ਨਾਗਮਣੀਂ

ਨਾ ਹੰਝੂਆਂ ਦੀ ਭਾਸ਼ਾ ਹੁੰਦੀ ਹੈ

ਅਤੇ ਨਾ ਹਾਸੇ ਦੀ!

ਨਾ ਦਰਦ ਦੀ ਭਾਸ਼ਾ ਹੁੰਦੀ ਹੈ

ਅਤੇ ਨਾ ਸ਼ੋਖ਼ ਚਿਹਰੇ ਦੀ!

ਨਾ ਅੱਖਾਂ ਦੀ ਰੜਕ ਦੀ ਭਾਸ਼ਾ ਹੁੰਦੀ ਹੈ

ਨਾ ਪੈਰਾਂ ਦੇ ਛਾਲਿਆਂ ਦੀ!

ਨਾ ਅੱਗ ਦੇ ਸੇਕ ਦੀ ਭਾਸ਼ਾ ਹੁੰਦੀ ਹੈ

ਅਤੇ ਨਾ ਸੀਤਲ ਜਲ ਦੀ!

ਨਾ ਸੁਆਦ ਦੀ ਭਾਸ਼ਾ ਹੁੰਦੀ ਹੈ

ਅਤੇ ਨਾ ਬਿਖ਼ਰੀ ਖ਼ੁਸ਼ਬੂ ਦੀ!

ਨਾ ਬਹਾਰ ਦੀ ਭਾਸ਼ਾ ਹੁੰਦੀ ਹੈ

ਅਤੇ ਨਾ ਪੱਤਝੜ ਦੀ!

ਪਰ…

ਲੋਕ ਉਸ ਦੇ ‘ਅਰਥ’

ਫਿ਼ਰ ਵੀ ਸਮਝਦੇ ਨੇ!

ਕਿਉਂਕਿ ਉਹਨਾਂ ਦੀ ਵੀ ਇਕ,

ਆਪਣੀ ‘ਬੋਲੀ’ ਅਤੇ ਬੋਲਣ ਦਾ ‘ਢੰਗ’ ਹੁੰਦੈ!!

……

ਕਾਸ਼…਼!

ਹਰ ਬੰਦਾ ਅੰਤਰਜਾਮੀ ਹੁੰਦਾ,

ਜੋ ਬੁੱਝ ਲੈਂਦਾ

ਹਰ ਇਕ ਦੇ ਮਨ ਦੀ ਪੀੜ

ਅਤੇ ਮਜਬੂਰੀ!

ਨਦੀ ਦੇ ਵਹਾਅ ਵੱਲ ਮੂੰਹ ਕਰਕੇ

ਮੈਨੂੰ ਇਹ ਉਲਾਂਭਾ ਨਾ ਦੇਹ

ਕਿ ਮੈਨੂੰ ਪਾਣੀ ਦੇ ਸਿਰੜ ‘ਤੇ ਸ਼ੱਕ ਹੈ!

ਉਹ ਤਾਂ ਪਰਬਤ ਦੇ ਚਰਨਾਂ ਵਿਚ ਵਗ ਕੇ

ਆਪਣੀ ਨਿਮਰਤਾ ਤੇ ਧਾਰਨਾਂ ਦਾ

ਆਪ ਸਬੂਤ ਦੇ ਰਹੀ ਹੈ!

…..

ਜਦ ਸਰ੍ਹੋਂ ਦਾ ਫ਼ੁੱਲ

ਫ਼ੁੱਲਕਾਰੀ ਦੇ ਪੱਲੇ ਵਿਚ ਮਸਲ਼ ਕੇ

ਤੂੰ ਮੈਨੂੰ ਪੁੱਛਿਆ ਸੀ

ਕਿ ਦੱਸ ਹੁਣ ਇਹ,

ਸਵਰਗ ਗਿਆ ਹੈ ਕਿ ਨਰਕ?

ਤਾਂ ਮੈਂ ਤੈਨੂੰ ਇੱਕੋ ਉਤਰ ਮੋੜਿਆ ਸੀ

ਕਿ ਇਹ ਤੇਰੀ

ਬੇਰਹਿਮੀ ਦੀ ‘ਭੇਂਟ’ ਚੜ੍ਹਿਐ!

ਹੁਣ ਇਹਦੇ ਲਈ ਸਵਰਗ ਜਾਂ ਨਰਕ

ਕੋਈ ਮਾਹਨਾ ਹੀ ਨਹੀਂ ਰੱਖਦੇ!

ਕਿਉਂਕਿ ਭੇਂਟ ਚੜ੍ਹਨ ਵਾਲ਼ੇ

‘ਮੁਕਤ’ ਹੋ ਜਾਂਦੇ ਨੇ!

…..

ਜਦ ਤੇਰੇ ਸੜਦੇ ਹੋਂਠਾਂ ਦੀਆਂ ਪੰਖੜੀਆਂ

ਬਾਤ ਪਾਉਂਦੀਆਂ ਸਨ,

ਮੇਰੀਆਂ ਮੁੰਦੀਆਂ ਅੱਖੀਆਂ ਕੋਲ਼ ਜਾ

ਧਰਤ-ਅਸਮਾਨ ਦੀ,

ਬ੍ਰਿਹੋਂ ਤੇ ਸੰਯੋਗ ਦੀ,

ਤਾਂ ਮੈਂ ਉਹਨਾਂ ਵਿਚਲੇ ਫ਼ਾਸਲੇ ਦੀ

ਮਿਣਤੀ-ਗਿਣਤੀ ਵਿਚ ਭਟਕਦਾ ਹੀ,

ਦਿਨ ਚੜ੍ਹਾ ਲੈਂਦਾ ਸੀ

ਤੇ ਤੇਰੇ ਨਾਲ਼ ਹੰਢਾਈ ਜਾਣ ਵਾਲ਼ੀ ਰਾਤ ਵੀ

ਤੇਰੇ ‘ਪ੍ਰਸ਼ਨ’ ਦੀ ਬਲੀ ਹੀ ਚੜ੍ਹਦੀ ਸੀ!

…..

ਯਾਦ ਹੈ…?

ਯਾਦ ਹੈ ਕੁਛ ਤੈਨੂੰ..??

ਤੂੰ ਮੈਨੂੰ ਸੂਰਜ ਦਾ ਸੋਹਿਲਾ

ਲਿਆਉਣ ਲਈ ਵੰਗਾਰ ਪਾਈ ਸੀ?

ਪਰ ਮੈਂ ਤਾਂ ਘਿਰਿਆ ਰਿਹਾ

ਗ੍ਰਹਿਆਂ ਦੀ ਚਾਲ ਵਿਚ

ਧੁਰ ਤੱਕ ਪਹੁੰਚਣ ਲਈ

ਮੈਨੂੰ ਮਾਰਗ ਹੀ ਨਹੀਂ ਮਿਲਿਆ

ਜਿਸ ਨੂੰ ਵੀ ਰਾਹ ਪੁੱਛਦਾ,

ਕੋਈ ‘ਚਿਤਰ’ ਬਾਰੇ ਕਹਿੰਦਾ,

ਤੇ ਕੋਈ ‘ਗੁਪਤ’ ਦੀ ਦੱਸ ਪਾਉਂਦਾ

..ਤੇ ਮੈਂ ਰੁਲ਼ਦਾ-ਖੁਲ਼ਦਾ,

ਟੁੱਟੇ ਤਾਰੇ ਦੀ ਰਾਖ਼ ਲੈ ਕੇ ਹੀ

ਪਰਤ ਆਇਆ ਸੀ…!

…..

ਪਰ ਤੂੰ ਉਦਾਸ ਨਾ ਹੋ..!!

ਧਰਤੀਆਂ ਹੋਰ ਬਹੁਤ ਨੇ!

ਤੇ ਜਨਮ ਵੀ ਅਨੇਕ!!

ਸ਼ਾਇਦ ਕਿਸੇ ਜਨਮ ਵਿਚ

ਤੇਰਾ ਚੰਦਰਮਾਂ ਨਾਲ਼

ਮੇਲ ਹੋ ਜਾਵੇ?

ਕਹਿੰਦੇ ਉਹ ਸੂਰਜ ਤੋਂ

ਰੌਸ਼ਨੀ ਉਧਾਰੀ ਲੈਂਦਾ ਹੈ!

ਉਹਨਾਂ ਦੀ ਸਾਂਝ ਦੀ ਤਾਂ ਲੋਕ

ਕਮਲ਼ੀਏ ਦਾਦ ਦਿੰਦੇ ਨੇ!

ਤੇਰੀ ਚਾਹਤ ਮੈਂ ਨਹੀਂ ਤਾਂ,

ਇਕ ਨਾ ਇਕ ਦਿਨ ਚੰਦਰਮਾਂ

ਜ਼ਰੂਰ ਪੂਰੀ ਕਰੇਗਾ!

…..

ਠਹਿਰ ਜ਼ਰਾ..!

ਇਕ ਗੱਲ ਦੱਸ ਦੇਵਾਂ…

ਚੰਦਨ ਦੇ ਰੁੱਖ ਹੇਠ ਬੈਠ

ਮਣੀਂ ਦੀਆਂ ਬੁਝਾਰਤਾਂ ਨਾ ਪਾਇਆ ਕਰ

ਚੰਦਨ ਦੇ ਰੁੱਖ ਨਾਲ,

ਸੱਪ ਲਿਪਟੇ ਹੁੰਦੇ ਨੇ

…ਤੇ ਮਣੀਂ,

ਨਾਗ ਦੇ ਸਿਰ ਵਿਚ ਹੁੰਦੀ ਹੈ!

ਰੇਗਿਸਤਾਨ ਦੀ ਬੁੱਕਲ਼ ਵਿਚ ਬੈਠ

ਕਸਤੂਰੀ ਲੱਭਣ ਦੀ

ਜਿ਼ਦ ਵੀ ਨਾ ਕਰਿਆ ਕਰ

ਕਸਤੂਰੀ ਵੀ ਸੁਣਿਐਂ

ਕਾਲ਼ੇ ਨੈਣਾਂ ਵਾਲ਼ੇ ਮਿਰਗ ਦੀ

ਨਾਭੀ ਵਿਚ ਹੁੰਦੀ ਹੈ,

ਜੋ ਖ਼ੁਦ ਉਸ ਦੀ ਹੀ ਭਾਲ਼ ਵਿਚ

ਆਖ਼ਰ ਨੂੰ ਪ੍ਰਾਣ-ਹੀਣ ਹੋ ਜਾਂਦੈ!

……

ਪੁੱਛ ਕੇ ਦੇਖੀਂ ਕਿਸੇ ਦਿਨ

ਮੰਦਰ ਦੇ ਪੱਥਰਾਂ ਨੂੰ

ਕਿ ਹੁਣ ਉਹਨਾਂ ਨੂੰ ਧੂਫ਼ ‘ਚੋਂ

ਕਿੰਨੀ ਕੁ ਮਹਿਕ ਆਉਂਦੀ ਹੈ?

ਹੁਣ ਤਾਂ ਉਹ ਵੀ ਆਦਮ-ਜ਼ਾਤ ਵਾਂਗ

ਸਿਲ਼-ਪੱਥਰ ਹੀ ਹੋ ਗਏ ਹੋਣਗੇ

ਅਤੇ ਖਿਝਦੇ ਹੋਣਗੇ ਕਿਸੇ ਦੀ

ਅੰਨ੍ਹੀ ਸ਼ਰਧਾ ‘ਤੇ!

ਜਾਂ ਫਿ਼ਰ ਹੱਸਦੇ ਹੋਣਗੇ ਮਾਣਸ-ਜ਼ਾਤ ‘ਤੇ

ਕਿ ਤੁਹਾਡੇ ਨਾਲ਼ੋਂ ਤਾਂ ਅਸੀਂ ਹੀ ਬਿਹਤਰ ਹਾਂ,

ਜਿੰਨ੍ਹਾਂ ਦੀ ਇਬਾਦਤ ਤਾਂ ਹੁੰਦੀ ਹੈ!

…..

ਖਿਝਿਆ ਨਾ ਕਰ ਤੂੰ ਮੇਰੀ ਸ਼ਰਾਬ ਤੋਂ

ਤੂੰ ਆਦਮ-ਜ਼ਾਤ ਤੋਂ ਡਰਿਆ ਕਰ!

ਮੈਂ ਤਾਂ ਸ਼ਰਾਬ ਹੀ ਪੀਂਦਾ ਹਾਂ,

ਕੋਈ ਦਰਦ ਭੁਲਾਉਣ ਵਾਸਤੇ,

ਪਰ….

ਅੱਜ ਕੱਲ੍ਹ ਆਦਮ-ਜ਼ਾਤ ਨੂੰ

ਮਾਣਸ ਦਾ ਖ਼ੂਨ ਪੀਣ ਦਾ ਸ਼ੌਕ ਪੈ ਗਿਐ!

…..

ਨਾਲ਼ੇ ਵਾਰ ਵਾਰ ਪੌਣਾਂ ਨੂੰ

ਵੰਗਾਰਾਂ ਨਾ ਪਾਇਆ ਕਰ

ਬ੍ਰਹਿਮੰਡ ਵਿਚ ਉਹਨਾਂ ‘ਤੇ ਕੋਈ

ਪਾਬੰਦੀ ਨਹੀਂ!

ਪਰਬਤਾਂ ‘ਤੇ ਵਾਸ ਕਰਨ ਵਾਲਿ਼ਆਂ ਨੂੰ

ਸੀਮਾਵਾਂ ਦਾ ਘੇਰਾ ਨਹੀਂ ਦੱਸੀਦਾ

ਤੇ ਨਾ ਹੀ ਕਿਰਨਾਂ ਨੂੰ

ਉਹਨਾਂ ਦੀ ਹੱਦ ਦਾ ਮਿਹਣਾਂ ਮਾਰੀਦੈ

ਸਾਢੇ ਤਿੰਨ ਹੱਥ ਧਰਤੀ ਤਾਂ,

ਸਿਰਫ਼ ਬੰਦੇ ਦੀ ਮਲਕੀਅਤ ਹੈ,

ਬਾਕੀ ਸਭ ਉਸ ਤੋਂ ਕਿਤੇ ਅਮੀਰ ਨੇ!!!

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>