ਲੱਖੀ ਸ਼ਾਹ ਵਣਜਾਰਾ ਹਾਲ, ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਯੂਥ ਵਿੰਗ ਦੀ ਹੋਈ ਭਰਵੀਂ ਕਨਵੈਨਸ਼ਨ

ਜਿਸ ਉਤਸ਼ਾਹ ਅਤੇ ਜੋਸ਼ ਨਾਲ ਸਿੱਖ ਨੌਜਵਾਨ ਇਸ ਕਨਵੈਨਸ਼ਨ ਵਿਚ ਸ਼ਾਮਲ ਹੋਏ ਹਨ, ਉਸ ਤੋਂ ਢਾਰਸ ਬੱਝਦੀ ਹੈ ਕਿ ਸਾਡੇ ਪਿਛੋਂ ਕੌਮ ਨੂੰ ਸੁੱਚਜੀ ਅਗਵਾਈ ਦੇਣ ਲਈ ਸਿੱਖ ਨੌਜਵਾਨ ਤਿਆਰ ਹੋ ਰਹੇ ਹਨ।  ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਦਿੱਲੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਦਲ ਦੇ ਯੂਥ ਵਿੰਗ ਦੀ ਲੱਖੀ ਸ਼ਾਹ ਵਣਜਾਰਾ ਹਾਲ, ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਹੋਈ ਭਰਵੀਂ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਇਹ ਵਿਚਾਰ ਪ੍ਰਗਟ ਕੀਤੇ।
ਸ. ਸਰਨਾ ਨੇ ਹੋਰ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੇਂਦਰੀ ਮੁਖੀ ਨਿਜ ਸੁਆਰਥ ਤੇ ਸੱਤਾ ਲਾਲਸਾ ਅਧੀਨ ਸਿੱਖ-ਵਿਰੋਧੀ ਸ਼ਕਤੀਆਂ ਸਾਮ੍ਹਣੇ ਆਤਮ-ਸਮਰਪਣ ਕਰਕੇ ਸਿੱਖੀ ਨੂੰ ਢਾਹ ਲਾਉਣ ਵਿਚ ਉਨ੍ਹਾਂ ਨੂੰ ਅੰਨ੍ਹਾ ਸਹਿਯੋਗ ਦੇ ਰਹੇ ਹਨ।  ਇਸੇ ਦਾ ਨਤੀਜਾ ਹੈ ਕਿ ਪੰਜਾਬ ਦਾ ਸਿੱਖ ਨੌਜਵਾਨ ਸਿੱਖੀ ਵਿਰਸੇ ਨਾਲੋਂ ਟੁੱਟਦਾ ਅਤੇ ਪਤਿਤ ਹੁੰਦਾ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਸਿੱਖੀ ਨੂੰ ਲੱਗ ਰਹੀ ਇਸ ਢਾਹ ਤੋਂ ਉਭਾਰਨ ਲਈ ਸਿੱਖ ਨੌਜਵਾਨਾਂ ਨੂੰ ਹੀ ਜ਼ਿੰਮੇਵਾਰੀ ਸੰਭਾਲਣੀ ਹੋਵੇਗੀ।
ਉਨ੍ਹਾਂ ਬਾਦਲ ਅਕਾਲੀ ਦਲ ਦੇ ਮੁਖੀਆਂ ਨੂੰ ਲੰਮੇ ਹੱਥੀਂ ਲੈਦਿਆਂ ਕਿਹਾ ਕਿ ਦਿੱਲੀ ਦੇ ਸਿੱਖਾਂ ਵਲੋਂ ਠੁਕਰਾ ਦਿੱਤੇ ਜਾਣ ਕਾਰਣ ਦਿੱਲੀ ਦੇ ਬਾਦਲਕੇ ਇਤਨੇ ਬੌਖਲਾ ਗਏ ਹੋਏ ਹਨ ਕਿ ਸਿੱਖੀ ਦੀਆਂ ਸਾਰੀਆਂ ਮਾਨਤਾਵਾਂ ਛਿੱਕੇ ਤੇ ਟੰਗ ਗੁਰਧਾਮਾਂ ਨੂੰ ਨੁਕਸਾਨ ਪਹੁੰਚਾਉਣ ਲਈ ਕੂੜ-ਪ੍ਰਚਾਰ ਕਰਨ ਤੇ ਤੁਲ ਗਏ ਹਨ।  ਸ. ਸਰਨਾ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਆਪਣੇ ਕੂੜ-ਪ੍ਰਚਾਰ ਰਾਹੀਂ ਗੁਰਧਾਮਾਂ ਨੂੰ ਜਿਤਨਾ ਨੁਕਸਾਨ ਪਹੁੰਚਾਇਆ ਹੈ, ਉਤਨਾ ਸ਼ਾਇਦ ਦੁਸ਼ਮਣ ਕਦੀ ਵੀ ਨਾ ਪਹੁੰਚਾ ਸਕਦੇ।  ਉਨ੍ਹਾਂ ਨੌਜਵਾਨਾਂ ਨੂੰ ਹਲੂਣਾ ਦਿੰਦਿਆਂ ਕਿਹਾ ਕਿ ਸਿੱਖੀ ਅਤੇ ਸਿੱਖੀ ਮਾਨਤਵਾਂ ਦੀ ਜਿੰਮੇਵਾਰੀ ਤੁਹਾਡੇ ਮੌਢਿਆਂ ਤੇ ਹੈ, ਜਿਥੇ ਤੁਸਾਂ ਸਿੱਖੀ ਸੰਭਾਲ ਦਾ ਝੰਡਾ ਚੁੱਕ ਕੇ ਸਿੱਖੀ ਦੇ ਦੁਸ਼ਮਣਾਂ ਦੀਆਂ ਸਾਜਸ਼ਾਂ ਨੂੰ ਨਾਕਾਮਯਾਬ ਬਣਾਉਣਾ ਹੈ, ਉਥੇ ਹੀ ਸਿੱਖੀ ਦੇ ਸੋਮਿਆਂ ਗੁਰਧਾਮਾਂ ਦੀ ਪਵਿੱਤਰਤਾ ਅਤੇ ਸਿੱਖੀ ਦੀਆਂ ਮਾਨਤਾਵਾਂ, ਮਰਿਆਦਾਵਾਂ ਅਤੇ ਪ੍ਰੰਪਰਾਵਾਂ ਦੀ ਰੱਖਿਆ ਨੂੰ ਯਕੀਨੀ ਬਣਾੳੇੁਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ, ਦਿੱਲੀ ਵਲੋਂ ਜਿੰਮੇਵਾਰੀ ਵੀ ਸੰਭਾਲਣੀ ਹੈ।
ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਤਰਸੇਮ ਸਿੰਘ ਨੇ ਇਸ ਮੌਕੇ ਤੇ ਕਿਹਾ ਕਿ ਨੌਜਵਾਨ ਕਿਸੇ ਵੀ ਕੌਮ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਉਹੀ ਕਿਸੇ ਕੌਮ ਦਾ ਭਵਿੱਖ ਸਿਰਜਣ ਵਿਚ ਮੁਖ ਭੂਮਿਕਾ ਨਿਭਾਉਂਦੇ ਹਨ।  ਉਨ੍ਹਾਂ ਦੇ ਜੀਵਨ ਅਤੇ ਆਚਰਨ ਤੋਂ ਹੀ ਦੁਨੀਆਂ ਕਿਸੇ ਵੀ ਕੌਮ ਦੇ ਭੂਤ, ਵਰਤਮਾਨ ਅਤੇ ਭਵਿੱਖ ਦਾ ਅਨੁਮਾਨ ਲਾਉਂਦੀ ਹੈ।  ਇਹੀ ਕਾਰਣ ਹੈ ਕਿ ਪੰਜਾਬ ਵਿਚ ਸਿੱਖ-ਵਿਰੋਧੀ ਸ਼ਕਤੀਆਂ ਨੇ ਮੁਖ ਰੂਪ ਵਿਚ ਸਿੱਖ ਨੌਜਵਾਨਾਂ ਨੂੰ ਹੀ ਸਿੱਖੀ ਵਲੋਂ ਉਪਰਾਮ ਕਰਕੇ ਸਿੱਖ ਕੌਮ ਨੂੰ ਕਮਜ਼ੋਰ ਕਰਨ ਦੀ ਸਾਜਸ਼ ਨੂੰ ਸਿਰੇ ਚੜ੍ਹਾਉਣ ਲਈ ਲੱਕ ਬੰਨ੍ਹ ਲਿਆ ਹੈ।  ਸਿੱਖੀ ਦੀ ਰੱਖਿਆ ਲਈ ਜਿੰਮੇਵਾਰ ਜੱਥੇਬੰਦੀ ਦੇ ਮੁਖੀ ਇਸ ਸਾਜਸ਼ ਨੂੰ ਸਮਝਣ ਪੱਖੋਂ ਅਵੇਸਲੇ ਹੋਏ ਬੈਠੇ ਹਨ।  ਜਿਸ ਦਾ ਦੁਸ਼ਮਣ ਭਰਪੂਰ ਲਾਭ ਉਠਾ ਰਿਹਾ ਹੈ।
ਯੂਥ ਵਿੰਗ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾਜੀ ਨੇ ਇਸ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਆਗੂਆਂ ਨੂੰ ਭਰੋਸਾ ਦੁਆਇਆ ਕਿ ਦਿੱਲੀ ਦਾ ਸਿੱਖ ਨੌਜਵਾਨ ਉਨ੍ਹਾਂ ਦੀ ਅਗਵਾਈ ਵਿਚ ਆਪਣੀ ਜ਼ਿੰਮੇਵਾਰੀ ਨਿਭਾਉਣ ਪ੍ਰਤੀ ਪੂਰੀ ਤਰ੍ਹਾਂ ਚੇਤੰਨ ਹੈ ਅਤੇ ਦੁਸ਼ਮਣ ਦੀ ਸਾਜਸ਼ ਨੂੰ ਕਿਸੇ ਵੀ ਕੀਮਤ ਤੇ ਸਫਲ ਨਹੀਂ ਹੋਣ ਦੇਵੇਗਾ।
ਯੂਥ ਵਿੰਗ ਦੇ ਮੁਖ ਸਰਪ੍ਰਸਤ ਜ. ਗੁਰਚਰਨ ਸਿੰਘ ਗਤਕਾ ਮਾਸਟਰ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦਿੱਲੀ ਦੇ ਸਿੱਖ ਨੌਜਵਾਨਾਂ ਨੂੰ ਸਿੱਖੀ ਵਿਰਸੇ ਨਾਲ ਜੋੜੀ ਰੱਖਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸਿੱਖ ਨੌਜਵਾਨਾਂ ਦੇ ਨਾਲ ਲਗਾਤਾਰ ਸੰਪਰਕ ਬਣਾਈ ਰੱਖਣ ਲਈ ਪ੍ਰੋਗਰਾਮ ਵੀ ਉਲੀਕੇ ਜਾ ਰਹੇ ਹਨ।  ਉਨ੍ਹਾਂ ਕਿਹਾ ਕਿ ਸਿੱਖੀ ਸਰੂਪ ਵਿਚ ਪਰਪੱਕ ਹਜ਼ਾਰਾਂ ਨੌਜਵਾਨਾਂ ਦਾ ਇਹ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਚਾਰ ਦੇ ਖੇਤਰ ਵਿਚ ਸੰਭਾਲੀ ਹੋਈ ਜਿੰਮੇਵਾਰੀ ਬਹੁਤ ਹੀ ਸੁਚੱਜੇ ਢੰਗ ਨਾਲ ਨਿਭ ਰਹੀ ਹੈ।
ਇਸ ਮੌਕੇ ਤੇ ਯੂਥ ਆਗੂ ਡਾ. ਨਿਸ਼ਾਨ ਸਿੰਘ ਮਾਨ, ਸ. ਅਮਰਜੀਤ ਸਿੰਘ ਦੂਆ, ਸ. ਬਲਵਿੰਦਰ ਸਿੰਘ ਭੁੱਲਰ(ਪੰਜਾਬ ਇਕਾਈ ਦੇ ਮੁਖੀ) ਆਦਿ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਗੁਰਮੀਤ ਸਿੰਘ ਸ਼ੰਟੀ ਨੇ ਸਟੇਜ ਸਕੱਤਰ ਦੀਆਂ ਜਿੰਮੇਵਾਰੀਆਂ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈਆਂ।
ਇਸ ਮੌਕੇ ਤੇ ਦਸ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ।  ਜਿਨ੍ਹਾਂ ਵਿਚੋਂ ਪਹਿਲਾ ਮਤਾ ਸ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਪੇਸ਼ ਕਰਦਿਆਂ ਕਿਹਾ ਕਿ ਸਿੱਖ-ਜਗਤ ਦੇ ਸਾਂਝੇ ਕੇਂਦਰੀ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਿੱਖ ਕੌਮ ਦੀ ਵੱਖਰੀ ਕੌਮ ਦੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਕੁਝ ਰਾਜਸੀ ਸ਼ਕਤੀਆਂ ਨੇ ਆਪਣੇ ਅਯੋਗ ਦਖਲ ਨਾਲ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਕ੍ਰਿਪਾ ਕਰਕੇ ਦੁਨੀਆਂ ਭਰ ਦੀਆਂ ਸਿੱਖ ਸੰਗਤਾਂ ਦੇ ਜ਼ਜ਼ਬਾਤਾਂ ਅਨੁਸਾਰ ਇਸ ਕੈਲੰਡਰ ਦੇ 2003 ਵਾਲੇ ਸਰੂਪ ਨੂੰ ਹੀ ਬਹਾਲ ਰੱਖਣ ਦੀ ਕ੍ਰਿਪਾਲਤਾ ਕੀਤੀ ਜਾਵੇ ਤਾਂਕਿ ਸਿੱਖ ਜਗਤ ਦੀ ਆਪਸੀ ਖਹਿਬਾਜ਼ੀ ਖਤਮ ਹੋ ਸਕੇ।
ਦੂਜਾ ਮਤਾ ਪ੍ਰੋ. ਹਰਮਿੰਦਰ ਸਿੰਘ ਮੁਕਰਜੀ ਨੇ ਪੇਸ਼ ਕਰਦਿਆਂ ਕਿਹਾ ਕਿ ਸਮੁੱਚੇ ਸਿੱਖ ਜਗਤ ਨੂੰ ਦਿਲ ਦੀਆਂ ਗਹਿਰਾਈਆਂ ਵਿਚੋਂ ਪੁਰਜ਼ੋਰ ਸ਼ਬਦਾਂ ਵਿਚ ਅਪੀਲ ਕੀਤੀ ਜਾਂਦੀ ਹੈ ਕਿ ਪੰਜਾਬ ਵਿਚੋਂ ਬੜੇ ਯੋਜਨਾਬੱਧ ਤਰੀਕੇ ਨਾਲ ਖਤਮ ਕੀਤੇ ਜਾ ਰਹੇ ਸਿੱਖ ਧਰਮ ਦੇ ਸਿਧਾਂਤ ਤੇ ਸਰੂਪ ਨੂੰ ਬਚਾਉਣ ਲਈ ਸਮੂਹ ਪੰਥ-ਦਰਦੀ ਅੱਗੇ ਆਉਣ ਤਾਂਕਿ ਗੁਰੂ ਸਾਹਿਬਾਨ ਅਤੇ ਸਿੱਖ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਪ੍ਰਫੁੱਲਿਤ ਹੋਈ ਸਿੱਖੀ ਨੂੰ ਹੋਣ ਵਾਲੇ ਅਥਾਹ ਨੁਕਸਾਨ ਤੋਂ ਬਚਾਇਆ ਜਾ ਸਕੇ।
ਤੀਜਾ ਮਤਾ ਪੇਸ਼ ਕਰਦਿਆਂ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਤਰਸੇਮ ਸਿੰਘ ਨੇ ਕਿਹਾ ਕਿ ਸਿੰਘ ਸਭਾ ਲਹਿਰ ਪਿਛੋਂ ਚੱਲੀ ਗੁਰਦੁਆਰਾ ਸੁਧਾਰ ਲਹਿਰ ਸਮੇਂ ਗੁਰਦੁਆਰਿਆਂ ਨੂੰ ਮਹੰਤਾਂ ਪਾਸੋਂ ਅਜ਼ਾਦ ਕਰਵਾ ਕੇ ਸਾਰੇ ਸਿੱਖ ਜਗਤ ਲਈ ਇਕ ਕੇਂਦਰੀ ਸਿੱਖ ਰਹਿਤ ਮਰਿਆਦਾ ਤਿਆਰ ਕੀਤੀ ਗਈ ਸੀ, ਜਿਸ ਨੂੰ ਸਮੁੱਚੇ ਪੰਥ ਨੇ ਪ੍ਰਵਾਨ ਕੀਤਾ।  ਜੋ ਕਿ ਸਿੱਖ ਜਗਤ ਦੀ ਭਾਈਚਾਰਕ ਸਾਂਝ ਬਣਾ ਕੇ ਰੱਖਣ ਵਿਚ ਬੜੀ ਕਾਰਗਰ ਸਿੱਧ ਹੋਈ ਹੈ।  ਪਰ ਪਿਛਲੇ ਕੁਝ ਸਮੇਂ ਤੋਂ ਕਈ ਡੇਰੇਦਾਰ ਅਤੇ ਪੰਥ ਵਿਰੋਧੀ ਤਾਕਤਾਂ ਇਸ ਯਤਨ ਵਿਚ ਹਨ ਕਿ 1945 ਵਾਲੀ ਸਿੱਖ ਰਹਿਤ ਮਰਿਆਦਾ ਨੂੰ ਬਦਲ ਕੇ ਇਸ ਨੂੰ ਬ੍ਰਾਹਮਣੀ ਰੰਗਤ ਦੇ ਦਿੱਤੀ ਜਾਵੇ ਤਾਂਕਿ ਸਿੱਖ ਕੌਮ ਦੀ ਬਚੀ ਹੋਈ ਜੱਥੇਬੰਦਕ ਸ਼ਕਤੀ ਵੀ ਖੇਰੂੰ-ਖੇਰੂੰ ਹੋ ਜਾਵੇ।  ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਸਬੰਧੀ ਵਿਰੋਧੀ ਤਾਕਤਾਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਜਾਣਾ ਚਾਹੀਦਾ ਹੈ ਕਿ ਉਹ ਆਪਣੀਆਂ ਢਾਹੂ ਸਰਗਰਮੀਆਂ ਬੰਦ ਕਰਕੇ, ਖਾਲਸਾ ਪੰਥ ਦੀ ਮੁਖ ਧਾਰਾ ਵਿਚ ਸ਼ਾਮਲ ਹੋ ਕੇ ਕੌਮ ਦੀ ਮਜ਼ਬੂਤੀ ਲਈ ਸੇਵਾ ਨਿਭਾਉਣ।  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦ੍ਰਿੜ ਸੰਕਲਪ ਹੈ ਕਿ ਉਹ ਪੰਥ-ਵਿਰੋਧੀ ਸ਼ਕਤੀਆਂ ਦੇ ਕਿਸੇ ਵੀ ਯਤਨ ਨੂੰ ਕਾਮਯਾਬ ਨਹੀਂ  ਹੋਣ ਦੇਵੇਗੀ।
ਚੌਥਾ ਮਤਾ ਸ. ਗੁਰਮੀਤ ਸਿੰਘ ਮੀਤਾ ਨੇ ਪੇਸ਼ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪਿਛਲੇ ਸਮੇਂ ਵਿਚ ਜਿਹੜੇ ਕੁਝ ਮਹੱਤਵਪੂਰਨ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ਵਲੋਂ ਅਤੀਤ ਵਿਚ ਨਿਭਾਈਆਂ ਵੱਡਮੁੱਲੀਆਂ ਸੇਵਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ, ਉਨ੍ਹਾਂ ਦੇ ਸਬੰਧ ਵਿਚ ਮੁੜ ਹਮਦਰਦੀ ਨਾਲ ਵਿਚਾਰ ਕਰ ਲੈਣਾ ਚਾਹੀਦਾ ਹੈ ਤਾਂਕਿ ਸਿੱਖ ਪੰਥ ਅੰਦਰ ਲਗਾਤਾਰ ਵੱਧਦੀ ਜਾ ਰਹੀ ਧੜੇਬੰਦੀ ਨੂੰ ਖਤਮ ਕੀਤਾ ਜਾਏ।
ਪੰਜਵਾਂ ਮਤਾ ਸ਼੍ਰੋਮਣੀ ਅਕਾਲੀ, ਦਿੱਲੀ ਦੇ ਸਕੱਤਰ ਜਨਰਲ ਸ. ਭਜਨ ਸਿੰਘ ਵਾਲੀਆ ਨੇ ਪੇਸ਼ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਨੂੰ ਯਾਦ ਕਰਵਾਇਆ ਜਾਂਦਾ ਹੈ ਕਿ 1984 ਦੇ ਕਾਲੇ ਦਿਨਾਂ ਪਿਛੋਂ ਜਿਹੜੇ ਕੁਝ ਸਿੱਖ ਨੌਜਵਾਨ ਹਾਲਾਤ ਦੀ ਮਜ਼ਬੂਰੀ ਕਾਰਣ ਵਿਦੇਸ਼ਾਂ ਵਿਚ ਚਲੇ ਗਏ ਸਨ, ਦੇਸ਼ ਦੇ ਵੱਡੇ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ, ਉਨ੍ਹਾਂ ਬਾਰੇ ਹਮਦਰਦੀ ਨਾਲ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਸਰਕਾਰ ਵਲੋਂ ਬਣਾਈ ਗਈ ਕਾਲੀ ਸੂਚੀ ਨੂੰ ਤੁਰੰਤ ਖਤਮ ਕਰ ਸਿੱਖ ਕੌਮ ਦੀਆਂ ਦੇਸ਼ ਪ੍ਰਤੀ ਕੀਤੀਆਂ ਕੁਰਬਾਨੀਆਂ ਅਤੇ ਅਜ਼ਾਦੀ ਪਿਛੋਂ ਹਰ ਖੇਤਰ ਵਿਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਦਾ ਮਾਣ-ਸਤਿਕਾਰ ਕਾਇਮ ਰੱਖਿਆ ਜਾ ਸਕੇ।
ਛੇਵਾਂ ਮਤਾ ਪੇਸ਼ ਕਰਦਿਆਂ ਜ. ਗੁਰਚਰਨ ਸਿੰਘ ਗਤਕਾ ਮਾਸਟਰ ਨੇ ਕਿਹਾ ਕਿ ਅਫਗਾਨਿਸਤਾਨ ਤੋਂ ਹਿਜਰਤ ਕਰਕੇ ਭਾਰਤ ਪਹੁੰਚੇ ਹਿੰਦੂ ਤੇ ਸਿੱਖਾਂ ਨੂੰ ਕਰੀਬ ਦੋ ਦਹਾਕੇ ਹੋਣ ਵਾਲੇ ਹਨ, ਅੱਜ ਦਾ ਇਹ ਇਕੱਠ ਕੇਂਦਰ ਸਰਕਾਰ ਪਾਸੋਂ ਜ਼ੋਰਦਾਰ ਲਫਜ਼ਾਂ ਵਿਚ ਮੰਗ ਕਰਦਾ ਹੈ ਕਿ ਭਾਰਤੀ ਮੂਲ ਦੇ ਇਨ੍ਹਾਂ ਅਫਗਾਨੀ ਹਿੰਦੂ-ਸਿੱਖਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕੀਤਾ ਜਾਵੇ ਅਤੇ ਬਿਨਾਂ ਦੇਰੀ ਤੋਂ ਸਾਰਿਆਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਜਾਵੇ।
ਸ੍ਰੋਮਣੀ ਅਕਾਲੀ ਦਲ, ਦਿੱਲੀ ਦੇ ਯੂਥ ਵਿੰਗ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾਜੀ ਨੇ ਸੱਤਵਾਂ ਮਤਾ ਪੇਸ਼ ਕਰਦਿਆਂ ਕਿਹਾ ਕਿ ਸਿੱਖ ਜਗਤ ਬੜੀ ਦੇਰ ਤੋਂ ਮੰਗ ਕਰਦਾ ਆ ਰਿਹਾ ਹੈ ਕਿ ਸਿੱਖਾਂ ਦੇ ਵਿਆਹ-ਸ਼ਾਦੀਆਂ ਰਜਿਸਟਰ ਕਰਨ ਲਈ ਅਨੰਦ ਮੈਰਿਜ ਐਕਟ ਬਣਾਇਆ ਜਾਵੇ।  ਸਰਕਾਰ ਨੇ ਬੇਸ਼ੱਕ ਇਸ ਪਾਸੇ ਵੱਲ ਕੁਝ ਕਦਮ ਵਧਾਏ ਵੀ ਹੋਏ ਹਨ।  ਪਰ ਇਹ ਐਕਟ ਛੇਤੀ ਤੋਂ ਛੇਤੀ ਬਣਾ ਕੇ ਸਿੱਖਾਂ ਦੀ ਚਿਰੋਕਣੀਂ ਮੰਗ ਪੂਰੀ ਕੀਤੀ ਜਾਣੀ ਚਾਹੀਦੀ ਹੈ।
ਯੂਥ ਵਿੰਗ ਦੇ ਮੁਖੀ ਡਾ. ਨਿਸ਼ਾਨ ਸਿੰਘ ਮਾਨ ਨੇ ਅੱਠਵਾਂ ਮਤਾ ਪੇਸ਼ ਕਰਦਿਆਂ ਕਿਹਾ ਕਿ ਦਿੱਲੀ ਦੇ ਸਮੂਹ ਸਿੱਖ ਨੌਜਵਾਨਾਂ ਨੂੰ ਇਸ ਮੌਕੇ ਤੇ ਵਿਸ਼ੇਸ਼ ਤੋਰ ’ਤੇ ਸੁਨੇਹਾ ਦਿੱਤਾ ਜਾਂਦਾ ਹੈ ਕਿ ਉਹ ਖਾਲਸਾ-ਪੰਥ ਪ੍ਰਤੀ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਲਈ ਕਮਰਕੱਸੇ ਕਰਨ ਅਤੇ ਧਰਮ ਪ੍ਰਚਾਰ ਦੀਆਂ ਸੇਵਾਵਾਂ ਨੂੰ ਆਪੋ-ਆਪਣੇ ਇਲਾਕਿਆਂ ਵਿਚ ਚਲਾਉਣ ਲਈ, ਆਪਣੀ ਬਣਦੀ ਜ਼ਿੰਮੇਵਾਰੀ ਅਦਾ ਕਰਨ।
ਨੌਵਾਂ ਮਤਾ ਪੇਸ਼ ਕਰਦਿਆਂ ਜ. ਬਲਦੇਵ ਸਿੰਘ ਰਾਣੀਬਾਗ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਭਾਵਿਤ ਚੋਣ ਲਈ ਵੋਟਰ ਸੂਚੀਆਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਜ਼ ‘ਤੇ ‘ਫੋਟੋ ਵਾਲੀਆਂ ਸੂਚੀਆਂ’ ਤਿਆਰ ਕਰਵਾਏ ਤਾਂਕਿ ਪੰਥ ਵਿਰੋਧੀ ਸ਼ਕਤੀਆਂ ਗੁਰਦੁਆਰਾ ਪ੍ਰਬੰਧ ਵਿਚ ਘੁੱਸਪੈਠ ਨਾ  ਕਰ ਸਕਣ।
ਦਸਵਾਂ ਮਤਾ ਪੇਸ਼ ਕਰਦਿਆਂ ਸ. ਗੁਰਦੀਪ ਸਿੰਘ ਗੋਸ਼ਾ ਪ੍ਰਧਾਨ ਯੂਥ ਵਿੰਗ ਪੰਜਾਬ ਇਕਾਈ ਨੇ ਕਿਹਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਆਦੇਸ਼ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਲੁਧਿਆਣਾ ਵਿਖੇ ਆਸ਼ੂਤੋਸ਼ ਦਾ ਸਮਾਗਮ ਹੋਣ ਦਿੱਤਾ ਗਿਆ।  ਜਿਸ ਕਰਕੇ ਉਥੇ ਬੜੀ ਮੰਦਭਾਗੀ ਘਟਨਾ ਵਾਪਰੀ ਅਤੇ ਕੀਮਤੀ ਜਾਨਾਂ ਚਲੀਆਂ ਗਈਆਂ।

ਇਸੇ ਤਰ੍ਹਾਂ ਸੌਦਾ ਸਾਧ (ਸਿਰਸਾ) ਦੇ ਸਮਾਗਮ ਕਰਨ ਉਤੇ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਰੋਕ ਲਗਾਈ ਗਈ ਹੋਈ ਹੈ।  ਪਰ ਬਿਨਾਂ ਕਿਸੇ ਰੋਕ ਤੋਂ ਉਸ ਦੇ ਸਮਾਗਮ ਹੋਣ ਦਿੱਤੇ ਜਾ  ਰਹੇ ਹਨ ਅਤੇ ਪੰਜਾਬ ਸਰਕਾਰ ਸਿਆਸੀ ਲਾਭ ਕਾਰਣ ਕਿਸੇ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ।  ਸੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸੰਬੰਧਤ ਧਿਰਾਂ ਵਿਰੁੱਧ ਯੋਗ ਕਾਰਵਾਈ ਕੀਤੀ ਜਾਵੇ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>