ਕਾਫ਼ਲੇ ਵੱਲੋਂ ਅੰਗ੍ਰੇਜ਼ੀ ਲੇਖਿਕਾ ਸਲੀਮਾਹ ਵਲਿਆਨੀ ਨਾਲ਼ ਗੱਲਬਾਤ

ਬਰੈਂਪਟਨ:- (ਕੁਲਵਿੰਦਰ ਖਹਿਰਾ/ਉਂਕਾਰਪ੍ਰੀਤ) ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ਪਿਛਲੇ ਦਿਨੀਂ ਬਰੈਂਮਲੀ ਸਿਵਿਕ ਸੈਂਟਰ ਵਿੱਚ ਹੋਈ ਮੀਟਿੰਗ ਵਿੱਚ ਜਿੱਥੇ ਅੰਗ੍ਰੇਜ਼ੀ ਦੀ ਲੇਖਿਕਾ ਸਲੀਮਾਹ ਵਲਿਆਨੀ ਨਾਲ਼ ਗੱਲਬਾਤ ਹੋਈ ਓਥੇ ਰਘਬੀਰ ਢੰਡ ਦੀ ਕਹਾਣੀ ਕਲਾ ਅਤੇ ਕਹਾਣੀ ‘ਸ਼ਾਨ-ਏ-ਪੰਜਾਬ’ ‘ਤੇ ਭਰਪੂਰ ਗੱਲਬਾਤ ਕੀਤੀ ਹੋਈ, ਅਤੇ ਹਾਜ਼ਰ ਕਵੀਆਂ ਵੱਲੋਂ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।
ਮੀਟਿੰਗ ਦੇ ਸ਼ੁਰੂ ਵਿੱਚ ਉਂਕਾਰਪ੍ਰੀਤ ਨੇ ਰਘਬੀਰ ਢੰਡ ਬਾਰੇ ਤਿਆਰ ਕੀਤਾ ਗਿਆ ਪੈਂਫਲਿਟ ਰਿਲੀਜ਼ ਕਰਦਿਆਂ ਢੰਡ ਹੁਰਾਂ ਦੀ ਕਹਾਣੀ ਕਲਾ ਅਤੇ ਪ੍ਰਗਤੀਸ਼ੀਲ ਸੋਚ ਪ੍ਰਤੀ ਉਹਨਾਂ ਦੀ ਪ੍ਰਤੀਬੱਧਤਾ ਦਾ ਭਰਪੂਰ ਜਿਕਰ ਕੀਤਾ। 1990 ‘ਚ ਸਦੀਵੀ ਵਿਛੋੜਾ ਦੇ ਗਏ ਡਾ. ਢੰਡ ਨੇ ਇੰਗਲੈਂਡ ‘ਚ ਰਹਿੰਦਿਆਂ ਜਿੱਥੇ ‘ਸ਼ਾ-ਏ-ਪੰਜਾਬ’ ਅਤੇ ‘ਕੁਰਸੀ’ ਵਰਗੀਆਂ ਸ਼ਾਹਕਾਰ ਲੋਕ-ਪੱਖੀ ਰਚਨਾਵਾਂ ਕੀਤੀਆਂ ਓਥੇ ਨਸਲਵਾਦ, ਮਜ਼ਦੂਰ ਘੋਲ ਅਤੇ ਇੰਡੀਅਨ ਵਰਕਰ ਐਸੋਸੀਏਸ਼ਨ ਵਰਗੀਆਂ ਲੋਕ-ਪੱਖੀ ਜਥੇਬੰਦੀਆਂ ‘ਚ ਮੂਹਰਲੀਆਂ ਸਫਾਂ ‘ਚ ਰਹਿ ਕੇ ਕੰਮ ਵੀ ਕੀਤਾ। ਪ੍ਰਗਤੀਸੀਲ ਸਾਹਿਤ ਸਭਾ ਗ੍ਰੇਟ-ਬ੍ਰਿਟੇਨ ਦੇ ਵੀ ਆਪ ਮੋਢੀਆਂ ਚੋਂ ਸਨ।
ਕੁਲਜੀਤ ਮਾਨ ਨੇ ਢੰਡ ਦੀ ਕਹਾਣੀ ‘ਸ਼ਾਨੇ-ਪੰਜਾਬ’ ਬਾਰੇ ਬੋਲਦਿਆਂ ਕਿਹਾ ਕਿ ਭਾਵੇਂ ਲੋਕਾਂ ਵੱਲੋਂ ਆਦਰਸ਼ਵਾਦ ਦੀ ਕੀਤੀ ਜਾ ਰਹੀ ਵਿਰੋਧਤਾ ਨੇ ਇਸ ਸ਼ਬਦ ਨੂੰ ਨਾਂਹਪੱਖੀ ਰੰਗਤ ਦੇ ਦਿੱਤੀ ਹੈ ਪਰ ਰਘਬੀਰ ਢੰਡ ਦੀ ਕਹਾਣੀ ਸ਼ਾਨ-ਏ-ਪੰਜਾਬ ਇਹ ਸਾਬਤ ਕਰਦੀ ਹੈ ਕਿ ਸਾਹਿਤ ਦਾ ਆਦਰਸ਼ਵਾਦੀ ਹੋਣਾ ਕਿਸੇ ਵੀ ਤਰ੍ਹਾਂ ਅ-ਕਲਤਾਮਿਕ ਹੋਣਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਆਦਰਸ਼-ਯਥਾਰਥਵਾਦ ਦੀ ਇਹ ਕਹਾਣੀ ਆਸ਼ਾਵਦੀ ਕਹਾਣੀ ਹੈ ਜਿਸ ਦਾ ਨਾਇਕ ਇਸ ਆਸ ਦਾ ਧਾਰਨੀ ਹੈ ਕਿ ਭਾਵੇਂ ਆਦਮੀ ਨੂੰ ਹਰ ਦਰਵਾਜ਼ਾ ਬੰਦ ਵਿਖਾਈ ਦੇ ਰਿਹਾ ਹੈ ਪਰ ਫਿਰ ਵੀ ਕੋਈ ਨਾ ਕੋਈ ਦਰਵਾਜ਼ਾ ਜ਼ਰੂਰ ਖੁੱਲ੍ਹੇਗਾ ਜਿਸ ਵਿੱਚੋਂ ਉਸ ਨੂੰ ਰੌਸ਼ਨੀ ਵਿਖਾਈ ਦੇਵੇਗੀ ਅਤੇ ਮੁਕਤੀ ਦਾ ਰਾਹ ਦਿੱਸੇਗਾ। ਉਨ੍ਹਾਂ ਇਸ ਗੱਲ ਦਾ ਜਿ਼ਕਰ ਵੀ ਕੀਤਾ ਕਿ ਕਹਾਣੀ ਦਾ ਨਾਇਕ ਅੱਤ ਗਰੀਬੀ ਦੀ ਹਾਲਤ ਵਿੱਚ ਰਹਿੰਦਾ ਹੋਇਆ ਵੀ ਅੱਗੇ ਵਧਣ ਦੀ ਸੋਚ ਰਿਹਾ ਹੈ ਪਰ ਉਹ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰਨਾ ਚਾਹੁੰਦਾ।
ਕੁਲਵਿੰਦਰ ਖਹਿਰਾ ਨੇ ਕਿਹਾ ਕਿ ਇਸ ਨਿੱਕੀ ਜਿਹੀ ਕਹਾਣੀ ਵਿੱਚ ਢੰਡ ਨਕਸਲੀ ਲਹਿਰ ਦੀ ਗੱਲ ਵੀ ਕਰਦਾ ਹੈ, ਇਸ ਨਾਲ਼ ਜੁੜੇ ਭਾਵਕ ਅਤੇ ਤਰਕਭਰਪੂਰ ਅੰਸ਼ ਦੀ ਵੀ, ਸਰਕਾਰੀ ਗਿਰਾਵਟ ਦੀ ਵੀ, ਸਿੱਖ ਅਤੇ ਸਿੱਖੀ ਦੇ ਪਾੜੇ ਦੀ ਵੀ, ਅਤੇ ਹਨੇਰੇ ਅੰਦਰ ਜਗਦੀਆਂ ਉਨ੍ਹਾਂ ਰੌਸ਼ਨੀਆਂ ਦੀ ਵੀ ਜਿਨ੍ਹਾਂ ਨੂੰ ਆਸ ਹੈ ਕਿ ਹਨੇਰਾ ਇੱਕ ਦਿਨ ਜ਼ਰੂਰ ਮਿਟੇਗਾ। ਉਨ੍ਹਾਂ ਸਵਾਲ ਕੀਤਾ ਕਿ ਇਸ ਕਹਾਣੀ ‘ਤੇ ਆਦਰਸ਼ਵਾਦੀ ਹੋਣ ਦਾ ਇਲਜ਼ਾਮ ਲੱਗਦਾ ਹੈ ਪਰ ਕੀ ਇਨਕਲਾਬੀ ਤਾਕਤਾਂ ਦੇ ਕਮਜ਼ੋਰ ਪੈ ਜਾਣ ਨਾਲ਼ ਉੱਜਲ਼ੇ ਭਵਿੱਖ ਦਾ ਸੁਪਨਾ ਵਕਤ-ਵਿਹੂਣਾ ਹੋ ਗਿਆ ਹੈ ਜਾਂ ਕੀ ਉਸ ਸਮੇਂ ਦੇ ਨਿਰਛਲ ਸੰਘਰਸ਼ ਦੀ ਗੱਲ ਕਰਨੀ ਅਰਥਹੀਨ ਹੋ ਗਈ ਹੈ? ਜਾਂ ਕੀ ਇਹ ਵੀ ਤਾਂ ਆਪਣੇ ਆਪ ਵਿੱਚ ਕੋਈ ਆਦਰਸ਼ ਹੀ ਤਾਂ ਨਹੀਂ ਕਿ ਜਿਸ ਵਿਚਾਰਧਾਰਾ ਦੇ ਮੁੜ ਤਾਕਤ ਫੜ ਜਾਣ ਤੋਂ ਹਰ ਸਰਮਾਏਦਾਰ ਨਿਜ਼ਾਮ ਨੂੰ ਖ਼ਤਰਾ ਮਹਿਸੂਸ ਹੁੰਦਾ ਹੋਵੇ ਉਸ ਦੀ ਗੱਲ ਕਰਨੀ ਹੀ ਬੰਦ ਕਰ ਦਿੱਤੀ ਜਾਵੇ?
ਉੱਘੇ ਚਿੰਤਕ, ਬਲਰਾਜ ਚੀਮਾ ਨੇ ਕਿਹਾ ਕਿ ਯਥਾਰਯਵਾਦ ਜਦੋਂ ਸਿਖਰ ‘ਤੇ ਪਹੁੰਚ ਜਾਂਦਾ ਹੈ ਤਾਂ ਉਹ ਕੁਦਰਤਵਾਦ (ਨੈਚਰਲਇਜ਼ਮ) ਕਹਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਕਹਾਣੀ ਪੜ੍ਹਦਿਆਂ ਮਹਿਸੂਸ ਹੁੰਦਾ ਕਿ ਇਸ ਕਹਾਣੀ ਦਾ ਨਾਂ ‘ਧਰਤੀ ਹੇਠਲਾ ਬਲਦ’ ਵਧੇਰੇ ਢੁੱਕਦਾ ਹੈ ਕਿਉਂਕਿ ਇਸ ਕਹਾਣੀ ਦੇ ਨਾਇਕ ਜਸਵੰਤ ਵਰਗੇ ਲੋਕ ਹੀ ਹਨ ਜੋ ਇਸ ਧਰਤੀ ਦਾ ਭਾਰ ਚੁੱਕੀ ਫਿਰਦੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਢੰਡ ਨੇ ਜਸਵੰਤ ਦੀ ਧੀ ਰੋਮਾਨਾ ਦੀ ਪਾਤਰ-ਉਸਾਰੀ ਕਮਾਲ ਦੀ ਕੀਤੀ ਹੈ ਓਥੇ ਜਸਵੰਤ ਦੇ ਡਾਇਆਲੌਗ ਵੀ ਉਸ ਦੇ ਅੰਦਰੋਂ ਨਿਕਲ਼ੀ ਹੋਈ ਆਵਾਜ਼ ਮਹਿਸੂਸ ਹੁੰਦੇ ਹਨ ਪਰ ਉਸ ਦੀ ਪਤਨੀ ਸੀਮਾ ਦਾ ਕਿਰਦਾਰ ਪੂਰੀ ਤਰ੍ਹਾਂ ਨਹੀਂ ਉਭਾਰਿਆ ਗਿਆ।
ਡਾ. ਜਗਦੀਸ਼ ਚੋਪੜਾ ਨੇ ਢੰਡ ਦੇ ਅਹਿਸਾਸ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਸ ਨੇ ਹੌਸਲੇ ਵਾਲ਼ੀਆਂ ਗੱਲਾਂ ਕੀਤੀਆਂ ਹਨ ਜਿਵੇਂ ਕਿ ਨਕਸਲੀ ਪੁੱਤ ਵੱਲੋਂ ਆਪਣੇ ਨਸਲੀ ਵਿਚਾਰਾਂ ਵਾਲ਼ੇ ਧਾਰਮਿਕ ਬਾਪ ਨੂੰ ਗੁਰੁ ਗੋਬਿੰਦ ਸਿੰਘ ਦੇ ਜ਼ਾਤਪਾਤ ਖਤਮ ਕਰਨ ਦੇ ਫ਼ਲਸਫ਼ੇ ਬਾਰੇ ਯਾਦ ਦਿਵਾਉਣ ‘ਤੇ ਬਾਪ ਦਾ ਅੱਗੋਂ ਕਹਿਣਾ, “ਦੱਸ ਜੇ ਗੁਰੁ ਗੋਬਿੰਦ ਸਿੰਘ ਕਿਸੇ ਹੋਰ ਜ਼ਾਤ ਬਰਦਾਰੀ ‘ਚ ਆਪਣਾ ਕੋਈ ਵਿਆਹ ਕਰਵਾਇਆ?”
ਉੱਘੇ ਪੱਤਰਕਾਰ ਅਤੇ ਚਿੰਤਕ ਸੁਰਜਨ ਜ਼ੀਰਵੀ ਹੁਰਾਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਆਦਰਸ਼ਵਾਦ ਕਿਵੇਂ ਵੀ ਨਾਂਹ-ਪੱਖੀ ਜਾਂ ਪਿਛਾਂਹ-ਖਿੱਚੂ ਵਰਤਾਰਾ ਨਹੀਂ। ਊਹਨਾਂ ਇਸ ਗੱਲ ਨਾਲ ਅਸਹਿਮਤੀ ਪ੍ਰਗਟਾਈ ਕਿ ਯਥਾਰਥਵਾਦ ਅਤੇ ਆਦਰਸ਼ਵਾਦ ‘ਚ ਕੋਈ ਟਕਰਾਅ ਹੁੰਦਾ ਹੈ। ਉਹਨਾਂ ਕਿਹਾ ਕਿ ਲੋਕ-ਪੱਖੀ ਕਲਾ ਦੇ ਪੱਧਰ ਤੇ ਆਦਰਸ਼ਵਾਦ ਅਤੇ ਯਥਾਰਥਵਾਦ ਇੱਕ ਦੂਸਰੇ ਦੇ ਪੂਰਕ ਹਨ। ਉਹਨਾਂ ਕਿਹਾ ਕਿ ਕਲਾ ਜਦੋਂ ਲੋਕ-ਕਲਿਆਣ ਲਈ ਅਪਣਾ ਰੋਲ ਸਹੀ ਅਰਥਾਂ ‘ਚ ਨਿਭਾਉਂਦੀ ਹੈ ਤਾਂ ਉਸ ਦੇ ਧੁਰ ਅੰਦਰ ‘ਚ ਇੱਕ ਆਦਰਸ਼ ਨੂੰ ਸਾਕਾਰ ਕਰਨ ਦਾ ਸੁਪਨਾ ਕਾਰਜਸ਼ੀਲ ਰਹਿੰਦਾ ਹੈ।
ਡਾ. ਸਲੀਮਾਹ ਵਲਿਆਨੀ ਦੀ ਜਾਣ-ਪਛਾਣ ਕਰਵਾਉਂਦਿਆਂ ਉੱਘੀ ਸਾ਼ਇਰਾ, ਨੀਟਾ ਬਲਵਿੰਦਰ ਨੇ ਦੱਸਿਆ ਕਿ ਦੋ ਕਾਵਿ ਸੰਗ੍ਰਿਹਾਂ, ‘ਬਰੀਦਿੰਗ ਟੂ ਬਰੈਥ’, ਅਤੇ ‘ਲੈਟਰ-ਇਨ ਲੈਟਰ ਆਊਟ’ ਦੀ ਲੇਖਿਕਾ ਵਲਿਆਨੀ ਕਵਿੱਤਰੀ ਹੋਣ ਦੇ ਨਾਲ਼ ਨਾਲ਼ ਐਕਟਿਵਿਸਟ ਵੀ ਹੈ ਜੋ ਲੰਮੇਂ ਸਮੇਂ ਤੋਂ ਨਸਲੀ ਨਿਜ਼ਾਮ ਵਿਰੁੱਧ ਕੰਮ ਕਰ ਰਹੀਆਂ ਜਥੇਬੰਦੀਆਂ ਵਿੱਚ ਸਰਗਰਮ ਹੈ। ਉਹਨਾਂ ਨੇ ਸਲੀਮਾਹ ਦੀਆਂ ਕਵਿਤਾਵਾਂ ਚੋਂ ਕੁਝ ਚੋਣਵੀਆਂ ਟੁਕੜੀਆਂ ਸਾਂਝੀਆਂ ਕਰਦਿਆਂ ਉਹਨਾਂ ਨੂੰ ਮੰਚ ਤੇ ਆਉਣ ਦੀ ਕਾਵਿਕ ਦਾਅਵਤ ਦਿੱਤੀ।
ਡਾ. ਵਲਿਆਨੀ ਨੇ ਆਪਣੀਆਂ ਗਤੀਵਿਧੀਆਂ ਬਾਰੇ ਬੋਲਦਿਆਂ ਕਿਹਾ ਕਿ ਜਦੋਂ ਉਹ ਦੱਖਣੀ ਅਫਰੀਕਾ ਦੇ ਨਸਲਵਾਦ ਦੇ ਖਾਤਮੇਂ ਦੀ ਦਸਵੀਂ ਵਰ੍ਹੇਗੰਢ ਸਮੇਂ ਓਥੇ ਗਈ ਤਾਂ ਇਹ ਵੇਖ ਕੇ ਦੁਖੀ ਹੋਈ ਕਿ ਨਸਲਵਾਦ ਖਤਮ ਹੋਣ ਤੋਂ 10 ਸਾਲ ਬਾਅਦ ਵੀ ਓਥੋਂ ਦਾ ਮਾਹੌਲ ਸੁਧਰਨ ਦੀ ਬਜਾਏ ਵਿਗੜਿਆ ਹੀ ਹੈ ਕਿਉਂਕਿ ਅਖੌਤੀ ਜਮਹੂਰੀਅਤ ਆਉਣ ਤੋਂ ਬਾਅਦ ਨਾ-ਬਰਾਬਰੀ ਹੋਰ ਵੀ ਵਧ ਗਈ ਹੈ। ਪਰ ਇਸ ਦੇ ਨਾਲ਼ ਹੀ ਉਨ੍ਹਾਂ ਨੇ ਕੈਨੇਡਾ ਵਰਗੇ ਦੇਸ਼ ਵਿਚਲੀ ਨਾ-ਬਰਾਬਰੀ ਦੀ ਗੱਲ ਵੀ ਕੀਤੀ ਜਿੱਥੇ ਅਜੇ ਵੀ ਰੰਗਦਾਰ ਲੋਕ ਵੱਧ ਲਿਆਕਤ ਹੋਣ ਦੇ ਬਾਵਜੂਦ ਗੋਰੇ ਰੰਗ ਦੇ ਲੋਕਾਂ ਨਾਲ਼ੋਂ ਘੱਟ ਪੈਸੇ ਕਮਾ ਰਹੇ ਹਨ। ਗੱਲਬਾਤ ਦੇ ਨਾਲ ਨਾਲ ਉਹਨਾਂ ਨੇ ਅਪਣੀਆਂ ਦੋਹਾਂ ਪੁਸਤਕਾਂ ਚੋਂ ਢੁਕਵੀਆਂ ਕਵਿਤਾਵਾਂ ਵੀ ਅਪਣੇ ਵਿਲੱਖਣ ਅੰਦਾਜ਼ ‘ਚ ਸਾਂਝੀਆਂ ਕੀਤੀਆਂ।
ਹਾਜ਼ਰ ਕਾਫ਼ਲਾ ਮੈਂਬਰਾਂ ਚੋਂ ਡਾ. ਬਲਜਿੰਦਰ ਸੇਖੋਂ, ਨਵਕਿਰਨ ਸਿੱਧੂ, ਨਾਹਰ ਸਿੰਘ ਔਜਲਾ, ਕੁਲਜੀਤ ਮਾਨ, ਬਲਰਾਜ ਚੀਮਾਂ, ਡਾ. ਜਗਦੀਸ਼ ਚੋਪੜਾ, ਪ੍ਰਤੀਕ ਆਰਟਿਸਟ ਅਤੇ ਉਂਕਾਰਪ੍ਰੀਤ ਨੇ ਸਲੀਮਾਹ ਤੋਂ ਊਹਨਾਂ ਦੇ ਕੰਮਾਂ ਅਤੇ ਕਵਿਤਾਵਾਂ ਦੇ ਆਧਾਰ ਤੇ ਕਈ ਮਹੱਤਵ ਪੁਰਨ ਪ੍ਰਸ਼ਨ ਪੁੱਛੇ ਜਿਹਨਾਂ ਦਾ ਉੱਤਰ ਉਹਨਾਂ ਨੇ ਬਾਦਲੀਲ ਦਿੱਤਾ। ਸਵਾਲ-ਜਵਾਬ ਦੌਰਾਨ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਜਦੋਂ ਤੱਕ ਅਸੀਂ ਇੱਕ ਸਾਂਝੀ ਕੈਨੇਡੀਅਨ ਕਮਿਊਨਿਟੀ ਨਹੀਂ ਉਸਾਰ ਲੈਂਦੇ ਉਦੋਂ ਤੱਕ ਇਸ ਗਰੀਬੀ ਅਧਾਰਿਤ ਨਸਲਵਾਦੀ ਪਾੜੇ ਦਾ ਖਾਤਮਾ ਨਾਮੁਮਕਿਨ ਹੈ।
ਇਸ ਮੌਕੇ ਕਵਿਤਾ ਦੇ ਦੌਰ ‘ਚ ਗੁਰਦਾਸ ਮਿਨਹਾਸ, ਡਾ. ਬਲਜਿੰਦਰ ਸੇਖੋਂ,ਡਾ. ਜਗਦੀਸ਼ ਚੋਪੜਾ, ਬਲਬੀਰ ਸਿਕੰਦ ਅਤੇ ਰਾਜਪਾਲ ਬੋਪਾਰਾਏ ਨੇ ਅਪਣੇ ਖੂਬਸੂਰਤ ਕਲਾਮ ਨਾਲ ਮਾਹੌਲ ਨੂੰ ਕਾਵਿਕ ਬੁਲੰਦੀਆਂ ਤੇ ਪੁਜਾ ਦਿੱਤਾ। ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਸਰਵਣ ਸਿੰਘ, ਹਰਦੇਵ ਆਰਟਿਸਟ, ਡਾ. ਹਰਭਜਨ ਗਰੀਜ਼ੀ, ਮਨਮੋਹਨ ਗੁਲਾਟੀ, ਸ਼ਾਇਰਾ ਗੁਰਪ੍ਰੀਤ, ਕਾਮਰੇਡ ਸੁਖਦੇਵ ਅਤੇ ਵਕੀਲ ਕਲੇਰ ਨੇ ਵੀ ਇਸ ਭਾਵ ਪੂਰਤ ਮਿਲਣੀ ‘ਚ ਭਰਪੂਰ ਯੋਗਦਾਨ ਪਾਇਆ। ਮਿਲਣੀ ਦੀ ਸਮਾਪਤੀ, ਬਲਰਾਜ ਚੀਮਾ ਵਲੋਂ ਸਭ ਦਾ ਧੰਨਵਾਦ ਕਰਨ ਨਾਲ ਹੋਈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>