ਸਹੀ ਕਲਾਕਾਰ ਮੁਹੱਬਤ ਦੇ ਅੰਤਰ ਰਾਸ਼ਟਰੀ ਰਾਜਦੂਤ ਹੁੰਦੇ ਹਨ-ਡਾ: ਕੰਗ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਉਘੇ ਅਸਟ੍ਰੇਲੀਆਈ ਚਿਤਰਕਾਰ ਡੈਨਿਅਲ ਕੌਨਿਲ ਦੀ ਪ੍ਰਦਰਸ਼ਨੀ ਦਾ ਉਦਘਾਟਨ ਕਰਦਿਆਂ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਹੈ ਕਿ ਡੈਨਿਅਲ ਕੌਨਿਲ ਦੇ ਰੂਪ ਵਿੱਚ ਆਸਟਰੇਲੀਆ ਦੇ ਸਮੂਹ ਕਲਾਕਾਰਾਂ ਵੱਲੋਂ ਭਾਰਤੀ ਕਲਾਕਾਰਾਂ ਲਈ ਇਹ ਜੋ ਸੁਨੇਹਾ ਲੈ ਕੇ ਆਏ ਹਨ ਉਹ ਸਾਬਤ ਕਰਦਾ ਹੈ ਕਿ ਕਲਾਕਾਰ ਮੁਹੱਬਤ ਦੇ ਰਾਜਦੂਤ ਹੁੰਦੇ ਹਨ ਅਤੇ ਇਨ੍ਹਾਂ ਲਈ ਦੇਸ਼, ਕੌਮ, ਰੰਗ, ਜਾਤ ਅਤੇ ਨਸਲ ਦੀ ਹੱਦਬੰਦੀ ਕੋਈ ਅਰਥ ਨਹੀਂ ਰੱਖਦੀ। ਡਾ: ਕੰਗ ਨੇ ਆਖਿਆ ਕਿ ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀ ਸਿੱਖ ਨੌਜਵਾਨਾਂ ਦੇ ਮੁਹਾਂਦਰੇ ਵਿਚੋਂ ਵਿਸ਼ਵ ਅਮਨ ਅਤੇ ਹਿੰਮਤ ਲਈ ਤਾਂਘ ਦੇ ਦਰਸ਼ਨ ਕਰਨੇ ਅਤੇ ਕਰਵਾਉਣੇ ਡੈਨਿਅਲ ਦੀ ਕਲਾ ਪ੍ਰਾਪਤੀ ਕਹੀ ਜਾ ਸਕਦੀ ਹੈ।
ਇਸ ਪ੍ਰਦਰਸ਼ਨੀ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਕਵੀ ਡਾ: ਸੁਰਜੀਤ ਪਾਤਰ ਨੇ ਆਖਿਆ ਕਿ ਡੈਨਿਅਲ ਨੇ ਤਿੰਨ ਵਰ੍ਹੇ ਪਹਿਲਾਂ ਚੰਡੀਗੜ੍ਹ ਪੋਇਟਰੀ ਫੈਸਟੀਵਲ ਵਿੱਚ ਮੇਰੀ ਇਨ੍ਹਾਂ ਨਾਲ ਮੁਲਾਕਾਤ ਹੋਈ ਅਤੇ ਉਦੋਂ ਵੀ ਉਹ ਸਿੱਖ ਮੁਹਾਂਦਰਿਆਂ ਨੂੰ ਚਿਤਰ ਰਹੇ ਸਨ। ਇਸੇ ਫੈਸਟੀਵਲ ਦੌਰਾਨ ਹੀ ਇਨ੍ਹਾਂ ਨੇ ਮੇਰਾ ਅਤੇ ਡਾ: ਸਤਿੰਦਰ ਸਿੰਘ ਨੂਰ ਦਾ ਮੁਹਾਂਦਰਾ ਚਿਤਰਿਆ ਜੋ ਕਿ ਮੇਰੀ ਪ੍ਰਾਪਤੀ ਹੈ। ਉਨ੍ਹਾਂ ਆਖਿਆ ਕਿ ਦੇਸ਼ ਦੇ ਸਮੂਹ ਸ਼ਾਇਰਾਂ, ਕਲਾਕਾਰਾਂ ਅਤੇ ਚਿੰਤਕਾਂ ਵੱਲੋਂ ਡੈਨਿਅਲ ਕੌਨਿਲ ਦੇ ਇਸ ਉਦਮ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ ਕਿਉਂਕਿ ਇਹ ਦੋ ਦੇਸ਼ਾਂ, ਦੋ ਕੌਮਾਂ ਵਿਚਕਾਰ ਭਰਮ ਤੋੜਨ ਲਈ ਆਪਣੇ ਬੁਰਸ਼ ਦੀ ਵਰਤੋਂ ਕਰ ਰਿਹਾ ਹੈ। ਉਨ੍ਹਾਂ ਆਖਿਆ ਕਿ ਕਲਾ ਦਾ ਮਨੋਰਥ ਵੀ ਮੁਹੱਬਤ ਦਾ ਬੂਟਾ ਪਾਲਣਾ ਹੁੰਦਾ ਹੈ।

ਸ਼੍ਰੀ ਡੈਨਿਅਲ ਕੌਨਿਲ ਨੇ ਆਪਣੀਆਂ ਵਿਸ਼ਵਾਸ਼ ਸੀਰੀਜ਼ ਦੀਆਂ ਪੇਟਿੰਗਜ਼ ਦਾ ਪਿਛੋਕੜ ਦਸਦਿਆਂ ਆਖਿਆ ਕਿ ਆਸਟ੍ਰੇਲੀਆ ਵਿੱਚ ਟੈਕਸੀ ਚਾਲਕ ਲਖਵੀਰ ਸਿੰਘ ਦੇ ਵਿਹਾਰ ਨੇ ਮੈਨੂੰ ਪ੍ਰੇਰਿਤ ਕੀਤਾ ਕਿ ਮੈਂ ਇਨ੍ਹਾਂ ਸੂਰਬੀਰ ਵਿਰਾਸਤ ਵਾਲੇ ਨੌਜੁਆਨਾਂ ਦੇ ਮੁਹਾਂਦਰੇ ਚਿੱਤਰਾਂ। ਉਨ੍ਹਾਂ ਆਖਿਆ ਕਿ ਪੰਜਾਬੀਆਂ ਵੱਲੋਂ ਮਿਲੀ ਮੁਹੱਬਤ ਪ੍ਰਾਹੁਣਚਾਰੀ ਅਤੇ ਸਲੀਕਾ ਭਰਪੂਰ ਸੁਆਗਤ ਦਾ ਮੈਂ ਹਮੇਸ਼ਾਂ ਰਿਣੀ ਰਹਾਂਗਾ। ਉਨ੍ਹਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਜਿੰਨੀ ਅਪਣੱਤ ਅਤੇ ਪਿਆਰ ਨਾਲ ਮੈਨੂੰ ਇਹ ਪ੍ਰਦਰਸ਼ਨੀ ਲਾਉਣ ਲਈ ਸਹਿਯੋਗ ਦਿੱਤਾ ਹੈ ਉਹ ਮਿਸਾਲੀ ਹੈ।

ਇਹ ਪ੍ਰਦਰਸ਼ਨੀ ਫਰਵਰੀ 3 ਤੋਂ 9 ਤਕ ਯੂਨਵਰਸਿਟੀ ਦੀ ਡਾ ਮਹਿਂੰਦਰ ਸਿੰਘ ਰੰਧਾਵਾ ਆਰਟ ਗੈਲਰੀ ਜਾਰੀ ਰਹੇਗੀ।  ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਨੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਅਤੇ ਡਾ: ਸੁਰਜੀਤ ਪਾਤਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਕਲਾਕਾਰ ਦੀ ਹੌਸਲਾ ਅਫਜ਼ਾਈ ਕਰਨ ਦੇ ਨਾਲ ਨਾਲ ਇਸ ਆਰਟ ਗੈਲਰੀ ਵਿੱਚ ਸਮੂਹ ਕਲਾਕਾਰਾਂ ਨੂੰ ਉਤਸ਼ਾਹ ਦਿੱਤਾ ਹੈ। ਇਸ ਮੌਕੇ ਖੇਤੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ, ਹੋਮ ਸਾਇੰਸ ਕਾਲਜ ਦੀ ਡੀਨ ਡਾ: ਨੀਲਮ ਗਰੇਵਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਪੁਸ਼ਪਿੰਦਰ ਸਿੰਘ ਔਲਖ ਅਤੇ ਲੁਧਿਆਣਾ ਸ਼ਹਿਰ ਦੇ ਅਨੇਕਾਂ ਕਲਾ ਪ੍ਰਸਤ ਪਹੁੰਚੇ ਹੋਏ ਸਨ। ਇਸ ਪ੍ਰਦਰਸ਼ਨੀ ਵਿੱਚ ਸਹਿਯੋਗੀ ਟੈਕ ਆਰਟ ਗੈਲਰੀ ਲੁਧਿਆਣਾ ਦੇ ਸੰਚਾਲਕ ਸ਼੍ਰੀਮਤੀ ਕਰੁਣਾ ਮਹਿੰਦਰਾ ਅਤੇ ਸ਼੍ਰੀ ਦਿਨੇਸ਼ ਮਹਿੰਦਰਾ ਨੇ ਵੀ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਅਤੇ ਡਾ: ਸੁਰਜੀਤ ਪਾਤਰ ਦਾ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸੁਆਗਤ ਕੀਤਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>