ਅਮਰੀਕਾ ਵਿੱਚ ਨੌਕਰੀਆਂ ਦਾ ਭਵਿੱਖ

ਅਮਰੀਕਾ ਵਿੱਚ ਇਸ ਸਮੇਂ 3 ਕ੍ਰੋੜ ਭਾਵ ਕਿ 6 ਕਾਮਿਆਂ ਵਿਚੋਂ ਇਕ ਜਾਂ ਤਾਂ ਬੇ-ਰੁਜ਼ਗਾਰ ਹੈ ਜਾਂ  ਉਹ ਅੱਧ-ਪਚੱਧੀ ਨੌਕਰੀ ਵਿਚ ਹੈ ਭਾਵ ਕਿ ਉਸ ਨੂੰ ਪੂਰਾ ਸਮਾਂ ਕਰਨ ਲਈ ਕੰਮ ਨਹੀਂ ਮਿਲ ਰਿਹਾ। ਲੰਬੇ ਸਮੇਂ ਤੀਕ ਬੇ-ਰੁਜ਼ਗਾਰ ਰਹਿਣ ਵਾਲਿਆਂ ਦੀ ਗਿਣਤੀ ਜੋ ਇਸ ਸਮੇਂ ਹੈ, ਇਹ ਗਿਣਤੀ ਜਦ ਮਹਾਂ- ਮੰਦਵਾੜਾ ਸੀ, ਉਸ ਸਮੇਂ ਵੀ ਨਹੀਂ ਸੀ। ਇਨ੍ਹਾਂ ਵਿੱਚ 15 ਲੱਖ ਉਹ ਲੋਕ ਹਨ ਜੋ ਕਿ 99 ਹਫ਼ਤਿਆਂ ਤੋਂ ਵੱਧ ਬੇ-ਰੁਜ਼ਗਾਰ ਹਨ ਤੇ ਜਿਹੜੇ ਬੇ-ਰੁਜ਼ਗਾਰੀ ਲਾਭ ਖ਼ਤਮ ਕਰ ਚੁੱਕੇ ਹਨ।ਇਸ ਸਾਲ  ਜੁਲਾਈ ਵਿੱਚ ਸੈਨੇਟ ਨੇ 34 ਅਰਬ ਡਾਲਰ ਉਨ੍ਹਾਂ 20 ਲੱਖ ਅਮਰੀਕੀ ਬੇ-ਰੁਜ਼ਗਾਰਾਂ ਲਈ ਜਾਰੀ ਕੀਤੇ ਜਿਹੜੇ 6 ਮਹੀਨੇ ਜਾਂ ਇਸ ਤੋਂ ਵੱਧ ਸਮਾਂ ਨੌਕਰੀ ਤੋਂ ਬਾਹਰ ਹਨ ਤੇ ਜਿੰਨ੍ਹਾਂ ਨੂੰ ਨੌਕਰੀ ਤੋਂ ਬਾਹਰ ਰਹਿਣ ਕਾਰਨ ਮਿਲਣ ਵਾਲੇ ਲਾਭ ਮਈ ਤੋਂ ਬੰਦ ਹੋ ਗਏ ਸਨ। ਯਾਦ ਰਹੇ ਕਿ ਅਮਰੀਕਾ ਵਿੱਚ ਜਦ ਨੌਕਰੀ ਤੋਂ ਕਿਸੇ ਨੂੰ ਕੱਢਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਕੁਝ ਲਾਭ ਦਿੱਤੇ ਜਾਂਦੇ ਹਨ ਜਿਸ ਵਿੱਚ ਤਿੰਨ ਮਹੀਨੇ ਦੀ ਤਨਖਾਹ ਵੀ ਸ਼ਾਮਲ ਹੈ ਤੇ 2 ਸਾਲ ਤੀਕ ਉਸ ਨੂੰ ਵਿਸ਼ੇਸ਼ ਰਾਸ਼ੀ ਦਿੱਤੀ ਜਾਂਦੀ ਹੈ।ਅਮਰੀਕਾ ਵਿੱਚ ਭਵਿੱਖ ਵਿੱਚ ਬੇ-ਰੁਜ਼ਗਾਰੀ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।ਇਨ੍ਹਾਂ ਬੇ-ਰੁਜ਼ਗਾਰਾਂ ਵਿਚ ਸਭ ਤੋਂ ਜ਼ਿਆਦਾ ਗਿਣਤੀ ਗ਼ੈਰ-ਹੁਨਰਮੰਦ ਕਾਮਿਆਂ ਦੀ ਹੋਵੇਗੀ ਜਿੰਨ੍ਹਾਂ ਪਾਸ ਕਾਲਜ ਜਾਂ ਹੋਰ ਉਚੇਰੀ ਡਿਗਰੀ ਨਹੀਂ ਹੋਵੇਗੀ।
ਫਾਈਨੈਸ਼ਨਲ ਟਾਇਮਜ਼ ਵਿੱਚ ਟੋਰਾਂਟੋ ਯੂਨੀਵਰਸਿਟੀ ਦੇ ਮਾਰਟਿਨ ਪ੍ਰੋਸਪੈਰਿਟੀ ਇੰਸਟਿਚਿਊਟ ਵਲੋਂ ਕਰਵਾਏ ਗਏ ਅਧਿਐਨ  ਦੀ ਜੋ ਰਿਪੋਰਟ ਪ੍ਰਕਾਸ਼ਿਤ ਹੋਈ ਹੈ, ਉਸ ਅਨੁਸਾਰ ਅਮਰੀਕੀ ਅਰਥਚਾਰੇ ਨੇ ਜੇ ਮੁੜ ਪੈਰਾਂ ਸਿਰ ਖੜੇ ਹੋਣਾ ਹੈ ਤਾਂ ਲੋਕਾਂ ਦਾ ਰੁਝਾਨ ਘੱਟ ਤਨਖਾਹ ਵਾਲੀਆਂ ਨੌਕਰੀਆਂ ਵਲੋਂ ਮੋੜ ਕਿ ਉੱਚ- ਤਨਖਾਹ ਵਾਲੀਆਂ ਨੌਕਰੀਆਂ ਵੱਲ ਕਰਨਾ ਹੋਵੇਗਾ, ਜਿਸ ਨਾਲ ਕਿ ਉਹ ਆਪਣੇ ਪ੍ਰਵਾਰ ਦਾ ਗੁਜ਼ਾਰਾ ਕਰ ਸਕਣ।
ਲੇਬਰ ਵਿਭਾਗ ਦੇ ਅੰਕੜਿਆਂ ਅਨੁਸਾਰ ਜੇ ਅਮਰੀਕੀ ਅਰਥਚਾਰਾ ਠੀਕ ਚਲਦਾ ਰਿਹਾ ਤਾਂ ਅਗਲੇ ਦਹਾਕੇ ਵਿੱਚ 1 ਕ੍ਰੋੜ 50 ਲੱਖ ਨੌਕਰੀਆਂ ਉਤਪੰਨ ਹੋਣਗੀਆਂ ਜੋ ਕਿ ਇਸ ਆਰਥਕ ਮੰਦਵਾੜੇ ਕਰਕੇ ਗੁਆਚੀਆਂ 74 ਲੱਖ ਨੌਕਰੀਆਂ ਨਾਲੋਂ ਦੁਗਣੀ ਹੈ। ਇੰਨ੍ਹਾਂ ਵਿਚੋਂ ਤਕਰੀਬਨ ਅੱਧੀਆਂ 68 ਲੱਖ ਦੇ ਕ੍ਰੀਬ ਉਹ ਨੌਕਰੀਆਂ ਹੋਣਗੀਆਂ ਜਿੰਨ੍ਹਾਂ ਵਿੱਚ ਚੰਗੀ ਤਨਖਾਹ ਹੋਵੇਗੀ। ਇੰਨ੍ਹਾਂ ਵਿੱਚ ੳੁੱਚੇ- ਹੁਨਰ ਵਾਲੇ ਉੱਚੀ- ਤਨਖਾਹ ਵਾਲੇ ਪੇਸ਼ੇ ਹੋਣਗੇ। ਇੰਨ੍ਹਾਂ ਵਿੱਚ ਪੇਸ਼ਾਵਰ ਤੇ ਤਕਨੀਕੀ ਖੇਤਰ ਅਤੇ ਗਿਆਨ ਦਾ ਖੇਤਰ ਸ਼ਾਮਲ ਹਨ। ਜ਼ਰੂਰੀ ਨਹੀਂ ਕਿ ਇੰਨ੍ਹਾਂ ਸਾਰਿਆਂ ਪਾਸ ਕਾਲਜ ਡਿਗਰੀ ਹੋਵੇ। ਤਕਰੀਬਨ 72 ਪ੍ਰਤੀਸ਼ਤ ਕਾਲਜ ਗ੍ਰੈਜੂਏਟ ਗਿਆਨ ਦੇ ਖੇਤਰ ਵਿੱਚ ਜਾਣਗੇ।
1 ਕ੍ਰੋੜ 50 ਲੱਖ ਨਵੇਂ ਉਤਪੰਨ ਹੋਣ ਵਾਲੇ ਰੁਜ਼ਗਾਰਾਂ ਵਿੱਚ 71 ਲੱਖ ਰੁਜ਼ਗਾਰ ਕਾਫੀ ਘੱਟ ਤਨਖਾਹ ਵਾਲੇ, ਘੱਟ-ਹੁਨਰ ਮੰਦ ਕੰਮ ਹੋਣਗੇ। ਇੰਨ੍ਹਾਂ ਵਿੱਚ 8 ਲੱਖ 35 ਹਜ਼ਾਰ ਘਰੋਗੀ ਸਿਹਤ ਤੇ ਨਿੱਜੀ ਧਿਆਨ ਰੱਖਣ ਵਾਲੇ , 4 ਲੱਖ ਖਾਣਾ ਤਿਆਰ ਕਰਨ ਵਾਲੇ ਕਾਮੇ ਤੇ 3 ਲੱਖ 75 ਹਜ਼ਾਰ ਕਰਿਆਨੇ ਦੀਆਂ ਦੁਕਾਨਾਂ ‘ਤੇ ਵਿਕਰੀ ਕਲਰਕ ਹੋਣਗੇ। ਇਸ ਕੰਮ ਵਿੱਚ 6 ਕ੍ਰੋੜ ਅਮਰੀਕੀ ਕਾਮੇ ਪਹਿਲਾਂ ਹੀ ਲੱਗੇ ਹੋਏ ਹਨ  ਜੋ ਕਿ ਕਲਝ ਕਾਮਿਆਂ ਦੀ ਗਿਣਤੀ ਦਾ 45 ਪ੍ਰਤੀਸ਼ਤ ਹੈ। ਇਸ ਸਮੇਂ ਸਮੱਸਿਆ ਇਹ ਹੈ ਕਿ ਸੇਵਾਵਾਂ ਵਿੱਚ ਲੱਗੇ ਕਾਮਿਆਂ ਦੀ ਤਨਖਾਹ ਫੈਕਟਰੀਆਂ ਦੇ ਕਾਮਿਆਂ ਨਾਲੋਂ ਅੱਧੀ ਤੇ ਪੇਸ਼ਾਵਰ, ਤਕਨੀਕੀ ਅਤੇ ਗਿਆਨ ਦੇ ਕਾਮਿਆਂ ਦੀ ਤਨਖਾਹ ਨਾਲੋਂ ਇਕ ਤਿਹਾਈ ਹੈ।ਇਸ ਸਮੇਂ ਜ਼ਰੂਰਤ ਇਸ ਗੱਲ ਦੀ ਹੈ ਕਿ ਇੰਨ੍ਹਾਂ ਦਾ ਮੁਹਾਣ ਵੱਧ ਤਨਖਾਹ ਤੇ ਨੀਲੇ ਕਾਲਰ ਵਾਲੇ ਕੰਮਾਂ ਵੱਲ ਮੋੜਿਆ ਜਾਵੇ।
ਇਸ ਤਰ੍ਹਾਂ ਸੇਵਾਵਾਂ ਦੇ ਖੇਤਰ ਵਿੱਚ ਵੀ ਇਸ ਨੀਤੀ ਨੂੰ ਅਪਨਾਉਣ ਦੀ ਲੋੜ ਹੈ ਤੇ ਇਹ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਹੋਲ ਫੂਡਜ਼, ਵੈਗਮੈਨਜ਼ ਵਰਗੀਆਂ ਕੰਪਨੀਆਂ ਤੇ ਬੈਸਟ ਬਾਈ ਤੇ ਜੈਪਾਸ ਵਰਗੇ ਸਟੋਰ ਜੋ ਕਿ ਅਮਰੀਕਾ ਵਿੱਚ 100 ਵਧੀਆ ਕੰਮਾਂ ਵਿਚੋਂ ਪੰਜਵੇਂ ਸਥਾਨ ‘ਤੇ ਹਨ।ਕਨਟੇਨਰ ਸਟੇਟ ‘ਤੇ ਘੰਟਿਆਂ ਅਨੁਸਾਰ ਕੰਮ ਕਰਨ ਵਾਲਿਆਂ ਦੀ ਉਦਾਹਰਨ ਸਾਡੇ ਸਾਹਮਣੇ ਹੈ ਜੋ ਕਿ ਸਾਲ ਦੇ 30 ਹਜ਼ਾਰ ਡਾਲਰ ਕਮਾ ਲੈਂਦੇ ਹਨ ਜੋ ਕਿ ਭਾਵੇਂ ਜੀ ਐਮ ਫੈਕਟਰੀ ਦੇ ਕਾਮੇ ਦੇ ਬਰਾਬਰ ਨਹੀਂ ਪਰ ਆਮ ਕਰਿਆਨਿਆਂ ਦੀਆਂ ਦੁਕਾਨਾਂ ‘ਤੇ ਘੰਟਿਆਂ ਅਨੁਸਾਰ ਕੰਮ ਕਰਨ ਵਾਲੇ ਕਾਮਿਆਂ ਨਾਲੋਂ 50 ਪ੍ਰਤੀਸ਼ਤ ਵੱਧ ਜ਼ਰੂਰ ਹੈ। ਕਈਆਂ ਸਟੋਰਾਂ ਦੇ ਕਾਮੇ 6 ਅੰਕਾਂ ਵਾਲੀਆਂ ਤਨਖਾਹਾਂ ਲੈ ਰਹੇ ਹਨ। ਇਹ ਕੰਪਨੀਆਂ ਸੋਚਦੀਆਂ ਹਨ ਕਿ ਗਾਹਕਾਂ ਨੂੰ ਚੰਗੀਆਂ ਸੇਵਾਵਾਂ ਦੇਣ ਲਈ ਚੰਗੀਆਂ ਤਨਖਾਹਾਂ ਜ਼ਰੂਰੀ ਹਨ।
ਇਕ ਸਦੀ ਪਹਿਲਾਂ ਅਮਰੀਕੀ ਸਰਕਾਰ ਨੇ ਕਿਸਾਨਾਂ ਨੂੰ ਤਕਨੀਕੀ ਸਹਾਇਤਾ ਦੇਣ ਲਈ ਐਗਰੀਕਲਚਰ ਵਿਸਥਾਰ ਸੇਵਾ ਸ਼ੁਰੂ ਕੀਤੀ ਸੀ। ਇਸੇ ਤਰ੍ਹਾਂ ਉਦਯੋਗਾਂ ਵਿੱਚ ਵੀ ਕੁਆਲਟੀ ਦੇ ਵਾਧੇ ਲਈ ਕਈ ਤਰ੍ਹਾਂ ਦੇ ਕਦਮ ਚੁੱਕੇ ਗਏ । ਸੇਵਾਵਾਂ ਵਾਲੀਆਂ ਨੌਕਰੀਆਂ ਘੱਟ ਕੁਸ਼ਲਤਾ ਵਾਲੀਆਂ ਆਖਰੀ ਨੌਕਰੀਆਂ ਹਨ। ਹਰ ਸਾਲ ਹਜ਼ਾਰਾਂ ਕਾਰਨਰ ਸਟੋਰ, ਡਰਾਈ ਕਲੀਨਿੰਗ ਸ਼ਾਪਸ, ਡੇਅ ਕੇਅਰ ਸੈਂਟਰ, ਰੈਸਟੂਰੈਂਟ ਵਗੈਰਾ ਬੰਦ ਹੁੰਦੇ ਹਨ ਤੇ ਸ਼ੁਰੂ ਹੁੰਦੇ ਹਨ। ਸਰਕਾਰ ਉਚੇਰੀ ਤਕਨੀਕ ਵਾਲੇ ਉਦਯੋਗ ਅਤੇ ਯੂਨੀਵਰਸਿਟੀਆਂ ਵੱਲ ਧਿਆਨ ਦਿੰਦੀ ਹੈ ਪਰ ਨਵੀਆਂ ਸੇਵਾਵਾਂ ਕੰਪਨੀਆਂ ਵੱਲ ਧਿਆਨ ਨਹੀਂ ਦਿੰਦੀ, ਇਹੋ ਕਾਰਨ ਹੈ ਅਜਿਹੀਆਂ ਕੰਪਨੀਆਂ ਦੇ ਫੇਲ ਹੋਣ ਦੀ ਦਰ ਜ਼ਿਆਦਾ ਹੈ।
ਮਾਰਟਿਨ ਪ੍ਰੋਸਪੈਰਿਟੀ ਇਨਸਟਿਚਿਊਟ ਵਲੋਂ ਕਰਵਾਏ ਗਏ ਉਪਰੋਕਤ ਸਰਵੇਖਣ ਦੀ ਪੁਸ਼ਟੀ ਇਸ ਤੱਥ ਤੋਂ ਹੁੰਦੀ ਹੈ ਕਿ ਭਾਵੇਂ ਇਸ ਸਮੇਂ ਬੇ-ਰੁਜ਼ਗਾਰੀ ਹੈ ਪਰ ਇਸ ਦੇ ਬਾਵਜੂਦ ਵੀ ਓਹਾਇਹੋ ਸੂਬੇ ਵਿੱਚ ਵਿਗਿਆਨ ਅਤੇ ਇੰਜੀਨਿਰਿੰਗ ਪੜ੍ਹਾਈ ਦੀ ਘਾਟ ਕਾਰਨ 21 ਹਜ਼ਾਰ ਹੁਨਰਮੰਦ ਕਾਮਿਆਂ ਦੀਆਂ ਆਸਾਮੀਆਂ ਖ਼ਾਲੀ ਹਨ। ਹਾਲ ਹੀ ਵਿੱਚ ਜਾਰੀ ਅੰਕੜਿਆਂ ਅਨੁਸਾਰ ਇਸ ਸੂਬੇ ਵਿੱਚ ਗ੍ਰੈਜੂਏਟਾਂ ਵਿੱਚ ਕੇਵਲ 30.9 ਪ੍ਰਤੀਸ਼ਤ ਪਾਸ ਹੀ ਵਿਗਿਆਨ ਤੇ ਇੰਜੀਨਿਅਰਿੰਗ ਦੀ ਡਿਗਰੀ ਹੈ। ਇਸ ਸਮੇਂ ਇਲੈਕਟਰੀਕਲ ਇੰਜੀਨੀਅਰ ਨਹੀਂ ਮਿਲ ਰਹੇ।

ਓਬਾਮਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵੀ ਸਿਟੀ ਆਫ ਟੋਰਾਂਟੋ ਅਤੇ ਮਾਰਟਿਨ ਪ੍ਰੋਸਪੈਰਿਟੀ ਇਨਸਟੀਚਿਊਟ ਵਲੋਂ ਪਬਲਿਕ ਪ੍ਰਾਈਵੇਟ ਅਤੇ ਗੈਰ-ਮੁਨਾਫਾ ਖੇਤਰ ਦੇ ਨੁਮਾਇੰਦਿਆਂ ਨਾਲ ਸਰਵਿਸ ਸੇਵਾਵਾਂ ਦੀ ਉਨਤੀ ਲਈ ਨਵੀਆਂ ਵਿਧੀਆਂ ਲੱਭਣ ਲਈ ਕਰਵਾਏ ਗਏ ਸੰਮੇਲਨ ਵਾਂਗ ਕੌਮੀ ਪੱਧਰ ‘ਤੇ ਸੰਮੇਲਨ ਕਰਵਾਏ। ਅਜਿਹੀ ਨੀਤੀ ਅਪਨਾਉਣੀ ਚਾਹੀਦੀ ਹੈ ,ਜਿਸ ਨਾਲ ਉਚ ਯੋਗਤਾ ਤੇ ਉਚੇਰੇ ਹੁਨਰ ਵਾਲਿਆਂ ਦੀ ਗਿਣਤੀ ਵਧੇ।ਪ੍ਰਬੰਧਕੀ ਤੇ ਵਿਕਰੀ ਢਾਂਚੇ ਵਿਚ ਗੁਣਾਤਮਕਤਾ ਵਧਾੳੇੁਣ ‘ਤੇ ਜ਼ੋਰ ਦੇਣਾ ਚਾਹੀਦਾ ਹੈ। ਸਮਾਂ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ।ਵਿਸ਼ਵੀਕਰਨ ਕਰਕੇ ਮੁਕਾਬਲਾ ਸਖ਼ਤ ਹੋ ਗਿਆ ਹੈ।ਅਮਰੀਕਾ ਨੂੰ ਵੀ ਹੁਣ ਸਮੇਂ ਅਨੁਸਾਰ ਬਦਲਣਾ ਹੋਵੇਗਾ ਨਹੀਂ ਇਸ ਮੰਦਵਾੜੇ ਵਿੱਚੋਂ ਨਿਕਲਣਾ ਮੁਸ਼ਕਲ ਹੋ ਜਾਵੇਗਾ।
ਭਾਰਤ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਅਜਿਹਾ ਅਧਿਐਨ ਕਰਵਾਏ ਕਿ ਭਾਰਤ ਵਿੱਚ ਕਿਹੜੇ ਕਿਹੜੇ ਕੋਰਸਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ,ਜਿਨ੍ਹਾਂ ਨਾਲ ਉੱਚ ਪਾਏ ਦੀਆਂ ਨੌਕਰੀਆਂ ਮਿਲ ਸਕਣ।ਇਸੇ ਤਰ੍ਹਾਂ ਦਾ ਅਧਿਐਨ ਪੰਜਾਬ ਸਰਕਾਰ ਨੂੰ ਵੀ ਕਰਵਾਉਣਾ ਚਾਹੀਦਾ ਹੈ ਤੇ ਬਹੁਤ ਹੀ ਵਧੀਆ ਤਨਖ਼ਾਹ ਵਾਲੀਆਂ ਨੌਕਰੀਆਂ ਲਈ ਵਿਦਿਆਰਥੀਆਂ ਨੂੰ ਤਿਆਰ ਕਰਨਾ ਚਾਹੀਦਾ ਹੈ। ਪੰਜਾਬ ਵਿੱਚ ਖੇਤੀਬਾੜੀ ਨਾਲ ਸਬੰਧਿਤ ਉਦਯੋਗ ਸਥਾਪਤ ਕਰਨ ਦੀ ਲੋੜ ਹੈ । ਇਨ੍ਹਾਂ ਨਾਲ ਸਬੰਧਿਤ ਹੁਨਰਮੰਦ ਕਾਮੇ ਪੈਦਾ ਕਰਨ ਦੀ ਲੋੜ ਹੈ।ਪੰਜਾਬੀ ਹਮੇਸ਼ਾਂ ਹਮੇਸ਼ਾਂ ਉਦਮੀ ਰਹਿ ਹਨ।ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਬਹੁਤ ਮਾੜਾ ਹੈ।ਇਨ੍ਹਾਂ ਸਕੂਲਾਂ ਵਿਚ ਨਾ ਤਾਂ ਬੁਨਿਆਦੀ ਢਾਂਚਾ ਹੈ ਤੇ ਨਾ ਹੀ ਸਰਕਾਰ ਦਾ ਇਨ੍ਹਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਹੈ।ਇਨ੍ਹਾਂ ਸਕੂਲਾਂ ਵਿਚ ਅਧਿਆਪਕਾਂ ਦੀ ਕਮੀ ਹੈ।ਹੋਰ ਵੀ ਬਹੁਤ ਕਾਰਨ ਹਨ ਜੋ ਅਕਸਰ ਅਖ਼ਬਾਰਾਂ ਵਿਚ ਆੁਉਂਦੇ ਰਹਿੰਦੇ ਹਨ।ਜੇ ਅੱਜ ਤੋਂ 30-40 ਸਾਲ ਪਹਿਲਾਂ ਦੇ  ਅਫ਼ਸਰਾਂ,ਡਾਕਟਰਾਂ,ਇੰਜੀਨਿਅਰਾਂ ਵਗੈਰਾ ‘ਤੇ ਝਾਤ ਮਾਰੀਏ ਤਾਂ ਉਨ੍ਹਾਂ ਵਿਚੋਂ ਬਹੁਤੇ ਸਰਕਾਰੀ ਸਕੂਲਾਂ ਦੀ ਦੇਣ ਹਨ।ਜਿੱਥੇ  ਪੰਜਾਬ ਵਿਚ ਅਜਿਹੇ ਪੇਸ਼ਾਵਰ ਕੋਰਸਾਂ ਨੂੰ ਮੈਟਰਿਕ ਤੇ ਬਾਰਵੀਂ ਤੋਂ ਬਾਅਦ ਸ਼ੁਰੂ ਕਰਨ ਦੀ ਲੋੜ ਹੈ, ਜਿੰਨ੍ਹਾਂ ਦੀ ਮੰਗ ਦੇਸ਼ ਅਤੇ ਵਿਦੇਸ਼ ਵਿੱਚ ਬਹੁਤ ਜ਼ਿਆਦਾ ਹੈ, ਉੱਥੇ ਉਚੇਰੀ ਤਨਖ਼ਾਹ ਵਾਲੀਆਂ ਨੌਕਰੀਆਂ ਲਈ ਵੀ ਵਿਦਿਆਰਥੀਆਂ ਨੂੰ ਤਿਆਰ ਕਰਨ ਦੀ ਲੋੜ ਹੈ।  ਇਨ੍ਹਾਂ ਦੀ ਦੇਸ਼ ਤੋਂ ਵਿਦੇਸ਼ਾਂ ਵਿੱਚ ਵੀ ਬਹੁਤ ਮੰਗ ਹੈ।ਅਜਿਹਾ ਕਰਕੇ ਹੀ ਪੰਜਾਬ ਨੂੰ ਖ਼ੁਸ਼ਹਾਲ ਸੂਬਾ ਬਣਾ ਸਕਦੇ ਹਾਂ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>