ਕਿਉਂ ਧੱਕੇ ਮਾਰ ਕੇ ਘਰੀਂ ਤੋਰਦੇ ਹਨ ਸਿੱਖ ਆਪਣੇ ਲੀਡਰਾਂ ਨੂੰ?

ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਅਕਾਲੀ ਦਲ ਚੋਂ ਮੁਅਤੱਲ ਕਰ ਦਿਤਾ ਗਿਆ ਅਤੇ ਅਗਲੇ ਹੀ ਦਿਨ ਮੰਤਰੀ ਮੰਡਲ ਚੋਂ ਬਰਖਾਸਤ ਕਰ ਦਿਤਾ ਗਿਆ।ਉਨ੍ਹਾਂ ਦਾ ਸਪਸ਼ਟੀਕਰਨ ਸੁਣੇ ਬਿਨਾ ਹੀ ਇਹ ਸਾਰੀ ਕਾਰਵਾਈ ਕੀਤੀ ਗਈ ਹੈ।ਜ਼ਿਲਾ ਮੁਕਤਸਰ ਵਿਚ ਉਨ੍ਹਾ ਦੇ ਸਮਰਥਕ ਅਫਸਰਾਂ ਦੀ ਬਦਲੀ ਕਰ ਦਿਤੀ ਗਈ। ਉਨ੍ਹਾ ਨੇ ਜ਼ਿਲਾ ਗੁਰਦਾਸਪੁਰ ਦੇ ਇਕ ਗੁਰਦੁਆਰੇ ਵਿਚ ਮੀਟਿੰਗ ਕਰਨੀ ਚਾਹੀ, ਗੁਰਦੁਆਰੇ ਨੂੰ ਜਿੰਦਰਾ ਲਗਾ ਕੇ ਬੰਦ ਕਰ ਦਿਤਾ ਗਿਆ।ਇਸ ਮੰਤਰੀ ਮੰਡਲ ਵਿਚ ਮਨਪ੍ਰੀਤ ਸਿੰਘ ਹੀ ਇਕ ਸਾਫ ਸੁੱਥਰੇ ਅਕਸ ਵਾਲੇ ਮਤਰੀ ਸਨ, ਪੂਰੀ ਤਰ੍ਹਾਂ ਇਮਾਨਦਾਰ ਅਤੇ ਸੂਝਵਾਨ ਮੰਨੇ ਜਾਂਦੇ ਸਨ।ਕੋਈ ਵੀ ਉਨਾਂ ਵਲ ਉਂਗਲੀ ਨਹੀਂ ਚੁਕ ਸਕਦਾ, ਇਸ ਲਈ ਪੜ੍ਹੇ ਲਿਖੈ ਲੋਕਾਂ ਵਿਚ ਉਨ੍ਹਾਂ ਦਾ ਬੜਾ ਸਤਿਕਾਰ ਹੈ। ਜਾਪਦਾ ਹੈ ਕਿ ਅਕਾਲੀ ਦਲ ਵਿਚ ਅਜੇਹੇ ਸਾਫ ਸੁੱਥਰੇ ਅਕਸ ਵਾਲੇ, ਸੂਝਵਾਨ ਤੇ ਇਮਾਨਦਾਰ ਲੀਡਰ ਲਈ ਕੋਈ ਥਾਂ ਨਹੀਂ। ਸਿਖਾਂ ਦੇ ਸਰਬ-ਉਚ ਅਸ਼ਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਸੇਸ ਭ ਤੋਂ ਲੰਬਾ ਸਮਾ ਜੱਥਦਾਰ ਰਹੇ ਗਿੳਾਨੀ ਜੋਗਿੰਦਰ ਸਿੰਘ ਵੇਦਾਂਤੀ ਤੋਂ ਜ਼ਬਰਦਸਤੀ ਅਸਤੀਫੇ ਉਤੇ ਦਸਤਖਾ ਕਰਵਾਕੇ ਸਾਲ 2008 ਜਵਚ ਘਰ ਤੋਰ ਦਿਤਾ ਗਿਆ। ਇਸ ਤੋਂ ਪਹਿਲਾਂ ਜੱਥੇਦਾਰ ਗੁਰਚਰਨ  ਸਿੰਘ ਟੌਹੜਾ, ਸ. ਸੁਖਜਿੰਦਰ ਸਿੰਘ, ਸ. ਮਨਜੀਤ ਸਿੰਘ ਕਲਕਤਾ ਸਮੇਤ ਅਨੇਕ ਲੀਡਰਾਂ ਨੂੰ ਮੱਖਣ ਚੋਂ ਵਾਲ ਵਾਂਗ ਕੱਡ ਕੇ ਬਾਹਰ ਮਾਰਿਆ ਗਿਆ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਲਾਨਾ ਚੋਣ ਵਾਲੇ ਦਿਨ  23 ਨਵੰਬਰ 2005 ਨੂੰ  ਜਦੋਂ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ. ਅਵਤਾਰ ਸਿੰਘ ਮੱਕੜ ਨਵੇਂ ਪ੍ਰਧਾਨ ਚੁਣੇ ਗਏ, ਸਮਾਗਮ ਦੀ ਸਮਾਪਤੀ ਉਪਰੰਤ ਪੱਤਰਕਾਰਾ ਨਾਲ ਗੱਲਬਾਤ ਕਰਦਿਆ-ਕਰਦਿਆਂ “ਪ੍ਰਧਾਨ” ਤੋਂ “ਸਾਬਕਾ ਪ੍ਰਧਾਨ” ਬਣੀ ਬੀਬੀ ਜਗੀਰ ਕੌਰ ਨੇ ਕਿਹਾ, “ਘਰ ਜਾਣ ਸਮੇਂ ਪ੍ਰਧਾਨ ਨੂੰ ਘਟੋ ਘੱਟ ਸਿਰੋਪਾ ਤਾਂ ਦੇ ਦੇਣਾ ਚਾਹੀਦਾ ਹੈ।” ਬੜਾ ਹੀ ਦਰਦ ਛੁਪਿਆ ਹੈ ਇਸ ਇਕ ਲਾਈਨ ਵਿਚ, ਜੇ ਕਹੀਏ ਕਿ ਇਸ ਸ਼ਬਦ ਵਿਚ ਅਕਾਲੀ ਦਲ ਦੇ ਇਤਿਹਾਸ ਦਾ ਇਕ ਦੁਖਦਾਈ ਪਹਿਲੂ ਛੁਪਿਆ ਹੈ, ਤਾਂ ਅਤਿ ਕਥਨੀ ਨਹੀਂ ਹੋਏਗੀ।

ਜੇ ਧਿਆਨ ਨਾਲ ਅਕਾਲੀ ਦਲ ਦੇ ਇਤਿਹਾਸ ਦਾ ਅਧਿਐਨ ਕੀਤਾ ਜਾਏ ਤਾਂ ਇਹ ਕੌੜੀ ਹਕੀਕਤ ਸਾਹਮਣੇ ਆ ਹੀ ਜਾਂਦੀ ਹੈ ਕਿ ਸਿੱਖ ਆਪਣੇ ਨਾਇਕ ਜਾਂ ਲੀਡਰਾਂ ਨੂੰ ਜਾਂ ਤਾਂ ਸਿਰ ਅੱਖਾਂ ਉਤੇ ਬਿਠਾ ਲੈਂਦੇ ਹਨ ਜਾਂ ਧੱਕੇ ਮਾਰ ਮਾਰ ਕੇ ਜਾਂ ਅਪਮਾਨਿਤ ਕਰਕੇ ਕੱਢ ਦਿੰਦੇ ਹਨ।

ਆਪਣੀ ਜ਼ਿੰਦਗੀ ਵਿਚ ਇਸ ਪੱਤਰਕਾਰ ਨੂੰ ਲਗਭਗ 21 ਵਰ੍ਹੇ ਪ੍ਰਸਿੱਧ ਚਿੱਤਰਕਾਰ ਸ. ਸੋਭਾ ਸਿੰਘ ਦੇ ਨੇੜੇ ਰਹਿਣ ਦਾ ਮੌਕਾ ਮਿਲਿਆ। ਉਨ੍ਹਾਂ ਵਧੇਰੇ ਕਰ ਕੇ ਸਿੱਖ ਇਤਿਹਾਸ ਨੂੰ ਚਿੱਤਰਿਆ। ਆਪਣੀ ਜ਼ਿੰਦਗੀ ਦੇ ਜਵਾਨੀ ਦੇ ਦਿਨਾਂ ਵਿਚ ਉਹ ਕਈ ਸਾਲ ਅੰਮ੍ਰਿਤਸਰ ਰਹੇ ਅਤੇ ਭਾਈ ਵੀਰ ਸਿੰਘ ਤੇ ਭਾਈ ਕਾਹਨ ਸਿੰਘ ਨਾਭਾ ਦੇ ਸੰਪਰਕ ਵਿਚ ਆਏ।ਦਰਅਸਲ ਇਨ੍ਹਾਂ ਦੋ ਪੰਥਕ ਵਿਦਵਾਨਾਂ ਨੇ ਹੀ ਇਸ ਚਿੱਤਰਕਾਰ ਨੂੰ  ਸਿੱਖ ਇਤਿਹਾਸ ਨੂੰ ਚਿਤਰਣ ਲਈ ਪ੍ਰੇਰਿਆ ਸੀ। ਦੋਵੇਂ ਵਿਦਵਾਨਾਂ ਦੀ ਸੰਗਤ ਅਤੇ ਪ੍ਰੇਰਨਾ ਨਾਲ ਚਿੱਤਰਕਾਰ ਸੋਭਾ ਸਿੰਘ ਨੇ ਵੀ ਸਿੱਖ ਇਤਿਹਾਸ ਅਤੇ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ ਸੀ। ਉਹ ਕਿਹਾ ਕਰਦੇ ਸਨ ਕਿ ਇਕ ਗੁਰਸਿੱਖ ਦਾ ਚਰਿੱਤਰ ਸ਼ੇਰ ਵਰਗਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਸ਼ੇਰਾਂ ਦੀ ਕੌਮ ਬਣਾਈ। ਸ਼ੇਰ ਕਿਸੇ ਦੀ ਪ੍ਰਧਾਨਗੀ ਨਹੀਂ ਕਬੂਲਦਾ ਅਤੇ ਆਪਣੇ ਆਪ ਨੂੰ ਹੀ ਜੰਗਲ ਦਾ ਬਾਦਸ਼ਾਹ ਮੰਨਦਾ ਹੈ। ਸਿੱਖ ਆਪਣੇ ਲੀਡਰਾਂ ਦੀ ਬਹੁਤੀ ਪਰਵਾਹ ਨਹੀਂ ਕਰਦੇ ਅਤੇ ਅਕਸਰ ਮਨਮਰਜ਼ੀਆਂ ਕਰਦੇ ਹਨ।

ਚਿੱਤਰਕਾਰ ਸੋਭਾ ਸਿੰਘ ਕਦੀ-ਕਦੀ ਇਹ ਵੀ ਕਿਹਾ ਕਰਦੇ ਸਨ ਕਿ ਸਿੱਖ ਇਕ ਨਾਇਕ ਪਰ ਆਪਣਿਆਂ ਨੂੰ ਹੀ ਨਫਰਤ ਕਰਨ ਵਾਲੀ ਕੌਮ ਹੈ। ਇਹ ਆਪਣੇ ਨਾਇਕਾਂ ਦੀਆਂ ਲੱਤਾਂ ਖਿੱਚਦੇ ਰਹਿੰਦੇ ਹਨ ਪਰ ਮਰਨ ਉਪਰੰਤ ਉਨ੍ਹਾਂ ਦੀਆਂ ਬਰਸੀਆਂ ਮਨਾਉਂਦੇ ਹਨ। ਇਸ ਸਬੰਧੀ ਉਹ ਸਿੱਖ ਇਤਿਹਾਸ ਵਿਚੋਂ ਉਦਾਹਰਣਾਂ ਦੀ ਦਿਆ ਕਰਦੇ ਸਨ। ਇਸ ਲੇਖਕ ਨੂੰ ਉਸ ਸਮੇਂ ਇਨ੍ਹਾਂ ਗੱਲਾਂ ਦੀ ਬਹੁਤੀ ਸਮਝ ਨਹੀਂ ਸੀ ਆਉਂਦੀ ਅਤੇ ਨਾਂ ਹੀ ਸਿਆਸਤ ਦੀ ਬਹੁਤੀ ਸਮਝ ਸੀ। ਲੇਖਕ ਉਸ ਸਮੇਂ ਹਾਈ ਸਕੂਲ ਵਿਚ ਇਕ ਅਧਿਆਪਕ ਵਜੋਂ ਕੰਮ ਕਰ ਰਿਹਾ ਸੀ ਅਤੇ ਪੱਤਰਕਾਰੀ ਦੇ ਖੇਤਰ ਵਿਚ ਬਹੁਤ ਪਿੱਛੋਂ ਪਰਵੇਸ਼ ਕੀਤਾ।   ਸਿੱਖ ਆਪਣੇ ਨਾਇਕਾ, ਸੂਰਬੀਰਾਂ,ਬਹਾਦਰਾਂ, ਬੁਧੀਜੀਵੀਆ, ਕਲਾਕਾਰਾ, ਚਿੱਤਰਕਾਰਾਂ,ਲੇਖਕਾ, ਪੱਤਰਕਾਰਾਂ ਦੀ ਕਦਰ ਨਹੀਂ ਕਟਦੀ।

ਕੁਦਰਤੀ ਪੱਤਰਕਾਰੀ ਦੇ ਪੇਸ਼ ਦੌਰਾਨ ਇਸ ਪੱਤਰਕਾਰ ਨੂੰ ਬਹੁਤਾ ਸਮਾਂ ਅੰਮ੍ਰਿਤਸਰ, ਜੋ ਸਿੱਖ ਧਰਮ ਅਤੇ ਸਿੱਖ ਰਾਜਨੀਤੀ ਦੀ ਰਾਜਧਾਨੀ ਹੈ, ਵਿਖੇ ਤਾਇਨਾਤ ਰਹਿਣ ਦਾ ਮੌਕਾ ਮਿਲਿਆ ਲਗਪਗ ਨੌਂ ਸਾਲ ਪਹਿਲਾਂ ਅਤੇ ਪੰਜ ਸਾਲ ਦੇ ਵਕਫੇ ਪਿੱਛੋਂ ਅੱਠ ਸਾਲ ਫਿਰ-ਦੂਜੇ ਪੰਜ ਸਾਲਾਂ ਵਿਚ ਵੀ ਡੇਢ ਸਾਲ ਸ਼ਿਮਲਾ ਅਤੇਸਾਢੇ ਤਿੰਨ ਸਾਲ ਪਟਿਆਲੇ। ਅੰਮ੍ਰਿਤਸਰ ਰਹਿੰਦਿਆਂ ਜਿੱਥੇ ਸਿੱਖ ਧਰਮ ਅਤੇ ਅਕਾਲੀ ਇਤਿਹਾਸ ਦਾ ਅਧਿਐਨ ਕੀਤਾ, ਉਥੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ-ਕਾਜ ਤੇ ਅਕਾਲੀ ਲੀਡਰਾਂ ਨਾਲ ਸਬੰਧ ਵੀ ਬਹੁਤ ਚੰਗੇ ਰਹੇ ਹਨ। 1978 ਤੋਂ ਹੁਣ ਤੱਕ ਦੇ ਸਾਰੇ ਸਿੰਘ ਸਾਹਿਬਾਨ ਨੂੰ ਵੀ ਬਹੁਤ ਨੇੜਿਓਂ ਦੇਖਿਆ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਵੀ ਚੰਗੇ ਸਬੰਧ ਰਹੇ। ਸੰਤ ਜੀ ਇਕ ਗੱਲ ਅਕਸਰ ਆਖਿਆ ਕਰਦੇ ਸਨ-“ਸਿੱਖ ਆਪਣੇ ਲੀਡਰਾਂ ਨੂੰ ਹਾਥੀ ਉਤੇ ਬਿਠਾ ਕੇ ਲਿਆਉਂਦੇ ਹਨ, ਗੱਧੇ ਉਤੇ ਬਿਠਾ ਕੇ ਤੋਰਦੇ ਹਨ।”

ਬਾਬਾ ਖੜਕ ਸਿੰਘ ਨੂੰ ਸਿੱਖਾਂ ਦਾ “ਬੇਤਾਜ ਬਾਦਸ਼ਾਹ” ਕਿਹਾ ਜਾਂਦਾ ਸੀ। ਉਹ ਵੀ ਅਕਾਲੀਆਂ ਦੀ ਆਪਸੀ ਲੜਾਈ ਤੋਂ ਅੱਕ ਕੇ ਕਾਂਗਰਸ ਵਿਚ ਚਲੇ ਗਏ ਸਨ। ਮਾਸਟਰ ਤਾਰਾ ਸਿੰਘ ਲਗਪਗ ਚਾਰ ਦਹਾਕੇ ਸਿੱਖ ਰਿਆਸਤ ਉਤੇ ਛਾਏ ਰਹੇ। ਅਕਾਲੀ ਦਲ ਦਾ ਪ੍ਰਧਾਨ ਹੋਣ ਤੋਂ ਬਿਨਾਂ ਕਈ ਵਾਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਉਤੇ ਵੀ ਸੁਸ਼ੋਭਿਤ ਰਹੇ। ਉਨ੍ਹਾਂ ਨੂੰ ਆਮ ਸਿੱਖ ਸੰਗਤਾਂ ਵੱਲੋਂ “ਪੰਥ ਰਤਨ” ਦਾ ਖਿਤਾਬ ਵੀ ਦਿੱਤਾ ਗਿਆ। ਉਨ੍ਹਾਂ ਦੀ ਜ਼ਿੰਦਗੀ ਦੇ ਆਖਰੀ ਸਾਲਾਂ ਵਿਚ ਉਨ੍ਹਾਂ ਨੂੰ ਵੀ ਖੱਜਲ ਖੁਆਰ ਕੀਤਾ ਗਿਆ। ਉਨ੍ਹਾਂ ਦੇ ਮੁਕਾਬਲੇ ਗੰਗਾਨਗਰ ਤੋਂ ਸੰਤ ਫਤਹਿ ਸਿੰਘ ਲਿਆ ਪੜ੍ਹਾ ਕੀਤਾ ਗਿਆ। ਪਹਿਲੀ ਵਾਰੀ ਅਕਾਲੀ ਦਲ ਵਿਚ ਜੱਟ ਤੇ ਗੈਰ-ਜੱਟ ਅਤੇ ਪੇਂਡੂ ਸਿੱਖ ਅਤੇ ਸ਼ਹਿਰੀ ਸਿੱਖ ਦਾ ਸਵਾਲ ਖੜ੍ਹਾ ਕੀਤਾ ਗਿਆ। ਚਾਰ ਦਹਾਕੇ ਸਿੱਖ ਸਿਆਸਤ ਉਤੇ ਛਾਏ ਰਹਿਣ ਵਾਲੇ ਅਤੇ “ਪੰਥ ਰਤਨ” ਦੀ ਉਪਾਧੀ ਨਾਲ ਸਨਮਾਨੇ ਜਾਣ ਵਾਲੇ ਇਸ ਮਹਾਨ ਲੀਡਰ ਨੇ ਆਪਣਾ ਆਖਰੀ ਸਾਹਇਕ ਸਧਾਰਨ ਅਕਾਲੀ ਵਜੋਂ ਲਿਆ।

ਐਮਰਜੈਂਸੀ ਖਤਮ ਹੋਣ ਪਿੱਛੋਂ ਅਕਾਲੀ ਦਲ, ਜਿਸ ਨੇ ਲੋਕਾਂ ਦੇ ਬੁਨਿਆਦੀ ਅਤੇ ਸੰਵਿਧਾਨਕ ਅਧਿਕਾਰਾਂ ਦੀ ਬਹਾਲੀ ਲਈ ਲਗਪਗ 19 ਮਹੀਨੇ ਮੋਰਚਾ ਚਲਾਇਆ ਸੀ, ਨੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਲ ਕੀਤੀ। ਜਥੇਦਾਰ ਜਗਦੇਵ ਸਿੰਘ ਤਲਵੰਡੀ ਅਕਾਲੀ ਦਲ ਦੇ ਪ੍ਰਧਾਨ ਬਣੇ। ਉਨ੍ਹਾਂ ਨੂੰ “ਲੋਹ ਪੁਰਸ਼” ਕਿਹਾ ਜਾਂਦਾ ਹੈ। ਲੁਧਿਆਣਾ ਵਿਖੇ ਅਕਤੂਬ 1978 ਵਿਚ ਹੋਈ ਦੋ-ਰੋਜ਼ਾ ਸਰਬ ਹਿੰਦ ਅਕਾਲੀ ਕਾਨਫਰੰਸ ਵਿਚ ਜਿੱਥੇ ਆਨੰਦਪੁਰ ਸਾਹਿਬ ਦੇ ਮਤੇ ਨੂੰ ਪ੍ਰਵਾਨਗੀ ਦਿੱਤੀ ਗਈ, ਕਾਨਫਰੰਸ ਦੇ ਪੰਡਾਲ ਭਾਈ ਰਣਧੀਰ ਸਿੰਘ ਨਗਰ ਵਿਖੇ ਹਾਥੀ ਉਤੇ ਬਿਠਾ ਕੇ ਇਕ ਸ਼ਾਨਦਾਰ ਜਲੂਸ ਦੀ ਸ਼ਕਲ ਵਿਚ ਲਿਆਂਦਾ ਗਿਆ। ਅਗਲੇ ਵਰ੍ਹੇ ਉਨ੍ਹਾਂ ਦੇ ਤਤਕਾਲੀਨ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮਤਭੇਦ ਹੋ ਗਏ। ਸ੍ਰੀ ਬਾਦਲ ਨੇ ਸਰਕਾਰੀ ਸ਼ਕੀ ਦਾ ਪੂਰਾ ਦੁਰਉਪਯੋਗ ਕਰਕੇ ਉਨ੍ਹਾਂ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲਾਹੁਣ ਦੇ ਯਤਨ ਆਰੰਭ ਕਰ ਦਿੱਤੇ ਅਤੇ ਆਖਰ 20 ਅਗਸਤ 1980 ਨੂੰ ਅਕਾਲੀ ਦਲ ਦਾ ਸਮਾਨੰਤਰ ਜਨਰਲ ਅਜਲਾਸ ਬੁਲਾ ਕੇ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਪ੍ਰਧਾਨ ਚੁਣ ਲਿਆ ਅਕਾਲੀ ਦਲ ਦੋਫਾੜ ਹੋ ਗਿਆ।

ਸੰਤ ਲੋਂਗੋਵਾਲ ਵ ਬੜੇ ਸ਼ਕਤੀਸ਼ਾਲੀ ਲੀਡਰ ਬਣੇ। ਧਰਮ ਯੁੱਧ ਮੋਰਚਾ ਦੇ ਡਿਕਟੇਟਰ ਬਣੇ। ਇਸ ਮੋਰਚੇ ਨੂੰ ਲੋਕਾਂ ਦਾ ਇਤਨਾ ਸਮਰਥਨ ਲਿਲਿਆ ਕਿ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਨੱਕੋ ਨੱਕ ਭਰ ਗਈਆਂ। ਸਕੂਲਾਂ ਤੇ ਕਈ ਹੋਰ ਸਰਕਾਰੀ ਇਮਾਰਤਾਂ ਵਿਚ ਕੈਂਪ-ਜੇਲ੍ਹਾਂ ਬਣਾਈਆਂ ਗਈਆਂ। ਉਨ੍ਹਾਂ ਨੂੰ ਵੀ ਗੋਲੀ ਦਾ ਸ਼ਿਕਾਰ ਹੋਣਾ ਪਿਆ। ਅਗਲੇ ਕਈ ਵਰ੍ਹੇ ਕਿਸੇ ਨੂੰ ਸਿੱਖਾਂ ਦਾ ਲੀਡਰ ਸਥਾਪਤ ਹੀ ਨਹੀਂ ਹੋਣ ਦਿੱਤਾ ਗਿਆ।

ਸੰਤ ਭਿੰਡਰਾਵਾਲਿਆਂ ਨੂੰ “ਸੰਤ ਸਿਪਾਹੀ” ਕਿਹਾ ਜਾਂਦਾ ਸੀ। ਸ੍ਰੀ ਦਰਬਾਰ ਸਾਹਿਬ ਉਤੇ ਫ਼ੌਜੀ ਹਮਲੇ ਦੌਰਾਨ “ਬਚ” ਕੇ ਨਿਕਲ ਜਾਣ ਦੀ ਇਕਦਮ ਝੂਠੀ ਤੇ ਬੇਬੇਨਿਆਦ ਅਫਵਾਹ ਫੈਲਾ ਕੇ ਉਨ੍ਹਾਂ ਦੇ ਹੀ ਸ਼ਰਧਾਲੂਆਂ ਨੇ ਉਨ੍ਹਾਂ ਦੀ “ਸ਼ਹਾਦਤ” ਨੂੰ ਮਿੱਟੀ ਵਿਚ ਰੋਲ ਦਿੱਤਾ। ਇਵੇਂ ਹੀ ਪੱਚੀ ਵਰ੍ਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਜਥੇਦਾਰ ਗੁਰਚਰਨ ਸਿੰਘ ਟੌਹਰਾ ਨੂੰ ਬੇਇੱਜਤ ਕਰਕੇ ਅਹੁਦੇ ਤੋਂ ਲਾਹ ਦਿੱਤਾ ਗਿਆ।
ਇਹ ਪੱਤਰਕਾਰ ਜਥੇਦਾਰ ਤਲਵੰਡੀ ਅਤੇ ਜਥੇਦਾਰ ਟੌਹੜਾ ਦੀ ਕੋਈ ਤਰਫਦਾਰੀ ਨਹੀਂ ਕਰ ਰਿਹਾ, ਸਿਰਫ ਇਹੋ ਕਹਿਣਾ ਹੈ ਕਿ ਉਹ ਇਕ ਸਾਧਾਰਨ ਵਰਕਰ ਤੋਂ ਉਠ ਕੇ ਸਾਲਾਂ ਪਿੱਛੋਂ ਪ੍ਰਮੁੱਖ ਅਹੁਦਿਆਂ ਉਤੇ ਪਹੁੰਚੇ। ਪਾਰਟੀ ਦੀ ਸਾਰੀ ਉਮਰ ਸੇਵਾ ਕੀਤੀ। ਉਨ੍ਹਾਂ ਨੂੰ ਜੇ ਘਰ ਤੋਰਨਾ ਹੀ ਸੀ ਤਾਂ ਮਾਣ ਇੱਜਤ ਨਾਲ ਤੋਰ ਦਿਓ। ਉਦਾਹਰਣ ਦੇ ਤੌਰ ਤੇ ਜੇ ਸ੍ਰੀ ਬਾਦਲ ਨੂੰ ਜਥੇਦਾਰ ਟੌਹੜਾ ਦੇ ਬਿਆਨ ਨਾਲ ਕੋਈ ਦੁੱਖ ਹੋਇਆ ਤਾਂ ਪਾਰਟੀ ਪ੍ਰਧਾਨ ਹੋਣ ਨਾਤੇ ਉਨ੍ਹਾਂ ਤੋਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਮੰਗ ਲੈਂਦੇ। ਇਸ ਬਾਰੇ ਜਥੇਦਾਰ ਟੌਹੜਾ ਨੇ ਕਈ ਵਾਰੀ ਪੇਸ਼ਕਸ਼ ਵੀ ਕੀਤੀ ਸੀ। 16 ਮਾਰਚ 1999 ਨੂੰ ਬੇ-ਭਰੋਸਗੀ ਦਾ ਮਤਾ ਲਿਆਉਣ ਦੀ ਬਜਾਏ 15 ਮਾਰਚ ਸ਼ਾਮ ਨੂੰ ਦਿੱਤਾ ਗਿਆ ਅਸਤੀਫਾ ਮਨਜ਼ੂਰ ਕੀਤਾ ਜਾ ਸਕਦਾ ਸੀ।

ਸਿੱਖਾਂ ਵੱਲੋਂ ਕਦੀ ਭਾਈ ਰਣਜੀਤ ਸਿੰਘ ਦੀ “ਕੁਰਬਾਨੀ” ਤੇ “ਬਹਾਦਰੀ” ਦੀ ਸ਼ਲਾਘਾ ਕਰਦਿਆਂ ਸੋਨੇ ਦੇ ਬਰਾਬਰ ਤੋਲਣ ਦੀ ਗੱਲ ਚੱਲਦੀ ਸੀ। ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਥਾਪ ਕੇ ਮਾਣ ਬਖਸ਼ਿਆ। ਖਾਲਸਾ ਪਥ ਦੀ ਸਿਰਜਣਾ ਦੀ ਤੀਜੀ ਸ਼ਤਾਬਦੀ ਇਕਜੁਟ ਹੋ ਕੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਲਈ ਪੰਜ ਸਿੰਘ ਸਾਹਿਬਾਨ ਨਾਲ ਸਲਾਹ ਮਸ਼ਵਰਾ ਕਰਕੇ ਉਨ੍ਹਾਂ ਇਕ ਹੁਕਮਨਾਮਾ ਜਾਰੀ ਕੀਤਾ ਕਿ 19 ਅਪਰੈਲ 1999 ਤੱਕ ਸਟੇਟਸ-ਕੋ ਰੱਖਿਆ ਜਾਏ। ਦੋਵੇਂ ਧਿਰਾਂ ਇਕ ਦੂਜੇ ਵਿਰੁੱਧ ਬਿਆਨਬਾਜ਼ੀ ਨਾ ਕਰਨ। ਬਾਦਲ ਸਾਹਿਬ ਨੇ ਭਾਈ ਰਣਜੀਤ ਸਿੰਘ ਨੂੰ ਵੀ ਇਕ ਕਲਰਕ ਵਾਂਗ ਬਰਖਾਸਤ ਕਰਵਾ ਦਿੱਤਾ। ਸ੍ਰੀ ਬਾਦਲ ਦੀ ਨਾਮਜ਼ਦ ਨਵੀਂ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਉਂਦਿਆਂ ਹੀ ਸੱਭ ਤੋਂ ਪਹਿਲਾਂ ਕੰਮ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ੍ਰੀ ਸੁਰਜੀਤ ਸਿੰਘ ਨੂੰ ਬਰਖਾਸਤ ਕੀਤਾ।

ਬਾਦਲ-ਟੌਹੜਾ ਦੀ ਲੜਾਈ ਸਮੇਂ ਸ਼੍ਰੋਮਣੀ ਕਮੇਟੀ ਦੇ ਐਡੀਸ਼ਨਲ ਸਕੱਤਰ ਸੀ ਕੁਲਵੰਤ ਸਿੰਘ ਰੰਧਾਵਾ ਨੇ ਜੇ ਸ੍ਰੀ ਬਾਦਲ ਦਾ ਡਟ ਕੇ ਸਾਥ ਨਾ ਦਿੱਤਾ ਹੁੰਦਾ ਤਾਂ ਆਪਣੀ ਸਾਰੀ ਸਰਕਾਰੀ ਸ਼ਕਤੀ ਦੇ ਬਾਵਜੂਦ ਉਹ ਜਥੇਦਾਰ ਟੌਹੜਾ ਨੂੰ ਅਗਲੀ ਸਾਲਾਨਾ ਹੋਣ ਤੱਕ ਨਾ ਲਾਹ ਸਕਦੇ। ਸ੍ਰੀ ਰੰਧਾਵਾ ਨੂੰ ਗੁਰਦੁਆਰਾ ਐਕਟ 1925 ਦੀ ਹਰ ਬਾਰੀਕੀ ਦਾ ਪੂਰਾ ਗਿਆਨ ਸੀ ਤੇ ਉਨ੍ਹਾਂ ਦੀ ਸਲਾਹ ਸਦਕਾ ਹੀ 10 ਫਰਵਰੀ ਨੂੰ ਭਾਰੀ ਰਣਜੀਤ ਸਿੰਘ ਨੂੰ ਮੁਅੱਤਲ ਕਰਕੇ ਗਿਆਨੀ ਪੂਰਨ ਸਿੰਗ ਨੂੰ ਕਾਰਜਕਾਰੀ ਜਥੇਦਾਰ ਲਗਾਇਆ ਗਿਆ ਅਤੇ ਫਿਰ ਜਥੇਦਾਰ ਟੌਹੜਾ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਹਿਆ ਗਿਆ। ਸ੍ਰੀ ਸੁਰਜੀਤ ਸਿੰਘ ਦੀ ਥਾਂ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦਾ ਨਵਾਂ ਸਕੱਤਰ ਨਿਯੁਕਤ ਕੀਤਾ ਗਿਆ। ਪੰਜ ਛੇ ਮਹੀਨੇ ਪਿੱਛੋਂ ਬੀਬੀ ਜਗੀਰ ਕੌਰ ਨੇ ਡਾ. ਗੁਰਬਚਨ ਸਿੰਘ ਬਚਨ ਨੂੰ ਪਹਿਲਾਂ ਰੰਧਾਵਾ ਉਤੇ ਓ.ਐਸ.ਡੀ. ਲਗਾ ਦਿੱਤਾ ਅਤੇ ਫਿਰ ਦੋ ਦਸੰਬਰ 1999 ਨੂੰ ਸਕੱਤਰ ਹੀ ਨਿਯੁਕਤ ਕਰ ਦਿੱਤਾ। ਜਿਸ ਉਤੇ ਸ੍ਰੀ ਰੰਧਾਵਾ ਅਸਤੀਫਾ ਦੇ ਕੇ ਘਰ ਆ ਗਏ। ਉਸ ਵੇਲੇ ਉਨ੍ਹਾਂ ਕਿਹਾ ਸੀ ਕਿ ਜੇ ਲੀਡਰਾਂ (ਨਵੇਂ ਪ੍ਰਧਾਨਾਂ) ਨੇ ਆਪਣੇ ਬੰਦੇ ਨਿਯੁਕਤ ਕਰਨੇ ਹਨ, ਜੰਮ ਜੰਮ ਕਰਨ ਪਰ ਪਹਿਲ ਅਧਿਕਾਰੀਆਂ ਨੂੰ ਧੱਕੇ ਮਾਰ ਕੇ ਤਾਂ ਨਾ ਕੱਢਣ। ਇਹੋ ਹਾਲ ਹੁਣ ਪਿਛਲੇ ਦਿੱਲੀ ਡਾ. ਬਚਨ ਦਾ ਹੋਇਆ, ਜਦੋਂ 26 ਅਪਰੈਲ ਨੂੰ ਗੁਰਦੁਆਰਾ ਆਲਮਗੀਰ ਸਾਹਿਬ ਵਿਖੇ ਉਹ ਅੰਤ੍ਰਿੰਗ ਕਮੇਟੀ ਦੌਰਾਨ ਹੀ ਅਸਤੀਫਾ ਦੇ ਕੇ ਆ ਗਏ। ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਹਨ।

ਕੋਈ ਵੀ ਵਿਅਕਤੀ ਜੋ ਵੀ ਕੰਮ ਕਰਦਾ ਹੈ, ਉਸ ਵਿਚ ਉਸ ਤੋਂ ਕਦੀ ਨਾ ਕਦੀ ਗਲਤੀ ਹੋ ਜਾਂਦੀ ਹੈ। ਲੀਡਰ ਵੀ ਗਲਤੀਆਂ ਕਰਦੇ ਹਨ, ਸਗੋਂ ਕਈ ਵਾਰੀ ਆਪਣੇ ਨਿੱਜੀ ਹਿੱਤਾਂ ਲਈ ਬੜੀ ਵੱਡੀ ਗਲਤੀ ਕਰ ਦਿੰਦੇ ਹਨ, ਜਿਸ ਦਾ ਖਮਿਆਜ਼ਾ ਉਨ੍ਹਾਂ ਦੀ ਸਾਰੀ ਕੌਮ ਜਾਂ ਪਾਰਟੀ ਨੂੰ ਭੁਗਤਣਾ ਪੈਂਦਾ ਹੈ। ਦੇਸ਼ ਵਿਚ ਹੋਰ ਵੀ ਅਨੇਕਾਂ ਪਾਰਟੀਆਂ ਹਨ। ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਹਨ। ਉਹ ਆਪਣੇ ਅਜਿਹੇ ਲੀਡਰਾਂ ਨੂੰ ਇਕਦਮ ਮੱਕਣ ‘ਚੋਂ ਵਾਲ ਵਾਂਗੂ ਕੱਢ ਕੇ ਸੁਟ ਨਹੀਂ ਦਿੰਦਆਂ। ਲੀਡਰ ਦੀ ਕਥਿਤ ਗਲਤੀ ਉਤੇ ਵਿਚਾਰ ਹੁੰਦੀ ਹੈ। ਜਵਾਬ ਤਲਬੀ ਹੁੰਦੀ ਹੈ ਜਾਂ ਪਾਰਟੀ ਦੀ ਹਾਈ ਕਮਾਂਡ ਦੁਆਰਾ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ। ਸਿੱਖ ਕਿਉਂ ਆਪਣੇ ਲੀਡਰਾਂ ਨੂੰ ਧੱਕੇ ਮਾਰ ਕੇ ਬਾਹਰ ਕੱਢਦੇ ਹਨ, ਇਹ ਇਕ ਬੜਾ ਹੀ ਅਹਿਮ ਸਵਾਲ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>