ਕੈਪਟਨ ਨਹੀਂ ਚਾਹੁੰਦਾ ਕਿ ਰਾਜ ਵਿਚ ਕੋਈ ਵਡੀ ਇੰਡਸਟਰੀ ਆਵੇ- ਮਜੀਠੀਆ

ਤਰਨ ਤਾਰਨ- ਯੂਥ ਅਕਾਲੀ ਦਲ ਦੇ ਸਰਪ੍ਰਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਨੂੰ ਆੜੇ ਹੱਥੀਂ ਲੈਦਿਆਂ ਕਿਹਾ ਕਿ ਕਾਂਗਰਸ ਨੇ ਇਕ ਸੋਚੀ ਸਮਝੀ ਨੀਤੀ ਤਹਿਤ ਪੰਜਾਬ ਨੂੰ ਵਡੀ ਇੰਡਸਟਰੀ ਤੋਂ ਵਾਂਝਿਆ ਰਖਿਆ ਗਿਆ। ਉਹਨਾਂ ਦੋਸ਼ ਲਾਉਦਿਆਂ ਕਿਹਾ ਕਿ  ਪੰਜਾਬ ਕਾਂਗਰਸ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਹੀਂ ਚਾਹੁੰਦਾ ਕਿ ਰਾਜ ਵਿਚ ਕੋਈ ਵਡੀ ਇੰਡਸਟਰੀ ਆਵੇ। ਉਹਨਾਂ ਕੈਪਟਨ ਸਮੇਤ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਦਰਸ਼ਨੀ ਆਗੂ ਦਸਦਿਆਂ ਸਵਾਲ ਕੀਤਾ ਕਿ ਇਹ ਆਗੂ ਪਿਛਲੇ 4 ਸਾਲ ਤੋਂ ਕਿਥੇ ਸਨ।
ਸ: ਮਜੀਠੀਆ ਅਜ ਇਥੇ ਤਰਨ ਤਾਰਨ ਜਿਲਾ ਯੂਥ ਅਕਾਲੀ ਦਲ ਦੀ ਮੀਟਿੰਗ ਜੋ ਕਿ ਇਕ ਵਿਸ਼ਾਲ ਰੈਲੀ ਹੋ ਨਿਬੜੀ ਨੂੰ ਸੰਬੋਧਨ ਕਰ ਰਹੇ ਸਨ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਅਤੇ ਪ੍ਰਾਪਤੀਆਂ ਨੇ ਕਾਂਗਰਸ ਦੇ ਹੋਸ਼ ਉੜਾ ਦਿਤੇ ਹਨ । ਉਹਨਾਂ ਕਿਹਾ ਕਿ ਰਾਜ ਵਿਚ ਲਗ ਰਹੀਆਂ ਵਡੀਆਂ ਇੰਡਸਟਰੀਆਂ ਦਾ ਬੇ ਲੋੜਾ ਵਿਰੋਧ ਕਰਨ ਵਾਲੇ ਕੈਪਟਨ ਦੇ ਰਾਜ ਕਾਲ ਦੌਰਾਨ ਮੈਗਾ ਸਕੈਮ ਤੋਂ ਇਲਾਵਾ ਰਾਜ ਦੇ ਵਿਕਾਸ ਨੂੰ ਕਛੂ ਕੁੰਮੇ ਦੀ ਚਾਲ ਚਲਣੀ ਵੀ ਨਸੀਬ ਨਹੀਂ ਸੀ ਹੋਈ।
ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਦੇਸ਼ ’ਤੇ 50 ਸਾਲ ਰਾਜ ਕੀਤਾ ਹੈ, ਗਰੀਬੀ ਦੂਰ ਕਰਨ ਦਾ ਨਾਅਰਾ ਦੇਣ ਵਾਲੀ ਕਾਗਰਸ ਦੇ ਦੇਸ਼ ਨੂੰ ਹੋਰ ਗਰੀਬੀ , ਬੇ ਰੁਜਗਾਰੀ ਅਤੇ ਮਹਿੰਗਾਈ ਦੇਣ ਤੋਂ ਇਲਾਵਾ  2 ਜੀ ਸਪੈਕਟਰਮ ਘੋਟਾਲਾ, ਆਦਰਸ਼ ਸੋਸਾਇਟੀ ਤੇ ਕਾਮਨਵੈਲਥ ਖੇਡਾਂ ਦੇ ਘੁਟਾਲਿਆਂ ਦੇ ਰਿਕਾਰਡ ਤੋੜ ਭ੍ਰਿਸ਼ਟਾਚਾਰ ਨੇ ਸਪਸ਼ਟ ਕਰਦਿਤਾ ਹੈ ਕਿ ਸਰਕਾਰ ਨਕਾਰਾ ਤੇ ਬੇਬਸ ਹੈ ਇਸ ਲਈ ਹੁਣ ਕਾਂਗਰਸ ਨੂੰ ਸਤਾ ਵਿੱਚ ਬਣੇ ਰਹਿਣ ਦਾ ਕੋਈ ਹੱਕ ਨਹੀਂ।
ਉਹਨਾਂ ‘ਵਿਕੀਲੀਕਸ’ ਦੇ ਇਕ ਖੁਲਾਸੇ ਦਾ ਜਿਕਰ ਕਰਦਿਆਂ ਕਿਹਾ ਕਿ ਮਰਹੂਮ ਪ੍ਰਧਾਨ ਮੰਤਰੀ ਸ੍ਰੀ ਮਤੀ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੂੰ ਦੇਸ਼ ਵਿਚ ਫਿਰਕੂ ਢਾਂਗੇ ਤੇ ਸਿੱਖ ਕਤਲੇਆਮ ਕਰਾਉਣ ਲਈ ਜਿਮੇਵਾਰ ਸਨ ਤੇ ਹੁਣ ਕਾਂਗਰਸ ਦੇ ਜ: ਸ: ਰਾਹੁਲ ਗਾਂਧੀ ਵੀ ਆਪਣੇ ਪੂਰਵਲਿਆਂ ਦੇ ਪਦ ਚਿੰਨਾਂ ’ਤੇ ਚਲਦਿਆਂ ਦੇਸ਼ ਵਿਚ ਫਿਰਕੂ ਤਣਾਊ ਪੈਦਾ ਕਰਨ ’ਚ ਲਗ ਗਿਆ ਹੈ।  ਉਹਨਾਂ ਰਾਹੁਲ ਗਾਂਧੀ ਨੂੰ ਇਕ ਫਲਾਪ ਆਗੂ ਗਰਦਾਨਦਿਆਂ ਕਿਹਾ ਕਿ ਬਿਹਾਰ ਵਿਚ ਕਾਂਗਰਸ ਸਰਕਾਰ ਬਣਾਉਣ ਦੀ ਰਾਹੁਲ ਦੇ ਮਿਸ਼ਨ 2012 ਨੂੰ ਲੋਕਾਂ ਨੇ ਬੁਰੀ ਤਰਾਂ ਨਕਾਰ ਦਿਆਂ ਉਸ ਦੇ ਖੋਖਲੇ ਦਾਅਵਿਆਂ ਦੀ ਸ਼ਰਮਨਾਕ ਹਦ ਤੱਕ ਫੂਕ ਕੱਢ ਦਿਤੀ ਹੈ। ਉਹਨਾਂ ਕਿਹਾ ਕਿ ਕਾਂਗਰਸ ਦੇਸ਼ ਵਿਆਪੀ ਸਿਆਸੀ ਚੌਰਾਹੇ ’ਤੇ ਖੜੀ ਹੈ। ਉਹਨਾਂ ਦਸਿਆ ਕਿ ਕਿਸੇ ਸਮੇਂ ਪੂਰੇ ਦੇਸ਼ ਦੀ ਰਾਜਨੀਤੀ ਵਿਚ ਛਾਈ ਰਹੀ ਕਾਂਗਰਸ ਦਾ ਅੱਜ ਕਈ ਰਾਜਾਂ ਵਿਚ ਮੁਕੰਮਲ ਭੋਗ ਪੈ ਚੁਕਿਆ ਹੈ। ਉਹਨਾਂ ਕਿਹਾ ਕਿ ਪੰਜਾਬ, ਉਤਰਾਖੰਡ, ਗੁਜਰਾਤ , ਹਿਮਾਚਲ, ਯੂ ਪੀ  ਵਿਚ ਤਾਂ ਹਾਰਾਂ ਹੋਈਆਂ ਹੀ ਪਰ ਹੁਣ ਬਿਹਾਰ ਦੀਆਂ ਚੋਣਾਂ ਵਿਚ 243 ਸੀਟਾਂ ਵਿਚੋਂ ਮਹਿਜ 4 ਸੀਟਾਂ ਨਾਲ ਮੂਹ ਭਾਰ ਡਿਗ ਚੁੱਕੀ ਹੈ। ਉਹਨਾਂ ਕਿਹਾ ਕਿ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦਾ ਪੰਜਾਬ ਵਿਚੋਂ ਵੀ ਮੁਕੰਮਲ ਸਫਾਇਆ ਕਰ ਦਿਤਾ ਜਾਵੇਗਾ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਆਗੂ ਨੂੰ ਕੇਂਦਰ ਦੀ ਕਠਪੁਤਲੀਆਂ ਬਣਨ ਦੀ ਥਾਂ ਸੰਸਦ ਵਿੱਚ ਪੰਜਾਬ ਦੇ ਹਿੱਤਾਂ ਲਈ ਆਵਾਜ਼ ਉਠਾਉਣ, ’84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ, ਪੰਜਾਬ ਦੀ ਕਿਸਾਨੀ ਤੇ ਸਨਅਤ ਨੂੰ ਬਚਾਉਣ ਦੀ ਗਲ ਕਰਨ ਲਈ ਕਿਹਾ ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ਼ ਸਿੰਘ ਬਾਦਲ ਦੇ ਯਤਨਾਂ ਸਦਕਾ ਦੇਸ਼ ਦੇ ਵੱਡੇ ਵੱਡੇ ਉਦਯੋਗਿਕ ਘਰਾਣੇ ਹੁਣ ਪੰਜਾਬ ਵਿੱਚ ਪ੍ਰੋਜੈਕਟ ਲਗਾਉਣ ਨੂੰ ਤਰਜ਼ੀਹ ਦੇ ਰਹੇ ਹਨ। ਉਹਨਾਂ ਦੱਸਿਆ ਕਿ ਵੱਖ ਵੱਖ ਵਿਭਾਗਾਂ ਵਿੱਚ 50 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਤੇ ਲਗਾਇਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਨੌਜਵਾਨ ਭਰਤੀ ਕੀਤੇ ਜਾਣਗੇ।
ਨੌਜਵਾਨਾਂ ਦੀ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਦੇਸ਼ ਵਿੱਚ ਹਰਾ-ਇਨਕਲਾਬ ਲਿਆਉਣ ਵਾਲੇ ਕਿਸਾਨੀ ਦੀਆਂ ਸਮੱਸਿਆਵਾਂ ਹੱਲ ਕੀਤੇ ਬਿਨਾਂ ਦੇਸ਼ ਦੀ ਤਰੱਕੀ ਸੰਭਵ ਨਹੀਂ ਹੈ।

ਉਹਨਾਂ ਕਿਹਾ ਕਿ ਸਰਕਾਰਾਂ ਦਾ ਕੰਮ ਲੋਕਾਂ ਨੂੰ ਸਹੁਲਤਾਂ ਦੇਣਾ ਹੈ ਨਾ ਕਿ ਮੁਨਾਫਾ ਕਮਾਉਣਾ ਹੈ।
ਮੌਕੇ  ਸ: ਮਜੀਠੀਆ ਨੇ ਯੂਥ ਅਕਾਲੀ ਦਲ ਨੂੰ ਸਿਆਸੀ ਖੇਤਰ ਵਿੱਚ ਇਤਿਹਾਸਕ ਬੁ¦ਦੀਆਂ ’ਤੇ ਪਹੁੰਚਾਉਣ ਲਈ ਪਾਰਟੀ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਸਰਕਾਰ ਵਿੱਚ ਜਿਨ ਵੱਡੀ ਪੱਧਰ ’ਤੇ ਸ: ਸੁਖਬੀਰ ਸਿੰਘ ਬਾਦਲ ਨੇ ਨੌਜਵਾਨਾਂ ਨੂੰ ਨੁਮਾਇੰਦਗੀ ਦਿੱਤੀ ਉਹ  ਇਤਿਹਾਸ ’ਚ ਪਹਿਲਾਂ ਕਦੀ ਨਹੀਂ ਵੇਖੀ ਗਈ। ਉਹਨਾਂ ਕਿਹਾ ਕਿ ਯੂਥ ਨੇ ਵਿਧਾਨ ਸਭਾ, ਲੋਕ ਸਭਾ , ਜ਼ਿਲ੍ਹਾ ਪ੍ਰੀਸ਼ਦ ਚੋਣਾਂ ਅਤੇ ਮਿਊਨੀਸਪਲ ਕਾਰਪੋਰੇਸ਼ਨ ਅਤੇ ਕਮੇਟੀ ਚੋਣਾਂ ਦੌਰਾਨ ਪਾਰਟੀ ਦੀ ਜਿੱਤ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਹਨਾਂ ਦੱਸਿਆ ਕਿ ਯੂਥ ਅਕਾਲੀ ਦਲ ਆਉਣ ਵਾਲੇ ਸਮੇਂ ਵਿੱਚ ਵੀ ਅਹਿਮ ਰੋਲ ਅਦਾ ਕਰੇਗਾ।
ਉਹਨਾਂ ਯੂਥ ਅਕਾਲੀ ਦਲ ਦੇ ਸਮਾਜਿਕ ਏਜੰਡੇ ਦੀ ਗਲ ਕਰਦਿਆਂ ਕਿਹਾ ਕਿ ਯੂਥ ਦਲ ਹੁਣ ਸਿਆਸਤ ਦੇ ਨਾਲ ਨਾਲ ਸਮਾਜਿਕ ਖੇਤਰ ਵਿੱਚ ਵੀ ਅੱਗੇ ਹੋਕੇ ਕੰਮ ਕਰਦਿਆਂ ਸਮਾਜਿਕ ਬੁਰਾਈਆਂ ਵਿਰੁੱਧ ਇੱਕ ਨਵਾਂ ਜਹਾਦ ਛੇੜੇਗਾ । ਉਹਨਾਂ ਕਿਹਾ ਕਿ ਯੂਥ ਦਾ ਹਰ ਵਰਕਰ ਇੱਕ ਰੁੱਖ ਜ਼ਰੂਰ ਲਾਏਗਾ, 5 ਲੋੜਵੰਦ ਬਚਿਆਂ ਨੂੰ ਸਿੱਖਿਆ ਪ੍ਰਦਾਨ ਕਰੇਗਾ, ਦਾਜ, ਭਰੂਣ ਹੱਤਿਆ ਅਤੇ ਨਸ਼ਿਆਂ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਦਿਆਂ ਨੌਜਵਾਨ ਵਰਗ ਨੂੰ ਖੇਡਾਂ , ਖ਼ੂਨਦਾਨ ਤੇ ਮੈਡੀਕਲ ਕੈਪ ਲਾਉਣ ਵਲ ਵਿਸ਼ੇਸ਼ ਤਵੱਜੋ ਦੇਵੇਗਾ। ਇਸ ਮੌਕੇ ਯੂਥ ਅਕਾਲੀ ਦਲ ਦੇ ਨੌਜਵਾਨ ਵਰਕਰਾਂ ਨੂੰ ਸੱਦਾ ਦਿੱਤਾ ਕਿ  ਉਹ ਪਿੰਡ ਪਿੰਡ ਅਤੇ ਵਾਰਡ ਪੱਧਰ ਤੇ ਆਪਣੀਆਂ ਇਕਾਈਆਂ ਕਾਇਮ ਕਰਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨ।  ਅਜ ਮਜੀਠੀਆ ਦੀ ਸਵਾਗਤ ਲਈ ਸੜਕਾਂ ’ਤੇ ਤਿੰਨ ਕਿਲੋ ਮੀਟਰ ਤੱਕ ਗਡੀਆਂ ਦਾ ਕਾਫਲਾ ਢੋਲ ਧਮਕੇ ਨਾਲ ਸਾਮਿਲ ਸੀ। ਇਸ ਮੌਕੇ ਮੰਤਰੀ ਸ: ਰਣਜੀਤ ਸਿੰਘ ਬ੍ਰਹਮਪੁਰਾ, ਹਰਮੀਤ ਸਿੰਘ ਸੰਧੂ, ਵਿਰਸਾ ਸਿੰਘ ਵਲਟੋਹਾ, ਮਨਜੀਤ ਸਿੰਘ ਮੰਨਾ ( ਸਾਰੇ ਐਮ ਐਲ ਏ)ਅਲਵਿੰਦਰਪਾਲ ਸਿੰਘ ਪਖੋਕੇ,ਇਕਬਾਲ ਸਿੰਘ ਸੰਧੂ, ਬਿਲੂ ਭੁਲਰ, ਰਾਜਬੀਰ ਸਿੰਘ ਭੁਲਰ, ਰਵਿੰਦਰ ਸਿੰਘ ਬ੍ਰਹਮ ਪੁਰਾ, ਰਵੀਕਰਨ ਸਿੰਘ ਕਾਹਲੋਂ, ਹੈਪੀ ਸੰਧੂ, ਸਰਵਨ ਸਿੰਘ ਧੁੰਨ, ਭੁਪਿੰਦਰ ਸਿੰਘ ਖੇੜੀ, ਦਲਬੀਰ ਸਿੰਘ ਜਹਾਂਗੀਰ, ਹਰਮੀਤ ਸਿੰਘ ਢਿਲੋਂ ਆਦਿ ਨੇ ਵੀ ਸੰਬੋਧਨ ਕੀਤਾ।
ਜਿੱਥੇ ਇਸ ਰੈਲੀ ਵਿੱਚ ਜ਼ਿਲ੍ਹੇ ਭਰ ਦੇ ਹਜ਼ਾਰਾਂ ਯੂਥ ਅਕਾਲੀ ਦਲ ਦੇ ਵਰਕਰ ਪੂਰੇ ਉਤਸ਼ਾਹ ਨਾਲ ਪੁੱਜੇ ਹੋਏ ਸਨ। ਉੱਥੇ ਸ: ਮਜੀਠੀਆ ਦਾ ਦਰਜਨਾਂ ਥਾਵਾਂ ’ਤੇ ਨੌਜਵਾਨ ਜਥਿਆਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>