ਕੂਕਰ

ਬੱਸ ਦੇ ਨਹਿਰ ਦਾ ਪੁੱਲ  ਚੜ੍ਹਦਿਆਂ ਹੀ ਮੈਂ ਸੁਚੇਤ ਹੋ ਕੇ ਬੈਠ ਗਿਆ ਸੀ। ਪਰ ਮੈਥੋਂ ਬਹੁਤੀ ਦੇਰ ਟਿਕ ਕੇ ਬੈਠ ਨਹੀਂ ਸੀ ਹੋਇਆ। ਮੈਂ ਆਪਣਾ ਬੈਗ ਮੋਢੇ ’ਚ ਪਾ ਕੇ ਬਾਰੀ ਵੱਲ ਨੂੰ ਖਿਸਕ ਗਿਆ ਸੀ। ਜਿਉਂ ਹੀ ਮੈਂ ਬਾਰੀ ਦੀ ਚਿਟਕਣੀ ਨੂੰ ਖੋਲ੍ਹਣ ਲਈ ਹੱਥ ਪਾਇਆ ਸੀ ਤਾਂ, ਪੱਗ ਦੇ ਦੋਨਾਂ ਲੜਾਂ ਨੂੰ ਵਾਰੋ-ਵਾਰੀ ਅੱਖਾਂ ਉੱਤੇ ਨੂੰ ਖਿੱਚਦੇ ਹੋਏ ਕੰਡਕਟਰ ਨੇ ਮੈਨੂੰ ਦਬਕਾ ਮਾਰਿਆ ਸੀ, “ਖੜ੍ਹ ਜਾ – ਖੜ੍ਹ ਜਾ, ਬਹੁਤਿਆ ਕਾਹਲਿਆ। ’ਤਾਰ ਕੇ ਹੀ ਜਾਵਾਂਗੇ। ਨਾਲ ਲਿਜਾ ਕੇ ਤੈਥੋਂ ਚਰਖਾ ਨ੍ਹੀਂ ਕਤਾਓਣਾ ਅਸੀਂ। ਚਲਦੀ ਤੋਂ ਡਿੱਗ ਪਿਆ ਤਾਂ ਸਾਨੂੰ ਯੱਬ ਖੜ੍ਹਾ ਕਰੇਗਾ।”
ਮੈਂ ਬਾਰੀ ਨੂੰ ਛੱਡ ਕੇ ਪਰ੍ਹੇ ਹੋ ਗਿਆ ਸੀ। ਪਹਿਲਾਂ ਤਾਂ ਸੋਚਿਆ ਸੀ ਕਿਉਂ ਨਾ ਬੁੜ੍ਹੇ ਦੇ ਆਈ ਜੀ (ਇੰਸਪੈਕਟਰ ਜਨਰਲ) ਹੋਣ ਦਾ ਫ਼ਾਇਦਾ ਲਵਾਂ। ਜਿਵੇਂ ਉਹ ਬਦਤਮੀਜ਼ ਬੋਲਿਆ ਸੀ, ਆਪਣੀ ਹਸਤੀ ਬਾਰੇ ਦੱਸ ਕੇ ਉਵੇਂ ਉਹਨੂੰ ਇੱਟ ਦਾ ਜੁਆਬ ਪੱਥਰ ਦੇਵਾਂ। ਮੈਨੂੰ ਜਿਸ ਨੂੰ ਪੰਜਾਬ ਪੁਲੀਸ ਦੇ ਕਾਂਸਟੈਬਲ ਵੀ ਦੋ ਘੜੀਆਂ ਸਾਹਿਬ ਕਹੇ ਬਿਨਾਂ ਨਹੀਂ ਬੁਲਾਉਂਦੇ। ਉਹਨੂੰ ਉਹ ਦੋ ਕੌਡੀ ਦਾ ਬੰਦਾ ਇੰਝ ਖਰ੍ਹਵਾ ਬੋਲ ਜਾਵੇ? ਫੇਰ ਸੋਚਿਆ ਸੀ ਚੱਲੋ ਛੱਡੋ ਪਰ੍ਹੇ। ਐਂਵੇ ਕੀ ਨਿੱਕੀ ਜਿਹੀ ਬਾਤ ਦਾ ਬਤੰਗੜ ਬਣਾਉਣਾ ਹੈ। ਚੰਡੀਗੜ੍ਹ ਵੀ ਤਾਂ ਦੂਏ ਤੀਏ ਦਿਨ ਹੀ ਕੋਈ ਨਾ ਕੋਈ ਪੰਗਾ ਖੜ੍ਹਾ ਕਰੀ ਰੱਖੀਦਾ ਹੈ। ਹਰੇਕ ਨਾਲ ਹੀ ਸਿੰਗ ਫਸਾਈ ਫਿਰਨੇ ਵੀ ਅਕਲਮੰਦੀ ਨਹੀਂ। ਰੈੱਪਯੁਟੇਇਸ਼ਨ(ਸ਼ੁਹਰਤ) ਖ਼ਰਾਬ ਹੋ ਜਾਂਦਾ ਹੈ। ਮਨਸੂਰੀ, ਡਲਹੌਜੀ, ਸ਼ਿਮਲੇ, ਗੋਆ, ਨੈਨੀਤਾਲ, ਜਿੱਥੇ ਕਿਤੇ ਵੀ ਮੈਂ ਅੱਜ ਤੱਕ ਇਕੱਲਾ ਗਿਆ ਹਾਂ। ਉੱਥੋਂ ਹੀ ਮੇਰੀ ਗੁੰਡਾਂਗਰਦੀ ਦੀ ਰਿਪੋਰਟ ਘਰੇ ਆਉਂਦੀ ਰਹੀ ਹੈ। ਇੱਕ ਘਰ ਤਾਂ ਡੈਣ ਵੀ ਛੱਡ ਲੈਂਦੀ ਹੈ ਵਾਲੀ ਕਹਾਵਤ ਉੱਤੇ ਅਮਲ ਕਰਦਿਆਂ ਮੈਂ ਸਾਰਾ ਗੁੱਸਾ ਵਿੱਚੇ ਹੀ ਪੀ ਲਿਆ ਸੀ। ਦਰਅਸਲ ਕਸੂਰ ਅੱਖੜ ਕੰਡਕਟਰ ਦਾ ਵੀ ਨਹੀਂ ਸੀ। ਮੈਨੂੰ ਅਣਦਾੜੀਆ ਦੇਖ ਕੇ ਹੀ ਉਹਦੀ ਐਨੀ ਹਿੰਮਤ ਪਈ ਸੀ। ਮੈਂ ਆਪਣੀ ਠੋਡੀ ’ਤੇ ਫੁੱਟਦੀ ਲੂਈਂ ਨੂੰ ਟੋਹਦਿਆਂ ਕੌੜੀ ਜਿਹੀ ਅੱਖ ਨਾਲ ਕੰਡਕਟਰ ਵੱਲ ਦੇਖਿਆ ਸੀ। ਤੁਸੀਂ ਵੀ ਪੁੱਤ ਕਾਲਜੀਏਟਾਂ ਤੋਂ ਲੋਟ ਆਉਂਦੇ ਹੋ। ਪਤੰਦਰਾਂ ਮੂਹਰੇ ਤਾਂ ਕੁਸਕਦੇ ਨ੍ਹੀਂ। ਮੇਰੇ ਵਰਗੇ ਨੂੰ ਤਾਂ ਲੰਡੀ-ਬੁੱਚੀ ਹੀ ਸਮਝਦੇ ਓ। ਕੋਈ ਨ੍ਹੀਂ ਬੱਲਿਆ, ਦਿੱਲੀ ਦੂਰ ਨਹੀਂ। ਮੂਹਰਲੇ ਸਾਲ ਨੂੰ ਯਾਰਾਂ ਨੇ ਵੀ ਪਲੱਸ-ਵੱਨ ਦੀ ਅਡਮਿਸ਼ਨ(ਦਾਖ਼ਲਾ) ਕਾਲਜ ’ਚ ਹੀ ਲੈਣੀ ਆ। ਮੇਰੇ ਅੰਦਰ ਲਾਵਾ ਅਜੇ ਤੱਕ ਰਿੱਝਣੋਂ ਨਹੀਂ ਸੀ ਹੱਟਿਆ।
ਬੱਸ ਦੇ ਸੂਏ ਕੋਲ ਅੱਪੜਦਿਆਂ ਹੀ ਕੰਡਕਟਰ ਨੇ ਸੀਟੀ ਮਾਰ ਕੇ ਬੱਸ ਖੜ੍ਹਵਾ ਦਿੱਤੀ ਸੀ। ਤੇਜ਼ ਜਾਂਦੀ ਬੱਸ ਨੂੰ ਰੋਕਣ ਲਈ ਓਨਾ ਡਰਾਈਵਰ ਦਾ ਬਰੇਕਾਂ ਉੱਤੇ ਜ਼ੋਰ ਨਹੀਂ ਲੱਗਿਆ ਹੋਣਾ, ਜਿੰਨਾ ਕੰਡਕਟਰ ਦਾ ਵਿਸਲ ਮਾਰਨ ’ਤੇ ਲੱਗ ਗਿਆ ਲੱਗਦਾ ਸੀ। ਮੈਨੂੰ ਲਾਹੁਣਸਾਰ ਬੱਸ ਹਨੇਰੀ ਬਣ ਗਈ ਸੀ।
ਨਾਨਕੇ ਪਿੰਡ ਦੇ ਅੱਡੇ ਉੱਤੇ ਖੜ੍ਹੇ ਨੇ ਮੈਂ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਲਈ ਚਾਰੇ ਪਾਸੇ ਨਜ਼ਰ ਘੁੰਮਾ ਕੇ ਦੇਖਿਆ ਸੀ। ਮੈਨੂੰ ਕੁੱਝ ਵੀ ਜਾਣਿਆ-ਪਹਿਚਾਣਿਆ ਨਹੀਂ ਸੀ ਦਿਸਿਆ। ਆਸੇ ਪਾਸੇ ਕੋਈ ਵੀ ਸਿਆਣਾ ਆਦਮੀ ਨਹੀਂ ਸੀ। ਸੂਏ ਦੇ ਦੂਸਰੇ ਪਾਰ ਦੋ ਨਿਆਣੇ ਮੈਲੀਆਂ ਜਿਹੀਆਂ ਖੇਸੀਆਂ ਦੀਆਂ ਬੁੱਕਲਾਂ ਮਾਰੀ ਬੰਟੇ ਖੇਡ ਰਹੇ ਹਨ। ਸ਼ਹਿਰ  ਦੇ ਘੁੱਟਵੇ ਅਤੇ ਪ੍ਰਦੂਸ਼ਤ ਵਾਤਾਵਰਣ ਤੋਂ ਕੋਹਾਂ ਦੂਰ, ਪਹਿਲਾਂ ਤਾਂ ਮੈਂ ਪਿੰਡ ਦੇ ਖੁੱਲ੍ਹੇ-ਡੁੱਲ੍ਹੇ ਮਾਹੌਲ ਵਿੱਚ ਤਾਜ਼ੀ ਹਵਾ ਦਾ ਮਜ਼ਾ ਚੱਖਣ ਲਈ ਲਗਾਤਾਰ ਤਿੰਨ ਚਾਰ ਡੂੰਘੇ-ਡੂੰਘੇ ਸਾਹ ਭਰੇ ਸਨ। ਅੱਗਾੜੀਆਂ ਭੰਨਦਿਆਂ ਹੀ ਸਫ਼ਰ ਦੀ ਸਾਰੀ ਥਕਾਨ ਰਫ਼ੂ ਚੱਕਰ ਹੋ ਗਈ ਸੀ। ਫਿਰ ਸੂਏ ਦੇ ਬੰਨੇ-ਬੰਨੇ ਪਿੱਛੇ ਨੂੰ ਜਿਧਰੋਂ ਬੱਸ ਆਈ ਸੀ, ਮੈਂ ਉੱਧਰ ਨੂੰ ਤੁਰ ਪਿਆ ਸੀ। ਜਿਵੇਂ ਮੈਨੂੰ ਨਕਸ਼ਾ ਬਣਾ ਕੇ ਡੈਡੀ ਨੇ ਸਮਝਾਇਆ ਸੀ। ਮੈਂ ਉਹਨਾਂ ਦਿਸ਼ਾਵਾਂ ਵਿੱਚ ਪੈਰ ਪੁੱਟਦਾ ਗਿਆ ਸੀ।
ਉਦਣ ਉੱਥੇ ਮੈਂ ਆਪਣੇ ਹੋਸ਼-ਓ-ਹਵਾਸ ਵਿੱਚ ਪਹਿਲੀ ਵਾਰ ਗਿਆ ਸੀ। ਤੇ ਇਹ ਮੇਰਾ ਮੰਦਭਾਗ ਸੀ ਕਿ ਪਹਿਲੀ ਵਾਰ ਹੀ ਮੈਨੂੰ ਇਕੱਲੇ ਨੂੰ ਜਾਣਾ ਪਿਆ ਸੀ। ਉਸ ਤੋਂ ਪਹਿਲਾਂ ਜਦੋਂ ਮੈਂ ਗਿਆ ਸੀ। ਉਦੋਂ ਬਹੁਤ ਨਿੱਕਾ ਹੁੰਦਾ ਸੀ। ਮੈਨੂੰ ਉਸ ਵਕਤ ਪੂਰੀ ਸੁਰਤ ਵੀ ਨਹੀਂ ਸੀ ਆਈ। ਇਸ ਲਈ ਉਦੋਂ ਦਾ ਮੈਨੂੰ ਬਹੁਤਾ ਕੁੱਝ ਯਾਦ ਨਹੀਂ। ਬਸ ਕੁੱਝ ਧੁੰਧਲੀਆਂ-ਧੁੰਧਲੀਆਂ ਜਿਹੀਆਂ ਅਤੀਤ ਦੀਆਂ ਯਾਦਾਂ ਨੇ ਮੇਰੇ ਜ਼ਿਹਨ ਵਿੱਚ।
ਦਹਿਸ਼ਤਗਰਦਾਂ ਦੇ ਸਫ਼ਾਏ ਮਗਰੋਂ ਪੰਜਾਬ ਵਿੱਚ ਪੁਨਰ ਅਮਨ ਅਤੇ ਚੈਨ ਵਾਲੇ ਮਾਹੌਲ ਦੀ ਸਥਾਪਨਾ ਹੋਣ ਨਾਲ, ਜਿੰਨਾ ਆਮ ਜਨਤਾ ਨੇ ਰੱਬ ਦਾ ਸ਼ੁਕਰ ਮਨਾਇਆ ਹੈ। ਉਸ ਨਾਲੋਂ ਵੱਧ ਕੇ ਪੁਲਿਸ ਪਰਿਵਾਰਾਂ ਨੇ ਸੁੱਖ ਦਾ ਸਾਹ ਲਿਆ ਹੈ। ਹਲਾਤ ਬਿਗੜਿਆਂ ਤੋਂ ਜਿਹੜੇ ਪੁਲਿਸ ਪਰਿਵਾਰ ਆਪਣੇ ਸਕੇ-ਸਬੰਧੀਆਂ ਦੇ ਜੰਮਣ, ਮਰਨ, ਵਿਆਹਾਂ, ਭੋਗਾਂ ਵਿੱਚ ਸ਼ਮੂਲਿਅਤ ਨਾ ਕਰ ਸਕਣ ਕਾਰਨ ਕੱਟੇ ਗਏ ਸਨ। ਹੁਣ ਗੜ੍ਹਬੜ੍ਹੀ ਹਟੀ ਤੋਂ ਉਹ ਪੁਲਿਸ ਮੁਲਾਜਮਾਂ ਦੇ ਟੱਬਰ, ਖੁਸ਼ੀਆਂ ਗ਼ਮੀਆਂ ਵਿੱਚ ਸ਼ਰੀਕ ਹੋ ਕੇ ਮੁੜ ਆਪਣੇ ਰਿਸ਼ਤੇਦਾਰਾਂ ਨਾਲ ਜੁੜਦੇ ਜਾ ਰਹੇ ਹਨ। ਦਹਿਸ਼ਤਵਾਦ ਦੇ ਸੰਤਾਪੀ ਦੌਰ ਵਿੱਚ ਜਦੋਂ ਪੁਲਿਸ ਵਾਲੇ ਮੁਕਾਬਲਾ ਕਰਦੇ ਹੁੰਦੇ ਸਨ ਤਾਂ ਮਸਾਂ ਇੱਕ-ਅੱਧਾ ਉੱਗਰਵਾਦੀ ਹੀ ਮਰਦਾ ਹੁੰਦਾ ਸੀ। ਪਰ ਖਾੜਕੂ ਤਾਂ ਉਕਤ ਮੁਕਾਬਲੇ ਦਾ ਬਦਲਾ ਲੈਣ ਲਈ ਜ਼ਿੰਮੇਵਾਰ ਅਫ਼ਸਰ ਦੇ ਸਾਰੇ ਖਾਨਦਾਨ ਦੀ ਢਿੰਬਰੀ ਟਾਈਟ ਕਰ ਕੇ ਰੱਖ ਦਿੰਦੇ ਸਨ। ਰੋਲੇ-ਗੋਲੇ ਵੇਲੇ ਬਹੁਤੇ ਅਧਿਕਾਰੀਆਂ ਦੇ ਬੀਵੀ ਬੱਚੇ ਤਾਂ ਪੰਜਾਬ ਵਿੱਚੋਂ ਉੱਡਣ ਛੂਹ ਹੋ ਕੇ ਦੂਸਰੇ ਖੇਤਰਾਂ ਵੱਲ ਕੂਚ ਕਰ ਗਏ ਸਨ। ਅਸੀਂ ਵੀ ਉਹਨਾਂ ਦਿਨਾਂ ਵਿੱਚ ਹੀ ਚੰਡੀਗੜ੍ਹ ਕੋਠੀ ਖਰੀਦੀ ਸੀ।1984 ਦੇ ਅਪਰੇਸ਼ਨ ਬਲੂ ਸਟਾਰ ਅਤੇ ਦਿੱਲੀ ਦੰਗਿਆਂ ਉਪਰੰਤ ਉੱਧਰਲੇ ਮੇਰੇ ਨਾਨਕਿਆਂ ਦੇ ਪਿੰਡਾਂ ਵੱਲ ਵੀ ਖਾੜਕੂ ਲਹਿਰ ਕਾਫ਼ੀ ਜ਼ੋਰ ਫੜ ਗਈ ਸੀ। ਉੱਚੇ ਰੁਤਬੇ ਉੱਤੇ ਲੱਗੇ ਅਫ਼ਸਰ ਦਾ ਫ਼ਰਜ਼ੰਦ ਹੋ ਕੇ ਮੇਰਾ ਪਿੰਡ ਵਿੱਚ ਜਾਣਾ ਤਾਂ ਆ ਬੈਲ ਮੁੱਝੇ ਮਾਰ ਵਾਲੀ ਗੱਲ ਕਰਨਾ ਸੀ। ਕਿਉਂਕਿ ਪੁਲਿਸੀਆਂ ਦੀ ਸੰਤਾਨ ਨੂੰ ਅਗਵਾਹ ਕਰਕੇ ਅੱਤਵਾਦੀ ਮਨਇੱਛਤ ਕੰਮ, ਕਿਸੇ ਸਾਥੀ ਦੀ ਰਿਹਾਈ  ਜਾਂ ਵੱਡੀਆਂ ਵੱਡੀਆਂ ਫਿਰੌਤੀਆਂ ਉਗਰਾਣ ਦੀਆਂ ਘਿਨੌਣੀਆਂ ਕਾਰਵਾਈਆਂ ਕਰਨ ਵਿੱਚ ਬੜੇ ਸਰਗਰਮ ਸਨ। ਸ਼ਹਿਰਾਂ ਦੀ ਬਨਿਸਬਤ ਪਿੰਡਾਂ ਵਿੱਚ ਅਜਿਹੀਆਂ ਮੁਹਿੰਮਾ ਅਸਾਨੀ ਨਾਲ ਨੇਪਰੇ ਚੜ੍ਹ ਸਕਦੀਆਂ ਹਨ। ਇਸੇ ਕਰਕੇ ਮੈਂ ਕਦੇ ਆਪਣੇ ਨਾਨਕੇ ਨਹੀਂ ਸੀ ਆਇਆ।
ਉਸ ਦਿਨ ਜਾ ਤਾਂ ਮੈਂ ਆਪਣੀ ਸਵਾਰੀ ’ਤੇ ਵੀ ਸਕਦਾ ਸੀ। ਪਰ ਫੇਰ ਮੈਨੂੰ ਡਰਾਈਵਰ ਅਤੇ ਗੱਨ-ਮੈਨ ਨੂੰ ਨਾਲ ਲਿਜਾਣਾ ਪੈਣਾ ਸੀ। ਜੋ ਮੈਂ ਨਹੀਂ ਸੀ ਚਾਹੁੰਦਾ। ਪਹਿਲੇ-ਪਹਿਲ ਜਦੋਂ ਬਾਡੀਗਾਰਡ ਨਾਲ ਮੈਂ ਕਿਤੇ ਜਾਣਾ ਤਾਂ ਆਪਣੇ ਆਪ ਨੂੰ ਖੱਭੀ ਖਾਨ ਹੀ ਸਮਝਣਾ। ਕੁੜੀਆਂ ਕੱਤਰੀਆਂ ਨੂੰ ਵੀ ਬਿਨਾਂ ਦੱਸਿਆਂ ਪਤਾ ਲੱਗ ਜਾਂਦਾ ਹੁੰਦਾ ਸੀ ਕਿ ਮੈਂ ਕਿਸੇ ਅਫ਼ਸਰ ਦਾ ਸਾਹਿਬਜ਼ਾਦਾ ਹਾਂ। ਪਰ ਹੌਲੀ ਹੌਲੀ ਮੇਰੇ ਧਿਆਨ ਵਿੱਚ ਆਇਆ ਸੀ ਕਿ ਇਸ ਦਾ ਇੱਕ ਨੁਕਸਾਨ ਵੀ ਹੈ। ਕਿਉਂਕਿ ਜਿਹੜੀਆਂ ਤਾਂ ਧਨਾਢ ਵਿਅਕਤੀਆਂ ਦੀਆਂ ਸਪੁੱਤਰੀਆਂ ਹਨ, ਉਹਨਾਂ ਉੱਤੇ ਫੋਕੇ ਵਿਖਾਵੇ ਦਾ ਕੋਈ ਅਸਰ ਨਹੀਂ ਹੁੰਦਾ ਹੈ। ਉਹ ਤਾਂ ਦਿਨ ਰਾਤ ਆਪ ਸੰਗੀਨਾਂ ਦੇ ਪਹਿਰੇ ਹੇਠ ਰਹਿੰਦੀਆਂ ਹਨ। ਸਿਰਫ਼ ਮਾੜੇ ਤਬਕੇ ਦੀਆਂ ਕੁੜੀਆਂ ’ਤੇ ਹੀ ਠੁੱਕ ਵੱਜਦੀ ਹੈ। ਇੰਝ ਜਿਹੜੀਆਂ ਰਈਸਜ਼ਾਦੀਆਂ ਹੁੰਦੀਆਂ, ਉਹ ਮੇਰੇ ਹੱਥੋਂ ਨਿਕਲ ਜਾਂਦੀਆਂ ਸਨ। ਕਿਉਂਕਿ ਮੇਰਾ ਬਾਡੀਗਾਰਡ ਉਹਨਾਂ ਵੱਲ ਇਉਂ ਡੇਲੇ ਪਾੜ ਪਾੜ ਦੇਖਦਾ ਰਹਿੰਦਾ ਸੀ, ਜਿਵੇਂ ਬੋਕ ਤੁਕਿਆਂ ਕੰਨੀ ਝਾਕਦਾ ਹੁੰਦਾ ਹੈ। ਮੈਂ ਕਈ ਬਾਰੀ ਉਹਨੂੰ ਝਾੜਦਾ ਵੀ ਹੁੰਦਾ ਸੀ ਕਿ ਕਦੇ ਕੁੜੀ ਨਹੀਂ ਦੇਖੀ?। ਪਰ ਉਹਦੇ ਕੰਨ ’ਤੇ ਜੂੰ ਨਹੀਂ ਸੀ ਸਰਕਦੀ। ਅੱਖਾਂ ਗੱਡ ਕੇ ਘੂਰ-ਘੂਰ ਕੋਈ ਬੰਦਾ ਤੱਕੀ ਜਾਵੇ, ਅਜੋਕੇ ਦੌਰ ਦੀਆਂ ਪੜ੍ਹੀਆਂ-ਲਿਖੀਆਂ ਬੀਬੀਆਂ ਇਸ ਨੂੰ ਬੁਰਾ ਮੰਨਦੀਆਂ ਹਨ। ਅੰਗ-ਰੱਖਿਅਕਾਂ ਦੀ ਇਸ ਭੈੜੀ ਵਾਦੀ ਦੇ ਕਾਰਨ ਕਈ ਸੋਹਣੀਆਂ ਸੋਹਣੀਆਂ ਨੱਢੀਆਂ ਤੋਂ ਮੈਨੂੰ ਹੱਥ ਧੋਣੇ ਪਏ ਹਨ। ਇਸ ਲਈ ਹੁਣ ਮੈਂ ਇੱਕਲਾ ਹੀ ਜਾਣਾ ਆਉਣਾ ਪਸੰਦ ਕਰਦਾ ਹਾਂ। ਤਦੇ ਹੀ ਕਬਾਬ ਵਿਚ ਰੜਕਣ ਵਾਲੀਆਂ ਹੱਡੀਆਂ ਨੂੰ ਪਹਿਲਾਂ ਹੀ ਵੱਖ ਕਰਕੇ ਮੈਂ  ਓਦਣ ਸਵੇਰੇ ਇਕੱਲਾ ਬਸ ਚੜ੍ਹ ਗਿਆ ਸੀ। ਵੈਸੇ ਜ਼ੁਲਫ਼ਾਂ ਨਾਲ ਖੇਡਣ ਦੇ ਚਾਨਸ ਆਪਣੀ ਕਾਰ ਨਾਲੋਂ ਬਸ ਵਿੱਚ ਕਿਤੇ ਜ਼ਿਆਦਾ ਹੁੰਦੇ ਹਨ। ਯੋਧਿਆਂ ਨੂੰ ਜੰਗ ਲਈ ਤੇ ਚੋਬਰਾਂ ਨੂੰ ਆਸ਼ਕੀ ਲਈ ਸਦਾ ਕਮਰ ਕੱਸ ਕੇ ਰੱਖਣੀ ਚਾਹੀਦੀ ਹੈ। ਇਸ਼ਕ ਲੜਾਉਣ ਦੇ ਮਾਮਲੇ ਵਿੱਚ ਮੈਂ ਕਦੇ ਢਿੱਲ ਨਹੀਂ ਵਰਤੀ। ਹਮੇਸ਼ਾਂ ਤਿਆਰ-ਬਰ-ਤਿਆਰ ਰਹਿੰਦਾ ਹਾਂ। ਸਾਡੇ ਗੁਆਂਢੀ ਪੰਡਤ ਜੀ ਸਦਾ ਕਹਿੰਦੇ ਹੁੰਦੇ ਹਨ, “ਨਾ ਜਾਨੇ ਕਬ, ਕਹਾਂ, ਕੇਸੇ, ਕਿਸ ਭੇਸ ਮੇ ਨਰਾਇਣ ਮਿਲ ਜਾਏ।” ਕੋਈ ਪਤਾ ਨਹੀਂ ਹੁੰਦਾ ਕਦੋਂ, ਕਿੱਥੇ, ਕਿਹੜੀ ਚੱਲਦੀ ਫਿਰਦੀ ਅੱਗ ਝੁਲਸਾ ਕੇ ਰੱਖ ਦਵੇ। ਜਵਾਨੀ ਵਿੱਚ ਹੁਸੀਨ ਹਾਦਸੇ ਹੁੰਦਿਆਂ ਦੇਰ ਨਹੀਂ ਲੱਗਦੀ।
ਕੀ ਕੀ ਨਹੀਂ ਸੋਚਿਆ ਸੀ? ਮੈਂ ਬੱਸ ਚੜ੍ਹਨ ਲੱਗੇ ਨੇ। ਪਰ ਇੱਕ ਵੀ ਕੰਮ ਦੀ ਸੂਰਤ ਮੱਥੇ ਨਹੀਂ ਸੀ ਲੱਗੀ।
ਦਿਹਾੜੀ ਖੋਟੀ ਗੁਜ਼ਰੀ ਸੀ। ਲੁਧਿਆਣੇ ਵੀ ਕੱਕਰ ਵਿੱਚ ਪਹਿਲਵਾਨੀ ਗੇੜੇ ਦਿੱਤੇ ਵਿਅਰਥ ਹੀ ਗਏ ਸਨ। ਘੁਮਾਰ ਮੰਡੀ ਵਾਲੇ ਜੱਗਦੰਬਾਂ ਹੋਟਲ ਵਿੱਚ ਵੀ ਕਾਂ ਹੀ ਪੈਂਦੇ ਸਨ। ਖ਼ਬਰ ਨਹੀਂ ਸਵੇਰੇ ਸਵੇਰੇ ਕੌਣ ਨੈਸ਼ ਮੱਥੇ ਲੱਗ ਗਿਆ ਸੀ। ਖ਼ੈਰ ਜਿਵੇਂ ਕਹਿੰਦੇ ਹੁੰਦੇ ਨੇ ਉਮੀਦ ’ਤੇ ਦੁਨੀਆਂ ਕਾਇਮ ਹੈ। ਉਵੇਂ ਆਸ ਦਾ ਪੱਲਾ ਘੁੱਟ ਕੇ ਫੜਦਾ ਹੋਇਆ ਮੈਂ ਰਾਹੇ ਰਾਹ ਜਾਂਦਾ ਆਸੇ ਪਾਸੇ ਦੇ ਖੁੱਲ੍ਹੇ ਬੂਹਿਆਂ ਵਾਲੇ ਘਰਾਂ ਵਿੱਚ ਝਾਤੀਆਂ ਮਾਰੀ ਜਾ ਰਿਹਾ ਸਾਂ। ਮਤੇ ਕੋਈ ਬੰਬ ਜਾਂ ਪਟਾਕਾ ਦਿਸ ਪਵੇ। ਬੜੀ ਤਮੰਨਾ ਸੀ ਕਿਸੇ ਪੈਂਡੂ ਮਾਲ ਦਾ ਚੱਸ ਵੇਖਣ ਦੀ। ਸ਼ਹਿਰਨਾ ਤੋਂ ਤਾਂ ਜੀਅ ਲਿਹਾ ਪਿਆ ਸੀ।
ਸਿਆਲ ਦੀ ਨਿੱਘੀ-ਨਿੱਘੀ ਧੁੱਪ ਵਿੱਚ ਮੈਂ ਪੱਕੀ ਸੜਕ ਤੋਂ ਲਹਿ ਕੇ ਪਿੰਡ ਦੀ ਫਿਰਨੀ ਫੜ੍ਹ ਲਈ ਸੀ। ਜਦੋਂ ਮੇਰੇ ਕੋਲ ਦੀ ਕੋਈ ਲੰਘਦਾ ਸੀ ਤਾਂ ਮੈਂ ਪੈਰ ਸੰਭਲ-ਸੰਭਲ ਕੇ ਚੁੱਕਦਾ ਅਤੇ ਧਰਦਾ ਸੀ। ਮੈਨੂੰ ਡਰ ਰਹਿੰਦਾ ਸੀ ਕਿ ਮੇਰੇ ਬੈਗ ਵਿੱਚ ਪਾਈ ਹੋਈ ਟੀਨ ਦੀ ਪੀਪੀ ਕਿਧਰੇ ਖੜਕ ਨਾ ਜਾਏ। ਨਾਨੀ ਸਾਨੂੰ ਮਿਲਣ ਆਈ, ਮੇਰੇ ਲਈ ਦੇਸੀ ਘਿਉ ਦੀ ਪੰਜੀਰੀ ਮਾਰ ਕੇ ਉਸ ਪੀਪੀ ਵਿੱਚ ਲੈ ਆਈ ਸੀ। ਮੰਮੀ ਨੇ ਉਹ ਪੀਪੀ ਕਬਾੜੀਏ ਨੂੰ ਵੇਚਣ ਦੀ ਬਜਾਏ ਮੇਰੇ ਹੱਥ ਵਾਪਸ ਮੋੜ ਦਿੱਤੀ ਸੀ। ਮੇਰੇ ਵਰਗੇ ਅੱਪ ਟੂ ਡੇਟ, ਨੌਜਵਾਨ, ਟੋਹਰੀ ਮੁੰਡੇ ਦਾ ਪੀਪੀਆਂ ਚੁੱਕੀ ਫਿਰਨਾ ਤਾਂ ਪਰਸਨੈਲਟੀ(ਅਸਤਿੱਤਵ) ’ਤੇ ਦਾਗ ਲਾਉਣ ਵਾਲਾ ਕੰਮ ਹੈ। ਮੈਂ ਪੀਪੀ ਲਿਜਾਣਾ ਤਾਂ ਨਹੀਂ ਸੀ ਚਾਹੁੰਦਾ, ਪਰ ਮਜਬੂਰੀ ਵੀ ਕੋਈ ਚੀਜ਼ ਹੁੰਦੀ ਹੈ। ਘਰਦਿਆਂ ਦਾ ਹੁਕਮ ਜਿਉਂ ਵਜਾਉਣਾ ਸੀ। ਰਸਤੇ ਵਿੱਚ ਨੰਬਰ ਨਾ ਡਾਊਨ ਹੋਣ ਇਸ ਲਈ ਮੈਂ ਪੀਪੀ ਅਖਬਾਰ ਵਿੱਚ ਲਪੇਟ ਕੇ ਬੈਗ ਵਿੱਚ ਹੀ ਸਿੱਟ ਲਈ ਸੀ। ਸੱਪ ਵੀ ਮਰ ਗਿਆ ਸੀ ਸੋਟੀ ਵੀ ਨਹੀਂ ਟੁੱਟਣ ਦਿੱਤੀ ਸੀ। ਪੀਪੀ ਵੀ ਆਪਣੀ ਜਗ੍ਹਾ ਪਹੁੰਚ ਜਾਣੀ ਸੀ ਤੇ ਮੇਰੀ ਇਮਿਜ (ਪ੍ਰਤਿਮਾ) ਵੀ ਖ਼ਰਾਬ ਨਹੀਂ ਸੀ ਹੋਣੀ।
ਪੀਲੀ ਕਲੀ ਵਾਲੇ ਘਰ ਦੇ ਸਾਹਮਣੇ ਬਰੋਟਾ। ਬਰੋਟੇ ਦੇ ਨਾਲ ਦੀ ਗਲੀ ਵਿੱਚ ਜਾ ਕੇ ਅਖ਼ੀਰ ’ਤੇ ਹੱਟੀ। ਹੱਟੀ ਦੇ ਨਾਲ ਦੀ ਮੁੜਦਾ ਇੱਕ ਚੌੜਾ ਰਸਤਾ। ਖੱਬੇ ਪਾਸੇ ਦੇ ਦਸ ਮਕਾਨ ਲੰਘ ਕੇ ਗਿਆਰਵਾਂ ਘਰ। ਮੈਨੂੰ ਦਿੱਤੇ ਨਕਸ਼ੇ ਵਿੱਚ ਬਰੀਕ ਤੋਂ ਬਰੀਕ ਚੀਜ਼ ਦਾ ਵੀ ਵਰਣਨ ਹੋਣ ਕਰਕੇ ਘਰ ਲੱਭਣ ਵਿੱਚ ਕੋਈ ਖ਼ਾਸ ਪਰੇਸ਼ਾਨੀ ਨਹੀਂ ਸੀ ਆਈ। ਮੈਂ ਨੀਲੇ ਰੰਗ ਦੇ ਲੋਹੇ ਦੇ ਵੱਡੇ ਸਾਰੇ ਕਿਵਾੜ ਵਾਲੀ ਕੋਠੀ ਅੱਗੇ ਜਾ ਖੜ੍ਹਿਆ ਸੀ। ਕਾਲ-ਬੈੱਲ ਦੀ ਤਲਾਸ਼ ਵਿੱਚ ਮੇਰੀ ਨਿਗਾਹ ਨੇ ਦੋਨੋਂ ਥਮਲਿਆਂ ’ਤੇ ਕਰੋਲਾ ਦਿੱਤਾ ਸੀ। ਪਰ ਮੈਨੂੰ ਕੋਈ ਘੰਟੀ ਨਜ਼ਰ ਨਹੀਂ ਆਈ ਸੀ। ਦਰਵਾਜ਼ੇ ਨੂੰ ਹੀ ਧੱਪ-ਧਪਾਉਣ ਲੱਗਿਆਂ ਦੇਖਿਆ ਸੀ ਕਿ ਫਾਟਕ ਦਾ ਕੁੰਡਾ ਬਾਹਰੋਂ ਬੰਦ ਸੀ। ਨਾਨੀ ਟਾਈਮ ਪਾਸ ਕਰਨ ਲਈ ਕਿਸੇ ਦੇ ਘਰੇ ਗਈ ਹੋਵੇਗੀ। ਇਸ ਲਈ ਜਾਂਦੀ ਹੋਈ ਕੁੰਡਾ ਲਗਾ ਗਈ ਹੋਵੇਗੀ। ਕਿਹੜਾ ਬਗਾਨੇ ਥਾਂ ਹਾਂ? ਬੂਹਾ ਖੋਲ੍ਹ ਕੇ ਅੰਦਰ ਚੱਲਦਾ ਹਾਂ। ਐਵੇਂ ਦਰਾਂ ’ਚ ਕਿਤੇ ਕਿੰਨਾ ਕੁ ਚਿਰ ਖੜ੍ਹਾ ਰਹੂੰ? ਮੈਂ ਆਪਣੇ ਮਨ ਹੀ ਮਨ ਸਲਾਹਾਂ ਕਰਦਾ ਹੋਇਆ ਬੈਗ ਭੁੰਜੇ ਰੱਖ ਕੇ ਅਰਲ ਨੂੰ ਖੋਲ੍ਹਣ ਲੱਗ ਪਿਆ ਸੀ। ਅਰਲ ਦੀ ਸਖਤੀ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਬੂਹਾ ਰੋਟੀ ਖਾ ਕੇ ਖੋਲ੍ਹਣਾ ਪੈਂਦਾ ਸੀ। ਰੱਬ ਜਾਣੇ ਨਾਨੀ ਕਿਵੇਂ ਖੋਲ੍ਹਦੀ- ਬੰਦ ਕਰਦੀ ਸੀ? ਅਰਲ ਖੁੱਲ੍ਹਦੀ ਘੱਟ ਹੈ ਤੇ ਚੀਕ ਚਿਹਾੜਾ ਬਹੁਤਾ ਪਾਉਂਦੀ ਸੀ। ਤੇਲ ਦੇਣ ਖੁਣੋਂ ਇੰਝ ਜਾਮ ਹੋਈ ਪਈ ਸੀ ਜਿਵੇਂ ਮੁਦੱਤਾਂ ਤੋਂ ਖੋਲ੍ਹੀ ਹੀ ਨਹੀਂ ਹੁੰਦੀ।
ਅਰਲ ਦਾ ਖੜਕਾ ਸੁਣ ਕੇ ਮੇਨ-ਗੇਟ ਜਿੱਥੇ ਮੈਂ ਖੜ੍ਹਾ ਸੀ, ਉੱਥੋਂ ਥੋੜ੍ਹੀ ਦੂਰ ਕੋਠੀ ਦਾ ਛੋਟਾ ਜਾਲੀ ਵਾਲਾ ਲੱਕੜ ਦਾ ਦਰਵਾਜ਼ਾ ਖੁੱਲ੍ਹਿਆ ਸੀ ਤੇ ਵਿੱਚੋਂ ਇੱਕ ਕੂਜ਼ਾ ਮਿਸ਼ਰੀ ਵਰਗੀ ਮਿੱਠੀ ਜਨਾਨਾ ਆਵਾਜ਼ ਆਈ ਸੀ, “ਹਾਂ ਜੀ, ਤੁਸੀਂ ਕੌਣ ਹੋ?”
ਕਿਸੇ ਅਜਨਬੀ ਖਾਤੂਨ ਦਾ ਅਕਸ਼ ਜਾਲੀ ਰਾਹੀ ਦੇਖ ਕੇ ਮੈਂ ਇੱਕਦਮ ਘਬਰਾ ਗਿਆ ਸੀ। ਸ਼ਾਇਦ ਇਹ ਕਿਸੇ ਹੋਰ ਦਾ ਘਰ ਹੈ। ਜਦੇ ਹੀ ਇਹ ਗੱਲ ਮੇਰੇ ਦਿਲ ਵਿੱਚ ਵੱਜੀ ਸੀ। ਮੈਂ ਅਰਲ ਨੂੰ ਵਿੱਚੇ ਛੱਡ ਕੇ ਆਪਣਾ ਬੈਗ ਚੁੱਕ ਕੇ ਉੱਧਰਲੇ ਦਰ ਵੱਲ ਨੂੰ ਚੱਲਿਆ ਗਿਆ ਸੀ।
“ਜੀ ਮੈਂ ਚੰਡੀ..।” ਭੁਚੱਕੇ ਖੜ੍ਹੇ ਤੋਂ ਮੈਥੋਂ ਬੌਖਲਾਹਟ ਵਿੱਚ ਕੋਈ ਗੱਲ ਨਹੀਂ ਬਣੀ ਸੀ।
ਉਹ ਬਾਹਰ ਗਲੀ ਵਿੱਚ ਨਿਕਲ ਆਈ। ਸਾਰੀ ਗਲੀ ਨੂਰੋ-ਨੂਰ ਹੋ ਗਈ ਸੀ। ਦਰਵਾਜ਼ਾ ਡੋਰ-ਸ਼ਟਰ ਦੇ ਧੱਕਣ ਨਾਲ ਖੁਦ ਆਪਣੇ ਆਪ ਢੋਇਆ ਗਿਆ ਸੀ। ਕੱਦ-ਕਾਠ ਅਤੇ ਉਮਰ ਤੋਂ ਉਹ ਮੇਰੇ ਹਾਣ ਦੀ ਅੱਲ੍ਹੜ ਹੀ ਲੱਗਦੀ ਸੀ। ਵੱਧ ਤੋਂ ਵੱਧ ਇੱਕ ਅੱਧਾ ਇੰਚ ਹੇਠ ਉੱਤੇ ਜਾਂ ਸਾਲ ਦੋ-ਸਾਲ ਇੱਧਰ ਉੱਧਰ ਦਾ ਫ਼ਰਕ ਹੋ ਸਕਦਾ ਹੈ। ਇਸ ਤੋਂ ਜ਼ਿਆਦਾ ਨਹੀਂ। ਉਹਨੇ ਗੰਦਲ ਵਰਗੇ ਪਤਲੇ ਸ਼ਰੀਰ ’ਤੇ ਸਾਦੀ ਜਿਹੀ ਕਾਲੀ ਰੰਗ-ਬਰੰਗੇ ਛੋਟੇ-ਛੋਟੇ ਫੁੱਲਾਂ ਵਾਲੀ ਪਰਿੰਟਡ ਕੁੜਤੀ, ਕਾਲੀ ਚੁੰਨੀ ਅਤੇ ਖੁੱਲ੍ਹੇ ਪਹੁੰਚਿਆਂ ਵਾਲੀ ਪਲੇਨ ਕਾਲੀ ਸਲਵਾਰ ਪਹਿਨੀ ਹੋਈ ਸੀ। ਲਾਖੀ ਪੁਸ਼ਾਕ ਵਿੱਚ ਮਹਿਬੂਸ ਕੀਤਾ ਹੋਇਆ ਕੱਚੇ ਦੁੱਧ ਵਰਗਾ ਗੋਰਾ ਚਿੱਟਾ ਬਦਨ ਬੜਾ ਉੱਠਦਾ ਸੀ। ਉਹਨੇ ਸਿਆਹ ਘਣੇ ਕਰੀਨੇ ਨਾਲ ਵਾਹੇ ਕੇਸਾਂ ਦੀਆਂ ਸਿਰ ਦੇ ਦੋਨੋਂ ਪਾਸੇ ਗੁੰਦੀਆਂ ਮੀਢੀਆਂ, ਮਗਰ ਕੀਤੀ ਗੁੱਤ ਵਿੱਚ ਰਲਾਈਆਂ ਹੋਈਆਂ ਸਨ। ਉਸ ਕੁਦਰਤ ਦੇ ਸ਼ਾਹਕਾਰ ਨੂੰ ਦੇਖਦਿਆਂ ਹੀ ਮੇਰੇ ਫਿਊਜ਼ ਉੱਡ ਗਏ ਸਨ। ਉਹਦੇ ਸ਼ਬਾਬ ਦੀ ਮਿਕਨਾਤੀਸੀ ਖਿੱਚ ਨੇ ਮੇਰਾ ਦਿਲ-ਓ-ਦਿਮਾਗ ਅਤੇ ਗਿਆਨ ਇੰਦਰੀਆਂ ਆਪਣੇ ਵੱਲ ਧੂਹ ਕੇ ਬੰਨ੍ਹ ਲਈਆਂ ਸਨ। ਮੈਨੂੰ ਖੜ੍ਹਾ ਅੱਖਾਂ ਸੇਕਦਾ ਤੱਕ ਕੇ ਉਹ ਬੋਲੀ ਸੀ, “ਕਿਹਨੂੰ ਮਿਲਣੈ?”
“ਜੀ ਮਅ ਮੈਂ ਗੁਰਮੁਖ ਸਿੰਘ ਕੇ ਘਰੇ ਜਾਣਾ ਸੀ।” ਮੈਂ ਭੈ-ਭੀਤ ਹੋਏ ਨੇ ਸੁਆਲ ਨੁਮਾ ਜੁਆਬ ਦਿੰਦਿਆਂ ਨਾਨੇ ਦਾ ਨਾਮ ਲੈ ਕੇ ਆਪਣੀ ਮੰਜ਼ਿਲ ਦੀ ਪੜਤਾਲ ਕੀਤੀ ਸੀ।
“ਜੀ ਉਹ ਤਾਂ…।” ਉਸ ਮੁਟਿਆਰ ਦੀ ਗੱਲ ਅਜੇ ਵਿੱਚੇ ਹੀ ਸੀ ਕਿ ਅੰਦਰੋਂ ਇੱਕ ਹੋਰ ਆਵਾਜ਼ ਪਈ ਸੀ।
“ਕੁੜੇ ਕੌਣ ਐ?”
ਨਾਨੀ ਦਾ ਬੋਲ ਮੈਂ ਸਿਆਣ ਲਿਆ ਸੀ ਤੇ ਦਰਵਾਜ਼ੇ ਨੂੰ ਖਿੱਚ ਕੇ ਖੋਲ੍ਹ ਦਿੱਤਾ ਸੀ। ਡੁੱਡ ਮਾਰਦਿਆਂ ਤੁਰੀ ਆਉਂਦੀ ਨਾਨੀ ਨੂੰ ਦੇਖ ਕੇ ਮੈਂ ਹੋਕਰਾ ਦਿੱਤਾ ਸੀ, “ਮੈਂ ਆਂ ਬੇਬੇ।”
ਉਸ ਕਾਮਿਨੀ ਨੇ ਪਿਛਾਂਹ ਹੱਟ ਕੇ ਮੈਨੂੰ ਅੰਦਰ ਵੜਨ ਦੇ ਦਿੱਤਾ।
“ਬੂ ਨੀ ਭਾਈਆਂ ਦੀਓ ਮਾਂ ਸਦਕੇ ਸਵੇਰ ਦਾ ਬਨੇਰੇ ’ਤੇ ਕਾਂ ਕਲੌਂਦਾ ਸੀ।ਅੱਜ ਕਿਧਰੋਂ ਰਾਹ ਭੁੱਲ ਗਿਐਂ?” ਮੈਨੂੰ ਦੇਖ ਕੇ ਨਾਨੀ ਨੂੰ ਗੋਡੇ-ਗੋਡੇ ਚਾਅ ਚੜ੍ਹ ਗਿਆ ਸੀ।
“ਪੈਰੀ ਪੈਂਨਾ ਆਂ।” ਆਖ ਕੇ ਮੈਂ ਕੋਲੇ ਆਈ ਨਾਨੀ ਦੇ ਝੁੱਕ ਕੇ ਅਜੇ ਗੋਡਿਆਂ ਕੋਲ ਹੀ ਹੱਥ ਲੈ ਕੇ ਗਿਆ ਸੀਕਿ ਨਾਨੀ ਨੇ ਮੈਨੂੰ ਮੋਢਿਆ ਤੋਂ ਫੜ੍ਹ ਕੇ ਗਲ ਨਾਲ ਲਿਆ ਸੀ।
“ਤਕੜੈਂ?”
“ਹਾਂ, ਘੋੜੇ ਅਰਗਾ?” ਮੈਂ ਆਪਣੇ ਮਖੌਲੀਏ ਸੁਭਾਅ ਮੁਤਾਬਕ ਨਾਨੀ ਨੂੰ ਉੱਤਰ ਦਿੱਤਾ ਸੀ।
ਫੇਰ ਜਿਵੇਂ ਪੁਰਾਣੀਆਂ ਬੁੱਢੀਆਂ ਵਿੱਚ ਗਲੇ ਮਿਲਣ ਦਾ ਰਿਵਾਜ ਹੁੰਦਾ ਹੀ ਹੈ। ਦੋ ਤਿੰਨ ਵਾਰ ਕਦੇ ਸੱਜੇ ਵਨੇ ਦੀ, ਕਦੇ ਖੱਬੇ ਤਰਫ਼ ਦੀ, ਈਦ ਵਾਲੇ ਦਿਨ ਮੁਸਲਮਾਨਾਂ ਦੇ ਪਾਸੇ ਬਦਲ ਬਦਲ ਗਲੇ ਮਿਲਣ ਵਾਂਗ ਨਾਨੀ ਮੈਨੂੰ ਸੀਨੇ ਨਾਲ ਲਾ ਕੇ ਘੁੱਟ-ਘੁੱਟ ਪਿਆਰ ਕਰਦੀ ਰਹੀ ਸੀ।
ਮਿਲਣੀ ਦੀ ਰਸਮ ਸਮਾਪਤ ਹੋਣ ਪਿੱਛੋਂ ਨਾਨੀ ਨੇ ਮੇਰਾ ਉਸ ਹੁਸੀਨਾ ਨਾਲ ਤਾਰੁਫ਼ ਕਰਵਾਇਆ ਸੀ, “ਰਾਜੂ ਆ ਮੇਰਾ ਦੋਹਤਾ …ਚੰਡੀਗੜ੍ਹ ਆਲਾ।”
ਮੈਂ ਉਸ ਰੂਪਵਤੀ ਵੱਲ ਤੱਕਿਆ  ਸੀ ਤਾਂ ਉਹਨੇ ਮੁਸਕਾਨ ਨਾਲ ਮੇਰਾ ਵੈਲਕਮ ਕਰਕੇ ਮੈਨੂੰ ਬਚੇ-ਖੁਚੇ ਨੂੰ ਵੀ ਲੁੱਟ ਲਿਆ ਸੀ। ਉਹਦੀ ਇੱਕਵੰਜਾ ਤੋਪਾਂ ਦੀ ਸਲਾਮੀ ਵਰਗੀ ‘ਸਾਸੀ ਕਾਲ’ ਦੇ ਬਦਲੇ ਮੈਂ ਸਿਰ ਨਿਵਾ ਕੇ ਸਿਜਦਾ ਕਰਦਿਆਂ ਖ਼ਾਮੋਸ਼ ਫ਼ਤਹਿ ਬੁਲਾਈ ਸੀ। ਉਸ ਤੋਂ ਅਣਜਾਣ ਹੋਣ ਕਰਕੇ ਮੈਂ ਉਡੀਕਦਾ ਰਿਹਾ ਸੀ, ਪਰ ਨਾਨੀ ਨੇ ਉਹਦੇ ਸੰਬੰਧੀ ਕੋਈ ਜਾਣਕਾਰੀ ਨਸ਼ਰ ਨਹੀਂ ਸੀ ਕੀਤੀ ਕਿ ਉਹ ਕੌਣ ਸੀ। ਕੌਣ ਨਹੀਂ।
“ਚੱਲ ਆਜਾ ਲੰਘ ਆ।” ਨਾਨੀ ਮੂਹਰੇ ਮੂਹਰੇ, ਮੈਂ ਵਿਚਾਲੇ ਤੇ ਮੇਰੇ ਮਗਰ ਉਹ, ਅਸੀਂ ਤਿੰਨੇ ਅੱਗੜ-ਪਿੱਛੜ ਅੰਦਰ ਨੂੰ ਹੋ ਤੁਰੇ ਸੀ।
“ਗੁੱਡੀ ਆਏਂ ਕਰ, ਮੇਰਾ ਪੁੱਤ ਫਾਟਕ ਖੋਲ੍ਹ ਕੇ ਡਲੈਵਰ ਨੂੰ ਕਹੁ ਕਾਰ ਅੰਦਰ ਹੀ ਕਰ ਲਵੇ।” ਨਾਨੀ ਨੇ ਖੜ੍ਹ ਕੇ ਉਸ ਦਾਮਨੀ ਨੂੰ ਹੱਥ ਨਾਲ ਇਸ਼ਾਰਾ ਕਰਕੇ ਗੇਟ ਵੱਲ ਜਾਣ ਦਾ ਹੁਕਮ ਦਿੱਤਾ ਸੀ।
ਤਤਫਟ ਉਹਦੇ ਕਦਮਾਂ ਨੇ ਗੇਟ ਵੱਲ ਰੁਖ਼ ਕਰਿਆ ਸੀ।
“ਨਹੀਂ ਜੀ।” ਪਹਿਲਾਂ ਮੈਂ ਉਹਨੂੰ ਰੋਕਣ ਲੱਗਿਆ ਸੀ, ਫੇਰ ਜਦੇ ਹੀ ਸ਼ੁਰੂ ਕੀਤੇ ਵਾਕ ਦਾ ਬਾਕੀ ਹਿੱਸਾ ਪੂਰਾ ਕਰਦਿਆਂ ਮੈਂ ਨਾਨੀ ਨੂੰ ਸੰਬੋਧਨ ਕਰਿਆ ਸੀ, “ਨਹੀਂ ਬੇਬੇ, ਗੱਡੀ ਨ੍ਹੀਂ ਹੈਗੀ। ਮੈਂ ਬੱਸ ’ਤੇ ਹੀ ਆਇਆਂ।”
“ਹਾਏ ਹਾਏ, ਐਡੀ ਦੂਰ ਬੱਸਾਂ ’ਚ ਕਾਸ ਨੂੰ ਧੱਕੇ ਖਾਣੇ ਸੀ। ਉਹਨਾਂ ਸਾਬਣ-ਦਾਨੀਆਂ ਜਿਹੀਆਂ ਦਾ ਕੀ ਅਚਾਰ ਪਾਉਣੈ? ਜੇ ਸੁੱਖ ਹੀ ਨੲ੍ਹੀਂ ਲੈਣਾ। ਐਵੇਂ ਵਾਧੂ ਥਾਂ ਰੋਕਣ ਨੂੰ ਖੜ੍ਹਾਈਆਂ? ਬਹੁਤੇ ਹੀ ਸਰਫੇ ਜਿਹੇ ਨਾ ਕਰੀ ਜਾਇਆ ਕਰੋ।”
“ਉਹ…।” ਮੈਂ ਸਫ਼ਾਈ ਦੇਣ ਹੀ ਲੱਗਿਆ ਸੀ ਕਿ ਨਾਨੀ ਨੇ ਪਿੱਛੇ ਭੌਂ ਕੇ ਦੇਖਿਆ ਸੀ।
“ਹੋਰ ਕੌਣ ਕੌਣ ਆਇਐ?”
“ਕੋਈ ਵੀ ਨਹੀਂ। ਮੈਂ ਕੱਲਾ ਈ ਆਂ।”
ਮੇਰਾ ਉੱਤਰ ਸੁਣ ਕੇ ਯਕਲਖਤ ਨਾਨੀ ਦਾ ਮੂੰਹ ਉਤਰ ਗਿਆ ਸੀ। ਹੁਲਾਸ ਦਾ ਚੰਨ ਨਾਨੀ ਦੇ ਚਿਹਰੇ ਦੇ ਅੰਬਰ ਤੋਂ ਰੱਬ ਜਾਣੇ ਕਿੱਥੇ ਅਤੇ ਕਿਹੜੇ ਬੱਦਲਾਂ ਵਿੱਚ ਛੁਪ ਗਿਆ ਸੀ। ਦਰਵਾਜ਼ੇ ਤੋਂ ਅਫ਼ਸੋਸੀਆਂ ਨਜ਼ਰਾਂ ਮੋੜ ਕੇ ਧਰਤੀ ਵਿੱਚ ਗੱਡਦੀ ਹੋਈ ਉਹ ਚੁੱਪ ਕਰਕੇ ਫਿਰ ਚੱਲ ਪਈ ਸੀ। ਮੇਰੇ ਆਉਣ ਕਾਰਨ ਨਾਨੀ ਨੂੰ ਚਿੰਬੜੀ ਹੋਈ ਫ਼ਰਹਤ ਦੀ ਚਾਮਚੜੀਕ ਯਾਨੀ ਮੈਂ ਕੱਲਾ ਈ ਆਂ। ਵਾਕ ਦਾ ਤੱਤਾ-ਤੱਤਾ ਖੁਰਚਣਾ ਲੱਗਣ ਨਾਲ ਉੱਡ-ਪੁੱਡ ਗਈ ਸੀ।
ਉਹ ਕਹਿਰਨ ਵੀ ਸਾਡੇ ਨਾਲ ਨਾਲ ਤੁਰੀ ਆ ਰਹੀ ਸੀ। ਮੈਂ ਤੁਰੇ ਜਾਂਦੇ ਨੇ ਸਾਰੇ ਘਰ ’ਚ ਨਿਗਾਹ ਮਾਰੀ ਸੀ। ਵਿਹੜਾ ਬਹੁਤ ਖੁੱਲ੍ਹਾ ਸੀ। ਤਿੰਨਾਂ ਚੌਹਾਂ ਮਾੜੇ ਰੈਂਕ ਵਾਲੇ ਅਫ਼ਸਰਾਂ ਦੇ ਕੁਆਟਰ ਬਣਨ ਜੋਗੀ ਥਾਂ ਕਾਠ ਮਾਰੀ ਪਈ ਸੀ। ਐਡੇ ਵਿਹੜੇ ’ਚ ਤੁਰ ਤੁਰ ਗੋਡੇ ਗਿੱਟੇ ਤਾਂ ਆਪੇ ਹੀ ਦੁਖਣੇ ਆ। ਮੈਂ ਨਾਨੀ ਦੇ ਲੰਙ ਮਾਰਨ ਦਾ ਕਾਰਨ ਲੱਭਦਾ ਹੋਇਆ ਚੱਲਦਾ ਗਿਆ ਸੀ। ਸਾਰੇ ਵਿਹੜੇ ਵਿੱਚਲੀ ਘੋਟੀ ਹੋਈ ਚਿੱਪਸ ਨੂੰ ਸੂਰਜ ਦੀਆਂ ਕਿਰਨਾਂ ਦੇ ਚੁੰਮਣ ਨਾਲ ਸ਼ਰਮਾਉਂਦੀ ਹੋਈ ਨੂੰ ਦੂਣਾਂ ਰੂਪ ਚੜ੍ਹਿਆ ਪਿਆ ਸੀ। ਫ਼ਰਸ਼ ਦੇ ਲਿਸ਼ਣ ਤੋਂ ਸਜਰੇ ਵੱਜੇ ਪੋਚੇ ਦਾ ਸਬੂਤ ਮਿਲ ਰਿਹਾ ਸੀ।
“ਦੇਖੀਂ ਬਚ ਕੇ ਆਈਂ। ਤਿਲਕ ਕੇ ਨਾ ਡਿੱਗ ਪਈ ਕਿਤੇ।”
ਨਿਝਿਜਕ ਆਪਣੀ ਸਧਾਰਨ ਚਾਲ ਚਲਦਾ ਹੋਇਆ ਮੈਂ ਨਾਨੀ ਦੀ ਤਾੜਨਾ ਮਗਰੋਂ ਇਹਤਿਆਤ ਨਾਲ ਤੁਰਨ ਲੱਗਿਆ ਸੀ ਤਾਂ ਮੇਰਾ ਪੈਰ ਫਿਸਲ ਗਿਆ ਸੀ। ਡਿੱਗਦਾ-ਡਿੱਗਦਾ ਕੱਪੜੇ ਸੁਕਣੇ ਪਾਉਣ ਨੂੰ ਬੰਨ੍ਹੀ ਹੋਈ ਰੱਸੀ ਨੂੰ ਹੱਥ ਪਾ ਕੇ ਮੈਂ ਮਸਾਂ ਬਚਿਆ ਸੀ।
“ਦੇਖਿਆ ਮੈਂ ਕਿਹਾ ਸੀ ਨਾ – ਹੁਣੇ ਲੱਤ ਬਾਂਹ ਤੁੜਵਾ ਲੈਣੀ ਸੀ।”
ਮੈਂ ਸ਼ਰਮ ਮੰਨਦਿਆਂ ਹੋਰ ਹੀ ਤਰ੍ਹਾਂ ਦਾ ਮੂੰਹ ਬਣਾਈ ਤੁਰਦਾ ਗਿਆ ਸੀ। ਧੁਰ ਜਾ ਕੇ ਸੱਜੇ ਪਾਸੇ ਕੰਧ ਨਾਲ ਰਸੋਈ ਸੀ ਅਤੇ ਖੱਬੇ ਪਾਸੇ ਗੁਸਲਖਾਨਾ ਤੇ ਪਖਾਨਾ ਬਣੇ ਹੋਏ ਸਨ। ਵਿਚਕਾਰ ਬਰਾਂਡਾ ਛੱਤਿਆ ਹੋਇਆ ਸੀ। ਵਿਸ਼ਾਲ ਭਵ-ਸਾਗਰ ਵਰਗੇ ਵਿਹੜੇ ਨੂੰ ਪਾਰ ਕਰਨ ਉਪਰੰਤ ਅਸੀਂ ਬਰਾਂਡੇ ਵਿੱਚ ਪਹੁੰਚ ਗਏ ਸਾਂ। ਸਾਰੇ ਬਰਾਂਡੇ ਦੇ ਮੂਹਰੇ ਲੱਕੜ ਦੀ ਚੁਗਾਠ ਵਿੱਚ ਜਾਲੀ ਲਾ ਕੇ ਮੱਖੀ ਮੱਛਰਾਂ ਦੀ ਰੋਕਥਾਮ ਦਾ ਪ੍ਰਬੰਧ ਕੀਤਾ ਹੋਇਆ ਸੀ। ਬਰਾਂਡੇ ਵਿੱਚੋਂ ਬੀਹੀ ਪਿਛਲੇ ਮੁਹੱਲੇ ਵੱਲ ਜਾਂਦੀ ਸੀ, ਜਿਸ ਦੇ ਆਸੇ ਪਾਸੇ ਦੋਨੇਂ ਤਰਫ਼ ਚਾਰ ਚਾਰ ਕਮਰੇ ਸਨ। ਬਰਾਂਡੇ ਵਿੱਚ ਡਹੇ ਹੋਏ ਮੰਜੇ ਉੱਤੇ ਬੈਗ ਰੱਖ ਕੇ ਮੈਂ ਬੈਠਣ ਲੱਗਾ ਸੀ ਤਾਂ ਨਾਨੀ ਨੇ ਹੋੜ ਦਿੱਤਾ ਸੀ, “ਅੜਕ ਜਾ – ਮੈਂ ਕੁਰਸੀ ਮੰਗਵਾਉਂਦੀ ਹਾਂ।”
“ਕੋਈ ਨ੍ਹੀਂ ਬੇਬੇ। ਆਹ ਮੰਜਾ ਈ ਠੀਕ ਆ।”
“ਕੋਈ ਕਿਉਂ ਨਹੀਂ। ਸੁੱਖ ਨਾਲ ਸਾਰੇ ਹੀ ਨੇ।” ਨਾਨੀ ਨੇ ਮਜ਼ਾਕ ਨਾਲ ਮੇਰੀ ਗੱਲ ਰੋਲ ਕੇ ਮੈਨੂੰ ਕੱਚੇ ਲਾਹ ਦਿੱਤਾ ਸੀ। ਪਰ ਮੈਨੂੰ ਖੁਸ਼ੀ ਹੋਈ ਸੀ ਕਿ ਚੱਲੋ ਨਾਨੀ ਦੇ ਚਿਹਰੇ ’ਤੇ ਖੇੜਾ ਪਰਤਿਆ ਤਾਂ ਸਹੀ।
“ਜਾ ਬਿੱਲੇ, ਕੁਰਸੀ ਲਿਆ ਅੰਦਰੋਂ ਭੱਜ ਕੇ।”
ਉਹ ਹੰਸਗਾਮਿਨੀ ਕਾਹਲੀ-ਕਾਹਲੀ ਅੰਦਰ ਚਲੀ ਗਈ ਸੀ।
“ਮੈਂ ਕਿਹਾ ਬਾਣ ਚੁੱਭੂ ਤੇਰੇ ਬੈਠੇ ਦੇ।” ਨਾਨੀ ਨੇ ਕੁਰਸੀ ਮੰਗਵਾਉਣ ਦਾ ਮਕਸਦ ਸਪਸ਼ਟ ਕਰਿਆ ਸੀ।
ਮੈਂ ਖੜ੍ਹ ਕੇ ਕੁਰਸੀ ਉਡੀਕਣ ਲੱਗ ਪਿਆ ਸੀ। ਨਾਨੀ ਨੂੰ ਯਾਦ ਸੀ ਕਿ ਨਿੱਕਾ ਹੁੰਦਾ ਮੈਂ ਅਣਵਿਛੇ ਬਾਣ ਦੇ ਮੰਜੇ ’ਤੇ ਨਹੀਂ ਸੀ ਬੈਠਦਾ ਹੁੰਦਾ ਤੇ ਬਾਣ ਚੁੱਭਣ ਦੀ ਸ਼ਿਕਾਇਤ ਕਰਦਾ ਹੁੰਦਾ ਸੀ।
“ਥੋਡੇ ਜੀਅ ਜੀਅ ਕੋਲ ਕਾਰਾਂ ਨੇ। ਬੱਸਾਂ ਤੇ ਆਉਂਣ ਦੀ ਕੀ ਬਿਪਤਾ ਪਈ ਸੀ?” ਨਾਨੀ ਦੀ ਹੈਰਾਨੀ ਵਿਦਮਾਨ ਹੋਈ ਸੀ।
ਉਹ ਮੈਨੂੰ ਕੁਰਸੀ ਫੜ੍ਹਾ ਕੇ ਚਲੀ ਗਈ ਸੀ। ਮੈਂ ਮੰਜੇ ’ਤੇ ਬੈਠੀ ਨਾਨੀ ਦੇ ਕੋਲ ਨੂੰ ਡਾਹ ਕੇ ਬੈਠ ਗਿਆ ਸੀ। ਉਹ ਨੱਢੀ ਮੇਰੇ ਆਉਣ ਤੋਂ ਪਹਿਲਾਂ ਬਰਾਂਡੇ ਵਿੱਚ ਹੀ ਝਾੜੂ-ਪੋਚਾ ਮਾਰ ਰਹੀ ਸੀ। ਚੁੰਨੀ ਨਾਨੀ ਕੋਲ ਮੰਜੇ ’ਤੇ ਰੱਖ ਕੇ ਉਹ ਫੁਰਤੀ ਨਾਲ ਰਹਿੰਦਾ ਪੋਚਾ ਫੇਰਨ ਲੱਗ ਗਈ ਅਤੇ ਮੈਂ ਤੇ ਨਾਨੀ ਗੱਲੀਂ ਜੁੱਟ ਗਏ ਸਾਂ।
“ਬਾਹਰੋਂ ਕੁੰਡਾ ਲੱਗਿਆ ਸੀ। ਮੈਂ ਕਿਹਾ ਬੇਬੇ ਕਿਸੇ ਦੇ ਘਰੇ ਗਈ ਹੋਣੀ ਏ?”
“ਨਾਂਹ, ਜਾਣਾ ਤਾਂ ਕੀਹਦੇ ਸੀ? ਊਈਂ ਕੋਈ ਨਿਆਣਾ-ਨਿਉਣਾ ਇੱਲਤ ਨਾਲ ਲਾ ਗਿਆ ਹੋਣੈ। ਫਾਟਕ ਤਾਂ ਕਦੇ ਖੋਲ੍ਹੇ ਹੀ ਨੲ੍ਹੀਂ। ਕਿਹੜਾ ਟਰੱਕ ਲਗਾਉਂਣਾ ਹੁੰਦੈ?”
ਮੇਰੇ ਸਾਹਮਣੇ ਪੈਰਾਂ ਭਾਰ ਬੈਠੀ ਉਹ ਚੰਦਰਮੁੱਖੀ ਫ਼ਰਸ਼ ਤੋਂ ਰਗੜ-ਰਗੜ ਪਏ ਹੋਏ ਧੱਬੇ ਲਾਹ ਰਹੀ ਸੀ। ਇੱਕ ਤਾਂ ਉਹ ਨੀਵੇਂ ਥਾਂ ਬੈਠੀ ਸੀ। ਦੂਸਰਾ ਕਦੇ ਕਦੇ ਉਹ ਜ਼ਿਆਦਾ ਝੁੱਕ ਜਾਂਦੀ ਸੀ ਤੇ ਉਹਦਾ ਸੂਟ ਵੀ ਗਲਵੇਂ ਤੋਂ ਹੇਠਾਂ ਨੂੰ ਹੋ ਜਾਂਦਾ ਸੀ। ਮੈਂ ਉਸ ਨਾਲੋਂ ਉੱਚੀ ਜਗ੍ਹਾ ਬੈਠਾ ਹੋਣ ਕਰਕੇ ਸੁਤੇ-ਸਿਧ ਉਹਦੇ ਵੱਲ ਦੇਖਣ ਲੱਗਿਆਂ ਮੇਰੀ ਨਿਗਾਹ ਉਹਦਿਆਂ ਮੰਦਰ ਦੀਆਂ ਟੱਲੀਆਂ ਵਾਂਗ ਲਮਕਦੇ, ਸਡੌਲ ਅਤੇ ਤਿੱਖੇ, ਨੰਗੇ ਸਤਨਾਂ ਉੱਤੇ ਜਾ ਪਈ ਸੀ। ਮੈਂ ਗੁਨਾਹ-ਏ-ਅਜ਼ੀਮ ਹੋਇਆ ਸਮਝ ਕੇ ਆਪਣੀ ਨਜ਼ਰ ਹੋਰ ਪਾਸੇ ਫੇਰ ਲਈ ਸੀ। ਭਾਵੇਂ ਨਜ਼ਰ ਤਾਂ ਮੈਂ ਹਟਾ ਲਈ ਸੀ, ਪਰ ਮੈਥੋਂ ਉੱਧਰੋਂ ਧਿਆਨ ਨਹੀਂ ਸੀ ਹਟਾ ਹੋਇਆ। ਉਹ ਤਜਹੀਰ ਵਾਲਾ ਦ੍ਰਿਸ਼ ਯਾਦ ਕਰਕੇ ਦਿਲ ਵਿੱਚ ਕੁੱਝ ਹੋਇਆ ਸੀ। ਮੈਂ ਸੋਚਿਆ ਸੀ। ਪਾਪ ਤਾਂ ਹੋ ਹੀ ਗਿਆ ਹੈ, ਕਿਉਂ ਨਾ ਲੱਗਦੇ ਹੱਥ ਇੱਕ ਹੋਰ ਝਾਤੀ ਲਾ ਲਈ ਜਾਵੇ। ਦੋਨੋਂ ਵਾਰ ਦੀ ਪ੍ਰਮਾਤਮਾ ਕੋਲੋਂ ਇੱਕੋ ਵਾਰੀ ਭੁੱਲ ਬਖਸ਼ਾਈ ਜਾਊ। ਫਿਰ ਦਿਮਾਗ ਨੇ ਇਹ ਆਖ ਕੇ ਵਰਜ ਦਿੱਤਾ ਸੀ। ਕੀ ਪਤਾ ਤੇਰੀ ਉਸ ਨਾਲ ਕੀ ਸਕੀਰੀ ਹੈ। ਜੇ ਕੋਈ ਵਿਵਰਜਿਤ ਰਿਸ਼ਤਾ ਹੋਇਆ, ਫੇਰ ਕੀ ਕਰੇਂਗਾ?
ਆਦਤ ਤੋਂ ਮਜਬੂਰ ਦਿਲ ਨੇ ਵੀ ਖਾਰ ਖਾ ਕੇ ਆਪਣਾ ਪੱਖ ਪੇਸ਼ ਕਰਿਆ ਸੀ। ਪਰ ਇਹ ਕਿਵੇਂ ਹੋ ਸਕਦੈ? ਜੇ ਕੋਈ ਨੇੜਲਾ ਸਾਕ ਹੁੰਦਾ ਤਾਂ ਤੈਨੂੰ ਜ਼ਰੂਰ ਗਿਆਨ ਹੁੰਦਾ। ਜੇ ਕੋਈ ਸੰਬੰਧ ਹੋਇਆ ਤਾਂ ਦੂਰ ਦਾ ਹੀ ਹੋਵੇਗਾ। ਐਨਾ ਅੱਜ-ਕੱਲ੍ਹ ਕਿਹੜਾ ਪੁੱਛਦਾ ਹੈ? ਇਉਂ ਸੋਚਣ ਲੱਗ ਜਾਵੇਂ ਤਾਂ ਹਰੇਕ ਹੀ ਭੈਣ ਬਣ ਜਾਊ।
ਮੈਂ ਦੁਬਾਰਾ ਦਰਸ਼ਨਾਂ ਦੀ ਮਨਛਾਂ ਨਾਲ ਦੀਦਿਆਂ ਦੀ ਦੋਨਾਲੀ ਦਾ ਨਿਸ਼ਾਨਾ ਵਿੰਨਿਆ ਸੀ। ਐਸੀ ਲਿਵ ਲੱਗੀ ਸੀ ਕਿ ਕੇਂਦਰਬਿੰਦੂ ਤੋਂ ਕਿਸੇ ਹੋਰ ਪਾਸੇ ਦੇਖ ਹੀ ਨਹੀਂ ਸੀ ਹੋਇਆ। ਵਾਸਨਾ ਦੀ ਇੱਕ ਚਿੰਗਾਰੀ ਮੇਰੇ ਅੰਦਰ ਸੁਲਗ ਗਈ ਸੀ। ਹਰ ਸੈਕਿੰਡ ਦੇ ਗੁਜ਼ਰਨ ਨਾਲ ਮੇਰੇ ਅੰਦਰ ਉਤੇਜਨਾ ਦੀ ਅੱਗ ਦੀਆਂ ਲਪਟਾਂ ਦਾ ਕੱਦ ਵੱਧਣ ਲੱਗਿਆ ਸੀ। ਨਾਨੀ ਤੋਂ ਬਚਣਾ ਵੀ ਲਾਜ਼ਮੀ ਸੀ। ਇਸ ਲਈ ਦਿਖਾਵੇ ਦੇ ਤੌਰ ’ਤੇ ਤਾਂ ਮੈਂ ਨਾਨੀ ਵੱਲ ਹੀ ਦੇਖਦਾ ਰਿਹਾ ਸੀ, ਪਰ ਟੇਢੀ ਜਿਹੀ ਅੱਖ ਮੇਰੀ ਉਸ ਚੰਚਲਹਾਰੀ ਦੇ ਸੀਨੇ ਵੱਲ ਹੀ ਭੱਜ-ਭੱਜ ਜਾਂਦੀ ਸੀ।
“ਗੱਡੀ ਲੈ ਆਉਂਦਾ। ਨਾਲੇ ਤੇਰੀ ਮਾਂ ਆ ਕੇ ਮਿਲ-ਗਿਲ ਜਾਂਦੀ। ਉਹਦਾ ਨਹੀਂ ਆਉਣ ਨੂੰ ਚਿੱਤ ਕਰਿਆ?” ਨਾਨੀ ਨੇ ਫੇਰ ਉਦਾਸ ਜਿਹੀ ਹੋ ਕੇ ਸੁਆਲ ਕੀਤਾ ਸੀ।
ਮੰਮੀ ਡੈਡੀ ਤਾਂ ਦਿੱਲੀ ਨੂੰ ਗਏ ਹੋਏ ਨੇ। ਮੈਂ ਰੁੱਖਾ ਜਿਹਾ ਉੱਤਰ ਦੇ ਕੇ ਢਿੱਡ ਵਿੱਚ ਕਿਹਾ ਸੀ। ਚੁੱਪ ਕਰ ਮਾਈ ਕਿਉਂ ਸੁਆਦ ਖ਼ਰਾਬ ਕਰਦੀ ਏਂ? ਮੈਨੂੰ ਵਿਹਲਾ ਹੋ ਲੈਣ ਦੇ, ਫੇਰ ਰੋ ਲਈ ਰੋਣੇ-ਧੋਣੇ।
“ਸੁੱਖ ਨਾਲ ਈ ਗਏ ਨੇ?” ਨਾਨੀ ਨੇ ਚਿੰਤਤ ਹੁੰਦਿਆਂ ਪੁੱਛਿਆ ਸੀ।
“ਹਾਂ ਹਾਂ, ਨਵੀਂ ਕਾਰ ਨਿਕਲੀ ਆ ਇੱਕ ਸੀਲੋ ਉਹ ਲੈਣ ਗਏ ਆ। ਚੰਡੀਗੜ੍ਹ ’ਚ ਤਾਂ ਅਜੇ ਆਈ ਨ੍ਹੀਂ।” ਮੈਂ ਆਪਣੀ ਗੱਲ ਨਾਨੀ ਨਾਲੋਂ ਵਧੇਰੇ ਉਸ ਛੈਲ-ਛਬੀਲੀ ਨੂੰ ਸੁਣਾ ਕੇ ਕਰੀ ਸੀ।
“ਪੁਰਾਣੀਆਂ ਨੂੰ ਕੀ ਗੋਲੀ ਵੱਜ ’ਗੀ? ਬਲਾਅ ਸੋਹਣੀਆਂ ਪਈਆਂ ਸੀ। ਥੋਡੇ ਵੀ ਪੈਸੇ ਨ੍ਹੀਂ ਟਿੱਕਦੇ।” ਨਾਨੀ ਨੇ ਨੱਕ ਚੜ੍ਹਾਇਆ ਸੀ।
ਉਹ ਨਾਗਿਨ ਆਪਣਾ ਕੰਮ ਨਿਬੇੜ ਕੇ ਗੰਦੇ ਪਾਣੀ ਵਾਲੀ ਬਾਲਟੀ ਚੁੱਕ ਕੇ ਬਾਹਰ ਚੱਲੀ ਗਈ ਸੀ। ਰੰਗ ਵਿੱਚ ਭੰਗ ਪਈ ਤੋਂ ਮੈਂ ਸਾਰੀ ਇਕਾਗਰਤਾ ਨਾਨੀ ਨੂੰ ਸਮਰਪਤ ਕਰ ਦਿੱਤੀ ਸੀ।
“ਨਹੀਂ ਇਹ ਗੱਲ ਨ੍ਹੀਂ। ਮਾਰੂਤੀ ਤਾਂ ਤੁਹਾਨੂੰ ਪਤਾ ਈ ਆ ਵੇਚ ’ਤੀ ਸੀ। ਉਹਦੀ ਹੁਣ ਕਦਰ ਨੲ੍ਹੀਂ ਰਹੀ। ਜਣੇ-ਖਣੇ ਕੋਲ ਹੀ ਹੋ ਗਈ। ਹੁਣ ਤਾਂ ਜੱਟ-ਬੂਟ ਜਿਹੇ ਵੀ ਲਈ ਫਿਰਦੇ ਨੇ। – ਜਿਪਸੀ ਤਾਂ ਉਂਜ ਸਰਕਾਰੀ ਆ। ਕਈਆਂ ਹੱਥਾਂ ’ਚ ਪਈ ਹੋਣ ਕਰਕੇ ਦੂਏ ਤੀਏ ਦਿਨ ਹੀ ਬਿਗੜੀ ਰਹਿੰਦੀ ਆ। ਊਂਅ ਵੀ ਉਹਦੇ ’ਚ ਤਾਂ ਹੋਮ ਗਾਡੀਏ ਹੀ ਚੜ੍ਹੇ ਸੋਹਣੇ ਲੱਗਦੇ ਨੇ। – ਤੇ ਅਸਟੀਮ ਦਾ ਮੈਥੋਂ ਐਕਸੀਡੇਂਟ ਹੋ ਗਿਆ ਸੀ।”
“ਵੇ ਕਿਮੇਂ? ਤੇਰੇ ਸੱਟ-ਫੇਟ ਤਾਂ ਨ੍ਹੀਂ ਵੱਜੀ।” ਨਾਨੀ ਇੱਕਦਮ ਚੌਂਕ ਉੱਠੀ ਸੀ।
“ਨੲ੍ਹੀਂ, ਮੇਰੇ ਤਾਂ ਝਰੀਟ ਨਹੀਂ ਆਈ। ਪਰ ਗੱਡੀ ਸਾਰੀ ਜਿਵੇਂ ਸੇਕ ਲੱਗੇ ਤੋਂ ਮੋਮਜਾਮਾ ਸੁੰਗੜ ਜਾਂਦੈ, ਇਉਂ ’ਕੱਠੀ ਹੋ ਗਈ।”
“ਚੱਲ ਖਸਮਾਂ ਨੂੰ ਖਾਏ ਗੱਡੀ ਖੜ੍ਹੀ ਹੋ ਕੇ। ਤੇਰੀ ਜਾਨ ਬਚ ’ਗੀ ਐਨਾ ਥੋੜ੍ਹੈ? ਬੰਦਾ ਨ੍ਹੀਂ ਥਿਉਂਦਾ ਹੁੰਦਾ। ਗੱਡੀਆਂ ਦਾ ਥੋਡੇ ਅਰਗਿਆਂ ਨੂੰ ਕੀ ਘਾਟਾ ਆ? ਆਥਣ ਨੂੰ ਭਾਮੇਂ ਦਸ ਦਰਾਂ ਮੂਹਰੇ ਖੜ੍ਹੀਆਂ ਕਰ ਲੋਂ। ਹੌਲੀ ਚਲਾਇਆ ਕਰ, ਕੋਈ ਮਗਰ ਪਿਆ ਹੁੰਦੈ? ਭਾਈ ਤੂੰ ਤਾਂ ਤੇਜ ਵੀ ਬਹੁਤ ਚਲਾਉਂਦਾ ਹੈਂ।”
ਮੈਂ ਕੋਈ ਹੁੰਗਾਰਾ ਨਹੀਂ ਸੀ ਭਰਿਆ। ਉਹ ਸੁੰਦਰੀ ਹੱਥ-ਹੁਥ ਧੋ ਪੂੰਝ ਕੇ ਨਾਨੀ ਨੂੰ ਪੁੱਛਣ ਆਈ। ਇਹਨਾਂ ਦੇ ਖਾਣ ਪੀਣ ਨੂੰ ਕੁੱਝ ਲਿਆਵਾਂ?
“ਆਹੋ ਭਾਈ ਬੀਬਾ ਰੋਟੀ ਤਾਂ ਖਾਊਗਾ ਹੀ। ਕਿੱਡੀ ਲੰਮੀ ਵਾਟ ਆ। ਤੜਕੇ ਦਾ ਘਰੋਂ ਨਿਕਲਿਆ ਹੋਣੈ।”
ਮੇਰੀ ਤਾਂ ਪਹਿਲਾਂ ਹੀ ਟੈਂਕੀ ਫੁੱਲ ਸੀ। ਹੋਰ ਕਿਸੇ ਚੀਜ਼ ਦੇ ਅੰਦਰ ਪਾਉਣ ਦੀ ਰਤਾ ਵੀ ਥਾਂ ਨਹੀਂ ਸੀ। ਮੈਂ ਇਨਕਾਰ ਕਰ ਦਿੱਤਾ ਸੀ, “ਨਾਂਹ ਬੇਬੇ, ਰੋਟੀ ਨਹੀਂ। ਮੈਂ ਲੁਦੇਹਾਣੀਓ ਪਰਕਾਸ਼ ਦੇ ਹੋਟਲ ਚੋਂ ਭਟੂਰੇ ਖਾ ਲੇ ਸੀ। – ਚੌੜੇ ਬਜ਼ਾਰ ਮਾੜਾ ਜਿਹਾ ਕੰਮ ਸੀਗਾ।”
“ਤੇਰੀ ਪੱਤੇ ਚੱਟਣ ਦੀ ਆਦਤ ਨਾ ਗਈ। ਭਟੂਰੇ ਕਿਹੜਾ ਐਨੇ ਚਿਰ ਦੇ ਬੈਠੇ ਹੋਣੇ ਨੇ। ਕਿੱਦਣ ਦੇ ਹਜ਼ਮ ਹੋ ਗਏ ਹੋਣਗੇ।” ਨਾਨੀ ਨੇ ਮੋਹ ਜਤਾਇਆ ਸੀ।
“ਨਾ ਆਪਾਂ ਨੂੰ ਕਿਹੜਾ ਕੋਈ ਓਪਰਾਂ। ਲੋੜ ਹੋਊ ਮੈਂ ਆਪੇ ਆਖ ਦੂੰ। ਕੋਈ ਸੰਗ ਥੋੜ੍ਹਾ ਐ।”
ਮੈਨੂੰ ਸੀ ਐਨਾ ਕਹਿਣ ਨਾਲ ਨਾਨੀ ਖਾਣੇ ਵਾਲਾ ਪ੍ਰੋਗਰਾਮ ਠੱਪ ਕਰ ਦੇਵੇਗੀ। ਪਰ ਨਾਨੀ ਕਿੱਥੇ ਟਲਣ ਵਾਲੀ ਸੀ।
“ਇਉਂ ਕਰ ਗੁੱਡੇ ਰਸੋਈ ਵਿੱਚ ਮੁਸੰਮੀਆਂ ਪਈਆਂ ਹੋਣੀਆਂ, ਤਾਜ਼ਾ-ਤਾਜ਼ਾ ਜੂਸ ਬਣਾ ਲਿਆ। ਕਿਦੇਂ ਦੀਆਂ ਪਈਆਂ ਸੁੱਕੀ ਸੜੀ ਜਾਂਦੀਆਂ ਨੇ। ਤੈਨੂੰ ਕਿਹਾ ਤੂੰ ਖਾ ਲਿਆ ਕਰ। ਤੂੰ ਵੀ ਕਿਹੜਾ ਸੁਣਦੀ ਏਂ।”

”ਜੀ ਅੱਛਾ।” ਮਦਮਸਤ ਹੱਥਣੀ ਵਾਂਗੂ ਝੂਲਦੀ ਹੋਈ ਉਹ ਗਜਗਾਮਿਨੀ ਚਲੀ ਗਈ ਸੀ। ਮੈਂ ਉਹਦੇ ਹੁਲਾਰੇ ਖਾਂਦੇ ਲੱਕ ਵੱਲ ਟਿਕਟਕੀ ਲਾ ਕੇ ਵੇਖਦਾ ਰਿਹਾ। ਗਜ਼ਬ ਦੀ ਮੜਕ ਸੀ ਉਹਦੀ ਤੋਰ ਵਿੱਚ। ਜੇ ਕਿਧਰੇ ਕੈਟਵਾਕ ਕਰਦੀਆਂ ਮਾਡਲਾਂ ਦੇ ਬਰਾਬਰ ਤੁਰੇ ਤਾਂ ਥੱਲਾ ਲਾ ਕੇ ਰੱਖ ਦਵੇ ਉਹਨਾਂ ਦਾ। ਮੋਰਾਂ ਦੀ ਚਾਲ ਨੂੰ ਵੀ ਮਾਤ ਪਾਉਂਦਾ ਸੀ ਨਖਰੋ ਦਾ ਮਟਕ-ਮਟਕ ਪੱਬ ਧਰਨਾ।
ਮੈਂ ਜਦੋਂ ਦਾ ਗਿਆ ਸੀ ਉਦੋਂ ਦਾ ਹੀ ਉਸ ਨਾਜ਼ਨੀਨ ਬਾਰੇ ਪੁੱਛਣ ਪੁੱਛਣ ਤਾਂ ਕਰ ਰਿਹਾ ਸੀ। ਪਰ ਚੁੱਪ ਇਸ ਲਈ ਰਿਹਾ ਸੀ ਕਿ ਸ਼ਾਇਦ ਨਾਨੀ ਆਪੇ ਹੀ ਘੜੇ ਤੋਂ ਕੌਲਾ ਚੁੱਕ ਦੇਵੇਗੀ। ਪਰ ਨਾਨੀ ਨੇ ਤਾਂ ਜਿਵੇਂ ਉਹਦੀ ਜਾਣਕਾਰੀ ਗੁਪਤ ਰੱਖਣ ਦੀ ਸਹੁੰ ਚੁੱਕੀ ਹੋਈ ਸੀ। ਆਸ਼ਕਾਂ ਕੋਲ ਵੀ ਕਿਹੜਾ ਸਬਰ ਦੇ ਭੰਡਾਰੇ ਹੁੰਦੇ ਹਨ? ਯਾਰਾਂ ਤੇ ਚੋਰਾਂ ਨੂੰ ਮਸਾਂ ਕਿਰਸ ਨਾਲ ਤਾਂ ਰੱਬ ਤਹੱਮਲ ਵਾਲਾ ਗੱਫਾ ਬਖਸ਼ਦਾ ਹੈ। ਮੇਰਾ ਵੀ ਉਤਸੁਕਤਾ ਦੇ ਰਾਹ ਦੌੜਦੇ ਦਾ ਵਾਹਣ ਹੋਇਆ ਪਿਆ ਸੀ। ਅਖ਼ੀਰ ਮੈਂ ਔਖੇ ਹੋਏ ਨੇ ਸਾਹਸ ਕਰਕੇ ਪੁੱਛ ਹੀ ਲਿਆ ਸੀ, “ਬੇਬੇ ਆਹ ਕੁੜੀ ਕੌਣ ਆ ਭਲਾਂ?”
ਨਾਨੀ ਨੇ ਪਹਿਲਾਂ ਤਾਂ ਆਸਾ ਪਾਸਾ ਦੇਖਿਆ ਸੀ ਤੇ ਤਸੱਲੀ ਕਰੀ ਸੀ ਕਿ ਕਿਤੇ ਉਹ ਕੁੜੀ ਨੇੜੇ-ਤੇੜੇ ਤਾਂ ਨਹੀਂ। ਫੇਰ ਜਿਵੇਂ ਚੁਗਲੀ ਕਰਨੀ ਹੁੰਦੀ ਹੈ, ਇਉਂ ਮੇਰੇ ਨੇੜੇ ਨੂੰ ਹੋ ਕੇ ਘੁੰਡੀ ਖੋਲ੍ਹਣ ਲੱਗੀ ਸੀ, “ਉਹ ਆਪਣਾ ਸ਼ੀਰੀ ਹੁੰਦਾ ਸੀ ਕ-ਨਾ? ਨਰੈਣਾ। ਜੀਹਦੀ ਆਪਣੇ ਪੱਠੇ ਕੁਤਰਦੇ ਦੀ ’ਕੇਰਾਂ ਬਾਂਹ ਵੱਢੀ ਗਈ ਸੀ। ਉਹਦੀ ਕੁੜੀ ਆ। ਬਹੁਤੀ ਸਾਊ, ਸਚਿਆਰੀ ਤੇ ਬੀਬੀ ਕੁੜੀ ਆ। ਮੈਨੂੰ ਤਾਂ ਰੱਬ ਵਰਗਾ ਆਸਰਾ ਇਹਦਾ। ਜੀਅ ਜਾਨ ਲਾ ਕੇ ਦਿਨ ਰਾਤ ਸੇਵਾ ਕਰਦੀ ਆ ਮੇਰੀ। ਤੂੰ ਤਾਂ ਆਪ ਸਿਆਣੈ ਮੇਰੇ ਤਾਂ ਨੈਣ ਪਰਾਣ ਖੜ੍ਹਦੇ ਜਾਂਦੇ ਨੇ ਦਿਨੋਂ-ਦਿਨ। ਮੇਰੇ ਸਭ ਕੰਮ ਇਹੀ ਕਰਦੀ ਆ। ਦਿਨ ਰਾਤ ਮੇਰੇ ਕੋਲ ਰਹਿੰਦੀ ਆ, ਨਾਲੇ ਮੈਨੂੰ ਸਾਂਭਦੀ ਹੈ। ਮੇਰਾ ਸਾਰਾ ਗੂੰਹ-ਮੂਤ ਕਰਦੀ ਆ ਬਿਚਾਰੀ। ਤੇਰੇ ਕੋਲ ਕਾਹਦਾ ਲੁੱਕ ਆ? ਐਨਾ ਤਾਂ ਕੋਈ ਸਕਾ ਵੀ ਨ੍ਹੀਂ ਕਰਦਾ, ਜਿੰਨਾ ਇਹ ਕਰਦੀ ਐ।”
ਉਹਦੀ ਸ਼ਖ਼ਸੀਅਤ ’ਤੇ ਚਾਨਣਾ ਪਾਉਂਦੀ ਪਾਉਂਦੀ ਨਾਨੀ ਨੇ ਚੁੱਪ ਸਾਧ ਲਈ ਸੀ। ਨਾਨੀ ਦੇ ਦੱਸਣ ਨਾਲ ਇਹ ਨੁੱਕਤਾ ਤਾਂ ਸਾਫ਼ ਹੋ ਗਿਆ ਸੀ ਕਿ ਉਹ ਸਾਕ ਸਕੀਰੀ ਵਿੱਚੋਂ ਨਹੀਂ ਸੀ। ਹੋਰ ਕਿਤੇ ਕੋਈ ਮਾਮੀ ਜਾਂ ਮਾਸੀ ਨਿਕਲ ਆਉਂਦੀ ਤਾਂ ਗੰਡੇ ਹੀ ਗਲ ਜਾਣੇ ਸਨ। ਨਰੈਣੇ ਸ਼ੀਰੀ ਦੀ ਕੁੜੀ ਦੱਸ ਕੇ ਨਾਨੀ ਨੇ ਵੀ ਜਾਣੀ ਧਾਪੀ ਦੇ ਦਿੱਤੀ ਸੀ। ਉਂਝ ਦੇਖਣ ਨੂੰ ਉਹ ਕਮੀਆਂ ਦੀ ਕੁੜੀ ਤਾਂ ਲੱਗਦੀ ਹੀ ਨਹੀਂ ਸੀ। ਜੱਟੀਆਂ ਨਾਲੋਂ ਦੂਗਣਾ ਚੌਗਣਾ ਰੋਹਬ ਸੀ ਉਹਦਾ। ਉਸ ਸਾਦਗੀ ਤੇ ਸਹੁਪਣ ਦੀ ਮੂਰਤ ਦੀਆਂ ਨਾਨੀ ਤੋਂ ਸਿਫ਼ਤਾਂ ਸੁਣ ਕੇ ਮੈਂ ਉਹਦੇ ਤੇ ਹੋਰ ਵੀ ਆਸ਼ਕ ਹੋ ਗਿਆ ਸੀ।
ਨਾਨੀ ਆਖ਼ਰ ਬੁੜੀ ਸੀ। ਬੁੜੀਆਂ ਵਿਚਾਲੇ ਗੱਲ ਕਿਵੇਂ ਛੱਡ ਸਕਦੀਆਂ ਹਨ? ਉਹਨਾਂ ਨੂੰ ਤਾਂ ਇੱਕ ਵਾਰੀ ਛੇੜ ਲਉ। ਬਸ ਫੇਰ ਆਇਸ਼ਾ ਤੋਂ ਸ਼ੁਰੂ ਹੋ ਕੇ ਜੁਲਕਾ ਤੱਕ ਸਭ ਸੁਣਾ ਕੇ ਹੱਟਣਗੀਆਂ। ਨਾਨੀ ਨੇ ਵੀ ਦਮ ਲੈਣ ਮਗਰੋਂ ਥੋੜ੍ਹੀ ਹੋਰ ਆਵਾਜ਼ ਨੀਵੀਂ ਕਰਕੇ ਪ੍ਰਸੰਗ ਜਾਰੀ ਰੱਖਿਆ ਸੀ, “ਊਂਅ ਤਾਂ ਭਾਮੇਂ ਨੈਰਣੇ ਦਾ ਆਪਦਾ ਕਸੂਰ ਹੀ ਸੀ। ਸ਼ਰਾਬ ਨਾਲ ਰੱਜੇ ਹੋਏ ਨੇ ਚੱਲਦੀ ਮਸ਼ੀਨ ਦੇ ਟੋਕਿਆਂ ’ਚ ਜਾ ਕੇ ਹੱਥ ਅੜ੍ਹਾ ਲਏ ਸੀਗੇ। ਪੰਚਾਂ ਨੇ ਤਾਂ ਦਸ ਆਖਿਆ ਸੀ, ਪਰ ਤੇਰੇ ਨਾਨੇ ਨੇ ਬੀਹ ਹਜ਼ਾਰ ਦੇ ਦਿੱਤਾ ਸੀ। ਬਈ ਗਰੀਬ ਹਾਉਂਕਾ ਨਾ ਲਵੇ। ਨਿੱਕਾ ਹੁੰਦਾ ਹੀ ਆਪਣੇ ਰਲ ਗਿਆ ਸੀ। ਮੈਂ ਕਿਹਾ ਹੋਇਐ ਨਰੇਣੈ ਨੂੰ ਬਈ ਤੇਰੀ ਕੁੜੀ ਦੇ ਵਿਆਹ ਦਾ ਸਾਰਾ ਖਰਚ ਮੈਂ ਕਰੂੰ। ਭਾਮੇਂ ਜਿੰਨੇ ਮਰਜ਼ੀ ਪੈਸੇ ਲੱਗਣ, ਮੈਂ ਲਾਊਂ। ਜਿੰਨਾ ਚਿਰ ਕੋਈ ਥਾਂ ਨਹੀਂ ਲੱਭਦਾ ਓਨੀ ਦੇਰ ਮੇਰੀ ਸੇਵਾ ਕਰੇ।”
ਵੈਸੇ ਉਹਦੀ ਕਮਸੀਨ ਡੀਲ-ਡੌਲ ਵੀ ਉਹਦੇ ਕਵਾਰੇ ਹੋਣ ਦੀ ਸ਼ਾਹਦੀ ਭਰਦੀ ਸੀ, ਪਰ ਨਾਨੀ ਨੇ ਜਦੋਂ ਇਹ ਬਚਦਾ ਧੜਕਾ ਕੱਢ ਦਿੱਤਾ ਸੀ ਤਾਂ ਮੇਰੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਹੀਂ ਸੀ ਰਿਹਾ।
ਨਾਨੀ ਨੇ ਠੰਢ ਮਹਿਸੂਸ ਕਰਦਿਆਂ ਧੁੜਧੜੀ ਲਈ ਸੀ, “ਇੱਥੇ ਤਾਂ ਪਾਲਾ ਐ, ਬਾਹਰ ਧੁੱਪੇ ਚੱਲਦੇ ਆਂ।”
ਮੈਨੂੰ ਕੋਈ ਆਪੱਤੀ ਨਹੀਂ ਸੀ। ਮੈਂ ਉੱਠ ਕੇ ਮੰਜਾ ਚੁੱਕਣ ਲੱਗਿਆ ਸੀ ਤਾਂ ਨਾਨੀ ਨੇ ਵਰਜ ਦਿੱਤਾ ਸੀ, “ਇਹਨੂੰ ਪਿਆ ਰਹਿਣ ਦੇ ਇੱਥੇ ਹੀ। ਬਾਹਰ ਹੋਰ ਹੈਗਾ ਵਾ।”
ਨਾਨੀ ਨੇ ਬਰਾਂਡੇ ਦੇ ਦਰਵਾਜ਼ੇ ਦੇ ਦੋਨੋਂ ਪਲੜੇ ਖੋਲ੍ਹ ਕੇ ਵਿਚਾਲੇ ਗੁਟਕੇ ਅੜਾ ਦਿੱਤੇ ਸਨ ਤਾਂ ਕਿ ਹਵਾ ਪੈ ਕੇ ਗਿੱਲਾ ਫ਼ਰਸ਼ ਛੇਤੀ ਸੁੱਕ ਜਾਵੇ। ਅਸੀਂ ਬਾਹਰ ਆਏ ਸੀ ਤਾਂ ਲੋਹੇ ਦੀਆਂ ਪਾਈਪਾਂ ਵਾਲਾ ਨਮਾਰ ਦਾ ਫੋਲਡਿੰਗ ਸਿੰਗਲ ਬੈੱਡ ਕੰਧ ਨਾਲ ਲਾ ਕੇ ਰੱਖਿਆ ਪਿਆ ਸੀ। ਮੈਂ ਉਹ ਖੋਲ੍ਹ ਕੇ ਵਿਛਾ ਦਿੱਤਾ ਸੀ ਤੇ ਨਾਨੀ ਨਾਲ ਉਸੇ ਉੱਤੇ ਬੈਠ ਗਿਆ ਸੀ।
ਮੁਹੱਬਤ ਦੀ ਪਹਿਲੀ ਸਟੇਜ ਉੱਤੇ ਮਹਿਬੂਬ ਬਾਰੇ ਜਿੰਨੀ ਕੁ ਜਾਣਕਾਰੀ ਲੋੜੀਂਦੀ ਹੁੰਦੀ ਹੈ, ਉਹ ਤਾਂ ਮੈਂ ਨਾਨੀ ਤੋਂ ਪ੍ਰਾਪਤ ਕਰ ਚੁੱਕਿਆ ਸੀ। ਪਰ ਉਹਦੇ ਨਾਮ ਦੀ ਅਜੇ ਤੱਕ ਕੋਈ ਉੱਗ-ਸੁੱਗ ਨਹੀਂ ਸੀ ਨਿਕਲੀ। ਕੀ ਹੋ ਸਕਦਾ ਹੈ ਇਸ ਹੂਰ ਦਾ ਨਾਂ ? ਮੈਨਕਾ? ਨਹੀਂ! ਉਰਵਸ਼ੀ? ਨਹੀਂ! ਨਹੀਂ! ਸ਼ਕੁੰਤਲਾ? ਨਾਂਹ! ਫੇਰ ਨੂਰੀ ਜਾਂ ਹੁਸਨਾ ਹੋਵੇਗਾ? ਉਏ ਨਹੀਂ! ਹੀਰ ਸੋਹਣੀ ਸੱਸੀ ਸਾਹਿਬਾ ਪਦਮਣੀ। ਬਸ ਮੈਂ ਆਪਣੇ ਦਿਮਾਗ ਵਿੱਚ ਉਹਦੇ ਨਾਮ ਬਾਰੇ ਅਟਕਲ ਪੱਚੂ ਲਾ ਹੀ ਰਿਹਾ ਸੀ ਕਿ ਇਹ ਗੁੱਥੀ ਵੀ ਆਪੇ ਸੁਲਝ ਗਈ ਸੀ, ਜਦੋਂ ਨਾਨੀ ਨੇ ਉਹਨੂੰ ਯਾਦ ਕਰਵਾਇਆ ਸੀ, “ਨੀ ਕੁੜੇ ਜੀਤੀ? ਨੂਣਦਾਨੀ ਚੋਂ ਭੋਰਾ ਕਾਲਾ ਨੂਣ ਵੀ ਪਾ ਕੇ ਖੋਰ ਲੀਂ ਚੰਗੂੰਂ।”
ਆਏ ਹਾਏ ਜੀਤੀ! ਹੋਰ ਭਲਾਂ ਉਹਦਾ ਨਾਂ ਕੀ ਹੋ ਸਕਦਾ ਸੀ? ਪਹਿਲੀ ਤੱਕਣੀ ਵਿੱਚ ਹੀ ਮੈਂ ਆਪਣਾ ਸਭ ਕੁੱਝ ਉਹਨੂੰ ਹਾਰੀ ਬੈਠਾ ਸੀ। ਜਿੱਤੀ ਤਾਂ ਬੈਠੀ ਸੀ ਉਹ ਮੈਨੂੰ। ਮਾਰ ਕੇ ਰੱਖ ਦਿੱਤਾ ਸੀ ਇਸ ਜੀਤੀ ਨੇ ਮੈਨੂੰ।
ਪੈਦਲ ਚੱਲਿਆ ਹੋਣ ਕਰਕੇ ਮੈਨੂੰ ਵੱਟ ਲੱਗਿਆ ਸੀ। ਮੈਂ ਜੈਕਟ ਲਾ ਕੇ ਰੱਖ ਦਿੱਤੀ ਸੀ। ਜਿੱਥੇ ਮੈਂ ਬੈਠਾ ਸੀ ਰਸੋਈ ਉੱਥੋਂ ਬਿਲਕੁਲ ਸਾਹਮਣੇ ਸੀ। ਨਾਨੀ ਦੀ ਉਹਦੇ ਵੱਲ ਪਿੱਠ ਸੀ ਤੇ ਮੇਰਾ ਮੂੰਹ। ਰਸੋਈ ਦਾ ਬੂਹਾ ਖੁੱਲ੍ਹਾ ਹੋਣ ਕਰਕੇ ਜੀਤੀ ਮੁਸੰਮੀਆਂ ਛਿੱਲਦੀ ਮੈਨੂੁੰ ਸਾਫ਼ ਦਿਸ ਰਹੀ ਸੀ। ਚਾਰ ਮੁਸੰਮੀਆਂ ਦੇ ਛਿਲੜ ਲਾਹ ਕੇ ਉਹਨੇ ਜਾਰ ਵਿੱਚ ਪਾ ਦਿੱਤੀਆਂ ਸਨ ਅਤੇ ਜੂਸਰ ਦਾ ਬਟਨ ਦੱਬ ਦਿੱਤਾ ਸੀ। ਜਾਰ ਵਿੱਚ ਪਾਈਆਂ ਮੁਸੰਮੀਆਂ ਦੇ ਬਲੇਡ ਨੇ ਚੀਥੜੇ ਉੱਡਾ ਦਿੱਤੇ ਸਨ। ਜੂਸ ਥੱਲਿਓ ਟੂਟੀ ਰਾਹੀ ਕੌਲੇ ਵਿੱਚ ਚੋਣ ਲੱਗਿਆ ਹੀ ਸੀ ਕਿ ਚਲਦੇ-ਚਲਦੇ ਜੂਸਰ ਦਾ ਸ਼ੋਰ ਇੱਕਦਮ ਸੰਨਾਟੇ ਵਿੱਚ ਬਦਲ ਗਿਆ ਸੀ। ਜੂਸਰ ਦੇ ਅਚਾਨਕ ਬੰਦ ਹੋ ਜਾਣ ਕਾਰਨ ਨਾਨੀ ਨੇ ਪਿੱਠ ਘੁੰਮਾ ਕੇ ਪਿੱਛੇ ਦੇਖਿਆ ਸੀ।
ਜੀਤੀ ਵੀ ਜੂਸਰ ਦੇ ਇੰਝ ਰੁੱਕ ਜਾਣ ਕਾਰਨ ਪਰੇਸ਼ਾਨ ਸੀ। ਉਹਨੇ ਬਟਨ ਨੂੰ ਦੋ ਤਿੰਨ ਵਾਰ ਹੇਠ ਉੱਤੇ ਕਰਿਆ ਸੀ। ਪਰ ਜੂਸਰ ਨਹੀਂ ਸੀ ਚੱਲਿਆ। ਫਿਰ ਉਹਨੇ ਬਲਬ ਦੀ ਸਵਿੱਚ ਸਿੱਟ ਕੇ ਦੇਖੀ, ਬੱਲਬ ਵੀ ਨਹੀਂ ਸੀ ਜਗਿਆ ਤਾਂ ਉਹ ਸਮਝ ਗਈ ਸੀ। ਲਾਈਟ ਚਲੀ ਗਈ ਹੈ।
“ਲੈ ਅੱਗੇ ਨਾ ਕਦੇ ਪਿੱਛੇ ਨਾ। ਇਹਨੇ ਮੱਚਣੀ ਨੇ ਵੀ ਅੱਜ ਹੀ ਜਾਣਾ ਸੀ।” ਨਾਨੀ ਨੇ ਗਿਲਾ ਜਿਹਾ ਕਰਿਆ ਸੀ।
“ਹੁਣ?” ਜੀਤੀ ਰਸੋਈ ਚੋਂ ਬਾਹਰ ਸਾਡੇ ਕੋਲ ਆਈ ਸੀ।
“ਜਰਨੇਟਰ ਚਲਾ ਲੈ ਹੋਰ ਫੇਰ ਕੀ ਆ।” ਨਾਨੀ ਹਰ ਹੀਲੇ ਮੈਨੂੰ ਜੂਸ ਪਿਲਾਉਣਾ ਚਾਹੁੰਦੀ ਸੀ। ਸ਼ਹਿਰਾਂ ਵਾਲਿਆਂ ਦੀ ਮੇਜ਼ਬਾਨੀ ਅਤੇ ਪਿੰਡਾਂ ਵਾਲਿਆਂ ਦੀ ਮਹਿਮਾਨ ਨਿਵਾਜ਼ੀ ਵਿੱਚ ਇਹੀ ਤਾਂ ਇੱਕ ਵੱਡਾ ਅੰਤਰ ਹੁੰਦਾ ਹੈ। ਸ਼ਹਿਰੀਆਂ ਦਾ ਦਸਤੂਰ ਹੁੰਦਾ ਹੈ ਜੇ ਕੋਈ ਅੰਨ-ਪਾਣੀ ਪੁੱਛਣ ਦੇ ਜੁਆਬ ਵਿੱਚ ਰਵਾੲਤੀ ਤੌਰ ’ਤੇ ਮਨ੍ਹਾ ਕਰ ਦੇਵੇ ਤਾਂ ਦੁਬਾਰਾ ਪੁੱਛਦੇ ਹੀ ਨਹੀਂ। ਪਰ ਪੈਂਡੂ ਸੁੱਕਾ ਨਹੀਂ ਮੁੜਨ ਦਿੰਦੇ। ਧੱਕੇ ਨਾਲ ਖੁਆ ਕੇ ਛੱਡਣਗੇ ਭਾਵੇਂ ਅਗਲੇ ਤੋਂ ਖਾਹ ਹੋਵੇ ਜਾਂ ਨਾ।
ਯਕ ਵਾਰੀ ਡੈਡੀ ਦਾ ਗੱਨਮੈਨ ਕਿਸ਼ਨਾ ਛੁੱਟੀ ਜਾਂਦਾ ਹੋਇਆ ਮੈਨੂੰ ਵੀ ਆਪਣੇ ਨਾਲ ਆਪਣੇ ਪਿੰਡ ਲੈ ਗਿਆ ਸੀ। ਦਿਨ ਛਿਪਦੇਸਾਰ ਪਤੰਦਰ ਨੇ ਘਰ ਦੀ ਕੱਢੀ ਦਾ ਡੱਟ ਖੋਲ੍ਹ ਲਿਆ ਸੀ। ਰੂੜੀ ਮਾਰਕਾ ਦੇਖ ਕੇ ਮੈਂ ਦੋ ਕੁ ਪੈੱਗ ਲਾ ਕੇ ਹੀ ਹਟ ਗਿਆ ਸੀ।
“ਛੋਟੇ ਸਾਬ੍ਹ ਲਾ ਤਾਂ ਸਹੀ ਅਜੇ ਤਾਂ ਸੰਘ ਵੀ ਨਹੀਂ ਗਿੱਲਾ ਹੋਇਆ ਹੋਣਾ।” ਕਹਿ ਕੇ ਕਿਸ਼ਨੇ ਨੇ ਇੱਕ ਹੋਰ ਜਾਮ ਬਣਾ ਦਿੱਤਾ ਸੀ।
ਅੱਖਾਂ ਮੀਚ ਕੇ ਮੈਂ ਔਖੇ ਸੌਖੇ ਨੇ ਉਹ ਵੀ ਖਿੱਚ ਲਿਆ ਸੀ ਤੇ ਆਪਣੀ ਕਪੈਸਟੀ ਪੂਰੀ ਹੋ ਗਈ ਦੇਖ ਕੇ ਆਖਿਆ ਸੀ, “ਲੈ ਬਈ ਕਿਸ਼ਨ ਸਿਆਂ ਆਪਣਾ ਤਾਂ ਕੋਟਾ ਹੋ ਗਿਆ ਪੂਰਾ।”
“ਆਹ ਖ਼ਾਲੀ ਕਰਨੀ ਆ ਸਾਰੀ।”
ਕਿਸ਼ਨਾ ਬੋਤਲ ਫੜ੍ਹੀ ਹੋਰ ਸ਼ਰਾਬ ਪਾਉਣ ਨੂੰ ਫਿਰਦਾ ਸੀ ਤੇ ਮੈਂ ਗਿਲਾਸ ਦੇ ਮੂੰਹ ’ਤੇ ਹੱਥ ਰੱਖ ਕੇ ਉਹਨੂੰ ਰੋਕਦਾ ਸੀ। ਕਿਸ਼ਨਾ ਪੰਜਾਬ ਪੁਲੀਸ ਦੇ ਮੋਢੇ ਉੱਪਰ ਲਿਖਿਆ  ਹੋਇਆ ਨਾਹਰਾ ਮਾਰਦਾ ਪੀ ਪੀ ਕਰਦਾ ਰਿਹਾ ਸੀ ਤੇ ਮੈਂ ਸੋਹਣੀਆਂ ਕੁੜੀਆਂ ਵਾਲਾ ਲਾਰਾ ਉਚਾਰਦਾ ਨਾ ਨਾ ਕਰਦਾ ਰਿਹਾ ਸੀ।
“ਰਾਜੂ ਯਾਰ ਇੱਕ ਮੇਰੇ ਨਾਉਂ ਦਾ ਪੀ ਲੈ ਬਾਈ ਬਣ ਕੇ।”
ਜਦ ਉਹ ਮੰਨਿਆ ਹੀ ਨਹੀਂ ਸੀ ਤਾਂ ਮੈਂ ਢੈਲਾ ਪੈ ਕੇ ਇੱਕ ਹੋਰ ਪੀ ਲਿਆ ਸੀ। ਕਿਸ਼ਨੇ ਨੇ ਫੇਰ ਮੇਰੇ ਗਿਲਾਸ ਵਿੱਚ ਚੁਸਤੀ ਨਾਲ ਪਾ ਦਿੱਤੀ ਸੀ। ਮੈਨੂੰ ਸ਼ਰਮੋ-ਸ਼ਰਮੀ ਉਹ ਵੀ ਚੁੱਕਣਾ ਪਿਆ ਸੀ। ਉਸ ਤੋਂ ਬਾਅਦ ਅਗਲਾ ਹਾੜਾ ਪਾਉਂਣ ਤੋਂ ਮੈਂ ਕਿਸ਼ਨੇ ਨੂੰ ਇਨਕਾਰ ਕਰ ਦਿੱਤਾ ਸੀ, “ਨਾ ਮਿੱਤਰਾ ਹੁਣ ਹੋਰ ਨ੍ਹੀਂ ਪੀ ਹੋਣੀ। ਬਸ ਇਹ ਆਖ਼ਰੀ ਸੀ।”
ਪਰ ਕਿਸ਼ਨੇ ਨਾਲ ਮੇਰੀ ਬੁੱਕਲ ਖੁੱਲ੍ਹੀ ਹੋਣ ਕਰਕੇ ਉਹਨੂੰ ਮੇਰੀ ਰਗ-ਰਗ ਦਾ ਸਾਰਾ ਭੇਤ ਹੈ। ਮੇਰਾ ਗੁੱਟ ਫੜ੍ਹ ਕੇ ਉਹ ਬੋਲਿਆ ਸੀ, “ਇੱਕ ਸਤਾਰਾਂ ਸੈਕਟਰ ਵਾਲੇ ਵਕੀਲ ਕੀ ਡਿੰਪੀ ਦੇ ਨਾਂ ਤੇ ਹੋ ਜੇ।”
ਨਾਮ ਸੁਣਦਿਆਂ ਹੀ ਬੌਬ ਕੱਟ ਵਾਲਾਂ ਵਾਲੀ, ਮੱਥੇ ਉੱਤੇ ਬੰਨ੍ਹਿਆ ਹੈੱਡ-ਰਿਬਨ, ਜਾਗਿੰਗ ਸੂਟ ਪਾਈ ਰੋਜ਼-ਗਾਰਡਨ ਦੀ ਸੈਰ ਕਰਦੀ ਕੱਚੀ-ਕੈਲ ਡਿੰਪੀ ਮੇਰੀਆਂ ਅੱਖਾਂ ਅੱਗੇ ਉੱਘੜ ਆਈ ਸੀ ਤੇ ਮੱਲੋ-ਮੱਲੀ ਮੇਰਾ ਹੱਥ ਭਰੇ ਗਿਲਾਸ ਨੂੰ ਫੜ੍ਹਨ ਲਈ ਵੱਧ ਗਿਆ ਸੀ। ਉਹ ਪੈੱਗ ਮੁੱਕੇ ਤੋਂ ਕਿਸ਼ਨੇ ਨੇ ਅਗਲਾ ਜ਼ਾਮ ਪਾਉਂਣ ਲਈ ਪੁੱਛਿਆ ਸੀ, “ਹੁਣ ਨੀਰਜਾ ਦੇ ਨਾਂ ’ਤੇ ਵੀ ਇੱਕ ਹੋ ਜਾਵੇ?”
ਮੈਂ ਨੀਰਜਾ ਦਾ ਜੇਬ ’ਚ ਪਿਆ ਲੈਟਰ ਟੋਹ ਕੇ ਦੇਖਦਿਆਂ ਸਿਰ ਮਾਰ ਕੇ ਕਿਸ਼ਨੇ ਨੂੰ ਹਾਮੀ ਭਰ ਦਿੱਤੀ ਸੀ। ਉਹ ਪਿਆਲਾ ਮਿਹਦੇ ਦੇ ਹੜਪ ਕਰਨ ਮਗਰੋਂ ਕਿਸ਼ਨੇ ਨੇ ਫੇਰ ਟਰਾਈ ਮਾਰੀ ਸੀ, “ਉਹ ਜਿਹੜੀ ਸੁੱਖਨਾ ਝੀਲ ’ਤੇ ਬੁਲਾਉਂਦੀ ਹੁੰਦੀ ਹੈ। ਕੀ ਐ ਨਾਂ ਜਿਹਾ ਉਹਦਾ ਪਿੰਕੀ?”
“ਨਹੀਂ ਪਿੰਕੀ ਤਾਂ ਬੱਤਰਾ ਸਿਨਮੇ ਵਾਲੀ ਆ। ਝੀਲ ਵਾਲੀ ਤਾਂ ਰੀਟਾ ਆ ਰੀਟਾ।”
“ਚੱਕ ਫੇਰ ਉਹਨਾਂ ਨੂੰ ਕਾਹਨੂੰ ਛੱਡਣੈ?”
ਕਿਸ਼ਨੇ ਨੇ ਉਹਨਾਂ ਦੀ ਨਿਮਿਤ ਦਾ ਵੀ ਇੱਕ ਇੱਕ ਪੈੱਗ ਬਣਾ ਦਿੱਤਾ ਸੀ। ਕਦੇਂ ਫਲਾਣੀ ਦੇ ਨਾਮ ਤੇ ਅਤੇ ਕਦੇ ਧਿਮਕੀ ਦੇ ਨਾਂ ਦਾ ਕਰਦੇ ਕਰਦੇ ਪੱਟੂ ਨੇ ਮੁੱਕਦੀ ਗੱਲ ਚੰਡੀਗੜ੍ਹ ਦੀਆਂ ਸਭਨਾਂ ਕੁੜੀਆਂ ਦਾ ਨਾਂ ਲੈ ਲੈ ਕੇ ਮੈਨੂੰ ਪਹਿਲੇ ਤੋੜ ਦੀ ਸਾਰੀ ਬੋਤਲ ਪਿਲਾ ਦਿੱਤੀ ਸੀ। ਮੈਂ ਵੀ ਟੈਟ ਸੀ ਤੇ ਉਹ ਵੀ ਟੱਲੀ ਹੋ ਗਿਆ ਸੀ। ਲਾਲ ਪਰੀ ਮੁੱਕੀ ਤੋਂ ਕਿਸ਼ਨਾ ਰੋਟੀ ਲੈ ਆਇਆ ਸੀ। ਮੈਂ ਰੋਟੀ ਖਾਣ ਨੂੰ ਕੋਰਾ ਜੁਆਬ ਦੇ ਦਿੱਤਾ ਸੀ ਤਾਂ ਕਿਸ਼ਨਾ ਕਹਿੰਦਾ ਸੀ, “ਚੱਲ ਇੱਕਲਾ ਮੀਟ ਹੀ ਖਾਹ ਲੈ।”
ਉਹਦੇ ਤੋਂ ਮੀਟ ਦੀ ਦੌਰੀ ਫੜ੍ਹ ਕੇ ਵੀ ਮੈਂ ਪੰਗਾ ਹੀ ਲੈ ਬੈਠਾ ਸੀ। ਮੀਟ ਨੂੰ ਵੀ  ਉਹਨੇ ਉਹੀ ਲੱਲ ਫੜ੍ਹ ਲਈ ਸੀ।
“ਇੱਕ ਸੈਂਖੀ ਮੇਰੇ ਨਾਂ ਦੀ।”
“ਇੱਕ ਗੁਆਂਢਣ ਦੇ ਨਾਂ ਦੀ।”
ਇਉਂ ਕਰਦੇ ਕਰਦੇ ਨੇ ਉਹਨੇ ਨਾਲੇ ਤਾਂ ਮੈਨੂੰ ਆਪਣੇ ਪਿੰਡ ਦੀਆਂ ਸਾਰੀਆਂ ਸੋਹਣੀਆਂ ਕੁੜੀਆਂ ਗਿਣਾਂ ਦਿੱਤੀਆਂ ਸਨ ਨਾਲੇ ਮੀਟ ਦਾ ਪਤੀਲਾ ਖੁਆ ਦਿੱਤਾ ਸੀ। ਨਸ਼ੇ ਦੀ ਲੋਰ ਵਿੱਚ ਮੈਂ ਤੇ ਕਿਸ਼ਨਾ ਪਤਾ ਨਹੀਂ ਮੀਟ ਕਿੱਥੇ ਪਾਈ ਗਏ ਸੀ। ਅੰਤਮ ਦੋ ਬੋਟੀਆਂ ਬਚ ਗਈਆਂ ਸਨ। ਮੇਰੀ ਬਸ ਹੋਈ ਪਈ ਸੀ। ਮੈਂ ਹੱਥ ਖੜ੍ਹੇ ਕਰ ਦਿੱਤੇ ਸਨ ਤਾਂ ਕਿਸ਼ਨਾ ਕਹਿਣ ਲੱਗਿਆ ਸੀ, “ਜਿੱਥੇ ਹਾਥੀ ਲੰਘ ਗਿਆ ਉੱਥੇ ਪੂਛ ਦੇ ਅੜਨ ਦਾ ਕੀ ਕੰਮ?”
“ਨਾ ਯਾਰਾ ਬਿਲਕੁਲ ਜਗ੍ਹਾ ਨ੍ਹੀਂ ਹੁਣ ਤਾਂ। ਸਵੇਰੇ ਖਾਹ ਲਵਾਂਗੇ।”
“ਸਵੇਰੇ ਨਹੀਂ, ਹੁਣ ਹੀ ਖਾਹ। ਨਹੀਂ ਮੈਂ ਗੁੱਸੇ ਆਂ।”
ਬੜੀ ਅਜੀਬ ਮੁਸੀਬਤ ਵਿੱਚ ਮੈਂ ਫੱਸਿਆ ਸੀ। ਇੱਕ ਚਮਚਾ ਵੀ ਮੈਂ ਹੋਰ ਨਹੀਂ ਸੀ ਖਾ ਸਕਦਾ। ਇਸ ਲਈ ਮੈਂ ਆਪਣੀ ਮਜਬੂਰੀ ਦੱਸੀ ਸੀ, “ਏਕਣ ਧੱਕਾ ਨਾ ਕਰ, ਉੱਲਟੀ ਆ ਜਾਣੀ ਏ ਨਹੀਂ ਤਾਂ।”
“ਆ ਜਾਣ ਦੇ ਜੋ ਆਉਂਦੈ। ਸਾਲੀ ’ਤੇ ਅੱਤਵਾਦ ਦਾ ਕੇਸ ਨਾ ਪੁਆਦਾਂਗੇ। ਆਹ ਚੱਕ ਤੈਨੂੰ ਖ਼ਾਲੀ ਕਰਨੀ ਹੀ ਪੈਣੀ ਹੈ।” ਉਹਨੇ ਕੌਲੀ ਭਰ ਕੇ ਮੇਰੇ ਵੱਲ ਰੋੜ ਦਿੱਤੀ ਸੀ।
“ਚੰਗਾ ਸਿਰ ਵਿੱਚ ਪਾ ਦੇ ਫਿਰ।” ਮੈਂ ਖਿੱਝ ਕੇ ਆਖਿਆ ਸੀ। ਅੱਕ ਗਿਆ ਸੀ ਮੈਂ ਉਹਦੀਆਂ ਨਿਆਣਿਆਂ ਵਰਗੀਆਂ ਹਰਕਤਾਂ ਤੋਂ। ਸ਼ਾਇਦ ਕਿਸ਼ਨਾ ਵੀ ਮੇਰੇ ਮਨ੍ਹਾ ਕਰਨ ਤੋਂ ਸਤਿਆ ਪਿਆ ਸੀ। ਬੌਂਗੇ ਜਿਹੇ ਨੇ ਸੱਚੀਂ ਮੀਟ ਦੀ ਕਟੋਰੀ ਚੁੱਕ ਕੇ ਮੇਰੇ ਸਿਰ ਵਿੱਚ ਮੁੱਧੀ ਮਾਰ ਦਿੱਤੀ ਸੀ। ਮੇਰੀ ਪੱਗ, ਕੇਸ, ਵਸਤਰ, ਸਾਰਾ ਕੁੱਝ ਤਰੀ ਨਾਲ ਲਿਬੜ ਗਿਆ ਸੀ।
ਇਹ ਤਜਰਬਾ ਤਾਂ ਮੈਨੂੰ ਸਾਰੀ ਜ਼ਿੰਦਗੀ ਨਹੀਂ ਭੁੱਲਣਾ। ਹੁਣ ਜਦੋਂ ਨਾਨੀ ਨੂੰ ਜੂਸ ਪਿਆਉਣ ਦੀ ਰੱਟ ਫੜ੍ਹੀ ਬੈਠੀ ਦੇਖਿਆ ਸੀ ਤਾਂ ਮੈਨੂੰ ਡਰ ਜਿਹਾ ਲੱਗਿਆ ਕਿ ਕਿਤੇ ਨਾਨੀ ਵੀ ਕਿਸ਼ਨੇ ਵਾਲਾ ਹਾਲ ਹੀ ਨਾ ਕਰੇ। ਜੀਅ ਵਿੱਚ ਆਇਆ ਸੀ ਕਿ ਨਾਨੀ ਨੂੰ ਕਹਾਂ, “ਕੋਈ ਨਹੀਂ ਰਹਿਣ ਦੇ ਬੇਬੇ ਜੂਸ ਨੂੰ ਵੀ। ਅੱਗੇ ਹੀ ਠੰਢ ਹੈ।” ਪਰ ਮੈਂ ਮੂੰਹ ਬੰਦ ਹੀ ਰੱਖਿਆ ਸੀ।
“ਬੂਟ ਲਾ ਲੈ, ਲੱਤਾਂ ਉੱਤੇ ਧਰ ਕੇ ਠੀਕ ਹੋ ਕੇ ਬੈਠ ਜਾ। ਆਏਂ ਬੈਠਾ ਏਂ ਜਿਵੇਂ ਜੁੱਤੀ ਚੁੱਕ ਕੇ ਭੱਜਣਾ ਹੁੰਦੈ।”
ਨਾਨੀ ਦੀ ਬੁੱਢੀਆਂ ਵਾਲੀ ਬੁੜਬੁੜ ਨੂੰ ਮੈਂ ਸੁਣ ਕੇ ਵੀ ਅਣਸੁਣਿਆ ਕਰ ਦਿੱਤਾ ਸੀ। ਜੋ ਨੀਲੀ ਛੱਤਰੀ ਵਾਲਾ ਕਰਦਾ ਠੀਕ ਹੀ ਕਰਦਾ ਹੈ। ਮੇਰਾ ਹਿਰਦਾ ਤੁਠਾ ਹੋ ਗਿਆ ਸੀ ਕਿ ਚਲੋ ਚੰਗਾ ਹੋਇਆ ਜਿਹੜੀ ਬਿਜਲੀ ਚਲੀ ਗਈ ਸੀ। ਉਸ ਤੋਂ ਵਧੀਆ ਹੋਇਆ ਸੀ ਨਾਨੀ ਨੇ ਜੀਤੀ ਨੂੰ ਜਨਰੇਟਰ ਚਲਾਉਣ ਨੂੰ ਕਿਹਾ ਸੀ। ਇਹ ਤਾਂ ਆਪੇ ਹੀ ਰੱਬ ਨੇ ਸਬੱਬ ਬਣਾ ਦਿੱਤਾ ਸੀ। ਮਾੜੇ-ਧਿੜੇ ਬੰਦੇ ਤੋਂ ਦੋ ਘੜੀਆਂ ਇੰਜਣ ਦਾ ਹੈਂਡਲ ਹੀ ਨਹੀਂ ਹਿੱਲਦਾ ਹੁੰਦਾ, ਫੇਰ ਜੀਤੀ ਇੱਕਲੀ ਇੰਜਣ ਕਿੱਥੋਂ ਚਲਾ ਸਕਦੀ ਸੀ। ਬਿਜਲੀ ਉਤਪਾਦਕ ਚਾਲੂ ਕਰਨ ਲੱਗਿਆਂ ਮੈਂ ਜੀਤੀ ਨੂੰ ਆਪਣੇ ਡੌਲੇ ਜਿਹੜੇ ਮੈਂ ਡੰਬਲ ਫੇਰ ਫੇਰ ਬਣਾਏ ਨੇ, ਉਹ ਦਿਖਾ ਕੇ ਉਹਦੇ ਉੱਤੇ ਪ੍ਰਭਾਵ ਪਾ ਲੈਣਾ ਸੀ। ਸੂਰਤ ਨਾਲੋਂ ਸੋਹਣੇ ਸ਼ਰੀਰ ’ਤੇ ਜਨਾਨੀ ਜ਼ਿਆਦਾ ਮਰਦੀ ਹੁੰਦੀ ਹੈ। ਮੈਂ ਇੱਕੋ ਝਟਕੇ ਵਿੱਚ ਕੁੱਲ ਵੱਟਾ ਕੁੱਲ ਅੰਕ ਡੁੱਕਣ ਲਈ ਪਹਿਲਾਂ ਹੀ ਬਾਹਾਂ ਉੱਤਾਹ ਚੜ੍ਹਾਉਂਣ ਲੱਗ ਪਿਆ ਸੀ। ਡੌਲੇ ਨੰਗੇ ਨਾ ਹੋਣਗੇ ਤਾਂ ਜੀਤੀ ਨੂੰ ਦਿਸਣਗੇ ਕਿਵੇਂ?
ਦੂਰ ਮੁੱਖ-ਦਆਰ ਦੇ ਕੋਲ ਹੀ ਪੀਟਰ ਇੰਜਣ ਵਾਲਾ ਬਿਜਲੀ ਬਣਾਉ ਜੰਤਰ ਰਿਉ ਵਾਲੀ ਬੋਰੀ ਹੇਠ ਢਕਿਆ ਪਿਆ ਸੀ। ਜੀਤੀ ਜੈਨਰੇਟਰ ਵੱਲ ਤੁਰ ਗਈ ਸੀ। ਉਹਦੇ ਅੱਪ ਡਾਊਨ, ਅੱਪ ਡਾਊਨ ਕਰਦੇ ਨਿਤੰਬਾਂ ਨੂੰ ਮੈਂ ਨਿਹਾਰਦਾ ਰਿਹਾ ਸੀ। ਮੈਂ ਸਮਝਦਾ ਸੀ ਕਿ ਉਹ ਬੋਰੀ ਲਾਹੂ ਤੇ ਜੈਨਰੈਟਰ ਉੱਪਰ ਪਈ ਹੋਈ ਗਰਦ ਝਾੜ ਕੇ ਮੈਨੂੰ ਹਾਕ ਮਾਰੇਗੀ। ਪਰ ਮੇਰੇ ਦੇਖਦਿਆਂ-ਦੇਖਦਿਆਂ ਉਹਨੇ ਆਪ ਹੀ ਹੈਂਡਲ ਚੁੱਕ ਕੇ ਪਾਇਆ ਸੀ ਤੇ ਇੰਜਣ ਨੂੰ ਇਉਂ ਗੇੜਾ ਦੇਣ ਲੱਗ ਪਈ ਸੀ, ਜਿਵੇਂ ਇੰਜਣ ਨਹੀਂ ਸਿਲਾਈ ਮਸ਼ੀਨ ਦੀ ਹੱਥੀ ਹੁੰਦੀ ਹੈ। ਚੱਕਰ ਦੀ ਸਪੀਡ(ਗਤੀ) ਬਣਨ ਪੁਰ ਪੜੱਕ ਦੇਣੇ ਕਿੱਲੀ ਸਿੱਟ ਕੇ ਉਹਨੇ ਬਚਾ ਕੇ ਹੈਂਡਲ ਕੱਢ ਲਿਆ ਸੀ। ਸਾਇਲੈਂਸਰ ਰਾਹੀ ਧੂੰਆਂ ਮਾਰ ਕੇ ਧੁਕ-ਧੁਕ ਕਰਦਾ ਇੰਜਣ ਸਟਾਰਟ ਹੋ ਗਿਆ ਸੀ। ਸਾਰੀ ਯੋਜਨਾ ਦੀ ਫੱਟੀ ਪੋਚੀ ਜਾਣ ਤੇ ਮੈਂ ਡੌਲੇ ਪਲੋਸਦਾ ਰਹਿ ਗਿਆ ਸੀ। ਕਸਰਤ ਕਰ ਕੇ ਬਣਾਏ ਸ਼ਰੀਰ ਉੱਤੇ ਕਰਿਆ ਮੇਰਾ ਸਾਰਾ ਮਾਣ ਟੁੱਟ ਗਿਆ ਸੀ। ਮੈਂ ਠੰਡਾ-ਸੀਲਾ ਹੋ ਕੇ ਬੈਠਦਿਆਂ ਨੀਵੀਂ ਪਾ ਲਈ ਸੀ। ਅੰਨ੍ਹੇ ਝੋਟੇ ਜਿੰਨਾ ਜ਼ੋਰ ਸੀ ਰੰਨ ਦੇ ਮਲੂਕ ਅਤੇ ਲਚਕੀਲੇ ਸ਼ਰੀਰ ਵਿੱਚ। ਉਹਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਕੇ ਮੈਨੂੰ ਚਾਰੇ ਖਾਨਿਓ ਚਿੱਤ ਕਰ ਲਿਆ ਸੀ।
ਜਦੋਂ ਜੀਤੀ ਰਸ ਲੈ ਕੇ ਆਈ ਸੀ ਤਾਂ ਗਿਲਾਸ ਫੜ੍ਹਨ ਲੱਗੇ ਨੇ ਮੈਂ ਉਹਦੇ ਦੋਨੋਂ ਹੱਥਾਂ ਦੀਆਂ ਉਂਗਲਾਂ ਨਿਰਖ ਨਾਲ ਦੇਖੀਆਂ ਸਨ। ਲਾਈਨ ਤਾਂ ਕਲੀਅਰ ਹੀ ਹੈ। ਉਹਦੀਆਂ ਛਾਂਪ-ਛੱਲੇ ਤੋਂ ਸੱਖਣੀਆਂ ਉਂਗਲਾਂ ਦੇਖ ਕੇ ਮੈਨੂੰ ਅਤਿਅੰਤ ਪ੍ਰਸੰਨਤਾ ਹੋਈ ਸੀ। ਇਹ ਤੱਥ ਵੀ ਸਾਹਮਣੇ ਆ ਗਿਆ ਸੀ ਕਿ ਉਹਦਾ ਕਿਸੇ ਨਾਲ ਇਸ਼ਕ ਦਾ ਚੱਕਰ ਨਹੀਂ ਸੀ ਚਲਦਾ। ਜੇ ਉਹਦਾ ਕੋਈ ਆਸ਼ਕ ਹੁੰਦਾ ਤਾਂ ਪਿਆਰ ਦੀ ਨਿਸ਼ਾਨੀ ਕੋਈ ਟੂਮ-ਛੁੱਲਾ ਉਹਦੇ ਜ਼ਰੂਰ ਪਹਿਨਿਆ ਹੋਣਾ ਸੀ।
ਜੀਤੀ ਦੇ ਕਰ-ਕਮਲਾਂ ਨਾਲ ਬਣਾਇਆ ਹੋਇਆ ਜੂਸ ਦਾ ਗਿਲਾਸ ਵੀ ਮਦਰਾ ਦੇ ਪਿਆਲੇ ਨਿਆਈਂ ਸੀ। ਮੈਨੂੰ ਪਹਿਲੀ ਘੁੱਟ ਭਰਦਿਆਂ ਹੀ ਪੀਟਰ ਸਕਾਟ ਦੀ ਬੋਤਲ ਜਿੰਨਾ ਨਸ਼ਾ ਹੋ ਗਿਆ ਸੀ। ਜੀਅ ਤਾਂ ਕਰਦਾ ਸੀ ਉਹ ਪਿਲਾਉਂਦੀ ਰਹਿੰਦੀ ਤੇ ਮੈਂ ਪੀਂਦਾ ਰਹਿੰਦਾ। ਪਰ ਢਿੱਡ ਵੀ ਤਾਂ ਦੇਖਣਾ ਸੀ। ਇਸ ਕਰਕੇ ਇੱਕ ਗਿਲਾਸ ਲੈ ਕੇ ਹੀ ਮੈਂ ਬਸ ਕਰ ਦਿੱਤੀ ਸੀ।
ਮੈਨੂੰ ਢਿਲਕ ਕੇ ਕੂਹਣੀ ਦੇ ਆਸਰੇ ਅੱਧਾ ਲੇਟਿਆ ਅਤੇ ਅੱਧਾ ਬੈਠਾ ਦੇਖ ਕੇ ਨਾਨੀ ਮੰਜੇ ਦੀ ਇੱਕ ਨੁੱਕਰ ਵੱਲ ਘਿਸੜ ਕੇ ਇੱਕਠੀ ਹੋ ਗਈ ਸੀ, “ਲੈ ਲੋਟ ਹੋ ਕੇ ਪੈ ਜਾ। ਬਿੰਦ ਢੂਹੀ ਸਿੱਧੀ ਕਰ ਲੈ। ਦੋ ਢਾਈ ਘੰਟੇ ਦਾ ਕਿੱਡਾ ਲੰਬਾ ਸਫ਼ਰ ਏ।”
ਮੈਂ ਸਗੋਂ ਉੱਪਰ ਨੂੰ ਉੱਠ ਕੇ ਚੌਕਸ ਆਸਣ ਵਿੱਚ ਬਹਿ ਗਿਆ ਸੀ। ਕੁੱਝ ਪਲ ਚੁੱਪ ਰਹਿਣ ਮਗਰੋਂ ਮੈਂ ਖੜ੍ਹਾ ਹੋ ਕੇ, ਆਪਣੇ ਪਿਛਲੇ ਪਾਸੇ ਬਾਥਰੂਮ ਦੇ ਅੱਗੇ ਲੱਗੇ ਵਾਸ਼ਵੇਸਨ ਕੋਲ ਚਲਾ ਗਿਆ ਸੀ ਤੇ ਸਿੰਕ ਦੇ ਉੱਪਰ ਜੜੇ ਦਰਪਨ ਵਿੱਚ ਝਾਕ ਕੇ ਪੱਗ ਸੂਤ ਕਰਨ ਲੱਗਿਆ ਸੀ। ਭਾਪਿਆਂ ਵਾਂਗ ਮੈਂ ਵੀ ਪੱਗ ਵਿੱਚ ਕਦੇ ਵਲ ਨਹੀਂ ਪੈਣ ਦਿੰਦਾ। ਬਾਜ਼ ਸਦਾ ਪੱਗ ’ਚ ਟੰਗਿਆ ਹੁੰਦਾ ਹੈ। ਜਿਉਂ ਹੀ ਖਰਬੂਜੇ ਦੀਆਂ ਫਾੜੀਆਂ ਵਾਂਗੂੰ ਚਿਣੇ ਪੇਚਾਂ ਵਿੱਚ ਕੋਈ ਵਲ ਪਿਆ ਦੇਖਾਂ, ਜਦੇ ਬਾਜ਼ ਮਾਰ ਕੇ ਕੱਢ ਦਿੰਦਾ ਹਾਂ।
“ਹਾਹ ਪੱਗੜ ਨੂੰ ਲਾਹ ਦੇਹ। ਹੌਲਾ ਸਰੋਪਾ ਸਰੂਪਾ ਲਪੇਟ ਲੈ।”
“ਨਹੀਂ, ਪੱਗ ਈ ਠੀਕ ਆ।”
ਨਾਨੀ ਅੱਗੋਂ ਕੁੱਝ ਨਹੀਂ ਸੀ ਬੋਲੀ। ਆਏਂ ਕਿਵੇਂ ਮੈਂ ਲਾਹ ਦਿੰਦਾ? ਸਵੇਰੇ ਪੂਰਾ ਘੰਟਾਂ ਖਰਚ ਕੇ ਤਾਂ ਬੰਨ੍ਹੀ ਸੀ। ਉੱਥੋਂ ਮੈਂ ਬਰਾਂਡੇ ਨੂੰ ਸਿੱਧਾ ਹੋ ਗਿਆ ਸੀ। ਸਹਿਜ ਸੁਭਾਅ ਹੀ ਫੋਨ ਦਾ ਹੁੱਕਾ ਚੁੱਕ ਕੇ ਮੈਂ ਕੰਨਾਂ ਨੂੰ ਲਾ ਕੇ ਦੇਖਿਆ ਤਾਂ ਟੈਲੀਫੋਨ ਡੈੱਡ ਪਿਆ ਸੀ। ਮੈਨੂੰ ਸਮਝ ਆ ਗਈ ਸੀ ਕਿ ਜਦੋਂ ਵੀ ਅਸੀਂ ਨਾਨੀ ਨੂੰ ਫੋਨ ਕਰਦੇ ਹੁੰਦੇ ਹਾਂ ਤਾਂ ਅਭੀ ਲਾਈਨੇ ਵਿਅਸਤ ਹੈ। ਕ੍ਰਿਪਿਆ ਥੋੜ੍ਹੀ ਦੇਰ ਬਾਅਦ ਕੋਸ਼ਿਸ਼ ਕਰੇਂ। ਵਾਲਾ ਉਪਰੇਟਰ ਦਾ ਸੰਦੇਸ਼ ਕਿਉਂ ਸੁਣਨ ਨੂੰ ਮਿਲਦਾ ਹੁੰਦਾ ਹੈ।
“ਘਰ ਨੂੰ ਫੋਨ ਕਰਨਾ ਹੈ? ਇੱਥੋਂ ਨਹੀਂ ਹੋਣਾ। ਭੂੰਦੜੀਓ ਕਰਕੇ ਆਉਣਾ ਪਊ। ਪਿੰਡਾਂ ਦੀਆਂ ਤਾਂ ਲਾਈਨਾਂ ਹੀ ਖ਼ਰਾਬ ਰਹਿੰਦੀਆਂ ਨੇ। ਮੈਂ ਤਾਂ ਹਾਰ ਕੇ ਐਸ ਟੀ ਡੀ ਕਟਾ ਦਿੱਤੀ। ਐਵੇਂ ਅੱਬਰ ਦੇ ਪੈਸੇ ਭਰੀ ਜਾਣ ਦਾ ਕੀ ਫ਼ਾਇਦਾ?” ਨਾਨੀ ਦੀ ਨਿਗਾਹ ਮੇਰੇ ਵੱਲ ਹੀ ਸੀ।
“ਮੈਂ ਤਾਂ ਊਈਂ ਦੇਖਦਾ ਸੀ। ਘਰੇ ਤਾਂ ਮਾਨੀ ਉਤਰ ਕੇ ਪੀ ਸੀ ਓ ਤੋਂ ਫੋਨ ਕਰ ਕੇ ਠੀਕ ਠਾਕ ਪਹੁੰਚਣ ਦੀ ਤਲਾਹ ਦਿੱਤਾ ਸੀ।”
ਫੋਨ ਰੱਖ ਕੇ ਮੈਂ ਅੰਦਰੋਂ ਆਪਣਾ ਬੈਗ ਚੁੱਕ ਕੇ ਬਾਹਰ ਲੈ ਆਇਆ ਸੀ। ਬੈਗ ਦੀ ਜਿੱਪ ਖੋਲ੍ਹ ਕੇ ਮੈਂ ਕੋਟੀ ਅਤੇ ਸ਼ਾਲ ਕੱਢ ਕੇ ਨਾਨੀ ਨੂੰ ਫੜਾਉਂਦਿਆਂ ਕਿਹਾ ਸੀ, “ਬੇਬੇ ਆਹ ਲੈ, ਮੈਂ ਇਹ ਤੇਰੇ ਲਈ ਲਿਆਇਆਂ। ਘੁੰਮਣ ਗਿਆ ਸੀ ਆਗਰੇ ਕੰਨੀ।”
ਨਾਨੀ ਦੋਨੇ ਚੀਜ਼ਾਂ ਫੜ੍ਹਦੀ ਹੋਈ ਬੋਲੀ ਸੀ, “ਤੁਸੀਂ ਆ ਕੇ ਗੇੜਾ ਮਾਰ ਜਾਇਆ ਕਰੋ। ਮੈਂ ਸੁਗਾਤਾਂ ਕੀ ਕਰਨੀਆਂ ਨੇ?”
ਖ਼ਾਲੀ ਗਿਲਾਸ ਚੁੱਕਣ ਆਈ ਜੀਤੀ ਵੀ ਖੜ੍ਹੀ ਹੋ ਕੇ ਵਸਤਾਂ ਦੇਖਣ ਲੱਗ ਗਈ ਸੀ।
“ਭਰਤਪੁਰ, ਫਤਿਹਪੁਰ, ਸੀਕਰੀ, ਸਿਕੰਦਰਾ  ਐਤਕੀ ਸਭ ਗਾਹ ਆਇਆਂ। ਮਥੁਰਾ ਦਾ ਕੋਈ ਮੰਦਰ ਨਹੀਂ ਬਚਿਆ ਹੋਣਾ ਜਿੱਥੇ ਮੱਥੇ ਨਾ ਟੇਕਿਆ ਹੋਵੇ।ਆਗਰਿਉਂ ਪੈਠਾ ਵੀ ਲਿਆਂਦਾ ਹੈ।” ਏਨਾ ਕਹਿ ਕੇ ਮੈਂ ਬੈਗ ਵਿੱਚੋਂ ਪੇਠੇ ਵਾਲੇ ਪੋਲੀਥੀਨ ਦੇ ਸੀਲਬੰਦ ਪੈਕਟ ਕੱਢ ਕੇ ਮੰਜੇ ਉੱਤੇ ਰੱਖ ਦਿੱਤੇ ਸਨ।
“ਵੇ ਐਨੇ? ਸਾਰੀ ਹੱਟੀ ਹੀ ਖਰੀਦ ਲਿਆਇਆ ਕਿ?”
“ਨਾਂਹ, ਥੋੜ੍ਹਾ ਥੋੜ੍ਹਾ ਹੀ ਲਿਆਂਦੈ, ਬੇਬੇ। ਅੱਡੋ-ਅੱਡ ਕਿਸਮਾਂ ਦਾ ਐ। – ਆਹ ਚੁੱਕ ਸਾਦਾ ਪੇਠਾ, ਸੰਦਲੀ ਪੇਠਾ, ਅੰਗੂਰੀ ਪੇਠਾ, ਆਹ ਗੁਲਾਬੀ ਪੇਠਾ ਤੇ ਕੇਸਰ ਪੇਠਾ।” ਮੈਂ ਵਾਰੋ-ਵਾਰੀ ਸਾਰੇ ਲਿਫ਼ਾਫ਼ਿਆਂ ਨੂੰ ਚੁੱਕ ਕੇ ਨਾਨੀ ਨੂੰ ਭਾਂਤ-ਸੁਭਾਂਤੇ ਪੇਠਿਆਂ ਤੋਂ ਜਾਣੂ ਕਰਵਾਇਆ ਸੀ।
“ਕਾਨੂੰ ਭਾਰ ਢੋਣਾ ਸੀ। ਮੈਨੂੰ ਤਾਂ ਸ਼ੂਗਰ(ਸ਼ੱਕਰਰੋਗ) ਆ। ਮੈਥੋਂ ਕਿੱਥੇ ਖਾਹ ਹੋਣੈ। ਤੁਸੀਂ ਹੀ ਖਾ ਲੈਂਦੇ।”
“ਅਸੀਂ ਤਾਂ ਹਫ਼ਤੇ ਦੇ ਖਾਂਦੇ ਹਾਂ। ਬਥੇਰਾ ਖਾਧਾ ਹੈ। ਹੁਣ ਤਾਂ ਨਕਸਨ ਮੁੜੀ ਪਈ ਹੈ – ਕੋਈ ਨਹੀਂ, ਹੌਲੀ ਹੌਲੀ ਰੋਟੀ ਦੀ ਥਾਂ ਸਵੇਰੇ ਸ਼ਾਮ ਦੋਹੇਂ ਡੰਗ ਪੇਠਾ ਹੀ ਖਾਈ ਚੱਲੀਂ।” ਮੈਂ ਨਾਨੀ ਨੂੰ ਆਪਣਾ ਸੁਝਾਅ ਦਿੱਤਾ ਸੀ।
“ਪਤੈ ਬੇਬੇ ਫਤਿਹਪੁਰ ਕਿਲ੍ਹੇ ਵਿੱਚ ਸਲੀਮ ਚਿਸਤੀ ਦੀ ਦਰਗਾਹ ਹੈ। ਬੜੀ ਹੀ ਕਰਨੀ ਵਾਲੇ ਪੀਰ ਹੋਏ ਨੇ। ਬੜੀ ਦੂਰੋਂ ਦੂਰੋਂ ਲੋਕ ਉੱਥੇ ਮੰਨਤਾਂ ਮੰਗਣ ਆਉਂਦੇ ਨੇ। ਕਹਿੰਦੇ ਨੇ ਉੱਥੇ ਮਜ਼ਾਰ ’ਤੇ ਧਾਗਾ ਬੰਨ੍ਹ ਕੇ ਜੋ ਮਰਜ਼ੀ ਸੁੱਖ ਲਉ। ਉਹੀ ਮਨ ਦੀ ਮੁਰਾਦ ਪੂਰੀ ਹੋ ਜਾਂਦੀ ਏ। ਹਿੰਦੁਸਤਾਨ ਦੇ ਬਾਦਸ਼ਾਹ ਅਕਬਰ ਦੇ ਕਹਿੰਦੇ ਔਲਾਦ ਨ੍ਹੀਂ ਸੀ ਹੁੰਦੀ। ਉਹ ਨੰਗੇ ਪੈਂਰੀ ਦਿੱਲੀਉਂ ਪੈਦਲ ਚੱਲ ਕੇ ਆਇਆ ਸੀ ਉੱਥੇ। ਫੇਰ ਕਿਤੇ ਜਾ ਕੇ ਉਹਦੇ ਮੁੰਡਾ ਹੋਇਆ ਸੀ। ਅਕਬਰ ਨੇ ਉਹਦਾ ਨਾਮ ਸਲੀਮ ਹੀ ਰੱਖ ਦਿੱਤਾ ਸੀ। ਜੋ ਵੱਡਾ ਹੋ ਕੇ ਜਹਾਂਗੀਰ ਬਣਿਆ ਸੀ।ਮੈਂ ਵੀ ਮਜਾਰ ’ਤੇ ਚਾਦਰ ਚੜ੍ਹਾ ਆਇਆਂ।”
“ਫਿਕਰ ਨਾ ਕਰ। ਰੱਬ ਤੈਨੂੰ ਸਭ ਕੁੱਝ ਦੇਊ। ਭਰੋਸਾ ਰੱਖੀਦਾ ਹੈ। ਤੂੰ ਕਿਹੜਾ ਰੱਬ ਦੇ ਮਾਂਹ ਮਾਰੇ ਆ। ਸੋਹਣੀ ਵਹੁਟੀ ਵੀ ਮਿਲ ਜਾਊ ਤੇ ਮੁੰਡਾ ਵੀ ਹੋ ਜਾਊ, ਤਸੱਲੀ ਰੱਖ।”
ਨਾਨੀ ਦੇ ਛੇੜਣ ਨਾਲ ਇੱਕਦਮ ਮੇਰੇ ਨਿਗਾਹ ਜੀਤੀ ’ਤੇ ਚੱਲੀ ਗਈ ਸੀ, “ਸੱਚੀਂ ਜੀਤੀ ਮੇਰੀ ਹੋ ਜਾਊ। ਮੇਰੇ ਦਿਲ ਦੀ ਅਵਾਜ਼ ਸਾਹ ਬਣ ਕੇ ਬਾਹਰ ਨਿਕਲੀ ਸੀ।”
“ਨਾਸਤਿਕਾ ਬਾਣੀ ਪੜ੍ਹਿਆ ਕਰ। ਦਸਮੇ ਪਾਤਸ਼ਾਹ ਦਾ ਫ਼ਰਮਾ

This entry was posted in ਕਹਾਣੀਆਂ.

4 Responses to ਕੂਕਰ

  1. shalinder says:

    dil khush ho giya…….fer jiti da kush baniya k nhi

  2. shalinder sidhu kanakwallia says:

    lagatar pathk nu ban k rakhan wali kahani c…….rawangi parbhur”

  3. Gurvinder says:

    Isn’t this story incomplete, can you please post the rest of it as well. BTW very good.

  4. Shalinder & Gurvinder Ji Thanks

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>