ਚਾਰੇ ਕੂਟਾਂ ਸੁੰਨੀਆਂ (ਹੱਡਬੀਤੀਆਂ)

Daddy
ਕਾਂਡ 5

ਸਵੇਰੇ ਅੰਮ੍ਰਿਤ ਵੇਲ਼ੇ ਸਾਡੇ ਨੇੜਲੇ ਗੁਰੂ ਘਰ ਵਿਚ ਗ੍ਰੰਥੀ ਸਿੰਘ ਜਪੁ ਜੀ ਸਾਹਿਬ ਦਾ ਪਾਠ ਕਰ ਰਿਹਾ ਸੀ। ਜਦ ਪਵਿੱਤਰ ਪਾਠ ਤੀਹਵੀਂ ਪੌੜੀ ‘ਤੇ ਪਹੁੰਚਿਆ ਤਾਂ ਪੰਗਤੀ ਆਈ, “ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ।। ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ।। ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ।। ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ।।” ਮੈਂ ਰਜਾਈ ਵਿਚ ਪਿਆ ਸੋਚ ਰਿਹਾ ਸਾਂ ਕਿ ਅਗਰ ਬੰਦੇ ਨੂੰ ਆਪਣੇ ਅਗਲੇ ਜਨਮ ਬਾਰੇ ਜਾਂ ਮਰਨ ਵਾਲ਼ੇ ਦਿਨ ਦਾ ਪਤਾ ਲੱਗ ਜਾਵੇ, ਜਾਂ ਇਹ ਪਤਾ ਲੱਗ ਜਾਵੇ ਕਿ ਮੈਂ ਅਗਲੇ ਜਨਮ ਵਿਚ ਕੀ ਬਣਨਾ ਹੈ ਅਤੇ ਕਿਹੜੀ ਥਾਂ ਜਨਮ ਲੈਣਾ ਹੈ..? ਤਾਂ ਬੰਦਾ ਪਰਲੋਂ ਲਿਆ ਦੇਵੇ…! ਬੰਦਾ ਇਸ ਜਨਮ, ਬੁੜ੍ਹਾਪੇ ਜਾਂ ਆਪਣੇ ਧੀਆਂ-ਪੁੱਤਾਂ ਬਾਰੇ ਸੋਚਣਾ ਬੰਦ ਕਰਕੇ ਆਪਣਾ ‘ਅਗਲਾ’ ਜਨਮ ਸੁਧਾਰਨ ਦੇ ਫਿ਼ਕਰ ਵਿਚ ਲੱਗ ਜਾਵੇ! ਕਿੱਡਾ ਵੱਡਾ ‘ਰਹੱਸ’ ਰੱਖਿਆ ਹੈ ਅਕਾਲ ਪੁਰਖ਼ ਨੇ ਬੰਦੇ ਤੋਂ..! ਨਾਂ ਤਾਂ ਬੰਦੇ ਨੂੰ ਇਹ ਪਤਾ ਹੈ ਕਿ ਮੈਂ ਮਰਨਾ ਕਿਸ ਦਿਨ ਹੈ ਅਤੇ ਨਾ ਹੀ ਇਹ ਪਤਾ ਹੈ ਕਿ ਮੈਂ ਕਿੱਥੇ ਜਾਣਾ ਅਤੇ ਕੀ ਬਣਨਾ ਜਾਂ ਕਿਸ ਜੂਨੀ ਵਿਚ ਪੈਣਾਂ ਹੈ…! …ਅਤੇ ਨਾ ਹੀ ਬੰਦੇ ਨੂੰ ਇਹ ਪਤਾ ਹੈ ਕਿ ਮੈਂ ਜਨਮ ਕਿੱਥੇ ਲੈਣਾ ਹੈ..?

ਲੋਕ ਆਖਦੇ ਹਨ ਕਿ ਸਾਇੰਸ ਤਰੱਕੀ ਕਰ ਗਈ। ਕਰ ਵੀ ਗਈ ਹੈ, ਇਹਦੇ ਵਿਚ ਕੋਈ ਸ਼ੱਕ ਨਹੀਂ! ਪਰ ਜਦ ਸਾਇੰਸਦਾਨ ਰੱਬ ਦੇ ਨੇੜੇ ਪਹੁੰਚਣ ਦੀ ਕੋਸਿ਼ਸ਼ ਕਰਦੇ ਹਨ ਤਾਂ ਉਹ ‘ਸੁਨਾਮੀਂ-ਲਹਿਰਾਂ’ ਵਰਗੀ ਐਸੀ ਤਬਾਹੀ ਲਿਆਉਂਦਾ ਹੈ ਕਿ ਦੁਨੀਆਂ ਦੀ ਸੁੱਧ-ਬੁੱਧ ਹੀ ਮਾਰੀ ਜਾਂਦੀ ਹੈ। ਜਦ ਧਰਤੀ ‘ਤੇ ਡਾਇਨਾਸੋਰ ਹੁੰਦੇ ਸਨ, ਉਸ ਮੌਕੇ ਅਜਿਹੀ ‘ਪਰਲੋਂ’ ਆਈ ਕਿ ਸਭ ਜੀਵ ਜੰਤੂ ਅਤੇ ਜਾਨਵਰ ਖ਼ਤਮ ਹੋ ਗਏ। ਸਾਇੰਸਦਾਨਾਂ ਅਨੁਸਾਰ 65 ਮਿਲੀਅਨ ਸਾਲ ਪਹਿਲਾਂ ਧਰਤੀ ‘ਤੇ ਪਰਲੋਂ ਆਈ ਅਤੇ ਸਾਰਾ ਕੁਝ ਖ਼ਤਮ ਹੋ ਗਿਆ। ਇਹ ਸਾਰੀ ਦੁਨੀਆਂ ਇਕ ਵਾਰ ਫਿ਼ਰ ਤੋਂ ਹੋਂਦ ਵਿਚ ਆਈ। ਕਦੋਂ ਆਈ..? ਇਸ ਬਾਰੇ ਸਾਇੰਸਦਾਨਾਂ ਦੇ ਵੱਖ ਵੱਖ ਵਿਚਾਰ ਹਨ। ਪਰ ਹੁਣ ਤੱਕ ਕਿਸੇ ਨੂੰ ਇਹ ਸਮਝ ਨਹੀਂ ਆਈ ਕਿ ਪਹਿਲਾਂ ਮੁਰਗੀ ਬਣੀਂ ਕਿ ਆਂਡਾ..? ਇਸ ਬਾਰੇ ਘੱਟੋ ਘੱਟ ਮੈਨੂੰ ਪਤਾ ਨਹੀਂ ਅਤੇ ਨਾ ਹੀ ਕੋਈ ਨਿਰਣਾ ਕਰ ਸਕਿਆ ਹਾਂ! ਬੰਦਾ ਬਾਂਦਰ ਤੋਂ ਆਦਮੀਂ ਬਣਿਆਂ ਅਤੇ ਹੁਣ ਆਦਮੀ ਤੋਂ ‘ਕੀ’ ਬਣਦਾ ਜਾ ਰਿਹਾ ਹੈ…? ਕਦੇ ਕਿਸੇ ਨੇ ਇਹ ਹਦਾਇਤ ਨਹੀਂ ਕੀਤੀ, “ਗਧਾ ਬਣਜਾ, ਗਧਾ…!” ਜਾਂ, “ਕੁੱਤਾ ਬਣਜਾ, ਕੁੱਤਾ…!” ਆਦਮੀਂ ਹਮੇਸ਼ਾ ਇਹ ਹੀ ਆਖਦਾ ਹੈ, “ਬੰਦਾ ਬਣਜਾ, ਬੰਦਾ…!” ਪਰ ਬੰਦਾ, ਬੰਦਾ ਬਣਿਆਂ ਕਦੋਂ ਹੈ..? ਇਕ ਵਾਰੀ ਅਸੀਂ ਖੇਤ ਬੈਠੇ। ਗਰਮੀਆਂ ਦੇ ਦਿਨ ਸਨ। ਸਾਡੇ ਕੋਲ਼ ਤਾਇਆ ਸਰਪੈਂਚ ਵੀ ਬੈਠਾ ਸੀ। ਦੋ ਚਿੜੀਆਂ ਲੜਦੀਆਂ ਲੜਦੀਆਂ ਅਤੇ ਗੁੱਥਮ-ਗੁੱਥਾ ਹੁੰਦੀਆਂ ਥੱਲੇ ਸਾਡੇ ਕੋਲ਼ ਆ ਡਿੱਗੀਆਂ। ਤਾਂ ਮੇਰਾ ਤਾਇਆ ਆਖਣ ਲੱਗਿਆ, “ਲੈ ਦੱਸ ਜੱਗਿਆ…! ਇਹਨਾਂ ਨੇ ਕੀ ਜ਼ਮੀਨ ਵੰਡਣੀਂ ਐਂ..? ਸਹੁਰੀਆਂ ਬਾਧੂ ਝਾਟ-ਮਝੀਟੇ ਹੋਈ ਜਾਂਦੀਐਂ..!” ਈਰਖ਼ਾ-ਦਵੈਤ ਇਕੱਲੇ ਬੰਦੇ ਵਿਚ ਹੀ ਨਹੀਂ, ਜਾਨਵਰਾਂ ਵਿਚ ਵੀ ਬਥੇਰੀ ਹੈ! ਬੰਦੇ ਵਿਚ ਤਾਂ ਸਭ ਤੋਂ ਜਿ਼ਆਦਾ ਹੈ। ਮਾਨੁੱਖ ਨੂੰ ਚੁਰਾਸੀ ਲੱਖ ਜੂਨੀਆਂ ਦਾ ‘ਸਰਦਾਰ’ ਆਖਿਆ ਜਾਂਦਾ ਹੈ! ਪਰ ਜਿਤਨਾ ਖ਼ੁਦਗਰਜ਼, ਮਤਲਬੀ ਅਤੇ ਨਿਰਦਈ ਮਾਨੁੱਖ ਹੈ, ਹੋਰ ਕੋਈ ਪੰਛੀ ਜਾਂ ਜਾਨਵਰ ਨਹੀਂ! ਸ਼ੇਰ ਸਿ਼ਕਾਰ ਉਦੋਂ ਕਰਦਾ ਹੈ, ਜਦੋਂ ਉਹ ਭੁੱਖਾ ਹੋਵੇ! ਨਹੀਂ ਤਾਂ ਮਸਤ ਹੋਇਆ ਬੈਠਾ ਰਹਿੰਦਾ ਹੈ! ਬਾਜ਼ ਅੰਬਰੋਂ ਆ ਕੇ ਪੰਛੀ ਜਾਂ ਆਪਣੇ ਸਿ਼ਕਾਰ ‘ਤੇ ਉਦੋਂ ਝਪਟਦਾ ਹੈ, ਜਦੋਂ ਪੇਟ ਸਤਾਉਂਦਾ ਹੋਵੇ ਜਾਂ ਬੱਚੇ ਭੁੱਖੇ ਮਰਦੇ ਹੋਣ! ਪਰ ਬੰਦਾ ਤਾਂ ਅੱਠੋ ਪਹਿਰ ਇਕ ਦੂਜੇ ਨੂੰ ਠਿੱਬੀ ਲਾਉਣ ਅਤੇ ਵਾਰ ਕਰਨ ਲੱਗਿਆ ਮੁੱਖੋਂ ‘ਸੀ’ ਨਹੀਂ ਉਚਾਰਦਾ ਅਤੇ ਨਾਂ ਹੀ ਕਿਸੇ ਜਿ਼ਮੇਵਾਰੀ ਪ੍ਰਤੀ ਤਨੋਂ ਮਨੋਂ ਸੁਚੇਤ ਹੁੰਦਾ ਹੈ! ਇਮਾਨਦਾਰ ਅਤੇ ਜਿ਼ੰਮੇਵਾਰ ਹੋਣ ਦਾ ਢੌਂਗ ਜਿਹਾ ਜ਼ਰੂਰ ਰਚਦਾ ਹੈ!

…ਪਿਛਲੀ ਰਾਤ ਮੈਨੂੰ ਮੇਰੇ ਹਮ-ਜਮਾਤੀ ਕਰਮੇਂ ਨੇ ਦੋ ਗ੍ਰੰਥੀ ਸਿੰਘਾਂ ਦੀ ਗੱਲ ਸੁਣਾਈ। ….ਕਿਸੇ ਦੇ ਘਰ ਸਹਿਜ ਪਾਠ ਦਾ ਪ੍ਰਕਾਸ਼ ਸੀ। ਦੋ ਗ੍ਰੰਥੀ ਸਿੰਘ ਭੋਗ ਵਾਲ਼ੇ ਦਿਨ ਡਿਊਟੀ ਨਿਭਾ ਰਹੇ ਸਨ। ਭੋਗ ਪੈਣ ਵਾਲ਼ੇ ਦਿਨ ਅਰਦਾਸ ਵੇਲ਼ੇ ਗ੍ਰੰਥੀ ਸਿੰਘ ਇਕ ਦੂਜੇ ਨਾਲ਼ ਜਿ਼ਰਾਹ ਕਰ ਰਹੇ ਸਨ, “ਸਿੰਘ ਜੀ ਦੇਗ ਵਿਚ ਸ੍ਰੀ ਸਾਹਿਬ ਤੁਸੀਂ ‘ਭੇਂਟ’ ਕਰੋਂਗੇ ਜਾਂ ਮੈਂ ਕਰਾਂ…?” ਖ਼ੈਰ, ਉਸ ਤੋਂ ਬਾਅਦ ਜਦ ਅਰਦਾਸ ਹੋਣ ਲੱਗੀ ਤਾਂ ਗ੍ਰੰਥੀ ਸਿੰਘ ਨੇ, “ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ।। ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ।।” ਮੁੱਖੋਂ ਉਚਾਰਿਆ ਤਾਂ ਦੂਜਾ ਸਿੰਘ ਦੇਗ ਵਿਚ ਸ੍ਰੀ ਸਾਹਿਬ ਭੇਂਟ ਕਰਨ ਲੱਗਿਆ, ਜਦ ਦੇਗ ਵਾਲ਼ੇ ਬਰਤਨ ਤੋਂ ਕੱਪੜਾ ਚੁੱਕਿਆ ਤਾਂ ਬਰਤਨ ਵਿਚ ਕੜਾਹ ਪ੍ਰਸ਼ਾਦ ਦੀ ਦੇਗ ਹੀ ਨਹੀਂ ਸੀ। ਕਹਿਣ ਦਾ ਭਾਵ ਦੋਨਾਂ ਗ੍ਰੰਥੀ ਸਿੰਘਾਂ ਨੇ ਇਹ ਹੀ ਸਮਝ ਲਿਆ ਕਿ ਦੇਗ ਦੂਸਰੇ ਸਿੰਘ ਨੇ ਤਿਆਰ ਕਰ ਲਈ ਹੋਵੇਗੀ ਅਤੇ ਦੂਜੇ ਸਿੰਘ ਦੇ ਮਨ ਵਿਚ ਵੀ ਇਹ ਹੀ ਗੱਲ ਸੀ..! ਘਰਵਾਲ਼ੇ ਤਾਂ ਜਿ਼ੰਮੇਵਾਰੀ ਗ੍ਰੰਥੀ ਸਿੰਘਾਂ ਨੂੰ ਸੌਂਪ ਕੇ ਬੇਫਿ਼ਕਰ ਹੋਏ ਆਪਣੇ ਕੰਮਾਂ ਕਾਰਾਂ ਵਿਚ ਮਸ਼ਰੂਫ਼ ਸਨ ਅਤੇ ਆਏ ਗਏ ਨੂੰ ਸੰਭਾਲ਼ ਰਹੇ ਸਨ। ਦੇਗ ਦਾ ਸੀਧਾ-ਪੱਤਾ ਉਹਨਾਂ ਨੇ ਗ੍ਰੰਥੀ ਸਿੰਘਾਂ ਨੂੰ ਸਵੇਰੇ ਸਾਝਰੇ ਹੀ ਫੜਾ ਦਿੱਤਾ ਸੀ। ਜਦ ਗ੍ਰੰਥੀ ਸਿੰਘ ਨੂੰ ਦੇਗ ਨਾ ਲੱਭੀ ਤਾਂ ਬਰਫ਼ੀ ਦੇ ਡੱਬੇ ਵਿਚੋਂ ਬਰਫ਼ੀ ਦੇ ਪ੍ਰਸ਼ਾਦ ਦਾ ਭੋਗ ਲੁਆਇਆ। ਮੈਂ ਕਰਮੇਂ ਦੀ ਗੱਲ ਸੁਣ ਕੇ ਸੋਚ ਰਿਹਾ ਸੀ ਕਿ ਜਿੰਨ੍ਹਾਂ ਨੇ ਸ਼ਰਧਾ ਭਾਵਨਾ ਨਾਲ਼ ਸਹਿਜ ਪਾਠ ਪ੍ਰਕਾਸ਼ ਕਰਵਾਇਆ ਸੀ, ਉਹਨਾਂ ਦੀ ਸ਼ਰਧਾ ਅਤੇ ਭਾਵਨਾ ਦਾ ਕੀ ਹੋਇਆ ਹੋਵੇਗਾ…? ਆਪਣੀ ਗ਼ੈਰ-ਜਿ਼ੰਮੇਵਾਰੀ ਵਰਤ ਕੇ ਕੀ ਗ੍ਰੰਥੀ ਸਿੰਘਾਂ ਨੇ ਘਰਵਾਲਿ਼ਆਂ ਦੀ ਸ਼ਰਧਾ ਦਾ ‘ਘਾਣ’ ਨਹੀਂ ਕੀਤਾ…? ਕੀ ਪ੍ਰਬੰਧਕ ਕਮੇਟੀਆਂ ਦਾ ਇਸ ਪ੍ਰਤੀ ਕੋਈ ਫ਼ਰਜ਼ ਜਾਂ ਜਿ਼ੰਮੇਵਾਰੀ ਨਹੀਂ ਰਹਿ ਜਾਂਦੀ…? ਕੀ ਅਸੀਂ ਸੰਗਤਾਂ ਵੱਲੋਂ ਮੱਥਾ ਟੇਕੀਆਂ ਜਾਣ ਵਾਲ਼ੀਆਂ ਭੇਟਾਵਾਂ ਦੀ ਆਸ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਾਂ…? ਕੀ ਅਸੀਂ ਆਖੰਡ ਪਾਠਾਂ ਜਾਂ ਸਹਿਜ ਪਾਠਾਂ ਵੇਲ਼ੇ ਗੁਰੂ ਮਰਿਆਦਾ ਜਾਂ ਆਪਣੀ ਅਹਿਮ ਜਿ਼ੰਮੇਵਾਰੀ ਬਾਰੇ ਵੀ ਕਦੇ ਖਿ਼ਆਲ ਕੀਤਾ ਹੈ…? ਕੀ ਅਸੀਂ ਕਦੇ ਸੋਚਿਆ ਹੈ ਕਿ ਸਾਡੇ ਇਕ ‘ਬਚਨ’ ਨਾਲ਼ ਆਖੰਡ ਪਾਠ ਜਾਂ ਸਹਿਜ ਪਾਠ ਪ੍ਰਕਾਸ਼ ਕਰਵਾਉਣ ਵਾਲ਼ੇ ਸ਼ਰਧਾਲੂ ਪ੍ਰੀਵਾਰ ਦੀ ਸ਼ਰਧਾ ਦੀਆਂ ਖਲਪਾੜਾਂ ਹੋ ਸਕਦੀਆਂ ਹਨ…? ਜੇ ਅਸੀਂ ਆਪਣੀ ਮਤਲਬ-ਪ੍ਰਸਤੀ ਅਤੇ ਖ਼ੁਦਗਰਜ਼ੀ ਛੱਡ ਕੇ ਸ਼ਰਧਾਲੂ ਪ੍ਰੀਵਾਰ ਦੀ ਸ਼ਰਧਾ ਨੂੰ ਸਮਰਪਤ ਹੋ ਜਾਈਏ ਤਾਂ ਗੁਰੂ ਵੀ ਸਾਡੇ ਉਪਰ ਦਇਆਲ ਕਿਰਪਾਲੂ ਹੋਵੇਗਾ ਅਤੇ ਸ਼ਰਧਾਲੂਆਂ ਦੀ ਸ਼ਰਧਾ ਅਤੇ ਦ੍ਰਿੜਤਾ ਵੀ ਪ੍ਰਪੱਕ ਹੋਵੇਗੀ!

ਵਿਆਨਾ ਵਿਖੇ ਇਕ ਵਾਰ ਸੰਤ ਹਰਦੇਵ ਸਿੰਘ ਲੂਲੋਂ ਵਾਲਿ਼ਆਂ ਦੀ ਕਥਾ ਸੁਣੀਂ ਸੀ। ਉਹਨਾਂ ਨੇ ਆਖਿਆ ਸੀ, “ਪਸ਼ੂਆਂ ਜਾਂ ਜਾਨਵਰਾਂ ਦਾ ਸਿਧਾਂਤ ਮਾਨੁੱਖ ਨਾਲ਼ੋਂ ਕਿਤੇ ਦ੍ਰਿੜ ਅਤੇ ਪ੍ਰਪੱਕ ਹੈ..! ਘੁੱਗੀ ਭੁੱਖੀ ਮਰ ਜਾਵੇਗੀ, ਦਾਣਾ ਹੀ ਚੁਗੇਗੀ, ਪਰ ਜੀਵ ਜੰਤ ਨਹੀਂ ਖਾਵੇਗੀ..! ਗਊ ਭੁੱਖੀ ਮਰ ਜਾਵੇਗੀ, ਪਰ ਮਾਸ ਨੂੰ ਮੂੰਹ ਨਹੀਂ ਲਾਵੇਗੀ..! ਸ਼ੇਰ ਅੱਗੇ ਚਾਹੇ ਕੜਾਹ ਪ੍ਰਸ਼ਾਦ ਦੀ ਦੇਗ ਰੱਖ ਦਿਓ, ਕਦੇ ਨਹੀਂ ਖਾਵੇਗਾ, ਉਸ ਦੀ ਖ਼ੁਰਾਕ ਮਾਸ ਹੀ ਹੈ..! ਕੁੱਤੇ ਅੱਗੇ ਮੀਟ ਸੁੱਟ ਦਿਓ, ਚਾਹੇ ਰੋਟੀ, ਉਹ ਦੋਨੋਂ ਚੀਜ਼ਾਂ ਹੀ ਖਾ ਲੈਂਦਾ ਹੈ, ਪਰ ਮੱਛੀ ਜਾਂ ਘਾਹ-ਫ਼ੂਸ ਨਹੀਂ ਖਾਂਦਾ…! ਪਰ ਬੰਦੇ ਮੂਹਰੇ ਚਾਹੇ ਮੀਟ ਸੁੱਟ ਦਿਓ ਤੇ ਚਾਹੇ ਮੱਛੀ, ਚਾਹੇ ਸਲਾਦ ਰੱਖ ਦਿਓ, ਚਾਹੇ ਆਂਡਾ, ਸਭ ਚੀਜ਼ਾਂ ਹੀ ‘ਪ੍ਰਵਾਨ’ ਕਰ ਲੈਂਦਾ ਹੈ, ਗੱਜ ਕੇ ਆਖੋ ਸਤਿਨਾਮ…ਸ੍ਰੀ ਵਾਹਿਗੁਰੂ…!”

ਮੈਂ ਕਦੇ ਕਦੇ ਸੋਚਦਾ ਹੁੰਦਾ ਹਾਂ ਕਿ ਸਾਡੇ ਵੱਲੋਂ ਕੋਈ ‘ਮੈਰਿਜ ਪੈਲੇਸ’ ਵਿਚ ਵਿਆਹ ਕਰੀ ਜਾਵੇ ਅਤੇ ਚਾਹੇ ‘ਆਰਕੈਸਟਰਾ’ ਲੁਆਈ ਜਾਵੇ, ਅਸੀਂ ਕਦੇ ਗਿ਼ਲਾ ਨਹੀਂ ਕੀਤਾ। ਚਾਹੇ ਸਟੇਜ਼ ‘ਤੇ ਅਰਧ-ਨਗਨ ਕੁੜੀਆਂ ਨੱਚੀ ਜਾਣ ਅਤੇ ਚਾਹੇ ਕੋਈ ਗਾਇਕ, “ਨਾਲ਼ੋਂ ਜਾ ਕੇ ਨਾਇਣ ਚੱਕ ਲਈ….ਮੈਂ ਤਾਂ ਸੋਚਿਆ ਪਟੋਲ੍ਹਾ ਹੱਥ ਆ ਗਿਆ…!” ਗਾਈ ਜਾਵੇ, ਅਸੀਂ ਕਦੇ ‘ਪ੍ਰਵਾਹ’ ਨਹੀਂ ਮੰਨੀਂ। ਪਰ ਜੇ ਕੋਈ ਬੰਦਾ ਕਿਸੇ ‘ਬਾਹਰਲੇ’ ਜੱਥੇ ਤੋਂ ਸ੍ਰੀ ਆਖੰਡ ਪਾਠ ਪ੍ਰਕਾਸ਼ ਕਰਵਾਉਂਦੈ ਤਾਂ ਅਸੀਂ ਟੀਕਾ ਟਿੱਪਣੀਂ ਕਰਨੋਂ ਵੀ ਸੰਕੋਚ ਨਹੀਂ ਕਰਦੇ ਅਤੇ ਅਗਲੇ ਦਾ ਗਲ਼ਾ ਘੁੱਟਣ ਤੱਕ ਜਾਂਦੇ ਹਾਂ..! ਪਵਿੱਤਰ ਗੁਰਬਾਣੀਂ ਅਨੁਸਾਰ, “ਰਹਤ ਅਵਰ ਕਛੁ ਅਵਰ ਕਮਾਵਤ।। ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ।।” ਅਤੇ “ਕੂੜੁ ਬੋਲਿ ਮੁਰਦਾਰੁ ਖਾਇ।। ਅਵਰੀ ਨੋ ਸਮਝਾਵਣਿ ਜਾਇ।।” ਵਾਂਗ ਅਸੀਂ ਦੂਜਿਆਂ ਨੂੰ ਬਹੁਤ ਸਮਝੌਤੀਆਂ ਦਿੰਦੇ ਹਾਂ! ਪਰ ਖ਼ੁਦ ਆਪ ਕਦੇ ਨਹੀਂ ਸੰਭਲ਼ਦੇ! ਇਕ ਜਾਂ ਦੋ ਬੰਦਿਆਂ ਨੂੰ ਖ਼ੁਸ਼ ਜਾਂ ਸੰਤੁਸ਼ਟ ਕਰਨ ਲਈ ਅਸੀਂ ਪੈਂਤੀ ਬੰਦਿਆਂ ਦਾ ਦਿਲ ਦੁਖਾ ਸਕਦੇ ਹਾਂ! ਇਹ ਸਾਡੀ ਕਿੱਧਰਲੀ ਦਿਆਨਤਦਾਰੀ ਹੈ?

ਅਗਲੇ ਦਿਨ ਸਾਝਰੇ ਹੀ ਬਾਈ ਅਮਰ ਸਿੰਘ ਭੁੱਲਰ ਦਾ ਚੰਡੀਗੜ੍ਹ ਤੋਂ ਭੇਜਿਆ ਮੁੰਡਾ ਮੈਨੂੰ ਪੱਚੀ ਹਜ਼ਾਰ ਰੁਪਏ ਫੜਾ ਗਿਆ। ਮੈਂ ਉਸ ਨੂੰ ਬਥੇਰੀ ਨਾਂਹ-ਨੁੱਕਰ ਕੀਤੀ। ਪਰ ਉਸ ਨੇ ਮੈਨੂੰ ਇੱਕੋ ਗੱਲ ਨਾਲ਼ ਹੀ ਨਿਰੁੱਤਰ ਕਰ ਦਿੱਤਾ, “ਮੈਨੂੰ ਕੈਨੇਡਾ ਤੋਂ ਭੁੱਲਰ ਸਾਹਿਬ ਦਾ ਸਖ਼ਤ ਹੁਕਮ ਸੀ ਜੀ ਕਿ ਸਵੇਰੇ ਭੋਗ ਪੈਣ ਤੋਂ ਪਹਿਲਾਂ ਪੱਚੀ ਹਜ਼ਾਰ ਰੁਪਏ ਜੱਗੀ ਕੁੱਸਾ ਨੂੰ ਪਿੰਡ ਪਹੁੰਚਾਉਣੇਂ ਨੇ, ਸੋ ਮੈਂ ਤਾਂ ਹੁਕਮ ਦਾ ਬੰਦੈਂ ਜੀ…!” ਉਸ ਨੇ ਇਕ ਤਰ੍ਹਾਂ ਨਾਲ਼ ਮੱਲੋਮੱਲੀ ਪੱਚੀ ਹਜ਼ਾਰ ਰੁਪਏ ਮੇਰੇ ਹੱਥ ਥੰਮ੍ਹਾ ਦਿੱਤੇ ਅਤੇ ਚਾਹ ਪੀ ਕੇ ਫਿ਼ਰ ਚੰਡੀਗੜ੍ਹ ਨੂੰ ਰਵਾਨਾ ਹੋ ਗਿਆ। ‘ਪ੍ਰੈਸ’ ਵਾਲ਼ੇ ਸਵੇਰ ਦੇ ਹੀ ਪਹੁੰਚੇ ਹੋਏ ਸਨ। ਮੇਰਾ ਪ੍ਰਮ-ਮਿੱਤਰ ਅਤੇ ‘ਜੱਗਬਾਣੀਂ’ ਅਤੇ ‘ਪੰਜਾਬੀ ਟ੍ਰਿਬਿਊਨ’ ਦਾ ਪੱਤਰਕਾਰ ਰਣਜੀਤ ਬਾਵਾ, ‘ਅਜੀਤ’ ਦਾ ਪੱਤਰਕਾਰ ਮਨਜੀਤ ਬਿਲਾਸਪੁਰ, ਜਗਸੀਰ ਸ਼ਰਮਾਂ ਅਤੇ ‘ਮੀਡੀਆ ਪੰਜਾਬ’ ਅਤੇ ਰੋਜ਼ਾਨਾ ਸਪੋਕਸਮੈਨ’ ਦਾ ਪੱਤਰਕਾਰ ਸੁਖਜੀਵਨ ਕੁੱਸਾ ਮੇਰੇ ਕੋਲ਼ ਬੈਠੇ ਵੱਖ ਵੱਖ ਵਿਸਿ਼ਆਂ ‘ਤੇ ਗੱਲ-ਬਾਤ ਕਰ ਰਹੇ ਸਨ। ਰਿਸ਼ਤੇਦਾਰ ਅਤੇ ਦੋਸਤ-ਮਿੱਤਰ ਆਉਣੇਂ ਸ਼ੁਰੂ ਹੋ ਗਏ ਸਨ। ਨਾਵਲਕਾਰ ਰਣਜੀਤ ਚੱਕ ਤਾਰੇਵਾਲ਼, ਗੀਤਕਾਰ ਗੋਲੂ ਕਾਲ਼ੇ ਕੇ ਅਤੇ ਟੈਲੀ ਐਕਟਰ ਮਨਿੰਦਰ ਮੋਗਾ ਅਤੇ ਚਾਚਾ ਮੋਹਣ ਆਉਣ ਵਾਲ਼ੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਲੰਗਰ-ਪਾਣੀ ਛਕਣ ਲਈ ਭਾਬੀ ਮਨਜੀਤ ਦੇ ਘਰ ਵੱਲ ਨੂੰ ਤੋਰ ਰਹੇ ਸਨ। ਖਾਣ-ਪੀਣ ਦਾ ਪ੍ਰਬੰਧ ਭਾਬੀ ਮਨਜੀਤ ਦੇ ਘਰ ਹੀ ਕੀਤਾ ਹੋਇਆ ਸੀ। ਨੌਵੇਂ ਪਾਤਿਸ਼ਾਹ ਦੇ ਸਲੋਕ ਪੜ੍ਹੇ ਜਾ ਰਹੇ ਸਨ, “ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ।। ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ।।”

ਭੋਗ ਪੈਣ ਵੇਲ਼ੇ ਲਾਈਟ ਚਲੀ ਗਈ। ਅਸੀਂ ਸੋਚਿਆ ਕਿ ਜੇ ‘ਜਰਨੇਟਰ’ ਚਲਾਇਆ ਤਾਂ ਇੰਜਣ ਦਾ ਖੜਕਾ ਹੋੇਵੇਗਾ ਅਤੇ ਪਾਠ ਕਰਦੇ ਗ੍ਰੰਥੀ ਸਿੰਘਾਂ ਦਾ ਮਨ ਖੰਡਨ ਹੋਵੇਗਾ। ਅਸੀਂ ਸਕੀਮ ਬਣਾ ਕੇ ਜਰਨੇਟਰ ਗੇਟੋਂ ਬਾਹਰ ਕੱਢ ਲਿਆ ਕਿ ਇਸ ਨੂੰ ਬਾਹਰ ਕੱਢ ਕੇ ਚਲਾ ਲਿਆ ਜਾਵੇ। ਪਰ ਉਦੋਂ ਨੂੰ ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਪ੍ਰੀਤਮ ਸਿੰਘ ਕੁੱਸਾ ਆ ਗਿਆ। ਚੇਅਰਮੈਨ ਨੇ ਬਿਜਲੀ ਵਾਲਿ਼ਆਂ ਨੂੰ ਬੇਨਤੀ ਕਰ ਦਿੱਤੀ ਕਿ ਅੱਜ ਸਾਡੇ ਚਾਚੇ ਦਾ ਭੋਗ ਹੈ, ਲਾਈਟ ਬੰਦ ਨਾ ਕੀਤੀ ਜਾਵੇ! ਘੱਟੋ ਘੱਟ ਭੋਗ ਪੈਣ ਤੱਕ ਛੱਡ ਦਿੱਤੀ ਜਾਵੇ! ਚੇਅਰਮੈਨ ਦੇ ਇਕ ਫ਼ੋਨ ‘ਤੇ ਹੀ ਤੁਰੰਤ ਲਾਈਟ ਫਿ਼ਰ ਆ ਗਈ ਅਤੇ ਫਿ਼ਰ ਸਾਰੀ ਦਿਹਾੜੀ ਨਹੀਂ ਗਈ। ਸਿਆਸੀ ਪਾਰਟੀਆਂ ਦੇ ਕਾਰਕੁੰਨ ਅਤੇ ਸਾਹਿਤਕ ਬੰਦੇ ਵੀ ਪਹੁੰਚ ਚੁੱਕੇ ਸਨ। ਸਾਡੇ ਇਲਾਕੇ ਦਾ ਐਮ. ਐਲ. ਏ. ਅਜੀਤ ਸਿੰਘ ਸ਼ਾਂਤ ‘ਟਾਈਫ਼ਾਈਡ’ ਹੋਣ ਦੇ ਬਾਵਜੂਦ ਵੀ ਬਾਪੂ ਦੇ ਭੋਗ ‘ਤੇ ਪੁੱਜਿਆ। ਇੰਗਲੈਂਡ ਦੇ ਦੋ ਗਾਇਕ ਅਤੇ ਮੇਰੇ ਹਮਦਰਦ ਦੋਸਤ ਸਿਕੰਦਰ ਬਰਾੜ ਅਤੇ ਜੱਸਾ ਮਾਨ ਵੀ ਭੋਗ ਤੋਂ ਪਹਿਲਾਂ ਹੀ ਪੁੱਜ ਗਏ ਸਨ। ਕਾਮਰੇਡ ਜਗਤ ਬਾਬੂ ਮਾਮਾ ਜੀ ਥੋੜ੍ਹਾ ਲੇਟ ਪਹੁੰਚੇ। ਉਹਨਾਂ ਕੋਲ਼ ਉਹਨਾਂ ਦਾ ਡਰਾਈਵਰ ਹੀ ਲੇਟ ਪੁੱਜਿਆ ਸੀ। ਦੁਪਿਹਰ ਦੇ ਇਕ ਕੁ ਵਜੇ ਭੋਗ ਪੈ ਗਿਆ। ਨਥਾਣੇਂ ਵਾਲ਼ੇ ਮਾਮਾ ਜੀ, ਗਾਇਕ ਗੁਰਦੀਪ ਕੁੱਸਾ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਸਿਰੜੀ ਆਗੂ ਜਗਦੀਪ ਸਿੰਘ ਫ਼ਰੀਦਕੋਟ ਨੇ ਬਾਪੂ ਜੀ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ। ਐਮ. ਐਲ. ਏ. ਅਜੀਤ ਸਿੰਘ ਸ਼ਾਂਤ ‘ਟਾਈਫ਼ਾਈਡ’ ਹੋਣ ਕਾਰਨ ਬੋਲ ਨਹੀਂ ਸਕੇ! ਸਿਮਰਨਜੀਤ ਸਿੰਘ ਮਾਨ ਰੁਝੇਵੇਂ ਕਾਰਨ ਪੁੱਜ ਨਹੀਂ ਸਕੇ। ਪਰ ਉਹਨਾਂ ਦਾ ਫ਼ੋਨ ਜ਼ਰੂਰ ਆ ਗਿਆ ਸੀ। ਗਾਇਕ ਗਿੱਲ ਹਰਦੀਪ ਅਤੇ ਗੀਤਕਾਰ ਮੱਖਣ ਬਰਾੜ ਵੀ ਕਿਸੇ ਖ਼ਾਸ ਕਾਰਨ ਕਰਕੇ ਭੋਗ ‘ਤੇ ਨਹੀਂ ਆ ਸਕੇ। ਲੋਕ ਭਲਾਈ ਪਾਰਟੀ ਦੇ ਪ੍ਰਧਾਨ ਬਾਈ ਬਲਵੰਤ ਸਿੰਘ ਰਾਮੂਵਾਲ਼ੀਆ ਦੀ ਕਿਤੇ ਰੈਲੀ ਸੀ, ਇਸ ਲਈ ਉਹ ਵੀ ਨਹੀਂ ਆਏ! ਫ਼ੋਨ ‘ਤੇ ਉਹਨਾਂ ਨਾਲ਼ ਕਈ ਵਾਰ ਗੱਲ ਹੋਈ..!

ਭੋਗ ਤੋਂ ਬਾਅਦ ਮੇਰੇ ਸਹੁਰਾ ਸਾਹਿਬ ਨੇ ਦਸਤਾਰ ਦੀ ਰਸਮ ਪੂਰੀ ਕੀਤੀ।

ਸ਼ਾਮ ਨੂੰ ਇਟਲੀ ਤੋਂ ਤਾਰ ਚੀਮਿਆਂ ਵਾਲ਼ੇ ਦਾ ਫ਼ੋਨ ਆ ਗਿਆ। ਉਹ ਫ਼ੋਨ ‘ਤੇ ਉਚੀ-ਉਚੀ ਰੋ ਰਿਹਾ ਸੀ ਅਤੇ ਮੇਰੇ ਨਾਲ਼ ਗਿ਼ਲਾ ਕਰ ਰਿਹਾ ਸੀ ਕਿ ਮੈਂ ਉਸ ਨੂੰ ਬਜ਼ੁਰਗ ਦੇ ਅਕਾਲ ਚਲਾਣੇਂ ਬਾਰੇ ਫ਼ੋਨ ਕਿਉਂ ਨਹੀਂ ਕੀਤਾ..? ਵੈਸੇ ਤਾਰ ਦੇ ਮਾਤਾ ਜੀ ਅਤੇ ਮੇਰੇ ਭੂਆ ਜੀ ਭੋਗ ‘ਤੇ ਆ ਗਏ ਸਨ। ਤਾਰ ਬਚਪਨ ਵਿਚ ਇਕ ਤਰ੍ਹਾਂ ਨਾਲ਼ ਨਾਨਕੀਂ ਹੀ ਪਲਿ਼ਆ ਸੀ। ਉਸ ਦੇ ਸਾਡੇ ਪਿੰਡ ਨਾਨਕੇ ਹਨ। ਪਿੰਡ ਉਸ ਦਾ ਕਮਾਲਪੁਰੇ ਕੋਲ਼ ਚੀਮਾਂ ਹੈ। ਉਹ ਆਪਦੇ ਨਾਨਕੀਂ ਘਰੇ ਘੱਟ ਅਤੇ ਸਾਡੇ ਘਰ ਜਿ਼ਆਦਾ ਰਹਿੰਦਾ ਸੀ। ਉਹ ਇਕ ਤਰ੍ਹਾਂ ਨਾਲ਼ ਮੇਰੇ ਮਾਂ-ਬਾਪ ਕੋਲ਼ ਹੀ ਤਾਂ ਪਲਿ਼ਆ ਸੀ। ਉਸ ਦਾ ਇਹ ਗਿ਼ਲਾ ਵੀ ਜਾਇਜ਼ ਸੀ। ਮੈਂ ਉਸ ਨੂੰ ਮਜਬੁੂਰੀ ਦੱਸ ਦਿੱਤੀ ਅਤੇ ਮੁਆਫ਼ੀ ਮੰਗ ਲਈ। ਉਸ ਨਾਲ਼ ਮੇਰੀ ਬੜੀ ਯਾਰੀ ਰਹੀ ਹੈ ਅਤੇ ਅੱਜ ਵੀ ਹੈ! ਸਾਡਾ ਸਕਿਆਂ ਭਰਾਵਾਂ ਨਾਲ਼ੋਂ ਵੱਧ ਪ੍ਰੇਮ ਹੈ! ਗ਼ਮਗੀਨ ਗੱਲਾਂ ਤਾਂ ਬਹੁਤ ਹੋ ਗਈਆਂ ਹੁਣ ਮੇਰਾ ਅਤੇ ਤਾਰ ਦਾ ਇਕ ਹਾਸੇ ਵਾਲ਼ਾ ‘ਕਿੱਸਾ’ ਵੀ ਸੁਣਦੇ ਜਾਓ! ਫ਼ਰਕ ਸਿਰਫ਼ ਇਤਨਾ ਹੈ ਕਿ ਹੁਣ ਉਹ ਚੀਮਿਆਂ ਵਾਲ਼ਾ ਤਾਰ ਨਹੀਂ, ਹੁਣ ਉਹ ਅਵਤਾਰ ਸਿੰਘ ਸਿੱਧੂ ਵੱਜਦਾ ਹੈ!

….ਇਕ ਵਾਰ ਮੈਂ ਅਤੇ ਤਾਰ ਤਖ਼ਤੂਪੁਰੇ ਦੇ ਮਾਘੀ ਮੇਲੇ ਚਲੇ ਗਏ। ਅਸੀਂ ਬਾਪੂ (ਦਾਦੇ) ਨਾਲ਼ ਜਾਂ ਕਿਸੇ ਰਿਸ਼ਤੇਦਾਰ ਨਾਲ਼ ਮੇਲੇ ਨਹੀਂ ਸੀ ਜਾਂਦੇ। ਕਾਰਨ ਇਹ ਸੀ ਕਿ ਅਸੀਂ ਤਾਂ ਮੇਲਾ ਮੁਡੀਹਰ ਵਾਲ਼ਾ ਦੇਖਣਾ ਹੁੰਦਾ ਸੀ। ਪਰ ਬਾਪੂ ਸਾਨੂੰ ਕਵੀਸ਼ਰਾਂ ਕੋਲ਼ ਹੀ ‘ਬੰਨ੍ਹ’ ਕੇ ਬਿਠਾ ਲੈਂਦਾ ਸੀ। ਜਿੰਨਾਂ ਚਿਰ ਮੈਂ ‘ਨਿਆਣਾਂ’ ਜਿਹਾ ਰਿਹਾ, ਮੇਲੇ ਬਾਪੂ ਨਾਲ਼ ਹੀ ਜਾਂਦਾ ਰਿਹਾ ਅਤੇ ਜਦ ਮੈਂ ਸੁਰਤ ਸੰਭਾਲ਼ ਲਈ ਅਤੇ ਗੁਰੂ ਨਾਨਕ ਖ਼ਾਲਸਾ ਹਾਈ ਸਕੂਲ ਤਖ਼ਤੂਪੁਰਾ ਦਾ ਵਿਦਿਆਰਥੀ ਬਣ ਗਿਆ ਤਾਂ ਮੈਂ ਮੇਲੇ ਆਪਣੇ ਯਾਰਾਂ ਮਿੱਤਰਾਂ ਨਾਲ਼ ਜਾਣਾ ਸ਼ੁਰੂ ਕਰ ਦਿੱਤਾ। ਹੁਣ ਬਾਪੂ ਨਾਲ਼ ਮੇਲੇ ਜਾਂਦੇ ਨੂੰ ਮੈਨੂੰ ‘ਸੰਗ’ ਜਿਹੀ ਆਉਂਦੀ ਕਿ ਮੇਰੇ ਨਾਲ਼ ਪੜ੍ਹਦੇ ਮੁੰਡੇ ਕੁੜੀਆਂ ਕੀ ਆਖਣਗੇ…?

…ਖ਼ੈਰ ਮੈਂ ਅਤੇ ਤਾਰ ਮੇਲੇ ਵਿਚ ਪਹੁੰਚ ਗਏ। ਮਾਘੀ ਮੇਲਾ ਪੂਰਾ ਭਰਿਆ ਹੋਇਆ ਸੀ। ਗਹਿਮਾਂ ਗਹਿਮੀਂ ਸੀ। ਰੰਗੀਲੀ ਦੁਨੀਆਂ ਦੇਖ ਬੰਦੇ ਦਾ ਮਨ ਵੈਸੇ ਹੀ ਖਿੜ ਜਾਂਦਾ ਹੈ! ਅਸੀਂ ਸਭ ਤੋਂ ਪਹਿਲਾਂ ਸਾਰੇ ਗੁਰਦੁਆਰਿਆਂ ਵਿਚ ਮੱਥਾ ਟੇਕਿਆ। ਛੇ ਫ਼ੁੱਟੀ ਕੰਧ ‘ਤੇ ਚੜ੍ਹ ਕੇ ਸਰੋਵਰ ਵਿਚ ਛਾਲ਼ਾਂ ਵੀ ਮਾਰੀਆਂ ਅਤੇ ਤਾਰੀਆਂ ਵੀ ਲਾਈਆਂ। ਤਖ਼ਤੂਪੁਰਾ ਦੀ ਧਰਤੀ ਇਤਨੀ ਭਾਗਾਂ ਵਾਲ਼ੀ ਧਰਤੀ ਹੈ ਕਿ ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਅਤੇ ਦਸਵੇਂ ਪਾਤਿਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਰਨ ਪਾਏ ਹਨ! ਇਸੇ ਪਵਿੱਤਰ ਧਰਤੀ ‘ਤੇ ਮੈਂ ਪੰਜ ਸਾਲ ਦਸਵੀਂ ਤੱਕ ਪੜ੍ਹਿਆ ਹਾਂ, ਗੁਰਬਾਣੀਂ ਦਾ ਅਧਿਐਨ ਕੀਤਾ ਅਤੇ ਗੁਰ-ਇਤਿਹਾਸ ਤੋਂ ਲੈ ਕੇ ਸਿੱਖ-ਇਤਿਹਾਸ ਤੱਕ ਦੀ ਸੰਥਿਆ ਲਈ ਹੈ! ਸਾਡੇ ਮੁੱਖ ਅਧਿਆਪਕ ਸਰਦਾਰ ਪੂਰਨ ਸਿੰਘ ਬੜੇ ਚੜ੍ਹਦੀ ਕਲਾ ਵਾਲ਼ੇ ਅਧਿਆਪਕ ਸਨ।

ਅਸੀਂ ਮੇਲਾ ਦੇਖਣ ਅਤੇ ਖਾਣ ਪੀਣ ਤੋਂ ਬਾਅਦ ਚੰਡੋਲ ਕੋਲ਼ ਆ ਗਏ। ਪੱਗਾਂ ਅਸੀਂ ਬੜੀਆਂ ਠੋਕ ਕੇ ਜਾਂ ਕਹੋ ਜਿ਼ਦ ਕੇ ਬੰਨ੍ਹਦੇ ਹੁੰਦੇ ਸੀ। ਚੰਡੋਲ ਕੋਲ਼ ਖੜ੍ਹੀਆਂ ਕੁਝ ਕੁ ਮਜ੍ਹਬੀ ਸਿੱਖਾਂ ਦੀਆਂ ਔਰਤਾਂ ਨੇ ਸਾਡੀਆਂ ਚਿਣ ਕੇ ਬੰਨ੍ਹੀਆਂ ਪੱਗਾਂ ਵੱਲ ਦੇਖ ਕੇ ਟਿੱਚਰਾਂ ਮਛਕਰੀਆਂ ਜਿਹੀਆਂ ਕਰਨੀਆਂ ਅਤੇ ਸਾਡੇ ਵਿਚ ਦੀ ਗੁੱਝੀਆਂ ਗੱਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਪਰ ਅਸੀਂ ਉਹਨਾਂ ਔਰਤਾਂ ਨੂੰ ਜਾਣਦੇ ਨਹੀਂ ਸਾਂ ਕਿ ਇਹ ਕਿਸ ਪਿੰਡ ਦੀਆਂ ਹਨ…? ਜੁਆਨੀ ਵੇਲ਼ੇ ਮੇਲੇ ‘ਚ ਜਾ ਕੇ ਹਰ ਕੋਈ ‘ਮੱਛਰ’ ਜਾਂਦਾ ਹੈ! ਜੁਆਨੀਂ ਵੇਲ਼ੇ ਤਾਂ ਗਧੀ ਦਾ ਬੱਚਾ ਹੀ ‘ਮਾਣ’ ਨਹੀਂ ਹੁੰਦਾ, ਪੂਛ ਮਰੋੜ ਕੇ ਭੱਜਦੈ..! ਪਿੱਛੋਂ ਚਾਹੇ ਚਾਰ ਮਣ ਭਾਰ ਚੁੱਕਣ ਵੇਲ਼ੇ ਕੰਗਰੋੜ ਸਿੱਧੀ ਨਾ ਹੋਵੇ!

-”ਦੇਖ ਨ੍ਹੀ ਨ੍ਹਾਭੀ ਪੱਗ ਵਾਲ਼ੇ ਦੇ ਆਨੇਂ ਕਿਹੋ ਜੇ ਐ…!” ਇਕ ਨੇ ਮੇਰੇ ਵੱਲ ਝਾਕ ਕੇ ਗੱਲ ਰੜਕਾਈ।

-”ਲੀਲੀ ਪੱਗ ਆਲ਼ੇ ਦਾ ਝੱਗਾ ਬੁਖ਼ਾਰ ਮਾਂਗੂੰ ਚੜ੍ਹਿਆ ਪਿਐ..!” ਦੂਜੀ ਬੋਲੀ।

-”ਤਾਰ…!” ਮੈਂ ਅਵਤਾਰ ਨੂੰ ‘ਤਾਰ’ ਹੀ ਆਖਦਾ ਸੀ।

-”ਹਾਂ…?”

-”ਇਹ ਅੱਜ ਚੰਡੋਲ ‘ਤੇ ਚੜ੍ਹਨ ਦਾ ਪੰਗਾ ਜ਼ਰੂਰ ਲੈਣਗੀਆਂ ਤੇ ਆਪਾਂ ਇਹਨਾਂ ਦੇ ਮਛਕੂਲੇ ਲਾਜ਼ਮੀਂ ਦੇਖਣੇਂ ਐਂ…!” ਮੈਂ ਕਿਹਾ।

-”ਕੋਈ ਗੱਲ ਨ੍ਹੀ..! ਜਦੋਂ ਇਹ ਚੜ੍ਹਨ ਲੱਗੀਆਂ, ਨਾਲ਼ ਈ ਆਪਾਂ ਮੋਰਚਾ ਮਾਰ ਦਿਆਂਗੇ…!” ਤਾਰ ਨੇ ਵੀ ਹਾਂਮ੍ਹੀਂ ਭਰ ਦਿੱਤੀ। ਅਸੀਂ ਇਕ ਦੂਜੇ ਦੀ ਗੱਲ ਘੱਟ ਹੀ ਮੋੜਦੇ ਸਾਂ। ਖ਼ਾਸ ਤੌਰ ‘ਤੇ ਜੇ ਗੱਲ ਘਤਿੱਤ ਵਾਲ਼ੀ ਹੁੰਦੀ!

ਖ਼ੈਰ ਉਹ ਪੰਜ-ਛੇ ਜਾਣੀਆਂ ਸਨ ਅਤੇ ਕਰਦੀਆਂ ਕਰਾਉਂਦੀਆਂ ਨੇ ਉਹਨਾਂ ਨੇ ਪੈਸੇ ਦੇ ਦਿੱਤੇ ਅਤੇ ‘ਗਰਨ’ ਦੇਣੇਂ ਚੰਡੋਲ ‘ਤੇ ਜਾ ਚੜ੍ਹੀਆਂ। ਅਸੀਂ ਵੀ ਰੁਕ ਜਿਹਾ ਦੇਖ ਕੇ ਪੈਸੇ ਦੇ ਕੇ ਚੰਡੋਲ ‘ਤੇ ਜਾ ਬੈਠੇ! ਚੰਡੋਲ ਵਾਲ਼ੇ ‘ਬੱਈਆ ਜੀ’ ਨੇ ਸਾਰਿਆਂ ਦੇ ਅੱਗੇ ਲੱਗੇ ‘ਲੌਕ’ ਨਿਰਖ਼ੇ ਅਤੇ ਚੰਡੋਲ ਚਲਾ ਦਿੱਤੀ। ਜਦੋਂ ਚੰਡੋਲ ਉਪਰ ਨੂੰ ਗਈ ਤਾਂ ਉਹਨਾਂ ਔਰਤਾਂ ਨੇ ਲਚੜੇਵੇਂ ਵਿਚ ਮੇਲਾ ਸਿਰ ‘ਤੇ ਚੁੱਕ ਲਿਆ।

-”ਦੇਖ ਨ੍ਹੀ ਐਥੋਂ ਸਾਰਾ ਮੇਲਾ ਦੀਂਹਦੈ…!” ਇਕ ਲੰਮੀਂ ਹੇਕ ਕੱਢ ਕੇ ਬੋਲੀ।

-”ਆਹ ਦੇਖ ਨ੍ਹੀ ਲੀਲੀ ਪੱਗ ਆਲ਼ਾ ਫੋੜੀ ਕਢਾਵਾ ਮੇਰੇ ਬੰਨੀਂ ਝਾਕੀ ਜਾਂਦੈ…!”

-”ਤੂੰ ਗੋਲ਼ੀ ਮਾਰ ਭਤੀਜੇ ਨੂੰ…!”

-”ਇਹਨਾਂ ਪਾੜ੍ਹਿਆਂ ਜਿਆਂ ਦੀ ਅਕਲ ਨੂੰ ਤਾਂ ਪੁੱਤ ਖਾਣੇਂ ਦਾ ਊਂ ਈਂ ਗੋਟਾ ਲੱਗਿਆ ਹੁੰਦੈ…!”

ਭਾਂਤ ਭਾਂਤ ਦੀਆਂ ਅਵਾਜਾਂ ਸਾਨੂੰ ਸੁਣ ਰਹੀਆਂ ਸਨ ਅਤੇ ਮੈਂ ਅਤੇ ਤਾਰ ਇਕ ਦੂਜੇ ਵੱਲ ਦੇਖ ਕੇ ਗੁੱਝੇ ਹੱਸੀ ਜਾ ਰਹੇ ਸਾਂ। ਜਦੋਂ ਚੰਡੋਲ ਹੇਠ ਨੂੰ ਆਈ ਤਾਂ ਸਾਡੇ ਕਾਲ਼ਜੇ ਉੱਪਰ ਨੂੰ ਗਏ ਅਤੇ ਉਹ ਔਰਤਾਂ ਵੀ, “ਹਾਏ ਨ੍ਹੀ ਦਿਲ ਨੂੰ ਡੋਬ ਜਿਆ ਪੈਂਦੈ…!” ਆਖਣ ਲੱਗ ਪਈਆਂ। ਜਦ ਚੰਡੋਲ ਨੇ ਆਪਣੀ ਰਫ਼ਤਾਰ ਫੜੀ ਤਾਂ ਅਸੀਂ ਤਾਂ ਸੰਭਲ਼ ਗਏ। ਪਰ ਉਹਨਾਂ ਬੀਬੀਆਂ ਦੀਆਂ ਚੀਕਾਂ ਛੱਤਣੀਂ ਚੜ੍ਹ ਗਈਆਂ, “ਵੇ ਬੂਹ ਵੇ ਮੈਂ ਮਰਗੀ…! ਰੋਕ ਵੇ ਭਾਈ ਇਹਨੂੰ ਆਬਦੀ ਕੁਛ ਲੱਗਦੀ ਨੂੰ…!” ਪਰ ਚੰਡੋਲ ਤਾਂ ਹੁਣ ‘ਰੇਸ’ ਫੜ ਚੁੱਕੀ ਸੀ, ਰੁਕਦੀ ਕਿਵੇਂ…? ਜਦੋਂ ਚੰਡੋਲ ਦੀ ਰਫ਼ਤਾਰ ‘ਸਿਖਰ’ ‘ਤੇ ਜਾ ਪਹੁੰਚੀ ਤਾਂ ਉਹਨਾਂ ਦਾ ‘ਵਿਰਲਾਪ’ ਵੀ ਉਚਾ ਹੋ ਗਿਆ।

-”ਵੇ ਭਾਈ ਤੂੰ ਇਹਨੂੰ ਰੋਕਦਾ ਕਿਉਂ ਨ੍ਹੀ ਸੂਲ਼ ਹੋਣਿਆਂ…!”

-”ਵੇ ਤੂੰ ਪੈਸੇ ਰੱਖਲਾ ਭਾਈ…ਪਰ ਸਾਨੂੰ ਉਤਾਰ ਦੇਹ ਅੱਗ ਲੱਗੜਿਆ…!”

-”ਦੇਖ ਨ੍ਹੀ ਔਤਾਂ ਦੇ ਜਾਣਾਂ ਗੱਲ ਦਾ ਗੌਗਾ ਈ ਨ੍ਹੀ ਗੌਲ਼ਦਾ…! ਇਹਦਾ ਹੋਜੇ ਸਿਆਪਾ ਰੁੜ੍ਹ ਜਾਣੇਂ ਦਾ!”

-”ਵੇ ਗੜ੍ਹੀ ਪੈਣਿਆਂ..! ਤੇਰੇ ਪੈ ਜਾਣ ਕੀਰਨੇਂ, ਤੂੰ ਬੋਲਦਾ ਨ੍ਹੀ ਵੇ..?”

-”ਦੇਖ ਨ੍ਹੀ, ਗੱਲ ਈ ਨ੍ਹੀ ਸੁਣਦਾ…! ਵੇ ਤੇਰੀ ਦਾਹੜੀ ‘ਚ ਮੂਤਿਆ, ਕਾਲ਼ੇ ਮੂੰਹ ਆਲਿ਼ਆ, ਰੋਕ ਇਹਨੂੰ…!”

-”ਯੇ ਤੋ ਅਬ ਨਹੀਂ ਰੁਕੇਗੀ ਬੈਹਨ ਜੀ…!” ਉਸ ਚੰਡੋਲ ਚਾਲਕ ਦੇ ਮੂੰਹੋਂ ਬੱਸ ਇਤਨਾ ਕੁ ਹੀ ਨਿਕਲਿ਼ਆ।

-”ਵੇ ਕਾਹਤੋਂ ਨ੍ਹੀ ਰੁਕੇਗੀ ਮੇਰਿਆ ਭਤੀਜਿਆ..? ਤੇਰੇ ਲਿਕਲ਼ੇ ਕਲੋਟੇ ਥਾਂ ਰਸੌਲ਼ੀ, ਤੇਰੇ ਪਿਉ ਦਾ ਰਾਜ ਐ ਗਲ਼ ਜਾਣਿਆਂ…!”

-”ਯੇਹ ਤੋ ਅਬ ਸਮਾਂ ਆਨੇ ਪਰ ਰੁਕੇਗੀ ਬੈਹਨ ਜੀ…! ਔਰ ਦੇਖੀਏ ਕਿਤਨੇ ਲੋਗ ਆਨੰਦ ਲੇ ਰਹੇ ਹੈਂ…!”

-”ਵੇ ਤੈਨੂੰ ਪੈ ਜੇ ਪਲੇਗ ਮੇਰੇ ਪਿਉ ਦਿਆ ਸਾਲਿ਼ਆ…! ਤੂੰ ਰੋਕ ਇਹਨੂੰ ਚਰਖੜੀ ਜੀ ਨੂੰ, ਤੇਰੀ ਉਤਰ ਕੇ ਬਣਾਉਨੀਐਂ ਅਸੀਂ ਘਿਆਕੋ…!”

-”ਜੇ ਨਾ ਤੇਰੀ ਗਜਰਾਮਾਂ ਬਣਾਈ, ਸਾਨੂੰ ਆਖੀਂ…!” ਉਹ ਜਗਰਾਵਾਂ ਨੂੰ ‘ਗਜਰਾਵਾਂ’ ਹੀ ਪੁਕਾਰ ਰਹੀਆਂ ਸਨ।

ਪਰ ਹੁਣ ਚੰਡੋਲ ਵਾਲ਼ਾ ਚੁੱਪ ਹੀ ਰਿਹਾ।

ਜਦ ਚੰਡੋਲ ਦਾ ਚੌਥਾ ਗੇੜਾ ਪੂਰੇ ਜੋਰ ਨਾਲ਼ ਹੇਠਾਂ ਨੂੰ ਆਇਆ ਤਾਂ ਮੇਰੇ ਸਿਰ ਵਿਚ ਬਿੱਲੀ ਦੀ ਪੂਛ ਵਰਗੀ ‘ਮੂਤ’ ਦੀ ਧਾਰ ਆ ਪਈ।

-”ਜੱਗਿਆ, ਮੂੰਹ ਉਪਰ ਨਾ ਚੱਕੀਂ ਉਏ…! ਮੂੰਹ ਬੰਦ ਕਰਲਾ…! ਇਹ ਤਾਂ ਮੇਰੇ ਸਾਲ਼ੇ ਦੀਆਂ ਆਪਣੇ ਸਿਰ ‘ਚ ਮੂਤਣ ਲੱਗ ਪਈਆਂ…!” ਤਾਰ ਦਾ ਵੀ ਇਹੋ ਹਾਲ ਸੀ। ਪੱਗ ਉਸ ਦੀ ਵੀ ਪਿਸ਼ਾਬ ਨਾਲ਼ ਗੜੁੱਚ ਹੋ ਗਈ ਸੀ ਅਤੇ ਧਰਾਲ਼ਾਂ ਸਾਡੇ ਮੂੰਹ ਉਪਰੋਂ ਦੀ ਵਗਣ ਲੱਗ ਪਈਆਂ। ਸਾਡੇ ਵਾਂਗ ਸਾਡੇ ਹੇਠਲੇ ਲੋਕ ਵੀ ਤਵੀਤ ਖਾਧੇ ਵਾਲਿ਼ਆਂ ਵਾਂਗ ਮੂੰਹ ਘੁੱਟੀ ਬੈਠੇ ਸਨ। …ਸਾਡੇ ਸਿਰਾਂ ‘ਚ ਧਾਰਾਂ ਵੱਜਦੀਆਂ ਰਹੀਆਂ ਅਤੇ ਉਹਨਾਂ ਔਰਤਾਂ ਦੀਆਂ ਚੰਘਿਆੜ੍ਹਾਂ ਸੁਣਦੀਆਂ ਰਹੀਆਂ। …ਜਦੋਂ ਚੰਡੋਲ ਰੁਕੀ ਤਾਂ ਉਹ ਸ਼ਰਮ ਦੀਆਂ ਮਾਰੀਆਂ ਪੱਤੇ ਤੋੜ ਗਈਆਂ ਅਤੇ ਅਸੀਂ ਜੰਡੀ ਵਾਲ਼ੇ ਨਲ਼ਕੇ ਹੇਠ ਖੜ੍ਹ ਕੇ ਆਪਣੀਆਂ ਪੱਗਾਂ ਤੋਂ ਉਹਨਾਂ ਦੇ ਪਿਸ਼ਾਬ ਦਾ ‘ਸ਼ੈਂਪੂ’ ਧੋਂਦੇ ਰਹੇ!

-”ਕੁੜੀ ਯਾਹਵੀਆਂ ਨੇ ਪਤਾ ਨ੍ਹੀ ਕੀ ਪੀਤਾ ਸੀ..? ਸਾਲ਼ੀਆਂ ਦਾ ਮੂਤ ਵੀ ਤੇਜ਼ਾਬ ਅਰਗੈ, ਲਹਿੰਦਾ ਈ ਨ੍ਹੀ…!” ਤਾਰ ਦੇ ਆਖਣ ‘ਤੇ ਮੇਰੇ ਹੱਸਦੇ ਦੀਆਂ ਵੱਖੀਆਂ ਦੁਖਣ ਲੱਗ ਪਈਆਂ।

-”ਮੈਂ ਹੋਰ ਹੈਰਾਨ ਐਂ ਬਈ ਜਦੋਂ ਥੋਨੂੰ ਪਤੈ ਬਈ ਸਾਥੋਂ ਚੰਡੋਲ ਝੂਟਿਆ ਨ੍ਹੀ ਜਾਣਾ, ਸਹੁਰੀਓ ਤੁਸੀਂ ਚੜ੍ਹਦੀਆਂ ਈ ਕਾਹਤੋਂ ਐਂ…?” ਇਕ ਹੋਰ ਆਪਣੀ ਪੱਗ ਧੋਣ ਸਾਡੇ ਕੋਲ਼ ਵਾਰੀ ਲੈਣ ਲਈ ਖੜ੍ਹਾ ਸੀ।

….ਸਾਰੀਆਂ ਰਸਮਾਂ ਅਤੇ ਰੀਤਾਂ-ਰਵਾਇਤਾਂ ਤੋਂ ਬਾਅਦ ਰਿਸ਼ਤੇਦਾਰ ਅਤੇ ਦੋਸਤ-ਮਿੱਤਰ ਰਵਾਨਾ ਹੋ ਗਏ। ਅਗਲੇ ਦਿਨ ਬੱਧਨੀ ਕਲਾਂ ਜਾ ਕੇ ਦੌਧਰ ਵਾਲ਼ੇ ਗੋਲਡੀ ਨਾਲ਼ ਸਾਰਾ ਹਿਸਾਬ ਕਿਤਾਬ ਕੀਤਾ ਗਿਆ। ਗੋਲਡੀ ਇਕ ਗੱਲ ‘ਤੇ ਅੜ ਗਿਆ ਕਿ ਬਾਪੂ ਦੇ ਅੰਤਿਮ ਸਮੇਂ ਪਾਏ ਕੱਪੜਿਆਂ ਦਾ ਮੈਂ ਕੋਈ ਪੈਸਾ ਨਹੀਂ ਲੈਣਾ! ਮੈਂ ਅਤੇ ਮੇਰੇ ਘਰਵਾਲ਼ੀ ਨੇ ਇੱਕੋ ਗੱਲ ਕੀਤੀ ਕਿ ਹੋਰ ਚਾਹੇ ਤੂੰ ਕਿਸੇ ਚੀਜ਼ ‘ਚੋਂ ਰਿਆਇਤ ਕਰ ਦੇਹ, ਪਰ ਬਾਪੂ ਦੇ ‘ਕੱਫ਼ਣ’ ਦੇ ਪੈਸੇ ਅਸੀਂ ਦੇਣੇਂ ਹੀ ਦੇਣੇਂ ਹਨ। ਗੱਲ ਕਿਸੇ ਸਿਰੇ ਨਾ ਲੱਗਦੀ ਦੇਖ ਕੇ ਗੋਲਡੀ ਆਖਣ ਲੱਗਿਆ ਕਿ ਚਲੋ ਬਾਪੂ ਦੇ ਕੱਪੜਿਆਂ ਵਿਚੋਂ ਅੱਧੇ ਤੁਹਾਡੇ ਅਤੇ ਅੱਧੇ ਮੇਰੇ! ਬਾਪੂ, ਮੇਰਾ ਵੀ ਬਾਪੂ ਸੀ! ਖ਼ੈਰ, ਉਸ ਦੀ ਜਿ਼ਦ ਦੇਖ ਕੇ ਮੈਂ ਮੰਨ ਗਿਆ ਅਤੇ ਬਾਪੂ ਦੇ ਕੱਪੜਿਆਂ ਦੇ ਪੈਸੇ ਉਸ ਨੇ ਅੱਧੇ ਕੱਟ ਲਏ।

ਜਦ ਅਸੀਂ ਸ਼ਾਮ ਨੂੰ ਪਿੰਡ ਆਏ ਤਾਂ ਕੁਝ ਲੋਕਾਂ ਨੇ ਸੋਚਿਆ ਕਿ ਬਜ਼ੁਰਗ ਹੁਣ ‘ਚੜ੍ਹਾਈ’ ਕਰ ਗਿਆ ਹੈ ਅਤੇ ਇਹਨਾਂ ਨੇ ਇੰਗਲੈਂਡ ਮੁੜ ਜਾਣਾ ਹੈ, ਹੁਣ ਘਰ ਪਈਆਂ ਚੀਜ਼ਾਂ ‘ਤੇ ‘ਹੱਥ’ ਮਾਰਿਆ ਜਾਵੇ! ਕੋਈ ਤਾਂ ਪੁੱਛ ਰਿਹਾ ਸੀ, “ਜਰਨੇਟਰ ਦਾ ਕੀ ਕਰਨੈਂ…?” ਅਤੇ ਕੋਈ ਆਖ ਰਿਹਾ ਸੀ, “ਬਾਪੂ ਆਲ਼ੀ ਗੱਡੀ ਕਿੰਨੇ ਕੁ ਦੀ ਵੇਚਣੀਂ ਐਂ…?” ਮੈਂ ਹੈਰਾਨ ਨਾਲ਼ੋਂ ਪ੍ਰੇਸ਼ਾਨ ਵੱਧ ਸੀ ਕਿ ਬਾਪੂ ਅਜੇ ‘ਕੱਲ੍ਹ’ ਮਰਿਐ, ਤੇ ਲੋਕ ਐਹੋ ਜਿਹੀਆਂ ਗੱਲਾਂ ਮੈਨੂੰ ਅੱਜ ਹੀ ਪੁੱਛਣ ਲੱਗ ਪਏ! ਮੈਂ ਖੁੰਧਕ ਨਾਲ਼ ਆਖਿਆ, “ਇਹ ਘਰ ਵੱਸਦੈ ਯਾਰ…! ਅਸੀਂ ਕੋਈ ਚੀਜ਼ ਕਿਉਂ ਵੇਚਾਂਗੇ..? ਮੈਂ ਆਇਆ ਕਰੂੰ, ਮੇਰੇ ਘਰਵਾਲ਼ੀ ਤੇ ਬੱਚੇ ਆਇਆ ਕਰਨਗੇ…!” ਤਾਂ ਸੁਣ ਕੇ ਖ਼ੁਦਗਰਜ਼ ਲੋਕ ਨਿਰੁੱਤਰ ਜਿਹੇ ਹੋ ਗਏ। ਉਹਨਾਂ ਦੇ ਦਿਲ ਵਿਚ ਤਾਂ ਸ਼ਾਇਦ ਇਹ ਸੀ ਕਿ ਬਜ਼ੁਰਗ ਮਰ ਗਿਆ ਤੇ ਬੱਸ ਇਹ ਹੁਣ ਸਾਰੀਆਂ ਚੀਜ਼ਾਂ ‘ਸਿੱਟ-ਪਸਿੱਟ’ ਕੇ ਹੀ ਦੇ ਜਾਣਗੇ! ਪਰ ਮੇਰੇ ਮਨ ਵਿਚ ਕੋਈ ਚੀਜ਼ ਵੇਚਣ ਦਾ ਵਿਚਾਰ ਹੀ ਨਹੀਂ ਸੀ। ਪਰ ਮੈਂ ਇਕ ਗੱਲੋਂ ਜ਼ਰੂਰ ਦੁਖੀ ਹੋਇਆ ਸੋਚ ਰਿਹਾ ਸਾਂ ਕਿ ਬੰਦਿਆਂ ਨਾਲ਼ ਹੀ ਰੌਣਕਾਂ ਹੁੰਦੀਆਂ ਨੇ ਤੇ ਬੰਦਿਆਂ ਨਾਲ਼ ਹੀ ਘਰ ਵੱਸਦੇ ਹਨ! ਬੰਦਿਆਂ ਦੀ ਹੀ ਮਾਇਆ ਹੁੰਦੀ ਹੈ! ਖਾਲੀ ਪਏ ਘਰਾਂ ‘ਚ ਤਾਂ ਫਿ਼ਰ ਕੁੱਤੇ ਹੀ ਮੂਤਦੇ ਹਨ। ਸਾਡਾ ਪ੍ਰਵਾਸੀਆਂ ਦਾ ਦੁਖਾਂਤ ਹੀ ਇਹ ਹੈ ਕਿ ਅਸੀਂ ਨਾ ਤਾਂ ਆਪਣੇ ਬੱਚੇ ਛੱਡ ਸਕਦੇ ਹਾਂ ਅਤੇ ਨਾ ਹੀ ਮਾਂ-ਮਿੱਟੀ ਅਤੇ ਮਾਈ ਬਾਪ! ਕਦੇ ਕਦੇ ਸਾਡਾ ਹਾਲ ਧੋਬੀ ਦੇ ਕੁੱਤੇ ਵਰਗਾ ਹੋ ਜਾਂਦਾ ਹੈ..! ਨਾਂ ਘਰ ਦੇ ਨਾ ਘਾਟ ਦੇ! ਉਪਰੋਂ ਲੋਕ ਤੁਹਾਡੀ ਛਿੱਲ ਲਾਹੁੰਣ ਦੀ ਕਸਰ ਬਾਕੀ ਨਹੀਂ ਛੱਡਦੇ! ਉਹਨਾਂ ਨੂੰ ਤੁਹਾਡੇ ਦੁਖਦੇ ਸੁਖਦੇ ਹਮਦਰਦੀ ਘੱਟ, ਪਰ ਉਹ ਆਪਣੀ ਗਰਜ਼ ਪੱਖੋਂ ਵੱਧ ਸੁਚੇਤ ਹੁੰਦੇ ਹਨ!

ਅਗਲੇ ਦਿਨ ਮੈਂ ਅਤੇ ਮੇਰੇ ਘਰਵਾਲ਼ੀ ਮੇਰੇ ਸਹੁਰੀਂ ਮੋਗੇ ਚਲੇ ਗਏ। ਜਦ ਅਸੀਂ ਸ਼ਾਮ ਨੂੰ ਪਿੰਡ ਮੁੜੇ ਤਾਂ ਕੋਈ ਸਾਡੇ ਦੋ ਗੈਸ ਸਲੰਡਰ ‘ਉੜਾ’ ਕੇ ਲੈ ਗਿਆ। ਪੁੱਛ ਗਿੱਛ ਕੀਤੀ ਤਾਂ ਸਲੰਡਰਾਂ ਦਾ ਵੀ ਪਤਾ ਚੱਲ ਗਿਆ ਅਤੇ ਖੜ੍ਹੇ ਪੈਰ ਸਖ਼ਤੀ ਨਾਲ਼ ਗੈਸ ਸਲੰਡਰ ਮੁੜਵਾਏ! ਜਦ ਅਸੀਂ ਪੰਜ ਮਾਰਚ ਨੂੰ ਪਿੰਡੋਂ ਵਾਪਿਸੀ ਲਈ ਦਿੱਲੀ ਨੂੰ ਤੁਰਨ ਲੱਗੇ ਤਾਂ ਕੋਈ ਗੈਸ ਵਾਲ਼ਾ ਚੁੱਲ੍ਹਾ ਚੁੱਕਣ ਲਈ ਖੜ੍ਹਾ ਸੀ ਅਤੇ ਕੋਈ ਟੈਲੀਵਿਯਨ! ਕੋਈ ਡੀ.ਵੀ.ਡੀ. ਪਲੇਅਰ ਅਤੇ ਵੀ.ਸੀ.ਆਰ. ‘ਤੇ ਅੱਖ ਰੱਖੀ ਬੈਠਾ ਸੀ ਅਤੇ ਕੋਈ ਬੈਡਾਂ ‘ਤੇ! ਹੋਰ ਤਾਂ ਹੋਰ, ਲੋਕਾਂ ਦੀਆਂ ਨਜ਼ਰਾਂ ਤਾਂ ਬਜ਼ੁਰਗ ਦੀਆਂ ਦੋ ‘ਟਾਰਚਾਂ’ ‘ਤੇ ਵੀ ਲੱਗੀਆਂ ਹੋਈਆਂ ਸਨ। ਮੇਰਾ ਮਨ ਅਤੀਅੰਤ ਦੁਖੀ ਹੋ ਗਿਆ ਕਿ ਲੋਕ ਤਾਂ ‘ਉਜੜਿਆ’ ਹੀ ਭਾਲ਼ਦੇ ਸਨ ਕਿ ਕਦੋਂ ਬਾਪੂ ਮਰੇ, ਤੇ ਕਦੋਂ ਇਸ ਘਰ ਦੀਆਂ ਚੀਜ਼ਾਂ ਨੂੰ ਹੱਥ ਹੇਠ ਕਰੀਏ! ਪ੍ਰਦੇਸੀਆਂ ਦੀ ਸੁੱਖ ਕੋਈ ਵੀ ਨਹੀਂ ਮੰਨਦਾ! ਹੋਰ ਤਾਂ ਹੋਰ..? ਉਹਨਾਂ ਲੋਕਾਂ ਨੂੰ ਵੀ ਸਬਰ ਨਹੀਂ ਸੀ ਆ ਰਿਹਾ, ਜਿੰਨ੍ਹਾਂ ਨੂੰ ਮੇਰੇ ਘਰਵਾਲ਼ੀ ਨੇ ਕੱਪੜੇ, ਸੂਟ ਅਤੇ ਗੱਲ ਕੀ ਜੁੱਤੀਆਂ ਤੱਕ ਲੈ ਕੇ ਦਿੱਤੇ ਸਨ। ਮੇਰਾ ਮਨ ਹੋਰ ਵੀ ਸੰਤਾਪਿਆ ਗਿਆ। ਆਖੰਡ ਪਾਠ ਦੌਰਾਨ ਅੰਦਰਲੇ ਕਮਰੇ ਵਿਚੋਂ ਕਿਸੇ ਨੇ ਮੇਰੀ ਪੈਂਟ ਨੂੰ ਲਾਉਣ ਵਾਲ਼ੀ ਬੈਲਟ, ਕਮੀਜ਼ ਅਤੇ ਜੈਕਟਾਂ ਨਹੀਂ ਛੱਡੀਆਂ ਸਨ! ਪਤਾ ਨਹੀਂ ਕਦੋਂ ਹੱਥਾਂ-ਪੈਰਾਂ ਨੂੰ ਲਾ ਕੇ ਲੈ ਗਏ ਸਨ…?

ਮੈਂ ਬਾਈ ਇੰਦਰ ਅਤੇ ਬਰਨਾਲ਼ੇ ਵਾਲ਼ੀ ਭੈਣ ਨੂੰ ਘਰ ਦੀ ਇਕ-ਇਕ ਚਾਬੀ ਦੇ ਦਿੱਤੀ। ਤੀਜੀ ਚਾਬੀ ਮੈਂ ਸੱਤੇ ਨੂੰ ਫ਼ੜਾਉਂਦਿਆਂ ਕਿਹਾ, “ਸੱਤਿਆ..! ਮਾਈ ਨੇ ਵਿਹੜੇ ਵਿਚ ਜਾਮਣ ਦਾ ਬੂਟਾ ਲੁਆਇਆ ਸੀ ਤੇ ਬਾਪੂ ਨੇ ਫ਼ੁਲਵਾੜੀ ਵਿਚ ਅਮਰੂਦਾਂ ਦਾ..! ਹੁਣ ਤਾਂ ਅਜੇ ਸਰਦੈ, ਮੌਸਮ ਠੀਕ ਐ! ਪਰ ਗਰਮੀਆਂ ਵਿਚ ਇਹਨਾਂ ਨੂੰ ਸ਼ਾਮ ਨੂੰ ਇਕ-ਇਕ ਬਾਲ਼ਟੀ ਪਾਣੀਂ ਦੀ ਜ਼ਰੂਰ ਪਾਉਣੀ ਐਂ, ਕਿਤੇ ਮਾਂ-ਬਾਪ ਦੀਆਂ ਇਹ ਨਿਸ਼ਾਨੀਆਂ ਨਾ ਮੁਰਝਾ ਕੇ ਸੁੱਕ ਜਾਣ…!” ਸੱਤੇ ਨੇ ਚਾਬੀ ਫੜ ਲਈ। ਮੈਂ ਸੱਤੇ ਨੂੰ ਹੋਰ ਵੀ ਆਖਿਆ ਕਿ ਪਿੰਡ ਵਿਚ ਜੇ ਕਿਸੇ ਗ਼ਰੀਬ ਦੀ ਧੀ ਦੀ ਸ਼ਾਦੀ ਹੋਵੇ, ਤਾਂ ਬਰਾਤ ਚਾਹੇ ਆਪਣੇ ਘਰੇ ਹੀ ਆ ਬੈਠੇ, ਮੈਨੂੰ ਕੋਈ ਇਤਰਾਜ਼ ਨਹੀਂ! ਜੇ ਆਪਣੇ ਆਂਢ ਗੁਆਂਢ ਕਿਸੇ ਦੇ ਆਖੰਡ ਪਾਠ ਪ੍ਰਕਾਸ਼ ਹੋਵੇ, ਗ੍ਰੰਥੀ ਸਿੰਘ ਆਪਣੇ ਘਰੇ ਨਿਵਾਸ ਕਰ ਸਕਦੇ ਹਨ। ਕਿਸੇ ਚੰਗੇ ਕਾਰਜ ਲਈ ਆਪਣੇ ਘਰ ਦਰਵਾਜਾ ਹਮੇਸ਼ਾ ਖੁੱਲ੍ਹਾ ਰਹੇਗਾ, ਪਰ ਇੱਥੇ ਕੋਈ ਹੋਰ ‘ਲੰਡਰਪੁਣਾ’ ਨਾ ਹੋਵੇ..!

ਜਦ ਅਸੀਂ ਪਿੰਡੋਂ ਦਿੱਲੀ ਨੂੰ ਤੁਰਨ ਲੱਗੇ ਤਾਂ ਮੇਰੀ ਆਤਮਾ ਬਾਪੂ ਦੀ ਅਣਹੋਂਦ ਸਦਕਾ ਲਹੂ ਲੁਹਾਣ ਹੋਈ ਨੁੱਚੜੀ ਜਾ ਰਹੀ ਸੀ। ਮੇਰਾ ਮਨ ਇਸ ਲਈ ਕਟੋਰੇ ਵਾਂਗ ਭਰਿਆ ਪਿਆ ਸੀ ਕਿ ਅੱਜ ਮੱਤਾਂ ਦੇਣ ਵਾਲ਼ਾ ਅਤੇ ਮੇਰਾ ਫਿ਼ਕਰ ਕਰਨ ਵਾਲ਼ਾ ਬਾਪੂ ਮੈਨੂੰ ਗੱਡੀ ਤੱਕ ਛੱਡਣ ਨਹੀਂ ਆਇਆ ਸੀ ਅਤੇ ਸਿਰ ‘ਤੇ ਹੱਥ ਨਹੀਂ ਰੱਖਿਆ ਸੀ। ਏਅਰਪੋਰਟ ਨੂੰ ਤੁਰਨ ਲੱਗੇ ਨੂੰ ਬਾਪੂ ਨੇ ਕਹਿਣਾਂ, “ਪਹਿਲਾਂ ਆਬਦੀ ਟਿਕਟ ਤੇ ਪਾਸਪੋਰਟ ਇਕ ਆਰੀ ਫ਼ੇਰ ਚੈਕ ਕਰ ਪੁੱਤ..! ਫ਼ੇਰ ਖ਼ੁਆਰ ਹੁੰਦੇ ਫਿ਼ਰੋਂਗੇ…! ਨਿਸ਼ਾ ਕਰ ਲੈਣੀਂ ਚੰਗੀ ਹੁੰਦੀ ਐ..!” ਅਤੇ ਤੁਰਦਿਆਂ ਬਾਪੂ ਨੇ ਹਮੇਸ਼ਾ ਮੇਰੀ ਜੇਬ ਵਿਚ ਦੋ-ਤਿੰਨ ਹਜ਼ਾਰ ਰੁਪਈਆ ਪਾਉਂਦੇ ਨੇ ਮਨ ਭਾਰਾ ਜਿਹਾ ਕਰਕੇ ਕਹਿਣਾਂ, “ਰਾਹ ‘ਚ ਕਿਤੇ ਲੋੜ ਪੈ ਜਾਂਦੀ ਐ ਪੁੱਤ..! ਜਾ ਕੇ ਉਤਰਨ ਸਾਰ ਫ਼ੋਨ ਕਰਦੀਂ ਮੈਨੂੰ, ਚਾਹੇ ਐਥੇ ਅੱਧੀ ਰਾਤ ਹੋਵੇ, ਨਹੀਂ ਮੇਰੀ ਸੁਤਾ ਤੇਰੇ ਵਿਚ ਈ ਰਹੂ…!” ਪਰ ਅੱਜ ਬਾਪੂ ਦਾ ਆਸ਼ੀਰਵਾਦ ਨਹੀਂ ਮਿਲਿ਼ਆ ਸੀ! ਤੁਰਨ ਲੱਗੇ ਨੂੰ ਬਾਪੂ ਨੇ ਬੱਚਿਆਂ ਵਾਂਗ ਬੁੱਕਲ਼ ਵਿਚ ਲੈ ਕੇ ਮੈਨੂੰ ਥਾਪੜਾ ਦੇਣਾ ਅਤੇ ਛਾਤੀ ਨਾਲ਼ ਘੁੱਟ ਕੇ ਮਨ ਭਰ ਲੈਣਾ! ਅੱਜ ਮੈਂ ਬਾਪੂ ਦੇ ਮੁਬਾਰਕ ਹੱਥਾਂ ਦੀ ਛੁਹ ਬਾਝੋਂ ਆਪਣੇ ਆਪ ਨੂੰ ਊਣਾਂ, ਯਤੀਮ ਅਤੇ ਅਨਾਥ ਜਿਹਾ ਮਹਿਸੂਸ ਕਰ ਰਿਹਾ ਸਾਂ! ਪਹਿਲਾਂ ਮਾਂ ਅਤੇ ਹੁਣ ਬਾਪ ਤੁਰ ਗਏ ਅਤੇ ਮਾਂ-ਬਾਪ ਦੀ ਹੋਂਦ ਬਾਝੋਂ ਮੈਨੂੰ ‘ਚਾਰੇ ਕੂਟਾਂ ਸੁੰਨੀਆਂ’ ਹੀ ਲੱਗ ਰਹੀਆਂ ਸਨ। ਜਿੱਥੇ ਨਾ ਤਾਂ ਮੈਨੂੰ ਗਾਲ਼ਾਂ ਕੱਢਣ ਵਾਲ਼ਾ, ਨਾ ਮੱਤਾਂ ਦੇਣ ਵਾਲ਼ਾ, ਨਾ ਮੇਰਾ ਫਿ਼ਕਰ ਕਰਨ ਵਾਲ਼ਾ ਅਤੇ ਨਾ ਹੀ ਮੈਨੂੰ ਭਾਵਨਾ ਭਰਿਆ ਥਾਪੜਾ ਦੇਣ ਵਾਲ਼ਾ ਹੀ ਰਿਹਾ ਸੀ! ਬਾਪੂ ਦੀ ਪਵਿੱਤਰ ਯਾਦ ਵਿਚ ਦੋ ਕੋਸੇ ਹੰਝੂ ਅੱਖਾਂ ਵਿਚੋਂ ਕਿਰ ਕੇ ਮੇਰੀ ਛਾਤੀ ‘ਤੇ ਬਿਖ਼ਰ ਗਏ ਅਤੇ ਮੈਂ ਚੁੱਪ ਚਾਪ ਘਰ ਨੂੰ ਨਮਸਕਾਰ ਕਰ ਗੱਡੀ ਵਿਚ ਜਾ ਬੈਠਾ ਅਤੇ ਮਨ ਸਖ਼ਤ ਜਿਹਾ ਕਰਨ ਲਈ ਇਕ ਕਰੜਾ ਪੈਗ ਲਾਇਆ ਅਤੇ ਸਾਡੀ ਗੱਡੀ ਦਿੱਲੀ ਨੂੰ ਰਵਾਨਾ ਹੋ ਗਈ..! ਬਾਪੂ ਦੀ ਮਿੱਠੀ ਯਾਦ ਸਾਡੀ ਗੱਡੀ ਦੇ ਨਾਲ਼ ਨਾਲ਼ ਹੀ ਦੌੜੀ ਜਾ ਰਹੀ ਸੀ…! ਲੰਡਨ ਪਹੁੰਚ ਕੇ ਵੀ ਮੈਂ ਬਰਨਾਲ਼ੇ ਵਾਲ਼ੀ ਭੈਣ ਤੋਂ ਛੁੱਟ ਕਿਸੇ ਨੂੰ ਫ਼ੋਨ ਨਹੀਂ ਕੀਤਾ। ਮੇਰੇ ਮਨ ਵਿਚ ਅਜੇ ਵੀ ਕਦੇ ਕਦੇ ਵੈਰਾਗ ਜਿਹਾ ਉਠਦਾ ਹੈ ਕਿ ਮੈਨੂੰ ਕਦੇ ਨਾ ਕਦੇ ਮੇਰੇ ਬਾਪੂ ਦਾ ਮਿੱਠੀਆਂ ਝਿੜਕਾਂ ਭਰਿਆ ਫ਼ੋਨ ਜ਼ਰੂਰ ਆਵੇਗਾ। ਪਰ ਭਰਮ ਭਰੀ ਸੱਚਾਈ ਦੀ ਕੁੜੱਤਣ ਗਲ਼ ਅੰਦਰ ਲੰਘਾ ਕੇ ਮੈਂ ਖ਼ੂਨ ਦੇ ਅੱਥਰੂ ਪੀ, ਬੇਵੱਸ ਅਤੇ ਨਿਮੋਝੂਣਾਂ ਜਿਹਾ ਹੋ ਕੇ ਬੈਠ ਜਾਂਦਾ ਹਾਂ ਅਤੇ ਮੇਰੇ ਮਨ ਨੂੰ ‘ਤੋੜਾ ਖੋਹੀ’ ਲੱਗ ਜਾਂਦੀ ਹੈ…! ਪਰ ਬਾਪੂ ਦੇ ਫ਼ੋਨ ਦੀ ਉਡੀਕ ਮੈਨੂੰ ਹਰ ਰੋਜ਼ ਹੀ ਰਹਿੰਦੀ ਹੈ…! ਅਤੇ ਕਦੇ ਕਦੇ ਮੇਰਾ ਦਿਲ ਕੀਰਨਾ ਪਾਉਣ ਵਾਲ਼ਾ ਹੋ ਜਾਂਦਾ ਹੈ ਕਿ ਕੀ ਬਾਪੂ ਹੁਣ ਮੈਨੂੰ ਕਦੇ ਵੀ ਫ਼ੋਨ ਨਹੀਂ ਕਰੇਗਾ…?

ਅੰਤ ਵਿਚ ਮੈਂ ਸਾਰੇ ਵੀਰਾਂ-ਭੈਣਾਂ, ਹਾਣੀਂ-ਭਰਾਵਾਂ, ਪਾਠਕਾਂ-ਪ੍ਰਸ਼ੰਸਕਾਂ ਅਤੇ ਹਮਦਰਦ ਮਿੱਤਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਹਨਾਂ ਨੇ ਮੇਰੇ ਨਾਲ਼ ਈਮੇਲਾਂ, ਪੱਤਰਾਂ, ਫ਼ੋਨਾਂ ਅਤੇ ਨਿੱਜੀ ਤੌਰ ‘ਤੇ ਮੇਰੇ ਤੱਕ ਪਹੁੰਚ ਕਰਕੇ ਮੇਰਾ ਦੁੱਖ ਵੰਡਾਇਆ! ਮੈਂ ਆਪਣੇ ਪ੍ਰਮ-ਮਿੱਤਰ ਅਤੇ ਵੱਡੇ ਵੀਰ ਬਲਦੇਵ ਸਿੰਘ ਬੁੱਧ ਸਿੰਘ ਵਾਲ਼ਾ, ਯੂਰਪ ਦੇ ਪ੍ਰਸਿੱਧ ਪੱਤਰਕਾਰ ਬਸੰਤ ਸਿੰਘ ਰਾਮੂਵਾਲ਼ੀਆ, ਹਰਚਰਨ ਸਿੰਘ ਢਿੱਲੋਂ ਬੈਲਜੀਅਮ, ਫ਼ਰਾਂਸ ਦੇ ਪੱਤਰਕਾਰ ਅਤੇ ਲੇਖਕ ਸੁਖਬੀਰ ਸੰਧੂ, ਭੈਣ ਕੁਲਵੰਤ ਕੌਰ ਚੰਨ, ਰਿਸ਼ੀ ਗੁਲਾਟੀ, ਕਸ਼ਮੀਰ ਸਿੰਘ ਘੁੰਮਣ ਅਤੇ ਅਮਨਦੀਪ ਕਾਲਕਟ, ਸਾਰਿਆਂ ਨੂੰ ਮੈਂ ਇੱਕੋ ਗੱਲ ਹੀ ਕਹੀ ਸੀ, “ਮਾਂ-ਬਾਪ ਨਾਲ਼ ਤਾਂ ਪਿੰਡ ਵੱਸਦੇ ਨੇ ਭਰਾਵੋ..! ਜਿਸ ਦਿਨ ਮਾਂ-ਬਾਪ ਜਹਾਨੋਂ ਕੂਚ ਕਰ ਜਾਂਦੇ ਨੇ – ਪਿੰਡ ਜਾਣ ਨੂੰ ਵੱਢੀ ਰੂਹ ਨਹੀਂ ਕਰਦੀ..!” ਕੀ ਇਹ ਮੇਰੇ ਮਨ ਦਾ ਵਹਿਮ ਜਾਂ ਭਰਮ ਤਾਂ ਨਹੀਂ…? ਕਿਰਪਾ ਕਰਕੇ ਉਤਰ ਵਿਚ ਇਕ ਲਾਈਨ ਜ਼ਰੂਰ ਲਿਖਣਾ!

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>