ਟੋਰਾਂਟੋ ਦਾ ਵਰਲਡ ਕਬੱਡੀ ਕੈਨੇਡਾ ਕੱਪ ਉਨਟਾਰੀਓ ਦੀ ਟੀਮ ਨੇ ਜਿੱਤਿਆ

winner-team-canadaਟਰਾਂਟੋ(ਸੁਖਮਿੰਦਰ ਸਿੰਘ ਹੰਸਰਾ,ਰਾਹੀਂ ਪਰਮਜੀਤ ਸਿੰਘ ਬਾਗੜੀਆ)  -  ਯੰਗ ਸਪੋਰਟਸ ਕਲੱਬ ਵਲੋਂ ਕਰਵਾਇਆ ਗਿਆ ਕਬੱਡੀ ਕੈਨੇਡਾ ਕੱਪ ਤੇ ਉਨਟਾਰੀਓ ਦੀ ਟੀਮ ਨੇ ਕਬਜਾ ਕਰ ਲਿਆ ਹੈ, ਜਦੋਂ ਕਿ ਮਾਮੂਲੀ ਵਿਵਾਦ ਦੇ ਬਾਵਜੂਦ ਬੀ ਸੀ ਦੀ ਟੀਮ ਦੂਸਰੇ ਸਥਾਨ ਤੇ ਰਹੀ। ਯੰਗ ਸਪੋਰਟਸ ਕਲੱਬ ਵਲੋਂ ਕਬੱਡੀ ਨੂੰ ਰੌਜ਼ਰ ਸੈਂਟਰ ਵਿੱਚ ਪਹੁੰਚਾਉਣਾ ਇਤਹਾਸਿਕ ਮੰਨਿਆ ਜਾਵੇਗਾ, ਕਿਉਂਕਿ ਕਬੱਡੀ ਦੇ ਇਤਹਾਸ ਵਿੱਚ ਕੈਨੇਡਾ ਦੇ ਸਭ ਤੋਂ ਵੱਡੇ ਸਟੇਡੀਅਮ ਵਿੱਚ ਇਸ ਪੇਂਡੂ ਖੇਡ ਨੂੰ ਐਨਾ ਸਤਿਕਾਰ ਮਿਲਿਆ ਵੇਖ ਕੇ ਹਰ ਪੰਜਾਬੀ ਗਦ ਗਦ ਕਰ ਉੱਠਿਆ। ਨਿਰਸੰਦੇਹ ਇਸ ਕੱਪ ਵਿੱਚ ਆਮ ਕੱਪਾਂ ਨਾਲੋਂ ਕੁੱਝ ਜਿਆਦਾ ਮੁਸ਼ਕਲਾਂ ਵੇਖਣ ਨੂੰ ਮਿਲੀਆਂ ਪਰ ਵਿਆਹ ਵਿੱਚ ਅਕਸਰ ਅਜਿਹਾ ਹੋ ਹੀ ਜਾਂਦਾ ਹੈ। ਇਹ ਵੀ ਕਹਿਣਾ ਸਹੀ ਹੋਵੇਗਾ ਕਿ ਇਹ ਕੱਪ, ਕਲੱਬਾਂ ਦੀ ਪ੍ਰਬੰਧ ਕਰਨ ਦੀ ਯੋਗਤਾ ਲਈ ਇਮਤਿਹਾਨ ਮੰਨਿਆ ਜਾਦਾ ਹੈ ਅਤੇ ਹਰ ਮਹਿਮਾਨ, ਖਿਡਾਰੀ, ਸਪਾਂਸਰ ਅਤੇ ਦਰਸ਼ਕ ਕਲੱਬ ਦੀ ਯੋਗਤਾ ਨੂੰ ਪਹਿਲ ਦੇ ਆਧਾਰ ਤੇ ਮਾਪ ਸਕਦਾ ਹੈ। ਅਦਾਰਾ ਡੇਲੀ ਦਾ ਮੁਲਾਂਕਣ ਬੜਾ ਸਪੱਸ਼ਟ ਹੈ ਕਿ ਮਹਿਮਨਾਨਿਵਾਜ਼ੀ ਵਿੱਚ ਕਲੱਬ ਦੀ ਹਾਲਤ ਬੜੀ ਪਤਲੀ ਸੀ। ਜੱਸੀ ਸਰਾਏ ਅਤੇ ਰਾਣਾ ਸਿੱਧੂ ਤੋਂ ਇਲਾਵਾ ਜਿਆਦਾ ਵਲੰਟੀਅਰ ਖੁਦ ਮਹਿਮਾਨਾਂ ਵਾਂਗੂੰ ਵਿਚਰ ਰਹੇ ਸੀ।

ਸਵੇਰੇ ਪ੍ਰੇਡ ਤੋਂ ਬਾਅਦ ਕਬੱਡੀ ਦਾ ਕਾਰਜ ਸ਼ੁਰੂ ਹੋਇਆ ਜਿਸ ਵਿੱਚ ਸਭ ਤੋਂ ਪਹਿਲਾਂ ਅੰਡਰਾ 21 ਦੀਆਂ ਦੋ ਟੀਮਾਂ ਦਾ ਸ਼ੋਅ ਮੈਚ ਹੋਇਆ।

ਪਹਿਲਾਂ ਮੈਚ ਯੂ ਐਸ ਏ ਅਤੇ ਇੰਡੀਆ ਦਰਮਿਆਨ ਹੋਇਆ ਜਿਸ ਵਿੱਚ ਇੰਡੀਆ ਦੀ ਟੀਮ 39-31 ਦੇ ਫਰਕ ਨਾਲ ਜਿੱਤ ਗਈ। ਦੂਸਰਾ ਮੈਚ ਕੈਨੇਡਾ ਵੈਸਟ (ਬੀ ਸੀ) ਅਤੇ ਇੰਗਲੈਂਡ ਦਰਮਿਆਨ ਖੇਡਿਆ ਗਿਆ ਜਿਸ ਵਿੱਚ 30-41 ਦੇ ਫਰਕ ਨਾਲ ਕੈਨੇਡਾ ਵੈਸਟ (ਬੀ ਸੀ) ਦੀ ਟੀਮ ਜੇਤੂ ਰਹੀ। ਤੀਸਰਾ ਮੈਚ ਕੈਨੇਡਾ ਈਸਟ ਅਤੇ ਯੂ ਐਸ ਏ ਦਰਮਿਆਨ ਖੇਡਿਆ ਗਿਆ ਜਿਸ ਵਿੱਚ 29-32 ਸੇ ਫਰਕ ਨਾਲ ਕੈਨੇਡਾ ਈਸਟ ਦੀ ਟੀਮ ਜੇਤੂ ਰਹੀ। ਇਥੇ ਇਹ ਵਰਨਣਯੋਗ ਹੈ ਕਿ ਇਸ ਮੈਚ ਵਿੱਚ ਜਬਰਦਸਤ ਕਬੱਡੀ ਖੇਡੀ ਗਈ ਅਤੇ ਅਮਰੀਕਾ ਦੀ ਟੀਮ ਨੂੰ ਘੱਟੋ ਘੱਟ 8 ਜੱਫੇ ਲੱਗੇ।

ਚੌਥਾ ਮੈਚ ਇੰਗਲੈਂਡ ਅਤੇ ਨਾਰਵੇ ਦਰਮਿਆਨ ਖੇਡਿਆ ਗਿਆ। ਨਾਰਵੇ ਦੀ ਟੀਮ, ਪਾਕਿਸਤਾਨ ਦੀ ਟੀਮ ਨੂੰ ਵੀਜ਼ਾ ਨਾ ਮਿਲਣ ਕਾਰਣ ਖੜੇ ਪੈਰ ਤਿਆਰ ਕਰਨੀ ਪਈ ਸੀ ਜਿਸ ਕਰਕੇ ਇਸ ਟੀਮ ਤੋਂ ਜਿਆਦਾ ਆਸ ਨਹੀਂ ਸੀ ਰੱਖੀ ਜਾ ਸਕਦੀ। ਇਸ ਮੈਚ ਨੂੰ ਇੰਗਲੈਂਡ ਨੇ 32-37 ਦੇ ਫਰਕ ਨਾਲ ਜਿੱਤ ਲਿਆ ਅਤੇ ਇੰਗਲੈਂਡ ਸੈਮੀ ਫਾਈਨਲ ਵਿੱਚ ਪਹੁੰਚ ਗਈ। ਇੰਗਲੈਂਡ ਦੀ ਟੀਮ ਦੇ ਧਾਵੀ ਮੱਲ ਨੇ ਵੀ ਸ਼ਾਨਦਾਰ ਕਬੱਡੀਆਂ ਪਾਈਆਂ।

ਇਸ ਟੂਰਨਾਮੈਂਟ ਦਾ ਪਹਿਲਾ ਸੈਮੀ ਫਾਈਨਲ ਇੰਡਆ ਅਤੇ ਕੈਨੇਡਾ ਵੈਸਟ ਦਰਮਿਆਨ ਖੇਡਿਆ ਗਿਆ ਜਿਸ ਵਿੱਚ ਵੈਨਕੂਵਰ 38-41 ਦੇ ਫਰਕ ਨਾਲ ਜਿੱਤ ਕੇ ਫਾਈਨਲ ਵਿੱਚ ਪੁੱਜ ਗਈ। ਉਧਰੋਂ ਦੂਸਰਾ ਸੈਮੀ ਫਾਈਨਲ ਕੈਨੇਡਾ ਈਸਟ ਅਤੇ ਇੰਗਲੈਂਡ ਦਰਮਿਆਨ ਹੋਇਆ। ਇੰਗਲੈਂਡ ਦੇ ਗੁਰਦਾਸਪੁਰੀਏ ਮੱਲ ਨੂੰ ਉਨਟਾਰੀਓ ਦੇ ਮੰਗੀ ਵਲੋਂ ਲਾਇਆ ਜੱਫਾ ਇਸ ਮੈਚ ਦਾ ਸਭ ਤੋਂ ਯਾਦਗਾਰ ਜਫਾ ਹੋ ਨਿਬੜਿਆ। ਇਹ ਮੈਚ ਇਕ ਪਾਸੜ ਸੀ ਜਿਸ ਨੂੰ 53-27 ਦੇ ਫਰਕ ਨਾਲ ਉਨਟਾਰੀਓ ਭਾਵ ਕੈਨੇਡਾ ਈਸਟ ਨੇ ਜਿੱਤ ਲਿਆ। ਉਨਟਾਰੀਓ ਦੇ ਸੈਮੀ ਫਾਈਨਲ ਜਿੱਤਣ ਦਾ ਮਤਲਬ ਸੀ ਕਿ ਹੁਣ ਫਾਈਨਲ ਵਿੱਚ ਕੈਨੇਡਾ ਦੀਆਂ ਦੋਵੇਂ ਟੀਮਾਂ ਨੇ ਆਪਸ ਵਿੱਚ ਭਿੜਨਾ ਸੀ। ਇਸ ਪਾਸੇ ਕਿੰਦਾ ਬਿਹਾਰੀਪੁਰੀਆ ਅਤੇ ਗੁਰਲਾਲ ਧਾਵੀ ਸੀ ਅਤੇ ਦੂਸਰੇ ਪਾਸੇ ਸੁਖੀ ਸਰਾਵਾਂ ਵਾਲਾ, ਸਨਦੀਪ ਸੁਰਖਪੁਰੀਆ, ਲੱਖਾ ਅਤੇ ਸੁੱਖੀ ਲੱਖਣਕੇ ਪੱਡਾ ਸੀ।

ਇਸ ਟੂਰਨਾਮੈਂਟ ਵਿੱਚ ਸੰਤਾ ਅਤੇ ਬੰਤਾ ਦੀ ਬੋਰਿੰਗ ਆਈਟਮ ਦਰਸ਼ਕਾਂ ਨੂੰ ਪ੍ਰਭਾਵਿਤ ਨਾ ਕਰ ਸਕੀ, ਜਦੋਂ ਕਿ ਗੁਰਪ੍ਰੀਤ ਘੁੱਗੀ ਨੇ ਦਰਸ਼ਕਾਂ ਨੂੰ ਹਸਾ ਹਸਾ ਕੇ ਉਨ੍ਹਾਂ ਦੇ ਢਿੱਡੀਂ ਪੀੜਾਂ ਪਾ ਦਿੱਤੀਆਂ। ਇਸ ਟੂਰਨਾਮੈਂਟ ਵਿੱਚ ਵੱਖ ਵੱਖ ਰਾਜਨੀਤਕਾਂ ਨੇ ਹਾਜਲਰੀ ਲੁਆਈ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਰਾਜਨੀਤਕ ਲੋਕ ਕਬੱਡੀ ਦੇ ਮਹੱਤਵ ਨੂੰ ਸਮਝਦੇ ਹਨ।

ਉਨਟਾਰੀਓ ਦੇ ਡਿਪਟੀ ਪ੍ਰੀਮੀਅਰ ਜਾਰਜ ਸਮਿਦਰਮੈਨ ਨੇ ਜਿਥੇ ਦਰਸ਼ਕਾਂ ਨੂੰ ਇਸ ਟੂਰਨਾਮੈਂਟ ਲਈ ਵਧਾਈ ਦਿੱਤੀ ਉਥੇ ਉਨ੍ਹਾਂ ਨੇ ਯੰਗ ਸਪੋਰਟਸ ਕਲੱਬ ਨੂੰ 5 ਹਜ਼ਾਰ ਡਾਲਰ ਦੇਣ ਦਾ ਐਲਾਨ ਕਰਕੇ ਇਹ ਸਿੱਧ ਕਰ ਦਿੱਤਾ ਕਿ ਜਾਰਜ ਸਮਿਦਰਮੈਨ ਸਾਡੇ ਭਾਈਚਾਰੇ ਦਾ ਕਿੰਨਾ ਕਦਰਦਾਨ ਹੈ। ਲਿਬਰਲ ਪਾਰਟੀ ਦੇ ਆਗੂ ਮਾਈਕਲ ਇਗਨਾਚੀਅਫ ਤੋਂ ਇਲਾਵਾ ਬੌਨੀ ਕਰਾਂਮਬੀ, ਟਿੱਮ ਉਪਲ, ਅੰਮ੍ਰਿਤ ਮਾਂਗਟ, ਵਿੱਕ ਢਿਲੋਂ, ਵਿੱਕੀ ਢਿਲੋਂ, ਗੁਰਬਖਸ਼ ਸਿੰਘ ਮੱਲੀ, ਕੈਨੇਡਾ ਦੇ ਪਬਲਿਕ ਸੇਫਟੀ ਮਨਿਸਟਰ ਪੀਟਰ ਵੇਨ ਲੋਨ, ਕੰਸਰਵੇਟਿਵ ਪਾਰਟੀ ਦੇ ਪ੍ਰਧਾਨ ਡੌਨ ਪਲਿੱਟ,ਮਿਸੀਸਾਗਾ ਐਰਨਡੇਲ ਦੇ ਐਮ ਪੀ ਬੌਬ ਡੈਕਰਟ ਤੋਂ ਇਲਾਵਾ ਬਰੈਂਪਟਨ ਸਪਰਿੰਗਡੇਲ ਦੇ ਕੰਸਰਵੇਟਿਵ ਉਮੀਦਵਾਰ ਪਰਮ ਨੇ ਸ਼ਮੂਲੀਅਤ ਕੀਤੀ। ਪਰਮ ਗਿੱਲ ਨੇ ਇਸ ਟੂਰਨਾਮੈਂਟ ਨੂੰ ਨੇਪਰੇ ਚਾੜਨ ਵਿੱਚ ਕਾਫੀ ਯੋਗਦਾਨ ਪਾਇਆ ਹੈ। ਪ੍ਰਬੰਧਕਾਂ ਨੇ ਵਾਰ ਵਾਰ ਪਰਮ ਗਿੱਲ ਦਾ ਇਸ ਲਈ ਵੀ ਧੰਨਵਾਦ ਕੀਤਾ, ਕਿ ਇਸ ਕੱਪ ਵਿੱਚ ਆਉਣ ਵਾਲੇ ਖਿਡਾਰੀਆਂ ਨੂੰ ਵੀਜ਼ਾ ਸੇਵਾਵਾਂ ਮੁਹਈਆ ਕਰਾਉਣ ਵਿੱਚ ਪਰਮ ਗਿੱਲ ਨੇ ਅਹਿਮ ਭੂਮਿਕਾ ਨਿਭਾਈ ਹੈ।

ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਉਸ ਨੇ ਸਾਰੀ ਜਿ਼ੰਦਗੀ ਕਬੱਡੀ ਵੇਖੀ ਹੈ ਪਰ ਰੌਜ਼ਰਜ਼ ਸੈਂਟਰ ਵਿੱਚ ਹੋ ਰਹੀ ਕਬੱਡੀ ਸਭ ਤੋਂ ਅਹਿਮ ਅਤੇ ਉਪਰ ਹੈ। ਘੁੱਗੀ ਨੇ ਕਿਹਾ ਕਿ ਪਹਿਲਾਂ ਮੈਂ ਰੌਜ਼ਰਜ਼ ਸੈਂਟਰ ਨੂੰ ਸੀ ਐਨ ਟਾਵਰ ਤੋਂ ਵੇਖਿਆ ਸੀ ਕਿ ਆਹ ਕੋਈ ਭਾਡਾ ਜਿਹਾ ਮੂਧਾ ਮਾਰਿਆ ਪਿਆ ਹੈ ਪਰ ਅੱਜ ਇਸਦੇ ਅੰਦਰ ਆ ਕੇ ਇਸਦੀ ਸੁੰਦਰਤਾ ਨੂੰ ਵੇਖਿਆ ਹੈ। ਯੰਗ ਸਪੋਰਟਸ ਕਲੱਬ ਦੀ ਵਿੱਤੀ ਸਮੱਸਿਆ ਬਾਰੇ ਲਤੀਫਾ ਸੁਣਾਇਆ ਕਿ ਸਾਡੇ ਪਿੰਡ ਵਿੱਚ ਕਿਸੇ ਨੇ ਘੜੁੱਕਾ ਪਾ ਲਿਆ। ਮੈਂ ਉਸਨੂੰ ਪੁਛਿਆ ਕਿ ਚਾਚਾ ਕਿਵੇਂ ਕਮਾਈ ਬਗੈਰਾ ਠੀਕ ਠਾਕ ਹੈ ਤਾਂ ਉ ਕਹਿੰਦਾ ਕਿ 400 ਕੁ ਸੌ ਰੁਪਏ ਬਣ ਜਾਦੇ ਹਨ। 200 ਸੌ ਪੁਲੀਸ ਵਾਲੇ ਲੈ ਜਾਂਦੇ ਹਨ ਅਤੇ ਬਾਕੀ ਦਾ ਤੇਲ ਬਗੇਰਾ ਲੱਗ ਜਾਂਦਾ ਹੈ ਤੇ ਆਪਣੇ ਪੱਲੇ ਤਾਂ ਝੂਟੇ ਹੀ ਪੈਂਦੇ ਹਨ ਇਵੇਂ ਯੰਗ ਸਪੋਰਟਸ ਕਲੱਬ ਵਾਲਿਆਂ ਦੇ ਪੱਲੇ ਝੂਟੇ ਹੀ ਪੈਣੇ ਹਨ।

ਗੁਰਪ੍ਰੀਤ ਘੁੱਗੀ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜਿ਼ਕਰ ਕਰਦਿਆਂ ਦੱਸਿਆ ਕਿ ਸਿੱਖ ਕੌਮ ਦੀ ਚੜਦੀ ਕਲਾ ਦਾ ਆਹ ਨਜ਼ਾਰਾ ਹੈ। ਇਸ ਦੇ ਨਾਲ ਹੀ ਗੁਰਪ੍ਰੀਤ ਘੁੱਗੀ ਵਲੋਂ ਸਿੱਖ ਪੰਥ ਦੇ ਕਕਾਰਾਂ ਚੋਂ ਇੱਕ ਕਕਾਰ ਦਾ ਮਜ਼ਾਕ ਬਣਾਇਆ ਗਿਆ। ਇਹੀ ਚੁਟਕਲਾ ਜਦੋਂ ਟਰਾਂਟੋ ਦੇ ਇੱਕ ਕੁਮੈਂਟਰੀਕਾਰ ਨੇ ਸੁਣਾਇਆ ਸੀ ਤਾਂ ਉਸਨੂੰ ਇਸਦੀ ਮੁਆਫੀ ਮੰਗਣੀ ਪਈ ਸੀ। ਕਛਿਹਰੇ ਦਾ ਮਜ਼ਾਕ ਉਡਾਉਣਾ ਲੋਕਾਂ ਨੂੰ ਚਡੰਗਾ ਨਹੀਂ ਲੱਗਿਆ।

ਫਾਈਨਲ ਮੈਚ ਤੋਂ ਪਹਿਲਾਂ ਰਵਾਇਤ ਨੂੰ ਕਾਇਮ ਰੱਖਦਿਆਂ ਮਹਿਮਾਨਾਂ ਅਤੇ ਯਾਰਾਂ ਦੋਸਤਾਂ ਨੂੰ ਕਲੱਬ ਨੇ ਗਰਾਊਂਡ ਵਿੱਚ ਲਿਆਦਾ ਗਿਆ, ਟੀਮਾਂ ਨਾਲ ਹੱਥ ਮਿਲਾਉਣਾ ਅਤੇ ਫੋਟੋ ਸੈਸ਼ਨ ਹੋਇਆ। ਉਪਰੰਤ ਕਲੱਬ ਦੇ ਨਾਮਵਰ ਖਿਡਾਰੀ ਅਤੇ ਸਥਾਨਕ ਅਖਬਾਰ ਦੇ ਮਾਲਕ ਜਗਦੀਸ਼ ਗਰੇਵਾਲ ਨੂੰ ਸੋਨੇ ਦਾ ਤਗਮਾ ਪਾ ਕੇ ਸਨਮਾਨਿਤ ਕੀਤਾ ਗਿਆ।

ਅਖੀਰ ਵਿੱਚ ਫਾਈਨਲ ਮੈਚ ਕੈਨੇਡਾ ਦੀਆਂ ਦੋਹਾਂ ਟੀਮਾਂ ਦੇ ਵਿਚਕਾਰ ਹੋਇਆ। ਕੈਨੇਡਾ ਈਸਟ ਅਤੇ ਕੈਨੇਡਾ ਵੈਸਟ ਦੀਆਂ ਟੀਮਾਂ ਨੇ ਲਗਾਤਾਰ 40 ਮਿੰਟ ਗੇਮ ਲਾਈ ਅਤੇ ਸਿਰਫ 1-1 ਜਫਾ ਹੀ ਲੱਗ ਸਕਿਆ। 44-44 ਦੇ ਬਰਾਬਰ ਅੰਕ ਰਹਿਣ ਤੋਂ ਬਾਅਦ ਫੈਡਰੇਸ਼ਨ ਦੇ ਕਾਨੂੰਨ ਅਨੁਸਾਰ ਪਹਿਲਾਂ 3-3 ਰੇਡਾਂ, ਫਿਰ 2-2 ਰੇਡਾਂ ਅਤੇ ਫਿਰ 1-1 ਰੇਡ ਦਿੱਤੀ ਜਾਂਦੀ ਹੈ। ਇਨਾਂ ਰੇਡਾਂ ਵਿੱਚ ਕੋਈ ਵੀ ਰੇਡਰ ਸਿਰਫ ਇੱਕ ਹੀ ਰੇਡ ਪਾ ਸਕਦਾ ਹੈ। ਇਸ ਮੈਚ ਦੌਰਾਨ ਦੋਹਾਂ ਟੀਮਾਂ ਦੇ 2-2 ਰੇਡਰ ਹੀ ਰੇਡ ਪਾਉਂਦੇ ਰਹੇ ਅਤੇ 3-3 ਰੇਡਰ ਦੋਹਾਂ ਟੀਮਾਂ ਦੇ ਹੀ ਖੜੇ ਹੋ ਕੇ ਵਕਤ ਗੁਜਾਰਦੇ ਰਹੇ। ਪਰ ਅਖੀਰ ਵਿੱਚ ਸਭ ਨੇ ਰੇਡ ਪਾਉਣੀ ਸੀ ਜਿਸ ਕਰਕੇ ਇੱਸ ਅਤਿ ਬੋਰਿੰਗ ਮੈਚ ਵਿੱਚ ਇੱਕ ਦਮ ਉਤਸੁਕਤਾ ਵੱਧ ਗਈ। ਫੈਡਰੇਸ਼ਨ ਦੇ ਇੱਕ ਹੋਰ ਕਾਨੂੰਨ ਦੀ ਅੱਜ ਰੱਜ ਕੇ ਉਲੰਘਣਾ ਹੁੰਦੀ ਰਹੀ। ਉਹ ਸੀ ਕਿ ਕੋਈ ਵੀ ਵਿਅਕਤੀ ਗਰਾਊਂਡ ਵਿੱਚ ਵੜ ਨਹੀਨ ਸਕਦਾ। ਲੋਕਲ ਟੁਰਨਾਮੈਂਟਾਂ ਤੇ ਫੈਡਰੇਸ਼ਨ ਵਲੋਂ ਟਿਕਟਾਂ ਕੱਟੀਆਂ ਜਾਂਦੀਆਂ ਹਨ ਪਰ ਇਥੇ ਹਰ ਕੋਈ ਅੰਦਰ ਜਾ ਕੇ ਕੋਚਿੰਗ ਕਰ ਰਿਹਾ ਸੀ।

3-3 ਰੇਡਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਦੋਹਾਂ ਟੀਮਾਂ ਨੇ 3-3 ਰੇਡਾਂ ਪਾਈਆਂ ਅਤੇ 1-1 ਜਫਾ ਲੱਗਣ ਤੇ ਮੈਚ ਫਿਰ 47-47 ਅੰਕਾਂ ਤੇ ਬਰਾਬਰ ਰਹਿ ਗਿਆ। ਫਿਰ 2-2 ਰੇਡਾਂ ਪਾਉਣ ਦਾ ਸਿਲਸਿਲਾ ਸ਼ੁਰੂ ਹੋਇਆ। ਬੀ ਸੀ ਦੀ ਟੀਮ ਨੇ 1 ਰੇਡ ਪਾਈ ਅਤੇ ਅੰਕ ਪ੍ਰਾਪਤ ਕਰ ਲਿਆ। ਉਨਟਾਰੀਓ ਦੀ ਟੀਮ ਨੇ ਪਹਿਲੀ ਰੇਡ ਵਿੱਚ ਅੰਕ ਲੈ ਲਿਆ ਅਤੇ ਦੁਸਰੀ ਰੇਡ ਤੇ ਵੀ ਅੰਕ ਪ੍ਰਾਪਤ ਕਰ ਲਿਆ ਪਰ ਇਥੇ ਡਬਲ ਟੱਚ ਦੇ ਅੰਕ ਤੇ ਵਿਵਾਦ ਛਿੜ ਪਿਆ। ਘੋਖ ਕਰਨ ਤੇ ਪਤਾ ਲੱਗ ਕਿ ਡਬਲ ਟੱਚ ਹੋਇਆ ਸੀ ਅਤੇ ਰੈਫਰੀ ਦਾ ਫੈਸਲਾ ਦਰੁਸਤ ਸੀ, ਪਰ ਡੇਢ ਕੁ ਸਕਿੰਟ ਲੇਟ ਫੈਸਲਾ ਦੇਣ ਸਦਕਾ ਬੀ ਸੀ ਦੀ ਟੀਮ ਨੂੰ ਬਹਾਨਾ ਮਿਲ ਗਿਆ। ਫੈਡਰੇਸ਼ਨ ਦੇ ਪ੍ਰਧਾਨ ਨੇ ਅਦਾਰਾ ਡੇਲੀ ਨੂੰ ਦੱਸਿਆ ਕਿ ਰੈਫਰੀ ਬਿਨੇ ਦਾ ਫੈਸਲਾ ਦਰੁਸਤ ਹੈ ਅਤੇ ਇਹੀ ਫੈਸਲਾ ਫੈਡਰੇਸ਼ਨ ਵਲੋਂ ਆਖਰੀ ਮੰਨਿਆ ਜਾ ਰਿਹਾ ਹੈ। ਜਦੋਂ ਕਿ ਬੀ ਸੀ ਦੀ ਟੀਮਮਦੇ ਨੁਮਾਇੰਦੇ ਪੈਰ ਤੇ ਪਾਣੀ ਨਹੀਂ ਸੀ ਪੈਣ ਦੇ ਰਹੇ। ਪੁਲੀਸ ਚੌਕਸ ਹੋ ਗਈ, ਸਕਿਊਰਟੀ ਗਾਰਡ ਪੱਬਾਂ ਭਾਰ ਹੋ ਗਏ। ਚਾਰ ਚੁਫੇਰੇ ਦਸਰਸ਼ਕਾਂ ਵਲੋਂ ਉਤਸੁਕਤਾ ਬਉਜਾਗਰ ਕਰਨ ਲਈ ਰੌਲਾ ਪੈਣ ਲੱਗਾ। ਆਖਿਰ ਉਨਟਾਰੀਓ ਸਪੋਰਟਸ ਫੈਡਰੇਸ਼ਨ ਦੇ ਪ੍ਰਧਾਨ ਨਰਿੰਦਰ ਚਾਹਲ ਨੇ ਮਾਈਕ ਤੇ ਆ ਕੇ ਅਨਾਊਂਸ ਕਰ ਦਿੱਤਾ ਕਿ ਫੈਡਰੇਸ਼ਨ ਰੈਫਰੀ ਦੇ ਫੈਸਲੇ ਨਾਲ ਸਹਿਮਤ ਹੈ। ਉਨ੍ਹਾਂ ਕਿਹਾ ਕਿ ਇਸ ਟੁਰਨਾਮੈਂਟ ਨੂੰ ਸਫਲਤਾ ਦੇਣ ਲਈ ਅਸੀਂ ਬੀਸੀ ਦੀ ਟੀਮ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੀ ਰਹਿੰਦੀ ਰੇਡ ਪਾਉਣ। ਬੀ ਸੀ ਦੀ ਟੀਮ ਨੇ ਆਖਰੀ ਰੇਡ ਪਾ ਕੇ ਟੂਰਨਾਮੈਂਟ ਨੂੰ ਸਾਕਾਰਤਮਿਕ ਨੋਟ ਤੇ ਸਮਾਪਤ ਕਰਨ ਵਿੱਚ ਸਹਿਯੋਗ ਦੇਣ ਤੋਂ ਇਨਕਾਰੀ ਹੁੰਦਿਆਂ ਇਹੀ ਰੱਟ ਲਾਈ ਰੱਖੀ ਕਿ ਉਨ੍ਹਾਂ ਨਾਲ ਧੱਕਾ ਹੋ ਰਿਹਾ ਹੈ।

ਆਖਿਰ ਉਨਟਾਰੀਓ ਸਪੋਰਟਸ ਫੈਡਰੇਸ਼ਨ ਵਲੋਂ ਉਨਟਾਰੀਓ ਦੀ ਟੀਮ ਨੂੰ ਜੇਤੂ ਕਰਾਰ ਦਿੰਦਿਆਂ ਕੱਪ ਹਵਾਲੇ ਕਰ ਦਿੱਤਾ। ਦੁਸਰੇ ਸਥਾਨ ਦਾ ਕੱਪ ਅਤੇ ਜੇਤੂ ਰਾਸ਼ੀਫਲ ਅਜੇ ਉਨ੍ਹਾਂ ਤੱਕ ਪਹੁੰਚਾਉਣਾ ਬਾਕੀ ਹੈ।

ਪ੍ਰਿਸੀਪਲ ਸਰਵਣ ਸਿੰਘ ਨੇ ਆਪਣਾ ਪ੍ਰਤੀਕਰਮ ਜ਼ਾਹਿਰ ਕਰਦਿਆਂ ਕਿਹਾ ਕਿ ਰੌਜਰਜ਼ ਸੈਂਟਰ ਦੀ ਭੱਲ ਤਾਂ ਬਹੁਤ ਵੱਡੀ ਹੈ ਪਰ ਕਬੱਡੀ ਲਈ ਇਹ ਕੋਈ ਵਧੀਆ ਤਜ਼ਰਬਾ ਨਹੀਂ ਰਿਹਾ।

ਦਰਸ਼ਕਾਂ ਦਾ ਬਹੁਤ ਵੱਡਾ ਇਤਰਾਜ਼ ਸੀ ਕਿ ਖੇਡ ਦਾ ਮੈਦਾਨ ਉਨ੍ਹਾਂ ਤੋਂ ਕਾਫੀ ਦੂਰੀ ਤੇ ਪੈਂਦਾ ਹੈ ਜਿਸ ਕਰਕੇ ਉਨ੍ਹਾਂ ਨੂੰ ਸਕਰੀਨ ਹੀ ਵੇਖਣੀ ਪੈਂਦੀ ਹੈ।

ਕੁਮੈਂਟਰੀ ਦੇ ਬਾਬਾ ਬੋਹੜ ਸ੍ਰ. ਦਾਰਾ ਸਿੰਘ ਨੇ ਕਿਹਾ ਕਿ ਰੌਜਰਜ਼ ਸੈਂਟਰ ਦੀਆਂ ਚੰਗੀਆਂ ਗੱਲਾਂਧ ਤਾਂ ਇਹੀ ਹਨ ਕਿ ਇਸ ਵਿੱਚ ਆ ਕੇ ਖੇਡ ਦਾ ਵੈਸੇ ਹੀ ਮਾਣ ਬਹੁਤ ਵੱਧ ਜਾਂਦਾ ਹੈ। ਦੂਸਰੀ ਜੰਬੋ ਸਕਰੀਨ ਬਹੁਤ ਹੀ ਲਾਹੇਵੰਦ ਸਿੱਧ ਹੋਈ ਹੈ। ਪਰ ਇਸ ਦੇ ਬਾਵਜੂਦ ਅੰਦਰ ਹੁੰਮਸ ਕਾਰਣ ਗਰਮੀ ਅਤੇ ਗਰਮੀ ਕਾਰਣ ਖਿਡਾਰੀਆਂ ਨੂੰ ਪਸੀਨਾ ਚੋਣ ਲੱਗ ਪਿਆ ਜਿਸ ਕਰਕੇ ਜਫੇ ਲੱਗਣੇ ਅਸੰਭਵ ਹੋ ਗਏ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਕਿ ਰੌਜਰਜ਼ ਸੈਂਟਰ ਵਿੱਚ ਇਹ ਆਖਰੀ ਹੀ ਟੂਰਨਾਮੈਂਟ ਹੋਣਾ ਚਾਹੀਦਾ ਹੈ।

ਕੁਲ ਮਿਲਾ ਕੇ ਕਬੱਡੀ ਇਤਹਾਸ ਵਿੱਚ ਇਹ ਇਕੱ ਅਜਿਹਾ ਮੀਲ ਪੱਥਰ ਗੱਡਿਆ ਗਿਆ ਹੈ ਇਸ ਨੂੰ ਆਉਣ ਵਾਲੇ ਸਮਿਆਂ ਵਿੱਚ ਯਾਦ ਕੀਤਾ ਜਾਵੇਗਾ। ਇਸ ਲਈ ਯੰਗ ਸਪੋਰਟਸ ਕਲੱਬ ਦੇ ਰਾਣਾ, ਜੱਸੀ ਅਤੇ ਦੂਲੇ ਵਰਗੇ ਘੈਂਟ ਵਰਕਰ ਵਧਾਈ ਦੇ ਪਾਤਰ ਹਨ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>