ਸੋਭਾ ਸਿੰਘ ਦੇ ਗੁਰੂ ਨਾਨਕ

“ਨਾਨਕ ਨਾਮ ਜਹਾਜ਼ ਹੈ” ਜੋ ਵਿਅਕਤੀ  ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਜਾਪਦਾ ਹੈ, ਆਪਣੇ ਅੰਦਰ ਵਸਾਉਂਦਾ ਹੈ, ਉਹ ਮੁਕਤੀ ਪ੍ਰਾਪਤ ਕਰ ਜਾਂਦਾ ਹੈ। ਇਸ ਨਾਮ ਦੀ ਖੁਮਾਰੀ ਵਿਚ ਉਸ ਨੂੰ ਸੱਚੇ ਪਰਮਾਤਮਾ ਤੋਂ ਬਿਨਾਂ ਸਭ ਕੁਝ ਵਿਸਰ ਜਾਂਦਾ ਹੈ – ਅਗਿਆਨ ਦਾ ਹਨੇਰਾ ਦੂਰ ਹੋ ਜਾਂਦਾ ਹੈ-“ਮਿਟੀ ਧੁੰਦ ਜਗ ਚਾਨਣ ਹੋਇਆ” ਉਸ ਨੂੰ ਹਰ ਪਾਸੇ ਪ੍ਰਕਾਸ਼ ਦਿਖਾਈ ਦੇਂਦਾ ਹੈ।

ਗੁਰੂ ਨਾਨਕ – ਬੀਬੀ ਨਾਨਕੀ ਦਾ ਨਿੱਕਾ ਵੀਰਾ, ਮਹਿਤਾ ਕਾਲੂ ਅਤੇ ਮਾਤਾ ਤ੍ਰਿਪਤਾ ਦੀ ਅੱਖ ਦਾ ਤਾਰਾ ਜੋ ਸਾਰੇ ਦੁਖੀ ਸੰਸਾਰ ਦਾ ਸਹਾਰਾ ਬਣਿਆ। ਸਾਰੇ ਜਹਾਨ ਦਾ ਦਰਦ ਆਪਣੇ ਸੀਨੇ ਵਿਚ ਲੈ ਕੇ ਥਾਂ-ਥਾਂ ਘੁੰਮਿਆ। ਰੋਂਦਿਆਂ ਦੇ ਅੱਥਰੂ ਪੂੰਝੇ, ਪਿਆਸਿਆਂ ਦੀ ਪਿਆਸ ਬੁਝਾਈ, ਭੁੱਲਿਆ ਨੂੰ ਰਸਤੇ ਪਾਇਆ, ਠੱਗਾਂ ਨੂੰ ‘ਸੱਜਣ’ ਬਣਾਇਆ, ਸੀਨੇ ਲਗਾਇਆ, ਜੀਵਨ ਦੀ ਸੇਧ ਦੱਸੀ। ਜ਼ੋਰੀ ਦਾਨ ਮੰਗਣ ਵਾਲਿਆਂ ਦੇ ਖੂਨ ਦੇ ਸੋਹਲੇ ਗਾਏ। ਲੋਕਾਂ ਦਾ ਰੱਤ ਚੂਸਣ ਵਾਲੇ ਮਲਕ ਭਾਗੋ ਦੇ ਖੀਰ ਪੂੜੇ ਛੱਡ ਕੇ ਦਸਾਂ ਨੌਹਾਂ ਦੀ ਸੱਚੀ-ਸੁਚੀ ਕਿਰਤ ਕਰਨ ਵਾਲੇ ਗਰੀਬ ਭਾਈ ਲਾਲੋ ਦੇ ਘਰ ਕੋਧਰੇ ਦੀ ਰੋਟੀ ’ਚੋਂ ਦੁੱਧ ਕੱਢਿਆ ਅਤੇ ਆਨੰਦ ਪ੍ਰਸੰਨ ਹੋ ਕੇ ਖਾਧਾ। ਨਾਨਕ, ਜਿਸ ਨੂੰ ਉਸ ਸਮੇਂ ਲੋਕ ਕੁਰਾਹੀਆਂ ਕਹਿੰਦੇ ਸਨ, ਅੱਜ ਉਸ ਦੇ ਪੂਰਨਿਆਂ ਉਤੇ ਚੱਲਣ ਨੂੰ ਆਪਣੇ ਜੀਵਨ ਦਾ ਆਦਰਸ਼ ਸਮਝਦੇ ਹਨ। ਉਸਦੀ ਬਾਣੀ ਦਾ ਸ਼ਰਧਾ ਨਾਲ ਪਾਠ ਕਰਦੇ ਹਨ। ਉਸ ਦੀ ਤਸਵੀਰ ਅ1ਗੇ  ਸੀਸ ਝੁਕਾਉਂਦੇ ਹਨ।

ਇਸ ਮਾਹਨ ਨਾਨਕ ਨੂੰ, ਰੱਬੀ ਨੂਰ ਨੂੰ ਰੰਗਾਂ ਤੇ ਬੁਰਸ ਨਾਲ ਰੂਪਮਾਨ ਕਰਨਾ ਕਿਤਨਾ ਔਖਾ ਹੈ-ਕਿਤਨੀ ਸਾਧਨਾ ਅਤੇ ਕਿਤਨੀ ਉਪਾਸਨਾ ਦੀ ਲੋੜ ਹੈ-ਇਹ ਤਾਂ ਉਹੋ ਹੀ ਕਰ ਸਕਦਾ ਹੈ ਜਿਸ ਨੇ ਗੁਰੂ ਨਾਨਕ ਨੂੰ ਸਮਝਿਆ ਹੋਵੇ-ਆਪਣੇ ਅੰਦਰ ਸਮਾਇਆ ਹੋਵੇ। ਕਈ ਕਲਾਕਾਰਾਂ ਨੇ ਆਪਣੇ ਬੁਰਸ ਨਾਲ ਗੁਰੂ ਨਾਨਕ ਦੇਵ ਜੀ ਦੇ ਤੇਜੱਸਵੀ ਚਿਹਰੇ, ਨਿਰੰਕਾਰੀ ਜੋਤ, ਉਹ ਨਾਮ ਖੁਮਾਰੀ ਅਤੇ ਦੀਨ ਦੁਨੀਆਂ ਦੇ ਦਰਦ ਹਰਨ ਕਰਨ ਵਾਲੇ ਦਰਵੇਸ਼ ਨੂੰ ਚਿਤਰਨ ਦਾ ਯਤਨ ਕੀਤਾ ਹੈ ਅਤੇ ਕਰ ਰਹੇ ਹਨ। ਇਨ੍ਹਾਂ ਸਾਰੇ ਚਿੱਤਰਕਾਰਾਂ ਵਿਚ ਸਭ ਤੋਂ ਵੱਧ ਚਿੱਤਰ ਸ. ਸੋਭਾ ਸਿੰਘ ਨੇ ਬਣਾਏ ਹਨ ਅਤੇ ਆਪਣੀ ਉਮਰ ਦੇ ਆਖਰੀ ਲਗਪਗ 55 ਸਾਲ ਗੁਰੂ ਨਾਨਕ ਅਤੇ ਦੂਜੇ ਗੁਰੂ ਸਾਹਿਬਾਨ ਦੇ ਹੀ ਚਿੱਤਰ ਬਣਾਉਂਦੇ ਰਹੇ ਸਨ। ਸੋਭਾ ਸਿੰਘ ਨੇ ਆਪਣਾ ਲਗਪਗ ਸਾਰਾ ਜੀਵਨ ਹੀ ਸਿੱਖ ਇਤਿਹਾਸ, ਖਾਸ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਚਿਤਰਣ ’ਤੇ ਲਗਾ ਦਿੱਤਾ ਸੀ।ਫੌਜ ਦੀ ਨੌਕਰੀ ਛੱਡ ਕੇ 1923 ’ਚ ਜਦੋਂ ਤੋਂ ਉਨ੍ਹਾਂ ਚਿੱਤਰਕਾਰੀ ਦਾ ਕੰਮ ਸ਼ੁਰੁ ਕੀਤਾ, ਤੋਂ ਲੈ ਕੇ ਆਪਣੀ ਉਮਰ ਦੇ ਆਖਰ ਦਿਨਾਂ ਤਕ ਉਹ ਗੁਰੂ ਸਾਹਿਬਾਨ ਦੇ ਵਿੱਤਰ ਬਣਾਉਂਦੇ ਰਹੇ।ਪਹਿਲਾਂ ਉਹ ਭਗਤਾਂ ਅਤੇ ਸੰਤ ਮਹਾਂਪੁਰਖਾਂ ਦੀਆਂ ਤਸਵੀਰਾਂ ਵੀ ਬਣਾਇਆ ਕਰਦੇ ਸਨ।ਭਾਈ ਕਾਹਨ ਸਿੰਘ ਨਾਭਾ ਅਤੇ ਭਾਈ ਵੀਰ ਸਿੰਘ ਦੀ ਸੰਗਤ ਨੇ ਸੋਭਾ ਸਿੰਘ ਜੀ ਨੂੰ ਗੁਰੂ ਸਾਹਿਬਨ ਦੀਆਂ ਚਿਤਰਣ ਵੱਲ ਵਿਸ਼ੇਸ਼ ਧਿਆਨ ਦੇਣ ਦੀ ਪ੍ਰੇਰਨਾ ਦਿੱਤੀ।ਇਕ ਵਾਰੀ ਭਾਈ ਵੀਰ ਸਿੰਘ ਜੀ ਆਖਣ ਲੱਗੇ, “ਜੇ ਤੁਹਾਡੇ ਅੰਦਰ ਗੁਰੂ ਨਾਨਕ ਸਮਾ ਜਾਣ, ਫਿਰ ਉਹਨਾਂ ਦੇ ਹੀ ਚਿੱਤਰ ਬਣਾਉ।” ਗੁਰੂ ਨਾਨਕ ਦੇਵ ਜੀ ਅਤੇ ਗੁਰਬਾਣੀ ਦੇ ਸਨਿਮਰ ਪ੍ਰੇਮੀ ਕਲਾਕਾਰ ਦੇ ਅੰਦਰ ਨਾਨਕ ਵੱਸਿਆ ਹੀਂ ਨਹੀਂ, ਸਗੋਂ ਰੋਮ-ਰੋਮ ਵਿਚ ਸਮਾਂ ਗਿਆ ਸੀ। ਗੁਰੂ ਜੀ ਦੀ ਬਾਣੀ ਦਾ ਉਹਨਾਂ ਬੜੀ ਹੀ ਸ਼ਰਧਾ ਨਾਲ ਅਧਿਐਨ ਕੀਤਾ, ਮਨ ਵਿਚ ਵਸਾਇਆ ਅਤੇ ਜੀਵਿਆ। ਸਿੱਖ ਇਤਿਹਾਸ ਪੜ੍ਹਿਆ ਅਤੇ ਗੁਰੂ ਸਾਹਿਬਾਨ ਦੇ ਪੁਰਾਤਨ ਚਿੱਤਰਾਂ ਦਾ ਅਧਿਐਨ ਕੀਤਾ ਸੀ।

ਗੁਰੁ ਸਾਹਿਬਾਨ ਦੇ ਚਿੱਤਰ ਚਿਤਰਣਾ ਉਹਨਾਂ ਦਾ ਪੇਸ਼ਾ ਨਹੀਂ –ਆਦਰਸ਼ ਸੀ-ਇਬਾਦਤ ਸੀ। ਉਹ ਕਿਹਾ ਕਰਦੇ ਸਨ,“ਸਿੱਖ ਇਕ ਸ਼ਕਤੀਸ਼ਾਲੀ ਕੌਮ ਹੈ। ਜੇ ਉਹਨਾਂ ਨੂੰ ਧਾਰਮਿਕ ਸੇਧ ਨਾ ਦਿੱਤੀ ਗਈ ਤਾਂ ਉਹ ਧੱਕੜ ਬਣ ਜਾਣਗੇ। ਮੈਂ ਚਾਹੁੰਦਾ ਹਾਂ ਕਿ ਗੁਰੂ ਸਾਹਿਬਾਨ ਦੇ ਚਿੱਤਰ ਉਹਨਾਂ ਦੇ ਘਰਾਂ ਵਿਚ ਲਗ ਜਾਣ ਤਾਂ ਜੇ ਉਹ ਆਪਣੇ ਮਹਾਨ ਇਤਿਹਾਸ ਨੂੰ ਯਾਦ ਰੱਖ ਸਕਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੱਚਾ-ਸੁੱਚਾ ਸਿੱਖ ਬਣਨ ਦੀ ਪ੍ਰੇਰਨਾ ਦੇ ਸਕਣ।” ਗੁਰੂ ਨਾਨਕ ਜੀ ਦੇ ਚਿੱਤਰਾਂ ਸੰਬੰਧੀ ਉਹਨਾਂ ਅਕਾਸ਼ਵਾਣੀ ਜਲੰਧਰ ਨੂੰ ਇਕ ਇੰਟਰਵਿਊ ਦਿੰਦਿਆਂ ਕਿਹਾ ਸੀ, “ਮੈਂ ਪੰਜਾਬ ਦੇ ਸ਼ਹੀਦਾਂ, ਮੁਰੀਦਾਂ ਦੀਆਂ ਜੀਵਨੀਆਂ ਦੀ ਪ੍ਰੇਰਨਾ ਲੈ ਕੇ ਉਹਨਾਂ ਦੀਆਂ ਜੀਵਨੀਆਂ ਤੋਂ ਆਮ ਲੋਕਾਂ ਨੂੰ ਪ੍ਰੇਰਨਾ ਦੇਣ ਦਾ ਚਾਹਵਾਨ ਹਾਂ। ਸਭ ਤੋਂ ਵੱਧ ਉੱਚ ਕੋਟੀ ਦੇ ਪਰਮ ਮਨੁੱਖ ਗੁਰੁ ਨਾਨਕ ਦੇ ਜੀਵਨ ਅਤੇ ਜੀਵਨ ਗਿਆਨ ਤੋਂ ਪ੍ਰੇਰਨਾ ਲੈਣਾ ਅਤੇ ਪ੍ਰੇਰਨਾ ਦੇਣਾ ਮੇਰਾ ਪਰਮ ਧਰਮ ਬਣ ਗਿਆ ਹੈ।”

ਇਨ੍ਹਾਂ ਚਿੱਤਰਾਂ ਨੂੰ ਰੂਪਮਾਨ ਕਰਨ ਲਈ ਕਿਤਨੀ ਸਾਧਨਾ ਦੀ ਲੋੜ ਹੈ, ਬਾਰੇ ਕਿਹਾ “ਸ਼ਰਧਾਮਈ ਚਿੱਤਰ ਪ੍ਰਕਾਸ਼-ਮਾਨ ਕਰਦਿਆਂ ਮੇਰੇ ਦਿਲ ਵਿਚ ਇਕ ਭਗਤ ਦੀ ਅਰਾਧਨਾ, ਕਲਾਕਾਰ ਦੀ ਰੀਝ ਅਤੇ ਇਕ ਗੁਰਸਿੱਖ ਦੀ ਸ਼ਰਧਾ ਹੁੰਦੀ ਹੈ। ਮੈਂ ਪਹਿਲੋਂ ਹੀ ਪੈਨਸਲ ਨਾਲ ਉਲੀਕੀਆਂ ਲੀਕਾਂ ’ਤੇ ਰੰਗਾਂ ਅਤੇ ਬੁਰਸ ਦੁਆਰਾ  ਤਕਨੀਕੀ ਕਲਾਬਾਜ਼ੀਆਂ ਆਰੰਭ ਦਿੰਦਾ ਹਾਂ, ਪਰ ਇਸ ਆਸ ’ਤੇ ਕਿ ਕਦੀ ਨਾ ਕਦੀ ਉਹ ਸੁਲੱਖਣੀ ਘੜੀ ਅਵੱਸ਼ ਆਏਗੀ ਜਦ ਮੇਰੇ ਵਿਚੋਂ “ਮੈਂ” ਨਿਕਲ ਕੇ ਗੁਰੂ ਸਾਹਿਬ ਆ ਵੱਸਣਗੇ, ਅਤੇ ਫੇਰ ਜੋ ਕੁਝ ਹੋਏਗਾ ਉਹ ਕਲਾ ਦੀ ਕ੍ਰਿਤ ਹੋਏਗਾ। ਮੇਰਾ ਤਰਲਾ ਹੁੰਦਾ ਹੈ ਕਿ ਬਚਪਨ ਤੋਂ ਲੈ ਕੇ ਹੁਣ ਤਕ ਮੇਰੇ ਹਿਰਦੇ ਵਿਚ ਜੋ ਜਨਮ ਸਾਖੀਆਂ ਦੇ ਆਧਾਰ ’ਤੇ ਗੁਰੂ ਸਾਹਿਬ ਦੇ ਦਰਸ਼ਨ ਸਮਾਏ ਹੋਏ ਹਨ, ਉਹ ਕੈਨਵਸ ਉਤੇ ਰੂਪਮਾਨ ਹੋ ਜਾਣ।”
ਜਦੋਂ ਸੋਭਾ ਸਿੰਘ ਨੇ ਚਿੱਤਰਕਾਰੀ ਦਾ ਕੰਮ ਸ਼ੁਰੂ ਕੀਤਾ ਉਸ ਸਮੇਂ ਗੁਰੂ ਨਾਨਕ ਦੇਵ ਜੀ ਦੀ ਜੋ ਤਸਵੀਰ ਆਮ ਪ੍ਰਚੱਲਤ ਸੀ, ਉਹ ਇਸ ਤਰ੍ਹਾਂ ਸੀ: ਗੁਰੂ ਜੀ ਬੇਰੀ ਦੇ ਇਕ ਦਰੱਖ਼ਤ ਹੇਠਾਂ ਬੈਠੇ ਹਨ, ਸੇਲ੍ਹੀ ਟੋਪੀ ਪਹਿਨੇ ਹੋਏ ਹਨ –ਆਸੇ ਪਾਸੇ ਭਾਈ ਬਾਲਾ ਅਤੇ ਭਾਈ ਮਰਦਾਨਾ ਬੈਠੇ ਹੋਏ-ਬੇਰੀ ਉਪਰ ਟੰਗੇ ਹੋਏ ਇਕ ਪਿੰਜਰੇ ਵਿਚ ਇਕ ਤੋਤਾ ਹੈ। ਜਦੋਂ ਸੋਭਾ ਸਿੰਘ  ਦੀ ਬਣਾਈ ਹੋਈ ਪ੍ਰਸਿੱਧ ਤਸਵੀਰ “ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ” ਜਦੋਂ ਵਿਦੇਸ਼ ਤੋਂ ਛਪ ਕੇ ਆਈ, ਪਹਿਲਾਂ-ਪਹਿਲਾਂ ਕਈਆਂ ਨੇ ਇਸ ਦੀ ਬੜੀ ਨੁਕਤਾਚੀਨੀ ਕੀਤੀ। ਕਹਿੰਦੇ ਸੇਲ੍ਹੀ ਟੋਪੀ ਕਿਥੇ ਹੈ? ਬੇਰੀ ਤੇ ਤੋਤਾ ਕਿਥੇ ਹੈ? ਭਾਈ ਬਾਲਾ ਤੇ ਭਾਈ ਮਰਦਾਨਾ ਕਿਥੇ ਹਨ? ਪਰ ਪਿਛੋਂ ਇਹ ਤਸਵੀਰ ਇਤਨੀ ਪ੍ਰਸਿੱਧ ਤੇ ਹਰਮਨ ਪਿਆਰੀ ਹੋਈ ਕਿ ਉਸ ਸਸਤੇ ਸਮੇਂ ਵਿਚ ਵੀ ਇਸ ਦੀ ਇਕ-ਇਕ ਕਾਪੀ 50-50 ਰੁਪਾਏ ਵਿਚ ਵਿਕੀ।

ਗੁਰੂ ਨਾਨਕ ਦੇਵ ਜੀ ਦੀ “ਨਾਮ ਖੁਮਾਰੀ” ਵਾਲੀ ਤਸਵੀਰ ਤੋਂ ਬਿਨਾਂ ਉਹਨਾਂ ਹੋਰ ਵੀ ਅਨੇਕਾਂ ਚਿੱਤਰ ਬਣਾਏ ਹਨਪਰ ਸਭ ਤੋਂ ਵੱਧ ਹਰਮਨ ਪਿਆਰਾ ਉਹ ਚਿੱਤਰ ਹੋਇਆ ਜੋ ਗੁਰੂ ਜੀ ਦੇ ਪੰਜ ਸੌ ਸਾਲਾ ਪ੍ਰਕਾਸ਼ ਉਤਸਵ ਸਮੇਂ ਸ਼੍ਰੋਮਣੀ ਕਮੇਟੀ ਨੇ ਛਪਵਾਇਆ ਸੀ, ਜਿਸ ਵਿਚ ਗੁਰੂ ਨਾਨਕ ਦੇਵ ਜੀ ਇਕ ਹੱਥ ਨਾਲ ਅਸ਼ੀਰਵਾਦ ਦਿੰਦੇ ਦਿਖਾਈ ਦਿੰਦੇ ਹਨ।ਇਸ ਦੀਆਂ ਲੱਖਾਂ ਹੀ ਕਾਪੀਆਂ ਵਿਕੀਆਂ ਜੋ ਸ਼੍ਰੋਮਣੀ ਕਮੇਟੀ ਨੇ ਲਾਗਤ ਕੀਮਤ ’ਤੇ ਹੀ ਦਿੱਤੀਆਂ ਸਨ।

ਗੁਰੂ ਨਾਨਕ ਦੇਵ ਜੀ ਦੇ ਚਿੱਤਰ ਚਿਤਰਣ ਉਤੇ ਕਿਸੇ ਵੀ ਕਲਾਕਾਰ ਨੇ ਇਤਨੀ ਸਾਧਨਾ ਤੇ ਕਰੜੀ ਮਿਹਨਤ ਨਹੀਂ ਕੀਤੀ ਜਿਤਨੀ  ਸੋਭਾ ਸਿੰਘ ਨੇ ਕਤਿੀ। ਉਹਨਾਂ ਵਲੋਂ ਚਿਤਰੀ ਕੋਈ ਵੀ ਤਸਵੀਰ ਛਪ ਕੇ ਜਦੋਂ ਬਾਜ਼ਾਰ ਵਿਚ ਆਉਂਦੀ, ਬਹੁਤੇ ਚਿੱਤਰਕਾਰ ਉਸ ਦੀ ਕਾਪੀ (ਨਕਲ) ਕਰਦੇ ਰਹੇ ਹਨ। ਉਹ ਕਿਹਾ ਕਰਦੇ ਸਨ, “ਮੈਂ ਗੁਰੂ ਸਾਹਿਬਾਨ ਦੇ ਗੁਣਾਂ ਨੂੰ ਚਿੱਤਰਦਾ ਹਾਂ –ਸਰੀਰ ਨੂੰ ਨਹੀਂ।” ਇਹੋ ਕਾਰਨ ਹੈ ਕਿ ਇਸ ਘਾਲਣਾ ਤੇ ਸਾਧਨਾ ਨੂੰ ਦੇਖ ਕੇ ਬੰਬਈ ਤੋਂ ਇਕ ਪ੍ਰੈਸ ਦੇ ਮਾਲਕ ਨੇ ਉਹਨਾਂ ਨੂੰ ਇਕ ਵਾਰੀ ਖੱਤ ਲਿਖਿਆ ਸੀ, “ਮੈਂ ਹੁਣੇ ਧਰਮਯੁਗ ਵੇਖ ਰਿਹਾ ਸੀ। ਇਸ ਵਿਚ ਇਕ ਲੇਖ ਦਾ ਸਿਰਲੇਖ ਹੈ ‘ਤੁਲਸੀ ਕੇ ਰਾਮ’ – ਪਰ ਸ੍ਰੀ ਰਾਮ ਕੇਵਲ ਤੁਲਸੀ ਦੇ ਹੀ ਨਹੀਂ ਕਹਿ ਸਕਦੇ ਕਿ ‘ਤੁਲਸੀ ਕੇ ਰਾਮ’ ਇਕ ਗਲਤ ਧਾਰਨਾ ਹੈ। ਇਸੇ ਤਰ੍ਹਾਂ ਇਕ ਦਿਨ ਆਏਗਾ ਜਦੋਂ ਲੋਕ ਆਖਣਗੇ – ਸ੍ਰ. ਸੋਭਾ ਸਿੰਘ ਦੇ ਗੁਰੂ ਨਾਨਕ।

ਪੰਜ ਸੌ ਸਾਲਾ ਪ੍ਰਕਾਸ਼ ਉਤਸਵ ਪਿਛੋਂ ਵੀ ਸੋਭਾ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਅਨੇਕਾਂ ਚਿੱਤਰ ਬਣਾਏ ਸਨ।ਆਪਣੀ ਜ਼ਿੰਦਗੀ ਵਿਚ ਸਭ ਤੋਂ ਵੱਡੇ ਆਕਾਰ ਦਾ ਚਿੱਤਰ ਭਾਰਤੀ ਪਾਰਲੀਮੈਂਟ ਹਾਊਸ ਦੇ ਇਕ ਵਰਾਂਡੇ ਵਿਚ ਬਣਾਇਆ ਹੈ। ਇਸ ਪੈਨਲ ਵਿਚ ਗੁਰੂ ਨਾਨਕ ਨੂੰ ਭਾਈ ਬਾਲਾ ਅਤੇ ਭਾਈ ਮਰਦਾਨਾ ਸਮੇਤ ਦਿਖਾਇਆ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>