ਭਾਰਤੀ ਸੰਗੀਤ ਨਾਟਕ ਅਕੈਡਮੀ ਪੁਰਸਕਾਰ ਜੇਤੂ ਡਾ: ਆਤਮਜੀਤ

ਇਸ ਸਾਲ ਦਾ ਭਾਰਤੀ ਸੰਗੀਤ ਨਾਟਕ ਅਕੈਡਮੀ ਪੁਰਸਕਾਰ ਡਾ: ਆਤਮਜੀਤ ਸਿੰਘ ਨੂੰ ਹਾਸਿਲ ਹੋਇਆ ਹੈ। ਪੰਜਾਬੀ ਜ਼ੁਬਾਨ ਦੇ ਕੱਦਾਵਰ ਲਿਖਾਰੀ ਨੂੰ ਇਹ ਪੁਰਸਕਾਰ ਮਿਲਣ ਨਾਲ ਉਹ ਸ: ਗੁਰਸ਼ਰਨ ਸਿੰਘ ਨਾਟਕਕਾਰ ਅਤੇ ਅਜਮੇਰ ਸਿੰਘ ਔਲਖ ਤੋਂ ਬਾਅਦ ਤੀਸਰਾ ਵੱਡਾ ਸਿਰਜਕ ਬਣ ਗਿਆ ਹੈ ਜਿਸ ਨੂੰ ਸਾਰੀਆਂ ਭਾਰਤੀ ਭਾਸ਼ਾਵਾਂ, ਨਾਟਕ ਅਕਾਦਮੀਆਂ, ਸੰਗੀਤ ਦੇ ਸਿਖ਼ਰਲੇ ਮਾਰਤੰਡਾਂ ਨੇ ਸਲਾਮ ਆਖਿਆ ਹੈ। ਇਹ ਸਾਡੇ ਸਭ ਲਈ ਵੱਡੇ ਭਾਗਾਂ ਵਾਲੀ ਗੱਲ ਹੈ। ਆਤਮਜੀਤ ਦੀ ਸਿਰਜਣਾ ‘ਤੱਤੀ ਤਵੀ ਦਾ ਸੱਚ’ ਨੂੰ ਪਿਛਲੇ ਵਰ੍ਹੇ ਭਾਰਤੀ ਸਾਹਿਤ ਅਕਾਦਮੀ ਨੇ ਸਨਮਾਨਿਤ ਕੀਤਾ ਸੀ ਅਤੇ ਐਤਕੀ ਉਸ ਤੋਂ ਵੀ ਵੱਡੀ ਇਜ਼ਤ ਪੰਜਾਬੀ ਜ਼ੁਬਾਨ ਦੀ ਝੋਲੀ ਪਈ ਹੈ। ਪਿਛਲੇ ਸਾਲ ਸੁਰਜੀਤ ਪਾਤਰ ਨੂੰ ਸਰਸਵਤੀ ਸਨਮਾਨ ਮਿਲਣ ਵਾਂਗ ਸਾਡੇ ਵਿਹੜੇ ਇਕ ਵਾਰ ਫਿਰ ਵਧਾਈਆਂ ਆਈਆਂ ਹਨ।  ਇਹ ਪੁਰਸਕਾਰ ਜਿਥੇ ਕੌਮੀ ਪੱਧਰ ਤੇ ਪੰਜਾਬੀ ਨਾਟਕ ਦੀ ਲਿਆਕਤ ਨੂੰ ਸਲਾਮ ਆਖਦਾ ਹੈ ਉਥੇ ਭਵਿੱਖ ਵਿੱਚ ਬਾਕੀ ਭਾਰਤੀ ਭਾਸ਼ਾਵਾਂ ਦੇ ਲਿਖਾਰੀਆਂ ਅਤੇ ਨਾਟਕ ਪੇਸ਼ਕਾਰਾਂ ਲਈ ਵੀ ਪੰਜਾਬੀ ਨਾਟਕ ਨੂੰ ਕੇਂਦਰ ਵਿੱਚ ਲਿਆਉਂਦਾ ਹੈ।

ਪਿਛਲੇ ਵਰ੍ਹੇ ਦੇ ਨਵੰਬਰ ਮਹੀਨੇ ਦੇ ਅਖੀਰਲੇ ਦਿਨ ਤੀਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਵਿੱਚ ਪ੍ਰਿੰਸੀਪਲ ਰਿਹਾ ਡਾ: ਆਤਮ ਜੀਤ ਪੰਜਾਬੀ ਦੇ ਸਿਰਮੌਰ ਵਾਰਤਕਕਾਰ ਅਤੇ ਗੁਰਮਤਿ ਗਿਆਨ ਦੇ ਮੁੱਢਲੇ ਅਧਿਆਪਕ ਪ੍ਰੋਫੈਸਰ ਸ ਸ ਅਮੋਲ ਦਾ ਸਪੁੱਤਰ ਹੋਣ ਕਾਰਨ ਸ਼ਬਦ ਸਾਧਨਾ ਦੇ ਮਾਰਗ ਤੇ ਬਚਪਨ ਵਿੱਚ ਹੀ ਤੁਰ ਪਿਆ ਸੀ। ਸਭ ਤੋਂ ਨਿੱਕੀ ਉਮਰ ਦਾ ਕਾਲਜ ਅਧਿਆਪਕ ਬਣਨ ਵਾਲਾ ਡਾ: ਆਤਮਜੀਤ ਵਿਦਿਆਰਥੀ ਕਾਲ ਵਿੱਚ ਵੀ ਆਪਣੀ ਭਾਸ਼ਣ ਕਲਾ ਕਾਰਨ ਵਾਹਗੇ ਤੋਂ ਦਿੱਲੀ ਤੀਕ ਅਨੇਕ ਟਰਾਫੀਆਂ ਅਤੇ ਮੈਡਲਾਂ ਦਾ ਜੇਤੂ ਵਜੋਂ ਜਾਣਿਆ ਜਾਂਦਾ ਸੀ। ਆਤਮਜੀਤ ਨੇ ਆਪਣਾ ਆਰੰਭਲਾ ਸਫ਼ਰ ਭਾਵੇਂ ਤੇਰੇ ਮੰਦਰ ਨਾਂ ਦੀ ਕਾਵਿ ਕਿਤਾਬ ਤੋਂ ਸ਼ੁਰੂ ਕੀਤਾ ਪਰ ਹੌਲੀ-ਹੌਲੀ ਨਾਟਕ ਦੇ ਰਾਹ ਤੁਰ ਪਿਆ। ਆਤਮਜੀਤ ਹੁਣ ਤੀਕ ਪੰਜਾਬੀ ਅਤੇ ਹਿੰਦੀ ਤੋਂ ਇਲਾਵਾ ਅੰਗਰੇਜ਼ੀ ਵਿੱਚ 20 ਨਾਟਕ ਅਤੇ ਨਾਟਕ ਸੰਬੰਧੀ ਪੁਸਤਕਾਂ ਲਿਖ ਚੁੱਕਾ ਹੈ। ਉਸ ਦੇ ਨਾਟਕ ਕਬਰਿਸਤਾਨ, ਚਾਬੀਆਂ, ਹਵਾ ਮਹਿਲ, ਨਾਟਕ ਨਾਟਕ ਨਾਟਕ, ਰਿਸ਼ਤਿਆਂ ਦਾ ਕੀ ਰੱਖੀਏ ਨਾਂ, ਸ਼ਹਿਰ ਬੀਮਾਰ ਹੈ, ਮੈਂ ਤਾਂ ਇਕ ਸਾਰੰਗੀ ਹਾਂ, ਫਰਸ਼ ਵਿੱਚ ਉੱਗਿਆ ਰੁੱਖ, ਚਿੜੀਆਂ, ਪੰਚ ਨਦ ਦੇ ਪਾਣੀ, ਮੰਗੂਕਾਮਰੇਡ ਅਤੇ ਗਦਰ ਲਹਿਰ ਬਾਰੇ ਇੱਕ ਪੂਰਾ ਨਾਟਕ ਗਦਰ ਐਕਸਪ੍ਰੈਸ ਲਿਖ ਚੁੱਕਾ ਹੈ।

20ਵੀਂ ਸਦੀ ਦੇ ਪ੍ਰਮੁਖ ਨਾਟਕਾਂ ਬਾਰੇ ਵਿਸ਼ੇਸ਼ ਟਿੱਪਣੀਕਾਰ ਵਜੋਂ ਉਸ ਦੀ ਲਿਆਕਤ ਨੂੰ ਭਾਰਤੀ ਸਾਹਿਤ ਅਕੈਡਮੀ, ਨੈਸ਼ਨਲ ਬੁੱਕ ਟਰੱਸਟ ਅਤੇ ਦੇਸ਼ ਦੀਆਂ ਸਭ ਯੂਨੀਵਰਸਿਟੀਆਂ ਪਹਿਲਾਂ ਹੀ ਸਲਾਮ ਆਖਦੀਆਂ ਹਨ ਪਰ ਉਸਦੇ ਸਿਰਜਕ ਆਪੇ ਦੀ ਕੌਮੀ ਪਛਾਣ ਪਹਿਲੀ ਵਾਰ ਸਥਾਪਿਤ ਹੋਈ ਹੈ। ਇਸ ਪੁਰਸਕਾਰ ਨਾਲ ਡਾ: ਆਤਮਜੀਤ ਦੀ ਪ੍ਰਤਿਭਾ ਅਤੇ ਕਦਬੁੱਤ ਨੂੰ ਤਾਂ ਸ਼ਾਇਦ ਬਹੁਤਾ ਫਰਕ ਨਾ ਪਵੇ ਪਰ ਭਾਰਤੀ ਸਾਹਿਤ ਅਕੈਡਮੀ ਨੇ ਇਹ ਪੁਰਸਕਾਰ ਦੇ ਕੇ ਇੱਕੋ ਹੱਲੇ ਨਾਲ ਆਪਣੇ ਸਨਮਾਨ ਵਿੱਚ ਵਡਮੁੱਲਾ ਵਾਧਾ ਕਰ ਲਿਆ ਹੈ। ਕਈ ਲੋਕ ਲੰਮੇ ਸਮੇਂ ਤੋਂ ਇਹ ਗੱਲ ਆਖ ਰਹੇ ਸਨ ਕਿ ਡਾ: ਆਤਮਜੀਤ ਨੂੰ ਇਹ ਪੁਰਸਕਾਰ ਕਿਉਂ ਨਹੀਂ ਦਿੱਤਾ ਜਾ ਰਿਹਾ ਪਰ ਉਸ ਹਮੇਸ਼ਾਂ ਇਹੀ ਕਹਿਣਾ ਹੁੰਦਾ ਸੀ ਕਿ ਹਰ ਸਾਲ ਇਕ ਹੀ ਵਿਅਕਤੀ ਨੂੰ ਇਨਾਮ ਮਿਲਣਾ ਹੁੰਦਾ ਹੈ ਅਤੇ ਕੋਈ ਵੀ ਇਨਾਮ ਕਦੇ ਵੀ ਲੇਟ ਨਹੀਂ ਹੁੰਦਾ। ਡਾ: ਆਤਮਜੀਤ ਨੂੰ ਇਸ ਇਨਾਮ ਮਿਲਣ ਤੇ ਜਦ ਮੈਂ ਮੁਬਾਰਕਬਾਦ ਦਿੱਤੀ ਤਾਂ ਉਸ ਦਾ ਸਹਿਜ ਸੁਭਾਅ ਪ੍ਰਤੀਕਰਮ ਸੀ ਕਿ ਹੁਣ ਅਰਦਾਸ ਕਰੋ ਮੈਂ ਭਵਿੱਖ ਵਿੱਚ ਵੀ ਇਸ ਇਨਾਮ ਦੇ ਹਾਣਦਾ ਕੁਝ ਹੋਰ ਲਿਖ ਸਕਾਂ।

ਡਾ: ਆਤਮਜੀਤ ਨੂੰ ਮਿਲੇ ਇਸ ਪੁਰਸਕਾਰ ਦੀ ਸੋਅ ਤਾਂ ਮੈਨੂੰ ਬੀਤੀ ਰਾਤ ਨਵੀਂ ਦਿੱਲੀ ਤੋਂ ਮੇਰੇ ਸੱਜਣਾਂ ਪਿਆਰਿਆਂ ਨੇ ਦੇ ਦਿੱਤੀ ਸੀ । ਉਸ ਨੂੰ ਵਧਾਈ ਦਿੱਤੀ ਤਾਂ ਉਹ ਬੋਲਿਆ ਮੈਂ ਇਹ ਪੁਰਸਕਾਰ ਆਪਣੀ ਮਾਂ ਦੇ ਚਰਨਾਂ ਵਿੱਚ ਰੱਖਦਾ ਹਾਂ ।  ਸਵਰਗਵਾਸੀ ਮਾਂ ਦੇ। ਕਿਉਂਕਿ ਉਹ ਆਪਣੇ  ਨਾਟਕੀ ਸਫਰ ਦਾ ਪਹਿਲਾ ਪੜਾਅ ਆਪਣੀ ਮਾਂ ਦੇ ਜੀਵਨ ਸੰਘਰਸ ਅਤੇ ਮੌਤ ਦੀ ਘਟਨਾ ਨੂੰ ਮੰਨਦਾ ਹੈ । ਉਮਰ ਦੇ 17ਵੇਂ ਡੰਡੇ ਤੇ ਆਤਮਜੀਤ ਨੂੰ ਖੜ੍ਹਾ ਕਰਕੇ ਮਾਂ ਅਲਵਿਦਾ ਕਹਿ ਗਈ ਜਿਸ ਤੋਂ ਉਹ ਅੱਜ ਤੀਕ ਵੀ ਨਹੀਂ ਉਭਰ ਸਕਿਆ। ਡਾ: ਆਤਮਜੀਤ ਆਖਦਾ ਹੈ ਕਿ ਆਪਣੀ ਨਾਟਕ ਪ੍ਰਤਿਭਾ ਅਤੇ ਸਿਰਜਣਾਤਮਕਤਾ ਨੂੰ ਆਪਣੇ ਜੀਵਨ ਦੇ ਦੁੱਖਾਂ ਅਤੇ ਤਕਲੀਫਾਂ ਵਿੱਚੋਂ ਉਭਰਨ ਲਈ ਵੀ ਇਸਤੇਮਾਲ ਕਰਦਾ ਹਾਂ। ਇਸ ਨਾਲ ਮੇਰਾ ਇਹ ਵਿਸਵਾਸ ਵੀ ਪੱਕਾ ਹੁੰਦਾ ਹੈ ਕਿ ਜੇ ਸਿਰਜਕ ਵਾਸਤੇ ਉਸਦੀ ਸਿਰਜਣਾ ਇੱਕ ਸਕੂਨ, ਮਰ੍ਹਮ, ਤਾਕਤ ਜਾਂ ਇਲਾਜ ਹੈ ਤਾਂ ਉਸਦੇ ਪਾਠਕ, ਦਰਸਕ ਅਤੇ ਸ੍ਰੋਤੇ ਵਾਸਤੇ ਵੀ ਹੋ ਸਕਦਾ ਹੈ।

ਹੁਣ ਭਵਿਖ ਦੀਆਂ ਯੋਜਨਾਵਾਂ ਬਾਰੇ ਡਾ: ਆਤਮਜੀਤ ਆਖਦਾ ਹੈ ਕਿ ਹੁਣ ਮੈਂ ਆਪਣਾ ਧਿਆਨ ਇੱਕ ਨਵੇਂ ਨਾਟਕ ਵੱਲ ਲਾਵਾਂਗਾ ਜਿਸਨੂੰ ਮੈਂ ਪਿਛਲੇ ਇੱਕ ਦਹਾਕੇ ਤੋਂ ਲਿਖਣ ਦੀ ਅਸਫਲ ਕੋਸਿਸ ਕਰ ਰਿਹਾ ਹਾਂ। ਇਸ ਨਾਟਕ ਦੇ ਵਿੱਚ ਮਨੁਖੀ ਮਨ ਦੀਆਂ ਅਸੀਮ ਇੱਛਾਵਾਂ , ਉਹਨਾਂ ਦੀ ਪੂਰਤੀ ਵਾਸਤੇ ਅਥਾਹ ਭਟਕਣਾ, ਇਸ ਮਾਰਗ ਤੇ ਪਏ ਮਨੁਖ ਦੀ ਆਪਣੇ ਅੰਦਰਲੇ ਅਤੇ ਬਾਹਰਲੇ ਸੰਸਾਰ ਨਾਲ ਲੜਾਈ ਅਤੇ ਇਹ ਸਾਰਾ ਕੁਝ ਕਰਦਿਆਂ ਆਪਣੀ ਸਭਿਆਚਾਰਕ ਜਮੀਨ ਤੋਂ ਆਪਣੇ ਆਪ ਨੂੰ ਆਪ ਹੀ ਬੇਦਖਲ ਕਰਨ ਦੀ ਪ੍ਰਕਿਰਿਆ ਦਾ ਜਿਕਰ ਕਰਨਾ ਚਾਹੁੰਦਾ ਹਾਂ।

ਆਤਮਜੀਤ ਸਮਝਦਾ ਹੈ ਕਿ ਗਦਰ ਪਾਰਟੀ ਵਰਗੀਆਂ ਇਨਕਲਾਬੀ ਲਹਿਰਾਂ ਨੇ ਹੀ ਸਰਵ ਸਮਿਆਂ ਵਿੱਚ ਪੰਜਾਬੀਆਂ ਦੇ ਪੰਜਾਬੀਪੁਣੇ ਦੇ ਜਜ਼ਬੇ ਨੰ ਜ਼ਿੰਦਾ ਰੱਖਿਆ ਹੈ; ਇਹ ਕੋਈ ਛੋਟੀ ਗੱਲ ਨਹੀਂ। ਪਰ ਨਾਲ ਹੀ ਉਨ੍ਹਾਂ ਇਹ ਸ਼ਿਕਵਾ ਵੀ ਕੀਤਾ ਕਿ ਇਹਨਾਂ ਲਹਿਰਾਂ ਨਾਲ ਜੁੜੇ ਹੋਏ ਗਲੈਮਰ ਨੂੰ ਕੁਝ ਧਿਰਾਂ ਨੇ ਇੰਨਾ ਉਭਾਰ ਦਿੱਤਾ ਤੇ ਬਾਕੀ ਧਿਰਾਂ ਨੇ ਉਹਨਾਂ ਨੂੰ ਇੰਨਾਂ ਵਿਸਾਰ ਦਿੱਤਾ ਕਿ ਇਸ ਬਦਕਿਸਮਤੀ ਕਰਕੇ ਇਹ ਲਹਿਰਾਂ ਸਮੁੱਚੇ ਪੰਜਾਬ ਦੀ  ਮਾਨਸਿਕਤਾ ਦਾ ਅਟੁੱਟ ਹਿੱਸਾ ਨਹੀਂ ਬਣ ਸਕੀਆਂ। ਪੰਜਾਬੀ ਚਿੰਤਨ ਨੇ ਵੀ ਇਹਨਾਂ ਲਹਿਰਾਂ ਦਾ ਵਿਵੇਕਸ਼ੀਲ ਵਿਸਲੇਸ਼ਣ ਬਹੁਤ ਥੋੜ੍ਹਾ ਕੀਤਾ ਹੈ । ਇਵੇਂ ਸਾਡੇ ਕੋਲ ਇਹਨਾਂ ਮਹਾਨ ਲਹਿਰਾਂ ਬਾਰੇ ਗੰਭੀਰ ਕੰਮ ਕਰਨ ਵਾਲੇ ਵਿਦਵਾਨਾਂ ਵਿੱਚ ਸੋਹਣ ਸਿੰਘ ਜੋਸ਼, ਜਗਜੀਤ ਸਿੰਘ, ਗਿਆਨੀ ਨਾਹਰ ਸਿੰਘ, ਡਾ: ਹਰੀਸ਼ ਪੁਰੀ, ਪ੍ਰੋ: ਮਲਵਿੰਦਰਜੀਤ ਸਿੰਘ ਵੜੈਚ, ਡਾ: ਗੁਰਦੇਵ ਸਿੰਘ ਸਿੱਧੂ ਆਦਿ ਪ੍ਰਮੁੱਖ ਹਨ। ਮੇਰਾ ਵਿਸਵਾਸ਼ ਹੈ ਕਿ ਜੇਕਰ ਇਹਨਾਂ ਲਹਿਰਾਂ ਉੱਤੇ ਭਾਵੁਕਤਾ ਤੋਂ ਉਤਾਂਹ ਉਠ ਕੇ ਕੁਝ ਕੁ ਠੋਸ ਗੱਲਾਂ ਵੀ ਕੀਤੀਆਂ  ਜਾਣ ਅਤੇ ਸੁਹਿਰਦ ਪੰਜਾਬੀਆਂ ਦੇ ਨਾਲ ਨਾਲ ਗੈਰ ਪੰਜਾਬੀਆਂ ਤੱਕ ਪੁਚਾਈਆਂ ਜਾਣ ਤਾਂ ਗਦਰ ਪਾਰਟੀ ਲਹਿਰ ਬਾਰੇ ਸਮੁੱਚੇ ਬਿੰਬ ਵਿੱਚ ਵੀ ਸਾਰਥਕ ਵਾਧਾ ਹੋਵੇਗਾ।

ਆਤਮਜੀਤ ਨੂੰ ਮੈਂ ਇਕ ਵਾਰ ਪੁੱਛਿਆ ਕਿ 1914-15 ਦੇ ਦੇਸ਼ ਭਗਤ ਗਦਰੀ ਬਾਬਿਆਂ ਦੀ ਦੇਣ ਬਾਰੇ ਉਨ੍ਹਾਂ ਦਾ ਕੀ ਵਿਚਾਰ ਹੈ ਤਾਂ ਉਸ ਨੇ ਦੱਸਿਆ ਕਿ ਗਦਰ ਪਾਰਟੀ ਦੇ ਬਾਬਿਆਂ ਨੇ ਸਾਨੂੰ ਮਨੁੱਖੀ ਆਜਾਦੀ ਦੇ ਮੂਲ ਫਿਕਰ ਨੂੰ ਆਪਣੀਆਂ ਜਾਨਾਂ ਦੇ ਕੇ ਜਿੰਦਾ  ਰੱਖਣ ਦਾ ਕਾਰਜ ਕੀਤਾ। ਧਰਮ, ਜਾਤ, ਖਿੱਤੇ ਅਤੇ ਵਿਚਾਰਧਾਰਾ ਤੋਂ ਉੱਤੇ ਉਠ ਕੇ ਇਸ ’ਆਜਾਦੀ’ ਬਾਰੇ ਸੋਚਣ ਦੀ ਸਮਝ ਦਿੱਤੀ; ਮੈਂ ਤਾਂ ਕਹਾਂਗਾ ਕਿ ਉਹਨਾਂ ਨੇ ਮੁਲਕ ਤੋਂ ਵੀ ਉਚਾ ਸੋਚਣ ਦੀ ਤਾਕਤ ਦਰਸਾਈ। ਉਹ ਹਿੰਦੁਸਤਾਨੀ ਸਨ, ਸਿਰਫ ਇਸ ਲਈ ਉਹ ਹਿੰਦੁਸਤਾਨ ਨੂੰ ਆਪਣੇ ਸੰਘਰਸ ਦੇ ਵਿਚਕਾਰ ਰੱਖ ਰਹੇ ਸਨ; ਇਹ ਰਿਸਤੇ ਦਾ ਡੋਰੀ ਹੈ, ਸੋਚ ਦੀ ਕਮਜੋਰੀ ਨਹੀਂ। ਉਹਨਾਂ ਦੇ ਫਿਕਰ ਇਲਾਕਾਈ ਨਹੀਂ ਸਨ, ਲੋਕਾਈ ਸਨ। ਆਸ ਦਿੱਤੀ ਹੈ, ਅਸੰਭਵ ਨੰ ਸੰਭਵ ਕਰਨ ਦੀ ਆਸ; ਕਿਉਂਕਿ ਉਹਨਾਂ ਦੀ ਅਸਫਲਤਾ ਵਿੱਚੋਂ ਵੀ ਨਾਇਕਤਵ ਉਭਰਦਾ ਹੈ । ਆਪਣੀ ਆਰਥਕਤਾ ਦੀ ਬਿਹਤਰੀ ਲਈ ਤਤਪਰ ਰਹਿੰਦਿਆਂ ਵੀ ਆਰਥਿਕਤਾ ਨੂੰ ਹੀ ਮੂਲ ਸਰੋਕਾਰ  ਬਣਾਉਣ ਤੋਂ ਬਚਣ ਦਾ ਮਾਡਲ ਦਿੱਤਾ ਹੈ।

ਡਾ: ਆਤਮਜੀਤ ਨੇ ਗਦਰ ਐਕਸਪ੍ਰੈਸ ਤੋਂ ਪਹਿਲਾਂ ਅਫਰੀਕਾ ਦੀ ਜੰਗੇ ਆਜ਼ਾਦੀ ਦੇ ਪੰਜਾਬੀ ਨਾਇਕ ਕਾਮਰੇਡ ਮੱਖਣ ਸਿੰਘ ਦੀ ਜੀਵਨੀ ਅਤੇ ਕਰਮ ਤੇ ਅਧਾਰਿਤ ਇੱਕ ਨਾਟਕ ‘ਮੁੰਗੂ ਕਾਮਰੇਡ’ ਲਿਖਿਆ । ਇਸ ਨਾਟਕ ਦਾ ਅੰਗਰੇਜ਼ੀ ਅਤੇ ਹਿੰਦੀ ਅਨੁਵਾਦ ਵੀ ਨਾਲੋ ਨਾਲ ਹੋ ਗਿਆ ਹੈ। ਉਸ ਦਾ ਅਸਲ ਉਦੇਸ਼ ਇਤਿਹਾਸ ਦੇ ਉਨ੍ਹਾਂ ਵਰਕਿਆਂ ਦੀ ਪੇਸ਼ਕਾਰੀ ਹੈ ਜਿਨ੍ਹਾਂ ਨੂੰ ਪੰਜਾਬੀ ਜਣ ਮਾਨਸ ਨੇ ਅਣਗੌਲਿਆ ਕਰਨ ਦੀ ਗੁਸਤਾਖੀ ਕੀਤੀ ਹੈ। ਅਫਰੀਕਾ ਵਿੱਚ ਤਾਂ ਕਾਮਰੇਡ ਮੱਖਣ ਸਿੰਘ ਰੱਬ ਵਾਂਗ ਮੰਨਿਆ ਜਾਂਦਾ ਹੈ ਪਰ ਸਾਡੇ ਜੀਆਂ ਨੂੰ ਉਸ ਦੀ ਕੋਈ ਜਾਣਕਾਰੀ ਹੀ ਨਹੀਂ। ਇਨ੍ਹਾਂ ਦੋਹਾਂ ਨਾਟਕਾਂ ਦੇ ਲਿਖਣ ਉਪਰੰਤ ਰੂਹ ਦੇ ਰੱਜ ਬਾਰੇ ਜਦ ਮੈਂ ਉਸ ਨੂੰ ਪੁੱਛਿਆ ਤਾਂ ਉਸ ਦਾ ਉੱਤਰ ਸੀ ਕਿ ਮੂੰਗੂ ਕਾਮਰੇਡ ਅਤੇ ’ਗਦਰ ਐਕਸਪ੍ਰੈਸ’ ਨੇ ਮੈਥੋਂ ਬਹੁਤ ਮਿਹਨਤ ਕਰਵਾਈ  ਪਰ ਇਹ ਮੇਰੇ ਲਈ ਕੋਈ ਨਵੀਂ ਗੱਲ ਨਹੀਂ ਸੀ। ਨਵੀਂ ਗੱਲ ਇਹ ਹੈ ਕਿ ਇਹਨਾਂ ਦੋਹਾਂ ਨਾਟਕਾਂ ਦੀ ਸਮੱਗਰੀ ਸਾਧਾਰਨ ਪਾਠਕ ਲਈ ਸੱਜਰੀ ਹੈ। ਉਹ ਜਦੋਂ ਇਸ ਨੂੰ ਪੜ੍ਹਨਗੇ ਜਾਂ ਦੇਖਣਗੇ ਤਾਂ ਆਪਣੇ ਅਤੀਤ ਵੱਲ ਇੱਕ ਚਿੰਤਨਮੁਖੀ ਝਾਤੀ ਜਰੂਰ ਮਾਰਨਗੇ। ਉਹਨਾਂ ਦਾ ਅਤੀਤ ਉਹਨਾਂ ਨੂੰ ਗੌਰਵ ਜਰੂਰ ਦੇਵੇਗਾ; ਪਰ ਇਹ ਗੌਰਵ ਅਹੰਕਾਰ ਵਾਲਾ ਨਹੀਂ ਹੋਵੇਗਾ। ਇਹ ਨਾਟਕ ਇਤਿਹਾਸ ਨਾਲ ਸੰਵਾਦ ਵੀ ਰਚਾਉਂਦੇ ਹਨ। ਇਸ ਸੰਵਾਦ ਦੀਆਂ ਧੁਨੀਆਂ ਵਿੱਚ ਸਾਡੇ ਅਜੋਕੇ ਜੀਵਨ ਦੀ ਸਾਰਥਕਤਾ ਦੇ ਕੁਝ ਸਵਾਲ ਲੁਕੇ ਹੋਏ ਹਨ। ਮੇਰਾ ਵਿਸਵਾਸ ਹੈ ਕਿ ਉਹ ਪ੍ਰਸਨ ਪਾਠਕਾਂ ਨੂੰ ਭਾਵੁਕ ਹੁਲਾਰਾ ਦੇਣ ਦੇ ਨਾਲ ਨਾਲ ਬੌਧਿਕ ਹਲੂਣੇ ਵੀ ਦੇਣਗੇ। ਜੇਕਰ ਇਹ ਅੱਧਾ ਸੱਚ ਵੀ ਹੋ ਸਕੇ ਤਾਂ ਇਹ ਮੇਰੀ ਪੂਰੇ ਸਿਰਜਨਾਤਮਕ ਰੱਜ ਵਾਲੀਆਂ ਰਚਨਾਵਾਂ ਹੋਣਗੀਆਂ। ਮੈਨੂੰ ਖੁਸ਼ੀ ਹੈ ਕਿ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਰਗਰਮ ਮੈਂਬਰ ਅਤੇ ਉਚ ਦੁਮਾਲੜੇ ਪੰਜਾਬੀ ਨਾਟਕਕਾਰ ਆਤਮਜੀਤ ਦੀ ਦਸਤਾਰ ਵਿੱਚ ਇਸ ਪੁਰਸਕਾਰ ਨਾਲ ਇਕ ਹੋਰ ਕਲਗੀ ਜੜੀ ਗਈ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>