ਰਿਸ਼ਤਿਆਂ ਦੇ ਤਾਣੇ ਪੇਟੇ ਨੂੰ ਉਲਝਣ ਤੋ ਬਚਾਉਣ ਲਈ ਕੌਮਾਂਤਰੀ ਪੰਜਾਬੀ ਭਾਈਚਾਰੇ ਨੂੰ ਜਾਗਣ ਦੀ ਲੋੜ-ਰਾਏ ਅਜੀਜ਼ ਉਲਾ ਖਾਨ

ਲੁਧਿਆਣਾ:- ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਾਏਕੋਟ ਵਾਲੇ ਰਾਏ ਕੱਲ੍ਹਾ ਜੀ ਨੂੰ ਸੌਂਪੇ ਗੰਗਾ ਸਾਗਰ ਦੇ ਸੰਭਾਲਕਾਰ ਅਤੇ ਪਾਕਿਸਤਾਨ ਦੀ ਪਾਰਲੀਮੈਂਟ ਦੇ ਸਾਬਕਾ ਮੈਂਬਰ ਪਾਰਲੀਮੈਂਟ ਰਾਏ ਅਜੀਜ਼ ਉਲਾ ਖਾਨ ਨੇ ਉੱਘੇ ਵਿਦਵਾਨ ਡਾ: ਜਲੌਰ ਸਿੰਘ ਖੀਵਾ ਦੀ ਪੁਸਤਕ ‘‘ਪੰਜਾਬੀ  ਸਭਿਆਚਾਰ-ਰਿਸ਼ਤਿਆਂ ਦੀ ਸੰਬਾਦਿਕਤਾ’’ ਨੂੰ ਰਿਲੀਜ਼ ਕਰਦਿਆਂ ਕਿਹਾ ਹੈ ਕਿ ਅੱਜ ਪੁਰਾਣੇ ਭਾਈਚਾਰੇ ਦੀ ਮੁੜ ਸੁਰਜੀਤੀ ਲਈ ਅੱਜ ਕੌਮਾਂਤਰੀ ਪੰਜਾਬੀ ਭਾਈਚਾਰੇ ਨੂੰ ਜਾਗਣ ਦੀ ਲੋੜ ਹੈ ਕਿਉਂਕਿ ਪਦਾਰਥਕ ਦੌੜ ਨੇ ਸਮੁੱਚੇ ਪੰਜਾਬੀ ਰਿਸ਼ਤਿਆਂ ਦੇ ਤਾਣੇ ਬਾਣੇ ਨੂੰ ਉਲਝਾ ਕੇ ਰੱਖ ਦਿੱਤਾ ਹੈ। ਉਨ੍ਹਾਂ ਆਖਿਆ ਕਿ ਮੈਂ ਰਿਸ਼ਤਿਆਂ ਦੀ ਲਾਜ ਨਿਭਾਉਣ ਲਈ ਹੀ ਪਾਕਿਸਤਾਨ ਤੋਂ ਵਿਸ਼ੇਸ਼ ਰੂਪ ਵਿੱਚ ਆਪਣੇ ਇਕ ਹਿੰਦੂ ਮਿੱਤਰ ਦੀ ਬੇਟੀ ਦੀ ਸ਼ਾਦੀ ਵਾਸਤੇ ਰਾਏਕੋਟ ਆਇਆ ਹਾਂ। ਉਨ੍ਹਾਂ ਆਖਿਆ ਕਿ ਅੱਜ 1947 ਤੋਂ ਪਹਿਲਾਂ ਵਾਲੇ ਪੰਜਾਬੀ ਭਾਈਚਾਰੇ ਦੀ ਗੱਲ ਵਾਰ ਵਾਰ ਤੋਰਨ ਦੀ ਲੋੜ ਹੈ ਕਿਉਂਕਿ ਨਵੀਂ ਪੀੜ੍ਹੀ ਉਸ ਤੋਂ ਅਣਭਿੱਜ ਹੋਣ ਕਾਰਨ ਅੱਜ ਆਪੋ ਧਾਪੀ ਵਿੱਚ ਪੈ ਚੁੱਕੀ ਹੈ ਜਿਸ ਕਾਰਨ ਰਿਸ਼ਤਿਆਂ ਦੀ ਬੇਹੁਰਮਤੀ ਹੋ ਰਹੀ ਹੈ। ਬਾਬਾ ਬੁੱਲ੍ਹੇਸ਼ਾਹ ਫਾਉਂਡੇਸ਼ਨ ਵੱਲੋਂ ਗੁਰਦੇਵ ਨਗਰ ਵਿਖੇ ਕਰਵਾਏ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਰਾਏ ਅਜੀਜ਼ ਉਲਾ ਨੂੰ ਤੇਜ ਪ੍ਰਤਾਪ ਸਿੰਘ ਸੰਧੂ ਵੱਲੋਂ ਸ਼੍ਰੀ ਹਰਿਮੰਦਰ ਸਾਹਿਬ ਦਾ ਖਿੱਚਿਆ ਫੋਟੋ ਚਿੱਤਰ ਵੀ ਭੇਂਟ ਕੀਤਾ ਗਿਆ।

ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਗਿੱਲ ਨੇ ਆਖਿਆ ਕਿ ਡਾ: ਜਲੌਰ ਸਿੰਘ ਖੀਵਾ ਮਲਵਈ ਸਭਿਆਚਾਰ ਦੇ ਅੰਦਰੂਨੀ ਸੁਜਿੰਦ ਅਰਥਾਂ ਦਾ ਸਫਲ ਵਿਆਖਿਆਕਾਰ ਹੈ। ਸ: ਜਗਦੇਵ ਸਿੰਘ ਜੱਸੋਵਾਲ ਦਾ ਸੁਨੇਹਾ ਦਿੰਦਿਆਂ ਉਨ੍ਹਾਂ ਆਖਿਆ ਕਿ ਇਹੋ ਜਿਹੇ ਖੋਜੀ ਦਾ ਸਾਡੇ ਸਮਾਜ ਵੱਲੋਂ ਜਿੰਨਾਂ ਵੀ ਆਦਰ ਮਾਣ ਕੀਤਾ ਜਾਵੇ, ਥੋੜ੍ਹਾ ਹੈ। ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਨੇ ਆਖਿਆ ਕਿ ਤਣਾਓ ਗ੍ਰਸਤ ਪੰਜਾਬੀ ਭਾਈਚਾਰੇ ਲਈ ਇਹੋ ਜਿਹੀਆਂ ਕਿਤਾਬਾਂ ਰਾਹ ਦਿਸੇਰਾ ਬਣਨ ਦੀ ਸਮਰੱਥਾ ਰੱਖਦੀਆਂ ਹਨ। ਉਨ੍ਹਾਂ ਆਖਿਆ ਕਿ ਡਾ: ਖੀਵਾ ਨੂੰ ਇਸ ਪੁਸਤਕ ਤੋਂ ਅੱਗੇ ਲੜੀ ਵਧਾਉਣੀ ਚਾਹੀਦੀ ਹੈ ਤਾਂ ਜੋ ਸਮੁੱਚੇ ਤਾਣੇ ਪੇਟੇ ਦੀ ਸੂਝ ਨਵੀਂ ਪਨੀਰੀ ਨੂੰ ਦਿੱਤੀ ਜਾ ਸਕੇ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਅਤੇ ਲੁਧਿਆਣਾ ਅਤੇ ਲਾਹੌਰ ਤੋਂ ਇਕੋ ਵੇਲੇ ਛਪਦੇ ਤ੍ਰੈਮਾਸਕ ਸਾਹਿਤਕ ਪੱਤਰ ‘ਸਾਂਝ’ ਦੇ ਸੰਪਾਦਕ ਡਾ: ਜਗਤਾਰ ਸਿੰਘ ਧੀਮਾਨ ਨੇ ਆਖਿਆ ਕਿ ਗਲੋਬਲ ਪੰਜਾਬੀ ਭਾਈਚਾਰੇ ਨੂੰ ਪੁਰਾਣੇ ਪੰਜਾਬੀ ਸਭਿਆਚਾਰ ਦੇ ਤਾਣੇ ਪੇਟੇ ਬਾਰੇ ਗਿਆਨ ਦੇਣ ਲਈ ਇਸ ਪੁਸਤਕ ਦਾ ਅੰਗਰੇਜ਼ੀ ਅਨੁਵਾਦ ਵੀ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਬੱਚੇ ਵੀ ਵਿਰਸੇ ਤੋਂ ਵਾਕਿਫ ਹੋ ਸਕਣ।
ਬਾਬਾ ਬੁੱਲੇਸ਼ਾਹ ਫਾਉਂਡੇਸ਼ਨ ਦੇ ਚੇਅਰਮੈਨ ਅਤੇ ਰਾਏ ਅਜੀਜ਼ ਉਲਾ ਖਾਨ ਦੇ ਮੇਜ਼ਬਾਨ ਸ: ਗੁਰਚਰਨ ਸਿੰਘ ਸ਼ਿੰਗਾਰ ਨੇ ਆਖਿਆ ਕਿ ਪਵਿੱਤਰ ਪੰਜਾਬੀ ਰਿਸ਼ਤਿਆਂ ਬਾਰੇ ਇਸ ਖੋਜ ਪੁਸਤਕ ਦਾ ਇੱਕ ਪਵਿੱਤਰ ਰੂਪ ਰਾਏ ਅਜੀਜ਼ ਉਲਾ ਖਾਨ ਹੱਥੋਂ ਲੋਕਾਂ ਨੂੰ ਸਮਰਪਿਤ ਕੀਤਾ ਜਾਣਾ ਆਪਣੇ ਆਪ ਵਿੱਚ ਵੱਡੀ ਅਤੇ ਮਾਣਯੋਗ ਘਟਨਾ ਹੈ। ਇੰਗਲੈਂਡ ਤੋਂ ਆਏ ਪ੍ਰੋਫੈਸਰ ਮੋਹਨ ਸਿੰਘ ਫਾਉਂਡੇਸ਼ਨ ਇਕਾਈ ਦੇ ਪ੍ਰਧਾਨ ਸ: ਜਸਵੰਤ ਸਿੰਘ ਗਰੇਵਾਲ ਨੇ ਵੀ ਆਖਿਆ ਕਿ ਡਾ: ਖੀਵਾ ਨੇ ਰਿਸ਼ਤਾ ਨਾਤਾ ਪ੍ਰਬੰਧ ਬਾਰੇ ਅਧਿਐਨ ਕਰਕੇ ਸਾਡੀਆਂ ਅੱਖਾਂ ਖੋਲੀਆਂ ਹਨ। ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਾਬਕਾ ਜਨਰਲ ਸਕੱਤਰ ਪ੍ਰੋ:ਰਵਿੰਦਰ ਭੱਠਲ ਨੇ ਡਾ: ਖੀਵਾ ਵੱਲੋਂ ਸਭਿਆਚਾਰਕ ਅਧਿਐਨ ਅਤੇ ਬਰਜਿੰਦਰਾ ਕਾਲਜ ਫਰੀਦਕੋਟ ਵਿੱਚ ਪੜ੍ਹਾਉਂਦਿਆਂ ਸਭਿਆਚਾਰ ਦੇ ਖੇਤਰ ਵਿੱਚ ਨਿਭਾਈਆਂ ਜਿੰਮੇਂਵਾਰੀਆਂ ਬਾਰੇ ਜਾਣਕਾਰੀ ਦਿੱਤੀ। ਬਾਬਾ ਬੁੱਲ੍ਹੇਸ਼ਾਹ ਫਾਉਂਡੇਸ਼ਨ ਦੇ ਜਨਰਲ ਸਕੱਤਰ ਡਾ: ਨਿਰਮਲ ਜੌੜਾ ਨੇ ਆਖਿਆ ਕਿ ਮੈਨੂੰ ਡਾ: ਖੀਵਾ ਦਾ ਵਿਦਿਆਰਥੀ ਹੋਣ ਦਾ ਮਾਣ ਹਾਸਲ ਹੈ ਅਤੇ ਉਨ੍ਹਾਂ ਵੱਲੋਂ ਦਿੱਤੀ ਸੇਧ ਸਦਕਾ ਹੀ ਮੈਂ ਦੇਸ਼ ਵਿਦੇਸ਼ ਵਿੱਚ ਸਭਿਆਚਾਰ ਦੇ ਖੇਤਰ ਵਿੱਚ ਆਪਣੀ ਪਛਾਣ ਬਣਾ ਸਕਿਆ ਹਾਂ। ਇਸ ਵਾਸਤੇ ਉੱਘੇ ਚਿੰਤਕ ਡਾ: ਪ੍ਰਿਥੀਪਾਲ ਸਿੰਘ ਸੋਹੀ, ਪ੍ਰੋਫੈਸਰ ਹਰਿੰਦਰ ਕੌਰ ਸੋਹੀ, ਹਾਸ ਅਭਿਨੇਤਾ ਅਤੇ ਪੀ ਏ ਯੂ ਅਧਿਆਪਕ ਡਾ: ਜਸਵਿੰਦਰ ਭੱਲਾ, ਪਰਮਪ੍ਰੀਤ ਕੌਰ ਭੱਲਾ, ਸ: ਕੰਵਲਜੀਤ ਸਿੰਘ ਸ਼ੰਕਰ, ਉੱਘੇ ਢਾਡੀ ਰਸ਼ਪਾਲ ਸਿੰਘ ਪਮਾਲ, ਸਤਵਿੰਦਰ ਸਿੰਘ ਪਮਾਲ ਸਮੇਤ ਕਈ ਪ੍ਰਮੁਖ ਵਿਅਕਤੀ ਹਾਜ਼ਰ ਸਨ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>