ਫਤਿਹਗੜ੍ਹ ਸਾਹਿਬ – “ਸਿੱਖ ਕੌਮ ਦੀ ਮਿੰਨੀ ਪਾਰਲੀਮੈਂਟ ਮੰਨੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਸੰਸਥਾਂ ਅਤੇ ਪੰਜਾਬ ਦੀ ਸਿਆਸਤ ਉੱਤੇ ਕਾਬਿਜ਼ ਬਾਦਲ ਦਲੀਏ ਹਰਿਆਣੇ ਦੇ ਸਿੱਖਾਂ ਦੇ ਧਾਰਮਿਕ ਅਤੇ ਇਖਲਾਕੀ ਜ਼ਜਬਾਤਾਂ ਨੂੰ ਕੁਚਲਣ ਦੀ ਮੰਦਭਾਵਨਾ ਭਰੀ ਸੋਚ ਦਾ ਖਹਿੜਾ ਛੱਡ ਕੇ, ਆਲ ਇੰਡੀਆ ਗੁਰਦੁਆਰਾ ਐਕਟ ਨੂੰ ਹੋਂਦ ਵਿੱਚ ਲਿਆਉਣ ਲਈ ਸੈਟਰ ਦੀ ਸਰਕਾਰ ਅਤੇ ਪਾਰਲੀਮੈਂਟ ਵਿੱਚ ਅਮਲੀ ਰੂਪ ਵਿੱਚ ਕਾਰਵਾਈ ਕਰਨ।”
ਇਹ ਉਪਰੋਕਤ ਵਿਚਾਰ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੋਸਤਾਨ ਦੇ ਵੱਖ ਵੱਖ ਸੂਬਿਆਂ ਵਿੱਚ ਸਥਿਤ ਇਤਿਹਾਸਿਕ ਗੁਰੂ ਘਰਾਂ ਵਿੱਚ ਇੱਕ ਰਹਿਤ-ਮਰਿਯਾਦਾ ਲਾਗੂ ਕਰਨ ਅਤੇ ਸਿੱਖ ਕੌਮ ਨੂੰ ਸਿੱਖੀ ਦੇ ਸੈਟਰਲ ਧੁਰੇ ਨਾਲ ਜੋੜਨ ਦੀ ਇੱਛਾ ਦਾ ਪ੍ਰਗਟਾਵਾ ਕਰਦੇ ਹੋਏ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਗਏ ਬਿਆਨ ਵਿੱਚ ਜਾਹਿਰ ਕੀਤੇ। ਉਹਨਾਂ ਕਿਹਾ ਕਿ ਅੰਗਰੇਜਾਂ ਦੁਆਰਾ 1925 ਵਿੱਚ ਹੋਂਦ ਵਿੱਚ ਲਿਆਂਦੇ ਗੁਰਦੁਆਰਾ ਐਕਟ ਵਿੱਚ ਵੱਡੀਆਂ ਖਾਮੀਆਂ ਹਨ ਕਿਉਂਕਿ ਇਹ ਐਕਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਚੋਣ ਕੇਵਲ ਪੰਜਾਬ, ਹਰਿਆਣਾ, ਹਿਮਾਚਲ ਅਤੇ ਯੂ ਟੀ ਚੰਡੀਗੜ੍ਹ ਦੇ ਖੇਤਰ ਵਿੱਚ ਹੀ ਕਰਨ ਦੀ ਇਜ਼ਾਜਤ ਦਿੰਦਾ ਹੈ। ਜਦੋਂ ਕਿ ਹਿੰਦੋਸਤਾਨ ਦੇ ਬਾਕੀ ਦੇ 25 ਸੂਬਿਆਂ ਅਤੇ 6 ਯੂਨੀਅਨ ਟੈਰੀਟਰੀ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਆਪਣੇ ਇਸ ਵੋਟ ਹੱਕ ਤੋਂ ਵਾਂਝਿਆ ਕਰਦਾ ਹੈ ਜੋ ਕਿ ਸਿੱਖ ਕੌਮ ਵਿੱਚ ਵੱਖਰੇਵੇਂ ਉਤਪੰਨ ਕਰਨ ਦਾ ਮੁੱਖ ਕਾਰਨ ਹੈ। ਇਸ ਲਈ ਸਿੱਖ ਕੌਮ ਨੂੰ ਆਪਣੇ ਧੁਰੇ ਨਾਲ ਜੁੜੇ ਰਹਿਣ ਲਈ ਅਤੇ ਸਮੁੱਚੇ ਹਿੰਦੋਸਤਾਨ ਦੇ ਇਤਿਹਾਸਿਕ ਗੁਰਦੁਆਰਿਆਂ ਵਿੱਚ ਇੱਕੋ ਨਿਯਮਾਵਾਲੀ ਕਾਇਮ ਕਰਨ ਲਈ ਇਹ ਜ਼ਰੂਰੀ ਹੈ ਕਿ “ਆਲ ਇੰਡੀਆ ਗੁਰਦੁਆਰਾ ਐਕਟ” ਨੂੰ ਤੁਰੰਤ ਹੋਂਦ ਵਿੱਚ ਲਿਆਂਦਾ ਜਾਵੇ। ਇਸ ਮੁੱਦੇ ‘ਤੇ ਕਿਸੇ ਵੀ ਇੱਕ ਸਿੱਖ ਦਾ ਵਖਰੇਵਾਂ ਨਹੀਂ ਹੋਣਾ ਚਾਹੀਦਾ।
ਉਨ੍ਹਾ ਇਸ ਗੱਲ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਕਿ ਬਾਦਲ ਦਲੀਏ ਗੁਰੂ ਘਰ ਦੀ ਸਮੁੱਚੀ ਮਨੁੱਖਤਾ ਪੱਖੀ ਸਾਂਝੀ ਸੋਚ ਅਤੇ ਗੁਰੂ ਘਰ ਦੀਆਂ ਜ਼ਮੀਨਾਂ, ਜਾਇਦਾਦਾਂ, ਧਨ-ਦੌਲਤਾਂ ਆਦਿ ਦੀ ਗਲਤ ਇਸਤੇਮਾਲ ਕਰਨ ਹਿੱਤ, ਬਾਦਲ ਦਲੀਆਂ ਨਾਲ ਸੰਬੰਧਿਤ ਧਨਾਢਾਂ ਦੇ ਨਾਮ ੳੁੱਤੇ ਕਈ ਨਿੱਜੀ ਟ੍ਰਸਟ ਬਣਾਉਣ ਵਿੱਚ ਲੱਗੇ ਹੋਏ ਹਨ ਜਿਵੇਂ ਕਿ ਹਰਿਆਣੇ ਵਿੱਚ ਪੋਉਟਾ ਸਾਹਿਬ ਦੇ ਇਤਿਹਾਸਿਕ ਸਥਾਨ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਿਜ ਫਤਿਹਗੜ੍ਹ ਸਾਹਿਬ, ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਪਬਲਿਕ ਸਕੂਲ ਫਤਿਹਗੜ੍ਹ ਸਾਹਿਬ, ਵਰਲਡ ਸਿੱਖ ਯੂਨੀਵਰਸਿਟੀ ਆਦਿ ਗੁਰੂ ਘਰਾਂ ਦੀਆਂ ਜਾਇਦਾਦਾਂ ਦੀ ਲੁੱਟ-ਖਸੁੱਟ ਕਰਨ ਦੀ ਕਾਰਵਾਈ ਹੈ। ਜਿਸਦੀ ਸਿੱਖੀ ਇਖਲਾਕ ਬਿਲਕੁਲ ਇਜ਼ਾਜਤ ਨਹੀਂ ਦਿੰਦਾ।
ਸ: ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿੱਚ ਇਹ ਮੰਗ ਕੀਤੀ ਕਿ ਹਿੰਦੋਸਤਾਨ ਦੇ ਵੱਖ ਵੱਖ ਸੂਬਿਆਂ ਵਿੱਚ ਸਥਿਤ ਇਤਿਹਾਸਿਕ ਗੁਰੂ ਘਰਾਂ ਦੇ ਪ੍ਰਬੰਧ ਦੀ ਸੇਵਾ ਸੰਭਾਲ, ਇਤਿਹਾਸਿਕ ਤੱਥਾਂ ਅਤੇ ਯਾਦਗਰਾਂ ਨੂੰ ਰਹਿੰਦੀ ਦੁਨੀਆ ਤੱਕ ਕਾਇਮ ਰੱਖਣ ਹਿੱਤ ਸਮੁੱਚੇ ਗੁਰੂ ਘਰਾਂ ਵਿੱਚ ਇੱਕੋ ਜਿਹੀ ਰਹਿਤ ਮਰਿਯਾਦਾ ਕਾਇਮ ਅਤੇ ਮਨੁੱਖਤਾ ਪੱਖੀ “ਸਰਬੱਤ ਦੇ ਭਲੇ” ਵਾਲੀਆਂ ਨੀਤੀਆਂ ਲਾਗੂ ਕਰਨ ਲਈ ਇਹ ਜ਼ਰੂਰੀ ਬਣ ਗਿਆ ਹੈ ਕਿ ਸੈਟਰ ਸਰਕਾਰ, ਪਾਰਲੀਮੈਂਟ ਵਿੱਚ ਆਲ ਇੰਡੀਆ ਗੁਰਦੁਆਰਾ ਐਕਟ ਦਾ ਤਿਆਰ ਹੋਇਆ ਖਰੜਾ ਰੱਖ ਕੇ ਕਾਨੂੰਨ ਬਣਾਉਣ ਵਿੱਚ ਪਹਿਲ ਕਰੇ। ਰਵਾਇਤੀ ਆਗੂ ਆਪਣੇ ਮਨਾਂ ਵਿੱਚੋਂ ਉਪਰੋਕਤ ਤਿੰਨ ਸਟੇਟਾਂ ਅਤੇ ਇੱਕ ਯੂ ਟੀ ਵਿੱਚ ਆਪਣੀ ਅਜਾਰੇਦਾਰੀ ਕਾਇਮ ਰੱਖਣ ਦੀ ਸਿੱਖ ਵਿਰੋਧੀ ਮੰਦਭਾਵਨਾ ਦਾ ਤਿਆਗ ਕਰਕੇ, ਬਾਦਲ ਦਲੀਆਂ ਨਾਲ ਸੰਬੰਧਿਤ ਸਮੁੱਚੇ ਐਮ ਪੀ ਉਪਰੋਕਤ ਆਲ ਇੰਡੀਆ ਗੁਰਦੁਆਰਾ ਐਕਟ ਨੂੰ ਪਾਸ ਕਰਵਾਉਣ ਵਿੱਚ ਆਪਣੀ ਇਮਾਨਦਾਰੀ ਨਾਲ ਭੂਮਿਕਾ ਨਿਭਾਉਣ ਤਾਂ ਜੋ ਹਿੰਦੋਸਤਾਨ ਵਿੱਚ ਵੱਸਣ ਵਾਲੇ ਸਮੁੱਚੇ ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਪਾਰਦਰਸ਼ਤਾ ਲਿਆਉਣ ਲਈ ਆਪੋ ਆਪਣੇ ਵੋਟ ਹੱਕ ਦੀ ਸਹੀ ਵਰਤੋਂ ਕਰਕੇ ਗੁਰੂ ਸਾਹਿਬਾਨ ਦੀ ਸੋਚ ਨੂੰ ਅਮਲੀ ਰੂਪ ਦੇ ਸਕਣ। ਇਸ ਪ੍ਰਬੰਧ ਵਿੱਚ ਬਾਹਰਲੇ ਮੁਲਕਾਂ ਵਿੱਚ ਬੈਠੀਆਂ ਸਿੱਖ ਸਖਸੀਅਤਾਂ ਨੰ ਇਸ ਪ੍ਰਬੰਧ ਵਿੱਚ ਕੋਆਪਟ ਕਰਨ ਦਾ ਪ੍ਰਬੰਧ ਵੀ ਕੀਤਾ ਜਾਵੇ। ਅਜਿਹਾ ਉੱਦਮ ਕਰਕੇ ਹੀ ਸਿੱਖ ਕੌਮ ਵਿੱਚ ਵੰਡੀਆ ਪਾਉਣ ਵਾਲੀਆਂ ਤਾਕਤਾਂ ਦੀਆਂ ਸਿੱਖ ਵਿਰੋਧੀ ਸ਼ਾਜਿਸਾਂ ਨੂੰ ਅਸਫਲ ਕੀਤਾ ਜਾ ਸਕਦਾ ਹੈ।