ਸੰਤ ਸਿਪਾਹੀ ਦਾ ਸੰਤ ਕਲਾਕਾਰ

ਸਰਬੰਸ ਦਾਨੀ, ਦਸ਼ਮੇਸ਼ ਪਿਤਾ, ਸ੍ਰੀ ਗੁਰੂ ਗੋਬਿੰਦ ਸਿੰਘ, ਕਲਗੀਆਂ ਵਾਲਾ, ਲੰਮੀ ਧੌਣ ਵਾਲਾ ਸੂਰਬੀਰ ਯੋਧਾ, ਇਕ ਸੰਤ, ਇਕ ਸਿਪਾਹੀ, ਜਿਸ ਅਗੇ ਆਮ ਲੋਕਾਈ  ਦੇ ਸਿਰ ਆਪਣੇ ਆਪ ਝੁਕਦੇ-ਸ਼ਰਧਾ ਨਾਲ।

ਗੁਰੂ, ਜਿਸ ਨੇ ਬਚਪਨ ਤੋਂ ਹੀ ਬੇਪਰਵਾਹ ਜੀਵਨ ਬਿਤਾਇਆ-ਮੋਹ ਮਾਇਆ ਦੇ ਪਰਛਾਵਿਆਂ ਤੋਂ ਦੂਰ। ਪਟਨਾ ਵਿਖੇ ਇਕ ਦਿਨ ਖੇਡਦਿਆਂ ਆਪਣੇ ਹੱਥੋਂ ਲਾਹ  ਸੋਨੇ ਦਾ ਇਕ ਕੜਾ ਗੰਗਾ ਵਿਚ ਸੁੱਟ ਆਇਆ। ਮਾਂ ਨੇ ਪੁੱਛਿਆ – “ਬੇਟਾ ਕੜਾ ਕਿਥੇ ਸੁੱਟਿਆ ਈ” ਬਾਲ ਗੁਰੂ ਨੇ ਝਟ ਦੂਜੇ ਹੱਥ ਦਾ ਕੜਾ ਵੀ ਗੰਗਾ ਵਿਚ ਸੁੱਟਦਿਆਂ ਕਿਹਾ, “ਉਥੇ ਮਾਂ।” ਮਾਂ ਨੇ ਉਸੇ ਪਲ ਆਪਣੇ ਜਿਗਰ ਦੇ ਟੁਕੜੇ ਨੂੰ ਛਾਤੀ ਨਾਲ ਲਾ ਲਿਆ।

ਗੁਰੁ, ਜਿਸ ਨੇ ਨੌਂ ਸਾਲ ਦੀ ਉਮਰ ਵਿਚ ਹੀ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦੀ ਦੇਣ ਲਈ ਉਤਸ਼ਾਹਿਤ ਕੀਤਾ, ਕੁਰਬਾਨੀ ਦਾ ਪੁੰਜ ਗੁਰੂ, ਜਿਸ ਦੇ ਆਪਣੇ ਚਾਰ ਸਾਹਿਬਜ਼ਾਦੇ ਦੀ ਛੋਟੀ ਜਿਹੀ ਉਮਰ ਵਿਚ ਹੱਸ ਹੱਸ ਸ਼ਹੀਦ ਹੋ ਗਏ- ਦੋ ਚਮਕੌਰ ਦੀ ਲੜਾਈ ਵਿਚ ਅਤੇ ਦੋ ਸਰਹੰਦ ਦੀ ਦੀਵਾਰ ਵਿਚ। ਉਹ ਸੰਤ ਸਿਪਾਹੀ ਜਿਸਨੇ ਆਪਣਾ ਸਾਰਾ ਪਟਿਵਾਰ ਅਤੇ ਆਪਣਾ ਆਪ ਕੌਮ ਲਈ ਵਾਰ ਦਿਤਾ।

ਨੀਲੇ ਘੋੜੇ ਦਾ ਸ਼ਾਹ ਸਵਾਰ, ਹੱਥ ਵਿਚ ਹੋਣੀ ਦੀਆਂ ਵਾਗਾਂ ਥੰਮੀਆਂ, ਘੋੜੇ ਦੀਆਂ ਨਾਸਾਂ ਫਰਕਦੀਆਂ, ਪੌੜ ਚੁੱਕਿਆ, ਪੌਣ ਵਾਂਗ ਉੱਡਣ ਲਈ ਕਾਹਲਾ, “ਅਰ ਨਿਸ਼ਚੇ ਕਰ ਅਪਣੀ ਜੀਤ ਕਰੋਂ” ਦਾ ਆਤਮ-ਵਿਸ਼ਵਾਸ਼।

ਗੁਰੁ, ਜਿਸ ਨੇ ਮੁਰਦਾ ਦਿਲਾਂ ਵਿਚ ਰੂਹ ਭਰੀ, ਨਿਤਾਣਿਆਂ ਨੂੰ ਤਾਣ ਬਖਸ਼ਿਆ। ਹਾਕਮ ਜਮਾਤ ਵਲੋਂ ਹੋ ਰਹੇ ਜ਼ੁਲਮ ਨੂੰ “ਰਬ ਦੀ ਕਰਨੀ” ਕਹਿ ਕੇ ਚੁਪ ਰਹਿਣ ਵਾਲੇ ਹੱਥਾਂ ਵਿਚ ਤਲਵਾਰ ਲੈ ਖੜੇ ਗਏ। ਚਿੜੀਆਂ ਬਾਜ਼ਾਂ ਨਾਲ ਲੜੀਆਂ ਅਤੇ ਇਕ-ਇਕ ਸਵਾ ਲੱਖ ਨਾਲ ਜੂਝਿਆ, ਇਹ ਮਰਦ ਅਗੰਮੜਾ, ਵਰਿਆਾਮ ਅਕੇਲਾ, ਇਨਕਲਾਬੀ ਯੋਧਾ ਜੋ ਨਾਲ ਹੀ ‘ਸ਼ੁਭ ਕਰਮਨ ਤੇ ਕਬਹੂ ਨ ਟਰੋਂ ਦਾ ਉਪਦੇਸ਼ ਵੀ ਦਿੰਦਾ, ਤਲਵਾਰ ਦੇ ਪਿਛੇ ਜੇ ਸੰਤ ਨਾ ਹੋਵੇ ਤਾਂ ਕਈ ਵਾਰੀ ਇਹ ਮਜ਼ਲੂਮਾਂ ਦੀ ਰੱਖਿਆ ਕਰਨ ਦੀ ਥਾਂ, ਉਹਨਾਂ ’ਤੇ ਜ਼ੁਲਮ ਵੀ ਕਰ ਦਿੰਦੀ ਹੈ।
ਗੁਰੂ, ਜਿਸ ਨੇ ਇਕ ਹੱਥ ਵਿਚ ਕਲਮ ਵੀ ਫੜੀ, ਯੁੱਧ ਦੇ ਮੈਦਾਨ ਵਿਚ ਕਵਿਤਾ ਰਚੀ, ਪੁਰਾਣੇ ਵੇਦ ਗ੍ਰੰਥਾਂ ਦਾ ਅਧਿਐਨ ਕੀਤਾ ਤੇ ਕਰਵਾਇਆ, ਸਮਾਜਕ ਢਾਂਚੇ ਦੀਆਂ ਨਵੀਆਂ ਹੱਦਾਂ ਉਲੀਕੀਆਂ ਅਤੇ ਫਿਰ ਉਹੀ ਹੱਥ ਭਗੌਤੀ ਨੂੰ ਸਾਂਭਦੇ। ਤਲਵਾਰ ਜ਼ੁਲਮ ਤਸ਼ੱਦਦ ਦੇ ਨਾਸ਼ ਕਰਨ ਲਈ ਅਤੇ ਇਨਸਾਫ ਪ੍ਰਾਪਤ ਕਰਨ ਲਈ-ਜਦੋਂ ਇਨਸਾਫ ਲੈਣ ਲਈ ਅਮਨ ਤੇ ਸ਼ਾਂਤੀ ਦੇ ਸਾਰੇ ਢੰਗ ਬੇਅਸਰ ਹੋ ਜਾਣ, ਫਿਰ ਤਲਵਾਰ ਉਠਾਉਣਾ ਜਾਇਜ਼ ਹੈ:

ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।

ਖਾਲਸਾ ਪੰਥ ਦੀ ਸਿਰਜਣਾ ਕਰਨ ਵਾਲਾ ਉਹ ਮਹਾਨ ਗੁਰੂ ਜੋ ਖੁਦ ਆਪਣੇ ਹੱਥੀਂ ਸਾਜੇ ਗੁਰੂ ਪਿਆਰਿਆਂ ਅੱਗੇ ਹੱਥ ਜੋੜ ਕੇ ਅਰਜ਼ੋਈ ਕਰਦਾ, “ਮੈਂ ਵੀ ਅੰਮ੍ਰਿਤ ਛਕਣਾ ਹੈ, ਤੁਹਾਡੇ ਹੱਥੋਂ …ਮੈਨੂੰ ਵੀ ਆਪਣੇ ਖਾਲਸਾ ਪੰਥ ’ਚ ਰਲਾ ਲਵੇ।” ਖਾਲਸਾ ਪੰਥ ਦਾ ਮੋਢੀ ਖੁਦ ਖਾਲਸਾ ਪੰਥ ਦਾ ਅੰਗ ਬਣਦਾ ਹੈ ਤੇ ਫਿਰ ਸਦਾ ਸਦਾ ਲਈ ਖਾਲਸੇ ਦੇ ਅੰਗ-ਸੰਗ ਰਹਿੰਦਾ ਹੈ। ਹਰ ਮੈਦਾਨ ਫਤਹਿ, ਇਸ ਖਾਲਸੇ ਦੀ ਫਤਹਿ-ਪੰਥ ਦੀ ਫਤਹਿ।

ਪੰਜਾਬ ਦੀ ਧਰਤੀ ਦੇ ਕਣ-ਕਣ ਵਿਚ ਇਸ ਸਾਰੇ ਰਸ ਦਾ ਕਣ ਅਜੇ ਵੀ ਜਿਊਂਦਾ ਹੈ, ਧੜਕਦਾ ਹੈ।
ਪੰਜਾਬ ਨਾ ਹਿੰਦੂ, ਨਾ ਮੁਸਲਮਾਨ
ਪੰਜਾਬ ਸਾਰਾ ਜਿਊਂਦਾ ਗੁਰਾਂ ਦੇ ਨਾਮ ’ਤੇ।

“ਯਾਰੜੇ ਦਾ ਸੱਥਰ” ਤੇ ਸੌਣ ਵਾਲੇ ਇਸ ਕਵੀ ਨੂੰ, ਇਸ ਸੰਤ ਨੂੰ, ਇਸ ਸਿਪਾਹੀ ਨੂੰ- ਇਸ ਪਰਮ ਮਨੁੱਖ ਨੂੰ, ਇਨਕਲਾਬੀ ਯੋਧੇ ਨੂੰ ਸਮਝਣਾ ਹੀ ਔਖਾ ਹੈ, ਜਿਸ ਲਈ ਸੀਸ ਤਲੀ ਤੇ ਧਰ ਕੇ ਉਸ ਦੀ ਗਲੀ ਆਉਣਾ ਪੈਂਦਾ ਹੈ। ਉਸ ਨੂੰ ਨੈਕਵਸ ’ਤੇ ਰੰਗਾਂ ਅਤੇ ਬੁਰਸ਼ ਨਾਲ ਰੂਪਮਾਨ ਕਰਨਾ ਕਿੰਨਾ ਔਖਾ ਹੈ, ਕਿੰਨੀ ਸਾਧਨਾ, ਕਿੰਨੇ ਗਿਆਨ ਦੀ ਲੋੜ ਹੈ। ਅਨੇਕਾਂ ਹੀ ਚਿੱਤਰਕਾਰਾਂ ਨੇ ਇਸ ਸੰਤ ਸਿਪਾਹੀ ਨੂੰ ਆਪਣੀ ਤਪੱਸਿਆ ਅਨੁਸਾਰ ਯਤਨ ਕੀਤਾ ਹੈ ਪਰ ਸੰਤ ਸਿਪਾਹੀ ਦੀ ਮਹਾਨ ਸਖਸੀਅਤ ਨੂੰ ਸੋਭਾ ਸਿੰਘ ਜੇਹਾ ਸੰਤ ਕਲਾਕਾਰ ਹੀ ਉਭਾਰ ਸਕਿਆ ਹੈ।

ਚਿੱਤਰਕਾਰ ਸੋਭਾ ਸਿੰਘ ਦਾ ਇਹ ਸੰਤ ਸਿਪਾਹੀ ਕਿਤੇ ਉਂਗਲ ਖੜੀ ਕਰਕੇ ਇਕ ਹੋਰ ਸੀਸ ਦੀ ਮੰਗ ਕਰਦਾ ਹੈ, ਕਦੀ ਇਹ ‘ਸ਼ੁਭ ਕਰਮਨ’ ਲਈ ਵਰ ਮੰਗਦਾ ਹੈ, ਕਦੀ ਹੱਥਾਂ ਵਿਚ ‘ਸਮਸ਼ੀਰ’ ਲੈ ਕੇ ਜ਼ਫਰਨਾਮਾ ਲਿਖਦਾ ਹੈ। ਸੋਭਾ ਸਿੰਘ ਕਿਹਾ ਕਰਦੇ ਸਨ, “ਮੈਨੂੰ ਜਾਪਦਾ ਹੈ ਕਿ ਗੁਰੂ ਸਾਹਿਬ ਇਕ ਉਂਗਲ ਖੜੀ ਕਰਕੇ ਅਜ ਵੀ ਇਕ ਸੀਸ ਦੀ ਮੰਗ ਕਰ ਰਹੇ ਹਨ।”

ਚਿੱਤਰਕਾਰ ਸੋਭਾ ਸਿੰਘ ਦੇ ਗੁਰੂ ਗੋਬਿੰਦ ਸਿੰਘ ਦੀ ਸ਼ਖਸੀਅਤ ’ਚ ਜਿਥੇ ਇਕ ਰੂਹਾਨੀ ਨੂਰ ਟਪਕਦਾ ਹੈ, ਉਥੇ ਬੀਰ ਰਸ ਵੀ ਰੱਜ ਕੇ ਝਲਕਦਾ ਹੈ, ਉਹ ਤਣੀ ਹੋਈ ਧੋਣ, ਸੂਰਬੀਰ ਚੇਤੰਨ ਅੱਖਾਂ, ਨਿਰਭੈਤਾ, ਨਿਰਵੈਰਤਾ ਦਾ ਪ੍ਰਕਾਸ ਸਾਫ ਦਿਖਾਈ ਦਿੰਦਾ ਹੈ – ਭਾਵੇਂ ਇਹ ਗੁਰੂ ਆਨੰਦਪੁਰ ਸਾਹਿਬ ਦੇ ਕਿਲ੍ਹੇ ਦੀ ਫਸੀਲ ਲਾਗੇ ਖੜਾ ਹੈ, ਜਾਂ ਘੋੜੇ ’ਤੇ ਸਵਾਰ ਮਨੁੱਖਤਾ ਦੀ ਭਲਾਈ ਲਈ ਤਿਆਰ-ਬਰ-ਤਿਆਰ ਅਤੇ ਭਾਵੇਂ ਮਾਛੀਵਾੜੇ ਦੇ ਜੰਗਲਾਂ ਵਿਚ ਕੱਲਮਕੱਲਾ- ਕਈ ਹੇਮਕੁੰਟ ਦੇ ਪਰਬਤਾਂ ’ਤੇ ਭਗਤੀ ਵਿਚ ਲੀਨ, ਆਪਣੇ ਆਪ ਵਿਚ ਖਿੱਚ ਲੈਂਦਾ ਹੈ।

ਪ੍ਰਸਿੱਧ ਕਲਾ ਆਲੋਚਕ ਡਾ. ਸਰੋਜ ਚਮਨ ਨੇ ਸੋਭਾ ਸਿੰਘ ਦੇ ਚਿਤਰੇ ਗੁਰੂ ਗੋਬਿੰਦ ਸਿੰਘ ਦੇ ਚਿੱਤਰਾਂ ਬਾਰੇ ਟਿੱਪਣੀ ਕਰਦਿਆਂ ਕਿਹਾ ਹੈ, “ਉਹਨਾਂ ਦੇ ਕਣ-ਕਣ ਵਿਚ ਵਹਿੰਦਾ ਯੋਧੇ ਦਾ ਬੀਰ ਰਸ, ਲੜਾਕੂ ਯੋਧੇ ਦੀ ਪੁਸ਼ਾਕ ਨਾਲ ਸਜੇ-ਧੜੇ, ਸ਼ਸਤਰਾਂ ਨਾਲ ਲੱਦੇ, ਉੱਚੇ ਲੰਬੇ ਨੌਜਵਾਨ, ਜਿਨ੍ਹਾਂ ਦੀ ਖ਼ੂਬਸੂਰਤੀ ਨੈਣ-ਨਕਸ਼ਾਂ ਦੁਆਰਾ ਡੁਲ੍ਹ-ਡੁਲ੍ਹ ਪੈਂਦੀ, ਕਲਾਕਾਰ ਨੇ ਕਮਾਲ ਦੀ ਪੇਂਟ ਕੀਤੀ ਹੈ। ਆਨੰਦਪੁਰ ਦੇ ਕਿਲ੍ਹੇ ਦੀ ਕੰਧ ਉਤੇ ਖੜੇ ਗੁਰੂ ਗੋਬਿੰਦ ਸਿੰਘ ਦੀਆਂ ਮੁਦਰਾਵਾਂ ਤੇ ਅਣਖ ਦਾ ਪ੍ਰਗਟਾਵਾ ਕਮਾਲ ਦਾ ਹੈ। ਸੋਚ ਦੇ ਖਾਸ ਪਲ, ਨੀਤੀ ਤੇ ਸਿਧਾਂਤ ਪੋਰਟਰੇਟ ਵਿਚੋਂ ਆਪ ਮੁਹਾਰੇ ਫੁਟਦੇ ਹਨ।

“ਦੇਹ ਸ਼ਿਵਾ ਬਰ ਮੋਹਿ ਇਹੈ” ਵਾਲੀ ਤਸਵੀਰ 1971 ਵਿਚ ਜਦੋਂ ਛਪ ਦੇ ਬਾਹਰ ਆਈ ਸੀ ਤਾਂ ਪ੍ਰਸਿੱਧ ਪੰਜਾਬੀ ਲੇਖਕ ਤੇ ਪੱਤਰਕਾਰ ਸ. ਨਰਿੰਦਰ ਸਿੰਘ ਸੋਚ ਨੇ ਇਸ ਨੂੰ ਤੱਕਦਿਆਂ ਹੀ ਇਉੇਂ ਲਿਖਿਆ ਸੀ:

“ਮੈਨੂੰ ਬਹੁਤ ਖੁਸੀ ਹੈ ਕਿ ਸਿੱਖ ਜਗਤ ਤੋਂ ਬਿਨਾਂ ਸਾਰੇ ਭਾਰਤੀਆਂ ਨੇ ਆਪ ਜੀ ਦੀਆਂ ਪਿਆਰੀਆਂ
ਤਸਵੀਰਾਂ ਨੂੰ ਸਵੇਰੇ ਅਤੇ ਰਾਤੀਂ ਸਾਹਮਣੇ ਰੱਖ ਕੇ ਮਨ ਜੋੜਨਾ ਸ਼ੁਰੂ ਕੀਤਾ ਹੋਇਆ ਹੈ।

ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਆਪ ਜੀ ਦੀ ਇਕ ਹੋਰ ਦੇਣ ਹੈ। ਅਜੇਹੇ ਸੀਨੇ, ਅਜੇਹੀ ਗਰਦਨ ਅਤੇ ਅਜੇਹੀਆਂ ਅੱਖਾਂ ਤੋਂ ਬਿਨਾਂ ਗੁਰੂ ਗੋਬਿੰਦ ਸਿੰਘ ਨਹੀਂ ਸੀ ਬਣ ਸਕਦੇ।

ਅਸੀਂ ਖੁਸ ਹਾਂ ਕਿ ਸਾਨੂੰ ਗੁਰੂ ਵੀ ਮਿਲੇ ਹਨ ਅਤੇ ਸਾਨੂੰ ਗੁਰੂਆਂ ਦੀ ਉਹੋ ਜੇਹੀ ਸਹੀ ਸਹੀ ਸ਼ਾਨ ਵਿਚ ਰੂਪਮਾਨ ਕਰਨ ਵਾਲਾ ਮਹਾਨ ਕਲਾਕਾਰ ਵੀ ਮਿਲਿਆ ਹੈ।

ਮੈਂ ਨਮਸਕਾਰ ਕਰਦਾ ਹਾਂ ਤੁਹਾਨੂੰ, ਤੁਹਾਡੇ ਰੂਹਾਨੀ ਬੁਰਸ ਨੂੰ।
ਪ੍ਰਭੂ ਦਾ ਧੰਨਵਾਦ ਹੈ ਜਿਸ ਨੇ ਏਡੀ ਵੱਡੀ ਦਾਤ ਦਿੱਤੀ ਹੈ।”

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>