰਜੀਤ ਨਾਲ਼ ਆਖੰਡ ਪਾਠ ਕਰਵਾਉਣ ਦੀ ਇੱਛਾ ਰੱਖੀ ਤਾਂ ਜੱਥੇਦਾਰ ਨੇ ਕਿਹਾ, “ਤੁਸੀਂ ਘਰ ਨੂੰ ਚੱਲੋ, ਮੈਂ ਤੁਹਾਡੇ ਮਗਰੇ ਈ ਘਰੇ ਆਇਆ!” ਅਮਰਜੀਤ ਨੇ ਮੇਰੇ ਨਾਲ਼ ਬਾਪੂ ਦਾ ਅਫ਼ਸੋਸ ਕੀਤਾ ਅਤੇ ਅਸੀਂ ਘਰ ਨੂੰ ਤੁਰ ਪਏ।

ਅੱਧੇ ਕੁ ਘੰਟੇ ਬਾਅਦ ਅਮਰਜੀਤ ਘਰੇ ਆ ਗਿਆ।

ਤਿੰਨ ਸਾਲ ਪਹਿਲਾਂ ਮੇਰੀ ਮਾਤਾ ਜੀ ਦੇ ਸਹਿਜ ਪਾਠ ਦਾ ਭੋਗ ਵੀ ਅਮਰਜੀਤ ਨੇ ਹੀ ਪਾਇਆ ਸੀ। ਇਸ ਲਈ ਮੈਂ ਉਸ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਸਾਂ। ਵੈਸੇ ਉਸ ਨੇ ਮੇਰੇ ਕਈ ਨਾਵਲ ਵੀ ਪੜ੍ਹੇ ਹੋਏ ਸਨ। ਮੇਰੇ ਨਾਵਲ ਵੀ ਉਹ ਬਾਪੂ ਜੀ ਕੋਲ਼ੋਂ ਹੀ ਲੈ ਕੇ ਜਾਂਦਾ ਹੁੰਦਾ ਸੀ। ਇਹ ਗੱਲ ਖ਼ੁਦ ਮੈਨੂੰ ਅਮਰਜੀਤ ਨੇ ਹੀ ਦੱਸੀ ਸੀ।

ਅਮਰਜੀਤ ਨੇ ਸਾਨੂੰ ਆਖੰਡ ਪਾਠ ਦੀ ਸਾਮੱਗਰੀ ਲਿਖ ਦਿੱਤੀ ਅਤੇ ਅਸੀਂ ਤੀਜੇ ਦਿਨ ਫ਼ੁੱਲ ਚੁਗਣ ਤੋਂ ਬਾਅਦ ਆਖੰਡ ਪਾਠ ਪ੍ਰਕਾਸ਼ ਕਰਨ ਦੀ ਸਕੀਮ ਬਣਾ ਲਈ।

ਸਾਰਾ ਪ੍ਰੋਗਰਾਮ ਉਲੀਕ ਕੇ ਅਮਰਜੀਤ ਆਪਣਾ ਮੋਬਾਇਲ ਨੰਬਰ ਦੇ ਕੇ ਚਲਾ ਗਿਆ।

ਮੇਰੇ ਪਿੰਡ ਦੇ ਲੋਕ ਅਤੇ ਬਾਹਰਲੇ ਪਿੰਡਾਂ ਦੇ ਪਾਠਕ-ਪ੍ਰਸ਼ੰਸਕ, ਯਾਰ-ਮਿੱਤਰ ਬਾਪੂ ਜੀ ਦਾ ਅਫ਼ਸੋਸ ਕਰਨ ਆ ਰਹੇ ਸਨ। ਅਮਰੀਕਾ, ਕੈਨੇਡਾ, ਆਸਟਰੇਲੀਆ, ਜਰਮਨ, ਇੰਗਲੈਂਡ, ਆਸਟਰੀਆ…., ਗੱਲ ਕੀ ਬਾਹਰਲੇ ਦੇਸ਼ਾਂ ਵਿਚੋਂ ਮੈਨੂੰ ਫ਼ੋਨ ‘ਤੇ ਫ਼ੋਨ ਆ ਰਹੇ ਸਨ। ਸਭ ਹਮਦਰਦ ਦੁੱਖ ਵੰਡਾ ਰਹੇ ਸਨ। ਬਾਪੂ ਜੀ ਦੇ ਅਕਾਲ ਚਲਾਣੇਂ ਦੀ ਗੱਲ ਅਖ਼ਬਾਰਾਂ ਅਤੇ ਵੈਬ ਸਾਈਟਾਂ ਰਾਹੀਂ ਚਾਰੇ ਪਾਸੇ ਫ਼ੈਲ ਚੁੱਕੀ ਸੀ। ਟੈਲੀਵਿਯਨ ਅਤੇ ਰੇਡੀਓ ‘ਤੇ ਵੀ ਖ਼ਬਰਾਂ ਆ ਚੁੱਕੀਆਂ ਸਨ।

ਅਗਲੇ ਦਿਨ ਮੈਂ ਅਜੇ ਸੁੱਤਾ ਉਠਿਆ ਹੀ ਸੀ ਕਿ ਜੱਥੇਦਾਰ ਹਰਪਾਲ ਕੁੱਸਾ ਨਾਲ਼ ਗੁਰਦੁਆਰੇ ਦਾ ਗ੍ਰੰਥੀ ਸਿੰਘ ਆ ਗਿਆ। ਗੋਲ਼ ਨੀਲੀ ਦਸਤਾਰ ਅਤੇ ਚੋਲ਼ਾ ਪਾਈ ਗ੍ਰੰਥੀ ਸਿੰਘ ਕਾਫ਼ੀ ਪ੍ਰਭਾਵ ਦੇ ਰਿਹਾ ਸੀ। ਇਹ ਗ੍ਰੰਥੀ ਸਿੰਘ ਅੰਮ੍ਰਿਤਸਰ ਸਾਹਿਬ ਕੋਲ਼ ਦਾ ਹੈ ਅਤੇ ਸਾਡੇ ਪਿੰਡ ਦੇ ਗੁਰਦੁਆਰੇ ਵਿਚ ਸੇਵਾ ਕਰਦਾ ਹੈ!

-”ਖ਼ਾਲਸਾ ਫ਼ਤਹਿ ਜੀ…!” ਉਸ ਨੇ ਹੱਥ ਜੋੜ ਕੇ ਮੈਨੂੰ ਅਧੂਰੀ ਜਿਹੀ ਫ਼ਤਹਿ ਬੁਲਾਈ।

-”ਸਿੰਘ ਜੀ ਫ਼ਤਹਿ ਤਾਂ ਸੰਪੂਰਨ ਗਜਾ ਦਿਆ ਕਰੋ…!” ਮੈਂ ਫ਼ਤਹਿ ਮੰਨ ਕੇ ਸਿ਼ਕਵਾ ਕੀਤਾ।

ਪਰ ਸਿੰਘ ਨੇ ਇਸ ਦਾ ਕੋਈ ਉਤਰ ਨਾ ਦਿੱਤਾ। ਉਹ ਮੈਨੂੰ ਕੁਝ ਪ੍ਰੇਸ਼ਾਨ ਜਿਹਾ ਲੱਗਿਆ।

-”ਕੀ ਗੱਲ ਐ ਸਿੰਘ ਜੀ..? ਸੁੱਖ ਐ ਜਿਹੜੇ ਜੱਥੇਦਾਰ ਸਾਹਿਬ ਨਾਲ਼ ਸਾਝਰੇ ਈ ਦਰਸ਼ਣ ਦਿੱਤੇ..?” ਮੈਂ ਹਰਪਾਲ ਕੁੱਸਾ ਵੱਲ ਹੱਥ ਕਰਕੇ ਪੁੱਛਿਆ।

-”ਸੁੱਖ ਕਿੱਥੇ ਈ ਭਾਅ…? ਤੁਸਾਂ ਆਖੰਡ ਪਾਠ ਜਿਉਂ ਬਾਹਰਲੇ ਲੋਕਾਂ ਤੋਂ ਕਰਵਾ ਰਹੇ ਓ, ਇੱਤਰਾਂ ਅਸੀਂ ਬੱਚੇ ਕਿੱਤਰਾਂ ਪਾਲ਼ਾਂਗੇ..? ਇੱਤਰਾਂ ਸਾਡੇ ਬੱਚੇ ਤੇ ਭੁੱਖੇ ਪਏ ਮਰ ਜਾਣਗੇ..!” ਗ੍ਰੰਥੀ ਸਿੰਘ ਨੇ ਗਿ਼ਲਾ ਮੇਰੇ ਸਿੱਧਾ ਮੱਥੇ ਮਾਰਿਆ। ਮੈਂ ਹੈਰਾਨ ਹੋ ਗਿਆ ਕਿ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੰਦਾ ਤਾਂ ਕੋਈ ਆਇਆ ਨਹੀਂ। ਗ੍ਰੰਥੀ ਸਿੰਘ ਜੀ ਸਿੱਧੇ ਹੀ ਮੇਰੇ ਕੋਲ਼ ਆ ਵੱਜੇ ਸਨ…? ਨਾ ਹੀ ਮੈਂ ਗ੍ਰੰਥੀ ਸਿੰਘ ਨੂੰ ਜਾਣਦਾ ਸਾਂ ਅਤੇ ਨਾ ਹੀ ਉਹਨਾਂ ਦੇ ਪਹਿਲਾਂ ਕਦੇ ਦਰਸ਼ਣ ਕੀਤੇ ਸਨ। ਬੱਸ, ਬਾਪੂ ਦੇ ਸਸਕਾਰ ਵੇਲ਼ੇ ਜ਼ਰੂਰ ਮਾੜੇ ਜਿਹੇ ਦਰਸ਼ਣ ਹੋਏ ਸਨ ਅਤੇ ਉਹ ਵੀ ਦੂਰੋਂ..!

-”ਸਿੰਘ ਜੀ ਅਸੀਂ ਤਾਂ ਪਹਿਲਾਂ ਪ੍ਰਬੰਧਕ ਕਮੇਟੀ ਨਾਲ਼ ਗੱਲ ਕੀਤੀ ਸੀ ਤੇ ਗਮਦੂਰ ਬਾਈ ਨੇ ਸਾਨੂੰ ਇਹੀ ਉਤਰ ਦਿੱਤਾ ਕਿ ਉਸ ਦਿਨ ਇਕ ਹੋਰ ਆਖੰਡ ਪਾਠ ਦਾ ਪ੍ਰੋਗਰਾਮ ਐਂ, ਇਹਦੇ ਵਿਚ ਸਾਡਾ ਤਾਂ ਕੋਈ ਕਸੂਰ ਨ੍ਹੀ…! ਜੇ ਪ੍ਰਬੰਧਕ ਕਮੇਟੀ ਸਾਨੂੰ ਸਹਿਯੋਗ ਨਹੀਂ ਦੇ ਸਕਦੀ, ਅਸੀਂ ਤਾਂ ਬਾਪੂ ਜੀ ਨਮਿੱਤ ਆਖੰਡ ਪਾਠ ਕਰਵਾਉਣਾ ਈ ਐਂ..!” ਮੈਂ ਬੜੀ ਨਿਮਰਤਾ ਨਾਲ਼ ਆਖਿਆ।

-”ਇਹ ਤੇ ਭਾਅ ਕੋਈ ਗੱਲ ਨਹੀਂ ਨਾ ਜੇ ਹੋਈ? ਮੈਂ ਸ਼ਮਸ਼ਾਨਘਾਟ ਅਰਦਾਸ ਕੀਤੀ, ਤੁਸੀਂ ਉਦੋਂ ਨਾ ਅਮਰਜੀਤ ਨੂੰ ਲੈ ਆਏ? ਜਾਂ ਤਾਂ ਉਤਰਾਂ ਉਦੋਂ ਅਰਦਾਸ ਕਰਨ ਮੌਕੇ ਅਮਰਜੀਤ ਨੂੰ ਪਏ ਬੁਲਾ ਲੈਂਦੇ…!” ਗ੍ਰੰਥੀ ਸਿੰਘ ਸਵੇਰੇ ਸਵੇਰੇ ਲਾਟਾਂ ਛੱਡੀ ਜਾ ਰਿਹਾ ਸੀ। ਮੈਂ ਉਸ ਦੇ ਵਿਵਹਾਰ ਤੋਂ ਪ੍ਰੇਸ਼ਾਨ ਹੋ ਗਿਆ।

-”ਸਿੰਘ ਜੀ ਪਿੰਡ ਦੇ ਗੁਰੂ ਘਰ ਵਿਚ ਸੇਵਾਦਾਰ ਤੁਸੀਂ ਤੇ ਅਰਦਾਸ ਲਈ ਅਸੀਂ ਬੰਦਾ ਬਾਹਰੋਂ ਭਾਲ਼ ਕੇ ਲਿਆਇਆ ਕਰੀਏ, ਇਹ ਕਿੱਥੇ ਲਿਖਿਐ…? ਨਾਲ਼ੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਤੁਹਾਨੂੰ ਤਨਖ਼ਾਹ ਵੀ ਤਾਂ ਇਹਨਾਂ ਕਾਰਜਾਂ ਦੀ ਦਿੰਦੀ ਐ ਕਿ ਤੁਸੀਂ ਪਿੰਡ ਵਾਲਿ਼ਆਂ ਦੇ ਦੁਖਦੇ ਸੁਖਦੇ ਕੰਮ ਆਵੋਂ..!” ਮਨ ਮੇਰਾ ਵੀ ਵੱਟ ਖਾ ਗਿਆ ਕਿ ਗ੍ਰੰਥੀ ਸਿੰਘ ਬਿਨਾ ਗੱਲੋਂ ਗਲ਼ ਥਾਣੀਂ ਪਜਾਮਾ ਲਾਹ ਰਿਹਾ ਸੀ।

ਆਖੰਡ ਪਾਠ ਤਾਂ ਪਿੰਡ ਦੇ ਲੋਕ ਕਲੇਰਾਂ ਵਾਲਿ਼ਆਂ ਤੋਂ ਜਾਂ ਹੋਰ ਵੱਖੋ ਵੱਖ ਸੰਸਥਾਵਾਂ ਤੋਂ ਕਰਵਾ ਲੈਂਦੇ ਸਨ। ਪਹਿਲਾਂ ਮੈਂ ਵੀ ਕਈ ਆਖੰਡ ਪਾਠ ਟੱਲੇਵਾਲ਼ ਵਾਲ਼ੇ ਸੰਤਾਂ ਤੋਂ ਕਰਵਾਏ ਸਨ। ਪਰ ਕਿਸੇ ਨੇ ਕੋਈ ਗਿ਼ਲਾ ਸਿ਼ਕਵਾ ਨਹੀਂ ਕੀਤਾ ਸੀ। ਪਰ ਅੱਜ ਗੁਰੂ ਘਰ ਦਾ ਗ੍ਰੰਥੀ ਮੇਰੇ ‘ਤੇ ‘ਡਿਕਟੇਟਰ’ ਬਣਿਆਂ ਖੜ੍ਹਾ ਸੀ ਅਖੇ ਤੁਸੀਂ ਆਖੰਡ ਪਾਠ ਬਾਹਰਲੇ ਲੋਕਾਂ ਤੋਂ ਕਰਵਾਉਂਦੇ ਹੋ! ਪਿੰਡ ਦੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਇਸ ਗ੍ਰੰਥੀ ਸਿੰਘ ਨੂੰ ਤਨਖ਼ਾਹ ਫਿ਼ਰ ਕਾਹਦੀ ਦਿੰਦੀ ਸੀ ਕਿ ਪਿੰਡ ਦਾ ਕੋਈ ਬੰਦਾ ਮਰ ਜਾਵੇ ਅਤੇ ਪਿੰਡ ਦੇ ਲੋਕ ਗੁਰੂ ਘਰ ਦੇ ਗ੍ਰੰਥੀ ਸਿੰਘ ਨੂੰ ਛੱਡ ਕੇ ਅਰਦਾਸ ਲਈ ਬੰਦਾ ਬਾਹਰਲੇ ਪਿੰਡਾਂ ਵਿਚੋਂ ਭਾਲ਼ਦੇ ਫਿ਼ਰਨ…? ਇਹ ਕਿਹੜਾ ਸਿਧਾਂਤ ਸੀ…? ਕਿਹੜੀ ਮਰਿਆਦਾ ਸੀ…? ਪਿੰਡ ਵਾਲਿ਼ਆਂ ਪ੍ਰਤੀ ਕਾਹਦੀ ਹਮਦਰਦੀ ਸੀ..? ਗ੍ਰੰਥੀ ਸਿੰਘ ਮੈਨੂੰ ਬੀਬੀਆਂ ਵਾਂਗ ਮਿਹਣੇ ਜਿਹੇ ਮਾਰੀ ਜਾ ਰਿਹਾ ਸੀ ਅਤੇ ਕੀਕਨਿਆਂ ਵਾਂਗ ਮੇਰੇ ਪਿੱਛੇ ਪਿਆ ਹੋਇਆ ਸੀ।

-”ਸਿੰਘ ਜੀ…! ਤੁਸੀਂ ਬੰਦੇ ਦੇ ਮਨ ਦੀ ਸ਼ਰਧਾ ਮਾਰਦੇ ਓਂ…! ਹੁਣ ਆਖੰਡ ਪਾਠ ਦਾ ਪ੍ਰੋਗਰਾਮ ਬਣ ਚੁੱਕਿਐ, ਥੁੱਕ ਕੇ ਕਦੇ ਮੈਂ ਚੱਟਿਆ ਨਹੀਂ ਤੇ ਨਾ ਹੁਣ ਚੱਟਣੈਂ, ਮੈਨੂੰ ਆਖੰਡ ਪਾਠ ਦਾ ਪ੍ਰੋਗਰਾਮ ਕੈਂਸਲ ਕਰਨਾ ਮਨਜ਼ੂਰ ਐ, ਪਰ ਮੈਂ ਅਮਰਜੀਤ ਹੋਰਾਂ ਨਾਲ਼ ਬਚਨ ਕਰਕੇ ਬੇਮੁੱਖ ਨਹੀਂ ਹੋਣਾ! ਮੈਂ ਬਾਪੂ ਨਮਿੱਤ ਭੋਗ ਆਪੇ ਜਾ ਕੇ ਲੰਡਨ ਦੇ ਕਿਸੇ ਗੁਰਦੁਆਰੇ ਪਾ ਲਊਂਗਾ..!” ਜਦ ਮੈਂ ਗ੍ਰੰਥੀ ਸਿੰਘ ਨੂੰ ਸਿਰੇ ਦੀ ਗੱਲ ਸੁਣਾਈ ਤਾਂ ਉਹ ਸਿੱਧਾ ਬਾਈ ਗਮਦੂਰ ਕੋਲ਼ ਜਾ ਵੱਜਿਆ। ਗੱਲ ਤਾਂ ਪਤਾ ਨਹੀਂ ਉਸ ਨਾਲ਼ ਗ੍ਰੰਥੀ ਸਿੰਘ ਦੀ ਕੀ ਹੋਈ…? ਪਰ ਅੱਧੇ ਕੁ ਘੰਟੇ ਬਾਅਦ ਬਾਈ ਗਮਦੂਰ ਵੀ ਮੇਰੇ ਕੋਲ਼ ਆ ਗਿਆ। ਬਾਈ ਗਮਦੂਰ ਬੜਾ ਸਿੱਧਾ-ਸਾਦਾ ਨੇਕ ਇਨਸਾਨ ਅਤੇ ਮੇਰਾ ਗੁਆਂਢੀ ਹੈ।

-”ਹਾਂ ਬਾਈ ਜੀ..!” ਮੈਂ ਬਾਈ ਗਮਦੂਰ ਨੂੰ ਆਖਿਆ। ਮੇਰਾ ਮਨ ਅਤੀਅੰਤ ਦੁਖੀ ਹੋ ਗਿਆ ਸੀ ਕਿ ਗ੍ਰੰਥੀ ਸਿੰਘ ਮੇਰੇ ‘ਤੇ ਅਤੇ ਆਖੰਡ ਪਾਠ ਪ੍ਰਕਾਸ਼ ਕਰਨ ਵਾਲ਼ੀ ਪਾਰਟੀ ‘ਤੇ ਹੀ ਬਿਨਾ ਗੱਲੋਂ ਖ਼ਫ਼ਾ ਹੋ ਰਿਹਾ ਸੀ!

-”ਛੋਟੇ ਭਾਈ ਆਪਣੀ ਇਹੀ ਗੱਲ ਹੋਈ ਸੀ…!”

-”ਬਾਈ ਜੀ ਮੁਆਫ਼ ਕਰਨਾ ਮੈਂ ਤੁਹਾਡੀ ਗੱਲ ਕੱਟਦੈਂ…! ਆਪਣੀ ਗੱਲ ਆਹੀ ਹੋਈ ਸੀ ਬਈ ਬਾਪੂ ਨਮਿੱਤ ਆਖੰਡ ਪਾਠ ਪ੍ਰਕਾਸ਼ ਕਰਵਾਉਣੈਂ ਤੇ ਤੁਸੀਂ ਕਿਹਾ ਕਿ ਓਸ ਦਿਨ ਇਕ ਹੋਰ ਆਖੰਡ ਪਾਠ ਦਾ ਪ੍ਰੋਗਰਾਮ ਐਂ, ਜੇ ਤੁਸੀਂ ਸਾਨੂੰ ਇਹ ਗੱਲ ਆਖ ਦਿੰਦੇ ਬਈ ਕੋਈ ਗੱਲ ਨ੍ਹੀ ਸਾਡੀ ਜਿੰਮੇਵਾਰੀ ਐ, ਸਾਰਾ ਪ੍ਰਬੰਧ ਅਸੀਂ ਆਪੇ ਕਰ ਲਵਾਂਗੇ, ਅਸੀਂ ਪਾਗਲ ਸੀ ਕਿਸੇ ਹੋਰ ਜੱਥੇ ਤੋਂ ਆਖੰਡ ਪਾਠ ਪ੍ਰਕਾਸ਼ ਕਰਵਾਉਂਦੇ..? ਪਰ ਤੁਸੀਂ ਤਾਂ ਕੋਈ ਜਿ਼ੰਮੇਵਾਰੀ ਨ੍ਹੀ ਓਟੀ ਤੇ ਅਸੀਂ ਹੋਰ ਪ੍ਰਬੰਧ ਕਰ ਲਿਆ…! ਨਾਲ਼ੇ ਸਾਡੇ ਬਾਪੂ ਦੀ ਇੱਛਾ ਸੀ ਕਿ ਮੇਰਾ ਆਖੰਡ ਪਾਠ ਲੋਪੋ ਆਲ਼ਾ ਜੱਥਾ ਕਰੇ..! ਨਾਲ਼ੇ ਪਿੰਡ ਦੇ ਕਿੰਨੇ ਲੋਕਾਂ ਨੇ ਲੋਪੋ ਆਲ਼ੇ ਜੱਥੇ ਤੋਂ ਆਖੰਡ ਪਾਠ ਪ੍ਰਕਾਸ਼ ਕਰਵਾਏ, ਸਹਿਜ ਪਾਠ ਪ੍ਰਕਾਸ਼ ਕਰਵਾਏ, ਪਰ ਲੋਕਾਂ ਨੂੰ ਕਿਉਂ ਨਹੀਂ ਦੋਸ਼ ਦਿੰਦੇ, ਮੈਨੂੰ ਤਾਂ ਨਸ਼ਤਰਾਂ ਲਾ-ਲਾ ਆਖਦੇ ਓਂ ਕਿ ਮੈਂ ਪ੍ਰਦੇਸੀ ਆਂ ਤੇ ਪਿੰਡ ਨਹੀਂ ਰਹਿੰਦਾ…? ਪਿੰਡ ਦੇ ਲੋਕਾਂ ਨੂੰ ਤਾਂ ਨਹੀਂ ਆਖਦੇ ਕਿ ਉਹ ਪਿੰਡ ‘ਚ ਵੱਸਦੇ ਐ…?” ਮੈਂ ਆਪਣੇ ਮਨ ਦਾ ਗੁੱਸਾ ਬਾਈ ਗਮਦੂਰ ਦੇ ਅੱਗੇ ਰੱਖ ਦਿੱਤਾ।

-”ਨਹੀਂ ਇਹ ਗੱਲ ਨਹੀਂ ਛੋਟੇ ਭਾਈ…! ਉਹ ਗ੍ਰੰਥੀ ਸਿੰਘ ਕਹਿੰਦਾ ਮੇਰੇ ਨਾਲ਼ ਵਾਅਦਾ ਕੀਤਾ ਸੀ ਬਈ ਆਖੰਡ ਪਾਠ ਤੇਰੇ ਤੋਂ ਕਰਵਾਵਾਂਗੇ!” ਬਾਈ ਗਮਦੂਰ ਨੇ ਅਗਲੀ ਗੱਲ ਆਖ ਕੇ ਮੈਨੂੰ ਹੈਰਾਨ ਕਰ ਦਿੱਤਾ।

-”ਮੈਂ ਤਾਂ ਇਸ ਗ੍ਰੰਥੀ ਸਿੰਘ ਦੇ ਦਰਸ਼ਣ ਈ ਬਾਪੂ ਜੀ ਦੀ ਅਰਦਾਸ ਵੇਲ਼ੇ ਕੀਤੇ ਐ ਤੇ ਜ਼ੁਬਾਨ ਸਾਂਝੀ ਅੱਜ ਹੋਈ ਐ, ਮੈਂ ਤਾਂ ਇਹਨੂੰ ਸਿੰਘ ਨੂੰ ਜਾਣਦਾ ਵੀ ਨ੍ਹੀ ਬਾਈ…!” ਮੈਂ ਅਗਲਾ ਸਪੱਸ਼ਟੀਕਰਣ ਦਿੱਤਾ। ਮੈਨੂੰ ਉਮੀਦ ਨਹੀਂ ਸੀ ਅੰਮ੍ਰਿਤ ਵੇਲ਼ੇ ਇਕ ਅੰਮ੍ਰਿਤਧਾਰੀ ਸਿੰਘ ਬਾਈ ਗਮਦੂਰ ਕੋਲ਼ ਜਾ ਕੇ ਐਡਾ ਵੱਡਾ ਕੁਫ਼ਰ ਤੋਲੇਗਾ?

-”ਉਹ ਕਹਿੰਦਾ ਨੀਲੂ ਮੇਰੇ ਨਾਲ਼ ਵਾਅਦਾ ਕਰ ਕੇ ਆਇਐ…?” ਜੱਥੇਦਾਰ ਹਰਪਾਲ ਕੁੱਸਾ ਨੂੰ ਅਸੀਂ ਪਿੰਡ ਵਾਲ਼ੇ ‘ਨੀਲੂ’ ਹੀ ਆਖਦੇ ਹਾਂ।

-”ਮੈਨੂੰ ਤਾਂ ਨੀਲੂ ਦੇ ਵਾਅਦੇ ਬਾਰੇ ਪਤਾ ਨਹੀਂ, ਨੀਲੂ ਨੂੰ ਈ ਪੁੱਛ ਲਓ…!” ਮੈਂ ਆਪਣੇ ਵੱਲੋਂ ਸੱਚਾ ਸੀ। ਮੈਨੂੰ ਕਿਸੇ ‘ਵਾਅਦੇ’ ਬਾਰੇ ਪਤਾ ਨਹੀਂ ਸੀ!

ਬਾਈ ਗਮਦੂਰ ਨੀਲੂ ਨੂੰ ਬੁਲਾ ਲਿਆਇਆ ਤਾਂ ਨੀਲੂ ਨੇ ਆਖਿਆ, “ਮੈਂ ਤਾਂ ਵੈਸੇ ਹੀ ਆਖੰਡ ਪਾਠ ਬਾਰੇ ਗ੍ਰੰਥੀ ਸਿੰਘ ਨਾਲ਼ ਗੱਲ ਚਲਾਈ ਸੀ। ਵਾਅਦਾ-ਵੂਅਦਾ ਕੋਈ ਨਹੀਂ ਕੀਤਾ..!”

ਬਾਈ ਗਮਦੂਰ ਅਤੇ ਨੀਲੂ ਚਲੇ ਗਏ ਤਾਂ ਮੈਂ ਗੱਲ ‘ਤੇ ਮਿੱਟੀ ਜਿਹੀ ਪਈ ਸਮਝੀ!

ਪਰ ਮੈਂ ਇਕ ਗੱਲੋਂ ਹੈਰਾਨ ਸਾਂ ਕਿ ਅੰਮ੍ਰਿਤਧਾਰੀ ਗ੍ਰੰਥੀ ਸਿੰਘ ਚਾਰ ਪੈਸਿਆਂ ਪਿੱਛੇ ਕੀ-ਕੀ ਗ਼ੈਰ ਯੁੱਧਨੀਤੀ ਵਰਤਦਾ ਫਿ਼ਰਦਾ ਸੀ? ਕਦੇ ਉਹ ਨੀਲੂ ਨੂੰ ਲੈ ਕੇ ਮੇਰੇ ਕੋਲ਼ੇ ਆਉਂਦਾ ਅਤੇ ਕਦੇ ਬਾਈ ਗਮਦੂਰ ਕੋਲ਼ ਚਲਾ ਜਾਂਦਾ। ਉਸ ਨੇ ‘ਗੁੱਡਾ’ ਜਿਹਾ ਬੰਨ੍ਹਿਆ ਹੋਇਆ ਸੀ! ਗੱਲ ਇੱਥੇ ਹੀ ਠੱਪ ਨਹੀਂ ਹੋਈ ਸੀ। ਗ੍ਰੰਥੀ ਸਿੰਘ ਨੇ ਇਹ ਗੱਲ ਤਕਰੀਬਨ ਸਾਰੇ ਪਿੰਡ ਵਿਚ ਹੀ ਘੁੰਮਾ ਦਿੱਤੀ ਸੀ ਕਿ ਆਖੰਡ ਪਾਠ ‘ਬਾਹਰਲੇ’ ਜੱਥੇ ਤੋਂ ਕਿਉਂ ਕਰਵਾਇਆ ਜਾ ਰਿਹਾ ਸੀ? ਮੈਂ ਵਾਰ ਵਾਰ ਇਹੀ ਪੁੱਛ ਰਿਹਾ ਸਾਂ ਕਿ ਪਿੰਡ ਦੇ ਕਿੰਨੇ ਲੋਕ ਇਸੇ ਜੱਥੇ ਤੋਂ ਹੀ ਆਖੰਡ ਪਾਠ ਪ੍ਰਕਾਸ਼ ਕਰਵਾਉਂਦੇ ਅਤੇ ਅੱਜ ਵੀ ਕਰਵਾ ਰਹੇ ਹਨ ਅਤੇ ਕਈਆਂ ਦੇ ਆਖੰਡ ਪਾਠ ‘ਬੁੱਕ’ ਵੀ ਸਨ। ਫਿ਼ਰ ਸਾਡੇ ਆਖੰਡ ਪਾਠ ਵਾਰੀ ਇਹ ਰੌਲ਼ਾ ਕਿਉਂ ਪਾਇਆ ਜਾ ਰਿਹਾ ਸੀ…? ਇਸ ਲਈ ਕਿ ਅਸੀਂ ਇੰਗਲੈਂਡ ਦੇ ਵਾਸੀ ਸੀ ਅਤੇ ਨਿਰੰਤਰ ਪਿੰਡ ਨਹੀਂ ਵੱਸਦੇ ਸਾ…? ਸਿਰ ਖੜ੍ਹੇ ਦੇ ‘ਖ਼ਾਲਸੇ’ ਨਹੀਂ ਸਾਂ..? ਜਿਹੜੇ ਪਿੰਡ ਵਾਲ਼ੇ ਮੇਰੇ ‘ਤੇ ਮਾਣ ਕਰਦੇ ਸਨ ਕਿ ਜੱਗੀ ਕੁੱਸਾ ਨੇ ਸਾਡੇ ਨਿੱਕੇ ਜਿਹੇ ਪਿੰਡ ਦਾ ਨਾਂ ਦੁਨੀਆਂ ਦੇ ਕੋਨੇ-ਕੋਨੇ ਵਿਚ ਪਹੁੰਚਾਇਆ ਸੀ, ਉਹਨਾਂ ਵਿਚੋਂ ਹੀ ਕੁਝ ਲੋਕ ਵਾਰ ਵਾਰ ‘ਚੜ੍ਹਾਈ’ ਕਰ ਕੇ ਸਪੱਸ਼ਟੀਕਰਣ ਲੈਣ ਲਈ ਮੇਰੇ ਕੋਲ਼ ਆ ਰਹੇ ਸਨ ਕਿ ਮੈਂ ਬਾਪੂ ਨਮਿੱਤ ਆਖੰਡ ਪਾਠ ‘ਬਾਹਰਲੇ’ ਅਰਥਾਤ ਲੋਪੋ ਵਾਲ਼ੇ ਜੱਥੇ ਤੋਂ ਕਿਉਂ ਕਰਵਾ ਰਿਹਾ ਸੀ..?

ਉਹਨਾਂ ਦੇ ਜਾਣ ਤੋਂ ਬਾਅਦ ਮੈਂ ਗ੍ਰੰਥੀ ਸਿੰਘ ਬਾਰੇ ਸੋਚ ਰਿਹਾ ਸੀ ਕਿ ਉਹ ਆਪਣੇ ਬੱਚੇ ਭੁੱਖੇ ਮਰਨ ਦਾ ਵਾਰ ਵਾਰ ਜਿ਼ਕਰ ਕਿਉਂ ਕਰ ਰਿਹਾ ਸੀ? ਅੱਠੋ ਪਹਿਰ ਗੁਰੂ ਦਰਬਾਰ ਵਿਚ ਸੇਵਾ ਕਰਨ ਵਾਲ਼ਾ ਅਤੇ ਲੋਕਾਂ ਨੂੰ ਗੁਰਬਾਣੀਂ ਪੜ੍ਹ ਕੇ ਸੁਣਾਉਣ ਵਾਲ਼ਾ ਗੁਰਦੁਆਰੇ ਦਾ ਇਹ ਗ੍ਰੰਥੀ ਕਿਉਂ ਭੁੱਲ ਜਾਂਦਾ ਹੈ ਕਿ, “ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ।।” ਹਰ ਰੋਜ਼ ਰਹਿਰਾਸ ਸਾਹਿਬ ਦੇ ਪਾਠ ਵਿਚ, “ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ।।” ਪੜ੍ਹਨ ਵਾਲ਼ਾ ਗ੍ਰੰਥੀ ਕੀ ਗੁਰਬਾਣੀਂ ਗਿਆਨ ਪੱਖੋਂ ਅਣਜਾਣ ਹੋਣ ਕਾਰਨ ਹੀ ਡੋਲਿਆ, ਔਟਲਿ਼ਆ ਫਿ਼ਰਦਾ ਅਤੇ ਬੱਚਿਆਂ ਦੇ ਭੁੱਖੇ ਮਰਨ ਪ੍ਰਤੀ ਐਨਾਂ ਚਿੰਤਤ ਹੈ…? ਗੁਰੂ ਸਾਹਿਬ ਦਾ ਫ਼ੁਰਮਾਨ ਤਾਂ ਇਹ ਵੀ ਹੈ, “ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ।। ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ।।” ਅਤੇ “ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ।।” ਗੁਰੂ ਸਾਹਿਬਾਨ ਦੇ ਇਹਨਾਂ ਪਵਿੱਤਰ ਅਤੇ ਪ੍ਰਤੱਖ ਫ਼ੁਰਮਾਨਾਂ ਦਾ ਗ੍ਰੰਥੀ ਸਿੰਘ ‘ਤੇ ਕੋਈ ਵੀ ਅਸਰ ਜਾਂ ਭਰਵਾਸਾ ਨਹੀਂ? ਉਹ ਤਾਂ ਜੀਵਾਂ ਜੰਤੂਆਂ ਨੂੰ ਪੱਥਰਾਂ ਵਿਚ ਵੀ ਰਿਜਕ ਦਿੰਦਾ ਹੈ! …ਤੇ ਫਿ਼ਰ ਜੇ ਗੁਰੂ ਘਰ ਦੇ ਗ੍ਰੰਥੀ ‘ਤੇ ਕੋਈ ਅਸਰ ਨਹੀਂ, ਤਾਂ ਉਹ ਹੋਰਨਾਂ ਨੂੰ ਕੀ ਉਪਦੇਸ਼ ਦੇਣ ਦੇ ਯੋਗ ਹੋ ਸਕਦਾ ਹੈ..? ਅਜਿਹੇ ਡੋਲੇ ਅਤੇ ‘ਰੌਲ਼ਾ ਪਾਊ’ ਗ੍ਰੰਥੀ ਨੂੰ ਤਾਂ ਗੁਰੂ ਘਰ ਵਿਚ ਰਹਿਣ ਦਾ ਕੋਈ ਹੱਕ ਹੀ ਨਹੀਂ ਹੋਣਾ ਚਾਹੀਦਾ! ਇਹ ਤਾਂ “ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ।। ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ।।” ਵਾਲ਼ੀ ਗੱਲ ਹੋਈ? ਅੱਖਾਂ ਮੀਟ ਕੇ ਪੈਸੇ ਅਤੇ ਲਾਲਚ ਵੱਸ ਪਿਆ ਮਾਣਸ ਤਾਂ, “ਮਾਇਆਧਾਰੀ ਅਤਿ ਅੰਨਾ ਬੋਲਾ ਸਬਦੁ ਨ ਸੁਣਈ ਬਹੁ ਰੋਲ ਘਚੋਲਾ।।” ਹੀ ਹੁੰਦਾ ਹੈ ਅਤੇ ਰੌਲ਼ਾ ਪਾਉਣ ਅਤੇ ਗੜਬੜ ਕਰਨ ਕਰਵਾਉਣ ਤੋਂ ਵੀ ਸੰਕੋਚ ਨਹੀਂ ਕਰਦਾ!

ਸ੍ਰੀ ਆਖੰਡ ਪਾਠ ਸਾਹਿਬ ਦੀ ਭੇਟਾ ਨੂੰ ਮੁੱਖ ਰੱਖ ਕੇ ਉਸ ਨੇ ਸਾਰੇ ਪਿੰਡ ਵਿਚ ਹੀ ਡੌਂਡੀ ਪਿੱਟ ਦਿੱਤੀ ਸੀ ਕਿ ਜੇ ਲੋਕ ਮੇਰੇ ਕੋਲ਼ੋਂ ਸ੍ਰੀ ਆਖੰਡ ਪਾਠ ਪ੍ਰਕਾਸ਼ ਨਹੀਂ ਕਰਵਾਉਣਗੇ ਤਾਂ ਮੈਂ ਬੱਚੇ ਕਿਸ ਤਰ੍ਹਾਂ ਪਾਲ਼ਾਂਗਾ…? ਪਿੰਡ ਦੇ ਲੋਕਾਂ ਨੇ ਤਾਂ ‘ਬਾਹਰਲੇ’ ਜੱਥੇ ਤੋਂ ਆਖੰਡ ਪਾਠ ਪ੍ਰਕਾਸ਼ ਕਰਵਾ ਕੇ ਮੇਰੇ ਬੱਚੇ ਭੁੱਖੇ ਮਾਰਨੇ ਮਿਥੇ ਹੋਏ ਹਨ! ਜਿੱਥੇ ਵੀ ਵਾਹ ਲੱਗਦੀ ਉਹ ਸਾਡੀ ਅਤੇ ਲੋਪੋ ਵਾਲ਼ੇ ਜੱਥੇ ਦੀ ਨਿਖੇਧੀ ਅਤੇ ਨਿੰਦਿਆ ਕਰਦਾ ਰਿਹਾ। ਨਿੰਦਿਆ ਕਰਦਾ ਉਹ ਗੁਰੂ ਸਾਹਿਬਾਂ ਦੇ ਇਹ ਬਚਨ ਵੀ ਭੁੱਲ ਗਿਆ ਸੀ, “ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ।। ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਾਵੰਨਿ।।” ਜਾਂ “ਅਰੜਾਵੈ ਬਿਲਲਾਵੈ ਨਿੰਦਕੁ।। ਪਾਰਬ੍ਰਹਮੁ ਪਰਮੇਸਰੁ ਬਿਸਰਿਆ ਅਪਣਾ ਕੀਤਾ ਪਾਵੈ ਨਿੰਦਕੁ।।” ਅਤੇ “ਨਿੰਦਕੁ ਨਿੰਦਾ ਕਰਿ ਮਲੁ ਧੋਵੈ ਓਹੁ ਮਲਭਖੁ ਮਾਇਆਧਾਰੀ।।” ਅਤੇ ਜਾਂ ਫਿ਼ਰ ਉਹ ਸਰਾਸਰ ਪਵਿੱਤਰ ਗੁਰਬਾਣੀਂ ਪੱਖੋਂ ਗਿਆਨ ਵਿਹੂਣਾਂ ਸੀ…? ਨਹੀਂ ਗੁਰੂ ਦਾ ਸੱਚਾ ਸਿੱਖ ਤਾਂ ਸਿਰਫ਼ ਭੇਟਾ ਕਰਕੇ ਇਤਨੇ ਪ੍ਰਪੰਚ ਰਚਦਾ ਹੀ ਨਹੀਂ! ਗੁਰੂ ਦੇ ਭਾਣੇਂ ਅਤੇ “ਦੇਦਾ ਦੇ ਲੈਦੇ ਥਕਿ ਪਾਹਿ।। ਜੁਗਾ ਜੁਗੰਤਰਿ ਖਾਹੀ ਖਾਹਿ।।” ਬਚਨ ਮੰਨ ਅਕਾਲ ਪੁਰਖ਼ ਦੀ ਰਜ਼ਾ ਵਿਚ ਹੀ ਰਹਿੰਦਾ ਹੈ। ਪਰ ਰਜ਼ਾ ਵਿਚ ਵੀ ਉਹ ਰਹਿ ਸਕਦਾ ਹੈ, ਜਿਸ ਨੂੰ ਗੁਰੂ ਦੀ ਬਾਣੀਂ ਪ੍ਰਤੀ ਸਤਿਕਾਰ ਅਤੇ ਸੋਝੀ ਹੋਵੇ! ਮਾਇਆ ਨੂੰ ਪ੍ਰੇਮ ਕਰਨ ਵਾਲ਼ਾ ਤਾਂ “ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ।।” ਵਾਲ਼ੀ ਦਸ਼ਾ ਬਣ ਜਾਂਦੀ ਹੈ! ਇਹ ਮੈਂ ਨਹੀਂ ਆਖ ਰਿਹਾ, ਗੁਰੂ ਮਹਾਰਾਜ ਦੀ ਪਵਿੱਤਰ ਗੁਰਬਾਣੀਂ ਫ਼ੁਰਮਾ ਰਹੀ ਹੈ! ਇਹਨਾਂ ਬਚਨਾਂ ‘ਤੇ ਗ੍ਰੰਥੀ ਸਿੰਘ ਨੂੰ ਧਿਆਨ ਧਰਨ ਦੀ ਅਤੀਅੰਤ ਲੋੜ ਹੈ! ਅਗਰ ਮੈਂ ਸੱਚ ਲਿਖਦਾ ਲਿਖਦਾ ਕੁਝ ਗਲਤ ਆਖ ਗਿਆ ਹੋਵਾਂ, ਤਾਂ ਗੁਰੂ ਘਰ ਦੇ ਵਜ਼ੀਰ ਤੋਂ ਮੁਆਫ਼ੀ ਦਾ ਖ਼ੁਆਸਤਗ਼ਾਰ ਹਾਂ! ਮੇਰਾ ਮਕਸਦ ਕਿਸੇ ਦਾ ਦਿਲ ਦੁਖੀ ਕਰਨਾ ਨਹੀਂ, ਸੁੱਤੀ ਜ਼ਮੀਰ ਨੂੰ ਜਗਾਉਣ ਅਤੇ ਘੱਟੋ ਘੱਟ ਗੁਰੂ ਘਰ ਦੇ ਵਜ਼ੀਰ ਨੂੰ ਗੁਰਬਾਣੀ ਪ੍ਰਤੀ ਸੁਚੇਤ ਕਰਨ ਦਾ ਹੈ! ਕਿਸੇ ਦੇ ਦਿਲ ਨੂੰ ਮੇਰੇ ਇਹਨਾਂ ਸ਼ਬਦਾਂ ਕਾਰਨ ਕੋਈ ਦੁੱਖ ਪਹੁੰਚਿਆ ਹੋਵੇ ਤਾਂ ਮੈਂ ਖੁੱਲ੍ਹੇਆਮ ਮੁਆਫ਼ੀ ਮੰਗਦਾ ਹਾਂ! ਪਰ ਇਕ ਗੱਲ ਜ਼ਰੂਰ ਪੁਰਜੋਰ ਆਖਾਂਗਾ ਕਿ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੂੰ ਵੀ ਇਸ ਪ੍ਰਤੀ ਸੰਜੀਦਾ ਹੋ ਕੇ ਧਿਆਨ ਦੇਣ ਦੀ ਲੋੜ ਹੈ! ਜੋ ਗ੍ਰੰਥੀ ਆਪ ਗਿਆਨ ਵਿਹੂਣਾਂ ਅਤੇ ਹਨ੍ਹੇਰੇ ਵਿਚ ਵਿਚਰ ਰਿਹਾ ਹੈ, ਉਹ ਤੁਹਾਡੀ ਸੰਗਤ ਨੂੰ ਕੀ ਗਿਆਨ ਪ੍ਰਦਾਨ ਕਰੇਗਾ…? ਇਹ ਤਾਂ ਗੁਰੂ ਬਾਬੇ ਅਨੁਸਾਰ, “ਹਉਮੈ ਬੂਝੈ ਤਾ ਦਰੁ ਸੂਝੈ।। ਗਿਆਨ ਵਿਹੂਣਾ ਕਥਿ ਕਥਿ ਲੂਝੈ।।” ਵਾਲ਼ੀ ਬਿਰਤੀ ਹੋ ਜਾਂਦੀ ਹੈ! ਮੈਂ ਇਹ ਨਹੀਂ ਕਹਿੰਦਾ ਜਾਂ ਦਾਅਵਾ ਕਰਦਾ ਕਿ ਇਸ ਗ੍ਰੰਥੀ ਸਿੰਘ ਨੂੰ ਇੱਥੋਂ ਸੇਵਾ ਮੁਕਤ ਕਰ ਦੇਵੋ, ਨਹੀਂ…! ਮੈਂ ਤਾਂ ਸਿਰਫ਼ ਇਸ ਗੱਲ ਦੀ ਸਿ਼ਫ਼ਾਰਸ਼ ਕਰਾਂਗਾ ਕਿ ਇਸ ਗ੍ਰੰਥੀ ਸਿੰਘ ਦੇ ਬੱਚਿਆਂ ਦੇ ਭਵਿੱਖ ਦਾ ਖਿ਼ਆਲ ਰੱਖਿਆ ਜਾਵੇ ਅਤੇ ਸਿੰਘ ਜੀ ਨੂੰ ਗੁਰਬਾਣੀਂ ਅਤੇ ਗੁਰ-ਇਤਿਹਾਸ ਦਾ ਅਧਿਐਨ ਜ਼ਰੂਰ ਕਰਵਾਇਆ ਜਾਵੇ, ਤਾਂ ਕਿ ਤੁਹਾਡੇ ਪਿੰਡ ਦੀ ਸੰਗਤ ਨੂੰ ਸੇਧ ਦੇਣ ਯੋਗ ਹੋ ਸਕੇ! ਇਕ ਗੱਲ ਹੋਰ, ਜਿੱਥੋਂ ਤੱਕ ਹੋ ਸਕੇ, ਪਿੰਡ ਦੇ ਹਰ ਧਾਰਮਿਕ ਕਾਰਜ ਦੀ ਜਿ਼ੰਮੇਵਾਰੀ ਗੁਰੂ ਘਰ ਦੀ ਕਮੇਟੀ ਚੁੱਕੇ, ਹਰ ਗੱਲ ਬਾਤ ਕਮੇਟੀ ਕਰੇ, ਨਾ ਕਿ ਗ੍ਰੰਥੀ ਸਿੰਘ ਤੋਂ ਪਿੰਡ ਦੇ ਲੋਕਾਂ ਦੀ ਸਿੱਧੀ ਬੇਪਤੀ ਕਰਵਾਈ ਜਾਵੇ! ਇਹ ਮੇਰੇ ਨਿਮਰਤਾ ਸਹਿਤ ਕੁਝ ਵਿਚਾਰ ਸਾਡੇ ਪਿੰਡ ਦੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਚਰਨਾਂ ਵਿਚ ਹਨ! ਵਾਧ-ਘਾਟ ਦੀ ਮੁਆਫ਼ੀ ਬਖ਼ਸ਼ਣੀ! ਮੈਂ ਭੁੱਲਣਹਾਰ ਅਤੇ ਆਪ ਬਖ਼ਸ਼ਣਹਾਰ ਹੋ!

ਦੁਪਿਹਰ ਤੋਂ ਬਾਅਦ ਪਿੰਡ ਦੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਇਕ ਮੈਂਬਰ ਸਾਡੇ ਪਿੰਡ ਦੇ ਸਾਬਕਾ ਸਰਪੰਚ ਅਤੇ ਮੌਜੂਦਾ ਮਾਰਕੀਟ ਕਮੇਟੀ ਦੇ ਉਪ-ਚੇਅਰਮੈਨ

ਸ. ਪ੍ਰੀਤਮ ਸਿੰਘ ਕੁੱਸਾ ਨੂੰ ਲੈ ਕੇ ਮੇਰੇ ਕੋਲ਼ ਆ ਗਿਆ। ਗੱਲ ਫਿ਼ਰ ਉਹੀ, ਜੋ ਸਵੇਰ ਤੋਂ ਚੱਲ ਰਹੀ ਸੀ, “ਤੁਸੀਂ ਬਾਹਰਲੇ ਜੱਥੇ ਤੋਂ ਕਿਉਂ ਆਖੰਡ ਪਾਠ ਕਰਵਾ ਰਹੇ ਹੋ? ਇਸ ਤਰ੍ਹਾਂ ਪਿੰਡ ਦੇ ਗੁਰਦੁਆਰੇ ਦਾ ਗ੍ਰੰਥੀ ਇੱਥੇ ਕਿਵੇਂ ਟਿਕੇਗਾ?” ਅਸੀਂ ਅਜੇ ਗੱਲਾਂ ਕਰ ਹੀ ਰਹੇ ਸੀ ਕਿ ਭਾਬੀ ਮਨਜੀਤ ਆ ਗਈ। ਉਸ ਨੇ ਆਉਣ ਸਾਰ ਹੀ ਆਖਿਆ ਕਿ ਇਹ ਤਾਂ ਅਗਲੇ ਦੀ ਸ਼ਰਧਾ ਹੈ, ਤੁਸੀਂ ਕਿਉਂ ਵਾਰ ਵਾਰ ਉਲਾਂਭੇ ਜਿਹੇ ਲੈ ਕੇ ਆ ਰਹੇ ਹੋ..?

ਚੇਅਰਮੈਨ ਪ੍ਰੀਤਮ ਸਿੰਘ ਕੁੱਸਾ ਨੇ ਮੈਨੂੰ ਕਿਹਾ ਕਿ ਪਿੰਡ ਦੇ ਗੁਰਦੁਆਰੇ ਦਾ ਗ੍ਰੰਥੀ ਸਿੰਘ ਆਖ ਰਿਹਾ ਹੈ ਕਿ ਉਸ ਨਾਲ਼ ‘ਵਾਅਦਾ’ ਕੀਤਾ ਗਿਆ ਸੀ ਕਿ ਆਖੰਡ ਪਾਠ ਉਸ ਤੋਂ ਹੀ ਕਰਵਾਇਆ ਜਾਵੇਗਾ। ਮੈਂ ਸਰਪੰਚ ਨੂੰ ਆਖਿਆ ਕਿ ਮੈਂ ਗ੍ਰੰਥੀ ਸਿੰਘ ਨੂੰ ਨਾ ਤਾਂ ਜਾਣਦਾ ਹਾਂ ਅਤੇ ਨਾ ਹੀ ਉਸ ਕੋਲ਼ ਗਿਆ ਹਾਂ। ਵਾਅਦਾ ਮੈਂ ਕਿਹੜੇ ਸੰਨ੍ਹ ਵਿਚ ਕਰ ਲਿਆ..? ਤਾਂ ਚੇਅਰਮੈਨ ਆਖਣ ਲੱਗਿਆ ਕਿ ਗ੍ਰੰਥੀ ਸਿੰਘ ਆਖ ਰਿਹਾ ਹੈ ਕਿ ਮੇਰੇ ਨਾਲ਼ ਵਾਅਦਾ ‘ਨੀਲੂ’ ਕਰ ਕੇ ਗਿਆ ਹੈ। ਤਾਂ ਇਸ ਦੇ ਉਤਰ ਵਿਚ ਮੈਂ ਆਖਿਆ ਕਿ ਫਿ਼ਰ ਨੀਲੂ ਨੂੰ ਹੀ ਬੁਲਾ ਕੇ ਪੁੱਛ ਲਓ! ਸਰਪੰਚ ਨੇ ਨੀਲੂ ਨੂੰ ਉਸ ਦੇ ਮੋਬਾਇਲ ਫ਼ੋਨ ‘ਤੇ ਫ਼ੋਨ ਕਰ ਕੇ ਬੁਲਾ ਲਿਆ ਤਾਂ ਨੀਲੂ ਨੇ ਆਉਣ ਸਾਰ ਆਖਿਆ ਕਿ ਮੈਂ ਉਸ ਨਾਲ਼ ਕੋਈ ਵਾਅਦਾ ਨਹੀਂ ਕੀਤਾ। ਸਿਰਫ਼ ਕਿਹਾ ਹੀ ਸੀ ਕਿ ਜੇ ਲੋੜ ਪਈ ਤਾਂ ਆਖੰਡ ਪਾਠ ਕਰ ਦਿਓਂਗੇ…? ਚੇਅਰਮੈਨ ਪ੍ਰੀਤਮ ਸਿੰਘ ਆਖਣ ਲੱਗਿਆ ਕਿ ਉਹ ਤਾਂ ਗੁਰਦੁਆਰੇ ਬਹੁਤਾ ਹੀ ਰੌਲ਼ਾ ਜਿਹਾ ਪਾਈ ਬੈਠਾ ਸੀ, ਮੈਂ ਤਾਂ ਇਸ ਕਰਕੇ ਹੀ ਪਤਾ ਕਰਨ ਆਇਆ ਹਾਂ। ਮੈਂ ਚੇਅਰਮੈਨ ਨੂੰ ਫਿ਼ਰ ਉਹੀ ਗੱਲ ਆਖੀ ਕਿ ਸਰਪੈਂਚਾ, ਬਾਪੂ ਦੀ ਅੰਤਿਮ ਅਰਦਾਸ ਮੈਨੂੰ ਲੰਡਨ ਜਾ ਕੇ ਕਰਵਾਉਣੀ ਮਨਜ਼ੂਰ ਹੈ, ਪਰ ਮੈਂ ਲੋਪੋ ਵਾਲ਼ੇ ਜੱਥੇ ਨੂੰ ਜਵਾਬ ਨਹੀਂ ਦੇਣਾ, ਮੈਂ ਆਖੰਡ ਪਾਠ ਦਾ ਪ੍ਰੋਗਰਾਮ ਕੈਂਸਲ ਕਰ ਸਕਦਾ ਹਾਂ, ਪਰ ਥੁੱਕ ਕੇ ਨਹੀਂ ਚੱਟਣਾ..! ਚੇਅਰਮੈਨ ਨੇ ਵੀ ਕੋਈ ਗ਼ੈਰ ਗੱਲ ਨਹੀਂ ਕੀਤੀ। ਉਹ ਤਾਂ ਗ੍ਰੰਥੀ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਬਾਰੇ ਹੀ ਪਤਾ ਕਰਨ ਆਇਆ ਸੀ ਕਿ ਅਸਲ ਵਿਚ ਗੱਲ ਕੀ ਸੀ…? ਗੱਲਾਂ ਬਾਤਾਂ ਕਰਦਿਆਂ ਗੱਲ ਇਸ ਨਤੀਜੇ ‘ਤੇ ਪਹੁੰਚੀ ਕਿ ਬਾਈ ਗਮਦੂਰ ਨੇ ਪ੍ਰਬੰਧਕ ਕਮੇਟੀ ਵੱਲੋਂ ਕੋਈ ਜਿ਼ੰਮੇਵਾਰੀ ਨਹੀਂ ਚੁੱਕੀ, ਇਸ ਲਈ ਜੱਗੀ ਕੁੱਸਾ ਹੋਰਾਂ ਨੂੰ ਲੋਪੋ ਵਾਲ਼ੇ ਜੱਥੇ ਨਾਲ਼ ਆਖੰਡ ਪਾਠ ਦੀ ਗੱਲ ਕਰਨੀ ਪਈ।

ਚੇਅਰਮੈਨ ਪ੍ਰੀਤਮ ਸਿੰਘ ਕੁੱਸਾ ਦੀ ਦਖ਼ਲ ਅੰਦਾਜ਼ੀ ‘ਤੇ ਹੁਣ ਗੱਲ ‘ਤੇ ਮਿੱਟੀ ਪੈ ਗਈ ਸੀ।

ਮੈਂ ਉਸ ਨੂੰ ਕਦੇ ‘ਸਰਪੈਂਚ’ ਅਤੇ ਕਦੇ ‘ਚੇਅਰਮੈਨ ਸਾਹਿਬ’ ਕਰਕੇ ਗੱਲ ਕਰਦਾ ਹਾਂ!

ਅਗਲੇ ਦਿਨ ਬਾਪੂ ਜੀ ਦੇ ਫ਼ੁੱਲ ਚੁਗੇ ਗਏ।

ਫ਼ੁੱਲ ਚੁਗ ਕੇ ਸ਼ਮਸ਼ਾਨਘਾਟ ਦੇ ਅੰਦਰ ਹੀ ਬਣੀਂ ਇਕ ਅਲਮਾਰੀ ਵਿਚ ਰੱਖ ਦਿੱਤੇ, ਜਿੰਦਰਾ ਲਾ ਦਿੱਤਾ ਅਤੇ ਘਰੋਂ ਨਹਾ ਧੋ ਕੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈਣ ਚਲੇ ਗਏ। ਬੜੇ ਅਦਬ ਸਤਿਕਾਰ ਨਾਲ਼ ਬੀੜ ਲਿਆਂਦੀ ਗਈ ਅਤੇ ਅਰਦਾਸ ਕਰਕੇ ਬਾਪੂ ਨਮਿੱਤ ਸ੍ਰੀ ਆਖੰਡ ਪਾਠ ਦਾ ਪ੍ਰਕਾਸ਼ ਕਰਵਾ ਦਿੱਤਾ। ਜਪੁ ਜੀ ਸਾਹਿਬ ਦੀਆਂ ਪੰਜ ਪੌੜੀਆਂ ਦਾ ਪਾਠ ਸਰਵਣ ਕੀਤਾ ਅਤੇ ਦੇਗ ਲੈ ਕੇ ਅਸੀਂ ਫ਼ੁੱਲ ਲੈ ਕੇ ਕੀਰਤਪੁਰ ਸਾਹਿਬ ਨੂੰ ਰਵਾਨਾ ਹੋ ਗਏ। ਕੀਰਤਪੁਰ ਜਾਂਦਿਆਂ ਮੈਨੂੰ ਇਕ ਗੱਲ ਯਾਦ ਆ ਰਹੀ ਸੀ।  …ਬਾਪੂ ਮੋਗੇ ਡਾਕਟਰ ਸ਼ਾਮ ਸੁੰਦਰ ਦੇ ਹਸਪਤਾਲ਼ ਦਾਖ਼ਲ ਸੀ। ਸ਼ਾਮ ਸੁੰਦਰ ਦੇ ਹਸਪਤਾਲ਼ ਵਿਚ ਬਾਪੂ ਨੂੰ ਇਕ ‘ਸਪੈਸ਼ਲ ਕਮਰਾ’ ਦਿੱਤਾ ਜਾਂਦਾ ਸੀ। ਜਿਸ ਵਿਚ ਟੈਲੀਵਿਯਨ ਤੋਂ ਲੈ ਕੇ ਸੀਟ ਵਾਲ਼ੀ ਟੁਆਇਲਟ ਤੱਕ ਹਰ ਸਹੂਲਤ ਸੀ। ਸਵੇਰ ਦੇ ਦੋ ਵੱਜੇ ਹੋਏ ਸਨ। ਮੈਂ ਰਾਤ ਨੂੰ ਆਪਣੇ ਦੋਸਤਾਂ ਨੂੰ ਅੱਠ ਕੁ ਵਜੇ ਸੌਣ ਤੋਰ ਦਿੰਦਾ ਸੀ ਅਤੇ ਆਪ ਸਵੇਰ ਦੇ ਪੰਜ ਵਜੇ ਤੱਕ ਜਾਗਦਾ ਰਹਿੰਦਾ ਸੀ। ਸਵੇਰੇ ਪੰਜ ਵਜੇ ਜੱਥੇਦਾਰ ਹਰਪਾਲ ਕੁੱਸਾ ਮੈਨੂੰ ਸੌਣ ਲਈ ਭੇਜ ਦਿੰਦਾ ਅਤੇ ਮੈਂ ਸਾਢੇ ਕੁ ਅੱਠ ਵਜੇ ਤੱਕ ਸੌਂਦਾ ਅਤੇ ਫਿ਼ਰ ਬਾਪੂ ਜੀ ਦਾ ਪਤਾ ਲੈਣ ਵਾਲ਼ੇ ਅਤੇ ਮੈਨੂੰ ਮਿਲ਼ਣ ਵਾਲ਼ੇ ਸੱਜਣ-ਮਿੱਤਰ ਆਉਣੇ ਸ਼ੁਰੂ ਹੋ ਜਾਂਦੇ। ਇਸ ਕਰਕੇ ਮੈਂ ਤਿੰਨ ਜਾਂ ਸਾਢੇ ਤਿੰਨ ਘੰਟੇ ਤੋਂ ਵੱਧ ਸੌਂ ਨਾ ਸਕਦਾ। ਮੇਰਾ ਜਿਗਰੀ ਦੋਸਤ ਕੇਵਲ ਢਿੱਲੋਂ ਮੋਗਾ ਸਾਨੂੰ ਸਾਰਿਆਂ ਨੂੰ ਰਾਤ ਨੂੰ ਥਰਮੋਸਾਂ ਵਿਚ ਗਰਮ ਦੁੱਧ ਲਿਆ ਕੇ, ਪਿਆ ਕੇ ਜਾਂਦਾ।

-”ਜੱਗਿਆ ਜਾਗਦਾ ਈ ਐਂ..?” ਬੈਡ ‘ਤੇ ਪਏ ਬਾਪੂ ਨੇ ਮੈਨੂੰ ਅਵਾਜ਼ ਮਾਰੀ। ਮੈਂ ‘ਕੌਮਾਂਤਰੀ ਪ੍ਰਦੇਸੀ’ ਰਸਾਲਾ ਪੜ੍ਹ ਰਿਹਾ ਸਾਂ। ਦਿਨੇ ਮੈਂ ਕੋਈ ਨਾ ਕੋਈ ਰਸਾਲਾ ਖ਼ਰੀਦ ਲਿਆਉਂਦਾ ਇਸ ਨਾਲ਼ ਮੇਰੀ ਪੜ੍ਹਦੇ ਦੀ ਰਾਤ ਲੰਘ ਜਾਂਦੀ ਸੀ। ਮੈਨੂੰ ਡਰ ਇਹੀ ਰਹਿੰਦਾ ਸੀ ਕਿ ਬਾਪੂ ਪਿਸ਼ਾਬ ਕਰਨ ਲਈ ਉਠਿਆ ਕਿਤੇ ਡਿੱਗ ਨਾ ਪਵੇ ਕਿਉਂਕਿ ਬਾਪੂ ਦਾ ਸਰੀਰ ਭਾਰੀ ਸੀ ਅਤੇ ਬਿਮਾਰੀ ਕਾਰਨ ਕਮਜ਼ੋਰੀ ਹੋ ਗਈ ਸੀ ਅਤੇ ਉਸ ਤੋਂ ਸੰਭਲਿ਼ਆ ਨਹੀਂ ਜਾਂਦਾ ਸੀ। ਇਕ ਵਾਰ ਬਾਪੂ ਜਦ ਠੀਕ ਹੋ ਕੇ ਘਰ ਆ ਗਏ ਸਨ ਤਾਂ ਹਾੜ੍ਹੀ ਦੀ ਵਾਢੀ ਦਾ ਸਮਾਂ ਸੀ। ਮੇਰੇ ਯਾਰ-ਮਿੱਤਰ ਸਾਰੇ ਕੰਮਾਂ ਕਾਰਾਂ ਵਿਚ ਮਸ਼ਰੂਫ਼ ਸਨ ਅਤੇ ਮੈਂ ਤਕਰੀਬਨ ਸਾਰੀ ਰਾਤ ਬਾਪੂ ਕੋਲ਼ ਇਕੱਲਾ ਹੀ ਹੁੰਦਾ ਸੀ। ਸਵੇਰੇ ਚਾਰ ਕੁ ਵਜੇ ਹਰਪਾਲ ਕੁੱਸਾ ਜਾਂ ਗਾਇਕ ਗੁਰਦੀਪ ਕੁੱਸਾ ਮੇਰੇ ਕੋਲ਼ ਪਹੁੰਚ ਜਾਂਦੇ ਅਤੇ ਮੈਂ ਗੁਜ਼ਾਰੇ ਜੋਕਰਾ ਸੌਂ ਲੈਂਦਾ। ਸਵੇਰ ਦੇ ਢਾਈ ਕੁ ਵਜੇ ਮੇਰੀ ਅਖ਼ਬਾਰ ਪੜ੍ਹਦੇ ਪੜ੍ਹਦੇ ਦੀ ਪਤਾ ਨਹੀਂ ਕਦੋਂ ਅੱਖ ਲੱਗ ਗਈ? ਬਾਪੂ ਨੂੰ ਪਿਸ਼ਾਬ ਦੀ ਹੁੜਕ ਜਿਹੀ ਉਠੀ ਅਤੇ ਉਸ ਨੇ ਮੈਨੂੰ ਸੁੱਤਾ ਦੇਖ ਕੇ ਜਗਾਉਣਾ ਠੀਕ ਨਾ ਸਮਝਿਆ। ਉਹ ਆਪ ਹੀ ਉਠ ਕੇ ਟੁਆਇਲਟ ਵੱਲ ਨੂੰ ਹੋ ਤੁਰਿਆ। ਜਦ ਬਾਪੂ ਵਿਹੜੇ ਵਾਲ਼ੇ ਜਾਲ਼ੀ ਦੇ ਦਰਵਾਜੇ ਤੱਕ ਗਿਆ ਤਾਂ ਕਮਜ਼ੋਰੀ ਕਾਰਨ ਉਸ ਦੀਆਂ ਲੱਤਾਂ ਜਵਾਬ ਦੇ ਗਈਆਂ ਅਤੇ ਉਸ ਨੇ ਵਰਾਂਡੇ ਵਾਲ਼ੇ ਦਰਵਾਜੇ ਨੂੰ ਘੁੱਟ ਕੇ ਹੱਥ ਪਾ ਲਿਆ। ਘਬਰਾਏ ਬਾਪੂ ਦੇ ਮੂੰਹ ‘ਚੋਂ ਸਿਰਫ਼ ਐਨਾਂ ਹੀ ਨਿਕਲਿ਼ਆ, “ਉਏ ਜੱਗਿਆ ਮੈਂ ਡਿੱਗਪੂੰਗਾ…!” ਮੇਰੀ ਪਟੱਕ ਕਰਕੇ ਅੱਖ ਖੁੱਲ੍ਹ ਗਈ ਅਤੇ ਮੈਂ ਬੈਡ ਤੋਂ ਛਾਲ਼ ਮਾਰ ਕੇ ਬਾਪੂ ਨੂੰ ਜੱਫ਼ੀ ਜਾ ਪਾਈ। ਬਾਪੂ ਦਰਵਾਜਾ ਨਹੀਂ ਛੱਡ ਰਿਹਾ ਸੀ। ਉਸ ਨੂੰ ਡਰ ਸੀ ਕਿ ਡਿੱਗ ਨਾ ਪਵੇ। ਮੈਂ ਬਾਪੂ ਨੂੰ ਅੰਨ੍ਹੇ ਵਾਲ਼ਾ ਜੱਫ਼ਾ ਮਾਰਿਆ ਹੋਇਆ ਸੀ ਅਤੇ ਆਖ ਰਿਹਾ ਸਾਂ, “ਡੈਡੀ ਦਰਵਾਜਾ ਛੱਡ ਦਿਓ, ਮੈਂ ਥੋਨੂੰ ਡਿੱਗਣ ਨਹੀਂ ਦਿੰਦਾ…!” ਮੈਂ ਪੂਰਾ ਯੁੱਧ ਕਰ ਕੇ ਬਾਪੂ ਨੂੰ ਬੈਡ ‘ਤੇ ਲਿਆ ਬਿਠਾਇਆ, “ਡੈਡੀ ਥੋਨੂੰ ਮੈਂ ਕਿੰਨੀ ਵਾਰੀ ਆਖਿਐ ਬਈ ਤੁਸੀਂ ਬੈਡ ਤੋਂ ਨਹੀਂ ਉਠਣਾ, ਪਿਸ਼ਾਬ ਥੋਨੂੰ ਮੈਂ ਆਪੇ ਕਰਵਾਊਂ…?” ਛੇ ਫ਼ੁੱਟੇ ਬਾਪੂ ਦੀ ਇਹ ਹਾਲਤ ਦੇਖ ਕੇ ਮੇਰਾ ਤਰਸ ਜਿਹੇ ਵਿਚ ਰੋਣ ਨਿਕਲ਼ ਗਿਆ।

-”ਜੱਗਿਆ ਤੂੰ ਸੁੱਤਾ ਪਿਆ ਸੀ ਤੇ ਮੇਰਾ ਤੈਨੂੰ ਉਠਾਉਣ ਨੂੰ ਦਿਲ ਨ੍ਹੀ ਕੀਤਾ..!” ਬਾਪੂ ਨੇ ਆਪਣੀ ਬਾਪ ਵਾਲ਼ੀ ਭਾਵਨਾ ਦਾ ਸਬੂਤ ਪੇਸ਼ ਕਰ ਸਪੱਸ਼ਟੀਕਰਣ ਦਿੱਤਾ।

-”ਮੇਰੀ ਤਾਂ ਕੁਦਰਤੀਂ ਅੱਖ ਲੱਗ ਗਈ ਸੀ, ਮੈਂ ਲੰਡਨ ਤੋਂ ਚੱਲ ਕੇ ਆਇਆ ਕਾਹਦੇ ਵਾਸਤੇ ਐਂ..? ਥੋਨੂੰ ਸਾਂਭਣ ਵਾਸਤੇ..! ਥੋਡੀ ਸੇਵਾ ਕਰਨ ਵਾਸਤੇ..! ਮੈਂ ਐਥੇ ਸੌਣ ਜਾਂ ਆਨੰਦ ਲੈਣ ਨ੍ਹੀ ਆਇਆ ਡੈਡੀ ਜੀ..! ਥੋਡੀ ਸੇਵਾ ਕਰਨ ਆਇਐਂ..!” ਮੇਰਾ ਮਨ ਅਜੇ ਵੀ ਭਰਿਆ ਹੋਇਆ ਸੀ। ਮੈਂ ਹਸਪਤਾਲ਼ ਵਿਚੋਂ ਸਪੈਸ਼ਲ ਇਕ ਪਲਾਸਟਿਕ ਦੀ ਬੋਤਲ ਜਿਹੀ ਲਿਆਂਦੀ ਹੋਈ ਸੀ। ਜਿਸ ਵਿਚ ਮੈਂ ਬਾਪੂ ਨੂੰ ਪਿਸ਼ਾਬ ਕਰਵਾਉਂਦਾ ਸੀ। ਜਿੰਨਾਂ ਚਿਰ ਬਾਪੂ ਪੂਰਾ ਤੁਰਨ ਫਿ਼ਰਨ ਜੋਕਰਾ ਨਹੀਂ ਹੋਇਆ, ਮੈਂ ਬਾਪੂ ਦੇ ਜੰਗਲ-ਪਾਣੀ ਵਾਲ਼ੇ ਹੱਥ ਵੀ ਆਪ ਧੋਂਦਾ ਰਿਹਾ ਹਾਂ। ਬਾਪੂ ਕਦੇ ਕਦੇ ਆਖਦਾ, “ਜੱਗਿਆ, ਤੂੰ ਮੇਰਾ ਤੇ ਆਬਦੀ ਮਾਂ ਦਾ ਪਤਾ ਨ੍ਹੀ ਕਿੰਨਾਂ ਕੁ ਦੇਣੈਂ, ਪਹਿਲਾਂ ਤੂੰ ਆਬਦੀ ਮਾਂ ਸਾਂਭੀ ਤੇ ਹੁਣ ਮੈਂ…!” ਆਖ ਬਾਪੂ ਚੁੱਪ ਜਿਹਾ ਕਰ ਗਿਆ। ਬਾਪੂ ਦੀ ਇਸ ਨਿਰਾਸ਼ਾ ਕਰਕੇ ਮੇਰਾ ਦਿਲ ਛਲਣੀਂ ਹੋ ਗਿਆ ਤੇ ਮੈਂ ਆਖਿਆ, “ਡੈਡੀ, ਤੁਸੀਂ ਕਿਹੜੀਆਂ ਜ਼ਰਬਾਂ ਤਕਸੀਮਾਂ ‘ਚ ਪੈ ਗਏ…? ਮੈਂ ਥੋਡਾ ਪੁੱਤ ਹਾਂ..! ਤੇ ਪੁੱਤ ਹੁੰਦੇ ਕਾਹਦੇ ਵਾਸਤੇ ਐ…? ਸੇਵਾ ਕਰਨ ਵਾਸਤੇ..! ਥੋਡੀ ਸੇਵਾ ਕਰਨਾ ਮੇਰਾ ਫ਼ਰਜ਼ ਵੀ ਐ ਤੇ ਧਰਮ ਵੀ…! ਤੁਸੀਂ ਕਦੇ ਵੀ ਇਹ ਗੱਲ ਆਪਣੇ ਦਿਲ ‘ਤੇ ਨਾ ਲਾਇਓ…! ਹੋ ਸਕਦੈ ਛੋਟੇ ਹੁੰਦੇ ਨੇ ਮੈਂ ਥੋਡੇ ‘ਤੇ ਵੀ ਕਦੇ ਮੂਤਿਆ ਹੋਵੇ…? ਆਹ ਗੱਲ ਤੁਸੀਂ ਕਦੇ ਵੀ ਮਨ ‘ਤੇ ਨਾ ਲਿਆਇਓ…! ਤੇ ਜਦੋਂ ਮੈਂ ਥੋਡੇ ਜੰਗਲ ਪਾਣੀ ਵਾਲ਼ੇ ਹੱਥ ਧੋਨੈਂ, ਤੁਸੀਂ ਕਦੇ ਵੀ ਮਹਿਸੂਸ ਨਾ ਕਰਿਆ ਕਰੋ…! ਬਾਬੇ ਨਾਨਕ ਦੀ ਪਵਿੱਤਰ ਬਾਣੀਂ ਫ਼ੁਰਮਾਉਂਦੀ ਐ: ਵਿਚਿ ਦੁਨੀਆ ਸੇਵ ਕਮਾਈਐ।। ਤਾ ਦਰਗਹ ਬੈਸਣੁ ਪਾਈਐ।।” ਮੈਂ ਉਤਰ ਦਿੱਤਾ। ਪਰ ਬਾਪੂ ਅੱਗਿਓਂ ਕੁਛ ਵੀ ਨਾ ਬੋਲਿਆ। ਚੁੱਪ ਹੀ ਰਿਹਾ। ਪਤਾ ਨਹੀਂ ਉਸ ਦੇ ਮਨ ਵਿਚ ਕੀ ਮੰਦਾ ਜਾਂ ਚੰਗਾ ਆ ਰਿਹਾ ਸੀ?

-”ਨਹੀਂ ਡੈਡੀ ਮੈਂ ਤਾਂ ਪੜ੍ਹੀ ਜਾਨੈਂ…!” ਮੈਂ ਬਾਪੂ ਦੀ ਗੱਲ ਦਾ ਉਤਰ ਦਿੱਤਾ।

-”ਕੀ ਟੈਮ ਕੀ ਹੋਇਐ?”

-”ਦੋ ਵੱਜ ਕੇ ਪੈਂਤੀ ਮਿੰਟ ਹੋਏ ਐ..!”

-”ਮੈਨੂੰ ਪਿਸ਼ਾਬ ਕਰਵਾ ਪੁੱਤ..!”

ਮੈਂ ਬੋਤਲ ਜਿਹੀ ਵਿਚ ਪਿਸ਼ਾਬ ਕਰਵਾ ਦਿੱਤਾ।

-”ਤੈਨੂੰ ਓਸ ਥਾਂ ਦਾ ਪਤੈ, ਜਿੱਥੇ ਤੂੰ ਆਬਦੀ ਮਾਂ ਦੇ ਫ਼ੁੱਲ ਤਾਰ ਕੇ ਆਇਆ ਸੀ…?” ਬਾਪੂ ਨੇ ਅਚਾਨਕ ਅਜੀਬ ਹੀ ਅਕਾਸ਼ਬਾਣੀਂ ਕੀਤੀ।

-”ਉਹ ਸੀਨ ਤਾਂ ਮੇਰੇ ਮਨ ‘ਚ ਅਜੇ ਵੀ ਉਕਰਿਆ ਪਿਐ ਡੈਡੀ..! ਉਹ ਨ੍ਹੀ ਸਾਰੀ ਉਮਰ ਦਿਮਾਗ ‘ਚੋਂ ਨਿਕਲ਼ਣਾਂ!”

-”ਨ੍ਹਾਂ ਤੈਨੂੰ ਓਸ ਥਾਂ ਦਾ ਚੇਤੈ, ਜਿੱਥੇ ਤੂੰ ਆਬਦੀ ਮਾਂ ਦੇ ਫ਼ੁੱਲ ਤਾਰ ਕੇ ਆਇਆ ਸੀ?”

-”ਬਿਲਕੁਲ ਚੇਤੈ ਡੈਡੀ..! ਪਰ ਤੁਸੀਂ ਸਵੇਰੇ ਅੰਮ੍ਰਿਤ ਵੇਲ਼ੇ ਐਹੋ ਜੀਆਂ ਗੱਲਾਂ ਕਿਉਂ ਲੈ ਕੇ ਬਹਿਗੇ..?” ਮੈਂ ਵਿਸ਼ਾ ਬਦਲਣਾ ਚਾਹੁੰਦਾ ਸੀ।

-”ਜੱਗਿਆ ਇਉਂ ਕਰੀਂ…! ਬੰਦੇ ਦਾ ਕੋਈ ਪਤਾ ਨ੍ਹੀ ਹੁੰਦਾ, ਜੇ ਮੈਂ ਚਲਾਣੇਂ ਕਰਜਾਂ, ਤਾਂ ਮੇਰੇ ਫ਼ੁੱਲ ਬਿਲਕੁਲ ਓਸੇ ਜਗਾਹ ਪਾਉਣੇਂ ਐਂ, ਜਿੱਥੇ ਤੂੰ ਆਪਣੀ ਮਾਂ ਦੇ ਪਾਏ ਸੀ…!”

-”ਤੁਸੀਂ ਚਿੰਤਾ ਨਾ ਕਰੋ..! ਬਿਲਕੁਲ ਓਸੇ ਥਾਂ ਈ ਪਾ ਕੇ ਆਊਂ..! ਪਰ ਤੁਸੀਂ ਹੁਣ ਬਿਲਕੁਲ ਠੀਕ ਹੋ, ਥੋਨੂੰ ਕੱਖ ਨ੍ਹੀ ਹੁੰਦਾ! ਅਜੇ ਥੋਡੇ ਜਾਣ ਦਾ ਟਾਈਮ ਨਹੀਂ ਆਇਆ ਡੈਡੀ, ਦਿਲੋਂ ਢੇਰੀ ਨਾ ਢਾਹੋ..!”

-”ਨਹੀਂ ਹੋਣ ਜਾਂ ਨਾ ਹੋਣ ਦੀ ਮੈਂ ਗੱਲ ਨ੍ਹੀ ਕਰਦਾ ਪੁੱਤ..! ਮੈਂ ਤਾਂ ਤੈਨੂੰ ਦੱਸਦਾ ਈ ਐਂ..! ਬੰਦੇ ਦਾ ਕੋਈ ਪਤਾ ਨ੍ਹੀ ਹੁੰਦਾ!” ਬਾਪੂ ਨੇ ਫਿ਼ਰ ਦੁਹਰਾਇਆ।

ਉਸ ਤੋਂ ਬਾਅਦ ਬਾਪੂ ਤਕਰੀਬਨ ਸਾਲ ਜਿ਼ੰਦਾ ਰਿਹਾ ਅਤੇ ਅੱਜ ਮੈਂ ਬਾਪੂ ਦੇ ਫ਼ੁੱਲ ਤਾਰਨ ਕੀਰਤਪੁਰ ਸਾਹਿਬ ਜਾ ਰਿਹਾ ਸੀ। ਗੱਡੀ ਮੇਰੇ ਦੋਸਤ ਜਗਜੀਤ ਕਾਉਂਕੇ ਦੀ ਸੀ। ਮੇਰੇ ਨਾਲ਼ ਚਾਚਾ ਮੋਹਣ ਅਤੇ ਬਰਨਾਲ਼ੇ ਵਾਲ਼ੀ ਭੈਣ ਸੀ! ਮੇਰੀ ਗ਼ੈਰ ਹਾਜ਼ਰੀ ਵਿਚ ਬਰਨਾਲ਼ੇ ਵਾਲ਼ੀ ਭੈਣ ਹੀ ਬਾਪੂ ਜੀ ਦਾ ਪਤਾ ਸੁਤਾ ਲੈਂਦੀ ਰਹੀ ਸੀ ਅਤੇ ਦੁਆਈ ਬਗੈਰਾ ਦਿਵਾਉਣ ਵੀ ਨਾਲ਼ ਚਲੀ ਜਾਂਦੀ ਸੀ। ਕਦੇ ਕਦੇ ਜੇ ਭੈਣ ਹਫ਼ਤੇ ਖੰਡ ਵਿਚ ਨਾ ਮਿਲ਼ਣ ਆਉਂਦੀ ਤਾਂ ਬਾਪੂ ਭੈਣ ਨੂੰ ਬਰਨਾਲ਼ੇ ਫ਼ੋਨ ਕਰਦਾ, “ਤੂੰ ਆਈ ਨ੍ਹੀ ਪੁੱਤ? ਉਦੋਂ ਆਵੇਂਗੀ ਜਦੋਂ ਮੇਰਾ ਕੰਮ ਖ਼ਤਮ ਹੋ ਗਿਆ..?” ਕਦੇ ਕਦੇ ਬਾਪੂ ਭੈਣ ਨੂੰ ਮਿਹਣਾ ਜਿਹਾ ਵੀ ਮਾਰ ਦਿੰਦਾ। ਤਾਂ ਭੈਣ ਬਰਨਾਲ਼ੇ ਤੋਂ ਬੱਸ ਫੜ ਭੱਜੀ ਆਉਂਦੀ…! ਦਿਨ ਰਾਤ ਨਾ ਵੇਖਦੀ..!

‘ਸ਼ਾਰਟ ਕੱਟ’ ਰਸਤੇ ਹੁੰਦੇ ਅਸੀਂ ਤਿੰਨ ਕੁ ਘੰਟੇ ਵਿਚ ਕੀਰਤਪੁਰ ਸਾਹਿਬ ਪਹੁੰਚ ਗਏ। ਕਈ ਪੇਂਡੂ ਕੀਰਤਪੁਰ ਸਾਹਿਬ ਨੂੰ ‘ਕੀਰਤਨਪੁਰ ਸਾਹਿਬ’ ਹੀ ਦੱਸਦੇ ਹਨ! ਕੀਰਤਪੁਰ ਸਾਹਿਬ ਪਹੁੰਚ ਕੇ ਅਸੀਂ ਅਰਦਾਸ ਬਾਰੇ ਪਤਾ ਕੀਤਾ ਕਿ ਕਿੰਨੇ ਵਜੇ ਹੋਵੇਗੀ? ਕਿਉਂਕਿ ਅੱਗੇ ਜਿੰਨਾਂ ਕੁ ਮੈਨੂੰ ਪਤਾ ਸੀ, ਮ੍ਰਿਤਕ ਪ੍ਰਾਣੀਂ ਦੀ ਅਰਦਾਸ ਦਿਨ ਵਿਚ ਸ਼ਾਇਦ ਦੋ ਵਾਰ ਹੁੰਦੀ ਸੀ। ਸਵੇਰੇ ਅੰਮ੍ਰਿਤ ਵੇਲ਼ੇ ਅਤੇ ਸ਼ਾਮ ਨੂੰ ਪੰਜ ਕੁ ਵਜੇ! ਪਰ ਹੁਣ ਸਾਨੂੰ ਜਾ ਕੇ ਪਤਾ ਲੱਗਿਆ ਕਿ ਹੁਣ ਅਰਦਾਸ ਜਦੋਂ ਤੁਸੀਂ ਫ਼ੁੱਲ ਤਾਰ ਕੇ ਗੁਰਦੁਆਰੇ ਮੱਥਾ ਟੇਕਦੇ ਹੋ, ਉਸ ਸਮੇਂ ਹੀ ਕਰ ਦਿੱਤੀ ਜਾਂਦੀ ਹੈ! ਪ੍ਰਬੰਧਕ ਕਮੇਟੀ ਨੇ ਇਕ ਅਰਦਾਸੀ ਸਿੰਘ ਵਿਸ਼ੇਸ਼ ਤੌਰ ‘ਤੇ ਉਥੇ ਨਿਯੁਕਤ ਕੀਤਾ ਹੋਇਆ ਹੈ। ਜਦੋਂ ਹੀ ਤੁਸੀਂ ਫ਼ੁੱਲ ਤਾਰ ਕੇ ਮੁੜਦੇ ਹੋ ਤਾਂ ਤੁਰੰਤ ਅਰਦਾਸ ਕਰ ਦਿੱਤੀ ਜਾਂਦੀ ਹੈ! ਇਹ ਪ੍ਰਬੰਧਕ ਕਮੇਟੀ ਦਾ ਬਹੁਤ ਹੀ ਸ਼ਲਾਘਾਯੋਗ ਉਦਮ ਹੈ। ਨਹੀਂ ਤਾਂ ਲੋਕ ਸਵੇਰ ਦੀ ਜਾਂ ਸ਼ਾਮ ਦੀ ਅਰਦਾਸ ਦੀ ਉਡੀਕ ਵਿਚ ਹੀ ਬੈਠੇ ਰਹਿੰਦੇ ਸਨ ਅਤੇ ਦਿੱਲੀ ਤੋਂ ਜਾਂ ਹੋਰ ਦੂਰ ਦੁਰੇਡੇ ਤੋਂ ਆਏ ਲੋਕਾਂ ਨੂੰ ਰਾਤ ਵੀ ਰਹਿਣਾ ਪੈਂਦਾ ਸੀ। ਇਕੱਠ ਵੀ ਬੇਹਿਸਾਬਾ ਹੋ ਜਾਂਦਾ ਸੀ!

ਕੀਰਤਪੁਰ ਸਾਹਿਬ ਹੁਣ ਫ਼ੁੱਲ ਤਾਰਨ ਵਾਲ਼ੀ ਜਗਾਹ ‘ਤੇ ਇਕ ਬੜਾ ਰਮਣੀਕ ਅਤੇ ਦਰਸ਼ਣੀਂ ਪੁਲ਼ ਉਸਾਰ ਦਿੱਤਾ ਹੈ। ਪਰ ਮੈਂ ਚਾਚੇ ਅਤੇ ਭੈਣ ਨੂੰ ਬਾਪੂ ਦੀ ਇੱਛਾ ਤੋਂ ਜਾਣੂੰ ਕਰਵਾਇਆ ਅਤੇ ਅਸੀਂ ਲੱਕੜ ਦੇ ਪੁਲ਼ ਨੂੰ ਚੱਲ ਪਏ। ਸਾਨੂੰ ਇਕ ਸਿੰਘ ਨੇ ਨਵੇਂ ਪੁਲ਼ ਬਾਰੇ ਵੀ ਦੱਸਿਆ। ਪਰ ਅਸੀਂ ਉਸ ਨੂੰ ਮ੍ਰਿਤਕ ਪ੍ਰਾਣੀਂ ਦੀ ਇੱਛਾ ਤੋਂ ਜਾਣੂੰ ਕਰਵਾ ਕੇ ਲੱਕੜ ਦੇ ਪੁਲ਼ ਉਪਰ ਜਾ ਚੜ੍ਹੇ। ਜਿਸ ਥਾਂ ‘ਤੇ ਮੈਂ ਆਪਣੀ ਮਾਂ ਦੇ ਫ਼ੁੱਲ ਤਾਰੇ ਸਨ, ਬਿਲਕੁਲ ਉਸੀ ਜਗਾਹ ਬਾਪੂ ਦੇ ਫ਼ੁੱਲ ਤਾਰ ਕੇ ਬਾਪੂ ਨੂੰ ਆਖਰੀ ‘ਨਮਸਕਾਰ’ ਕੀਤੀ ਅਤੇ ਸਰੋਵਰ ਵੱਲ ਆ ਗਏ। ਪੰਜ ਇਸ਼ਨਾਨਾਂ ਕਰ ਕੇ ਅਸੀਂ ਚੱਲ ਰਹੀ ਸੇਵਾ ਵਿਚ ਕੁਝ ਮਾਇਕ ਯੋਗਦਾਨ ਪਾਇਆ ਅਤੇ ਰਜਿ਼ਸਟਰ ਵਿਚ ਨਾਮ ਦਰਜ਼ ਕਰਵਾਉਣ ਲਈ ਚੱਲ ਪਏ। ਰਜਿ਼ਸਟਰ ਵਿਚ ਬਾਪੂ ਜੀ ਦਾ ਅਤੇ ਮੇਰਾ ਨਾਂ, ਪਿੰਡ ਦਾ ਵੇਰਵਾ ਆਦਿ ਲਿਖਵਾ ਦਿੱਤਾ। ਗੋਲਕ ਵਿਚ ਭੇਟਾ ਪਾ ਕੇ ਅਸੀਂ ਦੇਗ ਕਰਵਾਈ ਅਤੇ ਅਰਦਾਸ ਕਰਵਾਉਣ ਲਈ ਗੁਰਦੁਆਰਾ ਸਾਹਿਬ ਆ ਗਏ। ਪਵਿੱਤਰ ਗੁਰਬਾਣੀਂ ਦੇ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਸੀ।

-”ਕੀ ਨਾਂ ਸੀ ਮ੍ਰਿਤਕ ਪ੍ਰਾਣੀਂ ਦਾ…?” ਅਰਦਾਸੀਏ ਸਿੰਘ ਨੇ ਪੁੱਛਿਆ।

-”ਪੰਡਤ ਬਰਮਾਂ ਨੰਦ, ਸਿੰਘ ਜੀ..!” ਮੈਂ ਉਤਰ ਦਿੱਤਾ।

ਸਿੰਘ ਨੇ ਬਾਪੂ ਨਮਿੱਤ ਅਰਦਾਸ ਕਰ ਦਿੱਤੀ ਅਤੇ ਅਸੀਂ ਪ੍ਰਸ਼ਾਦ ਲੈ ਕੇ ਬਾਹਰ ਆ ਗਏ। ਰਵਾਇਤ ਅਨੁਸਾਰ ਇਕ ਬਜ਼ੁਰਗ ਅਤੇ ਇਕ ਬਿਰਧ ਮਾਤਾ ਨੂੰ ਲੰਗਰ ਪਾਣੀਂ ਛਕਾਇਆ, ਭੇਟਾ ਅਤੇ ਬਸਤਰ ਦਿੱਤੇ। ਉਸ ਤੋਂ ਬਾਅਦ ਅਸੀਂ ਸਾਈਂ ਪੀਰ ਬਾਬਾ ਬੁੱਢਣ ਸ਼ਾਹ ਅਤੇ ਧੰਨ ਧੰਨ ਬਾਬਾ ਗੁਰਦਿੱਤਾ ਜੀ, ਜੋ ਵਰ ਚਾਹਿਆ, ਸੋ ਵਰ ਦਿੱਤਾ ਜੀ ਦੇ ਦਰਸ਼ਣਾਂ ਲਈ ਤੁਰ ਪਏ। ਪੀਰ ਬਾਬਾ ਬੁੱਢਣ ਸ਼ਾਹ ਜੀ ਦੇ ਦੁਆਰੇ ਜਾ ਸਿਜ਼ਦਾ ਕੀਤਾ ਅਤੇ ਇਤਿਹਾਸ ਪੱਖੋਂ ਜਾਣਕਾਰੀ ਹਾਸਲ ਕੀਤੀ। ਫ਼ੇਰ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰੇ ਜਾ ਕੇ ਨਮਸਕਾਰ ਕੀਤੀ ਅਤੇ ਦੇਗ ਕਰਵਾਈ। ਕੁਝ ਦੇਰ ਕੀਰਤਨ ਸਰਵਣ ਕਰਕੇ ਅਸੀਂ ਸ਼ਾਮ ਦੇ ਪੂਰੇ ਛੇ ਵਜੇ ਕੀਰਤਪੁਰ ਸਾਹਿਬ ਤੋਂ ਪਿੰਡ ਨੂੰ ਰਵਾਨਗੀਆਂ ਪਾ ਦਿੱਤੀਆਂ। ਰਸਤੇ ਵਿਚ ਮਾਛੀਵਾੜੇ ਦੇ ਜੰਗਲ ਅਤੇ ਚਮਕੌਰ ਸਾਹਿਬ ਨੂੰ ਸੀਸ ਨਿਵਾਉਂਦੇ ਅਸੀਂ ਰਾਤ ਦਸ ਕੁ ਵਜੇ ਪਿੰਡ ਪਹੁੰਚ ਗਏ। ਜਗਜੀਤ ਕਾਉਂਕੇ ਦੇ ਘਰੋਂ ਅਸੀਂ ਹਲਵਾਈ ਦੀਆਂ ਭੱਠੀਆਂ ਲਈ ਡੀਜ਼ਲ ਚੁੱਕਣਾ ਸੀ, ਜਿਸ ਕਰਕੇ ਅਸੀਂ ਘੰਟਾ ਕੁ ਲੇਟ ਹੋ ਗਏ। ਇਕੱਠ ਬਹੁਤ ਹੋ ਜਾਣਾ ਸੀ। ਇਸ ਲਈ ਮੈਂ ਸੋਚਿਆ ਸੀ ਕਿ ਬੁੜ੍ਹੀਆਂ ਤੋਂ ਦਾਲ਼ ਸਬਜ਼ੀ ਨਹੀਂ ਬਣਨੀ ਅਤੇ ਰੋਟੀਆਂ ਨਹੀਂ ਪੱਕਣੀਆਂ। ਇਸ ਲਈ ਹਲਵਾਈ ਲੈ ਆਂਦਾ ਸੀ।

ਕੀਰਤਪੁਰ ਸਾਹਿਬ ਨੂੰ ਰਵਾਨਾ ਹੋਣ ਸਮੇਂ ਮੈਂ ਆਪਣਾ ਮੋਬਾਇਲ ਫ਼ੋਨ ਘਰਵਾਲ਼ੀ ਨੂੰ ਫੜਾ ਗਿਆ ਸੀ। ਘਰਵਾਲ਼ੀ ਨੇ ਦੱਸਿਆ ਕਿ ਸਾਡੇ ਕੀਰਤਪੁਰ ਸਾਹਿਬ ਜਾਣ ਤੋਂ ਬਾਅਦ ਮੇਰੇ ਅਦਬੀ ਮਿੱਤਰ ਅਤੇ ਟੈਲੀ ਫਿ਼ਲਮ ਡਾਇਰੈਕਟਰ ਦਰਸ਼ਣ ਦਰਵੇਸ਼, ‘ਆਰਸੀ’ ਦੀ ਸੰਪਾਦਕਾ ਤਨਦੀਪ ਤਮੰਨਾਂ, ਬੱਲੀ ਬਰਾੜ, ਬਾਈ ਅਮਰਜੀਤ ਚਾਹਲ, ਇਕਬਾਲ ਸਿੰਘ ਅਮਰੀਕਾ ਅਤੇ ਹੋਰ ਹਮਦਰਦ ਸੱਜਣਾਂ-ਮਿੱਤਰਾਂ ਦੇ ਫ਼ੋਨ ਆ ਚੁੱਕੇ ਸਨ। ਅਜੇ ਮੈਂ ਚਾਹ ਹੀ ਪੀ ਰਿਹਾ ਸਾਂ ਕਿ ਕੈਨੇਡਾ ਤੋਂ ‘ਹਮਦਰਦ ਵੀਕਲੀ’ ਅਤੇ ‘ਕੌਮਾਂਤਰੀ ਪ੍ਰਦੇਸੀ’ ਦੇ ਮੁੱਖ ਸੰਪਾਦਕ ਅਤੇ ਮੇਰੇ ਵੱਡੇ ਵੀਰ ਸ. ਅਮਰ ਸਿੰਘ ਭੁੱਲਰ ਦਾ ਫ਼ੋਨ ਆ ਗਿਆ। ਉਸ ਨੇ ਮੇਰੇ ਨਾਲ਼ ਬਾਪੂ ਜੀ ਦਾ ਅਫ਼ਸੋਸ ਕੀਤਾ।

-”ਬਾਬਾ ਜੀ…!” ਬਾਈ ਅਮਰ ਭੁੱਲਰ ਮੈਨੂੰ ‘ਬਾਬਾ ਜੀ’ ਆਖ ਕੇ ਹੀ ਬੁਲਾਉਂਦੇ ਹਨ।

-”ਹਾਂ ਜੀ ਬਾਈ ਜੀ..?”

-”ਉਹ ‘ਕੱਲੇ ਤੁਹਾਡੇ ਈ ਬਾਪੂ ਨ੍ਹੀ ਸੀ, ਸਾਡੇ ਵੀ ਕੁਛ ਲੱਗਦੇ ਸੀ…!” ਬਾਈ ਭੁੱਲਰ ਨੇ ਕਿਹਾ।

-”ਕੋਈ ਸ਼ੱਕ ਨ੍ਹੀ ਬਾਈ ਜੀ!”

-”ਤੇ ਫ਼ੇਰ ਬਾਪੂ ਜੀ ਦੇ ਭੋਗ ‘ਤੇ ਤਿਲ ਫ਼ੁੱਲ ਪਾਉਣਾ ਸਾਡਾ ਵੀ ਫ਼ਰਜ਼ ਬਣਦੈ..!”

-”ਨਹੀਂ ਬਾਈ ਜੀ, ਕਿਸੇ ਚੀਜ਼ ਦੀ ਜ਼ਰੂਰਤ ਨਹੀਂ, ਗੁਰੂ ਕਿਰਪਾ ਸਦਕਾ ਸਭ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>