ਪੰਜਾਬ ਐਂਡ ਸਿੰਧ ਬੈਂਕ ਦਾ ਚੇਅਰਮੈਨ ਕਿਸੇ ਸਿੱਖ ਨੂੰ ਹੀ ਲਗਾਇਆ ਜਾਵੇ- ਜਥੇ. ਅਵਤਾਰ ਸਿੰਘ

ਕੁਰਕੂਸ਼ੇਤਰ:- ਉੱਘੇ ਸਿੱਖ ਵਿਦਵਾਨ ਭਾਈ ਵੀਰ ਸਿੰਘ ਜੀ ਵਲੋਂ ਦੇਸ਼ ਦੀ ਅਰਥ ਵਿਵਸਥਾ ’ਚ ਵੱਡਾ ਯੋਗਦਾਨ ਪਾਉਣ ਅਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਭਾਵਨਾ ਨਾਲ 1908 ’ਚ ਸਥਾਪਤ ਕੀਤੇ ਪੰਜਾਬ ਐਂਡ ਸਿੰਧ ਬੈਂਕ ਦਾ ਚੇਅਰਮੈਨ ਕਿਸੇ ਸਿੱਖ ਨੂੰ ਲਗਾ ਕੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਅੱਜ ਸਥਾਨਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਦੇ ਇਕੱਤਰਤਾ ਹਾਲ ’ਚ ਉਨ੍ਹਾਂ ਦੀ ਪ੍ਰਧਾਨਗੀ ਹੇਠ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਦੱਸਿਆ ਕਿ ਚੇਅਰਮੈਨ ਵਜੋਂ ਸ. ਇੰਦਰਜੀਤ ਸਿੰਘ ਦੀ ਸੁਚੱਜੀ ਅਗਵਾਈ ਹੇਠ ਇਸ ਬੈਂਕ ਦੀਆਂ ਦੇਸ਼-ਵਿਦੇਸ਼ਾਂ ’ਚ ਪੰਜ ਸੌ ਤੋਂ ਵੱਧ ਬ੍ਰਾਚਾਂ ਖੋਲੀਆਂ ਜਿਸ ਵਿਚ ਹਜ਼ਾਰਾਂ ਸਾਬਤ ਸੂਰਤ ਨੌਜਵਾਨ ਸਿੱਖਾਂ ਨੂੰ ਰੁਜ਼ਗਾਰ ਮਿਲਿਆ ਹੈ ਇਸ ਕਰਕੇ ਇਹ ਬੈਂਕ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜਿਆਂ ਹੋਇਆ ਹੈ। ਉਨ੍ਹਾਂ ਦੱਸਿਆ ਕਿ 1980 ਵਿਚ ਇਸ ਬੈਂਕ ਦੇ ਨੈਸ਼ਨੇਲਾਈਜ਼ ਕੀਤੇ ਜਾਣ ਸਮੇਂ ਸਿੱਖ ਆਗੂਆਂ ਦੀ ਮੰਗ ਤੇ ਸਮੇਂ ਦੇ ਪ੍ਰਧਾਨ ਮੰਤਰੀ ਨੇ ਇਸ ਬੈਂਕ ਦਾ ਸਿੱਖੀ ਸਰੂਪ ਕਾਇਮ ਰੱਖਣ ਦਾ ਭਰੋਸਾ ਦਵਾਇਆ ਸੀ ਪਰ ਹੁਣ ਮਿਲ ਰਹੀਆਂ ਤਵਸ਼ੀਸ਼ ਨਾਲ ਖ਼ਬਰਾਂ ਅਨੁਸਾਰ ਇਸ ਬੈਂਕ ਦਾ ਚੇਅਰਮੈਨ ਗੈਰ ਸਿੱਖ ਨੂੰ ਲਗਾਇਆ ਜਾ ਰਿਹਾ ਹੈ ਜੋ ਘੱਟ ਗਿਣਤੀ ਸਿੱਖਾਂ ਨਾਲ ਵਿਤਕਰਾ ਦੇ ਵਧੀਕੀ ਹੈ। ਉਨ੍ਹਾਂ ਕਿਹਾ ਕਿ ਹੋਰ ਵੀ ਅਫ਼ਸੋਸ ਦੀ ਗੱਲ ਹੈ ਕਿ ਇਹ ਵਧੀਕੀ ਉਸ ਵੇਲੇ ਹੋ ਰਹੀ ਹੈ ਜਦ ਦੇਸ਼ ਦੇ ਪ੍ਰਧਾਨ ਮੰਤਰੀ ਖੁਦ ਇਕ ਸਿੱਖ ਹਨ। ਉਨ੍ਹਾਂ ਦੱਸਿਆ ਕਿ ਅੱਜ ਦੀ ਇਕੱਤਰਤਾ ’ਚ ਇਕ ਮਤਾ ਪਾਸ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਗਈ ਹੈ ਕਿ ਉਹ ਸਿੱਖਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਕਿਸੇ ਸਿੱਖ ਨੂੰ ਬਤੌਰ ਚੇਅਰਮੈਨ ਸੇਵਾ ਨਿਭਾਉਣ ਦਾ ਮੌਕਾ ਦੇਣ।
ਅੱਜ ਦੀ ਇਕੱਤਰਤਾ ਵਿਚ ਪਾਸ ਕੀਤੇ ਇਕ ਹੋਰ ਮਤੇ ਸਬੰਧੀ ਉਨ੍ਹਾਂ ਜਾਣਕਾਰੀ ਦੇਂਦਿਆਂ ਦੱਸਿਆ ਕਿ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਜੀ ਦਾ ਗੁਰਤਾਗੱਦੀ ਦਿਵਸ (14 ਮਾਰਚ) ‘ਵਾਤਾਵਰਣ ਸੰਭਾਲ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ ਕਿਉਂ ਕਿ ਸ੍ਰੀ ਗੁਰੂ ਹਰਿਰਾਏ ਜੀ ਨੇ ਵਾਤਾਵਰਣ ਦੀ ਸੰਭਾਲ ਕਰਦਿਆਂ ਆਪਣੇ ਜੀਵਨ ਕਾਲ ਦੌਰਾਨ ਅਨੇਕਾਂ ਬਾਗ-ਬਗੀਚੇ ਸਥਾਪਿਤ ਕੀਤੇ ਅਤੇ ਸੰਗਤਾਂ ਨੂੰ ਵੀ ਵਾਤਾਵਰਣ ਦੀ ਸੰਭਾਲ ਕਰਨ ਅਤੇ ਸੁੰਦਰ ਬਨਾਉਣ ਲਈ ਪ੍ਰੇਰਿਆ। ਪਰ ਅੱਜ ਵਧ ਰਹੇ ਪ੍ਰਦੂਸ਼ਣ ਅਤੇ ਘੱਟ ਰਹੀ ਹਰਿਆਵਲ ਨੇ ਵਾਤਾਵਰਣ ਦਾ ਸੰਤੁਲਨ ਵਿਗਾੜ ਦਿੱਤਾ ਹੈ, ਜਿਸ ਨਾਲ ਮਨੁੱਖੀ ਜੀਵਨ ਅਤੇ ਕੁਦਰਤੀ ਸਾਧਨਾਂ ਦੀ ਹੋਂਦ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ। ਇਸ ਲਈ ਸ਼੍ਰੋਮਣੀ ਕਮੇਟੀ ਦੇ ਆਪਣੇ ਪ੍ਰਬੰਧ ਅਧੀਨ ਵਿਦਿਅਕ ਅਦਾਰਿਆਂ, ਇਤਿਹਾਸਕ ਗੁਰਧਾਮਾਂ ਦੇ ਪ੍ਰਬੰਧਕਾਂ, ਲੋਕਲ ਕਮੇਟੀਆਂ, ਸਿੱਖ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ 14 ਮਾਰਚ ਦਾ ਦਿਹਾੜਾ ਢੁਕਵੇਂ ਥਾਵਾਂ ’ਤੇ ਰੁੱਖ ਲਗਾ ਕੇ ਵਾਤਾਵਰਣ ਦੀ ਸੰਭਾਲ ਵਜੋਂ ਮਨਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਅੱਜ ਦੀ ਇਕੱਤਰਤਾ ’ਚ ਫ਼ਤਹਿਗੜ੍ਹ ਸਾਹਿਬ ਵਿਖੇ ਇਤਿਹਾਸਕ ਪਿਛੋਕੜ ਵਾਲੀ ‘ਜਹਾਜ਼ ਹਵੇਲੀ’ ਦੇ ਪ੍ਰੋਜੈਕਟ ਨੂੰ ਅਗੇ ਵਧਾਉਣ ਲਈ ਉਸ ਦੇ ਨਾਲ ਲਗਦੀ ਜ਼ਮੀਨ ਖਰੀਦ ਕਰਨ, ਅੰਮ੍ਰਿਤਸਰ ਵਿਚ ਅਕਾਲੀ ਮਾਰਕੀਟ ਵਾਲੀ ਜਗ੍ਹਾ ਪੁਰ ਕੇਂਦਰੀ ਸਿੱਖ ਅਜਾਇਬ ਘਰ ਦੀ ਨਵੀਂ ਇਮਾਰਤ ਤਿਆਰ ਕਰਨ, ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤੀ ਕਬੱਡੀ ਦੀ ਟੀਮ ਲਈ ਵਿਸ਼ੇਸ਼ ਬੱਸ ਖਰੀਦ ਕਰਨ, ਹੋਲੇ ਮਹੱਲੇ ਸਮੇਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡੇ ਪੱਧਰ ਤੇ ਕਬੱਡੀ ਅਤੇ ਗਤਕੇ ਦੇ ਮੁਕਾਬਲੇ ਕਰਵਾਉਣ, ਸਿੱਖ ਦੀ ਵਿਲਖਣ ਪਹਿਚਾਣ ਸਬੰਧੀ ਵੱਖ-ਵੱਖ ਭਾਸ਼ਾਵਾਂ ’ਚ ਬਰੋਸ਼ਰ ਛਪਵਾ ਕੇ ਭਾਰਤ ਵਿਚ ਵੱਖ-ਵੱਖ ਦੇਸ਼ਾਂ ਦੇ ਦੂਤਾਵਾਸਾਂ ਵਿਖੇ ਪਹੁੰਚਾਉਣ ਅਤੇ ਧਰਮ ਪ੍ਰਚਾਰ, ਸਿੱਖ ਇਤਿਹਾਸ ਬੋਰਡ ਤੇ ਸ਼੍ਰੋਮਣੀ ਕਮੇਟੀ ਦੀਆਂ ਪ੍ਰਕਾਸ਼ਤ ਹੋਣ ਵਾਲੀਆਂ ਸਾਰੀਆਂ ਪ੍ਰਕਾਸ਼ਨਾਵਾਂ ਭਾਰਤ ਦੀਆਂ ਵੱਖ-ਵੱਖ ਨੈਸ਼ਨਲ ਲਾਇਬ੍ਰੇਰੀਆਂ ਨੂੰ ਭੇਜੇ ਜਾਣਾ ਯਕੀਨੀ ਬਨਾਉਣ ਵਰਗੇ ਅਹਿਮ ਫੈਸਲੇ ਕੀਤੇ ਗਏ ਹਨ।
ਇਕੱਤਰਤਾ ਦੀ ਅਰੰਭਤਾ ਤੋਂ ਪਹਿਲਾਂ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਦਲਜੀਤ ਕੌਰ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਮਰਹੂਮ ਜਥੇ. ਗੁਰਚਰਨ ਸਿੰਘ ਟੌਹੜਾ ਦੀ ਧਰਮ ਪਤਨੀ ਬੀਬੀ ਜੋਗਿੰਦਰ ਕੌਰ ਟੌਹੜਾ ਦੇ ਨਮਿਤ ਮੂਲ ਮੰਤਰ ਦੇ ਪੰਜ ਪਾਠ ਕੀਤੇ। ਇਕੱਤਰਤਾ ’ਚ ਟ੍ਰਸਟ ਵਿਭਾਗ ਦੀਆਂ 51, ਸੈਕਸ਼ਨ 85 ਦੀਆਂ 130 ਅਤੇ ਸੈਕਸ਼ਨ 87 ਦੀਆਂ 37 ਮੱਦਾਂ ’ਤੇ ਵਿਚਾਰਾਂ ਕੀਤੀਆਂ ਗਈਆਂ।
ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ: ਰਘੂਜੀਤ ਸਿੰਘ, ਜੂਨੀਅਰ ਮੀਤ ਪ੍ਰਧਾਨ ਸ੍ਰ: ਕੇਵਲ ਸਿੰਘ ਬਾਦਲ, ਜਨਰਲ ਸਕੱਤਰ ਸ੍ਰ: ਸੁਖਦੇਵ ਸਿੰਘ ਭੌਰ, ਅੰਤ੍ਰਿੰਗ ਮੈਂਬਰਾਨ ਸ੍ਰ: ਰਜਿੰਦਰ ਸਿੰਘ ਮਹਿਤਾ, ਸ੍ਰ: ਨਿਰਮੈਲ ਸਿੰਘ ਜੌਲਾਂ ਕਲਾਂ, ਸ੍ਰ: ਕਰਨੈਲ ਸਿੰਘ ਪੰਜੋਲੀ, ਸ. ਮੰਗਲ ਸਿੰਘ, ਸ. ਰਾਮਪਾਲ ਸਿੰਘ ਬਹਿਨੀਵਾਲ, ਸਕੱਤਰ ਸ. ਦਲਮੇਘ ਸਿੰਘ ਖਟੜਾ ਤੇ ਸ. ਜੋਗਿੰਦਰ ਸਿੰਘ ਅਦਲੀਵਾਲ, ਐਡੀ: ਸਕੱਤਰ ਸ. ਸਤਬੀਰ ਸਿੰਘ, ਸ. ਰੂਪ ਸਿੰਘ, ਸ. ਗੁਰਦਰਸ਼ਨ ਸਿੰਘ ਤੇ ਸ. ਤਰਲੋਚਨ ਸਿੰਘ, ਨਿੱਜੀ ਸਹਾਇਕ ਸ. ਪ੍ਰਮਜੀਤ ਸਿੰਘ ਸਰੋਆ ਤੇ ਸ. ਮਨਜੀਤ ਸਿੰਘ, ਪਬਲੀਸਿਟੀ ਵਿਭਾਗ ਦੇ ਮੀਤ ਸਕੱਤਰ ਸ. ਰਾਮ ਸਿੰਘ, ਸੈਕਸ਼ਨ 85 ਦੇ ਇੰਚਾਰਜ ਸ. ਸੁਖਦੇਵ ਸਿੰਘ, ਅਮਲਾ ਵਿਭਾਗ ਦੇ ਸੁਪਰਵਾਈਜ਼ਰ ਸ. ਸੁਖਬੀਰ ਸਿੰਘ, ਟਰਸਟ ਵਿਭਾਗ ਦੇ ਇੰਚਾਰਜ ਸ. ਸੁਖਬੀਰ ਸਿੰਘ ਮੂਲੇਚੱਕ,  ਸੈਕਸ਼ਨ 87 ਦੇ ਇੰਚਾਰਜ ਸ. ਗੁਰਿੰਦਰ ਸਿੰਘ ਮਥਰੇਵਾਲ ਸੁਪਰਵਾਈਜ਼ਰ ਸ. ਕਰਮਬੀਰ ਸਿੰਘ ਕਿਆਮਪੁਰ, ਸ. ਪ੍ਰਮਦੀਪ ਸਿੰਘ, ਸ. ਗੁਰਚਰਨ ਸਿੰਘ ਤੇ ਸ. ਹਰਜਿੰਦਰ ਸਿੰਘ ਆਦਿ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>