ਸਿੱਖ ਇਤਿਹਾਸ ਨਾਲ ਸਬੰਧਤ ਗ੍ਰੰਥਾਂ ਦੀ ਸੰਪਾਦਨਾ ਅਤੇ ਖੋਜ ਕਾਰਜਾਂ ਨੂੰ ਹੋਰ ਵੀ ਉਤਸ਼ਾਹਤ ਕੀਤਾ ਜਾਵੇਗਾ- ਜਥੇ: ਅਵਤਾਰ ਸਿੰਘ

Avtar Singh (SGPC)ਅੰਮ੍ਰਿਤਸਰ – ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਕਾਰਜਾਂ ਦੇ ਨਾਲ-ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਇਤਿਹਾਸ ਨਾਲ ਸਬੰਧਤ ਗ੍ਰੰਥਾਂ ਦੇ ਸੰਪਾਦਨ ਦੇ ਕਾਰਜ ਲਈ ਪ੍ਰਸਿੱਧ ਇਤਿਹਾਸਕਾਰ ਡਾ: ਕ੍ਰਿਪਾਲ ਸਿੰਘ ਦੀ ਅਗਵਾਈ ਹੇਠ ਕਲਗੀਧਰ ਨਿਵਾਸ ਚੰਡੀਗੜ੍ਹ ਵਿਖੇ ‘ਸਿੱਖ ਸਰੋਤ ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰੋਜੈਕਟ’ ਬਾਖੂਬੀ ਆਪਣਾ ਕਾਰਜ ਨਿਭਾ ਰਿਹਾ ਹੈ। ਇਸ ਪ੍ਰੋਜੈਕਟ ਵਲੋਂ ਖੋਜ ਕਾਰਜਾਂ ਦੇ ਨਾਲ-ਨਾਲ ਨਵੇਂ ਖੋਜਕਾਰਾਂ ਨੂੰ ਇਸ ਖੇਤਰ ਦੇ ਮਾਹਰ ਵਿਦਵਾਨਾਂ ਨਾਲ ਵਿਚਾਰਾਂ ਦੀ ਸਾਂਝ ਅਤੇ ਅਜੋਕੇ ਯੁੱਗ ਦੀਆਂ ਖੋਜ-ਵਿੱਧੀਆਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਆਰੰਭ ਕੀਤੀ ਲੈਕਚਰ-ਲੜੀ ਵਿਦਵਾਨਾਂ, ਖੋਜਕਾਰਾਂ ਤੇ ਇਤਿਹਾਸ ਦੇ ਪਾਠਕਾਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ, ਸ਼੍ਰੋਮਣੀ ਕਮੇਟੀ ਵਲੋਂ ਇਸ ਕਾਰਜ ਨੂੰ ਹੋਰ ਵੀ ਉਤਸ਼ਾਹਤ ਕੀਤਾ ਜਾਵੇਗਾ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਬੀਤੇ ਦਿਨ ਕਲਗੀਧਰ ਨਿਵਾਸ ਚੰਡੀਗੜ੍ਹ ਵਿਖੇ ਲੈਕਚਰ ਲੜੀ ਦੀ ਆਰੰਭਤਾ ਤੋਂ ਪਹਿਲਾਂ ਵਿਦਵਾਨਾਂ ਤੇ ਸਰੋਤਿਆਂ ਨੂੰ ਸੰਬੋਧਨ ਸਮੇਂ ਕੀਤਾ।

ਉਨ੍ਹਾਂ ਕਿਹਾ ਕਿ ਖੋਜ ਕਾਰਜਾਂ ਨੂੰ ਉਤਸ਼ਾਹਤ ਕਰਨ ਲਈ ਕੀਤੇ ਜਾ ਰਹੇ ਇਸ ਉਪਰਾਲੇ ਨਾਲ ਰੀਸਰਚ ਸਕਾਲਰ ਨਵੀਂਆਂ ਖੋਜ ਵਿਧੀਆਂ ਤੋਂ ਜਾਣੂ ਹੋ ਸਕਣਗੇ। ਵਿਦਵਾਨਾਂ ਦੇ ਜੀਵਨ ਤਜ਼ਰਬੇ ਤੋਂ ਜਾਣੂੰ ਹੋਣਾ ਤੇ ਉਨ੍ਹਾਂ ਨਾਲ ਵਿਚਾਰਾਂ ਦੀ ਸਾਂਝ ਕਰਨਾ ਵੀ ਕਿਤਾਬੀ ਗਿਆਨ ਵਾਂਗ ਹੀ ਲਾਭਦਾਇਕ ਹੈ। ਇਸ ਮੌਕੇ ਉਨ੍ਹਾਂ ਪ੍ਰੋਜੈਕਟ ਵਲੋਂ ਤਿਆਰ ਕੀਤੀ ਨੌਵੀਂ ਪੋਥੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜੀਵਨ ਬਿਰਤਾਂਤ (ਭਾਗ ਦੂਜਾ) ਵੀ ਰੀਲੀਜ਼ ਕੀਤੀ।

ਲੈਕਚਰ-ਲੜੀ ਦੇ ਮੁੱਖ ਵਕਤਾ ਪ੍ਰਸਿੱਧ ਇਤਿਹਾਸਕਾਰ ਡਾ: ਜੇ.ਐਸ. ਗਰੇਵਾਲ ਨੇ ‘ਇਤਿਹਾਸ ਤੇ ਇਤਿਹਾਸਕਾਰੀ ਵਿਸ਼ੇ ’ਤੇ ਚਾਨਣਾ ਪਾਉਂਦਿਆਂ ਇਤਿਹਾਸਕ ਖੋਜ ਬਾਰੇ ਵੱਖ-ਵੱਖ ਖੋਜ ਵਿਧੀਆਂ ਅਤੇ ਅੰਤਰ ਦ੍ਰਿਸ਼ਟੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਆਧੁਨਿਕ ਇਤਿਹਾਸ ਦੀ ਗੱਲ ਕਰਦਿਆਂ ਕਿਹਾ ਕਿ ਵਰਤਮਾਨ ਇਤਿਹਾਸ ਨੂੰ ਜਾਨਣ ਲਈ ਪੁਰਾਤਨ ਇਤਿਹਾਸ ਦੀ ਜਾਣਕਾਰੀ ਹੋਣੀ ਵੀ ਅਤੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸ਼ਰਧਾ ਤੇ ਵਿਸ਼ਵਾਸ ਦੇ ਸੰਕਲਪ ਨੂੰ ਇਤਿਹਾਸ ਵਿਚ ਮਨਫੀ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਤਿਹਾਸ ਸਮੁੱਚੇ ਲੋਕਾਂ ਦਾ ਹੁੰਦਾ ਹੈ ਨਾਂ ਕਿ ਕੇਵਲ ਰਾਜਸੀ ਲੋਕਾਂ ਦਾ ਅਤੇ ਮਰਦ ਤੇ ਔਰਤ ਦੋਨਾਂ ਦਾ ਇਤਿਹਾਸ ’ਚ ਬਰਾਬਰ ਸਥਾਨ ਹੈ।

ਇਸ ਮੌਕੇ ਪ੍ਰੋਜੈਕਟ ਇੰਚਾਰਜ ਡਾ: ਕਿਰਪਾਲ ਸਿੰਘ ਨੇ ਵਿਦਵਾਨਾਂ ਤੇ ਸਕਾਲਰਾਂ ਨੂੰ ਜੀ ਆਇਆਂ ਕਹਿੰਦਿਆਂ ਪ੍ਰੋਜੈਕਟ ਦੁਆਰਾ ਗੁਰੂ ਨਾਨਕ ਪ੍ਰਕਾਸ਼ ਅਤੇ ਸੂਰਜ ਪ੍ਰਕਾਸ਼ ਦੀਆਂ ਛਪ ਚੁੱਕੀਆਂ ਪੋਥੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਭਾਈ ਸੰਤੋਖ ਸਿੰਘ ਦੁਆਰਾ ਗੁਰੂ ਨਾਨਕ ਦੇਵ ਜੀ ਦੇ ਬਾਲਪਣ ਤੋਂ ਅੰਤਮ ਅਵਸਥਾ ਤੱਕ ਦੀਆਂ ਰਚਿਤ ਵਿਲੱਖਣ ਘਟਨਾਵਾਂ ਬਿਆਨ ਕੀਤੀਆਂ ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਫਾਰਸੀ ਸਰੋਤਾਂ ’ਤੇ ਅਧਾਰਤ ਨਵੀਨ ਪੱਖ ਵੀ ਪੇਸ਼ ਕੀਤੇ। ਇਸ ਪ੍ਰੋਜੈਕਟ ’ਚ ਡਾ: ਕਿਰਪਾਲ ਸਿੰਘ ਦੀ ਅਗਵਾਈ ’ਚ ਰੀਸਰਚ ਸਕਾਲਰ ਸ. ਚਮਕੌਰ ਸਿੰਘ, ਸ. ਸੁਖਮਿੰਦਰ ਸਿੰਘ ਗੱਜਣ ਵਾਲਾ, ਬੀਬੀ ਬਲਜੀਤ ਕੌਰ ਤੇ ਬੀਬੀ ਹਰਜੀਤ ਕੌਰ ਖੋਜ  ਕਾਰਜ ਕਰ ਰਹੇ ਹਨ।

ਧਰਮ ਪ੍ਰਚਾਰ ਕਮੇਟੀ ਦੇ ਐਡੀ: ਸਕੱਤਰ ਸ. ਹਰਜੀਤ ਸਿੰਘ ਨੇ ਸਭਾ ਵਿਚ ਆਏ ਵਿਦਵਾਨਾਂ, ਰੀਸਰਚ ਸਕਾਲਰਾਂ ਤੇ ਹੋਰ ਬੁੱਧੀਜੀਵੀਆਂ ਦਾ ਧੰਨਵਾਦ ਕੀਤਾ। ਸੈਮੀਨਾਰ ਵਿਚ ਡਾ: ਇੰਦੂ ਬਾਂਗਾ, ਡਾ: ਮਾਨ ਸਿੰਘ ਨਿਰੰਕਾਰੀ, ਭਾਈ ਅਸ਼ੋਕ ਸਿੰਘ ਬਾਗੜੀਆਂ, ਡਾ: ਕੁਲਵਿੰਦਰ ਸਿੰਘ ਬਾਜਵਾ ਤੇ ਡਾ: ਨਾਜ਼ਰ ਸਿੰਘ ਇਤਿਹਾਸ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋ: ਡਾ: ਗੁਰਮੇਲ ਸਿੰਘ, ਡਾ: ਗੁਰਬਖਸ਼ ਸਿੰਘ ਯੂ.ਐੱਸ.ਏ., ਗਿ. ਸੁਰਿੰਦਰ ਸਿੰਘ ਨਿਮਾਣਾ, ਪ੍ਰਿੰਸੀਪਲ ਖੁਸ਼ਹਾਲ ਸਿੰਘ, ਪ੍ਰੋ: ਅਮਰਜੀਤ ਸਿੰਘ (ਸਤਨਾਮ ਟ੍ਰਸਟ), ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸ. ਹਰਵਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਿਦਵਾਨਾਂ ਤੋਂ ਇਲਾਵਾ ਸ. ਗੁਰਦੇਵ ਸਿੰਘ ਪ੍ਰਧਾਨ ਸਿੱਖ ਐਜੂਕੇਸ਼ਨ ਸੁਸਾਇਟੀ, ਸ. ਪ੍ਰੀਤਮ ਸਿੰਘ ਪ੍ਰਧਾਨ ਇੰਸਟੀਚਿਊਟ ਆਫ ਸਿੱਖ ਸਟੱਡੀਜ਼, ਡਾ: ਜਸਬੀਰ ਸਿੰਘ ਆਹਲੂਵਾਲੀਆ ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਡਾ: ਐਸ.ਬੀ.ਐਸ. ਮਾਨ, ਡਾਇਰੈਕਟਰ ਮੀਰੀ-ਪੀਰੀ ਮੈਡੀਕਲ ਕਾਲਜ ਸ਼ਾਹਬਾਦ, ਮੀਤ ਸਕੱਤਰ ਸ. ਬਲਵਿੰਦਰ ਸਿੰਘ ਜੋੜਾਸਿੰਘਾ, ਸ. ਸਿਮਰਨਜੀਤ ਸਿੰਘ ਆਦਿਕ ਪਤਵੰਤੇ ਸੱਜਣ ਸ਼ਾਮਲ ਸਨ। ਸਟੇਜ ਸੰਚਾਲਨ ਸ. ਚਮਕੌਰ ਸਿੰਘ ਰੀਸਰਚ ਸਕਾਲਰ ਨੇ ਬਾਖ਼ੂਬੀ ਕੀਤਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>