ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਤੋਂ ਸੇਧ ਲੈ ਕੇ ਨੌਜਵਾਨ ਪੀੜ੍ਹੀ ਨੂੰ ਨਸ਼ਾ ਮੁਕਤ ਸਮਾਜ ਸਿਰਜਣ ਦੀ ਲੋੜ

photo-Sirhind-di-diwar-dt 27-12-10ਫਤਹਿਗੜ੍ਹ ਸਾਹਿਬ (ਗੁਰਿੰਦਰਜੀਤ ਸਿੰਘ ਪੀਰਜੈਨ) – ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਨੇ ਆਪਣੀ ਸ਼ਹਦਾਤ ਜ਼ੁਲਮ ਅਤੇ ਜ਼ਬਰ ਦੇ ਖਿਲਾਫ ਦਿੱਤੀ ਅਜਿਹੀ ਲਾਸਾਨੀ ਕੁਰਬਾਨੀ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਨਹੀਂ ਮਿਲਦੀ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰਨੀ ਮੈਂਬਰ ਸ੍ਰ: ਕਰਨੈਲ ਸਿੰਘ ਪੰਜੋਲੀ ਨੇ ਫਤਹਿਗੜ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਦੇ ਦੂਜੇ ਦਿਨ ਸੂਚਨਾ ਤੇ ਲੋਕ ਸੰਪਰਕ ਵਿਭਾਗ, ਜ਼ਿਲ ਪ੍ਰਸ਼ਾਸ਼ਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ਼ ਅਤੇ ਖਾਸ ਕਰਕੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਅਵਤਾਰ ਸਿੰਘ ਦੇ ਯਤਨਾਂ ਸਦਕਾ ਆਮ ਖ਼ਾਸ ਬਾਗ ਸਰਹਿੰਦ ਵਿਖੇ ਸਵਰਗੀ ਸ਼੍ਰੀ ਹਰਪਾਲ ਟਿਵਾਣਾ ਦੁਆਰਾ ਲਿਖੇ ਅਤੇ ਮਨਪਾਲ ਟਿਵਾਣਾ ਦੁਆਰਾ ਨਿਰਦੇਸ਼ਿਤ ਨਾਟਕ ’ਸਰਹਿੰਦ ਦੀ ਦੀਵਾਰ’ ਦਾ ਸ਼ਮਾ ਰੌਸ਼ਨ ਕਰਕੇ ਰਸਮੀ ਉਦਘਾਟਨ ਕਰਨ ਉਪਰੰਤ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰਨੀ ਮੈਂਬਰ ਸ੍ਰ: ਕਰਨੈਲ ਸਿੰਘ ਪੰਜੋਲੀ ਨੇ ਫਤਹਿਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ਦੇ ਦੂਜੇ ਦਿਨ ਆਮ ਖ਼ਾਸ ਬਾਗ ਸਰਹਿੰਦ ਵਿਖੇ ਨਾਟਕ ’ਸਰਹਿੰਦ ਦੀ ਦੀਵਾਰ’ ਦਾ ਰਸਮੀ ਉਦਘਾਟਨ ਕਰਨ ਉਪਰੰਤ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਦੂਜੀ ਤਸਵੀਰ ਵਿੱਚ ਨਾਟਕ ਦਾ ਦ੍ਰਿਸ਼। (ਗੁਰਿੰਦਰਜੀਤ ਸਿੰਘ ਪੀਰਜੈਨ)

ਸ੍ਰ: ਪੰਜੋਲੀ ਨੇ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਬਹੁਤ ਹੀ ਮਾਣ ਮੱਤਾ ਹੈ ਜਿਹੜਾ ਕਿ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਅਤੇ ਸਿੱਖ ਇਤਿਹਾਸ ਦਾ ਦੁਨੀਆਂ ਭਰ ਵਿੱਚ ਕੋਈ ਸਾਨੀ ਨਹੀਂ। ਉਹਨਾਂ ਕਿਹਾ ਕਿ ਜਿਸ ਦਲੇਰੀ, ਨਿਡਰਤਾ ਅਤੇ ਨਿਰਭੈਤਾ ਨਾਲ ਛੋਟੇ ਸਾਹਿਬਜ਼ਾਦਿਆਂ ਨਾਲ ਆਪਣੀ ਸ਼ਹਾਦਤ ਦਿੱਤੀ ਉਹ ਆਪਣੇ ਆਪ ਵਿੱਚ ਬੇਮਿਸਾਲ ਘਟਨਾਕ੍ਰਮ ਸੀ ਅਤੇ ਇੱਕ ਲੂੰ ਕੰਢੇ ਖੜੇ ਕਰਨ ਵਾਲੀ ਦਾਸਤਾਨ ਹੈ। ਉਹਨਾਂ ਨੌਜਵਾਨ ਪੀੜ੍ਹੀ ਨੂੰ ਸੱਦਾ ਦਿੱਤਾ ਕਿ ਉਹ ਮਹਾਨ ਸ਼ਹੀਦਾਂ ਦੇ ਪਾਏ ਪੂਰਨਿਆਂ ’ਤੇ ਚੱਲ ਕੇ ਨਸ਼ਿਆਂ ਵਿਰੁੱਧ ਅਤੇ ਸਮਾਜਿਕ ਕੁਰੀਤੀਆਂ ਦੇ ਖਾਤਮੇ ਲਈ ਅੱਗੇ ਆਉਣ। ਉਹਨਾਂ ਨੌਜਵਾਨ ਪੀੜ੍ਹੀ ਨੂੰ ਮਹਾਨ ਸ਼ਹੀਦਾਂ ਵੱਲੋਂ ਦਰਸਾਏ ਮਾਰਗ ਤੇ ਚੱਲ ਕੇ ਸਮਾਜ ਵਿੱਚ ਪਣਪ ਰਹੀਆਂ ਕੁਰੀਤੀਆਂ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਵੀ ਦਿੱਤਾ।

ਉਹਨਾਂ ਇਸ ਮੌਕੇ ਨਾਟਕ ‘ ਸਰਹਿੰਦ ਦੀ ਦੀਵਾਰ ’ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਨਾਟਕ ਨਵਾਬ ਮਾਲੇਰ ਕੋਟਲਾ ਸ਼ੇਰ ਮੁਹੰਮਦ ਖਾਨ, ਬਾਬਾ ਮੋਤੀ ਰਾਮ ਮਹਿਰਾ, ਦੀਵਾਨ ਟੋਡਰ ਮੱਲ ਅਤੇ ਮਾਤਾ ਗੁਜਰ ਕੌਰ ਦੇ ਇਤਿਹਾਸ ਨੂੰ ਵਰਨਣ ਕਰਦਾ ਹੈ ਅਤੇ ਇਹ ਨਾਟਕ ਨੌਜਵਾਨ ਪੀੜ੍ਹੀ ਲਈ ਚਾਨਣ ਮੁਨਾਰੇ ਦਾ ਕੰਮ ਕਰੇਗਾ।  ਉਹਨਾਂ ਅੱਗੇ ਆਖਿਆ ਕਿ ਧਰਮ ਅਤੇ ਕੌਮ ਲਈ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਵੱਲੋਂ ਦਿੱਤੀਆਂ ਲਾਸਾਨੀ ਸ਼ਹਾਦਤਾਂ ਸਮੁੱਚੀ ਮਨੁੱਖਤਾ ਨੂੰ ਹੱਕ, ਸੱਚ, ਨੇਕੀ, ਸਬਰ ਸੰਤੋਖ ਅਤੇ ਸਵੈਮਾਣ ਵਾਲ਼ਾ ਜੀਵਨ ਜਿਊਣ ਦੀ ਸੁਚੱਜੀ ਜੀਵਨ ਜਾਚ ਸਿਖਾਉਂਦੀਆਂ ਹਨ ਜੋ ਕਿ ਇੱਕ ਚੰਗੇ ਸਮਾਜ ਦੀ ਸਿਰਜਣਾ ਲਈ ਬਹੁਤ ਜ਼ਰੂਰੀ ਹਨ। ਉਹਨਾਂ ਆਖਿਆ ਕਿ ਯੁੱਗਾਂ ਯੁੱਗਾਂਤਰਾਂ ਤੱਕ ਇਹ ਲਾਮਿਸਾਲ ਕੁਰਬਾਨੀਆਂ ਆਉਣ ਵਾਲ਼ੀਆਂ ਪੀੜ੍ਹੀਆਂ ਨੂੰ ਸੱਚ ਦੇ ਮਾਰਗ ਤੇ ਚੱਲਣ ਦਾ ਸੁਨੇਹਾ ਦਿੰਦੀਆਂ ਰਹਿਣਗੀਆਂ।

ਇਸ ਮੌਕੇ ਨਾਟਕ ਦੇ ਨਿਰਦੇਸ਼ਕ ਸ਼੍ਰੀ ਮਨਪਾਲ ਟਿਵਾਣਾ ਨੇ ਕਿਹਾ ਕਿ ਇਸ ਨਾਟਕ ਰਾਹੀਂ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਛੋਟੇ ਸਾਹਿਬਜਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਨੂੰ ਸ਼ਰਧਾਂਜਲੀ ਭੇਂਟ ਕਰਨ ਦਾ ਯਤਨ ਕੀਤਾ ਗਿਆ ਹੈ ਤਾਂ ਜੋ ਨਵੀਂ ਪੀੜ੍ਹੀ ਸਿੱਖ ਕੌਮ ਦੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਜਾਣੂ ਹੋ ਸਕੇ। ਇਸ ਮੌਕੇ ਸ਼੍ਰੀ ਧਰਮਪਾਲ ਗੁਪਤਾ ਵਧੀਕ ਡਿਪਟੀ ਕਮਿਸ਼ਨਰ, ਬਾਬਾ ਮੋਹਨ ਸਿੰਘ ਬਾਰਨ ਵਾਲੇ, ਸ੍ਰ: ਬਲਜੀਤ ਸਿੰਘ ਭੂਟਾ ਡਾਇਰੈਕਟਰ ਖੇਤੀਬਾੜੀ ਵਿਕਾਸ ਬੈਂਕ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ। ਨਾਟਕ ਸਰਹਿੰਦ ਦੀ ਦੀਵਾਰ ਨੂੰ ਹਜ਼ਾਰਾਂ ਹੀ ਸੰਗਤਾਂ ਨੇ ਬੜੇ ਹੀ ਸ਼ਾਂਤਮਈ ਢੰਗ ਨਾਲ ਵੇਖਿਆ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>