ਚਿੱਤਰਕਾਰ ਸੋਭਾ ਸਿੰਘ :ਇਕ ਬਹੁ-ਪੱਖੀ ਸ਼ਖਸ਼ੀਅਤ

ਪ੍ਰਸਿੱਧ ਚਿੱਤਰਕਾਰ ਸਰਦਾਰ ਸੋਭਾ ਸਿੰਘ ਇਕ ਬਹੁ-ਪੱਖੀ ਸ਼ਖਸੀਅਤ ਸਨ। ਇਸ ਲੇਖਕ ਨੂੰ ਲਗਭਗ ਦੋ ਦਹਾਕੇ ਉਨ੍ਹਾਂ ਨੂੰ ਨੇੜਿਉਂ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ ਹੈ।

ਆਮ ਲੋਕ ਸ: ਸੋਭਾ ਸਿੰਘ ਨੂੰ ਇਕ ਮਹਾਨ ਚਿੱਤਰਕਾਰ ਵਜੋਂ ਹੀ ਜਾਣਦੇ ਹਨ। ਗੁਰੂ ਘਰ ਦੇ ਪ੍ਰੇਮੀ ਉਹਨਾਂ ਦੀਆਂ ਬਣਾਈਆਂ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨੂੰ ਮੁੱਖ ਰੱਖ ਕੇ, ਸ਼ਰਧਾ ਨਾਲ ਉਨ੍ਹਾਂ ਨੂੰ ਯਾਦ ਕਰਦੇ ਹਨ।ਉਨ੍ਹਾਂ ਦੇ ਜੀਵਨਕਾਲ ਦੋਰਾਨ  ਕਈ ਪ੍ਰੇਮੀ ਉਨ੍ਹਾਂ ਨੂੰ ਕਿਸੇ ਸੰਤ-ਮਹਾਂਪੁਰਖ ਤੋਂ ਘੱਟ ਨਹੀਂ ਸਮਝਦੇ, ਉਹ ਇਸ ਤਰ੍ਹਾਂ ਕਹਿੰਦੇ ਸੁਣੇ ਗਏ ਸਨ, “ਇਨ੍ਹਾਂ ਦੇ ਦਿਲ ਵਿਚ ਗੁਰੂ ਸਾਹਿਬ ਸਮਾਏ ਹੋਏ ਹਨ।ਤਾਂ ਹੀ ਇਨ੍ਹਾਂ ਦੀਆਂ ਬਣਾਈਆਂ  ਗੁਰੂ ਸਾਹਿਬਾਨ ਦੀਆਂ ਤਸਵੀਰਾਂ ਤੇ ਇਤਨਾ ਨੂਰ ਹੁੰਦਾ ਹੈ।”  ਕਲਾ ਪ੍ਰੇਮੀ ਉਨ੍ਹਾਂ ਨੂੰ “ਸੋਹਣੀ ਮਹੀਵਾਲ” ਦੇ ਸ਼ਾਹਕਾਰ ਕਰ ਕੇ ਸਤਿਕਾਰਦੇ ਹਨ। ਆਮ ਪੰਜਾਬੀ ਘਰਾਂ ਵਿਚ ਉਨ੍ਹਾਂ ਦੀਆਂ ਬਣਾਈਆਂ “ਗੁਰੂ ਸਾਹਿਬਾਨ” ਜਾਂ “ਸੋਹਣੀ ਮਹੀਵਾਲ” ਦੀਆਂ ਤਸਵੀਰਾਂ ਲਗਾਈਆਂ ਹੋਈਆਂ ਹਨ।ਭਾਵੇਂ ਇਹ ਪੁੱਛਣ ਤੇ “ਤੁਹਾਡੀ ਸਭ ਤੋਂ ਚੰਗੀ ਪੇਂਟਿੰਗ ਕਿਹੜੀ ਹੈ?” ਉਹ ਇਹੋ ਜਵਾਬ ਦਿਆ ਕਰਦੇ ਸਨ, “ਮਾਂ ਨੂੰ ਸਭ ਬੱਚੇ ਇਕੋ ਜਿਹੇ ਪਿਆਰੇ ਹੁੰਦੇ ਹਨ।” ਫਿਰ ਵੀ ਲੋਕ “ਸੋਹਣੀ ਮਹੀਵਾਲ” ਨੂੰ ਉਨ੍ਹਾਂ ਦਾ “ਮਾਸਟਰ ਪੀਸ” ਸਮਝਦੇ ਹਨ ਅਤੇ ਇਹ ਤਸਵੀਰ ਆਪਣੇ ਘਰ ਲਗਾਉਣੀ ਸ਼ਾਨ ਸਮਝਦੇ ਹਨ। ਅਨੇਕਾਂ ਛਾਉਣੀਆਂ ਵਿਚ ਫੌਜੀ ਅਫ਼ਸਰਾਂ ਦੇ ‘ਮੈਸ” ਵਿਚ ਵੀ ਇਹ ਤਸਵੀਰ  ਲੱਗੀ ਹੋਈ ਵੇਖੀ ਜਾ ਸਕਦੀ ਹੈ।ਕਈ ਕਲਾ ਆਲੋਚਕਾਂ ਦਾ ਵਿਚਾਰ ਹੈ ਕਿ ਸ. ਸੋਭਾ ਸਿੰਘ ਦੀ ਕਲਾ-ਜਗਤ ਵਿਚ ਇਕ ਮਹਾਨ ਕਲਾਕਾਰ ਵਜੋਂ ਮਾਨਤਾ, ਪ੍ਰਸਿੱਧੀ ਤੇ ਅਮਰ ਰਖਣ ਲਈ ਇਹੋ ਇਕੋ ਸ਼ਾਹਕਾਰ ਹੀ ਕਾਫੀ ਹੈ।ਉਨ੍ਹਾਂ ਦੇ ਇਕ ਦੋਸਤ ਡਾ.ਕਰਮ ਸਿੰਘ ਗਰੇਵਾਲ ਕਿਹਾ ਜਦੇ ਸਨ, “ਕੌਣ ਕਹਿੰਦਾ ਹੈ ਕਿ ਸੋਹਣੀ ਮਹੀਵਾਲ ਦੀ ਹੈ, ਸੋਹਣੀ ਤਾਂ ਮੇਰੇ ਯਾਰ ਦੀ ਹੈ।”

ਜੀ ਹਾਂ – ਸ. ਸੋਭਾ ਸਿੰਘ ਇਕ ਮਹਾਨ ਕਲਾਕਾਰ ਸਨ। ਤਸਵੀਰਾਂ ਚਿਤਰਣਾਂ ਉਨ੍ਹਾਂ ਦਾ ਪੇਸ਼ਾ ਨਹੀਂ, ਸਗੋਂ ਜਨੂਨ ਸੀ, ਇਬਾਦਤ ਸੀ। ਇਸੇ ਕਰ ਕੇ ਸਾਲ 1923 ਦੌਰਾਨ ਭਾਰਤੀ ਫੌਜ  ਦੀ ਇਕ ਹੈਡ-ਡਰਾਫਟਸਮੈਨ ਵਜੋਂ ਆਰਾਮਦੇਹ ਨੌਕਰੀ ਛੱਡ ਕੇ ਆ ਗਏ ਸਨ ਅਤੇ ਅੰਮ੍ਰਿਤਸਰ ਵਿਖੇ ਆਪਣਾ “ਆਰਟ ਸਟੂਡੀਓ” ਸਥਾਪਤ ਕਰ ਲਿਆ ਸੀ।ਪਹਿਲਾਂ ਪਹਿਲਾਂ ਉਹ ਪੰਜਾਬ ਦੀਆਂ ਪ੍ਰੇਮ ਕਥਾਵਾ ਤੇ ਭਗਤਾਂ ਦੇ ਚਿੱਤਰ ਬਣਾਇਆ ਕਰਦੇ ਸਨ। ਉਹ ਨਾਮਵਾਰ ਪੰਜਾਬੀ ਸ਼ਾਇਰ ਭਾਈ ਵੀਰ ਸਿੰਘ ਤੇ ਪ੍ਰਸਿੱਧ ਸਿੱਖ ਵਿਦਵਾਨ  ਭਾਈ ਕਾਹਨ ਸਿੰਘ ਨਾਭਾ ਦੀ ਸੰਗਤ ਵਿਚ ਆਏ , ਉਨ੍ਹਾਂ ਦੋਨਾਂ ਨੇ ਇਸ ਚਿੱਤਰਕਾਰ ਨੂੰ ਗੁਰੂ ਸਾਹਿਬਾਨ ਦੇ ਚਿੱਤਰ ਬਣਾਉਣ ਦੀ ਪ੍ਰੇਰਨਾ ਦਿਤੀ। ਇਸ ਉਪਰੰਤ ਉਨ੍ਹਾਂ ਆਪਣੇ ਜੀਵਨ ਦਾ ਬਹੁਤਾ ਹਿੱਸਾ ਗੁਰੁ ਸਾਹਿਬਾਨ ਤੇ ਸਿੱਖ ਇਤਿਹਾਸ ਦੇ ਚਿੱਤਰ ਬਣਾਉਣ ਉਤੇ ਹੀ ਲਗਾਇਆ ਅਤੇ ਪ੍ਰਸਿੱਧੀ ਪ੍ਰਾਪਤ ਕੀਤੀ, ਆਪਣੀ ਇਕ ਵੱਖਰੀ ਪਛਾਣ ਬਣਾਈ। ਜੋ ਚਿੱਤਰ ਵੀ ਉਹ ਬਣਾਦੇ ਸਨ, ਉਸ ਵਿਅਕਤੀ ਦਾ ਚਰਿੱਤਰ, ਉਸ ਦੇ ਚਿਹਰੇ ਵਿਚ ਭਰਨ ਦਾ ਪੂਰਾ ਯਤਨ ਕਰਦੇ ਸਨ। ਬਹੁਤੀਆਂ ਤਸਵੀਰਾਂ ਸਿੱਖ ਗੁਰੂਆਂ ਦੀਆਂ ਬਣਾਈਆਂ । ਹਰ ਚਿੱਤਰ ਵਿਚ ਗੁਰੂ ਸਾਹਿਬ ਦਾ ਰੂਹਾਨੀ ਚਰਿੱਤਰ, ਨੂਰ, ਵਿਦਵਤਾ, ਗੰਭੀਰਤਾ ਜਾਂ ਬੀਰਤਾ ਆਦਿ ਭਰਨ ਦਾ ਯਤਨ ਕਰਦੇ ਸਨ ਉਨ੍ਹਾਂ ਨੇ ਗੁਰੂ ਸਾਹਿਬਾਨ ਦੇ ਜੀਵਨ ਦਾ ਪੂਰਾ  ਅਧਿਐਨ ਕੀਤਾ , ਬਾਣੀ ਨੂੰ ਪੜ੍ਹਿਆ ਜਾਂ ਯਾਦ ਹੀ ਨਹੀਂ ਕੀਤਾ, ਸਗੋਂ ਮਾਣਿਆ ਅਤੇ ਜੀਵਿਆ ਸੀ। ਅਕਸਰ ਆਪਣੀ ਗਲਬਾਤ ਵਿਚ ਗੁਰਬਾਣੀ ਦਾ ਹਵਾਲਾ ਦਿਆ ਕਰਦੇ ਸਨ।ਉਨ੍ਹਾ  ਗੁਰੂ ਸਾਹਿਬਾਨ ਦੇ ਪੁਰਾਤਨ ਚਿੱਤਰਾਂ, ਬਸਤਰਾਂ, ਸ਼ਸਤਰਾਂ ਦਾ ਅਧਿਐਨ ਵੀ ਕੀਤਾ। ਆਪ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਨ੍ਹਾਂ ਨੇ 1969 ਵਿਚ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਉਤਸਵ ਸਮੇਂ ਸ਼੍ਰੋਮਣੀ ਕਮੇਟੀ ਲਈ ਗੁਰੁ ਜੀ ਦੀ ਜੋ ਤਸਵੀਰ ਉਨ੍ਹਾਂ ਬਣਾਈ ਸੀ, ਉਸ ਵਿਚ ਗੁਰੁ ਸਾਹਿਬ ਦਾ ਸੱਜਾ ਹੱਥ ਅਸ਼ੀਰਵਾਦ ਦਿੰਦਿਆਂ ਵਿਖਾਇਆ ਗਿਆ ਹੈ। ੳੇੁਸ ਹੱਥ ਦੀਆਂ ਰੇਖਾਵਾਂ ਚਿੱਤਰਣ ਲਈ ਉਨ੍ਹਾਂ ਨੇ ਪਾਮਿਸਟਰੀ ਦੀ ਇਕ ਕਿਤਾਬ ਪੜ੍ਹੀ ਸੀ ਤਾਂ ਜੋ ਹਸਤ-ਰੇਖਾ ਦਾ ਕੋਈ ਪੰਡਤ ਇਹ ਨਾ ਕਹਿ ਦੇਵੇ  ਕਿ ਇਸ ਹੱਥ ਦੀਆਂ ਰੇਖਾਵਾਂ ਗੁਰੂ ਸਾਹਿਬ ਦੇ ਮਹਾਨ ਗੁਣਾਂ ਤੇ ਸ਼ਖਸੀਅਤ ਨੂੰ ਨਹੀਂ ਦਰਸਾਂਦੀਆਂ।ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਚਿਹਰੇ ਅਤੇ ਬਸਤਰਾਂ ਆਦਿ ਸੰਬੰਧੀ ਕਿੰਨਾ ਕੁ ਅਧਿਅਨ ਕੀਤਾ ਹੋਏਗਾ।
ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਉਹ ਇਕ ਬਹੁਤ ਵੱਧੀਆ ਬੁੱਤ–ਤਰਾਸ਼ ਵੀ ਸਨ। ਅਪਣੇ ਮਿੱਤਰ ਪ੍ਰਿਥਵੀ ਰਾਜ ਕਪੂਰ, ਡਾ. ਐਮ.ਐਸ.ਰੰਧਾਵਾ, ਅੰਮ੍ਰਿਤਾ ਪ੍ਰੀਤਮ ਤੇ ਹੋਰ ਕਈ ਸ਼ਖਸੀਅਤਾਂ ਦੇ ਬੁੱਤ ਤਰਾਸ਼ੇ ਸਨ। ਡਾ ਰੰਧਾਵਾ ਦਾ ਬੁੱਤ ਪੰਜਾਬ ਖੇਤੀ ਬਾੜੀ ਯੁਨੀਵਰਸਿਟੀ ਲੁਧਿਆਣਾ ਦੀ ਲਾਇਬਰੇਰੀ ਵਿਚ ਤੇ ਸ੍ਰੀ ਕਪੂਰ ਦਾ ਬੁੱਤ ਅੰਦਰੇਟੇ ਆਰਟ ਗੈਲਰੀ ਦੇ ਬਾਹਰ ਦੀਵਾਰ ‘ਤੇ ਲਗਾ ਹੋਇਆ ਦੇਖਿਆ ਜਾ ਸਕਦਾ ਹੈ। ਲਾਹੌਰ ਰਹਿੰਦੇ ਹੋਏ ਉਨ੍ਹਾਂ ਫਿਲਮ ‘ਬੁੱਤ-ਤਰਾਸ਼  ਦੀ ਆਰਟ-ਡਾਇਰੈਕਸ਼ਨ ਦਿਤੀ ਸੀ । ਇਸ ਫਿਲਮ ਵਿਚ ਦਿਖਾਏ ਗਏ ਸਾਰੇ ਬੁੱਤ ਉਂਨ੍ਹਾਂ ਖੁਦ ਤਰਾਸ਼ੇ ਸਨ।

ਉਨ੍ਹਾ ਦੀ ਸਾਹਿਤ ਪੜ੍ਹਣ ਵਿਚ ਬਹੁਤ ਰੁਚੀ ਸੀ।ਅਪਣੇ ਸਮਕਾਲੀ ਸਾਰੇ ਪੰਜਾਬੀ ਲੇਖਕਾਂ ਨੂੰ ਪੜ੍ਹਣ ਤੋਂ ਬਿਨਾ ਅੰਗਰੇਜੀ ਦੇ ਕਈ ਪ੍ਰਮੁਖ ਲੇਖਕਾਂ ਨੂੰ ਅਕਸਰ ਪੜ੍ਹਦੇ ਰਹਿੰਦੇ ਸਨ। ਅਪਣੇ ਸਨੇਹੀਆਂ ਨੂੰ ਚੰਗੀਆਂ ਪੁਸਤਕਾਂ ਪੜ੍ਹਣ ਦੀ ਸਿਫ਼ਾਰਿਸ਼ ਕਰਦੇ, ਕਈ ਵਾਰੀ ਖੁਦ ਚੰਗੀ ਪੁਸਤਕ ਖਰੀਦ ਕੇ ਸਨੇਹੀਆਂ ਨੂੰ ਤੁਹਫ਼ੇ ਵਜੋਂ ਭੇਟ ਵੀ ਕਰਦੇ। ਉਨ੍ਹਾਂ ਨੂੰ ਲਿਖਣ ਦਾ ਵੀ ਸ਼ੋਕ ਸੀ।ਕਲਾ ਬਾਰੇ ਅਨੇਕਾਂ ਲੇਖ ਲਿਖੇ ਤੇ ਅਪਣੇ ਸਮਕਾਲੀ ਪੰਜਾਬੀ ਲੇਖਕਾਂ ਦੇ ਕਲਮੀ ਚਿਹਰੇ ਵੀ ਲਿਖੇ, ਜੋ ਉਨ੍ਹਾਂ ਦੀ ਪੁਸਤਕ “ਕਲਾ ਵਾਹਿਗੁਰੂ ਜੀ ਕੀ” ਵਿਚ ਦੇਖੇ ਜਾ ਸਕਦੇ ਹਨ।

ਹਰ ਚਿੱਤਰ ਦੀ ਕਲਰ-ਸਕੀਮ ਜਾਂ ਬੈਕ-ਗਰਾਉਂਡ ਵਿਚ ਕੋਈ ਨਾ ਕੋਈ ਤਬਦੀਲੀ ਹੁੰਦੀ ਸੀ।ਲਗਭਗ ਹਰ ਚਿੱਤਰ ਤੇ ਉਹ ਇਸ ਦੇ ਬਾਹਰ ਜਾਂ ਪ੍ਰੈਸ ਵਿਚ ਛਪਣ ਲਈ ਜਾਣ ਤਕ ਕੰਮ ਕਰਦੇ ਰਹਿੰਦੇ ਸਨ। ਸ਼੍ਰੋਮਣੀ  ਕਮੇਟੀ ਲਈ 1969 ਵਿਚ ਜੋ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਬਣੀ ਸੀ, ਉਸ ਨੂੰ ਛਪਵਾਉਣ ਲਈ ਉਹ ਬੰਬਈ ਗਏ ਸਨ ਤਾਂ ਖਾਲਸਾ ਕਾਲਜ ਠਹਿਰੇ ਸਨ ਅਤੇ ਉਥੇ ਵੀ ਕੰਮ ਕਰਦੇ ਰਹੇ ਸਨ। ਜਦੋਂ ਇਹ ਤਸਵੀਰ ਘਰੋਂ ਗਈ ਸੀ ਤਾਂ ਉਸ ਦੀ ਬੈਕ-ਗਰਾਊਂਡ ਵਿਚ ਇਕ ਬੇਰੀ ਸੀ ਹੁਣ ਸਾਫ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ “ਦੇਹ ਸ਼ਿਵਾ ਬਰ ਮੋਹਿ ਇਹੈ – ਸ਼ੁਭ ਕਰਮਨ ਤੇ ਕਬਹੂੰ ਨਾ ਟਰੌਂ” ਦਿੱਲੀ ਤੋਂ ਛਪਵਾਉਣੀ ਸੀ। ਉਥੇ ਨਵਯੁਗ ਪ੍ਰੈਸ ਵਾਲੇ ਭਾਪਾ ਪ੍ਰੀਤਮ ਸਿੰਘ ਦੇ ਘਰ ਠਹਿਰੇ ਸਨ।ਉਥੇ ਵੀ ਇਸ ਤਸਵੀਰ ਤੇ ਕੰਮ ਕਰਦੇ ਰਹੇ ਤੇ ਬੈਕ-ਗਰਊਂਡ ਬਦਲ ਦਿਤੀ
ਅੰਦਰੇਟਾ ਵਿਖੇ ਆਰਟ ਗੈਲਰੀ ਦੇਖਣ ਲਈ ਬੜੇ ਹੀ ਦਰਸ਼ਕ ਅਤੇ ਉਨ੍ਹਾ ਦੇ “ਦਰਸ਼ਨ: ਕਰਨ ਵਾਲੇ  ਅਨੇਕਾਂ ਲੋਕ ਆਏ ਰਹਿੰਦੇ ਸਨ। ਹਰ ਤਰ੍ਹਾਂ ਦੇ ਲੋਕ –ਪੜ੍ਹੇ ਲਿਖੇ, ਅਧਿਆਪਕ, ਡਾਕਟਰ, ਲੇਖਕ, ਕਲਾਕਾਰ, ਅਨਪੜ੍ਹ, ਪੇਂਡੂ, ਸ਼ਹਿਰੀ, ਚੰਗੇ,  ਭੈੜੇ। ਉਹ ਹਰ ਕਿਸੇ ਵਲ ਪੂਰਾ ਧਿਆਨ ਦਿੰਦੇ ਸਨ। ਆਰਟ ਗੈਲਰੀ ਦੇਖਣ ਆਏ ਇਹ ਦਰਸ਼ਕ ਅਕਸਰ ਉਨ੍ਹਾਂ ਦੇ ਕੰਮ ਵਿਚ ਵਿੱਘਣ ਪਾਉਂਦੇ, ਸਾਡੀ ਪ੍ਰਾਈਵੇਟ ਜ਼ਿੰਦਗੀ ਵਿਚ ਦਖਲ ਅੰਦਾਜ਼ੀ ਹੁੰਦੀ। ਅਸੀਂ ਉਨ੍ਹਾਂ ਨੂੰ ਆਖਦੇ ਕਿ ਅਪਣਾ ਕੰਮ ਛੱਡ ਕੇ ਹਰ ਬੰਦੇ ਨਾਲ ਗਲਬਾਤ ਕਰਨ ਲਗ ਜਾਂਦੇ ਹੋ, ਅਪਣੇ ਸੁਖ ਆਰਾਮ ਦਾ ਵੀ ਖਿਆਲ ਕਰਿਆ ਕਰੋ। ਉਹ ਆਖਦੇ, “ਇਹ ਘਰ ਗੁਰੂ ਨਾਨਕ ਦਾ ਘਰ ਹੈ” ਅਤੇ ਕਈ ਵਾਰੀ ਕਹਿੰਦੇ, “ਜਿਹੜਾ ਬੰਦਾ ਵੀ ਆਇਆ ਹੈ , ਘਟੋ ਘਟ ਪਾਲਮਪੁਰ ਤੋਂ 12-13 ਕਿਲੋ ਮੀਟਰ ਦੂਰੋਂ ਤਾਂ ਆਇਆ ਹੈ, ਉਸ ਵਲ ਧਿਆਨ ਦੇਣਾ ਚਾਹੀਦਾ ਹੀ ਹੈ। ਵੈਸੇ ਕਾਵਾਂ ਵਿਚ ਕਦੀ ਕੋਈ ਹੰਸ ਵੀ ਆ ਜਾਂਦਾ ਹੈ।”

ਪੰਜਾਬ ਨਾਲ ਉਨ੍ਹਾਂ ਨੂੰ ਬਹੁਤ ਹੀ ਪਿਆਰ ਸੀ। ਪੰਜਾਬ ਨੂੰ ਹਰ ਖੇਤਰ ਵਿਚ ਪਰਫੁੱਲਤ ਵੇਖਣਾ ਚਾਹੁੰਦੇ ਸਨ।  ਜਦੋਂ ਪੰਜਾਬ ਨਾਲ ਕਿਸੇ ਵੀ ਕਿਸਮ ਦਾ ਕੋਈ ਧੱਕਾ ਹੁੰਦਾ, ਤਾਂ ਉਨ੍ਹਾਂ ਨੂੰ ਬੜਾ ਦੁੱਖ ਲਗਦਾ ਸੀ। ਪੰਜਾਬੀਆਂ ਦੀਆਂ ਘਾਟਾਂ ਬਾਰੇ ਵੀ ਸੁਣ ਕੇ ਦੁੱਖੀ ਹੁੰਦੇ ਸਨ। ਪੰਜਾਬੀ  ਬਾਕੀ ਪਰਦੇਸ਼ਾਂ ਦੇ ਲੋਕਾਂ ਨਾਲੋਂ  ਖੁਸ਼ਹਾਲ ਹਨ, ਪਰ ਸਭਿਆਚਾਰਕ ਤੌਰ ਤੇ ਬਹੁਤ ਪਿੱਛੇ। ਉਹ ਕਿਹਾ ਕਰਦੇ ਸਨ, “ਪੰਜਾਬੀਆਂ ਕੋਲ ਪੈਸੇ ਹੋਣਗੇ ਤਾਂ ਘਰ ਬਣਾ ਲੈਣਗੇ ਜਾਂ ਸ਼ਰਾਬਾਂ ਪੀ ਲੈਣਗੇ, ਪਰ ਨਾ ਚੰਗੀ ਕਿਤਾਬ ਖਰੀਦਣੀ ਹੈ, ਨਾ ਕੋਈ ਤਸਵੀਰ।” ਉਹ ਇਕ ਮਹਾਨ ਪੰਜਾਬੀ ਸਨ ਤੇ ਪੰਜਾਬ ਦੇ ਨਾਂਅ ਨੂੰ ਚਾਰ ਚੰਨ ਲਗਾਏ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>