ਭਾਰਤ ਦੇ ਉੱਜਲ ਭਵਿੱਖ ਲਈ ਵਿਗਿਆਨ ਅਤੇ ਤਕਨਾਲੋਜੀ ਅਧਾਰਿਤ ਖੇਤੀ ਮਹੱਤਵਪੂਰਨ-ਡਾ: ਕੰਗ

ਲੁਧਿਆਣਾ:- 62ਵੇਂ ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣ ਉਪਰੰਤ ਸੰਬੋਧਨ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਹੈ ਕਿ ਸਮਾਜਕ ਵਿਕਾਸ ਲਈ ਸਾਨੂੰ ਸਭ ਨੂੰ ਇਕ ਮੁਠ ਹੋ ਕੇ ਚੱਲਣਾ ਚਾਹੀਦਾ ਹੈ ਕਿਉਂਕਿ ਸਮਾਜ ਅਤੇ ਰਾਸ਼ਟਰ ਦੀ ਤਰੱਕੀ ਵਿੱਚ ਹੀ ਸਾਡੀ ਸਭ ਦੀ ਖੁਸ਼ਹਾਲੀ ਹੈ। ਦੇਸ਼ ਦੀ ਖੇਤੀਬਾੜੀ ਸਥਿਤੀ ਤੇ ਚਾਨਣਾ ਪਾਉਂਦਿਆਂ ਡਾ: ਕੰਗ ਨੇ ਕਿਹਾ ਕਿ ਖੇਤੀਬਾੜੀ ਵਿਕਾਸ ਨਾਲ ਹੀ ਭਾਰਤ ਮਜ਼ਬੂਤ ਗਣਤੰਤਰ ਬਣ ਸਕੇਗਾ ਅਤੇ ਭਾਰਤ ਦੇ ਉੱਜਲ ਭਵਿੱਖ ਲਈ ਵਿਗਿਆਨ ਅਤੇ ਤਕਨਾਲੋਜੀ ਅਧਾਰਿਤ ਖੇਤੀ ਮਹੱਤਵਪੂਰਨ ਹੈ।  ਵਧਦੀ ਆਬਾਦੀ ਦਾ ਢਿੱਡ ਭਰਨ ਲਈ ਲੋੜੀਂਦਾ ਅਨਾਜ ਪੈਦਾ ਕਰਨ ਲਈ ਖੇਤੀਬਾੜੀ ਖੋਜ ਅਤੇ ਵਿਕਾਸ ਕਾਰਜਾਂ ਨੂੰ ਕੌਮੀ ਸੁਰੱਖਿਆ ਵਾਂਗ ਹੀ ਵਿਚਾਰਿਆ ਜਾਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਜੈ  ਜਵਾਨ- ਜੈ ਕਿਸਾਨ ਵੀ ਤਾਂ ਹੀ ਸੁਰੱਖਿਅਤ ਰਹਿ ਸਕੇਗਾ ਜੇਕਰ ਜੈ ਵਿਗਿਆਨ ਵਾਲਾ ਨੁਕਤਾ ਵੀ ਅਪਣਾਇਆ ਜਾਵੇ।
ਡਾ: ਕੰਗ ਨੇ ਯੂਨੀਵਰਸਿਟੀ ਵੱਲੋਂ ਪਾਏ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਦੂਰਦਰਸ਼ੀ ਨੀਤੀਵੇਤਾ ਆਗੂਆਂ ਅਤੇ ਵਿਗਿਆਨੀਆਂ ਦੀ ਮਿਹਨਤ ਅਤੇ ਖੋਜ ਨੂੰ ਖੇਤਾਂ ਵਿੱਚ ਫ਼ਸਲਾਂ ਬੀਜਣ ਵਾਲੇ ਕਿਸਾਨਾਂ ਦੀ ਮਿਹਨਤ ਸਦਕਾ ਹੀ ਸੰਭਵ ਹੋ ਸਕਿਆ। ਉਨ੍ਹਾਂ ਵਿਸ਼ੇਸ਼ ਤੌਰ ਤੇ ਹਾਲ ਵਿੱਚ ਹੀ ਯੂਨੀਵਰਸਿਟੀ ਨੂੰ ਵੱਡ ਅਕਾਰੀ ਖੋਜ ਪ੍ਰਾਜੈਕਟ ਮਿਲਣ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਪੀ ਏ ਯੂ ਦਾ ਨਾਂ ਦੁਨੀਆਂ ਦੇ ਨਕਸ਼ੇ ਤੇ ਉਭਰ ਕੇ  ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਹੁਣ ਬਾਹਰਲੇ ਮੁਲਕਾਂ ਤੋਂ ਸਿਖਿਆਰਥੀਆਂ ਅਤੇ ਖੋਜਾਰਥੀਆਂ ਲਈ ਖਿੱਚ ਦਾ ਕਾਰਨ ਬਣ ਗਈ ਹੈ। ਡਾ: ਕੰਗ ਨੇ ਕਿਹਾ ਕਿ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਦੱਖਣੀ ਅਫਰੀਕਾ ਦੀ ਵਾਲਟਰ ਸਿਸਲੂ ਯੂਨੀਵਰਸਿਟੀ ਵਰਗੇ ਅਦਾਰੇ ਪੀ ਏ ਯੂ ਮਾਡਲ ਨੂੰ ਅਪਣਾਉਣ ਵਿੱਚ ਦਿਲਚਸਪੀ ਦਿਖਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਪੀ ਏ ਯੂ ਦੀ ਵੈੱਬਸਾਈਟ ਬਹੁਤ ਗਤੀਸ਼ੀਲ ਅਤੇ ਸੂਚਨਾ ਭਰਪੂਰ ਬਣ ਗਈ ਹੈ ਜਿਸ ਨੂੰ ਲੱਖਾਂ ਲੋਕ ਦੇਸ਼ਾਂ ਵਿਦੇਸ਼ਾਂ ਵਿੱਚ ਪੜ੍ਹਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨੇ ਸੂਚਨਾ ਅਤੇ ਸੰਚਾਰ ਤਕਨੀਕੀ ਅਤੇ ਬਾਇਓ ਤਕਨਾਲੋਜੀ ਦੇ ਖੇਤਰਾਂ ਵਿੱਚ ਬਹੁਤ ਮਹੱਤਵਪੂਰਨ ਮੁਹਾਰਤ ਹਾਸਿਲ ਕੀਤੀ ਹੈ ਜਿਸ ਦਾ ਡੰਕਾ ਦੇਸ਼ਾਂ ਵਿਦੇਸ਼ਾਂ ਵਿੱਚ ਵੱਜਿਆ ਹੈ। ਕਿਸਾਨ ਮੇਲਿਆਂ ਵਿੱਚ ਪਹਿਲਾਂ ਨਾਲੋਂ ਵਧ ਕਿਸਾਨਾਂ ਦੀ ਆਮਦ ਜਿਥੇ ਯੂਨੀਵਰਸਿਟੀ ਵਿਗਿਆਨੀਆਂ ਨੂੰ ਮਾਣ ਬਖਸ਼ਦੀ ਹੈ ਉਥੇ ਵਿਸਵਾਸ਼ ਦੀ ਕੜੀ ਵੀ ਮਜ਼ਬੂਤ ਕਰਦੀ ਹੈ ਕਿ ਕਿਸਾਨਾਂ ਦਾ ਭਰੋਸਾ ਹੁਣ ਯੂਨੀਵਰਸਿਟੀ ਵਿੱਚ ਪਹਿਲਾਂ ਨਾਲੋਂ ਵਧੇਰੇ ਹੈ। ਡਾ: ਕੰਗ ਨੇ ਕਿਹਾ ਕਿ ਹੁਣ ਵਕਤ ਆ ਗਿਆ ਹੈ ਕਿ ਅਸੀਂ ਸਮੇਂ ਦੀ ਲੋੜ ਨੂੰ ਪਹਿਚਾਣਦੇ ਹੋਏ ਕਿਸਾਨਾਂ ਦੇ ਹਾਣ ਦੀ ਖੋਜ ਕਰੀਏ ਅਤੇ ਕੁਦਰਤੀ ਸੋਮਿਆਂ ਦੀ ਰਾਖੀ ਕਰਨ ਵਾਲੀ ਤਕਨਾਲੋਜੀ ਵਿਕਸਤ ਕਰਦਿਆਂ ਹੋਇਆਂ ਚਿਰਸਥਾਈ ਖੇਤੀਬਾੜੀ ਲਈ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰੀਏ ਤਾਂ ਕਿ ਉਨ੍ਹਾਂ ਦੀ ਹਾਲਤ ਬੇਹਤਰ ਹੋ ਸਕੇ।   ਡਾ: ਕੰਗ ਨੇ ਕਿਹਾ ਕਿ ਇਹ ਬੜੀ ਦੁੱਖ ਦੀ ਗੱਲ ਹੈ ਕਿ ਅੱਜ ਵੀ ਕਿਸਾਨਾਂ ਨੂੰ ਆਰਥਿਕ ਮੰਦੀ ਕਾਰਨ ਮੌਤ ਦੇ ਮੂੰਹ ਵਿੱਚ ਜਾਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਉਪਰਾਲਿਆਂ ਅਤੇ ਵਿਗਿਆਨੀਆਂ ਦੀਆਂ ਕਾਢਾਂ ਨਾਲ ਕਿਰਸਾਨੀ ਦੀ ਹਾਲਤ ਬੇਹਤਰ ਹੋ ਸਕੇਗੀ। ਆਪੋ ਆਪਣੇ ਵਿਸ਼ੇ ਦੇ ਸ਼ਾਹ ਸਵਾਰ ਬਣ ਕੇ ਸਾਨੂੰ ਨਿਰੰਤਰ ਤੁਰਨਾ ਪਵੇਗਾ। ਉਨ੍ਹਾਂ ਸਾਰੀਆਂ ਰੁਕਾਵਟਾਂ ਤੇ ਫਤਿਹ ਪਾਉਣੀ ਹੋਵੇਗੀ ਜਿਨ੍ਹਾਂ ਦੇ ਹੁੰਦਿਆਂ ਖੇਤੀ ਖੋਜ ਦੀ ਰਫ਼ਤਾਰ ਮੱਧਮ ਪੈਂਦੀ ਹੈ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਕੰਗ ਨੇ ਐਨ ਸੀ ਸੀ ਪਰੇਡ ਤੋਂ ਸਲਾਮੀ ਲੈਣ ਉਪਰੰਤ ਪਰੇਡ ਦਾ ਮੁਆਇਨਾ ਕੀਤਾ। ਖੇਤੀਬਾੜੀ ਕਾਲਜ ਦੇ ਵਿਦਿਆਰਥੀਆਂ ਨੇ ਕੌਮੀ ਗੀਤ ਦੀ ਪੇਸ਼ਕਾਰੀ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਹਾਜ਼ਰ ਵਿਗਿਆਨੀਆਂ, ਕਰਮਚਾਰੀਆਂ, ਵਿਦਿਆਰਥੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਲੱਡੂ ਵੰਡ ਕੇ ਖੁਸ਼ੀ ਸ਼ਾਂਝੀ ਕੀਤੀ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਪਿਰਤਪਾਲ ਸਿੰਘ ਲੁਬਾਣਾ ਨੇ ਸੁਆਗਤੀ ਸ਼ਬਦ ਕਹੇ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿੱਚ ਰਾਸ਼ਟਰੀ ਦਿਵਸਾਂ ਨੂੰ ਬੜੇ ਖਲੂਸ ਨਾਲ ਮਨਾਉਣ ਦੀ ਪਿਰਤ ਕਈ ਸਾਲਾਂ ਤੋਂ ਚੱਲ ਰਹੀ ਹੈ। ਅਜਿਹੇ ਮੌਕੇ ਜਿਥੇ ਸਾਨੂੰ ਰਾਸ਼ਟਰੀ ਨਾਇਕਾਂ ਦੀ ਜੱਦੋ ਜਹਿਦ ਅਤੇ ਕੁਰਬਾਨੀ ਨੂੰ ਯਾਦ ਕਰਾਉਂਦੇ ਹਨ ਉਥੇ ਸਾਨੂੰ ਦੇਸ਼ ਪ੍ਰਤੀ ਉਜਾਗਰ ਹੋ ਕੇ ਆਪਣੀ ਡਿਊਟੀ ਨੂੰ ਲਗਨ ਨਾਲ ਨਿਭਾਉਣ ਦੀ ਪ੍ਰੇਰਨਾ ਵੀ ਦਿੰਦੇ ਹਨ। ਅੰਤ ਵਿੱਚ ਡਾ: ਨਿਰਮਲ ਜੌੜਾ, ਡਿਪਟੀ ਡਾਇਰੈਕਟਰ (ਲੋਕ ਸੰਪਰਕ) ਨੇ ਸਭਨਾਂ ਧੰਨਵਾਦ ਕੀਤਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>